ਰਾਜਾ ਧਿਆਨ ਸਿੰਘ/੯

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

੯.

ਸ਼ੇਰੇ ਪੰਜਾਬ ਦੀ ਚਿਖਾ ਹਾਲਾਂ ਠੰਢੀ ਨਹੀਂ ਹੋਈ। ਫੁਲ ਹਾਲਾਂ ਚੁਗੇ ਨਹੀਂ ਗਏ। ਲਾਹੌਰ ਕੀ ਸਾਰੇ ਪੰਜਾਬ ਵਿਚ ਮਾਤਮ ਦੀ ਸਫ਼ ਵਿਛੀ ਹੋਈ ਏ। ਮਿਤਰ ਦੇਸਾਂ ਵਲੋਂ ਅਫਸੋਸ ਦੇ ਸੁਨੇਹੇ ਪੁਜ ਰਹੇ ਹਨ। ਸਿਖ ਰਾਜ ਦੇ ਅਨੀਨ ਸਾਰੇ ਰਜਵਾੜੇ ਮਾਤਮ-ਪੁਰਸ਼ੀ ਲਈ ਲਾਹੌਰ ਆਏ ਹੋਏ ਹਨ। ਸ਼ਾਹੀ ਕਿਲੇ ਤੇ ਰਾਜ ਮਹੱਲਾਂ ਦੇ ਕੇਸਰੀ ਝੰਡੇ ਨੀਵੇਂ ਹੋਏ ਹੋਏ ਹਨ ਤੇ ਲਾਹੌਰ ਸ਼ਹਿਰ ਵਿਚ ਮੁਕੰਮਲ ਹੜਤਾਲ ਹੈ। ਸ਼ਹਿਰ ਦੀ ਹਰ ਸ਼ੈ ਸ਼ੇਰੇ ਪੰਜਾਬ ਦੇ ਗਮ ਵਿਚ ਰੋਂਂਦੀ ਮਲੂਮ ਹੁੰਦੀ ਹੈ। ਇਸ ਮਾਤਮ ਦੇ ਸਮੇਂ ਸ਼ਾਲਾਮਾਰ ਬਾਗ ਵਿਚ ਦੋ ਆਦਮੀ ਆਪਸ ਵਿਚ ਹੌਲੀ ਹੌਲੀ ਗਲ ਬਾਤ ਕਰਦੇ ਹੋਏ ਏਧਰ ਓਧਰ ਟਹਿਲ ਰਹੇ ਹਨ। ਦੋਵੇਂ ਬੜੇ ਰੋਹਬਦਾਰ ਸ੍ਰਦਾਰ ਹਨ। ਗਹੁ ਨਾਲ ਵਖਣ ਤੋਂ ਪਤਾ ਲਗਾ ਕਿ ਇਨ੍ਹਾਂ ਵਿਚੋਂ ਇਕ ਸਾਡਾ ਜਾਣਿਆ ਪਛਾਣਿਆ ਹੋਇਆ ਰਾਜਾ ਧਿਆਨ ਸਿੰਘ ਹੈ ਤੇ ਦੂਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕੁਮਾਰ ਕੰਵਰ ਸ਼ੇਰ ਸਿੰਘ, ਗੱਲਾਂ ਨਿਹਾਇਤ ਹੌਲੀ ਹੌਲੀ ਹੋ ਰਹੀਆਂ ਹਨ ——ਮਾਨੋ ਕੋਈ ਗਹਿਰੇ ਭੇਦ ਦੀ ਗਲ ਹੈ। ਕੰਨ ਲਾ ਕੇ ਸੁਣਿਆਂ, ਰਾਜਾ ਧਿਆਨ ਸਿੰਘ ਕਹਿ ਰਿਹਾ ਸੀ- ‘‘ਕੰਵਰ ਜੀ! ਮੈਂ ਤਾਂ ਤੁਹਾਡਾ ਪੂਰਾ ਤਾਬਿਆਦਾਰ ਹਾਂ। ਮੈਂ ਸਮਝਦਾ ਹਾਂ ਕਿ ਰਾਜ-ਤਖਤ ਲਈ ਤੁਸੀਂ ਹੀ ਜੋਗ ਸਾਓ।’’ ‘‘ਮੈਂ ਇਸ ਲਈ ਤੁਹਾਡਾ ਰਿਣੀ ਹਾਂ ਪਰ ਰਾਜਾ ਜੀ! ਹੁਣ ਕੋਈ ਢੰਗ ਕਢੋ ਨਾ ਇਸ ਲਈ।’’ ਕੰਵਰ ਸ਼ੇਰ ਸਿੰਘ ਬੋਲਿਆ।
‘‘ਕੰਵਰ ਜੀ! ਖੜਕ ਸਿੰਘ ਰਾਜ ਦੇ ਉਕਾ ਹੀ ਅਜੋਗ ਏ। ਤੁਹਾਡੇ ਬਿਨਾਂ ਜੋਗ ਕੋਈ ਦੂਸਰਾ ਵੀ ਨਜ਼ਰ ਨਹੀਂ ਆਉਂਦਾ ਪਰ.....।’’
‘‘ਪਰ ਕੀ?’’
