ਰਾਜਾ ਧਿਆਨ ਸਿੰਘ/੮
੮.
ਖਾਲਸਾ ਰਾਜ ਦੀ ਰਾਜਧਾਨੀ ਲਾਹੌਰ ਦੀ ਛਬ ਅਜ ਮੱਠੀ ਪਈ ਹੋਈ ਏ। ਖੁਸ਼ੀਆਂ ਤੇ ਖੇੜੇ ਦੀ ਥਾਂ ਮਾਤਮ ਦੀ ਸਫ਼ ਵਿਛੀ ਹੋਈ ਏ। ਸ਼ਹਿਰ ਵਿਚ ਪੂਰਨ ਹੜਤਾਲ ਹੈ। ਖਾਲਸਾ ਦਰਬਾਰ, ਕਿਲੇ ਤੇ ਸ਼ਾਹੀ ਮਹੱਲ ਦੇ ਝੰਡੇ ਨਿਵੇ ਹੋਏ ਹਨ। ਹਰ ਛੋਟੇ ਵੱਡੇ ਇਸਤਰੀ ਪੁਰਸ਼ ਦੀਆਂ ਅੱਖਾਂ ਭਿੱਜੀਆਂ ਹੋਈਆਂ ਹਨ। ਗਲ ਕੀ ਸਾਰਾ ਲਾਹੌਰ ਆਪਣੇ ਬਾਦਸ਼ਾਹ ਦੇ ਅਕਾਲ ਚਲਾਣੇ ਪਰ ਰੋ ਰਿਹਾ ਹੈ। ਜਿਥੇ ਭੀ ਚਾਰ ਆਦਮੀ ਮਿਲਦੇ ਹਨ ਇਹੋ ਚਰਚਾ ਏ। ਜਿਤਨਾ ਰੰਜ ਸ਼ੇਰੇ ਪੰਜਾਬ ਦੀ ਮੌਤ ਪਰ
ਉਸਦੀ ਪਰਜਾ ਕਰ ਰਹੀ ਹੈ, ਇਤਿਹਾਸ ਵਿਚ ਇਸ ਤੋਂ ਪਹਿਲਾਂ ਇਸ ਦੀ ਮਿਸਾਲ ਕਿਤੇ ਕਿਤੇ ਹੀ ਮਿਲਦੀ ਹੈ। ਇਹ ਸਭ ਸ਼ੇਰੇ ਪੰਜਾਬ ਦੇ ਹਰਮਨ ਪਿਆਰੇ ਹੋਣ ਦਾ ਸਦਕਾ ਹੈ।
ਦਿਲੀ ਦਰਵਾਜ਼ੇ ਦੇ ਅੰਦਰ ਇਕ ਖੁਲ੍ਹੇ ਇਹਾਤੇ ਵਿਚ ਸ਼ਹਿਰ ਦੇ ਕੁਝ ਹਿੰਦੂ ਮੁਸਲਮਾਨ ਤੇ ਸਿਖ ਬੈਠੇ ਹੋਏ ਹਨ। ਉਨ੍ਹਾਂ ਸਾਰਿਆਂ ਦੀਆਂ ਅੱਖਾਂ ਵਿਚ ਅਥਰੂ ਹਨ। ਉਹ ਇਸ ਤਰ੍ਹਾਂ ਦੁਖ ਪ੍ਰਗਟ ਕਰ ਰਹੇ ਹਨ, ਜਿਸ ਤਰ੍ਹਾਂ ਉਨ੍ਹਾਂ ਦਾ ਕੋਈ ਸ਼ਕਾ ਸਬੰਧੀ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਮਰਿਆ ਪਿਆ ਹੋਵੇ। ਠੰਢਾ ਸਾਹ ਲੈ ਕੇ ਉਨ੍ਹਾਂ ਵਿਚੋਂ ਇਕ ਬੁਢਾ ਬੋਲਿਆ:-
‘‘ਭਰਾਵੋ! ਹੋਰ ਤਾਂ ਹੋਰ ਪੰਜਾਬ ਨੂੰ ਇਹੋ ਜਿਹਾ ਪਾਤਸ਼ਾਹ ਨਹੀਂ ਮਿਲਣਾ। ਨਿਰੀ ਧਰਮ ਦੀ ਮੂਰਤ ਸੀ।’’
‘‘ਬਾਬਾ! ਕੀ ਕਹੀਏ, ਸਾਡੀਆਂ ਤਾਂ ਬਾਹਾਂ ਨਿਕਲ ਰਹੀਆਂ ਹਨ। ਸੈਂਕੜੇ ਸਾਲਾਂ ਪਿਛੋਂ ਸਾਡੇ ਲੋਕਾਂ ਨੂੰ ਅਜ਼ਾਦੀ ਦੀ ਹਵਾ ਲਗੀ ਸੀ ਇਸ ਮਹਾਂ ਪੁਰਖ ਦੇ ਆਸਰੇ।’’ ਇਕ ਗਭਰੂ ਨੇ ਉਤਰ ਦਿਤਾ।
ਬਾਬਾ ਫੇਰ ਬੋਲਿਆ-‘‘ਅਲਾਹ ਦੀ ਸਹੁੰ ਮੁਸਲਮਾਨ, ਹਿੰਦੂ ਤੇ ਸਿਖ ਨੂੰ ਇਕ ਨਜ਼ਰ ਨਾਲ ਵੰਡਣ ਵਾਲਾ ਰਾਜਾ ਸੀ ਸਾਡਾ।’’
ਇਕ ਹਿੰਦੂ ਬੋਲ ਉਠਿਆ- ‘‘ਸਾਨੂੰ ਤਾਂ ਡਰ ਲਗਦਾ ਏ ਕਿ ਪਾਤਸ਼ਾਹ ਦੇ ਪਿਛੋਂ ਕਿਤੇ ਸਾਡਾ ਪੰਜਾਬੀਆਂ ਦਾ ਰਾਜ ਹੀ ਨਾ ਖਤਮ ਹੋ ਜਾਵੇ।’’
‘‘ਕਿਉਂ ਕੋਈ ਖਾਸ ਗਲ ਹੈ ਰਾਮ ਲਾਲਾ??’’ ਬਾਬੇ ਨੇ ਨੇੜੇ ਹੋ ਕੇ ਪੁਛਿਆ। "ਖਾਸ ਗਲ ਕੀ ਹੋਣੀ ਏ ਬਾਬਾ! ਮਰਦ ਦੀ ਮਾਇਆ ਤੇ ਬ੍ਰਿਛ ਦੀ ਛਾਇਆ ਉਸ ਦੇ ਨਾਲ ਹੀ ਚਲੀ ਜਾਂਦੀ ਏ। ਫੇਰ ਜਿਹੜੀਆਂ ਗਲਾਂ ਉਡ ਰਹੀਆਂ ਹਨ, ਉਨ੍ਹਾਂ ਦਾ ਤੁਹਾਨੂੰ ਪਤਾ ਈ ਹੈ।"
"ਹਾਂ, ਕਾਕਾ ਗੱਲਾਂ ਤਾਂ ਉਡ ਹੀ ਰਹੀਆਂ ਹਨ, ਖੁਦਾ ਭਲਾ ਕਰੇ।"
"ਮਹਾਰਾਜ ਨੇ ਡੋਗਰਿਆਂ ਨੂੰ ਆਪਣੇ ਰਾਜ ਵਿਚ ਵਾੜ ਕੇ ਚੰਗਾ ਨਹੀਂ ਕੀਤਾ।"
"ਹੋਣੀ ਕਿਸ ਤੋਂ ਟਲਦੀ ਏ ਪਰ ਜਾਣ ਦਿਓ ਇਨ੍ਹਾਂ ਗੱਲਾਂ ਨੂੰ ਕੋਈ ਬਿਪਤਾ ਨਾ ਪੈ ਜਾਵੇ।"
"ਬਾਬਾ ਬਿਪਤਾ ਕੀ ਪੈਣੀ ਹੋਈ। ਪੈਣ ਵਾਲੀ ਬਿਪਤਾ ਤਾਂ ਸਾਫ ਦਿਸ ਰਹੀ ਏ। ਇਨ੍ਹਾਂ ਡੋਗਰਿਆਂ ਨੇ ਹਰੀ ਸਿੰਘ ਨਲੂਏ ਨੂੰ ਵੀ ਨਹੀਂ ਛਡਿਆ, ਇਹ ਕਿਸੇ ਦੇ ਮਿਤ ਨਹੀਂ, ਕਾਲੇ ਨਾਗ ਨਿ, ਕਾਲੇ ਨਾਗ।" ਇਕ ਜਾਣਕਾਰ ਸਿਖ ਨੇ ਉਤਰ ਦਿਤਾ।
ਬਾਬੇ ਨੇ ਸਾਰਿਆਂ ਨੂੰ ਸੰਬੋਧਨ ਕਰਕੇ ਕਿਹਾ-ਭਰਾਵੋ! ਮੰਦੇ ਭਾਗ ਹਨ ਪੰਜਾਬ ਦੇ ਜੋ ਇਸ ਸਮੇਂ ਮਹਾਰਾਜ ਦੀ ਮੌਤ ਹੋਈ। ਆਓ ਮਹਾਰਾਜ ਦੀ ਰੂਹ ਦੀ ਸ਼ਾਂਤੀ ਤੇ ਉਨ੍ਹਾਂ ਦੇ ਪ੍ਰਵਾਰ ਲਈ ਅਲਾਹ ਪਾਸ ਦਵਾ ਕਰੀਏ। ਹੋਰ ਸਾਡੇ ਵਸ ਵਿਚ ਕੀ ਏ।
