ਰਾਜਾ ਧਿਆਨ ਸਿੰਘ/੧੫
੧੫.
ਅਜ ਦਾ ਦਿਨ ਪੰਜਾਬ ਦੇ ਇਤਿਹਾਸ ਵਿਚ ਕਾਲਾ ਦਿਨ ਕਹਿ ਕੇ ਸੱਦਿਆ ਜਾਣਾ ਚਾਹੀਦਾ ਏ ਇਤਨਾ ਭੈੜਾ ਦਿਨ ਕਿਸੇ ਕੌਮ ਤੇ ਦੇਸ਼ ਦੀ ਬਦ ਕਿਸਮਤੀ ਦੀ ਨਿਸ਼ਾਨੀ ਹੈ। ਮਹਾਰਾਜਾ ਖੜਕ ਸਿੰਘ ਹੁਣ ਇਸ ਸੰਸਾਰ ਵਿਚ ਨਹੀਂ ਰਿਹਾ, ਉਸਦੇ ਸਰੀਰ ਦਾ ਅੰਤਮ ਸੰਸਕਾਰ ਕਰਨ ਲਈ ਸ਼ੇਰੇ ਪੰਜਾਬ ਦੀ ਮੜੀ ਦੇ ਨਾਲ ਹੀ ਚੰਦਨ ਦੀ ਚਿਖਾ ਬਣਾਈ ਹੋਈ ਏ। ਸਾਰੇ ਅਹਿਲਕਾਰ ਮਹਾਰਾਜਾ ਖੜਕ ਸਿੰਘ ਦੇ ਇਸ ਦੁਖਦਾਈ ਅੰਤ ਪਰ ਅਥਰੂ ਕੇਰ ਰਹੇ ਹਨ। ਲਾਸ਼ ਚਿਖਾ ਪਰ ਜਾ ਚੁਕੀ ਹੈ ਰਖੀ ਤੇ ਉਸ ਦੇ ਨਾਲ ਹੀ ਮਹਾਰਾਜਾ ਖੜਕ ਸਿੰਘ ਦੀਆ ੧੩ ਰਾਣੀਆਂ ਸਤੀ ਹੋਣ ਲਈ ਚਿਖਾ ਵਿਚ ਆਣ ਬੈਠੀਆਂ ਹਨ। ਮਹਾਰਾਜਾ ਖੜਕ ਸਿੰਘ ਦੀਆਂ ਰਾਣੀਆਂ ਵਿਚੋਂ ਕੇਵਲ ਮਹਾਰਾਜਾ ਨੌਨਿਹਾਲ ਸਿੰਘ ਦੀ ਮਾਤਾ ਰਾਣੀ ਚੰਦ ਕੌਰ ਸਤੀ ਨਹੀਂ ਹੋਈ। ਪਿਛੋਂ ਪਤਾ ਲਗਾ ਕਿ ਦੂਜੀਆਂ ਰਾਣੀਆਂ ਨੂੰ ਭੀ ਜ਼ਬਰਦਸਤੀ ਸਤੀ ਹੋਣ ਲਈ ਮਜਬੂਰ ਕੀਤਾ ਗਿਆ ਸੀ। ਧਿਆਨ ਸਿੰਘ ਨੇ ਉਨ੍ਹਾਂ ਨੂੰ ਸਾਫ ਕਹਿ ਦਿਤਾ ਸੀ ਕਿ ਜਾਂ ਤਾਂ ਸਿਧੀਆਂ ਹੋ ਕੇ ਸਤੀ ਹੋ ਜਾਵੇ; ਨਹੀਂ ਤਾਂ ਤਲਵਾਰ ਨਾਲ ਟੁਕੜੇ ਕਰਕੇ ਚਿਖਾ ਵਿਚ ਸੁਟ ਦਿਤੀਆਂ ਜਾਓਗੀਆਂ; ਪਰੰਤੂ ਉਨ੍ਹਾਂ ਧਰਮੀ ਦੇਵੀਆਂ ਨੇ ਇਜ਼ਤ ਨਾਲ ਸਤੀ ਹੋਣ ਨੂੰ ਹੀ ਵਿਸ਼ੇਸ਼ਤਾ ਦਿਤੀ। ਮਹਾਰਾਜਾ ਖੜਕ ਸਿੰਘ ਦੀ ਲਾਸ਼ ਦੇ ਨਾਲ ਉਸਦੀਆਂ ਰਾਣੀਆਂ ਦੇ ਸਤੀ ਹੋਣ ਲਈ ਬੈਠ ਜਾਣ ਦੇ ਪਿਛੋਂ ਉਨ੍ਹਾਂ ਪੁਰ ਘਿਉ ਤੇ ਖੁਸ਼ਬੂਆਂ ਨਾਲ ਭਰਿਆ ਹੋਇਆ ਚਾਦਰਾ ਪਾਇਆ ਗਿਆ ਤੇ ਮਹਾਰਾਜਾ ਨੌਨਿਹਾਲ ਸਿੰਘ ਬੰਬੂ ਲਾਉਣ ਲਈ ਅਗੇ ਵਧਿਆ, ਉਸਦੇ ਪਿਛੋਂ ਛੇਤੀ ਹੀ ਚਿਖਾ ਦੀਆਂ ਲਾਟਾਂ ਅਸਮਾਨ ਨਾਲ ਗੱਲਾਂ ਕਰ ਰਹੀਆਂ ਹਨ। ਮਹਾਰਾਜਾ ਨੌਨਿਹਾਲ ਸਿੰਘ ਤੇ ਮਹਾਰਾਣੀ ਚੰਦ ਕੌਰ ਇਕ ਪਾਸੇ ਖੜੇ ਅਥਰੂ ਵਿਹਾਉਂਦੇ ਹੋਏ ਹੌਲੀ ਹੌਲੀ ਗਲਾਂ ਕਰ ਰਹੇ ਸਨ।
ਦੂਜੇ ਪਾਸੇ ਰਾਜਾ ਧਿਆਨ ਸਿੰਘ ਜਨਰਲ ਗਾਰਡਨਰ ਨੂੰ ਹੌਲੀ ਹੌਲੀ ਕੰਨ ਵਿਚ ਕੁਝ ਆਖ ਰਿਹਾ ਸੀ।
ਮਹਾਰਾਣੀ ਮਹਾਰਾਜਾ ਨੌਨਿਹਾਲ ਸਿੰਘ ਨੂੰ ਕਹਿ ਰਹੀ ਸੀ- ‘‘ਪੁਤਰ ਚੰਗੇ ਦਿਨ ਨਹੀਂ ਦਿਸਦੇ, ਨਹੀਂ ਤਾਂ ਤੇਰੇ ਪਿਤਾ ਦਾ ਇਹ ਅੰਤ ਨਾ ਹੁੰਦਾ।’’
’’ਮਾਤਾ ਜੀ ਇਹ ਸਾਡਾ ਹੀ ਕਸੂਰ ਏ, ਧੋਖਾ ਖਾ ਗਏ ਬੇਈਮਾਨ ਧਿਆਨ ਸਿੰਘ ਦਾ, ਹੱਛਾ!’’ ਮਹਾਰਾਜਾ ਬੋਲਿਆ।
‘‘ਪੁੱਤਰ! ਔਹ ਵੇਖ, ਧਿਆਨ ਸਿੰਘ ਜਨਰਲ ਗਾਰਡਰ ਦੇ ਕੰਨ ਵਿਚ ਕੁਝ ਆਖ ਰਿਹਾ ਏ। ਬੇਈਮਾਨ ਕੋਈ ਹੋਰ ਬਿਪਤਾ ਖੜੀ ਨਾ ਕਰੇ।’’ ਮਹਾਰਾਣੀ ਨੇ ਉਸ ਪਾਸੇ ਇਸ਼ਾਰਾ ਕਰਦੇ ਹੋਏ ਕਿਹਾ।
ਮਹਾਰਾਜਾ ਨੌਨਿਹਾਲ ਸਿੰਘ ਦੇ ਹਿਰਦੇ ਨੇ ਭੀ ਖਤਰਾ ਅਨਭਵ ਕੀਤਾ ਪਰ ਉਹ ਬੋਲਿਆ ਕੁਝ ਨਹੀਂ।
