ਰਾਜਾ ਧਿਆਨ ਸਿੰਘ/੭

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

੭.

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹਾ ਤੇਜ਼ਸਵੀ ਪਾਤਸ਼ਾਹ ਇਤਹਾਸ ਵਿਚ ਦੂਸਰਾ ਘਟ ਹੀ ਨਜ਼ਰ ਆਉਂਦਾ ਏ ਤੇ ਮਾਮੂਲੀ ਪੁਜੀਸ਼ਨ ਤੋਂ ਇਤਨੀ ਤਰੱਕੀ ਵੀ ਕਿਤੇ ਕਿਤੇ ਹੀ ਦਿਸਦੀ ਏ। ਸਕੰਦਰ ਆਜ਼ਮ ਦੇ ਪਿਛੋਂ ਯੂਰਪ ਵਿਚ ਨਪੋਲੀਅਨ ਤੇ ਏਸ਼ੀਆ ਵਿਚ ਰਣਜੀਤ ਸਿੰਘ ਹੀ ਇਕ ਅਜੇਹਾ ਪਾਤਸ਼ਾਹ ਹੋਇਆ ਹੈ ਕਿ ਜੋ ਆਪ ਪਾਤਸ਼ਾਹ ਬਣਿਆ ਹੋਵੇ ਤੇ ਇਤਨਾ ਵੱਡਾ ਪਾਤਸ਼ਾਹ ਬਣਿਆ ਹੋਵੇ। ਬਚਪਨ ਵਿਚ ਇਸ ਸ਼ੇਰ ਮਰਦ ਦੀ ਇਕ ਅੱਖ ਚੀਚਕ ਦੀ ਨਜ਼ਰ ਹੋ ਗਈ ਸੀ ਪਰ ਉਸਦੇ ਦਰਬਾਰੀ ਵੀ ਇਹ ਗਲ ਨਹੀਂ ਜਾਣਦੇ ਸਨ ਕਿ ਉਸਦੀ ਕਿਹੜੀ ਅੱਖ ਕਾਣੀ ਏ, ਕਿਉਂਕਿ ਕਿਸੇ ਨੂੰ ਉਸ ਦੇ ਸਨਮੁਖ ਅਖ ਉਚੀ ਕਰਨ ਦਾ ਕਦੇ ਹੌਸਲਾ ਹੀ ਨਹੀਂ ਹੋਇਆ ਮਿੱਤਰ ਵੈਰੀ ਸਾਰੇ ਉਸ ਦੇ ਮੋਹਰੇ ਬਰ ਥਰ ਕੰਬਦੇ ਸਨ। ਇਹ ਰਾਜਾ ਧਿਆਨ ਸਿੰਘ ਜੋ ਸਿਖ ਰਾਜ ਪਰ ਕਬਜ਼ਾ ਕਰਨ ਦੇ ਸੁਫਨੇ ਲੈ ਰਿਹਾ ਹੈ, ਸ਼ੇਰੇ ਪੰਜਾਬ ਦੇ ਸਾਹਮਣੇ ਬੈਂਤ ਵਾਂਗੂ ਨਿਉਂਦਾ ਤੇ ਕੰਬਿਆ ਕਰਦਾ ਸੀ। ਪਰ ਇਹ ਸੰਸਾਰ ਫਾਨੀ ਏ, ਇਥੇ ਨਾ ਕਿਸੇ ਦੀ ਹਮੇਸ਼ਾ ਚਲੀ ਹੈ ਤੇ ਨਾ ਹੀ ਚਲ ਸਕਦੀ ਏ, ਜਿਸ ਨੂੰ ਸੰਸਾਰ ਦੀ ਕੋਈ ਹੋਰ ਸ਼ਕਤੀ ਨਿਵਾ ਨਹੀਂ ਸਕਦੀ, ਮੌਤ ਦਾ ਜ਼ਾਲਮ ਪੰਜਾ ਉਸ ਨੂੰ ਹਮੇਸ਼ਾਂ ਲਈ ਖਤਮ ਕਰਕੇ ਰਖ ਦਿੰਦਾ ਏ। ਅਜ ਜਿਸ ਘਰ ਵਿਚ ਖੇੜਾ ਤੇ ਖੁਸ਼ੀਆਂ ਹੁੰਦੀਆਂ ਹਨ, ਕਲ੍ਹ ਨੂੰ ਉਥੇ ਮਾਤਮ ਦੀ ਸਫ਼ ਵਿਛ ਜਾਂਦੀ ਹੈ ਤੇ ਸੰਸਾਰ ਦੀ ਕੋਈ ਸ਼ਕਤੀ ਇਸ ਅਟੱਲ ਹੋਣੀ ਨੂੰ ਰੋਕ ਨਹੀਂ ਸਕਦੀ।