ਸਾਰੇ ਜਣੇ ਖੜੇ ਹੋ ਕੇ ਪ੍ਰਾਰਥਨਾ ਕਰਨ ਲਗੇ।
ਸ਼ਹਿਰ ਵਿਚ ਥਾਂ ਪਰ ਥਾਂ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ।
ਓਧਰ ਮਹੱਲਾਂ ਵਿਚ ਹਲਚਲੀ ਮਚੀ ਹੋਈ ਏ। ਧਿਆਨ ਸਿੰਘ ਆਪ ਆ ਕੇ ਮਹਾਰਾਜ ਦੀ ਮੌਤ ਦੀ ਖਬਰ ਦੱਸ ਕੇ ਗਿਆ ਹੈ। ਸਾਰੀਆਂ ਰਾਣੀਆਂ ਆਪਣੇ ਆਪਣੇ ਮਹੱਲ ਵਿਚੋਂ ਨਿਕਲ ਕੇ ਸ਼ਾਹੀ ਕਿਲੇ ਵਿਚ ਆ ਗਈਆਂ ਹਨ ਤੇ ਸ਼ੇਰੇ ਪੰਜਾਬ ਦੀ ਯਾਦ ਵਿਚ ਉਨ੍ਹਾਂ ਦੇ ਵੈਣ ਪੰਜਾਬ ਦਾ ਅਸਮਾਨ ਕੰਬਾ ਰਹੇ ਹਨ। ਵੈਣਾਂ ਵੈਣਾਂ ਵਿਚ ਰਾਣੀਆਂ ਨੇ ਡੋਗਰੇ ਗਰਦੀ ਵਲ ਇਸ਼ਾਰੇ ਵੀ ਕੀਤੇ ਤੇ ਕਿਹਾ ਮਹਾਰਾਜ ਤੇਰੇ ਪਿਛੋਂ ਇਸ ਦੇਸ਼ ਦਾ ਰੱਬ ਹੀ ਰਾਖਾ ਹੈ। ਧਿਆਨ ਸਿੰਘ ਨੇ ਇਹ ਟੋਣ ਆਪਣੀ ਕੰਨੀ ਸੁਣੀਆਂ ਤੇ 'ਹੂੰ' ਕਹਿ ਕੇ ਚੁਪ ਹੋ ਰਿਹਾ। ਉਸ 'ਹੂੰ' ਵਿਚ ਕੀ ਭਰਿਆ ਹੋਇਆ ਸੀ, ਇਸ ਨੂੰ ਸਮਝਣਾ ਹਾਰੀ ਸਾਰੀ ਦਾ ਕੰਮ ਨਹੀਂ ਤੇ ਜਾਣਕਾਰ ਲੋਕ, ਉਹ ਤਾਂ ਇਸ ਨੂੰ ਤੋਂ ਪਹਿਲਾਂ ਹੀ ਸਭ ਕੁਝ ਜਾਣਦੇ ਹਨ।
ਏਧਰ ਸ਼ਹਿਰ ਤੇ ਮਹੱਲਾਂ ਵਿਚ ਕੁਰਲਾਹਟ ਪਿਆ ਹੋਇਆ ਸੀ ਤੇ ਓਧਰ ਮਹਾਰਾਜ ਦੀ ਅਰਥੀ ਕੱਢਣ ਦਾ ਪ੍ਰਬੰਧ ਹੋ ਰਿਹਾ ਸੀ। ਸੋਨੇ ਜੜਤ ਬਿਬਾਨ ਤਿਆਰ ਕੀਤਾ ਗਿਆ ਹੈ ਜਿਸ ਸ਼ਾਨ ਨਾਲ ਸ਼ੇਰੇ ਪੰਜਾਬ ਆਪਣੀ ਜ਼ਿੰਦਗੀ ਵਿਚ ਬਾਹਰ ਨਿਕਲਿਆ ਕਰਦਾ ਸੀ, ਉਸੇ ਸ਼ਾਨ ਨਾਲ ਉਸ ਦੀ ਅਰਥ ਕਢਣ ਦਾ ਪ੍ਰਬੰਧ ਹੋਣ ਲੱਗਾ। ਲਾਹੌਰ ਦੇ ਹਜ਼ਾਰਾਂ ਹਿੰਦੂ ਮੁਸਲਮਾਨ ਸਿਖ ਮਹੱਲ ਦੇ ਬਾਹਰ ਆਪਣੇ ਹਰਮਨ ਪਿਆਰੇ ਬਾਦਸ਼ਾਹ ਦੇ ਅੰਤਮ ਦੀਦਾਰੇ ਲਈ ਆ ਜੁੜੇ। ਬਬਾਨ ਤਿਆਰ ਹੋਇਆ। ਮਾਤਮੀ ਵਾਜਾ ਵਜਿਆ। ਕਿਲੇ ਦੀਆਂ ਖਾਲਸਾ ਤੋਪਾਂ ਨੇ ਅਸਮਾਨ ਗੁੰਜਾ ਦਿਤਾ, ਇਹ ਪੰਜਾਬ ਦੇ ਸ਼ੇਰ ਦੀ ਅੰਤਮ ਸਲਾਮੀ ਸੀ।
ਬਬਾਨ ਤੁਰਿਆ। ਅਗੋ ਸ਼ੇਰੇ ਪੰਜਾਬ ਦੀਆਂ ਰਾਣੀਆਂ ਸਤੀ ਹੋਣ ਲਈ ਤਿਆਰ ਖੜੀਆਂ ਸਨ। ਰੇਸ਼ਮੀ ਰਿਟੀਆਂ ਪੁਸ਼ਾਕਾਂ ਵਿਚ ਉਹ ਇਸ ਤਰ੍ਹਾਂ ਭਾਸਦੀਆਂ ਸਨ, ਜਿਸ ਤਰ੍ਹਾਂ ਸੁਵਰਗ ਦੀਆਂ ਦੇਵੀਆਂ ਸੰਸਾਰ ਨੂੰ ਝਲਕਾਰਾ ਦੇ ਕੇ ਵਾਪਸ ਜਾ ਰਹੀਆਂ ਹੁੰਦੀਆਂ ਹਨ। ਮਹਾਰਾਜ ਦਾ ਬਬਾਨ ਸ਼ਾਹੀ ਕਿਲੇ ਦੇ ਸਾਹਮਣੇ ਰਖਿਆ ਗਿਆ। ਰਾਣੀਆਂ ਆਪਣੇ ਜ਼ਿੰਦਗੀ ਦੇ ਸਾਥੀ ਦੀ ਉਡੀਕ ਵਿਚ ਪਹਿਲਾਂ ਹੀ ਖੜੀਆਂ ਸਨ। ਇਸ ਸਮੇਂ ਉਨ੍ਹਾਂ ਦੀਆਂ ਅਖਾਂ ਵਿਚ ਹੰਝੂ ਨਹੀਂ ਸਨ, ਉਨ੍ਹਾਂ ਦੇ ਚੇਹਰਿਆ ਪਰ ਗੰਭੀਰਤਾ ਸੀ ਤੇ ਇਉਂ ਮਲੂਮ ਹੁੰਦਾ ਸੀ ਕਿ ਉਨ੍ਹਾਂ ਦੇ ਚਿਤ ਵਿਚ ਕੋਈ ਮਲਾਲ ਨਹੀਂ। ਪਤੀ ਦਾ ਸਦੀਵੀ ਵਿਛੋੜਾ ਪਤਨੀ ਲਈ ਅਸਹਿ ਹੈ ਪਰ ਸਤੀ ਲਈ ਇਹ ਕੁਝ ਵੀ ਨਹੀਂ। ਹੋਵੇ ਵੀ ਕਿਉਂ ਜਦ ਕਿ ਆਪਣੇ ਸਾਥੀ ਦੇ ਨਾਲ ਹੀ ਸੁਵਰਗਪੁਰੀ ਜਾਣ ਦੀ ਤਿਆਰੀ ਹੋ ਚੁਕੀ ਹੋਵੇ। ਹਾਂ, ਸੰਸਾਰਕ ਤੌਖਲਿਆ ਤੋਂ ਹਾਲਾਂ ਤਕ ਵੀ ਉਨ੍ਹਾਂ ਨੂੰ ਛੁਟਕਾਰਾ ਨਹੀਂ ਮਿਲਿਆ ਸੀ। ਆਪਸ ਵਿਚ ਉਹ ਹਾਲਾਂ ਭੀ ਘੁਸਰ ਮੁਸਰ ਕਰ ਰਹੀਆਂ ਸਨ। ਪ੍ਰਤੀਤ ਹੁੰਦਾ ਸੀ ਕਿ ਕਿਸੇ ਡੂੰਘੇ ਸਵਾਲ ਪਰ ਵਿਚਾਰ ਹੋ ਰਹੀ ਏ। ਡੂੰਘਾ ਸਵਾਲ ਕੀ, ਉਨ੍ਹਾਂ ਨੂੰ ਆਪਣੇ ਪਤੀ ਦੇਵ ਦਾ ਰਾਜ ਭਾਗ ਖਤਰੇ ਵਿਚ ਦਿਸ ਰਿਹਾ ਸੀ। ਡੋਗਰੇ ਸ੍ਰਦਾਰ ਸਾਹਮਣੇ ਖੜੇ ਉਨ੍ਹਾਂ ਨੂੰ ਆਪਣੇ ਰਾਜ ਦੇ ਜੰਮ ਪ੍ਰਤੀਤ ਹੋ ਰਹੇ ਸਨ ਪਰ ਉਹ ਕਰ ਕੀ ਸਕਦੀਆਂ ਸਨ, ਇਸ ਅਖੀਰੀ ਸਮੇਂ-ਜਦ ਕਿ ਘੜੀ ਦੋ ਘੜੀਆਂ ਵਿਚ ਉਨ੍ਹਾਂ ਨੇ ਆਪਣੇ ਪਤੀ ਦੇਵ ਨਾਲ ਦੂਸਰੀ ਦੁਨੀਆਂ ਵਿਚ ਚਲੀਆਂ ਜਾਣਾ ਏ, ਉਥੇ ਜਿਥੇ ਜਾਕੇ ਇਸ ਦੁਨੀਆਂ ਨਾਲ ਕੋਈ ਸਬੰਧ ਬਾਕੀ ਨਹੀਂ ਰਹਿੰਦਾ ਪਰ ਜਿਤਨਾ ਚਿਰ ਇਸ ਨਾਲ ਜ਼ਰਾ ਮਾਸਾ ਭੀ ਸਬੰਧ ਏ, ਤਦ ਤਕ ਇਸ ਤੋਂ ਤਿਣਕਾ ਤੋੜਨ ਅਸੰਭਵ ਹੁੰਦਾ ਹੈ। ਇਥੋਂ ਦਾ ਕੋਈ ਨਾ ਕੋਈ ਫਿਕਰ ਇਨਸਾਨ ਨੂੰ ਲਗਾ ਹੀ ਰਹਿੰਦਾ ਹੈ। ਇਹੋ ਹਾਲ ਇਨ੍ਹਾਂ ਸਤੀ ਹੋ ਰਹੀਆਂ ਰਾਣੀਆਂ ਦਾ ਸੀ। ਕਹਿੰਦੇ ਹਨ ਇਨ੍ਹਾਂ ਸਤੀ ਹੋਣ ਵਾਲੀਆਂ ਵਿਚੋਂ ੭ ਦਾਸੀਆਂ ਤੇ ੪ ਰਾਣੀਆਂ ਸਨ। ਕਿਤਨੇ ਮੂੜ ਨਿ, ਇਹ ਇਤਿਹਾਸ ਵਾਲੇ-ਭਲਾ ਸਤੀ ਨੂੰ ਦੋਸ਼ੀ ਕਹਿਣਾ ਭੀ ਸੋਭਦਾ ਏ, ਕਦਾਚਿਤ ਨਹੀਂ, ਉਨ੍ਹਾਂ ਸਾਰੀਆਂ ਨੂੰ ਰਾਣੀਆਂ ਹੀ ਸਮਝਣਾ ਉਚਿਤ ਏ।
ਸੁਵਰਗੀ ਦੇਵੀਆਂ ਦਾ ਇਹ ਛੋਟਾ ਜਿਹਾ ਜਥਾ ਅਗੇ ਵਧਕੇ ਮਹਾਰਾਜ ਦੇ ਬਿਬਾਨ ਦੇ ਸਿਰ ਵਲ ਆ ਖੜਾ ਹੋਇਆ। ਮਾਤਮੀ ਰੰਗ ਵਿਚ ਫੌਜੀ ਵਾਜਾ ਵਜ ਰਿਹਾ ਸੀ। ਕਿਲੇ ਦੇ ਸਾਹਮਣੇ ਸਾਰਾ ਲਾਹੌਰ, ਨਹੀਂ ਨਹੀਂ ਸਾਰਾ ਪੰਜਾਬ ਰੋ ਰਿਹਾ ਸੀ ਪਰ ਉਸ ਦੀ ਕਿਸਮਤ ਉਪਰ ਖੜੀ ਹਸ ਰਹੀ ਸੀ। ਸਤੀ ਹੋਣ ਵਾਲੀਆਂ ਰਾਣੀਆਂ ਦੇ ਨੇੜੇ ਧਿਆਨ ਸਿੰਘ ਖੜਾ ਅਥਰੂ ਕੇਰ ਰਿਹਾ ਸੀ। ਉਸ ਦੀ ਅਵਾਜ਼ ਭੜਾਈ ਹੋਈ ਸੀ ਤੇ ਉਸ ਲਈ ਬੋਲਣਾ ਅਸਹਿ ਹੋ ਰਿਹਾ ਸੀ ਪਰ ਫੇਰ ਵੀ ਉਸ ਲਈ ਆਪਣਾ ਫਰਜ਼ ਪੂਰਾ ਕਰਨਾ ਜ਼ਰੂਰੀ ਭਾਸ ਰਿਹਾ ਸੀ, ਉਹ ਫਰਜ਼ ਕੀ ਸੀ, ਇਸ ਨੂੰ ਇਸ ਸਮੇਂ ਸਮਝਣਾ ਸੌਖਾ ਕੰਮ ਨਹੀਂ ਸੀ।
ਅਚਾਨਕ ਉਸ ਨੇ ਬੋਲਣਾ ਸ਼ੁਰੂ ਕੀਤਾ- ‘‘ਸ਼ੇਰੇ ਪੰਜਾਬ ਦੀ ਪਿਆਰੀ ਪਰਜਾ ਤੇ ਉਸ ਦੇ ਸਤਿਕਾਰ ਯੋਗ ਅਹਿਲਕਾਰੋ! ਅਜ ਸਾਡਾ ਮਾਲਕ ਇਸ ਸੰਸਾਰ ਵਿਚ ਨਹੀਂ ਰਿਹਾ। ਸ਼ੇਰ ਉਡਾਰੀ ਮਾਰ ਗਿਆ ਏ ਤੇ ਉਸ ਦਾ ਪਿੰਜਰਾ ਸਾਡੇ ਸਾਹਮਣੇ ਪਿਆ ਏ, ਜਿਸ ਨੂੰ ਅਸੀਂ ਪੂਰੇ ਸਤਿਕਾਰ ਨਾਲ ਅਗਨ ਦੇਉਤੇ ਦੇ ਹਵਾਲੇ ਕਰਨ ਚਲੇ ਹਾਂ, ਸਭ ਤੋਂ ਪਹਿਲਾਂ ਆਓ, ਆਪਣੇ ਮਾਲਕ ਦੀ ਰੂਹ ਦੀ ਸ਼ਾਂਤੀ ਵਾਸਤੇ ਪ੍ਰਾਰਥਨਾ ਕਰੀਏ।’’
ਸਭ ਨੇ ਵਹਿੰਦੇ ਨੈਣਾਂ ਨਾਲ ਪ੍ਰਾਰਥਨਾ ਕੀਤੀ। ਧਿਆਨ ਸਿੰਘ ਨੇ ਆਪਣੀ ਤਕਰੀਰ ਦੇ ਸਿਲਸਿਲੇ ਨੂੰ ਜਾਰੀ ਰਖਦੇ ਹੋਏ ਕਹਿਣਾ ਸ਼ੁਰੂ ਕੀਤਾ-‘‘ਸਾਡਾ ਮਾਲਕ ਸਾਡੇ ਲਈ ਇਕ ਬਹੁਤ ਬਹੁਮੁਲੀ ਚੀਜ਼ ਛਡਕੇ ਗਿਆ ਹੈ, ਇਹ ਹੈ ਸਾਡੇ ਦੇਸ਼ ਦੀ ਪਿਆਰੀ ਅਜ਼ਾਦੀ-ਭਰਾਵੋ! ਇਸ ਅਜ਼ਾਦੀ ਦੀ ਰਖਿਆ ਕਰਨੀ ਉਹ ਸਾਡੇ ਜ਼ੁੰਮੇ ਲਾ ਕੇ ਗਿਆ ਹੈ। ਕਸਮਾਂ ਖਾਓ ਕਿ ਜਾਨ ਦੀ ਬਾਜੀ ਲਾ ਕੇ ਵੀ ਇਸ ਦੀ ਰਖਿਆ ਕਰਾਂਗੇ।’’
ਹਾਜ਼ਰ ਲੋਕਾਂ ਵਿਚੋਂ ਕਈਆਂ ਨੇ ਸਹੁੰਆਂ ਖਾਧੀਆਂ ਤੇ ਕਈ ਚੁਪ ਚਾਪ ਬੁਤ ਬਣ ਕੇ ਉਨ੍ਹਾਂ ਵਲ ਵਖਦੇ ਰਹੇ। ਮਾਨੋ ਉਨ੍ਹਾਂ ਦੇ ਸਾਹਮਣੇ ਕੋਈ ਡਰਾਮਾਂ ਖੇਡਿਆ ਜਾ ਰਿਹਾ ਹੋਵੇ।
ਧਿਆਨ ਸਿੰਘ ਨੇ ਇਸ ਤੋਂ ਅਗੇ ਬੋਲਣਾ ਚਾਹਿਆ ਪਰ ਰਾਣੀਆਂ ਦੇ ਜਥੇ ਵਿਚੋਂ ਇਕ ਕੋਮਲ ਪਰ ਤਿਖੀ ਅਵਾਜ਼ ਨੇ ਉਸਦੀ ਜ਼ਬਾਨ ਅਗੇ ਨਹੀਂ ਚਲਣ ਦਿਤੀ। ਪਹਾੜਨ ਮਹਾਰਾਣੀ ਕਹਿ ਰਹੀ ਸੀ:- ‘‘ਧਿਆਨ ਸਿੰਘਾ! ਹੋਰਨਾਂ ਨੂੰ ਕਸਮਾਂ ਨਾ ਚੁਕਾ, ਹੋਰਨਾਂ ਦੀ ਵਫਾਦਾਰੀ ਪਰ ਕਿਸੇ ਨੂੰ ਕੋਈ ਸ਼ਕ ਨਹੀਂ।’’
