ਰਾਜਾ ਧਿਆਨ ਸਿੰਘ/੧੭

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

੧੭.

ਏਧਰ ਤਾਂ ਇਹ ਹੋ ਰਿਹਾ ਏ ਤੇ ਆਓ ਓਧਰ ਵੇਖੀਏ ਮਹਾਰਾਜਾ ਖੜਕ ਸਿੰਘ ਤੇ ਮਹਾਰਾਜਾ ਨੌਨਿਹਾਲ ਸਿੰਘ ਦੇ ਪ੍ਰਵਾਰ ਨਾਲ ਕੀ ਬਣਦੀ ਏ। ਉਪਰਲੇ ਕਾਂਡ ਵਿਚ ਪਾਠਕ ਇਹ ਤਾਂ ਪੜ੍ਹ ਹੀ ਆਏ ਹਨ ਕਿ ਮਹਾਰਾਜਾ ਸ਼ੇਰ ਸਿੰਘ ਨੂੰ ਰਾਜਾ ਧਿਆਨ ਸਿੰਘ ਨੇ ਪੂਰੀ ਤਰ੍ਹਾਂ ਹੱਥ ਵਿਚ ਕਰ ਰਖਿਆ ਸੀ, ਉਹ ਸ਼ੇਰੇ ਪੰਜਾਬ ਦੇ ਪ੍ਰਵਾਰ ਦੇ ਇਕ ਇਕ ਜੀ ਨੂੰ ਅਗਲੀ ਦੁਨੀਆਂ ਵਿਚ ਭੇਜ ਕੇ ਹੀਰਾ ਸਿੰਘ ਲਈ ਪੰਜਾਬ ਦਾ ਤਖਤ ਵੇਹਲਾ ਰਨਾ ਚਾਹੁੰਦਾ ਸੀ ਤੇ ਇਸ ਲਈ ਮਹਾਰਾਜਾ ਸ਼ੇਰ ਸਿੰਘ ਨੂੰ ਹੱਥ ਠੋਕਾ ਬਨਾਉਣ ਦਾ ਯਤਨ ਕਰ ਰਿਹਾ ਸੀ । ਇਕ ਦਿਨ ਜਦ ਕਿ ਕਿਲੇ ਦੇ ਦੀਵਾਨ ਖਾਨੇ ਵਿਚ ਮਹਾਰਾਜਾ ਸ਼ੇਰ ਸਿੰਘ ਤੇ ਰਾਜਾ ਧਿਆਨ ਸਿੰਘ ਬੈਠੇ ਹੋਏ ਸਨ ਤਾਂ ਧਿਆਨ ਸਿੰਘ ਨੇ ਕਹਿਣਾ ਸ਼ੁਰੂ ਕੀਤਾ:-
‘‘ ਮਹਾਰਾਜਾ ਪਤਾ ਜੇ ਨੌਨਿਹਾਲ ਸਿੰਘ ਦੀ ਔਰਤ ਨੂੰ ਬੱਚਾ ਹੋਣ ਵਾਲਾ ਏ । ’’
‘‘ ਫੇਰ ਕੀ ਹੋਇਆ ? ’’ ਮਹਾਰਾਜੇ ਨੇ ਆਖਿਆ। ‘‘ ਭੋਲੇ ਬਾਦਸ਼ਾਹ ਹੋਇਆ ਈ ਕੁਝ ਨਾ, ਫੌਜਾਂ ਤੇ ਅਫਸਰਾਂ ਵਿਚ ਹੁਣ ਤੋਂ ਹੀ ਚਰਚਾ ਹੋ ਰਹੀ ਏ ਕਿ ਜੇ ਲੜਕਾ ਹੋਇਆ ਤਾਂ ਉਹ ਰਾਜ ਦਾ ਹੱਕਦਾਰ ਹੋਵੇਗਾ । ਰੱਬ ਨਾ ਕਰੇ ਜੇ ਇਹ ਹੋ ਗਿਆ ਤਾਂ ਤੁਹਾਡਾ ਤਖਤ ਪਰ ਰਹਿਣਾ ਮੁਸ਼ਕਲ ਹੋ ਜਾਵੇਗਾ । ’’ ਧਿਆਨ ਸਿੰਘ ਨੇ ਕਿਹਾ।