‘‘ਪੁਤਰ! ਤੂੰ ਛੇਤੀ ਮਹੱਲ ਨੂੰ ਚਲ ਮੈਂ ਹੁਣੇ ਆਉਂਦੀ ਹਾਂ ਪਰ ਜ਼ਰਾ ਹੁਸ਼ਿਆਰੀ ਨਾਲ।’’ ਮਾਤਾ ਨੇ ਕਿਹਾ। ਕੰਵਰ ਨੌਨਿਹਾਲ ਸਿੰਘ ਰਾਜਾ ਗੁਲਾਬ ਸਿੰਘ ਦੇ ਪੁਤਰ ਮੀਆਂ ਊਧਮ ਸਿੰਘ ਨੂੰ ਨਾਲ ਲੈ ਕੇ ਮਹੱਲ ਨੂੰ ਰਵਾਠਾ ਹੋਇਆ।
ਹੁਣ ਅਗੇ ਚਲੋ, ਰਾਜ ਮਹੱਲ ਨੂੰ ਜਾਣ ਲਈ ਰਸਤੇ ਵਿਚ ਇਕ ਡਿਉਢੀ ਲੰਘ ਕੇ ਜਾਣਾ ਪੈਂਦਾ ਏ। ਉਸ ਦੇ ਨਾਲ ਹੀ ਥੋੜੀ ਦੂਰੀ ਪਰ ਹਜ਼ੂਰੀ ਬਾਰਾਂ ਦਰੀ ਹੈ। ਡਿਉਢੀ ਦੇ ਨਾਲ ਦੇ ਕੋਠੇ ਪਰ ਕਰਨਲ ਬਿਜੈ ਸਿੰਘ ਡੋਗਰਾ ਕੁਝ ਹੋਰ ਸਿਪਾਹੀਆਂ ਸਮੇਤ ਬੈਠਾ ਏ, ਉਨ੍ਹਾਂ ਦੇ ਪਾਸ ਰਾਜਗਿਰੀ ਦਾ ਕੁਝ ਸਾਮਾਨ ਭੀ ਪਿਆ ਏ, ਇਉਂ ਮਲੂਮ ਹੁੰਦਾ ਏ ਕਿ ਉਹ ਇੱਟਾਂ ਨੂੰ ਹੇਠਾਂ ਉਤੇ ਕਰਨ ਦੇ ਪਿੱਛੋਂ ਸਾਹ ਲੈ ਰਹੇ ਹਨ। ਸਾਹਮਣੇ ਹਜ਼ੂਰੀ ਬਾਰਾਂ ਦਰੀ ਦੇ ਉਪਰ ਰਾਜਾ ਧਿਆਨ ਦਾ ਪੁਤਰ ਰਾਜਾ ਹੀਰਾ ਸਿੰਘ ਟਹਿਲ ਰਿਹਾ ਏ। ਉਸ ਦੇ ਹੱਥ ਵਿਚ ਲਾਲ ਰੰਗ ਦਾ ਇਕ ਵੱਡਾ ਸਾਰਾ ਰੁਮਾਲ ਫੜਿਆ ਹੋਇਆ ਏ, ਉਹ ਬੜੀ ਬੇਸਬਰੀ ਨਾਲ ਕਦੇ ਡੇਊੜੀ ਵਲ ਤੇ ਕਦੇ ਹੇਠ ਬਾਜ਼ਾਰ ਵਲ ਵੇਖ ਰਿਹਾ ਏ, ਮਲੂਮ ਹੁੰਦਾ ਏ ਕਿ ਕਿਸੇ ਸ਼ਿਕਾਰ ਦੀ ਉਡੀਕ ਕੀਤੀ ਜਾ ਰਹੀ ਏ।
ਇਸ ਤੋਂ ਥੋੜਾ ਜਿਹਾ ਪਿਛੋਂ ਅਸੀਂ ਮਹਾਰਾਜਾ ਨੌਨਿਹਾਲ ਸਿੰਘ ਤੇ ਮੀਆਂ ਊਧਮ ਸਿੰਘ ਨੂੰ ਡਿਉਢੀ ਵਲ ਆਉਂਦਾ ਵੇਖਦੇ ਹਾਂ। ਮਹਾਰਾਜਾ ਨੌਨਿਹਾਲ ਸਿੰਘ ਗੰਭੀਰੇ ਰੂਪ ਵਿਚ ਆ ਰਹੇ ਹਨ ਪਰ ਮੀਆਂ ਊਧਮ ਸਿੰਘ ਦੇ ਚੇਹਰੇ ਪਰ ਡਾਢੀ ਪ੍ਰੇਸ਼ਾਨੀ ਏ। ਉਹ ਮਹਾਰਾਜਾ ਨੂੰ ਛਡ ਕੇ ਭਜ ਜਾਣਾਂ ਚਾਹੁੰਦਾ ਏ। ਉਸ ਨੇ ਕਿਹਾ-"ਮਹਾਰਾਜ ਜੇ ਤੁਸੀਂ ਚਲੋ ਤਾਂ ਮੈਂ ਮੁੜ ਕੇ ਚਿਖਾ ਪਾਸੋਂ ਹੋ ਆਵਾਂ।" ਇਸ ਤਰ੍ਹਾਂ ਉਸ ਨੇ ਵੱਖ ਹੋਣ ਲਈ ਬਥੇਰੇ ਬਹਾਨੇ ਕੀਤੇ ਪਰ ਸਫਲਤਾ ਨਹੀਂ ਹੋਈ। ਆਖਰ ਜਦ ਉਹ ਡਉੜੀ ਦੇ ਬਿਲਕੁਲ ਨੜੇ ਪੁਜ ਗਏ ਤਾਂ ਮੀਆਂ ਊਧਮ ਸਿੰਘ ਨੇ ਮਹਾਰਾਜੇ ਤੋਂ ਹੱਥ ਛੁਡਾਉਂਦੇ ਹੋਏ ਕਿਹਾ- ‘‘ਮੈਨੂੰ! ਪਸ਼ਾਬ ਤਾਂ ਕਰ ਲੈਣ ਦਿਓ।’’
‘‘ਛਡ ਯਾਰ’’ ਇਹ ਕਹਿ ਕੇ ਗਭਰੂ ਮਹਾਰਾਜੇ ਨੇ ਹੱਥ ਵਿਚ ਹੱਥ ਪਾ ਕੇ ਆਪਣੇ ਨਾਲ ਤੋਰ ਲਿਆ।
ਦੋਵੇਂ ਜਣੇ ਡਿਉਢੀ ਹੇਠਾਂ ਪੁਜ ਚੁਕੇ ਸਨ।
ਠੀਕ ਉਸ ਸਮੇਂ ਹਜ਼ੂਰੀ ਬਾਰਾਂ ਦਰੀ ਤੋਂ ਰਾਜਾ ਹੀਰਾ ਸਿੰਘ ਦੇ ਹੱਥ ਦਾ ਰੁਮਾਲ ਜ਼ਰਾ ਉਚਾ ਹੋ ਕੇ ਹਿਲਿਆ। ਓਧਰ ਕਰਨਲ ਬਿਜੈ ਸਿੰਘ ਦੇ ਹੱਥ ਨੇ ਕੁਝ ਹਰਕਤ ਕੀਤੀ ਤੇ ਅਖ ਦੇ ਫੇਰ ਵਿਚ ਡਿਉਢੀ ਦੀ ਛਤ ਧੜੱਮ ਕਰਦੀ ਹੇਠਾਂ ਆ ਪਈ। ਹੁਣ ਪਤਾ ਲਗਾ ਕਿ ਡੇਉਢੀ ਨੂੰ ਉਡਾਉਣ ਲਈ ਪਹਿਲਾਂ ਹੀ ਬਾਰੂਦ ਨੱਪਿਆ ਜਾ ਚੁਕਿਆ ਸੀ।
ਇਸ ਧਮਾਕੇ ਦੇ ਨਾਲ ਹੀ ਧਿਆਨ ਸਿੰਘ ਭੀ ਉਥੇ ਸੀ ਤੇ ਉਸ ਤੋਂ ਥੋੜੇ ਜਿਹੇ ਫਾਸਲੇ ਪਰ ਯੂ. ਪੀ. ਦੇ ਕੁਝ ਸਿਪਾਹੀ ਪਾਲਕੀ ਰਖੀ ਖੜੇ ਸਨ।