ਧਿਆਨ ਸਿੰਘ ਬੁਤ ਬਣ ਕੇ ਖੜਾ ਹੋ ਗਿਆ। ਮਾਨੋ ਉਸ ਪਰ ਕੋਈ ਬਿਜਲੀ ਟੁਟ ਪਈ ਹੋਵੇ। ਇਸ ਸਮੇਂ ਉਸ ਦੀ ਅਜੇਹੀ ਹਾਲਤ ਸੀ, ਜੋ ਉਸ ਚੋਰ ਦੀ ਹੁੰਦੀ ਏ ਕਿ ਜੋ ਸੰਨ ਪਰ ਸਮੇਤ ਮਾਲ ਫੜਿਆ ਜਾਵੇ।
ਪਹਾੜਨ ਮਹਾਰਾਣੀ ਨੇ ਥੋੜਾ ਜਿਹਾ ਰੁਕ ਕੇ ਫੇਰ ਕਿਹਾ- ‘‘ਧਿਆਨ ਸਿੰਘਾ! ਮੈਂ ਤੇ ਮੇਰੇ ਨਾਲ ਸਤੀ ਹੋਣ ਵਾਲੀਆਂ ਮੇਰੀਆਂ ਇਹ ਭੈਣਾਂ ਅਖੀਰੀ ਸਮੇਂ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦੀਆਂ ਹਨ। ਗੁਸਾ ਨਹੀਂ ਕਰਨਾ। ਪਤੀ ਦੇਵ ਨੇ ਨਵੇਂ ਮਹਾਰਾਜਾ ਖੜਕ ਸਿੰਘ ਦਾ ਹੱਥ ਤੁਹਾਨੂੰ ਫੜਾਇਆ ਏ। ਤੁਸਾਂ ਨਵੇਂ ਮਹਾਰਾਜੇ ਦੇ ਵਫ਼ਾਦਾਰ ਰਹਿਣ ਦੀ ਕਸਮ ਭੀ ਚੁਕੀ ਏ ਪਰ ਸਾਨੂੰ ਹਾਲਾਂ ਤਕ ਵਿਸ਼ਵਾਸ਼ ਨਹੀਂ ਆਇਆ।’’
‘‘ਮਾਲਕਨ! ਇਹ ਮੇਰੀ ਬਦ ਕਿਸਮਤੀ ਏ। ਦੱਸੋ ਮੈਂ ਤੁਹਾਨੂੰ ਕਿਸ ਤਰ੍ਹਾਂ ਯਕੀਨ ਦਵਾ ਸਕਦਾ ਹਾਂ।’’ ਧਿਆਨ ਸਿੰਘ ਨੇ ਨਿਮਰਤਾ ਨਾਲ ਕਿਹਾ।
‘‘ਗੁਸੇ ਦੀ ਗੱਲ ਨਹੀਂ ਧਿਆਨ ਸਿੰਘਾ! ਸਿਖ ਰਾਜ ਦੀ ਕਿਸਮਤ ਦੀ ਗੱਲ ਹੈ ਇਹ। ਜੇ ਤੁਸੀਂ ਤੇ ਰਾਜ-ਪ੍ਰਵਾਰ ਜੁੜੇ ਰਹੋਗੇ ਤਾਂ ਇਸ ਰਾਜ ਦਾ ਵਾਲ ਵਿੰਗਾ ਨਹੀਂ ਤੇ ਜੇ ਤੁਹਾਡੇ ਵਿਚ ਆਪੋ ਧਾਮੀ ਤੇ ਬੇ ਵਿਸ਼ਵਾਸ਼ੀ ਪੈ ਗਈ ਤਾਂ ਸਿਖ ਰਾਜ ਤਾਂ ਕੀ, ਨਾ ਰਾਜ-ਪ੍ਰਵਾਰ ਦੀ ਖੈਰ ਹੋਵੇਗੀ ਤੇ ਨਾਂਹੀ ਤੁਹਾਡੀ। ਸਤੀਆਂ ਦੇ ਇਹ ਆਖਰੀ ਬਚਨ ਨਿ।’ ਮਹਾਰਾਣੀ ਨੇ ਫੇਰ ਕਿਹਾ, ਉਹ ਸਾਰੀਆਂ ਸਤੀਆਂ ਦੇ ਹਿਰਦੇ ਦੀ ਤਰਜਮਾਨੀ ਕਰ ਰਹੀ ਸੀ।
‘‘ਮੈਂ ਪ੍ਰਮਾਤਮਾਂ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਸਮ ਖਾਂਦਾ ਹਾਂ ਕਿ ਨਵੇਂ ਮਹਾਰਾਜ ਦਾ ਪੂਰਾ ਪੂਰਾ ਵਫਾਦਾਰ ਰਹਾਂਗਾ।’’ ਧਿਆਨ ਸਿੰਘ ਨੇ ਉਤਰ ਵਿਚ ਆਖਿਆ। ‘‘ਏਧਰ ਆਓ ਧਿਆਨ ਸਿੰਘ।’’
ਧਿਆਨ ਸਿੰਘ ਰਾਣੀਆਂ ਦੇ ਸਾਹਮਣੇ ਹੱਥ ਬੰਨੀ ਖੜਾ ਸੀ।
ਪਹਾੜਨ ਮਹਾਰਾਣੀ ਨੇ ਉਸ ਦੇ ਹੱਥ ਗੀਤਾ ਦਿੰਦੇ ਹੋਏ ਕਿਹਾ- ‘‘ਇਸ ਨੂੰ ਚੁਕ ਕੇ ਤੇ ਆਪਣੇ ਮਾਲਕ ਦੇ ਚਰਨਾਂ ਨੂੰ ਹੱਥ ਲਾ ਕੇ ਕਸਮ ਖਾਓ।
ਧਿਆਨ ਸਿੰਘ ਕਠ ਪੁਤਲੀ ਵਾਂਗ ਉਨ੍ਹਾਂ ਦੇ ਇਸ਼ਾਰੇ ਪਰ ਚਲ ਰਿਹਾ ਸੀ। ਉਸਨੇ ਉਸੇ ਤਰ੍ਹਾਂ ਮਹਾਰਾਜਾ ਖੜਕ ਸਿੰਘ ਦੀ ਵਫ਼ਾਦਾਰੀ ਦਾ ਹਲਫ ਲਿਆ।
ਉਸਦੇ ਪਿਛੋਂ ਪਹਾੜਨ ਰਾਣੀ ਨੇ ਮਹਾਰਾਜਾ ਖੜਕ ਸਿੰਘ ਨੂੰ ਸੰਬੋਧਨ ਕੀਤਾ, ਜੋ ਉਨ੍ਹਾਂ ਦੇ ਨੇੜੇ ਖੜਾ ਛਮਛਮ ਰੋ ਰਿਹਾ ਸੀ, ਰਾਣੀ ਨੇ ਕਿਹਾ-‘‘ਬੀਬਾ, ਰੋ ਨਾ ਹੌਸਲਾ ਛਡਣਾ ਮਰਦਾਂ ਦਾ ਕੰਮ ਨਹੀਂ, ਤੇਰੇ ਪਿਤਾ ਦੇ ਵਿਸ਼ਾਲ ਰਾਜ ਦਾ ਸਾਰਾ ਭਾਰ ਇਸ ਸਮੇਂ ਤੇਰੇ ਮੋਢਿਆਂ ਪਰ ਆ ਪਿਆ ਏ ਤੇ ਇਸ ਨੂੰ ਸੰਭਾਲਣਾ ਤੇਰਾ ਧਰਮ ਹੈ। ਸਾਨੂੰ ਰਾਜ ਘਰਾਣੇ ਤੇ ਡੋਗਰੇ ਸ੍ਰਦਾਰਾਂ ਦੀ ਖਿਚੋਤਾਣ ਦਾ ਚੰਗੀ ਤਰ੍ਹਾਂ ਪਤਾ ਏ ਪਰ ਆਹ ਵੇਖ ਧਿਆਨ ਸਿੰਘ ਨੇ ਅਥਰੂਆਂ ਤੇ ਸਹੁੰਆਂ ਨਾਲ ਕਿਸ ਤਰ੍ਹਾਂ ਸਾਰੀਆਂ ਕਦੂਰਤਾਂ ਨੂੰ ਧੋ ਸੁਟਿਆ ਏ, ਹੁਣ ਤੈਨੂੰ ਭੀ ਦਿਲ ਵਿਚ ਕੋਈ ਗਲ ਨਹੀਂ ਰਖਣੀ ਚਾਹੀਦੀ ਬੀਬਾ!’’