‘‘ ਵਾਧੂ ਖਿਆਲ ਨੇ ਤੇਰੇ ਧਿਆਨ ਸਿੰਘਾ ! ’’
‘‘ ਤੁਹਾਡੀ ਮਰਜ਼ੀ, ਮੈਂ ਤਾਂ ਆਪਣਾ ਫਰਜ਼ ਪੂਰਾ ਕਰਨਾ ਏ । ਨਿਮਕ ਜੂ ਖਾਂਦਾ ਹੋਇਆ । ’’ ਧਿਆਨ ਸਿੰਘ ਨੇ ਕਿਹਾ ।
ਮਹਾਰਾਜਾ ਸ਼ੇਰ ਸਿੰਘ ਸੋਚਾਂ ਵਿਚ ਪੈ ਗਿਆ ।
ਤੀਰ ਨਿਸ਼ਾਨੇ ਪਰ ਲਗਿਆਂ ਵੇਖ ਕੇ ਧਿਆਨ ਸਿੰਘ ਬੋਲਿਆ- ‘‘ ਇਸ ਦਾ ਸਮੇਂ ਸਿਰ ਇਲਾਜ ਕਰਨਾ ਜ਼ਰੂਰੀ ਏ, ਮਾਲਕ ! ’’
‘‘ ਕੀ ? ’’
‘‘ ਬੱਸ ਹੋਣ ਤੋਂ ਪਹਿਲਾਂ ਹੀ ਬੱਚੇ ਨੂੰ ਦੂਜੀ ਦੁਨੀਆ ਵਿਚ ਭੇਜ ਦਿਤਾ ਜਾਵੇ, ਜ਼ਹਿਰ ਦੇ ਕੇ ਨਾਨਕੀ ਨੂੰ । ’’
ਮਹਾਰਾਜਾ ਸ਼ੇਰ ਸਿੰਘ ਕੰਬ ਗਿਆ ਪਰ ਉਸਨੇ ਉਤਰ ਕੋਈ ਨਹੀਂ ਦਿਤਾ।
ਦੂਜੇ ਦਿਨ ਲਾਹੌਰ ਵਿਚ ਬੀਬੀ ਨਾਨਕੀ ਦੇ ਗਰਬ-ਪਾਤ ਹੋਣ ਦੀ ਚਰਚਾ ਸੀ ਤੇ ਰਾਜਾ ਧਿਆਨ ਸਿੰਘ ਕੁਝ ਗਰਭਵਤੀ ਪਹਾੜਨਾਂ ਤੋਂ ਦਰਬਾਰ ਵਿਚ ਗਵਾਹੀਆਂ ਲੈ ਰਿਹਾ ਸੀ । ਉਹ ਦੱਸ ਰਹੀਆਂ ਹਨ ਕਿ, ‘‘ ਮਹਾਂਰਾਣੀ ਚੰਦ ਕੌਰ ਨੇ ਉਹਨਾਂ ਨੂੰ ਇਸ ਲਈ ਮਹੱਲਾਂ ਵਿਚ ਰੱਖਿਆ ਹੋਇਆ ਸੀ ਕਿ ਉਨ੍ਹਾਂ ਵਿਚੋਂ ਜਿਸ ਨੂੰ ਲੜਕਾ ਹੋਵੇ, ਉਸ ਤੋਂ ਲੈਕੇ ਨਾਨਕੀ ਦੀ ਗੋਦੀ ਪਾ ਕੇ ਉਸਦਾ ਲੜਕਾ ਪਰਗਟ ਕੀਤਾ ਜਾਵੇ !