‘‘ਹਾਲਾਂ ਸਮਾਂ ਨਹੀਂ ਆਇਆ ਹੈ। ’’
‘‘ਮੈਂ ਫੌਜੀ ਬਗਾਵਤ ਕਰ ਸਕਦਾ ਹਾਂ।’’
‘‘ਕਰ ਵੇਖੋ ਪਰ ਹਾਲਾਂ ਸਫਲਤਾ ਦੀ ਆਸ ਨਹੀਂ," ਸਮਾਂ ਔਣ ਦਿਓ, ਉਂਝ ਮੈਂ ਤਖਤ ਹਾਸਲ ਕਰਨ ਲਈ ਤੁਹਾਡੀ ਹਰ ਤਰ੍ਹਾਂ ਦੀ ਸਹਾਇਤਾ ਕਰਨ ਦੀ ਸਹੁੰ ਖਾਂਦਾ ਹਾਂ।’’
‘‘ ਤੇ ਮੈਂ ਕਸਮ ਖਾਂਦਾ ਹਾਂ ਕਿ ਤੁਹਾਡੇ ਬਿਨਾਂ ਕਿਸੇ ਨੂੰ ਵਜ਼ੀਰ ਨਹੀਂ ਬਣਾਵਾਂਗਾ।”
‘‘ਇਸਦੀ ਤਾਂ ਮੈਨੂੰ ਤੁਹਾਡੇ ਪਾਸੋਂਂ ਆਸ ਹੀ ਹੈ।" ਇਸਦੇ ਪਿਛੋਂ ਉਨ੍ਹਾਂ ਨੇ ਇਕ ਨੁਕਰੇ ਜਾ ਕੇ ਹੋਰ ਘੁਸਰ ਮੁਸਰ ਕੀਤੀ ਤੇ ਦੋਵੇਂਂ ਘੋੜਿਆਂ ਪਰ ਸਵਾਰ ਹੋ ਕੇ ਵਖੋ ਵਖ ਰਸਤੇ ਪੈ ਗਏ।
ਇਸ ਤੋਂ ਕੁਝ ਇਕ ਹਫ਼ਤਾ ਪਿਛੋਂ ਅਸੀਂ ਫੇਰ ਇਨ੍ਹਾਂ ਨੂੰ ਦਰਯਾ ਰਾਵੀ ਦੇ ਕਿਨਾਰੇ ਇਸ਼ਨਾਨ ਘਾਟ ਪਰ ਵੇਖ ਰਹੇ ਹਾਂ। ਸ਼ੇਰ ਸਿੰਘ ਨੇ ਸਿਖ ਰਾਜ ਵਿਰੁਧ ਬਗਾਵਤ ਕੀਤੀ ਸੀ——ਪੰਜਾਬ ਦਾ ਤਖਤ ਹਾਸਲ ਕਰਨ ਲਈ, ਪਰ ਸਫਲਤਾ ਨਹੀਂ ਹੋਈ। ਸ੍ਰਦਾਰ ਚੇਤ ਸਿੰਘ, ਸ੍ਰਦਾਰ ਅਜੀਤ ਸਿੰਘ ,ਸ੍ਰਦਾਰ ਸ਼ਾਮ ਸਿੰਘ ਅਟਾਰੀ ਤੇ ਹੋਰ ਸਿਖ ਸ੍ਰਦਾਰਾਂ ਨੇ ਵਿਚ ਪੈ ਕੇ ਦੋਹਾਂ ਭਰਾਵਾਂ ਮਹਾਰਾਜਾ ਖੜਕ ਸਿੰਘ ਤੇ ਕੰਵਰ ਸ਼ੇਰ ਸਿੰਘ ਦੀ ਸੁਲਾਹ ਕਰਾ ਦਿਤੀ ਹੈ। ਸ਼ੇਰ ਸਿੰਘ ਨੂੰ ਗੁਜ਼ਾਰੇ ਲਈ ਕੁਝ ਹੋਰ ਜਾਗੀਰ ਦਿਵਾ ਦਿਤੀ ਗਈ ਹੈ ਤੇ ਉਹ ਬਟਾਲੇ ਨੂੰ ਵਾਪਸ ਜਾ ਰਿਹਾ ਹੈ ਪਰ ਰਾਜ-ਪ੍ਰਾਪਤੀ ਦੀ ਅੱਗ ਹਾਲਾਂ ਤਕ ਉਸ ਦਾ ਹਿਰਦੇ ਵਿਚੋਂ ਨਹੀਂ ਬੁਝੀ——ਉਹ ਹਾਲਾਂ ਭੀ ਧਦਕ ਰਹੀ ਹੈ—— ਪਹਿਲਾਂ ਨਾਲੋਂ ਵਧੇਰੇ ਜ਼ੋਰ ਨਾਲ;ਪਰ ਕੋਈ ਵਾਹ ਨਾ ਜਾਂਂਦੀ ਵੇਖ ਕੇ ਉਹ ਵਾਪਸ ਜਾ ਰਿਹਾ ਹੈ ਬਟਾਲੇ ਤੇ ਜਾਣ ਤੋਂ ਪਹਿਲਾਂ ਰਾਜਾ ਧਿਆਨ ਸਿੰਘ ਨਾਲ ਉਸਦੀ ਇਸ ਪ੍ਰਕਾਰ ਗਲ ਬਾਤ ਹੋ ਰਹੀ ਹੈ।
‘‘ਹੁਣ ਕੀ ਕੀਤਾ ਜਾਵੇ ਰਾਜਾ ਜੀ?’’ ਕੰਵਰ ਸ਼ੇਰ ਸਿੰਘ ਨੇ ਪੁਛਿਆ।
‘‘ਕੰਵਰ ਜੀ! ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦਸ ਦਿਤਾ ਸੀ ਕਿ ਹਾਲਾਂ ਸਮਾਂ ਨਹੀਂ ਆਇਆ।’’
‘‘ਆਖਰ ਸਮਾਂ ਕਦੇ ਆਵੇਗਾ ਭੀ?’’
‘‘ਆਵੇਗਾ ਕੰਵਰ ਜੀ! ਯਕੀਨ ਰਖੋ ਤੁਹਾਡਾ ਇਹ ਸੇਵਕ ਜ਼ਰੂਰ ਉਹ ਸਮਾਂ ਲਿਆਵੇਗਾ।’’
‘‘ਕਦ ਤਕ?’’
‘‘ਪ੍ਰਮਾਤਮਾਂ ਹੀ ਜਾਣਦਾ ਏ ਕਿ ਮੈਂ ਤੁਹਾਡੀ ਨਿਮਕ ਹਲਾਲੀ ਦਾ ਸਬੂਤ ਕਦ ਦੇ ਸਕਾਂਗਾ।’’
‘‘ਹਛਾ ਯਤਨ ਕਰਦੇ ਰਹੇ। ਜਿਸ ਚੀਜ਼ ਦੀ ਲੋੜ ਹੋਵੇ ਮੰਗਵਾ ਲੈਣੀ।’’ ਸ਼ੇਰ ਸਿੰਘ ਨੇ ਕਿਹਾ।
‘‘ਕਿਸੇ ਖਾਸ ਚੀਜ਼ ਦੀ ਲੋੜ ਨਹੀਂ ਪਰ ਤੁਸੀਂ ਜਾਣਦੇ ਹੀ ਹੋ ਕਿ ਸਾਰੇ ਕੰਮ ਰੁਪੈ ਨਾਲ ਹੀ ਹੁੰਦੇ ਹਨ।’’
‘‘ਸੋ ਉਸਦੀ ਤੁਸੀਂ ਚਿੰਤਾ ਨਾ ਕਰੋ।’’
‘‘ਹਾਲਾਂ ਲਖ ਕ ਰੁਪੈ ਭੇਜ ਦੇਣੇ।’’
‘‘ਚੰਗੀ ਗਲ।’’
‘‘ਬਸ ਸਮਝ ਲਓ ਕਿ ਪ੍ਰਮਾਤਮਾ ਛੇਤੀ ਹੀ ਸਿਧੀਆਂ ਪਾਵੇਗਾ।’’
‘‘ਮੈਨੂੰ ਤਾਂ ਪਿਤਾ ਜੀ ਦੇ ਪਿਛੋਂ ਤੁਹਾਡਾ ਹੀ ਆਸਰਾ ਹੈ।"
"ਤੇ ਮੈਂ ਇਹ ਆਸਰਾ ਬਣ ਕੇ ਵਿਖਾਵਾਂਗਾ।’’
ਇਸ ਦੇ ਪਿਛੋਂ ਦੋਵਾਂ ਨੇ ਹੱਥ ਜੋੜ ਕੇ ਇਕ ਦੂਜੇ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਆਪਣੇ ਆਪਣੇ ਰਾਹ ਪਏ।
ਲਾਹੌਰ ਸ਼ਹਿਰ ਵਲ ਆਉਂਦਾ ਹੋਇਆ ਧਿਆਨ ਸਿੰਘ ਆਪਣੇ ਆਪ ਬੁੜ ਬੁੜਾ ਰਿਹਾ ਸੀ—— ‘‘ਮੂਰਖ ਛੋਕਰਾ ਰਾਜ ਭਾਲਦਾ ਏ। ਸਮਾਂ ਔਣ ਦੇਵੇ, ਇਸ ਨੂੰ ਚੰਗੀ ਤਰ੍ਹਾਂ ਤਖਤ ਪਰ ਬਿਠਾਵਾਂਗਾ। ਜੇ ਬਾਂਦਰ ਵਾਂਗੂੰ ਨਾ ਨਚਾਇਆ ਤਾਂ ਮੈਨੂੰ ਧਿਆਨ ਸਿੰਘ ਕਿਸ ਆਖਣਾ ਏ। ਪਾਟੋ ਮਰੋ-ਸਿਆਪਾ ਮੁਕੋ। ਤਖਤ ਪਰ ਬਹੇਗਾ ਮੇਰਾ ਹੀਰਾ ਸਿੰਘ, ਇਹ ਮੂਰਖ ਤਾਂ ਲੜਕੇ ਹੀ ਮਰਨਗੇ-ਮੁਗਲਾਂ ਜਿਹੀ ਹਾਲਤ ਹੋਵੇਗੀ ਇਨ੍ਹਾਂ ਦੀ ਮੁਗਲਾਂ ਜਿਹੀ।’’ ਇਸ ਦੇ ਪਿਛੋਂ ਉਹ ਜਿਉਂ ਜਿਉਂ ਦੂਰ ਜਾਂਦਾ ਗਿਆ, ਅਵਾਜ਼ ਮਧਮ ਪੈਂਦੀ ਗਈ। ਪਤਾ ਨਹੀਂ ਹੋਰ ਕੀ ਕੁਝ ਕਹਿ ਗਿਆ ਉਹ, ਪਰ ਉਸ ਦੇ ਹਿਰਦੇ ਵਿਚ ਕੀ ਏ, ਇਹ ਗਲ ਲੁਕੀ ਨਹੀਂ ਰਹਿ ਸਕੀ।
