ਯਾਦਾਂ/ਸਿੱਕ

ਵਿਕੀਸਰੋਤ ਤੋਂ

ਸਿੱਕ

ਹੈ ਤਸਵੀਰ ਇਕੋ,ਲਿਖਿਆ ਦੋ ਤਰਫੀਂ।
ਕੱਵੀ ਇਕ ਉਤੇ, ਸਿੱਕ ਇਕ ਉਤੇ।
ਆਸ਼ਕ ਹੈਨ ਦੋਵੇਂ ਇਕ ਦੂਸਰੇ ਤੇ,
ਸਿਕ ਕਵੀ ਉਤੇ, ਕਵੀ ਸਿੱਕ ਉਤੇ।
ਲਿਖੇ ਧੁਰੋਂ ਹੀ ਔਨ ਜਹਾਨ ਅੰਦਰ,
ਹਰਫ ਸਿੱਕ ਦੇ ਕਵੀ ਦੀ ਹਿੱਕ ਉਤੇ।
ਸਿਕ ਸਿਕ ਦਾ ਹੀ ਸ਼ਬਦ ਗੂੰਜਦਾ ਹੈ,
ਕਵੀ ਦੇ ਦਿਲ ਦੀ ਟਿਕ ਟਿਕ ਉਤੇ।
ਸਚੇ ਕਵੀ ਜੋ, ਸਿੱਕ ਤੇ ਲਿਖਨ ਵੇਲੇ,
ਲਫ਼ਜ਼ਾਂ ਦਾ ਨ ਮੂਲ ਐਹਸਾਨ ਸਹਿੰਦੇ।
ਅਪਨੇ ਛਾਨਣੀ ਜਿਗਰ ਦਾ ਵਾਹ ਨਕਸ਼ਾ,
ਹੇਠਾਂ ਲਿਖ ਦੇਂਦੇ 'ਏਹਨੂੰ ਸਿਕ ਕਹਿੰਦੇ।'

ਵੈਨ ਬੁਲਬਲਾਂ ਦੇ ਹਉਕੇ ਘੁਗੀਆਂ ਦੇ,
ਤੇ ਬੰਬੀਹਾਂ ਦੀ ਕੂਕ ਪੁਕਾਰ ਦੇਖੋ।
ਹੰਝੂ ਫੁਲਾਂ ਦੇ, ਸੜਨ ਪਰਵਾਨਿਆਂ ਦਾ,
ਹੋਨਾ ਤਾਰਿਆਂ ਦਾ ਬੇਕਰਾਰ ਦੇਖੋ।
ਜਾਨਾਂ ਪਰਬਤਾਂ ਉਤੇ ਸਮੁੰਦਰਾਂ ਦਾ,
ਫਿਰਨਾਂ ਪਵਨ ਦਾ ਏਹ ਮਾਰੋ ਮਾਰ ਦੇਖੋ।
ਦੇਖੋ ਪਰਬਤਾਂ ਲਾਈ ਸਮਾਧ ਕਿਧਰੇ,
ਕਿਤੇ ਭਉਨ ਮੰਡਲ ਲਗਾਤਾਰ ਦੇਖੋ।
ਜਰਾ ਵੇਖਨਾ ਕੇ ਕਿਸਦੀ ਸਿਕ ਅੰਦਰ,
ਲਖਾਂ ਚੱਨ ਤਾਰੇ ਪਏ ਭੱਜਦੇ ਨੇ।
ਸੁਨਣਾ ਕਨ ਲਾ, ਕਿਨੂੰ ਬੁਲਾ ਰਹੇ ਨੇ,
ਏਹ ਜੋ ਸ਼ਬਦ ਅਨਹਦ ਵਾਲੇ ਵਜਦੇ ਨੇ।