ਇਸ ਤਰ੍ਹਾਂ ਧਿਆਨ ਸਿੰਘ ਇਸ ਰੌਲੇ ਰੱਪੇ ਨੂੰ ਦੂਰ ਕਰਨ ਵਿਚ ਸਹਿਜੇ ਹੀ ਸਫਲ ਹੋ ਗਿਆ।
ਥੋੜੇ ਦਿਨਾਂ ਪਿਛੋਂ ਜ਼ਹਿਰ ਦੇ ਅਸਰ ਨਾਲ ਬੀਬੀ ਨਾਨਕੀ ਵੀ ਦੂਜੀ ਦੁਨੀਆਂ ਵਿਚ ਚਲੀ ਗਈ । ਪਰ ਰਾਜਾ ਧਿਆਨ ਸਿੰਘ ਦਾ ਕਾਲਜਾ ਹਾਲਾਂ ਭੀ ਠੰਢਾ ਨਹੀਂ ਹੋਇਆ । ਮਹਾਰਾਣੀ ਚੰਦ ਕੌਰ, ਮਹਾਰਾਣੀ ਜਿੰਦਾ, ਕੰਵਰ ਦਲੀਪ ਸਿੰਘ ਮਹਾਰਾਜਾ ਸ਼ੇਰ ਸਿੰਘ, ਉਸਦਾ ਪੁਤਰ ਪ੍ਰਤਾਪ ਸਿੰਘ ਇਸ ਤਰ੍ਹਾਂ ਰਾਜ ਘਰਾਣੇ ਦੇ ਕਿਤਨੇ ਹੀ ਮੈਂਬਰ ਹਾਲਾਂ ਮੌਜੂਦ ਸਨ, ਉਨ੍ਹਾਂ ਨੂੰ ਖਤਮ ਕਰਨ ਦੇ ਪਿਛੋਂ ਹੀ ਉਹ ਰਾਜਾ ਹੀਰਾ ਸਿੰਘ ਨੂੰ ਪੰਜਾਬ ਦੇ ਰਾਜ ਗੱਦੀ ਪਰ ਬਹਾ ਸਕਦਾ ਸੀ । ਇਸ ਲਈ ਉਸਦਾ ਕੰਮ ਹਾਲਾਂ ਖਤਮ ਨਹੀਂ ਸੀ ਹੋਇਆ, ਹਾਲਾਂ ਤਾਂ ਖੂਨੀ ਦਰਯਾ ਵਿਚ ਉਸਨੇ ਪੈਰ ਰਖਿਆ ਹੀ ਸੀ ।
ਹੁਣ ਮਹਾਰਾਣੀ ਚੰਦ ਕੌਰ ਦਾ ਨੰਬਰ ਸੀ । ਰਾਜਾ ਧਿਆਨ ਸਿੰਘ ਨੇ ਮਹਾਰਾਣੀ ਦੀਆਂ ਪਹਾੜਨ ਦੀਆਂ ਆਸੋ ਭਾਗੋ, ਬਦਾਮੋ ਤੇ ਪੇਰੋ ਨੂੰ ਗੰਢਿਆ, ਉਨ੍ਹਾਂ ਨੂੰ ਪੰਜ ਪੰਜ ਹਜ਼ਾਰ ਰੂਪੈ ਤੇ ਜਗੀਰ ਦੇ ਇਨਾਮ ਦਾ ਲਾਲਚ ਦਿਤਾ ਤੇ ਨਾ-ਫਰਮਾਨੀ ਕਰਨ ਦੇ ਰੂਪ ਵਿਚ ਕਤਲ ਦੀ ਧਮਕੀ ਦਿਤੀ । ਉਨਾਂਵਿਚਾਰੀਆਂ ਦੀ ਕੀ ਜਾ ਸੀ, ਜੋ ਹੁਕਮ ਨਾ ਮੰਨਦੀਆਂ । ਉਨ੍ਹਾਂ ਸ਼ਰਬਤ ਵਿਚ ਜ਼ਹਿਰ ਦੇਣ ਦਾ ਯਤਨ ਕੀਤਾ ਪਰ ਜਦ ਬੇਸਵਾਂਦਾ ਹੋਣ ਕਰਕੇ ਮਹਾਰਾਣੀ ਨੇ ਉਹ ਸ਼ਰਬਤ ਨਹੀਂ ਪੀਤਾ ਤੇ ਇਸ ਹੱਲਿਓਂ ਬਚ ਗਈ ਤਾਂ ਇਕ ਰਾਤ ਚਹੁੰ ਦੁਸ਼ਟਨੀਆਂ ਨੇ ਭਾਰੀ ਪੱਥਰ ਦੇ ਵੱਟੇ ਲੈ ਕੇ ਮਹਾਰਾਣੀ ਦਾ ਸਿਰ ਫੇਰ ਦਿੱਤਾ। ਪੰਜਾਬ ਦੀ ਮਾਲਕਾ ਮੰਜੇ ਤੇ ਤੜਫ ਰਹੀ ਸੀ।