ਮਲਬਾ ਹਟਾਇਆ ਗਿਆ। ਮੀਆਂ ਊਧਮ ਸਿੰਘ ਮਰਿਆ ਪਿਆ ਸੀ ਪਰ ਮਹਾਰਾਜਾ ਨੌਨਿਹਾਲ ਸਿੰਘ ਨੂੰ ਕੋਈ ਵਧੇਰੇ ਜ਼ਖਮ ਨਹੀਂ ਸਨ ਆਏ, ਕੰਨ ਦੇ ਉਪਰ ਮਾਮੂਲੀ ਜਿਹਾ ਨਾਮ ਮਾਤਰ ਜ਼ਖਮ ਸੀ। ਅਖ ਦੇ ਫੇਰ ਵਿਚ ਧਿਆਨ ਸਿੰਘ ਮਹਾਰਾਜਾ ਨੌਨਿਹਾਲ ਸਿੰਘ ਨੂੰ ਪਾਲਕੀ ਵਿਚ ਪਾ ਕੇ ਕਿਲੇ ਨੂੰ ਲੈ ਤੁਰਿਆ। ਸ: ਲਹਿਣਾ ਸਿੰਘ ਮਜੀਠੀਆ ਭੀ ਨਾਲ ਜਾਣ ਲਗਾ। ਸਿਪਾਹੀਆਂ ਨੂੰ ਕਿਲੇ ਵਿਚ ਜਾਣ ਦਾ ਹੁਕਮ ਦੇ ਕੇ ਰਾਜਾ ਧਿਆਨ ਸਿੰਘ ਉਸਨੂੰ ਕਹਿਣ ਲਗਾ- “ਭਾਈਆ ਜੀ! ਇਹ ਕੀ ਭਾਣਾ ਵਰਤਿਆ?” “ਧਿਆਨ ਸਿੰਘਾ! ਤੂੰ ਹੀ ਬੇਹਤਰ ਜਾਣਦਾ ਏਂ।” ਲਹਿਣਾ ਸਿੰਘ ਨੇ ਉਤਰ ਦਿਤਾ। “ਬਦ ਕਿਸਮਤੀ ਸਾਡੀ!” “ਇਸ ਵਿਚ ਕੀ ਸ਼ੱਕ ਹੈ।” ਇਸ ਤਰ੍ਹਾਂ ਟਕੋਰਾਂ ਲਾਉਂਦੇ ਦੋਵੇਂ ਕਿਲੇ ਤਕ ਪੂਜਾ, ਪਾਲਕੀ ਪਹਿਲਾਂ ਹੀ ਅੰਦਰ ਜਾ ਚੁਕੀ ਸੀ। ਰਾਜਾ ਧਿਆਨ ਸਿੰਘ ਨੇ ਕਿਹਾ- “ਭਾਈਆ ਜੀ! ਹੁਣ ਤੁਸੀਂ ਜਾਓ, ਮੈਂ ਮਹਾਰਾਜਾ ਸਾਹਿਬ ਦੇ ਇਲਾਜ ਦਾ ਪ੍ਰਬੰਧ ਕਰਾਂ।” “ਮੈਂ ਭੀ ਨਾਲ ਚਲਦਾ ਹਾਂ।” “ਨਹੀਂ, ਲੋੜ ਨਹੀਂ।” “ਨਹੀਂ ਮੈਂ ਚਲਾਂਗਾ।” “ਨਹੀਂ ਜਾ ਸਕਦੇ!” ਧਿਆਨ ਸਿੰਘ ਨੇ ਹਾਕਮਾਨਾਂ ਲਹਿਜੇ ਵਿਚ ਕਿਹਾ। “ਜਾਵਾਂਗਾ!” ਲਹਿਣਾ ਸਿੰਘ ਨੇ ਜ਼ਿਦ ਕਰਦੇ ਹੋਏ ਆਖਿਆ।ਰਾਜਾ ਧਿਆਨ ਸਿੰਘ ਨੇ ਕਿਲੇ ਦੇ ਡੋਗਰੇ ਪਹਿਰੇਦਾਰ ਨੂੰ ਇਸ਼ਾਰਾ ਕੀਤਾ। ਜਿਨ੍ਹਾਂ ਸ: ਲਹਿਣਾ ਸਿੰਘ ਨੂੰ ਆ ਫੜਿਆ। ਧਿਆਨ ਸਿੰਘ ਨੇ ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਦਿਤਾ ਤੇ ਸ: ਲਹਿਣਾ ਸਿੰਘ ਆਪਣੀ ਕਿਸਮਤ ਨੂੰ ਰੋਦਾ ਵਾਪਸ ਚਲਿਆ ਗਿਆ।
"ਹੁਣ ਜ਼ਰਾ ਕਿਲੇ ਵਿਚ ਚਲੋ, ਠੀਕ ਉਸ ਕਮਰੇ ਵਿਚ ਜਿਥੇ ਸਵੇਰੇ ਅਸਾਂ ਮਹਾਰਾਜਾ ਖੜਕ ਸਿੰਘ ਨੂੰ ਦਮ ਤੋੜਦੇ ਵੇਖਿਆ ਸੀ, ਮਹਾਰਾਜਾ ਨੌਨਿਹਾਲ ਸਿੰਘ ਰਸੀਆਂ ਨਾਲ ਬੱਝਾ ਪਿਆ ਹੈ। ਉਸ ਦੇ ਪਾਸ ਜੰਮ ਦਾ ਰੂਪ ਧਾਰ ਕੇ ਧਿਆਨ ਸਿੰਘ ਖੜਾ ਏ। ਇਸ ਸਮੇਂ ਮਹਾਰਾਜੇ ਨੂੰ ਮਾਮੂਲੀ ਜਿਹਾ ਜ਼ਖ਼ਮ ਏ ਤੇ ਉਹ ਪੂਰੀ ਤਰ੍ਹਾਂ ਹੋਸ਼ ਵਿਚ ਏ। ਉਸ ਨੇ ਕਿਹਾ - "ਧਿਆਨ ਸਿੰਘਾ! ਇਤਨਾ ਜ਼ੁਲਮ ਨਾ ਕਰ।"
"ਨਹੀਂ, ਪੁਤਰ!" ਵੇਖ ਰਾਜ ਦਾ ਸਵਾਦ, ਵੇਖ ਮੇਰੇ ਅਧਿਕਾਰ ਖੋਹਣ ਦਾ ਮਜ਼ਾ, ਧਿਆਨ ਸਿੰਘ ਨੇ ਇਕ ਵੱਡਾ ਸਾਰਾ ਪਥਰ ਮਹਾਰਾਜੇ ਦੇ ਸਿਰ ਵਿਚ ਮਾਰ ਕੇ ਕਿਹਾ। ਲਹੂ ਦਾ ਫੁਹਾਰਾ ਫੁਟ ਪਿਆ।
ਮਹਾਰਾਜਾ ਨੌਨਿਹਾਲ ਸਿੰਘ ਨੇ ਤੜਫਦੇ ਹੋਏ ਕਿਹਾ- "ਧਿਆਨ ਸਿੰਘਾ! ਮੈਨੂੰ ਰਾਜ ਦੀ ਲੋੜ ਨਹੀਂ, ਲਿਆ ਲਿਖ ਦਿੰਦਾ ਹਾਂ। ਭਾਵੇਂ ਤੂੰ ਤਖਤ ਤੇ ਬਹਿ ਜਾ ਭਾਵੇਂ ਹੀਰਾ ਸਿੰਘ ਨੂੰ ਬਿਠਾ ਦੇ ਪਰ ਮੇਰੀ ਜਾਨ ਬਖਸ਼ ਦੇ।"
"ਹੁੰ! ਬੱਚੂ ਸੱਦ ਸੰਧਾਵਾਲੀਆਂ ਤੇ ਮਜੀਠੀਆਂ ਨੂੰ ਤੇਰੀ ਸਹਾਇਤਾ ਕਰਨ। ਰਾਜ, ਉਸ ਲਈ ਤੇਰੇ ਲਿਖਣ ਦੀ ਹੁਣ ਲੋੜ ਨਹੀਂ। ਹੀਰਾ ਸਿੰਘ ਨੂੰ ਤੇਰਾ ਪਿਉ ਭੀ ਤਖਤ ਤੇ ਬਹਿਲੋਂ ਨਹੀਂ ਰੋਕ ਸਕਦਾ।" ਧਿਆਨ ਸਿੰਘ ਨੇ ਜ਼ੋਰ ਜ਼ੋਰ ਦੀ ਪਥਰ ਮਾਰਦੇ ਹੋਏ ਕਿਹਾ।