ਦੂਜੇ ਪਾਸੇ ਮਹਾਰਾਜਾ ਖੜਕ ਸਿੰਘ ਭੀ ਰਾਜਾ ਧਿਆਨ ਸਿੰਘ ਤੇ ਉਸ ਦੇ ਭਰਾਵਾਂ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਰਹਿੰਦੀ ਖੁਹਿੰਦੀ ਜਿਹੜੀ ਕਸਰ ਸੀ ਉਹ ਕੰਵਰ ਸ਼ੇਰ ਸਿੰਘ ਦੀ ਬਗਾਵਤ ਨੇ ਪੂਰੀ ਕਰ ਦਿਤੀ ਹੈ। ਖੜਕ ਸਿੰਘ ਪਾਸ ਜਿਹੜੀਆਂ ਰੀਪੋਰਟਾਂ ਪੁਜੀਆਂ ਹਨ, ਉਸ ਤੋਂ ਉਸ ਦੀ ਉਸ ਬਗਾਵਤ ਵਿਚ ਰਾਜਾ ਧਿਆਨ ਸਿੰਘ ਦਾ ਹੱਥ ਨਗਨ ਰੂਪ ਵਿਚ ਸਾਬਤ ਹੋ ਚੁਕਿਆ ਹੈ। ਜਿਸ ਕਰਕੇ ਮਹਾਰਾਜਾ ਖੜਕ ਸਿੰਘ ਡਾਢੀ ਚਿੰਤਾ ਵਿਚ ਹੈ ਤੇ ਇਨ੍ਹਾਂ ਡੋਗਰਾਂ ਭਰਾਵਾਂ ਦੇ ਪੰਜੇ ਵਿਚੋਂ ਸਿਖ ਰਾਜ ਨੂੰ ਬਚਾਉਣ ਲਈ ਡੂੰਘੀਆਂ ਸੋਚਾਂ ਵਿਚ ਪਿਆ ਹੋਇਆ ਹੈ।
ਮਹਾਰਾਜ ਖੜਕ ਸਿੰਘ ਦੇ ਸਾਲੇ ਸ:ਚੇਤ ਸਿੰਘ ਨੂੰ ਧਿਆਨ ਸਿੰਘ ਦੀਆਂ ਸਾਰੀਆਂ ਗੁਪਤ ਪ੍ਰਗਟ ਸਾਜ਼ਸ਼ਾਂ ਦਾ ਪਤਾ ਲਗ ਗਿਆ ਤੇ ਉਸ ਨੇ ਸਾਰੀਆਂ ਗੱਲਾਂ ਮਹਾਰਾਜਾ ਖੜਕ ਸਿੰਘ ਦੇ ਸਾਹਮਣੇ ਜਾ ਰਖੀਆਂ, ਜਿਸ ਕਰਕੇ ਮਹਾਰਾਜਾ ਖੜਕ ਸਿੰਘ ਲੋਹਾ ਲਾਖਾ ਹੋ ਗਿਆ, ਇਸ ਤੋਂ ਪਹਿਲਾਂ ਵੱਡੀ ਸ੍ਰਕਾਰ ਦੇ ਸਮੇਂ ਤੋਂ ਰਾਜਾ ਧਿਆਨ ਸਿੰਘ ਤੇ ਉਸਦੇ ਪਤਰ ਰਾਜਾ ਹੀਰਾ ਸਿੰਘ ਨੂੰ ਹਰ ਸਮੇਂ ਸ਼ਾਹੀ ਜ਼ਨਾਨ ਖਾਨੇ ਵਿਚ ਜਾਣ ਦਾ ਹੱਕ ਸੀ ਤੇ ਅਸਲ ਵਿਚ ਇਹੋ ਉਨ੍ਹਾਂ ਦੀ ਤਾਕਤ ਦਾ ਭੇਦ ਸੀ। ਰਾਜ ਦੇ ਸਾਰੇ ਗੁਪਤ ਪ੍ਰਗਟ ਭੇਦਾਂ ਤੋਂ ਉਹ ਹਰ ਸਮੇਂ ਜਾਣੂ ਰਹਿੰਦੇ ਸਨ। ਮਹਾਰਾਜਾ ਖੜਕ ਸਿੰਘ ਨੇ ਇਸ ਗਲ ਨੂੰ ਅਨਭਵ ਕੀਤਾ ਤੇ ਹੁਕਮ ਦਿਤਾ ਕਿ ‘‘ਅਗੇ ਤੋਂ ਰਾਜਾ ਧਿਆਨ ਸਿੰਘ ਤੇ ਹੀਰਾ ਸਿੰਘ ਸ਼ਾਹੀ ਮਹੱਲਾਂ ਵਿਚ ਨਹੀਂ ਜਾ ਸਕਦੇ। ਰਾਜਾ ਧਿਆਨ ਸਿੰਘ ਨੇ ਇਹ ਹੁਕਮ ਸੁਣਿਆ ਤਾਂ ਚੁਪ ਹੋ ਰਿਹਾ। ਸ: ਚੇਤ ਸਿੰਘ ਨੇ ਪਾਸੋਂ ਕਾਗਜ਼ ਅਗਾਂਹ ਕਰਦੇ ਹੋਏ ਕਿਹਾ ਕਿ "ਆਹ ਇਸ ਹੁਕਮ ਦੀ ਤਾਮੀਲ ਕਰ ਦਿਓ।’’
ਇਹ ਸੁਣਕੇ ਧਿਆਨ ਸਿੰਘ ਅਗ ਭਬੂਕਾ ਹੋ ਉਠਿਆ, ਉਸ ਨੇ ਕਿਹਾ——‘‘ਚੇਤ ਸਿੰਘਾ ਤੈਨੂੰ ਮੈਥੋਂ ਤਾਮੀਲ ਕਰਾਉਣ ਦਾ ਕੋਈ ਹੱਕ ਨਹੀਂ।"
"ਮਹਾਰਾਜ ਦਾ ਹੁਕਮ ਹੈ?’’
‘‘ਹੂੰ!’’