ਸ਼ੇਰੇ ਪੰਜਾਬ ਦਾ ਤੇਜ਼ ਤਪ ਨਾ ਕੇਵਲ ਹਿੰਦੁਸਤਾਨ; ਸਗੋਂ ਰੂਸ, ਫਰਾਂਸ ਤੇ ਇੰਗਲੈਂਡ ਆਦਿ ਦੇਸ਼ਾਂ ਤਕ ਭੀ ਫੈਲਿਆ ਹੋਇਆ ਸੀ। ਹਿੰਦੁਸਤਾਨ ਪਰ ਕਬਜ਼ੇ ਲਈ ਫਰਾਂਸ ਤੇ ਬਰਤਾਨੀਆਂ ਦੀ ਲਾਗ ਡਾਟ ਖਤਮ ਹੋ ਚੁਕੀ ਸੀ। ਪੰਜਾਬ ਤੋਂ ਇਲਾਵਾ ਬਾਕੀ ਦੇ ਲਗ ਪਗ ਸਾਰੇ ਹਿੰਦੁਸਤਾਨ ਵਿਚ ਅੰਗ੍ਰੇਜ਼ ਦਾ ਯੂਨੀਅਨ ਜੈਕ ਝੂਲ ਰਿਹਾ ਸੀ ਪਰ ਸਤਿਲੁਜ ਤੋਂ ਲੈ ਕੇ ਜਮਰੋਦ ਤਕ ਖਾਲਸਾ ਜੀ ਦਾ ਕੇਸਰੀ ਝੰਭਾ ਫਰਾਟੇ ਮਾਰ ਰਿਹਾ ਸੀ ਤੇ ਮਹਾਰਾਜਾ ਸ਼ੇਰੇ ਪੰਜਾਬ ਦੀ ਜੈ ਦੇ ਨਾਅਰੇ ਲਗ ਰਹੇ ਸਨ। ਸਿਖ ਰਾਜ ਦੀਆਂ ਕੰਧਾਂ ਦੇ ਨੜੇ ਫਿਰੋਜ਼ਪੁਰ ਤੇ ਲੁਧਿਆਨੇ 'ਚ ਬੈਠਾ ਹੋਇਆ ਅੰਗ੍ਰੇਜ਼ ਖ਼ਾਲਸਈ ਸ਼ਾਨ ਸ਼ੌਕਤ ਨੂੰ ਵੇਖ ਕੇ ਨੀਵੀ ਪਾਉਣ ਲਈ ਮਜਬੂਰ ਸੀ ਪਰ ਇਸਦੇ ਨਾਲ ਚੋਰ ਅੱਖੀਂ ਲਾਲਚ ਨਾਲ ਇਸ ਵਲ ਵੇਖ ਭੀ ਰਿਹਾ ਸੀ। ਉਸਨੂੰ ਇਹ ਵੀ ਤੌਖਲਾ ਸੀ ਕਿ ਪੰਜਾਬ ਦਾ ਸ਼ੇਰ ਕਿਤੇ ਪੰਜਾਂ ਦਰਿਆਵਾਂ ਤੋਂ ਬਾਹਰ ਕੁਦ ਕੇ ਅੰਗ੍ਰੇਜ਼ਾਂ ਦੀ ਸਾਰੀ ਕੀਤੀ ਕਰਾਈ ਪਰ ਸਵਾਹ ਹੀ ਨਾ ਪਾ ਦੇਵੇ, ਇਸ ਲਈ ਉਹ ਉਸ ਨਾਲ ਮਿਤਰ ਚਾਰੀ ਪਾਉਣ ਲਈ ਤੜਪ ਰਿਹਾ ਸੀ ਤੇ ਇਸ ਲਈ ਉਸ ਨੇ ਆਪਣੇ ਸਫ਼ੀਰ ਭੀ ਲਾਹੌਰ ਦਰਬਾਰ ਵਿਚ ਭੇਜ ਰਖੇ ਸਨ। ਇਸ ਮਿਤਰ ਚਾਰੀ ਨੂੰ ਪੱਕਿਆਂ ਕਰਨ ਲਈ ਕੰਵਰ ਨੌ ਨਿਹਾਲ ਸਿੰਘ ਦੇ ਵਿਆਹ ਪਰ ਹਿੰਦੁਸਤਾਨ ਦੀ ਅੰਗ੍ਰੇਜ਼ੀ ਸਰਕਾਰ ਦਾ ਜੰਗੀ ਲਾਟ ਭੀ ਚਲ ਕੇ ਆਇਆ ਸੀ।

ਉਸਦੇ ਪਿਛੋਂ ਜਦ ਕਾਬਲ ਦਾ ਤਖਤ ਸ਼ਾਹ ਸਿਜਾਹ ਤੇ ਦੋਸਤ ਮੁਹੰਮਦ ਖਾਂ ਨੇ ਖੋਹ ਲਿਆ ਅਤੇ ਸਿਖ ਰਾਜ ਤੇ ਅੰਗ੍ਰੇਜ਼ੀ ਰਾਜ ਦੋਹਾਂ ਲਈ ਰੂਸੀ ਹਮਲੇ ਦਾ ਖਤਰਾ ਪੈਦਾ ਹੋ ਗਿਆ ਤਾਂ ਉਸ ਸਮੇਂ ਦੇ ਗਵਰਨਰ ਜਨਰਲ ਲਾਰਡ ਆਕਲੈਂਡ ਨੇ ਮਹਾਰਾਜਾ ਸ਼ੇਰੇ ਪੰਜਾਬ ਪਾਸ ਇਹ ਸੁਨੇਹਾ ਦੇ ਕੇ ਏਲਚੀ ਭੇਜਿਆ ਕਿ ਅੰਗ੍ਰੇਜ਼ ਤੇ ਸਿਖ ਮਿਲਕੇ ਸ਼ਾਹ ਸਿਜਾਹ ਨੂੰ ਉਸਦਾ ਤਖਤ ਵਾਪਸ ਦਿਵਾਉਣ। ਸ਼ੇਰੇ ਪੰਜਾਬ ਨੇ ਇਹ ਗਲ ਮੰਨ ਲਈ। ਇਸ ਕਰਕੇ ਅੰਗ੍ਰੇਜ਼ੀ ਰਾਜ ਤੇ ਸਿਖ ਰਾਜ ਵਿਚ ਮਿਤਰਤਾ ਦੀ ਗੰਢ ਹੋਰ ਵੀ ਪੀਚੀ ਗਈ। ਇਸ ਦੇ ਨਾਲ ਹੀ ਲਾਰਡ ਆਕਲੈਂਡ ਨੇ ਸ਼ੇਰੇ ਪੰਜਾਬ ਨਾਲ ਮੁਲਾਕਾਤ ਦੀ ਇਛਿਆ ਭੀ ਪ੍ਰਗਟ ਕੀਤੀ। ਜਿਸ ਪਰ ਪਹਿਲਾਂ ਫਿਰੋਜ਼ਪੁਰ ਵਿਚ ਮੁਲਾਕਾਤ ਹੋਈ। ਇਹ ਸ਼ਹਿਰ ਉਸ ਸਮੇਂ ਅੰਗ੍ਰੇਜ਼ਾਂ ਦੇ ਅਧੀਨ ਸੀ। ਲਾਟ ਸਾਹਿਬ ਨੇ ਮਲਕਾ ਵਿਕਟੋਰੀਆ, ਈਸਟ ਇੰਡੀਆ ਕੰਪਨੀ ਅਥਵਾ ਅੰਗ੍ਰੇਜ਼ੀ ਸ੍ਰਕਾਰ ਵਲੋਂ ਸ਼ੇਰੇ ਪੰਜਾਬ ਦੀ ਭੇਟਾ ਬਹੁਤ ਸਾਰੇ ਤੋਹਫੇ ਕੀਤੇ। ਉਤਰ ਵਿਚ ਮਹਾਰਾਜਾ ਸਾਹਿਬ ਨੇ ਭੀ ਤੋਹਫੇ ਦਿਤੇ। ਦੋਹਾਂ ਸ੍ਰਕਾਰਾਂ ਦੀ ਮਿਤਰਤਾ ਬਹੁਤ ਵਧ ਗਈ। ਵਿਛੜਨ ਨੂੰ ਜੀ ਹੀ ਨਾ ਕਰੇ। ਇਸ ਲਈ ਸ਼ੇਰੇ ਪੰਜਾਬ ਲਾਟ ਸਾਹਿਬ ਨੂੰ ਲਾਹੌਰ ਤੇ ਅੰਮ੍ਰਿਤਸਰ ਆਉਣ ਦਾ ਸੱਦਾ ਦੇ ਆਏ।

