ਯਾਦਾਂ/ਕਦੀ ਤੇ

ਵਿਕੀਸਰੋਤ ਤੋਂ
Jump to navigation Jump to search

ਕਦੀ ਤੇ

ਕਦੀ ਤੇ ਸੁਫਨੇ ਦੇ ਅੰਦਰ ਹੀ,
ਆਕੇ ਦਰਸ ਦਿਖਾਇਆ ਕਰ।
ਲੱਗੀ ਅੱਗ ਵਛੋੜੇ ਵਾਲੀ,
ਇੰਝ ਹੀ, ਆਨ ਬੁਝਾਇਆ ਕਰ।
ਤਾਬ ਹੁਸਨ ਤੇਰੇ ਦੀ ਝਲਨੀ,
ਮੁਸ਼ਕਲ ਹੋਸ਼ਾਂ ਵਿਚ ਰਹਿਕੇ।
ਹਿਜਰ ਦੇ ਦੋਜ਼ਖ਼ ਵਿਚ ਸੜਿਆਂ ਦੀ,
ਖਾਬ ਬਹਿਸ਼ਤ ਬਨਾਇਆ ਕਰ।
ਜੇਕਰ ਮਨਾਂ ਪਰੇਮ ਦੇ ਅੰਦਰ,
ਖੁਲੇ ਡੁਲੇ ਦਰਸ਼ਨ ਨੇ।
ਸੁਫਨੇ ਦੇ ਪੜਦੇ ਵਿਚ ਆਕੇ,
ਪੜਦਾ ਮੂੰਹ ਤੋਂ ਚਾਇਆ ਕਰ।
ਚਿਨਗ ਪਰੇਮ ਦੀ ਤੋਹਫਾ ਲੱਭਾ,
ਮਰਿਆਂ ਕਿਤੇ ਨਾਂ ਬੁਝ ਜਾਵੇ।
ਦੀਵਾ ਮੜੀ ਗਰੀਬਾਂ ਦੀ ਤੇ,
ਕਦੀ ਤੇ ਆਨ ਜਗਾਇਆ ਕਰ।
ਐਸ਼ ਦੇ ਸਾਥੀ ਫੁਲਾਂ ਨੂੰ ਜਦ,
ਸੁਟਿਆ ਸੁਬਾ ਵੱਗਾ ਉਸਨੇ।
ਕਹਿੰਦੇ, ਜੇ ਏਹ ਹਾਲਤ ਕਰਨੀ,
ਗਲੇ ਹੀ ਮੂਲ ਨਾ ਲਾਇਆ ਕਰ।

ਤੱਕ ਫੁੱਲਾਂ ਦੀ ਏਹ ਮਗਰੂਰੀ,
ਇਕ ਪਰੇਮੀ ਹੱਥ ਜੋੜ ਕਿਹਾ।
ਇਕ ਗੱਲਵੱਕੜੀ ਪਾਕੇ ਬੇਸ਼ਕ,
ਸੂਲੀ ਰੋਜ਼ ਚੜਾਇਆ ਕਰ।
ਇਸ਼ਕ ਬਿਮਾਰੀ ਦਾ ਦਾਰੂ ਪੁਛਿਆ,
ਤਾਂ ਪ੍ਰੇਮੀ ਕਹਿਨ ਲਗਾ।
'ਖੂਨ ਦਿਲੇ ਦਾ ਪੀਆ ਕਰ ਤੇ,
ਪੀੜ ਜਿਗਰ ਦੀ ਖਾਇਆ ਕਰ।
ਜੇ ਮਿਲਨਾ ਫੁੱਲਾਂ ਨੂੰ ਚਾਹੇਂ,
ਕੰਡਿਆਂ ਨਾਲ ਯਰਾਨੇ ਪਾ।
ਜੇ ਚਾਹੇਂ ਅਰਸ਼ਾਂ ਤੇ ਰਹਿਨਾ,
ਖੁਦ ਨੂੰ ਖ਼ਾਕ ਬਨਾਇਆ ਕਰ।
ਹੁੰਦੀ ਵਿੱਚ ਵਛੋੜੇ ਦੇ ਵੀ,
ਸੂਖਸ਼ਮ ਤਿਆਰੀ ਵਸੱਲਾਂ ਦੀ।
ਪੱਤਝੜ ਵੇਖ ਬਹਾਰ ਔਨ ਦੀ,
ਮੱਨ ਵਿੱਚ ਖੁਸ਼ੀ ਮਨਾਇਆ ਕਰ।'
'ਬੀਰ’ ਜਗਤ ਵਿੱਚ ਸੱਚੇ ਦਿਲ ਥੀਂ,
ਜੋ ਮੰਗੀਏ ਮਿਲ ਜਾਂਦਾ ਏ।
ਇਸ ਲਈ ਇਕ ਨਿਸ਼ਾਨਾ ਚੰਗਾ,
ਥਾਂ ਥਾਂ ਨਾ ਭਟਕਾਇਆ ਕਰ।