‘‘ਮਾਤਾ ਜੀ ਦਾ ਹੁਕਮ ਸਿਰ ਮੱਥੇ।’’
ਬੀਬਾ ਆਪਣੇ ਪਿਤਾ ਦੇ ਸਰੀਰ ਨੂੰ ਹੱਥ ਲਾ ਕੇ ਕਸਮ ਖਾ ਕਿ ਧਿਆਨ ਸਿੰਘ ਦੀ ਥਾਂ ਕਿਸੇ ਹੋਰ ਨੂੰ ਵਜ਼ੀਰ ਨਹੀਂ ਬਣਾਵੇਂਗਾ, ਹੁਣ ਜਦ ਕਿ ਧਿਆਨ ਸਿੰਘ ਵਫਾਦਾਰੀ ਦੀ ਕਸਮ ਖਾਂਦਾ ਏ ਤਾਂ ਸਾਡੀ ਤੇ ਆਪਣੇ ਪੂਜਯ ਪਿਤਾ ਦੀ ਆਤਮਾਂ ਦੀ ਸ਼ਾਂਤੀ ਲਈ ਤੁਹਾਨੂੰ ਭੀ ਇਹ ਕਸਮ ਜ਼ਰੂਰ ਖਾਣੀ ਚਾਹੀਦੀ ਹੈ।’’
ਮਹਾਰਾਜਾ ਖੜਕ ਸਿੰਘ ਨੇ ਭੀ ਮਹਾਰਾਣੀਆਂ ਦੀ ਇਛਿਆ ਪੂਰਤੀ ਲਈ ਕਸਮ ਖਾਧੀ। ਮਾਤਮੀ ਬੈਂਡ ਫੇਰ ਵਜਿਆ, ਕਿਲੇ ਤੋਂ ਤੋਪਾਂ ਨੇ ਫੇਰ ਸਲਾਮੀ ਉਤਾਰੀ, ਧਿਆਨ ਸਿੰਘ, ਮਹਾਰਾਜਾ ਖੜਕ ਸਿੰਘ ਤੇ ਹੋਰ ਸਿਖ ਸ੍ਰਦਾਰਾਂ ਨੇ ਨੰਗੀ ਪੈਰੀਂ ਸ਼ੇਰੇ ਪੰਜਾਬ ਦਾ ਬਬਾਨ ਆਪਣੇ ਮੋਢਿਆਂ ਪਰ ਚੁਕ ਲਿਆ। ਸਤੀ ਹੋਣ ਵਾਲੀਆਂ ਦੇਵੀਆਂ ਹਿਰਦੇ ਵਿਚ ਵਾਹਿਗੁਰੂ ਨਾਮ ਦਾ ਸਿਮਰਨ ਕਰਦੀਆਂ ਹੋਈਆਂ ਨਾਲ ਤੁਰ ਪਈਆਂ।
ਸ਼ਾਹੀ ਕਿਲੇ ਤੋਂ ਥੋੜੇ ਜਿਹੇ ਫਾਸਲੇ ਪਰ ਗੁਰਦਵਾਰਾ ਡੇਹਰਾ ਸਾਹਿਬ ਦੇ ਨੇੜੇ ਰਾਵੀ ਦੇ ਕੰਢੇ ਖੁਲੇ ਮੈਦਾਨ ਵਿਚ ਚੰਦਨ ਦੀ ਚਿਖਾ ਪਹਿਲਾਂ ਹੀ ਤਿਆਰ ਕੀਤੀ ਹੋਈ ਸੀ। ਸ਼ੇਰ ਪੰਜਾਬ ਦਾ ਮਿਰਤਕ ਸਰੀਰ ਉਸ ਪਰ ਰਖ ਦਿਤਾ ਗਿਆ। ਤਰ੍ਹਾਂ ਤਰ੍ਹਾਂ ਦੀਆਂ ਖੁਸ਼ਬੂਆਂ ਨਾਲ ਸਾਰਾ ਵਾਯੂ-ਮੰਡਲ ਸੁਗੰਧਤ ਹੋ ਉਠਿਆ। ਘਿਉ ਦੇ ਕਹਾੜੇ ਅਗਨ-ਦੇਉਤੇ ਦੀ ਪੂਜਾ ਲਈ ਉਲਟੇ ਜਾਣ ਲਗੇ। ਇਹ ਨਜ਼ਾਰਾ ਡਾਢਾ ਹੀ ਦਰਦਨਾਕ ਸੀ। ਪ੍ਰਗਟ ਤੌਰ ਪਰ ਮਹਾਰਾਜਾ ਸ਼ੇਰੇ ਪੰਜਾਬ ਦਾ ਸਸਕਾਰ ਹੋਣ ਲਗਾ ਹੈ। ਪਰ ਕੌਣ ਜਾਣਦਾ ਏ ਕਿ ਸ਼ੇਰੇ ਪੰਜਾਬ ਨਹੀਂ, ਪੰਜਾਬ ਦੀ ਕਿਸਮਤ ਅਜ਼ਾਦੀ ਤੇ ਸ਼ਾਨ-ਸਤਿਕਾਰ ਸੜ ਕੇ ਸਵਾਹ ਹੋਣ ਲਗੀ ਹੈ।
ਹਾਂ, ਸ਼ੇਰੇ ਪੰਜਾਬ ਦਾ ਮਿਰਤਕ ਸਰੀਰ ਚਿਖਾ ਪਰ ਰਖਿਆ ਜਾ ਚੁਕਿਆ ਹੈ। ਉਸ ਦੇ ਆਲੇ ਦੁਆਲੇ ਚਿਟੀ ਰੇਸ਼ਮੀ ਪੁਸ਼ਾਕ ਵਿਚ ਸਾਰੀਆਂ ਰਾਣੀਆਂ ਸਤੀ ਹੋਣ ਲਈ ਆ ਬੈਠੀਆਂ ਹਨ। ਇਉਂ ਭਾਸਦਾ ਏ ਕਿ ਉਹ ਆਪਣੇ ਸੁਤੇ ਪ੍ਰੀਤਮ ਨੂੰ ਜਗਾ ਰਹੀਆਂ ਹਨ। ਜਾਂ ਫਿਰ ਇਹ ਨਹੀਂ ਤਾਂ ਉਨ੍ਹਾਂ ਦਾ ਪ੍ਰੀਤਮ ਰੁਸਿਆ ਹੋਇਆ ਏ ਤੇ ਉਹ ਉਸ ਨੂੰ ਮਨਾਉਣ ਦਾ ਯਤਨ ਕਰ ਰਹੀਆਂ ਹਨ। ਪਰ ਇਨ੍ਹਾਂ ਦੋਹਾਂ ਵਿਚੋਂ ਕੋਈ ਗਲ ਭੀ ਨਹੀਂ, ਉਨ੍ਹਾਂ ਦਾ ਪ੍ਰੀਤਮ ਸੁਵਰਗਾਪੁਰੀ ਜਾ ਰਿਹਾ ਹੈ ਤੇ ਉਹ ਉਸ ਦੇ ਨਾਲ ਜਾਣ ਦੀ ਤਿਆਰੀ ਵਿਚ ਹਨ ਤੇ ਕਹਿ ਰਹੀਆਂ ਹਨ- ‘‘ਪ੍ਰੀਤਮ ਇਸ ਕਰੁਕਟ ਸੰਸਾਰ ਵਿਚ ਸਾਨੂੰ ਨਾ ਛਡਕੇ ਜਾਓ। ਥੋੜਾ ਜਿਹਾ ਠਹਿਰੋ, ਅਸੀਂ ਵੀ ਤੁਹਾਡੇ ਨਾਲ ਹੀ ਚਲਦੀਆਂ ਹਾਂ। ਜਦ ਤੁਹਾਡੇ ਨਾਲ ਇਸ ਦੁਨੀਆਂ ਦਾ ਰਾਜ ਮਾਇਆ ਹੈ ਤਾਂ ਪ੍ਰਲੋਕ ਦੇ ਰਾਜ ਤੋਂ ਸਾਨੂੰ ਕਿਉਂ ਵਾਂਝਿਆਂ ਰਖਦੇ ਹੋ।"
ਇਸ ਦਰਦਨਾਕ ਦ੍ਰਿਸ਼ਯ ਨੇ ਦਰਸ਼ਕਾਂ ਨੂੰ ਹੋਰ ਭੀ ਰਵਾਇਆ। ਸਾਰਾ ਵਾਯੂ ਮੰਡਲ ਹੌਕਿਆਂ ਤੇ ਵੈਣਾਂ ਨਾਲ ਗੂੰਜ ਰਿਹਾ ਸੀ। ਭਾਂਤ ਭਾਂਤ ਦੀਆਂ ਖੁਸ਼ਬੂਆਂ ਤੇ ਘਿਉ ਨਾਲ ਭਰੀ ਹੋਈ ਇਕ ਬਹੁਤ ਵੱਡੀ ਚਾਦਰ ਸਤੀਆਂ ਨੂੰ ਢਕਣ ਲਈ ਲਿਆਂਦੀ ਗਈ। ਇਸਲਈ ਕਿ ਸ਼ੇਰੇ ਪੰਜਾਬ ਦੀਆਂ ਸਤਰ ਦੀਆਂ ਰਾਣੀਆਂ ਪਰ ਕਿਸੇ ਦੀ ਕੋਈ ਨਜ਼ਰ ਨਾ ਪੈ ਜਾਵੇ। ਉਨ੍ਹਾਂ ਨੂੰ ਢਕਣ ਤੋਂ ਪਹਿਲਾਂ ਰਾਜਾ ਧਿਆਨ ਸਿੰਘ ਇਕ ਵਾਰ ਫੇਰ ਉਨ੍ਹਾਂ ਦੇ ਪਾਸ ਆਇਆ ਤੇ ਹੱਥ ਬੰਨ੍ਹ ਕੇ ਖੜਾ ਹੋ ਗਿਆ। ਸਤੀਆਂ ਉਸ ਵਲ ਵੇਖ ਰਹੀਆਂ ਸਨ।
ਧਿਆਨ ਸਿੰਘ ਨੇ ਕਿਹਾ- ‘‘ਮਾਤਾਓ,ਇਸ ਅੰਤਮ ਸਮੇਂ ਮੈਂ ਤੁਹਾਡੀ ਸੇਵਾ ਵਿਚ ਫੇਰ ਨਵੇਂ ਮਹਾਰਾਜਾ ਖੜਕ ਸਿੰਘ ਦੇ ਹੱਕ ਵਿਚ ਪ੍ਰਾਰਥਨਾ ਕਰਨ ਲਈ ਬੇਨਤੀ ਕਰਦਾ ਹਾਂ।’’