ਕਮਰੇ ਵਿਚ ਖੂਨ ਦਾ ਦਰਯਾ ਬਹਿ ਤੁਰਿਆ ਤੇ ਥੋੜਾ ਜਿਹਾ ਤੜਫਨ ਦੇ ਪਿਛੋਂ ਮਹਾਰਾਜਾ ਨੌਨਿਹਾਲ ਸਿੰਘ ਪਜਾਬ ਦੀਆਂ ਆਸਾਂ ਦਾ ਸੂਰਜ-ਸਦਾ ਲਈ ਠੰਢਾ ਹੋ ਗਿਆ, ਸਦਾ ਲਈ ਡੁਬ ਗਿਆ।
ਧਿਆਨ ਸਿੰਘ ਨੇ ਲਾਸ਼ ਦੀਆਂ ਮੁਸ਼ਕਾਂ ਖੋਹਲ ਦਿਤੀਆਂ ਤੇ ਉਸ ਨੂੰ ਆਪਣੇ ਪਹਾੜੀ ਨੌਕਰਾਂ ਦੀ ਸਹਾਇਤਾ ਨਾਲ ਚੁਕ ਕੇ ਪਲੰਘ ਪਰ ਪਾ ਦਿਤਾ। ਇਸਦੇ ਨਾਲ ਹੀ ਦਰਬਾਰੀ ਡਾਕਟਰ ਜਾਨ ਮਾਰਟਨ ਭੀ ਪੁਜ ਗਿਆ। ਧਿਆਨ ਸਿੰਘ ਨੇ ਉਸ ਨਾਲ ਹੌਲੀ ਹੌਲੀ ਕੁਝ ਗੱਲਾਂ ਕੀਤੀਆਂ ਤਾਂ ਡਾਕਟਰ ਪਿਛਾਂਹ ਮੁੜ ਗਿਆ।
ਪਿਛੋਂ ਅਵਾਜ਼ ਮਾਰ ਕੇ ਰਾਜਾ ਧਿਆਨ ਸਿੰਘ ਨੇ ਕਿਹਾ- "ਕੰਵਰ ਸਾਹਿਬ ਕੁਕੜ ਦੀ ਤਰੀ ਮੰਗਦੇ ਹਨ, ਦੇ ਦਈਏ।"
ਡਾਕਟਰ ਨੇ ਜਾਂਦੇ ਹੋਏ ਕਿਹਾ- "ਕੁਕੜ ਦੀ ਤਰੀ.... ਬੇਸ਼ਕ ਸਾਬਤ ਕੁਕੜ ਦਿਓ, ਓਹ ਖਾ ਲੈਣਗੇ।
ਏਧਰ ਤਾਂ ਇਹ ਭਾਣਾ ਵਰਤ ਰਿਹਾ ਹੈ ਤੇ ਓਧਰ ਮਹਾਰਾਜਾ ਨੌਨਿਹਾਲ ਸਿੰਘ ਦੀ ਮਾਤਾ ਮਹਾਰਾਣੀ ਚੰਦ ਕੌਰ ਪਤੀ ਦੀ ਚਿਖਾ ਪਾਸ ਬੈਠੀ ਰੋ ਰਹੀ ਹੈ, ਉਸਨੂੰ ਪਤਾ ਨਹੀਂ ਕਿ ਪਤੀ ਦੇ ਨਾਲ ਹੀ ਉਸਦੇ ਜਿਗਰ ਦਾ ਟੁਕੜਾ ਵੀ ਇਸ ਸੰਸਾਰ ਵਿਚ ਨਹੀਂ ਰਿਹਾ, ਉਹ ਵੀ ਦੂਜੀ ਦੁਨੀਆਂ ਵਿਚ, ਪੁਜ ਚੁਕਿਆ ਏ। ਇਸ ਸਮੇਂ ਮਹਾਰਾਣੀ ਦੇ ਨੈਣਾਂ ਵਿਚ ਨਦੀਆਂ ਬਹਿ ਰਹੀਆਂ ਸਨ, ਬੇਮੁਹਾਰ ਨਦੀਆਂ, ਰੋਕਣ ਪਰ ਭੀ ਅਥਰੂ ਨਹੀਂ ਸਨ ਰੁਕਦੇ। ਇਉਂ ਮਲੂਮ ਹੁੰਦਾ ਸੀ ਕਿ ਮਹਾਰਾਣੀ ਕਿਸੇ ਭਾਰੀ ਦੁਖ ਹੇਠ ਦਬ ਕੇ ਹੋਸ਼ ਹਵਾਸ਼ ਗਵਾ ਬੈਠੀ ਹੈ।
ਇਸ ਸਮੇਂ ਹੀ; ਲਹਿਣਾ ਸਿੰਘ ਮਜੀਠੀਏ ਦਾ ਆਦਮੀ ਭੱਜਾ ਆਇਆ ਹੋਇਆ ਤੇ ਦੱਸਿਆ ਕਿ ‘‘ਮਾਤਾ ਜੀ! ਏਧਰ ਤਾਂ ਤੁਸੀਂ ਪਤੀ ਨੂੰ ਰੋ ਰਹੇ ਹੋ,ਓਧਰ ਦੁਸ਼ਮਣਾਂ ਨੇ ਹੋਰ ਭਾਣਾ ਵਰਤਾ ਦਿਤਾ ਏ। ਤੁਹਾਡੇ ਜਿਗਰ ਦਾ ਟੁਕੜਾ ਮਹਾਰਾਜਾ ਨੌਨਿਹਾਲ ਸਿੰਘ ਡਉਢੀ ਡੇਗ ਕੇ ਫਟੜ ਕੀਤਾ ਗਿਆ ਏ ਤੇ ਜ਼ਾਲਮ ਧਿਆਨ ਸਿੰਘ ਉਸ ਨੂੰ ਚੁਕਵਾ ਕੇ ਕਿਲੇ ਵਿਚ ਲੈ ਗਿਆ ਏ।’’
ਇਹ ਖਬਰ ਕੀ ਸੀ, ਮਹਾਰਾਣੀ ਚੰਦ ਕੌਰ ਤੇ ਸਿਰ ਪਰ ਕੜਕਵੀਂ ਬਿਜਲੀ ਆਣ ਡਿੱਗੀ। ਪਤੀ ਦੇ ਨਾਲ ਪੁਤਰ ਚੀ ਉਸਦੇ ਹੱਥਾਂ ਵਿਚੋਂ ਜਾ ਰਿਹਾ ਏ, ਇਹ ਵੇਖ ਕੇ ਉਸ ਦਾ ਆਪਣੇ ਆਪ ਪਰ ਕਾਬੂ ਨਹੀਂ ਰਿਹਾ। ਨੰਗੀ ਪੈਰੀਂ ਤੇ ਨੰਗੇ ਸਿਰ ਪਾਗਲਾਂ ਵਾਂਗ ਕਿਲੇ ਵਲ ਉਠ ਨੱਠੀ। ਅਗੇ ਕਿਲੇ ਦਾ ਲੋਹੇ ਦਾ ਪੱਕਾ ਦਰਵਾਜ਼ਾ ਬੰਦ ਪਿਆ ਸੀ। ਦੋ ਡੋਗਰਾ ਸਿਪਾਹੀ ਉਸਦੇ ਸਾਹਮਣੇ ਪਹਿਰੇ ਪਰ ਸਨ। ਮਹਾਰਾਣੀ ਨੇ ਉਨ੍ਹਾਂ ਨੂੰ ਦਰਵਾਜ਼ਾ ਖੋਹਲਣ ਲਈ ਕਿਹਾ ਪਰ ਦਰਵਾਜ਼ਾ ਖੋਹਲਣਾ ਉਨ੍ਹਾਂ ਗਰੀਬਾਂ ਦੇ ਵਸ ਦੀ ਗਲ ਕਿਥੇ ਸੀ। ਉਨ੍ਹਾਂ ਨੇ ਰਾਜਾ ਧਿਆਨ ਸਿੰਘ ਦਾ ਹੁਕਮ ਸਾਫ ਦੱਸ ਦਿਤਾ ਕਿ ਕਿਸੇ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਤੇ ਦਰਵਾਜ਼ਾ ਅੰਦਰੋਂ ਬੰਦ ਏ।