‘‘ਧਿਆਨ ਸਿੰਘ ਤੈਨੂੰ ਸਾਡੇ ਘਰ ਦੇ ਮਾਮਲਿਆਂ ਵਿਚ ਦਖਲ ਨਹੀਂ ਦੇਣਾ ਚਾਹੀਦਾ ਤੇ ਨਾ ਹੀ ਇਸ ਰੋਕ ਦਾ ਗੁੱਸਾ ਕਰਨਾ ਚਾਹੀਦਾ ਹੈ।’’ ਮਹਾਰਾਜਾ ਖੜਕ ਸਿੰਘ ਨੇ ਕਿਹਾ।
"ਹਜ਼ੂਰ! ਇਹ ਸੇਵਕ ਹੁਕਮ ਮੰਨਣ ਲਈ ਤਿਆਰ ਹੈ ਪਰ ਇਸ ਤਰ੍ਹਾਂ ਮੈਂ ਵਜ਼ੀਰੀ ਦੇ ਫਰਜ਼ ਨਹੀਂ ਭੁਗਤਾ ਸਕਾਂਗਾ।’’ ਰਾਜਾ ਧਿਆਨ ਸਿੰਘ ਨੇ ਉਤਰ ਦਿਤਾ।
‘‘ਨਹੀਂ, ਰਾਜ ਕਾਜ ਦੇ ਕੰਮਾਂ ਨਾਲ ਇਸ ਦਾ ਕੋਈ ਸਬੰਧ ਨਹੀਂ। ਹੁਕਮ ਮੰਨੋ।’’ ਮਹਾਰਾਜਾ ਖੜਕ ਸਿੰਘ ਨੇ ਕਤੱਈ ਫੈਸਲਾ ਦਿੰਦੇ ਹੋਏ ਕਿਹਾ।
‘‘ਸਤਿ ਬਚਨ’’ ਕਹਿ ਕੇ ਅੰਦਰ ਹੀ ਅੰਦਰ ਵਿਹੁ ਘੋਲਦਾ ਧਿਆਨ ਸਿੰਘ ਚਲਿਆ ਗਿਆ।
ਬਸ ਫੇਰ ਕੀ ਸੀ, ਸਿਖ ਰਾਜ ਦੀ ਤਬਾਹੀ ਤੇ ਬਰਬਾਦੀ ਦਾ ਮੁਢ ਬੱਝਣ ਲਗਾ। ਧਿਆਨ ਸਿੰਘ ਉਸ ਸਮੇਂ ਤਾਂ ਬੇ-ਇਜ਼ਤੀ ਨੂੰ ਅੰਦਰ ਹੀ ਅੰਦਰ ਪੀ ਗਿਆ ਪਰ ਬਦਲੇ ਦੀ ਅੱਗ ਉਸ ਦੇ ਹਿਰਦੇ ਵਿਚ ਆਪਣੇ ਪੂਰੇ ਜ਼ੋਰ ਨਾਲ ਭੜਕ ਉਠੀ, ਚੇਤ ਸਿੰਘ ਤੋਂ ਬਦਲਾ, ਮਹਾਰਾਜਾ ਖੜਕ ਸਿੰਘ ਤੋਂ ਬਦਲਾ ਤੇ ਉਸ ਦੇ ਪ੍ਰਵਾਰ ਤੇਂ ਬਦਲਾ, ਇਹ ਉਸ ਦਾ ਨਿਸ਼ਾਨਾ ਬਣ ਗਿਆ ਪਰ ਬਦਲਾ ਲਿਆ ਕਿਸ ਤਰ੍ਹਾਂ ਜਾਵੇ, ਇਸ ਗਲ ਦਾ ਫੈਸਲਾ ਭੀ ਉਹ ਛੇਤੀ ਨਾ ਕਰ ਸਕਿਆ। ਦੂਜੇ ਪਾਸੇ ਮਹਾਰਾਜਾ ਖੜਕ ਸਿੰਘ ਨੇ ਰਾਜਾ ਧਿਆਨ ਸਿੰਘ ਤੋਂ ਦੂਰ ਰਹਿਣਾ ਸ਼ੁਰੂ ਕਰ ਦਿਤਾਂ ਤੇ ਸ: ਚੇਤ ਸਿੰਘ ਨੂੰ ਆਪਣਾ ਸਲਾਹਕਾਰ ਬਣਾ ਕੇ ਡੋਗਰਿਆਂ ਤੋਂ ਸਿਖ ਰਾਜ ਨੂੰ ਬਚਾਉਣ ਦੀਆਂ ਵੇਉਂਤਾਂ ਸੋਚਣ ਲਗਾ। ਨਹੀਂ ਕਿਹਾ ਜਾ ਸਕਦਾ ਉਨ੍ਹਾਂ ਨੇ ਕੋਈ ਵੇਉਂਤ ਕੱਢੀ ਕਿ ਨਹੀਂ ਪਰ ਰਾਜ-ਦਰਬਾਰ ਵਿਚ ਜਿਹੜਾ ਸਨਮਾਨ ਧਿਆਨ ਸਿੰਘ ਦਾ ਪਹਿਲਾਂ ਸੀ, ਉਹ ਅਜ ਨਹੀਂ ਰਿਹਾ ਕਲ ਰਾਜ ਦਰਬਾਰ ਵਿਚ ਮਹਾਰਾਜ ਨੇ ਕੁਝ ਸ਼ਾਹੀ ਹੁਕਮ ਜਾਰੀ ਕੀਤੇ, ਜਿਨ੍ਹਾਂ ਪਰ ਮਹਾਰਾਜੇ ਦੇ ਨਾਲ ਚੇਤ ਸਿੰਘ ਦੇ ਭੀ ਦਸਤਖਤ ਸਨ। ਇਨ੍ਹਾਂ ਹੁਕਮਾਂ ਦੁਵਾਰਾ ਧਿਆਨ ਸਿੰਘ ਦੇ ਅਧਿਕਾਰ ਕੁਝ ਹੋਰ ਘਾਟਾ ਦਿਤੇ ਗਏ ਸਨ, ਜਿਸ ਕਰਕੇ ਰਾਜਾ ਧਿਆਨ ਸਿੰਘ ਨੂੰ ਹੋਰ ਅਗ ਲਗ ਗਈ ਤੇ ਦਰਬਾਰ ਵਿਚ ਹੀ ਚੇਤ ਸਿੰਘ ਤੇ ਧਿਆਨ ਸਿੰਘ ਦੀ ‘ਤੂੰ ਤੂੰ’ ‘ਮੈਂ ਮੈਂ’ ਹੋ ਗਈ। ਧਿਆਨ ਸਿੰਘ ਨੇ ਕਿਹਾ- ‘‘ਚੇਤ ਸਿੰਘ ਕੌਣ ਏ ਅਜੇਹੇ ਹੁਕਮਾਂ ਪਰ ਦਸਤਖਤ ਕਰਨ ਵਾਲਾ।’’
ਅਗੋਂ ਚੇਤ ਸਿੰਘ ਨੇ ਗਰਮ ਹੋ ਕੇ ਕਿਹਾ- ‘‘ਇਸ ਦਾ ਪਤਾ ਅਠਾਂ ਦਿਨਾਂ ਤਕ ਤੁਹਾਨੂੰ ਚੰਗੀ ਤਰ੍ਹਾਂ ਲਗ ਜਾਵੇਗਾ।’’
‘‘ਹਲਾ, ਇਹ ਗਲ ਏ!’’