ਸਤੀਆਂ ਨੇ ਕੋਈ ਉਤਰ ਨਹੀਂ ਦਿਤਾ,ਇਸ ਸਮੇਂ ਉਨ੍ਹਾਂ ਦੇ ਹਿਰਦੇ ਵਿਚ ਕੀ ਸੀ, ਅਕਾਲ ਪੁਰਖ ਵਾਹਿਗੁਰੂ ਹੀ ਇਸ ਗਲ ਨੂੰ ਜਾਣ ਸਕਦਾ ਏ।
ਸ਼ੇਰੇ ਪੰਜਾਬ ਦੇ ਨਾਲ ਹੀ ਉਸ ਦੇ ਹਿਰਦੇ ਦੀਆਂ ਰਾਣੀਆਂ ਭੀ ਢਕ ਦਿਤੀਆਂ ਗਈਆਂ, ਤਾਕਿ ਉਨ੍ਹਾਂ ਦੀ ਪ੍ਰੇਮ-ਲੀਲ੍ਹਾ ਨੂੰ ਕੋਈ ਵੇਖ ਨਾ ਲਵੇ। ਗ੍ਰੰਥੀ ਸਿੰਘ ਨੇ ਵਾਹਿਗੁਰੂ ਦੇ ਹਜ਼ੂਰ ਮਹਾਰਾਜਾ ਸ਼ੇਰੇ ਪੰਜਾਬ ਤੇ ਉਸ ਦੀਆਂ ਮਹਾਰਾਣੀਆਂ ਦੀ ਆਤਮਾ ਦੀ ਸ਼ਾਂਤੀ ਤੇ ਸਿਖ ਰਾਜ ਦੀ ਕੁਸ਼ਲਤਾ ਲਈ ਅਰਦਾਸ ਕੀਤੀ। ਇਸ ਦੇ ਪਿਛੋਂ ਧਾਹਾਂ ਮਾਰਦਾ ਹੋਇਆ ਮਹਾਰਾਜਾ ਖੜਕ ਸਿੰਘ ਅਗੇ ਵਧਿਆ ਤੇ ਪਿਤਾ ਦੀ ਚਿਖਾਂ ਨੂੰ ਲਾਂਬੂੰ ਲਾ ਦਿਤਾ। ਅੱਗ ਦੀਆਂ ਲਾਟਾਂ ਹੌਲੀ ਹੌਲੀ ਚਾਰ ਪਾਸੇ ਖਿਲਰ ਕੇ ਉਪਰ ਉਠੀਆਂ ਤੇ ਇਕ ਤਕੜਾ ਭਾਂਬੜ ਬਲ ਉਠਿਆ। ਪ੍ਰਗਟ ਤੌਰ ਪਰ ਸ਼ੇਰੇ ਪੰਜਾਬ ਸੜ ਰਿਹਾ ਸੀ ਤੇ ਉਸ ਦੀਆਂ ਮਹਾਰਾਣੀਆਂ ਸਤੀ ਹੋ ਰਹੀਆਂ ਸਨ ਪਰ ਦੀਰਘ ਦ੍ਰਿਸ਼ਟੀ ਨਾਲ ਵੇਖਣ ਨਾਲ ਪ੍ਰਤੀਤ ਹੁੰਦਾ ਸੀ ਕਿ ਪੰਜਾਬ ਦਾ ਹਿਰਦਾ ਸੜ ਰਿਹਾ ਏ, ਇਸ ਪੰਜਾਂ ਦਰਿਆਵਾਂ ਦੀ ਦੇਵੀ ਦਾ ਸੁਹਾਗ ਲੁਟਿਆ ਜਾ ਰਿਹਾ ਏ, ਇਸ ਦੀ ਆਜ਼ਾਦੀ ਦੀਆਂ ਲਾਟਾਂ ਨਿਕਲ ਰਹੀਆਂ ਹਨ ਤੇ ਸਿਖ ਰਾਜ ਦਾ ਤਖਤ ਸੜ ਕੇ ਸਵਾਹ ਹੋ ਰਿਹਾ ਏ।
ਪ੍ਰੇਮ ਦੀ ਦੁਨੀਆਂ ਨਿਰਾਲੀ ਏ। ਸ਼ੇਰੇ ਪੰਜਾਬ ਦੀ ਬਲ ਰਹੀ ਮੜੀ ਵਿਚ ਭੀ ਪ੍ਰੇਮ ਦੀ ਇਕ ਬੇਮਿਸਾਲ ਖੇਡ ਖੇਲੀ ਜਾ ਰਹੀ ਸੀ। ਸਤੀਆਂ ਆਪਣੇ ਪਿਆਰੇ ਦਾ ਸਾਥ ਤੋੜ ਤਕ ਨਿਭਾਉਣ ਲਈ ਸੁੰਦਰ ਸਰੀਰਾਂ ਨੂੰ ਸਵਾਹ ਕਰ ਰਹੀਆਂ ਸਨ। ਪਿਆਰੇ ਤੋਂ ਬਿਨਾਂ ਹੁਸਨ, ਜਵਾਨੀ ਤੇ ਸਰੀਰ ਕਿਸ ਕੰਮ ਇਸ ਪਿਆਰ-ਮੰਡਲ ਵਿਚ ਹਿਸਾ ਪਾਉਣ ਲਈ ਕਬੂਤਰਾਂ ਦਾ ਇਕ ਜੋੜਾ ਉਡਦਾ ਉਡਦਾ ਆਇਆਤੇ ਉਹਭੀਚਿਖਾ ਵਿਚ ਡਿਗਕੇ ਉਨ੍ਹਾਂ ਨਾਲ ਜਾ ਮਿਲਿਆ। ਕੁਦਰਤ ਦੀਆਂ ਗਲਾਂ ਕੁਦਰਤ ਹੀ ਬੇਹਤਰ ਸਮਝ ਸਕਦੀ ਏ। ਕੀ ਪਤਾ ਸ਼ੇਰ ਪੰਜਾਬ ਨਾਲ ਇਸ ਜੋੜ ਦਾ ਪਿਆਰ ਕਿਸ ਜਨਮ ਤੇ ਕਿਸ ਰੂਪ ਵਿਚ ਹੋਇਆ ਸੀ ਪਰ ਉਹ ਪੂਰਾ ਉਤਰਦਾ ਤੇ ਤੋੜ ਨਿਭਦਾ ਅਜ ਸਾਰੇ ਲਾਹੌਰ ਨੇ ਆਪਣੀਂਂ ਅਖੀਂਂ ਵੇਖਿਆ।
ਸ਼ੇਰੇ ਪੰਜਾਬ ਦੀ ਚਿਖਾ ਬਲ ਰਹੀ ਏ, ਅਗ ਦੀਆਂ ਲਾਟਾਂ ਉਚੀਆਂ ਉਠ ਕੇ ਅਸਮਾਨ ਨਾਲ ਗੱਲਾਂ ਕਰ ਰਹੀਆਂ ਹਨ, ਇਉਂ ਮਲੂਮ ਹੁੰਦਾ ਏ ਕਿ ਸੰਸਾਰ ਦੀਆਂ ਨਜ਼ਰਾਂ ਤੋਂ ਬਚਾ ਕੇ ਉਹ ਇਨ੍ਹਾਂ ਰੂਹਾਂ ਨੂੰ ਅਕਾਸ਼ ਦੇ ਰਸਤੇ ਸੁਵਰਗਪੁਰੀ ਵਿਚ ਪੁਚਾਉਣ ਲਈ ਆਪਣਾ ਪਵਿਤਰ ਫਰਜ਼ ਪੂਰਾ ਕਰ ਰਹੀਆਂ ਹਨ। ਸਾਰਾ ਵਾਯੂ ਮੰਡਲ ਇਸ ਸਮੇਂ ਸ਼ਾਂਤ ਸੀ। ਰਾਜ-ਪ੍ਰਵਾਰ, ਸਿਖ ਸ੍ਰਦਾਰ ਤੇ ਬਾਕੀ ਅਹਿਲਕਾਰ ਚੁਪ ਚਾਪ ਆਪਣੀ ਤਕਦੀਰ ਦੇ ਮਾਲਕ ਨੂੰ ਸੜਦਾ ਵੇਖ ਕੇ ਅਥਰੂ ਵਹਾ ਰਹੇ ਸਨ ਪਰ ਛੇਤੀ ਹੀ ਇਸ ਖਾਮੋਸ਼ੀ ਦੀ ਥਾਂ ਹੰਗਾਮੇ ਨੇ ਆ ਮੱਲੀ। ਇਕ ਕੋਨੇ ਵਿਚ ਖੜਾ ਧਿਆਨ ਸਿੰਘ ਧਾਹਾਂ ਮਾਰਦਾ ਹੋਇਆ ਸੜ ਰਹੀ ਚਿਖਾ ਵਲ ਵਧਿਆ ਤੇ ਉਸ ਵਿਚ ਛਾਲ ਮਾਰਨ ਲਗਾ ਪਰ ਛਾਲ ਮਾਰ ਨਹੀਂ ਸਕਿਆ। ਉਸ ਦੇ ਨਾਲ ਹੀ ਉਸ ਦਾ ਭਰਾ ਗੁਲਾਬ ਸਿੰਘ ਤੇ ਸਚੇਤ ਸਿੰਘ ਜਾ ਪੁਜੇ ਤੇ ਉਸਨੂੰ ਜਾ ਫੜਿਆ।
‘‘ਛਡ ਦਿਓ ਭਾਈਆ ਜੀ!’’ ਧਿਆਨ ਸਿੰਘ ਨੇ ਸਾਹ ਮਾਰ ਕੇ ਕਿਹਾ। ‘‘ਪਾਗਲ ਨਾ ਹੋ ਧਿਆਨ ਸਿੰਘ।’’ ਗੁਲਾਬ ਸਿੰਘ ਬੋਲਿਆ।
‘‘ਭਾਈਆ, ਜਦ ਮਾਲਕ ਨਹੀਂ ਰਿਹਾ ਤਾਂ ਇਸ ਗੁਲਾਮ ਨੇ ਰਹਿ ਕੇ ਕੀ ਕਰਨਾ ਏ, ਜਾਣ ਦਿਓ ਉਸ ਦੇ ਨਾਲ ਹੀ, ਕਰ ਲੈਣ ਦਿਓ ਉਸ ਦਾ ਨਿਮਕ ਹਲਾਲ!’’