ਹੁਣ ਮਹਾਰਾਣੀ ਕਰੇ ਤਾਂ ਕੀ ਕਰੇ। ਅੰਦਰ ਉਸਦੇ ਜਿਗਰ ਦੇ ਟੁਕੜੇ ਨਾਲ ਖਬਰੇ ਕੀ ਬੀਤ ਰਹੀ ਏ। ਸਵੇਰੇ ਉਹ ਪਤੀ ਨੂੰ ਕਿਲੇ ਵਿਚ ਦਮ ਤੋੜਦਾ ਵੇਖ ਕੇ ਗਈ ਸੀ, ਉਹ ਦੁਖਦਾਈ ਨਿਜ਼ਾਰਾ ਇਸ ਸਮੇਂ ਉਸਦੀਆਂ ਅੱਖਾਂ ਦੇ ਸਾਹਮਣੇ ਫਿਰ ਰਿਹਾ ਸੀ। ਉਸਦਾ ਦਿਲ ਕਹਿ ਰਿਹਾ ਸੀ ਕਿ ਉਸ ਦਾ ਜਿਗਰ ਦਾ ਟੁਕੜਾ ਭੀ ਉਸ ਤੋਂ ਖੋਹਿਆ ਜਾ ਰਿਹਾ ਏ। ਉਹ ਉਸਦਾ ਦੁਖ ਵੰਡਾਉਣ ਲਈ ਉਡ ਕੇ ਵੀ ਕਿਲੇ ਵਿਚ ਪੁਜ ਜਾਣਾ ਚਾਹੁੰਦੀ ਸੀ ਪਰ ਕਿਲੇ ਦੀਆਂ ਅਸਮਾਨ ਨਾਲ ਗੱਲਾਂ ਕਰ ਰਹੀਆਂ ਕੰਧਾਂ ਤੇ ਲੋਹੇ ਦੇ ਬੰਦ ਫਾਟਕ ਨੂੰ ਟਪਣਾ ਉਸਦੇ ਵੱਸ ਦਾ ਰੋਗ ਨਹੀਂ ਸੀ, ਇਸ ਸਮੇਂ ਮਹਾਰਾਜਾ ਖੜਕ ਸਿੰਘ ਦੀ ਛੇਜਾਂ ਦੀ ਰਾਣੀ ਤੇ ਸ਼ੇਰੇ ਪੰਜਾਬ ਦੀ ਨੂੰਹ ਪਾਗਲਾਂ ਵਾਂਗ ਕਿਲੇ ਦੇ ਦਰਵਾਜ਼ੇ ਮੋਹਰੇ ਵੈਣ ਪਾ ਰਹੀ ਸੀ ਅਵਾਜ਼ਾਂ ਮਾਰ ਰਹੀ ਸੀ ਪਰ ਅੰਦਰੋਂ ਕੋਈ ਬੋਲਦਾ ਨਹੀ ਸੀ। ਮਹਾਰਾਣੀ ਨੇ ਆਪਣੇ ਕੋਮਲ ਹੱਥ ਬੂਹੇ ਪਰ ਮਾਰ ਮਾਰ ਲਹੂ ਲੁਹਾਣ ਕਰ ਲਏ, ਚੰਦ ਜਿਹਾ ਮੱਥਾ ਪਾੜ ਲਿਆ ਰੋ ਰੋ ਕੇ ਅਖਾਂ ਸੁਜਾ ਲਈਆਂ ਪਰ ਅਸਫਲ, ਦਰਵਾਜ਼ਾ ਨਾ ਖੁਲ੍ਹਣਾ ਸੀ ਤੇ ਨਾ ਖੁਲ੍ਹਿਆ। ਆਖਰ ਮਹਾਰਾਣੀ ਬੇਹੋਸ਼ ਹੋ ਕੇ ਡਿਗ ਪਈ ਤੇ ਉਸਦੀਆਂ ਗੋਲੀਆਂ ਚੁਕ ਕੇ ਉਸ ਨੂੰ ਰਾਜ ਮਹੱਲ ਵਿਚ ਲੈ ਗਈਆਂ, ਸਮੇਂ ਦੇ ਰੰਗ ਹਨ।
ਸ਼ਾਮ ਨੂੰ ਰਾਜਾ ਧਿਆਨ ਸਿੰਘ ਮਹੱਲ ਵਿਚ ਗਿਆ, ਮਹਾਰਾਣੀ ਚੰਦ ਕੌਰ ਪਲੰਗ ਪਰ ਪੁਠੀ ਪਈ ਜ਼ਾਰ ਜ਼ਾਰ ਰੋ ਰਹੀ ਸੀ। ਧਿਆਨ ਸਿੰਘ ਨੂੰ ਵੇਖਦੇ ਹੀ ਉਠ ਬੈਠੀ, ਪਾਗਲਾਂ ਵਾਂਗ ਬੋਲੀ-‘‘ਪਾਬਰਾਂ ਮੇਰਾ ਪੁਤਰ ਦੇਹ!’’
‘‘ਰਾਜ ਮਾਤਾ! ਸਬਰ ਕਰ।’’
‘‘ਮੇਰਾ ਨੌਨਿਹਾਲ ਸਿੰਘ ਕਿਥੇ ਏ?’’
‘‘ਕੰਵਰ ਰਾਜ਼ੀ ਹੋ ਰਿਹਾ ਹੈ, ਮਹਾਰਾਣੀ ਜੀ, ਫਿਕਰ ਨਾ ਕਰੋ। ਦਿਲ ਧਰੋ, ਮੈਂ ਕੁਝ ਇਕੱਲ ਵਿਚ ਗਲ ਕਰਨੀ ਏ।" ਰਾਜਾ ਧਿਆਨ ਸਿੰਘ ਨੇ ਕਿਹਾ। ਮਹਾਰਾਣੀ ਚੰਦ ਕੌਰ ਨੂੰ ਕੁਝ ਹੌਸਲਾ ਹੋਇਆ, ਉਸ ਦੇ ਇਸ਼ਾਰੇ ਨਾਲ ਗੋਲੀਆਂ ਕਮਰੇ ਵਿਚੋਂ ਨਿਕਲ ਗਈਆਂ।
ਰਾਜਾ ਧਿਆਨ ਸਿੰਘ ਨੇ ਕਹਿਣਾ ਸ਼ੁਰੂ ਕੀਤਾ
‘‘ਮਹਾਰਾਣੀ ਜੀ! ਪ੍ਰਮਾਤਮਾਂ ਦੇ ਭਾਣੇ ਅਗੇ ਕਿਸੇ ਦਾ ਕੋਈ ਜ਼ੋਰ ਨਹੀਂ। ਕੰਵਰ ਜੀ ਹੁਣ ਇਸ ਸੰਸਾਰ ਵਿਚ ਨਹੀਂ ਰਹੇ ਪਰ ਧੀਰਜ ਨਾਲ ਗੱਲ ਸੁਣੋ।’’‘‘ਜ਼ਾਲਮਾਂ ਤੇਰਾ ਬੇੜਾ ਗਰਕ ਹੋਵੇ!’’ ਮਹਾਰਾਣੀ ਨੇ ਚੀਕ ਮਾਰ ਕੇ ਕਿਹਾ।