ਤਿੰਨਾਂ ਦਿਨਾਂ ਪਿਛੋਂ ਹੀ ਲਾਟ ਸਾਹਿਬ ਫਿਰੋਜ਼ਪੁਰ ਤੋਂ ਅੰਮ੍ਰਿਤਸਰ ਆ ਪੁਜੇ। ਪੰਜਾਬੀ ਪ੍ਰਾਹੁਣਚਾਰੀ ਵਿਚ ਆਪਣਾ ਸਾਨੀ ਨਹੀਂ ਰਖਦੇ, ਸ਼ੇਰੇ ਪੰਜਾਬ ਲਾਟ ਸਾਹਿਬ ਪਰ ਇਹ ਗਲ ਭਲੀ ਪ੍ਰਕਾਰ ਪ੍ਰਗਟ ਕਰ ਦੇਣਾ ਚਾਹੁੰਦੇ ਸਨ। ਚੁਨਾਂਚਿ ਅੰਮ੍ਰਿਤਸਰ ਵਿਚ ਲਾਟ ਸਾਹਿਬ ਦਾ ਪੂਰਾ ਸਤਿਕਾਰ ਕੀਤਾ ਗਿਆ। ਸ਼ਹਿਰ ਵਿਚ ਲਗਾਤਾਰ ਤਿੰਨ ਰਾਤਾਂ ਦੀਪ ਮਾਲਾ ਹੁੰਦੀ ਰਹੀ ਤੇ ਦੋਵੇਂ ਸ੍ਰਕਾਰਾਂ ਮਿਲਕੇ ਮਹਿਫਲਾਂ ਗਰਮ ਕਰਦੀਆਂ ਰਹੀਆਂ। ਜਿਸ ਕਰਕੇ ਲਾਟ ਸਾਹਿਬ ਇਸ ਪ੍ਰਾਹੁਣਚਾਰੀ ਪਰ ਸਦਕੇ ਜਾਣ ਲਗਾ।

ਅੰਮ੍ਰਿਤਸਰ ਦੇ ਪਿਛੋਂ ਸ਼ੇਰੇ ਪੰਜਾਬ ਤੇ ਲਾਟ ਸਾਹਿਬ ਇਕੋ ਹਾਥੀ ਪਰ ਬਹਿ ਕੇ ਲਹੌਰ ਪੁਜੇ। ਲਾਟ ਸਾਹਿਬ ਸਿਖ ਰਾਜ ਦੀ ਸ਼ਾਨ ਵੇਖ ਕੇ ਦੰਗ ਰਹਿ ਗਏ। ਸ਼ਾਲਾ ਮਾਰ ਬਾਗ ਵਿਚ ਲਾਟ ਸਾਹਿਬ ਦੀ ਪਾਰਟੀ ਲਈ ਸ਼ਾਨਦਾਰ ਸਜਾਵਟ ਦਾ ਪ੍ਰਬੰਧ ਕੀਤਾ ਗਿਆ, ਸਾਰਾ ਬਾਗ ਗੁਲਾਗ ਤੇ ਕੇਉੜੇ ਨਾਲ ਮਹਿਕ ਰਿਹਾ ਸੀ। ਸੁਨੈਹਰੀ ਸ਼ੌਲਦਾਰੀ ਹੇਠ ਸੋਨੇ ਦੀਆਂ ਦੋ ਕੁਰਸੀਆਂ ਪਰ ਸ਼ੇਰੇ ਪੰਜਾਬ ਤੇ ਲਾਟ ਸਾਹਿਬ ਬਰਾਬਰ ਬਰਾਬਰ ਬੈਠੇ ਸਨ। ਇਕ ਪਾਸੇ ਅੰਗ੍ਰੇਜ਼ੀ ਅਫਸਰ ਤੇ ਦੂਜੇ ਪਾਸੇ ਸਿਖ ਅਫਸਰ ਸੁਭਾਇਮਾਨ ਸਨ। ਨਾਚ ਰੰਗ ਦਾ ਅਖਾੜਾ ਗਰਮ ਸੀ ਤੇ ਅੰਗ੍ਰੇਜ਼ੀ ਪ੍ਰਾਹੁਣਿਆਂ ਦੀ ਸੇਵਾ ਰੰਗ ਬਰੰਗੀ ਸ਼ਰਾਬਾਂ ਨਾਲ ਕੀਤੀ ਜਾ ਰਹੀ ਸੀ। ਕਸ਼ਮੀਰੀ ਪਰੀਆਂ ਆਪਣੇ ਨਾਚ ਦੇ ਕੋਮਲ ਹੁਨਰ ਨਾਲ ਦਿਲਾਂ ਨੂੰ ਹੱਥ ਪਾ ਰਹੀਆਂ ਸਨ। ਮਾਨੋ ਇਸ ਦੁਨੀਆਂ ਪਰ ਹੀ ਸਵਰਗ ਬਣਿਆ ਹੋਇਆ ਹੋਵੇ। ਪ੍ਰਾਹੁਣਿਆਂ ਦੀ ਸੇਵਾ ਵਿਚ ਕੋਈ ਕਸਰ ਬਾਕੀ ਨਹੀਂ ਸੀ ਪਰ ਸ਼ੇਰੇ ਪੰਜਾਬ ਦਾ ਦਿਲ ਅਜੇ ਰਜਿਆ ਨਹੀਂ ਸੀ ਤੇ ਨਾ ਹੀ ਪਤਵੰਤੇ ਪ੍ਰਾਹੁਣਿਆਂ ਦਾ ਜੀ ਜਾਣ ਲਈ ਕਰਦਾ ਸੀ। ਇਕ ਦਿਨ ਲੰਘ ਗਿਆ ਤੇ ਦੂਜਾ ਆਇਆ। ਏਸੇ ਤਰ੍ਹਾਂ ਜਲਸੇ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ ਸੀ ਪਰ ਠੀਕ ਉਸ ਵੇਲੇ ਜਦ ਮਹਿਫਲ ਗਰਮ ਹੋਈ, ਪੰਜਾਬ ਦੇ ਸ਼ੇਰ ਪਰ ਅਚਾਨਕ ਲਕਵੇ ਤੇ ਫਾਲਜ ਦੀ ਬੀਮਾਰੀ ਨੇ ਹਮਲਾ ਕਰ ਦਿਤਾ, ਜਬਾਨ ਬੰਦ ਪੈ ਗਈ ਤੇ ਮੂੰਹ ਤੋਂ ਪਾਣੀ ਜਾਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਪੰਜਾਬ ਦਾ ਸ਼ੇਰ ਮੰਜੇ ਪਰ ਢਹਿ ਪਿਆ;ਪਰ ਪ੍ਰਾਹੁਣਿਆਂ ਦੀ ਸੇਵਾ ਵਿਚ ਉਸ ਨੇ ਫਰਕ ਨਹੀਂ ਆਉਣ ਦਿਤਾ-ਮਹਿਫਲ ਗਰਮ ਰਹੀ ਪਰ ਫਿਕੀ ਫਿਕੀ। ਠੀਕ ਉਸ ਹਾਲਤ ਵਿਚ, ਜਿਸ ਤਰ੍ਹਾਂ ਮਾਲੀ ਤੋਂ ਬਿਨਾਂ ਬਾਗ ਹੁੰਦਾ ਹੈ।