‘‘ਆਹੋ ਇਹੋ, ਤੁਹਾਡੀਆਂ ਸਾਰੀਆਂ ਸਾਜ਼ਮਾਂ ਦਾ ਸਾਨੂੰ ਪਤਾ ਲਗ ਗਿਆ ਏ।’’
ਰਾਜਨੀਤੀ ਵਿਚ ਰਾਜਾ ਧਿਆਨ ਸਿੰਘ ਬੜਾ ਹੁਸ਼ਿਆਰ ਸੀ। ਗਲ ਦੀ ਰੋਕ ਉਸ ਜਿਹੀ ਸਾਰੇ ਰਾਜ ਵਿਚ ਕੋਈ ਨਹੀਂ ਜਾਣਦਾ ਸੀ। ਆਪਣੇ ਪਾਪਾ ਦਾ ਉਸਨੂੰ ਅਨਭਵ ਤਾਂ ਸੀ ਪਰ
ਉਨ੍ਹਾਂ ਨੂੰ ਲੁਕਾ ਕੇ ਦੂਜੇ ਨੂੰ ਪਾਪੀ ਪ੍ਰਗਟ ਕਰਨ ਦਾ ਗੁਰ ਉਹ ਚੰਗੀ ਤਰ੍ਹਾਂ ਜਾਣਦਾ ਸੀ। ਅਜ ਦਾ ਨਾਜ਼ੀ ਤੇ ਬਾਲਸਵੇਕ ਪ੍ਰਾਪੇਗੰਡਾ ਵੀ ਉਸਦੇ ਪ੍ਰਚਾਰ ਦੇ ਸਾਹਮਣੇ ਤੁਛ ਜਿਹਾ ਭਾਸ਼ਣ ਲਗ ਪੈਂਦਾ ਏ।
ਹੁਣ ਜਦ ਚੇਤ ਸਿੰਘ ਨੇ ਉਸ ਦੀਆਂ ਸਾਜ਼ਸ਼ਾਂ ਵਲ ਇਸ਼ਾਰਾ ਕੀਤਾ ਤਾਂ ਧਿਆਨ ਸਿੰਘ ਨੇ ਬੜੀ ਤੇਜ਼ੀ ਨਾਲ ਕਿਹਾ——"ਚੇਤ ਸਿੰਘ ਭੋਲੇ ਮਹਾਰਾਜ ਸਾਹਿਬ ਵਾਂਗ ਅਸੀਂ ਤੇਰੀ ਚਾਲ ਵਿਚ ਨਹੀਂ ਆ ਸਕਦੇ। ਤੂੰ ਪੰਜਾਬ ਨੂੰ ਅੰਗ੍ਰੇਜ਼ਾਂ ਦਾ ਗੁਲਾਮ ਬਣਾਉਣਾ ਚਾਹੁੰਦਾ ਏ। ਤੇਰੀ ਇਸ ਕਰਤੂਤ ਦਾ ਸਾਨੂੰ ਪਤਾ ਲਗ ਗਿਆ ਹੈ।’’
ਧਿਆਨ ਸਿੰਘ ਨੇ ਇਹ ਕਹਿੰਦੇ ਹੋਏ ਦੋ ਚਿਠੀਆਂ ਜੇਬ ਵਿਚੋਂ ਕੱਢੀਆਂ ਪਰ ਫੇਰ ਜੇਬ ਵਿਚ ਪਾ ਲਈਆਂ।
‘‘ਮੈਂ ਚੈਲਿੰਜ ਕਰਦਾ ਹਾਂ ਕਿ ਇਸ ਇਲਜ਼ਾਮ ਨੂੰ ਸਾਬਤ ਕਰੋ।’’ ਚੇਤ ਸਿੰਘ ਨੇ ਕਿਹਾ।
‘‘ਸਮਾਂ ਔਣ ਪਰ ਸਭ ਕੁਝ ਸਾਬਤ ਹੋ ਜਾਵੇਗਾ, ਇਸ ਸਮੇਂ ਕੇਵਲ ਇਤਨਾ ਕਹਿ ਦੇਣਾ ਹੀ ਬਹੁਤ ਹੈ ਕਿ ਤੁਹਾਡੀਆਂ ਇਹ ਚਾਲਾਂ ਸਫਲ ਨਹੀਂ ਹੋ ਸਕਦੀਆਂ।’’
‘‘ਝੂਠਾ।’’
‘‘ਚੁਪ ਰਹੋ!’’