‘‘ਪਾਗਲ ਨਾ ਹੋ ਮਹਾਰਾਣੀ! ਮੈਨੂੰ ਤੁਹਾਡੇ ਪਾਸ ਆਉਣ ਦੀ ਲੋੜ ਨਹੀਂ ਸੀ ਪਰ ਸ਼ੇਰੇ ਪੰਜਾਬ ਦਾ ਨਿਮਕ ਹਲਾਲ ਕਰਨ ਲਈ ਆਉਣਾ ਪਿਆ ਏ। ਪੰਜਾਬ ਦਾ ਰਾਜ ਕੋਈ ਛੋਟੀ ਚੀਜ਼ ਨਹੀਂ। ਜੇ ਕੰਵਰ ਦੀ ਮੌਤ ਪ੍ਰਗਟ ਹੋ ਗਈ ਤਾਂ ਅਜ ਹੀ ਰਾਜ ਦੇ ਕਈ ਵਾਰਸ ਆ ਨਿਕਲਣਗੇ। ਮੈਂ ਨਹੀਂ ਚਾਹੁੰਦਾ ਕਿ ਇਹ ਰਾਜ ਤੁਹਾਥੋਂ ਖੁਸੇ, ਮੈਂ ਕੰਵਰ ਦੀ ਮੌਤ ਤੁਹਾਥੋਂ ਭੀ ਲੁਕਾ ਸਕਦਾ ਸੀ ਪਰ ਮੇਰਾ ਦਿਲ ਪੱਥਰ ਦਾ ਨਹੀਂ, ਜੋ ਮਾਤਾ ਨੂੰ ਉਸ ਦੇ ਪੁਤਰ ਦੀ ਮੌਤ ਦੀ ਖਬਰ ਨਾ ਦੱਸਾਂ ਪਰ ਤੁਹਾਡੇ ਤੇ ਤੁਹਾਡੇ ਰਾਜ ਦਾ ਭਲਾ ਇਸ ਵਿਚ ਹੈ ਕਿ ਉਸ ਦੀ ਮੌਤ ਨੂੰ ਲੁਕਾਇਆ ਜਾਵੇ ਪਰ ਰਾਜ-ਤਖਤ ਪਰ ਤੁਹਾਨੂੰ ਬਹਾਉਣ ਦਾ ਮੈਂ ਇਕਰਾਰ ਕਰਦਾ ਹਾਂ। ਰਾਜਾ ਧਿਆਨ ਸਿੰਘ ਨੇ ਇਸ ਢੰਗ ਨਾਲ ਕਿਹਾ ਕਿ ਜਿਸ ਤਰ੍ਹਾਂ ਮਹਾਰਾਣੀ ਨੂੰ ਹੁਕਮ ਦੇ ਰਿਹਾ ਹੋਵੇ। ਆਖਰ ਮਹਾਰਾਣੀ ਨੂੰ ਉਸ ਦੀ ਗਲ ਮੰਨਣੀ ਹੀ ਪਈ।
ਏਧਰੋਂ ਵੇਹਲਾ ਹੋ ਕੇ ਰਾਜਾ ਧਿਆਨ ਸਿੰਘ ਨੇ ਬਟਾਲੇ ਰਾਜਾ ਸ਼ੇਰ ਸਿੰਘ ਵਲ ਆਦਮੀ ਭੇਜ ਦਿਤਾ, ਅਗਲੇ ਦਿਨ ਹੀ ਰਾਜਾ ਸ਼ੇਰ ਸਿੰਘ ਲਾਹੌਰ ਵਿਚ ਆ ਗਿਆ।
ਹੁਣ ਮਹਾਰਾਜਾ ਨੌਨਿਹਾਲ ਸਿੰਘ ਦੀ ਮੌਤ ਪ੍ਰਗਟ ਹੋ ਚੁਕੀ ਸੀ। ਸਿਖ ਰਾਜ ਦੇ ਇਸ ਯੁਵਕ ਮਹਾਰਾਜੇ ਨੂੰ ਸਾਰਾ ਲਾਹੌਰ ਤੇ ਸਾਰਾ ਪੰਜਾਬ ਰੋ ਰਿਹਾ ਸੀ, ਦਾਦੇ ਤੇ ਪਿਉ ਦੇ ਨੇੜੇ ਹੀ ਮਹਾਰਾਜਾ ਨੌਨਿਹਾਲ ਸਿੰਘ ਦੀ ਚਿਖਾ ਬਲ ਰਹੀ ਸੀ।
ਮਹਾਰਾਜਾ ਨੌਨਿਹਾਲ ਸਿੰਘ ਦਾ ਸਿਵਾ ਠੰਢਾ ਹੋਣ ਤੋਂ ਪਹਿਲਾਂ ਹੀ ਤਖਤ ਦਾ ਝਗੜਾ ਖੜਾ ਹੋ ਗਿਆ, ਭਾਵੇਂ ਧਿਆਨ ਸਿੰਘ ਬਾਤ ਗਈ ਰਾਤ ਨੂੰ ਹੀ ਸਹਾਰਾਣੀ ਚੰਦ ਕੌਰ ਨੂੰ ਤਖਤ ਦਾ ਲਾਰਾ ਲਾ ਆਇਆ ਸੀ ਪਰ ਅਜ ਉਸ ਨੇ ਰਾਜਾ ਸ਼ੇਰ ਸਿੰਘ ਦੇ ਤਖਤ ਪਰ ਬਹਿਣ ਦਾ ਏਲਾਨ ਕਰ ਦਿਤਾ, ਅੰਗ੍ਰੇਜੀ ਸ੍ਰਦਾਰ ਦੇ ਸਫੀਰ ਨੇ ਭੀ ਸ਼ੇਰ ਸਿੰਘ ਨੂੰ ਮਹਾਰਾਜਾ ਨੌਨਿਹਾਲ ਸਿੰਘ ਦਾ ਜਾਨਸ਼ੀਨ ਤਸਲੀਮ ਕਰ ਲਿਆ ਤੇ ਫੈਸਲਾ ਹੋਇਆ ਕਿ ਵਜ਼ੀਰ ਰਾਜਾ ਧਿਆਨ ਸਿੰਘ ਹੀ ਬਣੇ।
ਦੂਜੇ ਪਾਸੇ ਮਹਾਰਾਣੀ ਚੰਦ ਕੌਰ ਭੀ ਚੁਪ ਨਹੀਂ ਬੈਠੀ, ਉਸ ਨੇ ਸੰਧਾਵਾਲੀਏ ਤੇ ਮਜੀਠੀਏ ਸ੍ਰਦਾਰਾਂ ਨੂੰ ਮਹੱਲ ਵਿਚ ਸੱਦਿਆ ਤੇ ਉਨ੍ਹਾਂ ਦੇ ਸਾਹਮਣੇ ਰੱਜ ਕੇ ਰੋਈ। ਜਦ ਉਨ੍ਹਾਂ ਸਰਦਾਰਾਂ ਦੀ ਪੂਰੀ ਹਮਦਰਦੀ ਮਜ਼ਲੂਮ ਮਹਾਰਾਣੀ ਦੇ ਨਾਲ ਹੋ ਗਈ ਤਾਂ ਉਸਨੇ ਦੱਸਿਆ ਕਿ ‘‘ਮਹਾਰਾਜਾ ਨੌਨਿਹਾਲ ਸਿੰਘ ਦੀ ਮਹਾਰਾਣੀ ਨਾਨਕੀ ਗਰਭਵਤੀ ਏ, ਜੇ ਵਾਹਿਗੁਰੂ ਨੇ ਪੁਤਰ ਦਿਤਾ ਤਾਂ ਰਾਜ ਦਾ ਸਹੀ ਵਾਰਸ ਉਹ ਹੋਵੇਗਾ, ਉਸ ਲਈ ਤਖਤ ਰਾਖਵਾਂ ਰਖਣ ਲਈ ਮੇਰੀ ਮਦਦ ਕਰੋ।’’
ਸਰਦਾਰਾਂ ਨੇ ਇਹ ਗਲ ਮੰਨ ਕੇ ਮਹਾਰਾਣੀ ਦੀ ਸਹਾਇਤਾ ਕਰਨ ਦੀਆਂ ਕਸਮਾਂ ਖਾਧੀਆਂ।
ਹੁਣ ਸੰਧਾਵਾਲੀਏ ਤੇ ਮਜੀਠੀਏ ਸ੍ਰਦਾਰ ਮਹਾਰਾਣੀ ਚੰਦ ਕੌਰ ਵਲ ਹੋ ਗਏ ਅਤੇ ਰਾਜਾ ਧਿਆਨ ਸਿੰਘ ਲਈ ਮਹਾਰਾਜਾ ਸ਼ੇਰ ਸਿੰਘ ਨੂੰ ਤਖਤ ਪਰ ਬਿਠਾਉਣਾ ਮੁਸ਼ਕਲ ਹੋ ਗਿਆ, ਉਸਨੂੰ ਤੌਖਲਾ ਹੋਇਆ ਕਿ ਜ ਮਹਾਰਾਣੀ ਚੰਦ ਕੌਰ ਸਫਲ ਹੋ ਗਈ ਤਾਂ ਡੋਗਰਿਆਂ ਦਾ ਡੇਰਾ ਡੰਡਾ ਦਾ ਲਾਹੌਰ ਵਿਚੋਂ ਚੁਕਿਆ ਜਾਵੇਗਾ ਪਰ ਉਹ ਕਿਹੜਾ ਕੱਚੀਆਂ ਗੋਲੀਆਂ ਖੇਡਿਆ ਹੋਇਆ ਸੀ। ਜਦ ਹੀ ਉਸਨੂੰ ਦੂਜਾ ਧੜਾ ਤਕੜਾ ਜਾਪਿਆ ਝਟ ਆਪਣੇ ਭਰਾ ਗੁਲਾਬ ਸਿੰਘ ਨੂੰ ਉਸ ਪਾਸੇ ਭੇਜ ਦਿਤਾ। ਤਾਕਿ ਭਾਵੇਂ ਕੋਈ ਭੀ ਜਿਤੇ ਡੋਗਰਿਆਂ ਦਾ ਹੱਥ ਉਤੇ ਰਹੇ। ਇਸ ਨੂੰ ਕਹਿੰਦੇ ਹਨ ਨੀਤੀ, ਰਾਜਾ ਧਿਆਨ ਸਿੰਘ ਪਰ ਭਾਵੇਂ ਹੋਰ ਹਜ਼ਾਰ ਦੂਸ਼ਣ ਲਾਏ ਜਾਣ ਪਰ ਉਸਦੀ ਸਿਆਣਪ ਦੀ ਜ਼ਰੂਰ ਦਾਦ ਦੇਣੀ ਪੈਂਦੀ ਏ।