ਕੌਮਾਂ ਦੀ ਚੰਗੀ ਮੰਦੀ ਕਿਸਮਤ ਦੇ ਨਿਸ਼ਾਂਨ ਪਹਿਲਾਂ ਹੀ ਦਿਸਣ ਲਗ ਪੈਂਦੇ ਹਨ। ਅੰਗ੍ਰੇਜ਼ ਦਾ ਕਦਮ ਪੰਜਾਬ ਵਿਚ ਪੈਣ ਨਾਲ ਹੀ ਪੰਜਾਬ ਦਾ ਸੁਤੰਤਰ ਪਾਤਸ਼ਾਹ ਮੰਜੇ ਪਰ ਪੈ ਜਾਂਦਾ ਏ। ਇਹ ਸਿਖ ਰਾਜ ਲਈ ਭੈੜੀ ਤੇ ਅੰਗ੍ਰੇਜ਼ ਲਈ ਚੰਗੀ ਫਾਲ ਨਹੀਂ ਤਾਂ ਹੋਰ ਕੀ ਹੈ। ਅੰਗ੍ਰੇਜ਼ ਦੀ ਮਿਤਰਤਾ ਕੁਟਲ ਨੀਤੀ ਤੋਂ ਖਾਲੀ ਨਹੀਂ ਸੀ। ਉਹ ਪੰਜਾਬ ਤੋਂ ਬਿਨਾਂ ਹਿੰਦੁਸਤਾਨ ਵਿਚ ਆਪਣਾ ਰਾਜ ਅਧੂਰਾ ਸਮਝ ਰਿਹਾ ਸੀ, ਮਾਨੋ ਸਿਰ ਰਹਿਤ ਲਾਸ਼, ਇਸ ਲਈ ਮਿਤਰਤਾ ਦੇ ਬਹਾਨੇ ਤੇ ਰੂਸ ਦਾ ਡਰ ਦੱਸ ਕੇ ਉਸਨੇ ਸਿਖ ਰਾਜ ਵਿਚ ਪੈਰ ਰਖਣੇ ਸ਼ੁਰੂ ਰਖੇ ਤੇ ਇਹ ਅਜੇਹੇ ਸਬਜ਼ ਕਦਮ ਆਏ ਕਿ ਪੰਜਾਬ ਦੇ ਰਾਜ ਨੂੰ ਢਾਹ ਲਗਣੀ ਸ਼ੁਰੂ ਹੋ ਗਈ, ਇਸ ਦਾ ਮਾਲਕ ਮੰਜੇ ਤੇ ਪੈ ਗਿਆ, ਉਸ ਮੰਜੇ ਤੇ ਜਿਸ ਤੇ ਹਾਲਾਂ ਤਕ ਨਾ ਕੋਈ ਉਠਿਆ ਏ ਤੇ ਨਾ ਹੀ ਉਠ ਸਕੇਗਾ..... ਜ਼ਾਲਮ ਮੌਤ ਪੰਜਾਬ ਦੇ ਸ਼ੇਰ ਨੂੰ ਜ਼ੋਰ ਨਾਲ ਆਪਣੀ ਵਲ ਖਿੱਚ ਰਹੀ ਸੀ। ਚੰਗੇ ਚੰਗੇ ਦੇਸ਼ੀ ਹਕੀਮਾਂ ਤੇ ਅੰਗ੍ਰੇਜ਼ੀ ਡਾਕਟਰਾਂ ਦਾ ਇਲਾਜ ਹੋਣ ਲੱਗਾ ਪਰ ਇਲਾਜ ਸਾਰੇ ਵਧੀ ਦੇ ਹਨ। ਕੋਈ ਇਲਾਜ ਸ਼ੇਰੇ ਪੰਜਾਬ ਨੂੰ ਨਹੀਂ ਪੋਂਹਦਾ ਸੀ। ਇਉਂ ਮਲੂਮ ਹੁੰਦਾ ਸੀ ਕਿ ਬੀਮਾਰੀ ਨੂੰ ਦਵਾਈ ਤੋਂ ਚਿੜ ਹੈ। ਏਸੇ ਲਈ ਹਰ ਦਵਾਈ ਬੀਮਾਰੀ ਨੂੰ ਘਟਾਉਣ ਦੀ ਥਾਂ ਵਧਾਉਂਦੀ ਹੀ ਹੈ।

ਆਖਰ ਜਦ ਸ਼ੇਰੇ ਪੰਜਾਬ ਨੂੰ ਆਪਣਾ ਅੰਤ ਸਾਫ਼ ਨਜ਼ਰ ਆਉਣ ਲਗਾ ਤਾਂ ਉਸਨੇ ਇਕ ਦਿਨ ਸਾਰੇ ਸਿਖ ਸ੍ਰਦਾਰ ਇਕੱਠੇ ਕੀਤੇ ਤੇ ਉਨ੍ਹਾਂ ਦੇ ਸਾਹਮਣੇ ਰਾਜ ਕੁਮਾਰ ਖੜਕ ਸਿੰਘ ਨੂੰ ਪੰਜਾਬ ਦਾ ਰਾਜ ਤਿਲਕ ਦੇ ਦਿਤਾ। ਇਸ ਸਮੇਂ ਦਾ ਨਜ਼ਾਰਾ ਡਾਢਾ ਦਰਦਨਾਕ ਸੀ। ਸਾਰੇ ਸ੍ਰਦਾਰਾਂ ਦੀਆਂ ਅੱਖਾਂ ਵਿਚ ਅੱਥਰੂ ਸਨ। ਸ਼ੇਰੇ ਪੰਜਾਬ ਜਿਹਾ ਬਾਦਸ਼ਾਹ ਕੁਦਰਤ ਬਾਰ ਬਾਰ ਪੈਦਾ ਨਹੀਂ ਕਰਦੀ ਤੇ ਉਸ ਜਿਹਾ ਸਿਖ ਰਾਜ ਦਾ ਨਿਗਾਹ ਬਾਨ ਕੋਈ ਹੋਰ ਬਣ ਸਕੇਗਾ? ਇਹੋ ਸਵਾਲ ਸ੍ਰਦਾਰਾਂ ਨੂੰ ਵਿਚੇ ਵਿਚ ਖਾਈ ਜਾ ਰਿਹਾ ਸੀ। ਸ੍ਰਦਾਰ ਡੋਗਰਿਆਂ ਦੀ ਵਧੀ ਹੋਈ ਤਾਕਤ ਤੇ ਨੀਯਤ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਸ਼ੇਰੇ ਪੰਜਾਬ ਦੇ ਸਾਹਮਣੇ ਤਾਂ ਉਨ੍ਹਾਂ ਦੀ ਦਮ ਮਾਰਨ ਦੀ ਜੁਰਅਤ ਨਹੀਂ ਸੀ ਪਰ ਉਸ ਦੇ ਪਿਛੋਂ ਉਹ ਕਿਸੇ ਦਾ ਡਰ ਰਖਣਗੇ, ਇਸ ਦੀ ਆਸ ਉਕੀ ਹੀ ਨਜ਼ਰ ਨਹੀਂ ਸੀ ਆਉਂਦੀ।