ਸ੍ਰਦਾਰਾਂਂ ਤੇ ਮਹਾਰਾਜ ਨੇ ਵਿਚ ਪੈ ਕੇ ਇਹ ਲੜਾਈ ਬੰਦ ਕਰਾਈ ਪਰ ਇਸ ਦੇ ਨਾਲ ਹੀ ਖੁਲਮ ਖੁਲੀ ਦੁਸ਼ਮਨੀ ਸ਼ੁਰੂ ਹੋ ਗਈ।
ਧਿਆਨ ਸਿੰਘ ਦੁਸ਼ਮਨ ਨੂੰ ਖਤਮ ਕਰਨ ਦਾ ਢੰਗ ਬਹੁਤ ਵਧੀਆ ਜਾਣਦਾ ਸੀ ਤੇ ਉਸ ਦੀ ਇਸ ਸਮੇਂ ਝਪਟ ਬਾਜ਼ ਜਿਹੀ ਤੇਜ਼ ਹੁੰਦੀ ਸੀ।

ਜਿਉਂ ਹੀ ਦਰਬਾਰ ਵਿਚੋਂ ਇਸ ‘ਤੂੰ ਤੂੰ’ ‘ਮੈਂ ਮੈਂ' ਦੇ ਪਿਛੋਂ ਉਹ ਨਿਕਲਿਆ। ਸਿਧਾ ਫੌਜਾਂ ਵਿਚ ਪਜਿਆ। ਫੌਜਾਂ ਦੀ ਕਮਾਨ ਉਸ ਦੇ ਭਰਾ ਸੁਚੇਤ ਸਿੰਘ ਦੇ ਹੱਥ ਵਿਚ ਹੀ ਸੀ ਪਰ ਉਸ ਸਮੇਂ ਤਕ ਕੁਝ ਨਹੀਂ ਹੋ ਸਕਦਾ ਸੀ ਕਿ ਜਦ ਤਕ ਬਾਕੀ ਸਿਖ ਸ੍ਰਦਾਰਾਂ ਨੂੰ ਭੀ ਨਾਲ ਨਾ ਲਿਆ ਜਾਵੇ, ਇਸੇ ਲਈ ਉਸ ਨੇ ਛਾਉਣੀ ਦੀਆਂ ਬਾਰਕਾਂ ਵਿਚ ਸ: ਅਤਰ ਸਿੰਘ ਸੰਧਾਵਾਲੀਏ, ਸ: ਲਾਲ ਸਿੰਘ, ਸ: ਕੇਸਰੀ ਸਿੰਘ ਤੇ ਜਨਰਲ ਗਾਰਡਨਰ ਨੂੰ ਇਕੱਠਾ ਕੀਤਾ ਤੇ ਕਿਹਾ-

‘‘ਭਰਾਵੋ! ਜਿਸ ਸਿਖ ਰਾਜ ਨੂੰ ਅਸਾਂ ਆਪਣੇ ਖੂਨ ਨਾਲ ਕਾਇਮ ਕੀਤਾ ਤੇ ਵਧਾਇਆ ਹੈ, ਅਜ ਉਹ ਜਾ ਰਿਹਾ ਜੋ’’

’’ਗਲ ਕੀ ਏ ਭਾਈਆ!’’ ਸ੍ਰਦਾਰ ਅਜੀਤ ਸਿੰਘ ਨੇ ਪੁਛਿਆ।
‘‘ਕੁਝ ਨਾ ਪੁਛ ਭਰਾਵਾ! ਸਾਡੀ ਤੇ ਸ਼ੇਰੇ ਪੰਜਾਬ ਦੀ ਸਾਰੀ ਕੀਤੀ ਕਰਾਈ ਪਰ ਸਵਾਹ ਪੈ ਰਹੀ ਏ।’’
‘‘ਫੇਰ ਵੀ ਕੋਈ ਗਲ ਤਾਂ ਕਰੋ।’’
‘‘ਗਲ ਕੀ ਕਰਾਂ ਭਰਾਵਾ! ਸਾਡੇ ਲੋਕਾਂ ਦੀ ਬਦਕਿਸਤੀ ਹੈ ਕਿ ਇਹ ਰਾਜ ਅੰਗ੍ਰੇਜ਼ਾਂ ਦੇ ਹਵਾਲੇ ਕਰਨ ਲਈ ਗਲ ਬਾਤ ਹੋ ਰਹੀ ਏ।’’
‘‘ਸਾਡੇ ਜੀਉਂਦੇ ਜੀ ਕੌਣ ਏ ਪੰਜਾਬ ਵਲ ਵੇਖਣ ਵਾਲਾ।’’ ਸ: ਅਜੀਤ ਸਿੰਘ ਨੇ ਗੁਸੇ ਨਾਲ ਕੰਬਦੇ ਹੋਏ ਕਿਹਾ ‘‘ਕੌਣ ਹੋ ਸਕਦਾ ਏ ਭਰਾਵਾ ਪਰ ਘਰ ਦਾ ਭਈਖਨ ਤਾਂ ਲੰਕਾ ਢਾਹ ਸਕਦਾ ਏ ਨਾ।’’
‘‘ਭਾਈਆ ਜੀ ਸਾਫ ਸਾਫ ਗਲ ਕਰੋ।’’
‘‘ਸਾਫ ਸਾਫ ਸੁਣ ਲੌ, ਇਹ ਚੇਤ ਸਿੰਘ ਅੰਗ੍ਰੇਜ਼ਾਂ ਨਾਲ ਲਿਖਾ ਪੜ੍ਹੀ ਕਰ ਰਿਹਾ ਜੇ, ਆਹ ਵੇਖ ਲਓ।’’ ਹੁਣ ਧਿਆਨ ਸਿੰਘ ਨੇ ਦੋ ਚਿਠੀਆਂ ਜੇਬ ਵਿਚੋਂ ਕਢ ਕੇ ਸਾਰਿਆਂ ਦੇ ਅੱਗੇ ਰਖ ਦਿਤੀਆਂ। ਇਨ੍ਹਾਂ ਵਿਚੋਂ ਇਕ ਚੇਤ ਸਿੰਘ ਦੇ ਦਸਤਖਤਾਂ ਹੇਠ ਤੇ ਦੂਸਰੀ ਮਹਾਰਾਜਾ ਖੜਕ ਸਿੰਘ ਦੇ ਦਸਖਤਾਂ ਹੇਠ ਅੰਗ੍ਰੇਜ਼ੀ ਸ੍ਰਦਾਰ ਨੂੰ ਲਿਖੀ ਹੋਈ ਸੀ ਤੇ ਉਨ੍ਹਾਂ ਵਿਚ ਮਹਾਰਾਜਾ ਖੜਕ ਸਿੰਘ ਲਈ ਆਮਦਨੀ ਵਿਚੋਂ ੧੦ ਆਨੇ ਰੂਪੈ ਪਿਛੇ ਪੈਨਸ਼ਨ ਮੰਗ ਕੇ ਪੰਜਾਬ ਦਾ ਰਾਜ ਅੰਗ੍ਰੇਜ਼ਾਂ ਦੇ ਹਵਾਲੇ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ।
ਚਿਠੀਆਂ ਸੁਣ ਕੇ ਸ: ਅਜੀਤ ਸਿੰਘ ਦੀਆਂ ਅੱਖਾਂ - ਵਿਚ ਖੂਨ ਉਤਰ ਆਇਆ। ਉਸ ਨੇ ਕਿਹਾ ‘‘ਅਸੀਂ ਇਹ ਨਹੀਂ ਹੋਣ ਦਿਆਂਗੇ।’’
‘‘ਪਰ ਭਾਈਆ ਜੀ ਕੋਈ ਉਪਾਅ ਭੀ ਕਰੋ ਨਾ।’’
‘‘ਮਹਾਰਾਣੀ ਚੰਦ ਕੌਰ ਤੇ ਕੰਵਰ ਨੌ ਨਿਹਾਲ ਸਿੰਘ ਨਾਲ ਗਲ ਕੀਤੀ ਸੂ।’’
‘‘ਉਹ ਤਾਂ ਪਹਿਲਾਂ ਹੀ ਸਭ ਕੁਝ ਜਾਣਦੇ ਹਨ। ਵਾਲ ਵਾਲ ਦੁਖੀ ਨੇ ਉਹ ਇਸ ਗਲੋ।’’
‘‘ਤਦ ਕੀ ਕਰਨਾ ਚਾਹੀਦਾ ਏ?’’