ਏਸ ਸਿਕ ਨੇ ਆਸ਼ਕਾਂ ਵਿਚ ਆਕੇ,
ਮਛਲੀ ਪਟ ਦੀ ਭੁਨ ਖਵਾਈ ਕਿਧਰੇ।
ਕਿਧਰੇ ਤਾਰਕੇ ਸੁੰਦਰਾਂ ਡੋਬੀਉ ਸੂ,
ਸੋਹਣੀ ਡੋਬ ਕੇ ਫੇਰ ਤਰਾਈ ਕਿਧਰੇ।
ਗਲੀ ਗਲੀ ਜ਼ੁਲੈਖਾਂ ਸੁਦੈਨ ਫੇਰੀ।
ਸਸੀ ਥਲਾਂ ਚਿ ਮਾਰੀ ਤਿਹਾਈ ਕਿਧਰੇ।
ਕਿਧਰੇ ਜਿਊਂਦੀ ਅਨਾਰ ਦੀ ਕਲੀ ਦਬੀ,
ਸਹਿਬਾ ਅਰਸ਼ ਤੋਂ ਫਰਸ਼ ਪਟਕਾਈ ਕਿਧਰੇ।
ਮਜਨੂ ਲਖਾਂ ਹੀ ਤੜਫਦੇ ਸਿਸਕਦੇ ਨੇ,
ਏਸ ਲੈਲੀ ਦੇ ਨੈਣਾਂ ਦੀ ਮਾਰ ਖਾਕੇ।
ਬੇਹਿਸਾਬ ਫਰਿਹਾਦ, ਫਰਯਾਦ ਕਰਦੇ,
ਏਸ ਸਿਕ ਦੇ, ਤੇਸੇ ਦਾ ਵਾਰ ਖਾਕੇ।

ਸਿਕ ਇਸ਼ਕ ਹਕੀਕੀ ਦੀ ਰਾਹ ਉਤੇ,
ਕੀਤੇ ਇਸ਼ਕ ਮਿਜ਼ਾਜੀ ਤੋਂ ਵਧ ਕਾਰੇ।
ਕਦੀ ਚਾੜ੍ਹਿਆ ਪਕੜ ਮਨਸੂਰ ਸੂਲੀ,
ਮਤੀ ਦਾਸ ਤੇ ਕਦੀ ਚਲਵਾਏ ਆਰੇ।
ਖਲ ਕਿਤੇ ਤਬਰੇਜ਼ ਉਤਾਰਿਓ ਸੂ,
ਪੁਰਜ਼ੇ ਕਿਤੇ ਸਰਮਦ ਉਡਾਏ ਮਾਰੇ।
ਪੰਜੇ ਸਾਹਬ ਸਿਦਕੀ ਇੰਜਨ ਹੇਠ ਪਿੰਜੇ,
ਮਨੀ ਸਿੰਘ ਦੇ ਬੰਦ ਕਟਵਾਏ ਸਾਰੇ।
ਲਛਮਨ ਸਿੰਘ ਦੇ ਰਿਧੇ ਪਰਵੇਸ਼ ਕਰਕੇ,
ਪੁਠਾ ਅੱਗ ਤੇ ਉਸਨੂੰ ਟੰਗਵਾਇਆ ਇਸਨੇ।
ਵਲੇ ਸਤ ਪਾਕੇ ਤੇ ਦਲੀਪ ਸਿੰਘ ਨੂੰ,
ਕਤਲਗਾਹ ਦੇ ਵਿਚ ਪੁਚਾਇਆ ਇਸਨੇ।

ਸਿਕ ਚੱਨ ਸੂਰਜ ਤੇ ਸਿਆਰਿਆਂ ਦੀ,
ਆਪਨੇ ਰੱਬ ਦਾ ਹੁਕਮ ਕਮਾਨ ਦੀ ਏ।
ਸਿਕ ਰਿਖੀ ਮੁਨੀਆਂ ਕੇ ਮੁਕਤ ਹੋਈਏ,
ਸਿਕ ਆਸ਼ਕਾਂ ਯਾਰ ਮਨਾਣ ਦੀ ਏ।
ਕੁਦਰਤ ਦੇ ਮੂੰਹ ਤੋਂ ਘੁੰਡ ਚੁਕ ਸੁਟੇ,
ਦਿਲੀ ਦੀ ਸਿਕ ਏਹੋ ਸਾਇੰਸਦਾਨ ਦੀ ਏ।
ਸਿਕ ਵਲੀ ਪੈਗੰਬਰਾਂ ਔਲੀਆਂ ਦੀ,
'ਮੈਂ' ਮਾਰਕੇ 'ਤੂੰ' ਹੋ ਜਾਨ ਦੀ ਏ।
ਤਾਰਾਂ ਸਿਕ ਦੀਆਂ ਕੁਲ ਬਰਿਹਮੰਡ ਬੱਧਾ,
ਇਸਦੀ ਖਿੱਚ ਤੋਂ ਕੋਈ ਵੀ ਬਾਹਰ ਨਾਹੀਂ।
ਕਿਸੇ ਸ਼ੌਂਕ ਨੂੰ ਸਾਰਾ ਸੂ ਖੇਲ ਰਚਿਆ,

‘ਬੀਰ’ ਸਿਕ ਦੇ ਬਾਝ ਕਰਤਾਰ ਨਾਹੀਂ।