ਸ਼ੇਰੇ ਪੰਜਾਬ ਦਾ ਇਸ ਸਬੰਧੀ ਕੀ ਖਿਆਲ ਸੀ? ਪੱਕੀ ਤਰ੍ਹਾਂ ਇਸ ਸਬੰਧੀ ਕੁਝ ਕਹਿਣਾ ਔਖਾ ਹੈ ਪਰ ਪ੍ਰਤੀਤ ਹੁੰਦਾ ਏ ਕਿ ਆਖਰੀ ਦਿਨਾਂ ਵਿਚ ਉਹ ਇਨ੍ਹਾਂ ਦੀ ਬਦਨੀਤ ਨੂੰ ਭਾਪ ਗਿਆ ਸੀ; ਪ੍ਰੰਤੂ ਉਸ ਸਮੇਂ ਜਦ ਕੁਝ ਹੋ ਨਹੀਂ ਸੀ ਸਕਦਾ। ਸ਼ੇਰੇ ਪੰਜਾਬ ਮੌਤ ਦੇ ਮੰਜੇ ਪਰ ਪਿਆ ਜ਼ਿੰਦਗੀ ਦੇ ਆਖਰੀ ਸਾਹ ਗਿਣ ਰਿਹਾ ਹੈ ਪਰ ਉਸ ਦੇ ਹੋਸ਼ ਹਵਾਸ ਹਾਲਾਂ ਭੀ ਕਾਇਮ ਹਨ। ਕੁਦਰਤ ਨੇ ਜ਼ਬਾਨ ਨੂੰ ਭੀ ਚਲਣ ਦੀ ਖੁਲ ਦੇ ਦਿਤੀ ਏ, ਤਾਂਕਿ ਕੋਈ ਭੇਦ ਉਸ ਦੇ ਮਹਾਨ ਹਿਰਦੇ ਵਿਚ ਲੁਕਿਆ ਹੀ ਨਾ ਚਲਿਆ ਜਾਵੇ। ਦੀਵਾ ਬੁਝਣ ਤੋਂ ਪਹਿਲਾ ਵਧੇਰੇ ਜ਼ੋਰ ਨਾਲ ਬਲ ਉਠਦਾ ਏ, ਇਹੋ ਹਾਲਤ ਇਸ ਸਮੇਂ ਸਿਖ ਪਾਤਸ਼ਾਹ ਦੀ ਸੀ। ਉਸ ਦੇ ਨੇੜੇ ਰਾਜਾ ਧਿਆਨ ਤੇ ਹੋਰ ਸ੍ਰਦਾਰ ਬੈਠੇ ਹੋਏ ਹਨ। ਮਹਾਰਾਜਾ ਖੜਕ ਸਿੰਘ ਭੀ ਪਿਤਾ ਦੇ ਚਰਨਾਂ ਵਲ ਨੀਵੀਂ ਪਾਈ ਅਥਰੂ ਕੇਰ ਰਿਹਾ ਏ। ਹਕੀਮ ਦਬਾਦਬ ਦਵਾਈਆਂ ਤਿਆਰ ਕਰ ਰਹੇ ਹਨ। ਮਾਨੋ ਉਨ੍ਹਾਂ ਨੂੰ ਹਾਲਾਂ ਭੀ ਨਿਸਚਾ ਏ ਕਿ ਉਨਾਂ ਦੀਆਂ ਦਵਾਈਆਂ ਸ਼ੇਰੇ ਪੰਜਾਬ ਨੂੰ ਮੌਤ ਦੇ ਮੂੰਹ ਵਿਚੋਂ ਕਢ ਲੈਣਗੀਆਂ। ਭੋਲੇ ਹਕੀਮਾਂ ਨੂੰ ਆਪਣੀਆਂ ਦਵਾਈਆਂ ਪਰ ਕਿਤਨਾ ਮਾਣ ਹੈ; ਉਹ ਇਤਨਾ ਭੀ ਨਹੀਂ ਸਮਝਦੇ ਕਿ ਜਦ ਦਵਾਈਆਂ ਦੇ ਮਾਲਕ ਲੁਕਮਾਨ ਤੇ ਧੁਨੰਤਰ ਜਿਹੇ ਭੀ ਨਹੀਂ ਰਹੇ ਤਾਂ ਉਨ੍ਹਾਂ ਦੀਆਂ ਦਵਾਈਆਂ ਹੋਰ ਕਿਸੇ ਨੂੰ ਕੀ ਬਚਾ ਸਕਦੀਆਂ ਹਨ। ਜਿਸ ਦੀ ਵਧੀ ਏ, ਬਿਨਾਂ ਦਵਾਈ ਖਾਣ ਤੋਂ ਭੀ ਉਸਨੂੰ ਕੋਈ ਖਤਰਾ ਨਹੀਂ ਏ ਤੇ ਜਿਸਦੀ ਘਟੀ ਏ, ਲਖ ਦਵਾਈਆਂ ਭੀ ਉਸ ਨੂੰ ਬਚਾ ਨਹੀਂ ਸਕਦੀਆਂ ਖੁਦਾਈ ਦਾਹਵੇ ਬੰਨਣ ਵਾਲੇ ਹਕੀਮਾਂ ਵਿਚੋਂ ਆਪ ਭੀ ਤਾਂ ਕੋਈ ਬਚਦਾ ਨਜ਼ਰ ਨਹੀਂ ਆਉਂਦਾ।

ਸ਼ੇਰੇ ਪੰਜਾਬ ਦੇ ਪਲੰਗ ਦੇ ਦੁਆਲੇ ਮਾਤਮ ਦੀ ਸਫ਼ ਵਿਛੀ ਹੋਈ ਸੀ ਤੇ ਮੌਤ ਜਿਹੀ ਖਾਮੋਸ਼ੀ ਨਜ਼ਰ ਆਉਂਦੀ ਸੀ। ਇਸ ਹਾਲਤ ਵਿਚ ਅਚਾਨਕ ਸ਼ੇਰੇ ਪੰਜਾਬ ਬੋਲ ਉਠਿਆ ‘‘ਧਿਆਨ ਸਿੰਘਾ!’’

‘‘ਸ੍ਰੀ ਮਾਨ ਜੀ!’’ ਧਿਆਨ ਸਿੰਘ ਹੱਥ ਬੰਨ੍ਹੀ ਉਨ੍ਹਾਂ ਦੇ ਸਾਹਮਣੇ ਖੜਾ ਸੀ।

‘‘ਖੜਕ ਸਿੰਘ ਕਿਥੇ ਏ?’’ਸ਼ੇਰੇ ਪੰਜਾਬ ਨੇ ਫੇਰ ਕਿਹਾ।

‘‘ਹਾਜ਼ਰ ਹਾਂ ਪਿਤਾ ਜੀ!’’