‘‘ਤੂੰ ਭੁਲਦਾ ਏਂ ਧਿਆਨ ਸਿੰਘਾ! ਉਸ ਦਾ ਨਿਮਕ ਹਲਾਲ ਕਰਨ ਦਾ ਇਹ ਢੰਗ ਨਹੀਂ। ਜੇ ਤੂੰ ਨਾ ਰਿਹੋਂ ਤਾਂ ਤੇਰੇ ਬਾਝ ਉਸਦੀ ਪਾਤਸ਼ਾਹੀ ਕੌਣ ਕਇਮ ਰਖੂਗਾ।’’ ਗੁਲਾਬ ਸਿੰਘ ਨੇ ਕਿਹਾ।
‘‘ਭਾਈਆ ਇਹੋ ਜਿਹੀਆਂ ਗਲਾਂ ਨਾ ਕਰੋ, ਜਾਂ ਲੈਣ ਦਿਓ ਆਪਣੇ ਮਾਲਕ ਦੇ ਨਾਲ ਹੀ ਮੈਨੂੰ।’’ ਧਿਆਨ ਸਿੰਘ ਨੇ ਸੁਚੇਤ ਸਿੰਘ ਤੇ ਗੁਲਾਬ ਸਿੰਘ ਦੀ ਪਕੜ ਵਿਚੋਂ ਨਿਕਲਕੇ ਚਿਖਾ ਵਲ ਭਜਣ ਦਾ ਯਤਨ ਕਰਦੇ ਹੋਏ ਆਖਿਆ।
ਗੁਲਾਬ ਸਿੰਘ ਨੇ ਫੇਰ ਭਜ ਕੇ ਉਸਨੂੰ ਜੱਫੀ ਵਿਚ ਲੈ ਲਿਆ ਤੇ ਉਸਨੇ ਫੇਰ ਭਜ ਨਿਕਲਣ ਦਾ ਯਤਨ ਕੀਤਾ। ਕੋਲੋਂ ਹੀਰਾ ਸਿੰਘ ਬੋਲ ਉਠਿਆ ‘‘ਪਿਤਾ ਜੀ! ਜਾਣ ਵਾਲੇ ਚਲੇ ਗਏ। ਸਿਖ ਰਾਜ ਦੀ ਸ਼ਾਨ ਤੁਹਾਡੇ ਬਿਨਾਂ ਕਾਇਮ ਨਹੀਂ ਰਹਿਣੀ, ਤੁਸੀਂ ਇਸ ਤਰ੍ਹਾਂ ਨਾ ਕਰੋ!’’
‘‘ਬੀਬਾ ਗੱਲਾਂ ਕਰਨੀਆਂ ਬੜੀਆਂ ਸੁਖਾਲੀਆਂ ਨੇ। ਮਾਲਕ ਤੋਂ ਬਿਨਾਂ ਮੈਂ ਨਹੀਂ ਜੀਉਂਦਾ ਰਹਿ ਸਕਦਾ। ਤੁਸਾਂ ਨਵੇਂ ਮਹਾਰਾਜ ਦੇ ਵਫਾਦਾਰ ਰਹਿ ਕੇ ਆਪਣਾ ਫ਼ਰਜ਼ ਪੂਰਾ ਕਰਨਾ।’’ ਇਹ ਕਹਿ ਕੇ ਧਿਆਨ ਸਿੰਘ ਨੇ ਫੇਰ ਚਿਖਾ ਵਲ ਭਜਣ ਦਾ ਯਤਨ ਕੀਤਾ। ‘‘ਪੰਜਾਬ ਨੂੰ ਤੇਰੇ ਬਿਨਾਂ ਕਿਸੇ ਨਹੀਂ ਬਚਾਉਣਾ ਧਿਆਨ ਸਿੰਘ!’’ ਗੁਲਾਬ ਸਿੰਘ ਨੇ ਧਾਹ ਮਾਰ ਕੇ ਕਿਹਾ।
ਇਸ ਤਰਾ ਇਕ ਤਕੜਾ ਡਰਾਮਾ ਖੇਡਿਆ ਜਾ ਰਿਹਾ ਸੀ। ਧਿਆਨ ਸਿੰਘ ਬਾਰ ਬਾਰ ਸ਼ੇਰੇ ਪੰਜਾਬ ਨਾਲ ਸਤੀ ਹੋਣ ਲਈ ਚਿਖਾ ਵਲ ਭਜਦਾ ਪਰ ਗੁਲਾਬ ਸਿੰਘ, ਸੁਚੇਤ ਸਿੰਘ ਤੇ ਹੀਰਾ ਸਿੰਘ ਉਸ ਨੂੰ ਰੋਕ ਲੈਂਦੇ। ਸੰਧਾਵਾਲੀਏ, ਮਜੀਠੀਏ ਤੇ ਅਟਾਰੀ ਵਾਲੇ ਸ੍ਰਦਾਰ ਇਹ ਖੇਡ ਵੇਖ ਕੇ ਡਾਢੀ ਸੋਚ ਵਿਚ ਪਏ ਹੋਏ ਸਨ, ਉਹਨਾਂ ਲਈ ਇਸ ਸਮੇਂ ਡੋਗਰੇ ਸ੍ਰਦਾਰਾਂ ਦੇ ਦਿਲ ਦੀ ਗੱਲ ਨੂੰ ਸਮਝਣਾ ਔਖਾ ਹੋ ਰਿਹਾ ਸੀ।
ਮਹਾਰਾਜਾ ਖੜਕ ਸਿੰਘ, ਰਾਜਾ ਸ਼ੇਰ ਸਿੰਘ, ਕੰਵਰ ਨੌ ਨਿਹਾਲ ਸਿੰਘ ਤੇ ਰਾਜ-ਪ੍ਰਵਾਰ ਦੇ ਹੋਰ ਮੈਂਬਰ ਅਲਗ ਖੜੇ। ਇਹ ਤਮਾਸ਼ਾ ਵੇਖ ਰਹੇ ਸਨ। ਉਨ੍ਹਾਂ ਦੇ ਚੇਹਰਿਆਂ ਪਰ ਕਿਸੇ ਗਹਿਰੀ ਚਿੰਤਾ ਦੇ ਨਿਸ਼ਾਨ ਹਨ। ਮਲੂਮ ਹੁੰਦਾ ਸੀ ਕਿ ਉਹ ਡੋਗਰੇ ਸ੍ਰਦਾਰਾਂ ਦੇ ਹਿਰਦੇ ਨੂੰ ਸਹੀ ਰੂਪ ਵਿਚ ਵੇਖ ਰਹੇ ਹਨ।
ਆਖਰ ਧਿਆਨ ਸਿੰਘ ਦਾ ਜੋਸ਼ ਠੰਢਾ ਹੋ ਗਿਆ ਤੇ ਉਸਨੇ ਮਹਾਰਾਜਾ ਸ਼ੇਰੇ ਪੰਜਾਬ ਦੇ ਨਾਲ ਸਤੀ ਹੋਣ ਦਾ ਖਿਆਲ ਛਡ ਦਿਤਾ। ਉਸ ਦੇ ਵਿਸ਼ਾਲ ਰਾਜ ਦੀ ਰਾਖੀ ਲਈ ਉਸ ਨੇ ਜੀਉਂਦਾ ਰਹਿਣਾ ਜ਼ਰੂਰੀ ਸਮਝਿਆ। ਰਾਖੀ ਲਈ ਜਾਂ ਬਰਬਾਦੀ ਲਈ, ਇਸ ਗਲ ਦਾ ਨਿਰਣਾਂਂ ਤਾਂ ਸਾਡੀ ਕਹਾਣੀ ਦੇ ਅਗਲੇ ਕਾਂਡ ਹੀ ਕਰ ਸਕਣਗੇ ਪਰ ਧਿਆਨ ਸਿੰਘ ਨੇ ਸਤੀ ਹੋਣ ਦਾ ਖਿਆਲ ਛਡਣ ਸਮੇਂ ਕਿਹਾ ਕਿ- ‘‘ਮੇਰੇ ਮਾਲਕ ਪੰਜਾਬ ਦੇ ਸ਼ੇਰ ਤੇਰੇ ਪਿਛੋਂ ਤੇਰੇ ਰਾਜ ਦੀ ਰਖਿਆ ਲਈ ਤੇ ਆਪਣੀ ਰਾਜ ਭਗਤੀ ਦਾ ਸਬੂਤ ਦੇਣ ਲਈ ਮੈਂ ਜੀਊਂਦਾ ਰਹਾਂਗਾ।’’