‘‘ਭਾਈਆ ਜੀ! ਮੈਂ ਤਾਂ ਸਿਖ ਰਾਜ ਦਾ ਸੇਵਕ ਹਾਂ, ਤੁਛ ਜਿਹਾ। ਮਾਲਕ ਤਾਂ ਤੁਸੀਂ ਲੋਕ ਹੀ ਹੋ। ਤੁਸੀਂ ਦੱਸੋ ਕੀ ਕੀਤਾ ਜਾਵੇ, ਮੈਂ ਸੇਵਕਾਂ ਵਾਂਗ ਹੁਕਮ ਮੰਨਾਂਗਾ।" ਰਾਜਾ ਧਿਆਨ ਸਿੰਘ ਨੇ ਕਿਹਾ। ਸ: ਅਜੀਤ ਸਿੰਘ ਗਹਿਰੀ ਸੋਚ ਵਿਚ ਪੈ ਗਿਆ:

ਮਾਮਲਾ ਬੇਹੱਦ ਨਾਜ਼ਕ ਹੈ। ਖੂਨ ਨਾਲ ਧੋਤੇ ਹੋਏ ਗੁਲਾਮੀ ਦੇ ਦਾਗ ਫੇਰ ਉਘੜ ਰਹੇ ਹਨ। ਇਨ੍ਹਾਂ ਤੋਂ ਦੇਸ਼ ਦੀ ਪਵਿਤਰ ਅਜ਼ਾਦੀ ਨੂੰ ਬਚਾਇਆ ਜਾਵੇ ਤਾਂ ਕਿਸ ਤਰ੍ਹਾਂ।

ਧਿਆਨ ਸਿੰਘ ਨੇ ਵਾਰ ਚਲਦਾ ਵੇਖ ਕੇ ਫੇਰ ਕਿਹਾ- ‘‘ਭਾਈਆ ਅਜੀਤ ਸਿੰਘ ਕੀ ਕਰੀਏ ਫੇਰ?'

‘‘ਕੰਵਰ ਸਾਹਿਬ ਕਿਥੇ ਨੇ?’’

‘‘ਪਸ਼ਾਵਰ ਨੇ ਅਜ ਕਲ੍ਹ!’’

‘‘ਉਨਾਂ ਨੂੰ ਝਟਪਟ ਸੱਦੋ।’’

‘‘ਸਤਿ ਬਚਨ!’’

ਇਸ ਤਰ੍ਹਾਂ ਇਤਨੀ ਕੁ ਗਲ ਬਾਤ ਪਿਛੋਂ ਇਹ ਗੁਪਤ ਸਭਾ ਖਤਮ ਹੋਈ। ਇਸ ਦੇ ਪਿਛੋਂ ਰਾਜਾ ਸੁਚੇਤ ਸਿੰਘ, ਸ੍ਰਦਾਰ ਕੇਸਰੀ ਸਿੰਘ ਤੇ ਜਨਰਲ ਗਾਰਡਨਰ ਨਾਲ ਰਾਜਾ ਧਿਆਨ ਸਿੰਘ ਨੇ ਕੁਝ ਵਖ ਗੱਲਾਂ ਕੀਤੀਆਂ, ਖੁਸ਼ੀ ਖੁਸ਼ੀ ਆਪਣੇ ਮਹੱਲ ਨੂੰ ਚਲਿਆ ਗਿਆ ਤੇ ਉਸੇ ਦਿਨ ਆਪਣੇ ਭਰਾ ਰਾਜਾ ਗੁਲਾਬ ਸਿੰਘ ਨੂੰ ਪਸ਼ਾਵਰ ਭਜ ਦਿਤਾ ਕਿ ਉਹ ਕੰਵਰ ਨੌਨਿਹਾਲ ਸਿੰਘ ਨੂੰ ਆਪਣੇ ਨਾਲ ਝਟ ਪਟ ਲਾਹੌਰ ਲੈ ਆਵੇ ਤੇ ਰਸਤੇ ਵਿਚ ਉਨ੍ਹਾਂ ਦੇ ਚੰਗੀ ਤਰ੍ਹਾਂ ਕੰਨ ਭਰਦਾ ਆਵੇ।

ਅਠਵੇਂ ਦਿਨ ਗੁਲਾਬ ਸਿੰਘ ਕੰਵਰ ਨੌ ਨਿਹਾਲ ਸਿੰਘ ਨੂੰ ਲੈ ਕੇ ਵਾਪਸ ਲਾਹੌਰ ਆ ਗਿਆ।