‘‘ਦੋਵੇਂ ਜਣੇ ਮੇਰੇ ਪਾਸ ਆਓ।’’

ਧਿਆਨ ਸਿੰਘ ਤੇ ਖੜਕ ਸਿੰਘ ਮਹਾਰਾਜ ਦੇ ਬਿਲਕੁਲ ਨੇੜੇ ਆ ਗਏ।

ਸ਼ੇਰੇ ਪੰਜਾਬ ਨੇ ਦੋਹਾਂ ਦੇ ਹੱਥ ਆਪਣੇ ਹੱਥਾਂ ਵਿਚ ਲੈ ਲਏ। ਸਾਰੇ ਸ੍ਰਦਾਰ ਹੈਰਾਨਗੀ ਨਾਲ ਉਨ੍ਹਾਂ ਵਲ ਵੇਖ ਰਹੇ ਸਨ।

ਸ਼ੇਰੇ ਪੰਜਾਬ ਨੇ ਫੇਰ ਕਹਿਣਾ ਸ਼ੁਰੂ ਕੀਤਾ, ਉਸ ਦੀ ਅਵਾਜ਼ ਵਿਚ ਹਾਲਾਂ ਭੀ ਸ਼ੇਰ ਜਿਹੀ ਗਰਜ ਸੀ, ਭਾਵੇਂ ਪਹਿਲਾਂ ਨਾਲੋਂ ਕੁਝ ਮਧਮ। ਖੜਕ ਸਿੰਘ ਦਾ ਹੱਥ ਧਿਆਨ ਸਿੰਘ ਦੇ ਹੱਥ ਵਿਚ ਦਿੰਦੇ ਹੋਏ ਉਸਨੇ ਆਖਿਆ-

‘‘ਧਿਆਨ ਸਿੰਘਾ! ਸਾਡਾ ਅੰਤ ਸਮਾਂ ਆ ਚੁਕਿਆ ਹੈ। ਅਕਾਲ ਪੁਰਖ ਦੀ ਰਜ਼ਾ ਨੂੰ ਕੌਣ ਮੋੜ ਸਕਦਾ ਹੈ। ਜੰਮ ਕੇ ਮਰਨਾ ਕੁਦਰਤ ਦਾ ਅਟੱਲ ਨਿਯਮ ਏ ਤੇ ਕਿਸੇ ਦੀ ਸ਼ਕਤੀ ਹੈ ਕਿ ਇਸਨੂੰ ਤੋੜ ਸਕੇ। ਅਸੀਂ ਭੀ ਅਕਾਲ ਪੁਰਖ ਦੇ ਸੱਦੇ ਪਰ ਉਸ ਦੀ ਹਜ਼ੂਰੀ ਵਿਚ ਜਾ ਰਹੇ ਹਾਂ।’’

ਧਿਆਨ ਸਿੰਘ ਦੀਆਂ ਅਖਾਂ ਵਿਚੋਂ ਛਮਾਂ ਛਮ ਅਥਰੂ ਵਗ ਰਹੇ ਸਨ, ਮਾਨੋ ਮੋਹਲੇਧਾਰ ਮੀਂਹ ਪੈ ਰਿਹਾ ਹੋਵੇ।

‘‘ਬੁਜ਼ਦਿਲ ਨਾ ਬਣ ਧਿਆਨ ਸਿੰਘਾ! ਮੇਰੀ ਗਲ ਸੁਣ। ਸਮਾਂ ਬਹੁਤ ਥੋੜਾ ਏ।’’ ਇਹ ਕਹਿਣ ਦੇ ਨਾਲ ਹੀ ਮਹਾਰਾਜ ਨੂੰ ਡੋਬ ਜਿਹਾ ਪੈਣ ਲਗਾ। ਹਕੀਮ ਨੂਰਦੀਨ ਛੇਤੀ ਛੇਤੀ ਦਵਾਈ ਦਾ ਚਿਮਚਾ ਲੈ ਕੇ ਅਗੇ ਵਧਿਆ ਪਰ ਮਹਾਰਾਜ ਤਦ ਤਕ ਸੰਭਲ ਚੁਕੇ ਸਨ। ਉਨ੍ਹਾਂ ਇਹ ਕਹਿ ਕੇ ਦਵਾਈ ਖਾਣ ਤੋਂ ਨਾਂਹ ਕਰ ਦਿਤੀ ਕਿ ਹੁਣ ਇਨ੍ਹਾਂ ਦੀ ਲੋੜ ਨਹੀਂ ਰਹੀ। ਉਨ੍ਹਾਂ ਨੇ ਧਿਆਨ ਸਿੰਘ ਨੂੰ ਸੰਬੋਧਨ ਕਰਕੇ ਫੇਰ ਕਹਿਣਾ ਸ਼ੁਰੂ ਕੀਤਾ:-

‘‘ਧਿਆਨ ਸਿੰਘਾ! ਮੈਂ ਮਹਾਰਾਜਾ ਖੜਕ ਸਿੰਘ ਦਾ ਹੱਥ ਤੇਰੇ ਹੱਥ ਵਿਚ ਕਿਸ ਲਈ ਦਿਤਾ ਏ, ਸਮਝਿਆ ਕੁਝ?’’

ਧਿਆਨ ਸਿੰਘ ਜ਼ਾਰੋ ਜ਼ਾਰ ਰੋ ਰਿਹਾ ਸੀ, ਮਹਾਰਾਜ ਨੇ ਕਿਹਾ- ‘‘ਪਿਛੇ ਜੋ ਬੀਤ ਗਈ ਬੀਤ ਗਈ, ਭੁਲ ਜਾਓ ਉਸਨੂੰ। ਹੁਣ ਸਿਖ ਰਾਜ, ਖੜਕ ਸਿੰਘ ਤੇ ਸਾਡੇ ਪ੍ਰਵਾਰ ਦੀ ਇਜ਼ਤ ਤੇਰੇ ਹੱਥ ਵਿਚ ਹੈ, ਏਸੇ ਲਈ ਮੈਂ ਖੜਕ ਸਿੰਘ ਦੀ ਬਾਂਹ ਤੈਨੂੰ ਫੜਾ ਰਿਹਾ ਹਾ। ਸਹੁੰ ਖਾ ਕਿ ਹਮੇਸ਼ਾਂ ਲਈ ਇਸ ਦਾ ਵਫ਼ਾਦਾਰ ਰਹੇਗਾ ਤੇ ਦਿਲ ਵਿਚੋਂ ਸਾਰੀਆਂ ਕਦੂਰਤਾਂ ਕਢ ਦੇਵੇਗਾ।’’