ਹੁਣ ਦੋਵੇਂ ਧੜੇ ਇਕ ਦੂਜੇ ਨਾਲ ਖਹਿਣ ਲਈ ਤਿਆਰ ਸਨ ਪਰ ਚੂੰਕਿ ਖਾਲਸਾ ਫੌਜ ਇਸ ਸਮੇਂ ਮਹਾਰਾਣੀ ਚੰਦ ਕੌਰ ਦੀ ਹਾਮੀ ਸੀ, ਇਸ ਲਈ ਸਿਆਣੇ ਧਿਆਨ ਸਿੰਘ ਨੇ ਇਸ ਸਮੇਂ ਰੌਲਾ ਪਾਉਣ ਦੀ ਲੋੜ ਨਹੀਂ ਸਮਝੀ; ਗੁਲਾਬ ਸਿੰਘ ਵਿਚੋਲਾ ਬਣ ਕੇ ਸੁਲਹ ਦੀ ਗੱਲ ਬਾਤ ਕਰਾਉਣ ਲਗਾ। ਮਹਾਰਾਣੀ ਚੰਦ ਕੌਰ ਨੇ ਰਾਜਾ ਸ਼ੇਰ ਸਿੰਘ ਨੂੰ ਮਹੱਲ ਵਿਚ ਸੱਦਿਆ, ਇਸ ਮੌਕੇ ਪਰ ਰਾਜਾ ਗੁਲਾਬ ਸਿੰਘ ਸ: ਅਜੀਤ ਸਿੰਘ ਸੰਧਾਵਾਲੀਆ ਤੇ ਸ: ਲਹਿਣਾ ਸਿੰਘ ਮਜੀਠੀਆ ਭੀ ਮੌਜੂਦ ਸਨ।
ਇਸ ਛੋਟੀ ਜਿਹੀ ਸਭਾ ਵਿਚ ਰਾਜਾ ਗੁਲਾਬ ਸਿੰਘ ਨੇ ਇਸ ਪ੍ਰਕਾਰ ਗਲ ਬਾਤ ਸ਼ੁਰੂ ਕੀਤੀ।
‘‘ਰਾਜਾ ਸ਼ੇਰ ਸਿੰਘ ਜੀ, ਤੁਹਾਡੇ ਪਿਤਾ ਸ਼ੇਰੇ ਪੰਜਾਬ ਨੇ ਸਿਖ ਰਾਜ ਕਿਨੇ ਪਾਪੜ ਵੇਲ ਕੇ ਕਾਇਮ ਕੀਤਾ ਸੀ। ਇਹ ਤੁਹਾਥੋਂ ਭੁਲਿਆ ਹੋਇਆ ਨਹੀਂ, ਉਸਦੇ ਪਿਛੋਂ ਇਸ ਦੀ ਬਦਕਿਸਮਤੀ ਦੇ ਦਿਨ ਸਾਹਮਣੇ ਹਨ। ਮਹਾਰਾਣੀ ਚੰਦ ਕੌਰ ਤੁਹਾਡੇ ਲਈ ਓਪਰੀ ਨਹੀਂ। ਸ੍ਰਦਾਰਾਂ ਦੀ ਮਰਜ਼ੀ ਏ ਕਿ ਬੀਬੀ ਨਾਨਕੀ ਦੇ ਬੱਚਾ ਹੋਣ ਤਕ ਤਖਤ ਉਸ ਲਈ ਰਾਖਵਾਂ ਰਖਿਆ ਜਾਵੇ। ਜੇ ਲੜਕਾ ਹੋਇਆ ਤਾਂ ਵਾਹ ਭਲੀ, ਨਹੀਂ ਤਾਂ ਤਖਤ ਤੁਹਾਡਾ ਈ ਏ, ਮਹਾਰਾਣੀ ਨੇ ਕਿਥੇ ਚਕ ਕੇ ਲੈ ਜਾਣਾ ਏ।’’
‘‘ਪਰ ਜੇ ਤਦ ਤਕ ਤਖਤ ਪਰ ਮੈਂ ਬਹਿ ਜਾਵਾਂ।’’
‘‘ਇਹ ਮੁਨਾਸਬ ਨਹੀਂ।’’ ਸ਼ੇਰ ਸਿੰਘ ਦੀ ਉਕਤ ਗਲ ਦੇ ਉਤਰ ਵਿਚ ਸਰਦਾਰ ਲਹਿਣਾ ਸਿੰਘ ਮਜੀਠੀਏ ਨੇ ਕਿਹਾ ਤੇ ਸ: ਅਜੀਤ ਸਿੰਘ ਸੰਧਾਵਾਲੀਏ ਨੇ ਭੀ ਇਸ ਦੀ ਪੁਸ਼ਟੀ ਕੀਤੀ।
‘‘ਤਦ ਗਲ ਨਿਬੜਨ ਦਾ ਕੀ ਰਾਹ ਹੋਇਆ?’’ ਰਾਜਾ ਸ਼ੇਰ ਸਿੰਘ ਨੇ ਪੁਛਿਆ।
ਹੁਣ ਸਾਰੇ ਜਣੇ ਸੋਚੀ ਪੈ ਗਏ, ਮਹਾਰਾਣੀ ਚੰਦ ਕੌਰ ਦੀਆਂ ਅੱਖਾਂ ਵਿਚੋਂ ਇਸ ਸਮੇਂ ਹੰਝੂਆਂ ਦਾ ਮੀਂਹ ਪੈ ਰਿਹਾ ਸੀ। ਇਸ ਸਮੇਂ ਰਾਜਾ ਸ਼ੇਰ ਸਿੰਘ ਨੂੰ ਲਾਂਭੇ ਲੈ ਜਾ ਕੇ ਸ: ਲਹਿਣਾ ਸਿੰਘ ਤੇ ਸ: ਅਜੀਤ ਸਿੰਘ ਨੇ ਕੁਝ ਗੱਲ ਕੀਤੀ ਤੇ ਫੇਰ ਉਨ੍ਹਾਂ ਨੇ ਮਹਾਰਾਣੀ ਚੰਦ ਕੌਰ ਨਾਲ ਵਖ ਗੱਲ ਕੀਤੀ। ਇਸ ਸਮੇਂ ਉਹਨਾਂ ਦੇ ਚੇਹਰੇ ਖਿੜੇ ਹੋਏ ਸਨ, ਮਾਨੋ ਝਗੜੇ ਦਾ ਹੱਲ ਉਨ੍ਹਾਂ ਨੇ ਲਭ ਲਿਆ ਸੀ। ਇਸਦੇ ਪਿਛੋਂ ਉਹ ਰਾਜਾ ਗੁਲਾਬ ਸਿੰਘ ਸਮੇਤ ਉਠ ਕੇ ਹੇਠ ਦੀਵਾਨ ਖਾਨੇ ਵਿਚ ਆ ਗਏ।
ਸ: ਲਹਿਣਾ ਸਿੰਘ ਨੇ ਰਾਜਾ ਗੁਲਾਬ ਸਿੰਘ ਨੂੰ ਸੰਬੋਧਨ ਕਰਦੇ ਹੋਏ ਕਿਹਾ-"ਭਾਈਆ ਜੀ! ਆਖਰ ਰਾਜ ਘਰਾਣੇ ਨੂੰ ਬਚਾਉਣ ਦਾ ਰਾਹ ਵਾਹਿਗੁਰੂ ਨੇ ਦੱਸ ਹੀ ਦਿਤਾ ਏ।’’
‘‘ਕੀ?’’