ਇਤਨੇ ਨੂੰ ਚਿਖਾ ਦੀਆਂ ਲਾਟਾਂ ਉਪਰ ਉਠ ਕੇ ਫੇਰ ਹੇਠਾਂ ਆ ਰਹੀਆਂ ਸਨ। ਮਾਨੋ ਉਨ੍ਹਾਂ ਨੇ ਅਪਣਾ ਫਰਜ਼ ਪੂਰਾ ਕਰ ਦਿਤਾ ਹੋਵੇ-ਪਵਿਤਰ ਰੂਹਾਂ ਨੂੰ ਆਪਣੇ ਪੜਦੇ ਵਿਚ ਅਕਾਸ਼ ਦੇ ਉਪਰ ਸਵਰਗਪੁਰੀ ਪੁਚਾਉਣ ਦਾ ਫਰਜ਼, ਹੁਣ ਉਹ ਮਧਮ ਪੈ ਰਹੀਆਂ ਸਨ। ਆਪਣੇ ਕੰਮ ਤੋਂ ਵੇਹਲੀਆਂ ਹੋ ਕੇ ਸ਼ੇਰੇ ਪੰਜਾਬ ਤੇ ਉਸਦੀ ਛੇਜ ਦੀਆਂ ਸਵਾਣੀਆਂ ਦੇ ਹੁਸਨ-ਭਰਪੂਰ ਸੁੰਦਰ ਸਰੀਰਾਂ ਨੂੰ ਭਸਮ ਕਰਕੇ, ਪੰਜਾਬ ਦੀ ਕਿਸਮਤ ਨੂੰ ਸਾੜ ਕੇ ਤੇ ਪੰਜਾਬੀਆਂ ਦੇ ਆਪਣੇ ਰਾਜ ਦੀ ਬਰਬਾਦੀ ਦਾ ਮੁਢ ਬੰਨਕੇ।
ਸ਼ੇਰੇ ਪੰਜਾਬ ਹੁਣ ਇਸ ਦੁਨੀਆਂ ਵਿਚ ਨਹੀਂ ਰਿਹਾ। ਉਹ ਸ਼ੇਰ ਮਰਦ ਜਿਸ ਨੇ ਮਾਮੂਲੀ ਜਿਹੀ ਪੁਜ਼ੀਸ਼ਨ ਤੋਂ ਉਠਕੇ ਜਲਾਲਾਬਾਦ ਤਕ ਖਾਲਸਾ ਰਾਜ ਕਾਇਮ ਕਰ ਦਿਤਾ, ਜਿਸ ਨੇ ਇਕ ਪਾਸੇ ਪਠਾਨਾਂ ਤੇ ਦੂਜੇ ਪਾਸੇ ਅੰਗ੍ਰੇਜ਼ਾਂ ਦੇ ਦਿਲ ਵਿਚ ਸਿਖਾਂ ਦੀ ਬਹਾਦੁਰੀ ਦੀ ਧਾਕ ਬਿਠਾ ਦਿਤੀ, ਜਿਸ ਦੀ ਭੁਜਾ-ਸ਼ਕਤੀ ਦਾ ਸਦਕਾ ਜਮਨਾਂ ਤੋਂ ਲੈ ਕੇ ਜਮਰੋਦ ਤਕ ਖਾਲਸਾ ਜੀ ਦਾ ਕੇਸਰੀ ਝੰਡਾ ਫਰਾਟੇ ਮਾਰਨ ਲਗਾ। ਹਾਂ, ਹਾਂ, ਉਹ ਸ਼ੇਰ ਮਰਦ ਮਹਾਰਾਜਾ ਰਣਜੀਤ ਸਿੰਘ, ਜਿਸ ਦੀ ਇਕ ਅਖ ਦੇ ਮੋਹਰੇ ਕਿਸੇ ਦੋ ਅਖਾਂ ਵਾਲੇ ਨੂੰ ਉਪਰ ਝਾਕਣ ਦਾ ਭੀ ਹੌਸਲਾ ਨਾ ਪਿਆ, ਅਜ ਇਸ ਸੰਸਾਰ ਵਿਚ ਨਹੀਂ ਰਿਹਾ, ਉਸ ਸ਼ੇਰ ਦੇ ਪਿੰਜਰੇ ਨੂੰ ਭੀ ਅਗਨ-ਦੇਉਤਾ ਗੋਦੀ ਵਿਚ ਲੈ ਕੇ ਭਸਮ ਕਰ ਚੁਕਿਆ ਹੈ। ਹੋਣੀ ਤੇ ਮੌਤ ਦੀ ਸ਼ਕਤੀ ਅਸਹਿ ਹੈ। ਇਸ ਦੇ ਅਰੇ ਕਿਸੇ ਦੀ ਨਹੀਂ ਚਲਦੀ। ਸੰਸਾਰ ਦਾ ਕੋਈ ਯੋਧਾ ਇਸ ਅਗੇ ਦਮ ਨਹੀਂ ਮਾਰ ਸਕਿਆ, ਕੋਈ ਵਿਦਵਾਨ ਹਾਲਾਂ ਤਕ ਇਸ ਅਗੇ ਅੜ ਨਹੀਂ ਸਕਿਆ, ਕੋਈ ਵਲੀ ਪੈਗੰਬਰ ਤੇ ਅਵਤਾਰ ਸੰਸਾਰ ਦੀ ਇਸ ਰੀਤ ਨੂੰ ਤੋੜ ਨਹੀਂ ਸਕਿਆ, ਕੋਈ ਹਕੀਮ ਇਸ ਅਸਾਧ ਰੋਗ ਦਾ ਦਾਰੂ ਨਹੀਂ ਲਭ ਸਕਿਆ ਤੇ ਕੋਈ ਸਾਇੰਸਦਾਨ ਹਾਲਾਂ ਤਕ ਇਤਨਾਂ ਭੀ ਮਲੂਮ ਨਹੀਂ ਕਰ ਸਕਿਆ ਕਿ ਆਖਰ ਮੌਤ ਹੈ ਕੀ? ਕਿਹੜੀ ਚੀਜ਼ ਮਨੁਖੀ ਸਰੀਰ ਨੂੰ ਛਡਕੇ ਉਡ ਜਾਂਦੀ ਏ। ਮੌਤ ਮੌਤ ਏ, ਜ਼ਿੰਦਗੀ ਦਾ ਅਤ ਤੇ ਖਬਰੇ ਨਵੀਂ ਜ਼ਿੰਦਗੀ ਦਾ ਮੁਢ? ਕੁਝ ਕਹਿ ਨਹੀਂ ਸਕੀਦਾ। ਉਸ ਦੀਆਂ ਉਹੋ ਹੀ ਜਾਣਦਾ ਏ, ਸੰਸਾਰ ਤਾਂ ਇਹੋ ਜਾਣਦਾ ਏ ਕਿ ਮੋਤ ਅਗੇ ਕਦੇ ਕੋਈ ਅੜ ਨਹੀਂ ਸਕਦਾ ਤੇ ਅਜ ਉਸ ਨੇ ਇਕ ਵਾਰ ਫੇਰ ਅਖਾਂ ਨਾਲ ਵੇਖ ਲਿਆ ਕਿ ਉਸਦੀ ਕੋਈ ਸ਼ਕਤੀ ਪੰਜਾਂ ਦਰਿਆਵਾਂ ਦੀ ਧਰਤੀ ਦੇ ਮਾਲਕ ਨੂੰ ਜ਼ਾਲਮ ਮੌਤ ਦੇ ਪੰਜੇ ਵਿਚੋਂ ਖੋਹ ਨਹੀਂ ਸਕੀ-ਖੋਹਣ ਵਾਲੀ ਕੋਈ ਸ਼ਕਤੀ ਹੈ ਈ ਨਹੀਂ ਸੀ।
--੦--