‘‘ਮੇਰੇ ਮਾਲਕ ਮੇਰੇ ਦਿਲ ਵਿਚ ਕੋਈ ਕਦੂਰਤ ਨਹੀਂ ਤੇ ਮੈਂ ਇਤਨਾ ਨਿਮਕ ਹਰਾਮ ਨਹੀਂ ਕਿ ਨਵੇਂ ਮਹਾਰਾਜ ਦਾ ਵਫਾਦਾਰ ਨਾ ਰਹਾਂ।" ਧਿਆਨ ਸਿੰਘ ਨੇ ਕਿਹਾ।

‘‘ਭਾਈ ਦਿਲਾਂ ਦੀਆਂ ਗੱਲਾਂ ਤਾਂ ਅਕਾਲ ਪੁਰਖ ਹੀ ਜਾਣਦਾ ਏ। ਸਾਡੀ ਤਸੱਲੀ ਲਈ ਸਹੁੰ ਖਾ।’’

ਗੀਤਾ ਹੱਥ ਵਿਚ ਲੈ ਕੇ ਧਿਆਨ ਸਿੰਘ ਨੇ ਕਹਿਣਾ ਸ਼ੁਰੂ ਕੀਤਾ- ‘‘ਮੈਂ ਆਪਣੇ ਇਸ਼ਟ ਦੀ ਸਹੁੰ ਖਾ ਕੇ ਕਹਿੰਦਾ ਹਾਂ ਕਿ ਆਪਣੇ ਮਾਲਕ ਦਾ ਨਿਮਕ ਪੂਰੀ ਤਰ੍ਹਾਂ ਹਲਾਲ ਕਰਾਂਗਾ ਅਤੇ ਮਹਾਰਾਜਾ ਖੜਕ ਸਿੰਘ ਦਾ ਹਮੇਸ਼ਾਂ ਲਈ ਵਫਾਦਾਰ ਰਹਾਂਗਾ ਤੇ ਸਿਖ ਰਾਜ ਦੀ ਜਾਨ ਨਾਲ ਹਿਫਾਜ਼ਤ ਕਰਾਂਗਾ।’’

‘‘ਮਹਾਰਾਜ ਨੇ ਦੋਹਾਂ ਨੂੰ ਅਸ਼ੀਰਵਾਦ ਦਿਤੀ ਤੇ ਫੇਰ ਹੋਰ ਸ੍ਰਦਾਰਾਂ ਨੂੰ ਕਹਿਣਾ ਸ਼ੁਰੂ ਕੀਤਾ।

‘‘ਸਿਖ ਰਾਜ ਦਿਓ ਬਹਾਦਰ ਸ੍ਰਦਾਰੋ ਤੇ ਸਾਡੇ ਪਿਆਰਿਓ! ਅਸੀਂ ਜਾ ਰਹੇ ਹਾਂ, ਓਥੇ ਜਿਥੇ ਜਾ ਕੇ ਹਾਲਾਂ ਤਕ ਨਾ ਕੋਈ ਮੁੜਿਆ ਹੈ ਤੇ ਨਾਹੀ ਮੁੜੇਗਾ। ਆਪ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੇਸਰੀ ਝੰਡਾ ਉਚਾ ਰਖਣ ਲਈ ਜਿਨ੍ਹਾਂ ਕਠਿਨਾਈਆਂ ਨਾਲ ਸਿਖ ਰਾਜ ਦਾ ਇਹ ਸ਼ਾਨਦਾਰ ਮਹੱਲ ਉਸਾਰਿਆ ਏ, ਤੁਹਾਡੇ ਵਿਚੋਂ ਇਕ ਇਕ ਇਸ ਗਲ ਨੂੰ ਚੰਗੀ ਤਰ੍ਹਾਂ ਜਾਣਦਾ ਏ। ਸਾਡੇ ਜੁਵਾਨਾਂ ਦੀਆਂ ਹੱਡੀਆਂ, ਮਿਜ ਤੇ ਖੂਨ ਨਾਲ ਬਣਿਆ ਜੇ ਇਹ ਮਹੱਲ-ਤੇ ਤੁਸੀ ਹੋ ਇਸਦੀਆਂ ਥੰਮੀਆਂ। ਮੇਰੇ ਪਿਛੋਂ ਇਹ ਤੁਹਾਡੇ ਆਸਰੇ ਈ ਜੇ। ਵੇਖਣਾ ਕਿਤੇ ਇਹ ਡਿਗ.........।’’

ਇਹ ਕਹਿੰਦੇ ਕਹਿੰਦੇ ਸ਼ੇਰੇ ਪੰਜਾਬ ਦੀ ਜ਼ਬਾਨ ਰੁਕ ਗਈ। ਹਕੀਮ ਫੇਰ ਦਵਾਈ ਲੈ ਕੇ ਅਗੇ ਵਧੇ ਪਰ ਸ਼ੇਰੇ ਪੰਜਾਬ ਉਨ੍ਹਾਂ ਨੂੰ ਹੱਥ ਦੇ ਇਸ਼ਾਰੇ ਨਾਲ ਰੋਕ ਦਿਤਾ। ਇਸ ਤੋਂ ਕੁਝ ਦੇ ਪਿਛੋਂ ਮਹਾਰਾਜ ਨੇ ਫੇਰ ਬੋਲਣ ਦਾ ਯਤਨ ਕੀਤਾ ਪਰ ਇਸ ਵਾਰ ਜ਼ਬਾਨ ਨੇ ਪੂਰੀ ਤਰ੍ਹਾਂ ਸਾਥ ਨਹੀਂ ਦਿਤਾ। ਇਸ ਪਰ ਉਸ ਨੇ ਪਾਸਾ ਪਰਤ ਕੇ ਇਕ ਅਖ ਨਾਲ ਸਰਦਾਰਾਂ ਵਲ ਤੱਕਿਆ, ਸਾਰਿਆਂ ਦੀਆਂ ਅੱਖਾਂ ਭਿਜੀਆਂ ਹੋਈਆਂ ਸਨ। ਮਹਾਰਾਜ ਫੇਰ ਸਿਧੇ ਲੰਮੇ ਪੈ ਗਏ। ਪਲ ਕੁ ਪਿਛੋਂ ਉਨ੍ਹਾਂ ਦੀਆਂ ਅੱਖਾਂ ਪਥਰਾ ਚੁਕੀਆਂ ਸਨ, ਨਬਜ਼ ਬੰਦ ਹੋ ਗਈ ਸੀ ਤੇ ਦਿਲ ਆਖਰੀ ਵਾਰ ਧੜਕ ਕੇ ਆਪਣਾ ਕੰਮ ਖਤਮ ਕਰ ਚੁਕਿਆ ਸੀ। ਪੰਜਾਬ ਦਾ ਸ਼ੇਰ ਹੁਣ ਇਸ ਸੰਸਾਰ ਵਿਚ ਨਹੀਂ ਸੀ। ਸ਼ੇਰ ਪਿੰਜਰਾ ਤੋੜ ਕੇ ਸੁਤੰਤਰ ਵਾਯੂ ਮੰਡਲ ਵਲ ਭਜ ਚੁਕਿਆ ਸੀ ਤੇ ਉਸ ਦਾ ਟੂਟਾ ਭੱਜਾ ਪਿੰਜਰਾ ਸਾਹਮਣੇ ਪਿਆ ਸੀ।