ਇਸ ਤਰ੍ਹਾਂ ਮਹਾਰਾਣੀ ਨੂੰ ਤੜਫਦੇ ਤਿੰਨ ਦਿਨ ਹੋ ਗਏ ਹਨ । ਰਾਜਾ ਧਿਆਨ ਸਿੰਘ ਉਸਦੇ ਮੰਜੇ ਲਾਗੇ ਬੈਠਾ ਕਹਿ ਰਿਹਾ ਏ- ‘‘ ਮਹਾਰਾਣੀ ਜੀ ! ਇਨ੍ਹਾਂ ਦੁਸ਼ਟਾਂ ਨੂੰ ਪੂਰੀ ਪੂਰੀ ਸਜ਼ਾ ਦਿਤੀ ਜਾਵੇਗੀ । ’’
‘‘ ਇਸ ਦੀ ਲੋੜ ਨਹੀਂ ! ਚਲੇ ਜਾਓ । ’’ ਮਹਾਰਾਣੀ ਨੇ ਉਤਰ ਦਿਤਾ । ਧਿਆਨ ਸਿੰਘ ਕੁਝ ਨਹੀਂ ਬੋਲ ਸਕਿਆ। ਥੋੜੀ ਦੇਰ ਪਿਛੋਂ ਉਸ ਨੇ ਕਿਹਾ- ‘‘ ਕੋਈ ਅੰਤਮ ਇਛਿਆ ?? ’’
ਮਹਾਰਾਣੀ ਇਹ ਸੁਣ ਕੇ ਭੜਕ ਉਠੀ । ਮਾਨੋ ਉਸ ਵਿਚ ਕੋਈ ਨਵੀਂ ਜਾਨ ਆ ਗਈ ਹੋਵੇ। ਕਹਿਣ ਲਗੀ- ‘‘ ਇਛਿਆ... ਇਛਿਆ ਕਿਉਂ ਨਹੀਂ ਹੈ....ਤੇ ਕੇਵਲ ਇਹ ਹੈ ਕਿ ਜਿਸ ਤਰ੍ਹਾਂ - ਤੂੰ ਮੇਰੇ ਪਤੀ, ਮੇਰੇ ਪਤਰ, ਮੇਰੀ ਨੂੰਹ ਤੇ ਆਖੀਰ ਮੇਰੇ ਨਾਲ ਕੀਤੀ ਏ, ਏਸ ਤਰਾਂ ਤੇਰੇ ਨਾਲ ਹੋਵੇ ਤੇਰੇ ਪੁਤਰ ਨਾਲ ਹੋਵੇ । ਪਾਣੀ ਤੋਂ ਤਿਹਾਏ ਮਰੋ । ਬੱਸ ਇਹੋ ਮੇਰੀ ਅੰਤਮ ਇਛਿਆ ਹੈ, ਹੋਰ ਕੁਝ ਭੀ ਨਹੀਂ । ’’
ਇਹ ਕਹਿ ਕੇ ਮਹਾਰਾਣੀ ਚੰਦ ਕੌਰ ਚੁਪ ਹੋ ਗਈ, ਹਮੇਸ਼ਾਂ ਲਈ........ ...ਮੁੜ ਕੇ ਅਜ ਤਕ ਨਹੀਂ ਉਠੀ ਤੇ ਨਹੀਂ ਬੋਲੀ।
ਇਸ ਤੋਂ ਦੂਜੇ ਦਿਨ ਇਕ ਪਾਸੇ ਮਹਾਰਾਣੀ ਚੰਦ ਕੌਰ ਦੀ ਚਿਖਾ ਬਲ ਰਹੀ ਏ ਤੇ ਦੂਜੇ ਪਾਸੇ ਉਸ ਦੀਆਂ ਉਕਤ ਚਾਰੇ ਬਾਂਦੀਆਂ ਦੇ ਹੱਥ ਪੈਰ ਵੱਢ ਕੇ ਲਾਹੌਰ ਦੇ ਦਰਵਾਜ਼ਿਆਂ ਵਿਚ ਸੁਟਿਆ ਜਾ ਰਿਹਾ ਹੈ । ਰਾਜਾ ਧਿਆਨ ਸਿੰਘ ਦੇ ਦਰਬਾਰ ਵਿਚੋਂ ਮਹਾਰਾਣੀ ਦੇ ਕਤਲ ਦੇ ਇਲਜ਼ਾਮ ਵਿਚ ਉਨਾਂ ਨੂੰ ਇਹੋ ਸਜ਼ਾ ਮਿਲੀ ਏ............ ਤੇ ਇਹ ਹੈ ਆਗਿਆ ਪਾਲਣ ਦਾ ਇਨਾਮ ਧਿਆਨ ਸਿੰਘ ਇਸ ਤਰ੍ਹਾਂ ਆਪਣੇ ਪਾਪਾਂ ਪਰ ਪੜਦੇ ਪਾਉਣ ਦਾ ਯਤਨ ਕਰ ਰਿਹਾ ਸੀ।