‘‘ਮਹਾਰਾਜਾ ਸ਼ੇਰ ਸਿੰਘ ਤੇ ਮਹਾਰਾਣੀ ਚੰਦ ਕੌਰ ਚਾਦਰ ਪਾ ਲੈਣ। ਇਸ ਤਰ੍ਹਾਂ ਦੋਵੇਂ ਧਿਰਾਂ ਮਿਲ ਕੇ ਰਾਜ ਕਰਨਗੀਆਂ ਤੇ ਕੋਈ ਝਗੜਾ ਬਾਕੀ ਨਹੀਂ ਰਹੇਗਾ।’’ ਸ: ਲਹਿਣਾ ਸਿੰਘ ਨੇ ਦੱਸਿਆ।
‘‘ਪਰ ਭਈ ਇਹ ਦੋਵੇਂ ਜਣੇ ਰਾਜ਼ੀ ਹਨ?’’ ਗੁਲਾਬ ਨੇ ਪੁਛਿਆ।
‘‘ਮੈਨੂੰ ਤਾਂ ਇਤਰਾਜ਼ ਨਹੀਂ।’’ ਰਾਜਾ ਸ਼ੇਰ ਸਿੰਘ ਨੇ ਫੈਸਲਾ ਦਿੰਦੇ ਹੋਏ ਕਿਹਾ।
‘‘ਤੇ ਆਸ ਹੈ ਕਿ ਮਹਾਰਾਣੀ ਨੂੰ ਭੀ ਰਾਜ਼ੀ ਕਰ ਲਿਆ ਜਾਵੇਗਾ।’’ ਸ: ਅਜੀਤ ਸਿੰਘ ਨੇ ਕਿਹਾ।
‘‘ਪਰ ਮੈਨੂੰ ਤਾਂ ਆਸ ਨਹੀਂ, ਗੱਲ ਸੋਚਣ ਵਾਲੀ ਏ।’’ ਰਾਜਾ ਗੁਲਾਬ ਸਿੰਘ ਨੂੰ ਇਸ ਗੱਲ ਨਾਲ ਖੁਸ਼ੀ ਨਹੀਂ ਸੀ ਹੋਈ।
‘‘ਅਸਾਂ ਵਿਚਾਰ ਕਰਦੇ ਹਾਂ।’’
ਇਸਦੇ ਪਿੱਛੋਂ ਇਹ ਸਭਾ ਉਠ ਗਈ।
ਅਗਲੇ ਦਿਨ ਇਹ ਰੱਲ ਵਧੇਰੇ ਗੁੰਝਲਦਾਰ ਹੋ ਗਈ ਸੀ। ਮਹਾਰਾਜਾ ਸ਼ੇਰ ਸਿੰਘ ਰਾਜਾ ਧਿਆਨ ਸਿੰਘ ਨੂੰ ਮਿਲਣ ਪਿਛੋਂ ਇਸ ਗਲ ਨੂੰ ਟਾਲਣਾ ਚਾਹੁੰਦਾ ਸੀ। ਰਾਜਾ ਗੁਲਾਬ ਸਿੰਘ ਅਜ ਮਹਾਰਾਣੀ ਨੂੰ ਮਿਲਿਆ ਸੀ ਤੇ ਸਰਦਾਰਾਂ ਦੀ ਸਭਾ ਵਿਚ ਉਸ ਨੇ ਕਹਿ ਦਿਤਾ ਹੈ ਕਿ ‘‘ਮਹਾਰਾਣੀ ਚਾਦਰ ਪਾਉਣ ਲਈ ਰਾਜ਼ੀ ਨਹੀਂ।’’
ਇਸ ਤਰ੍ਹਾਂ ਇਹ ਯਤਨ ਨੇਪਰੇ ਨਹੀਂ ਚੜ੍ਹਿਆ। ਚੜ੍ਹਦਾ ਕਿਦਾਂ, ਸਿਖ ਰਾਜ ਦੀ ਬਰਬਾਦੀ ਦੇ ਦਿਨ ਜੂ ਆਏ ਹੋਏ ਸਨ। ਚੜ੍ਹ ਤਾਂ ਜਾਂਦਾ ਪਰ ਡੋਗਰਿਆਂ ਨੂੰ ਇਸ ਵਿਚ ਆਪਣੀ ਮੌਤ ਸਾਫ ਨਜ਼ਰ ਆ ਰਹੀ ਸੀ, ਇਸ ਲਈ ਉਹ ਕਿਸ ਤਰ੍ਹਾਂ ਇਹ ਕੰਮ ਹੋਣ ਦਿੰਦੇ।
ਇਹ ਤਾਂ ਨਾ ਹੋਇਆ ਪਰ ਸੰਧਾਵਾਲੀਏ ਤੇ ਮਜੀਠੀਏ ਸਰਦਾਰਾਂ ਦੇ ਯਤਨਾਂ ਨਾਲ ਇਸ ਗਲ ਦਾ ਫੈਸਲਾ ਹੋ ਗਿਆ ਕਿ ਮਹਾਰਾਜਾ ਨੌਨਿਹਾਲ ਸਿੰਘ ਦੇ ਹੋਣ ਵਾਲੇ ਬੱਚੇ ਦੇ ਨਾਮ ਪਰ ਮਹਾਰਾਣੀ ਚੰਦ ਕੌਰ ਤਖਤ ਪਰ ਬਹੇ ਰਾਜਾ ਸ਼ੇਰ ਸਿੰਘ ਰਾਜ ਸਭਾ ਦਾ ਪ੍ਰਧਾਨ ਹੋਵੇ ਤੇ ਰਾਜਾ ਧਿਆਨ ਸਿੰਘ ਵਜ਼ੀਰ।
ਹੋਣ ਨੂੰ ਤਾਂ ਇਹ ਫੈਸਲਾ ਹੋ ਗਿਆ ਪਰ ਧਿਆਨ ਸਿੰਘ ਤੇ ਸ਼ੇਰ ਸਿੰਘ ਨੇ ਇਹ ਬੜੇ ਮਜਬੂਰ ਹੋ ਕੇ ਮੰਨਿਆ ਸੀ। ਇਸ ਲਈ ਇਸ ਦੇ ਪਿਛੋਂ ਉਹ ਲਾਹੌਰ ਵਿਚ ਨਹੀਂ ਰਹੇ। ਸ਼ੇਰ ਸਿੰਘ ਨੂੰ ਬਟਾਲੇ ਭੇਜ ਕੇ ਰਾਜਾ ਧਿਆਨ ਸਿੰਘ ਆਪ ਜੰਮੂ ਨੂੰ ਚਲਾ ਗਿਆ ਪਰ ਉਸਦਾ ਭਰਾ ਗੁਲਾਬ ਸਿੰਘ ਤੇ ਪੁਤਰ ਹੀਰਾ ਸਿੰਘ ਲਾਹੌਰ ਹੀ ਰਹੇ।
ਮਹਾਰਾਣੀ ਚੰਦ ਕੌਰ ਤਖਤ ਪਰ ਬੈਠੀ ਤੇ ਸ: ਅਤਰ ਸਿੰਘ ਸੰਧਾਵਾਲੀਆਂ ਵਜ਼ਾਰਤ ਦਾ ਕੰਮ ਕਰਨ ਲੱਗਾ।