ਜ਼ਾਲਮ ਮੌਤ ਤੂੰ ਕੀ ਏਂ? ਜਿਸ ਦੇ ਅਗ ਸੰਸਾਰ ਦਾ ਕੋਈ ਯੋਧਾ ਭੀ ਨਹੀਂ ਅੜਿਆ। ਉਹ ਸ਼ੇਰੇ ਪੰਜਾਬ ਜਿਸ ਦੀ ਜ਼ਿੰਦਗੀ ਵਿਚ ਕੋਈ ਨਾਢੂ ਖਾਂ ਅਖ ਉਚੀ ਕਰਕੇ ਭੀ ਉਸ ਵਲ ਨਾ ਵੇਖ ਸਕਿਆ, ਉਹ ਸ਼ੇਰੇ ਪੰਜਾਬ ਜਿਸ ਦਾ ਦਬ ਦਬਾ ਇੰਗਲੈਂਡ, ਫਰਾਂਸ ਤੇ ਰੁਸ ਤਕ ਫੈਲਿਆ ਹੋਇਆ ਸੀ, ਉਹ ਸ਼ੇਰੇ ਪੰਜਾਬ ਜਿਸ ਨਾਲ ਮਿਤਰਤਾ ਕਾਇਮ ਕਰਨ ਲਈ ਚੌਥਾਈ ਸੰਸਾਰ ਦਾ ਮਾਲਕ ਅੰਗ੍ਰੇਜ਼ ਤਰਲੇ ਲੈ ਰਿਹਾ ਸੀ, ਉਹ ਸ਼ੇਰੇ ਪੰਜਾਬ ਦਖਣ ਦੇ ਮਰਹੱਟੇ ਜਿਸ ਵਲ ਸਹਾਇਤਾ ਲਈ ਤੱਕਦੇ ਸਨ ਤੇ ਉਹ ਸ਼ੇਰੇ ਪੰਜਾਬ ਕਾਬਲ ਦ ਪਠਾਨ ਜਿਸ ਦੇ ਹੱਥ ਦੀ ਕਠਪੁਤਲੀ ਬਣਕੇ ਰਹਿ ਗਏ ਸਨ, ਮੌਤ ਦੇ ਮੁਕਾਬਲੇ ਵਿਚ ਉਹ ਭੀ ਸਾਧਾਰਣ ਇਨਸਾਨਾਂ ਵਾਂਗ ਦੁਰਬਲ ਸਾਬਤ ਹੋਇਆ। ਕੋਈ ਚੀਜ਼ ਭੀ ਉਸਨੂੰ ਬਚਾ ਨਹੀਂ ਸਕੀ। ਹੁਣ ਉਸ ਦੀ ਲਾਸ਼ ਸਾਹਮਣੇ ਪਲੰਗ ਪਰ ਪਈ ਸੀ ਤੇ ਉਸ ਦੇ ਸ੍ਰਦਾਰ, ਪੁਤਰ ਤੇ ਪੋਤਰੇ ਧਾਹਾਂ ਮਾਰ ਕੇ ਰੋ ਰਹੇ ਸਨ। ਧਿਆਨ ਸਿੰਘ ਦਾ ਰੁਦਨ ਤਾਂ ਪਥਰਾਂ ਨੂੰ ਭੀ ਮੋਮ ਕਰੀ ਜਾਂਦਾ ਸੀ। ਇਉਂ ਮਲੂਮ ਹੁੰਦਾ ਸੀ ਕਿ ਸ਼ੇਰੇ ਪੰਜਾਬ ਦੀ ਮੌਤ ਦਾ ਸਦਮਾਂ ਉਸਨੂੰ ਲੈ ਡੁਬੇਗਾ।

ਹਾਂ, ਪੰਜਾਬ ਦਾ ਸ਼ੇਰ ਚਲਿਆ ਗਿਆ। ਸਿਖ ਰਾਜ ਦਾ ਸੂਰਜ ਅਲੋਪ ਹੋ ਗਿਆ-ਸਦਾ ਲਈ। ਇਸ ਵਿਸ਼ਾਲ ਰਾਜ ਪਰ ਉਹ ਰਾਤ ਆਈ ਜਿਸ ਦੇ ਪਿਛੋਂ ਕਦੇ ਦਿਨ ਨਹੀਂ ਚੜ੍ਹਿਆ ਤੇ ਨਾਹੀ ਚੜੇਗਾ। ਪੰਜਾਂ ਦਰਿਆਵਾਂ ਦੀ ਦੇਵੀ ਰੰਡੀ ਹੋ ਗਈ, ਉਸਦਾ ਸੁਹਾਗ ਖੁਸ ਗਿਆ। ਸੁਖਾਂ ਦੇ ਦਿਨ ਚਲੇ ਗਏ ਤੇ ਦੁਖਾਂ ਦੇ ਲੰਮ ਵਹਿਣ ਆ ਗਏ, ਜਿਨ੍ਹਾਂ ਨੇ ਕਦੇ ਮੁਕਣਾ ਨਹੀਂ। ਠੀਕ ਕਹਿੰਦੇ ਨੇ ਮਰਦ ਦੀ ਮਾਇਆ ਤੇ ਬ੍ਰਿਛ ਦੀ ਛਾਇਆ ਉਸ ਦੇ ਨਾਲ ਹੀ ਚਲੀ ਜਾਂਦੀ ਹੈ। ਸੋ ਇਹ ਝੂਠੀ ਗਲ ਨਹੀਂ ਏ। ਸ਼ੇਰੇ ਪੰਜਾਬ ਕੀ ਗਿਆ, ਸਿਖ ਰਾਜ ਦਾ ਸਾਰਾ ਦਬ ਦਬਾ ਚਲਿਆ ਗਿਆ, ਸ਼ੇਰੇ ਪੰਜਾਬ ਨੇ ਇਕ ਵਾਰ ਫਖਰ ਨਾਲ ਕਿਹਾ ਸੀ ਕਿ- ‘‘ਬਾਰਾਂ ਸਾਲਾਂ ਤਕ ਤਾਂ ਸਾਡੀ ਮੜ੍ਹੀ ਭੀ ਰਾਜ ਕਰਗੀ।’’ ਸੋ ਇਹੋ ਗਲ ਹੋਈ। ਉਸ ਦੀ ਮੌਤ ਦੇ ਨਾਲ ਹੀ ਸਿਖ ਰਾਜ ਦੀਆਂ ਥੰਮੀਆਂ ਹਿਲਣੀਆਂ ਸ਼ੁਰੂ ਹੋ ਗਈਆਂ ਤੇ ਇੱਟਾਂ ਨੂੰ ਕਿਰਨਾ ਸ਼ੁਰੂ ਕਰ ਦਿਤਾ।