ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਅਧੂਰੀ ਬਹਿਸ ਦਾ ਜ਼ਹਿਰ

ਵਿਕੀਸਰੋਤ ਤੋਂ

'ਅੱਜ ਮੈਂ ਤੁਹਾਨੂੰ ਉਸ ਆਦਮੀ ਦੀ ਕਹਾਣੀ ਸੁਣਾਉਣ ਲੱਗਿਆ ਹਾਂ, ਜੋ ਆਦਮੀ ਘੱਟ ਹੈ ਤੇ ਵਹਿਸ਼ੀ ਜ਼ਿਆਦਾ, ਮਤਲਬ ਕਿ ਬਹੁਤ ਵਹਿਸ਼ੀ। ਉਹ ਦੇ ਬੱਚੇ ਹਨ। ਉਹ ਦੀ ਪਤਨੀ ਮਰ ਚੁੱਕੀ ਹੈ। ਉਹ ....'

'ਬੰਦ ਕਰ, ਯਾਰ, ਏਸ ਕਹਾਣੀ ਨੂੰ। ਕਿੰਨਾ ਕੁ ਚਿਰ ਤੂੰ ਇਸੇ ਬੰਦੇ ਦੀਆਂ ਕਹਾਣੀਆਂ ਸੁਣਾਉਂਦਾ ਰਹੇਂਗਾ?' ਤੁਹਾਡੇ ਵਿੱਚੋਂ ਹੀ ਕੋਈ ਬੋਲਦਾ ਹੈ।

'ਨਹੀਂ ਬਈ, ਇਹ ਉਸ ਦੀ ਹੋਰ ਕਹਾਣੀ ਹੈ। ਉਹ ਦੀ ਇੱਕ ਕਹਾਣੀ ਮੁੱਕਦੀ ਹੈ ਤਾਂ ਹੋਰ ਇਕ ਖੜ੍ਹੀ ਹੋ ਜਾਂਦੀ ਹੈ। ਇਹ ਉਹ ਦੀ ਨਵੀਂ ਕਹਾਣੀ ਹੈ।'

'ਚੰਗਾ ਸੁਣਾ, ਪਰ ਸਾਨੂੰ ਜਗਾਈਂ ਨਾ।'

'ਆਪਣੇ ਨਾ-ਮੁਕੰਮਲ ਜਿਹੇ ਮਕਾਨ ਵਿੱਚ ਉਹ ਉਦਾਸ ਬੈਠਾ ਹੈ। ਕਮਾਲ ਹੈ, ਮਕਾਨ ਤਾਂ ਅਜੇ ਪੂਰਾ ਵੀ ਨਹੀਂ ਹੋਇਆ, ਗੋਲੇ ਕਬੂਤਰ ਪਹਿਲਾਂ ਆ ਬੈਠੇ। ਚਿੜੀਆਂ ਨੇ ਆਲ੍ਹਣੇ ਪਾ ਲਏ ਹਨ। ਆਲ੍ਹਣੇ ਮੁਬਾਰਕ।'

'ਜਿਨ੍ਹਾਂ ਦਿਨਾਂ ਵਿੱਚ ਉਹ ਦੀ ਪਤਨੀ ਮੰਜੇ 'ਤੇ ਪਈ ਆਪਣੇ ਆਖ਼ਰੀ ਸਾਹ ਗਿਣ ਰਹੀ ਸੀ, ਉਹ ਦਾ ਸੰਪਰਕ ਨਿਸ਼ਾ ਨਾਲ ਹੋ ਗਿਆ। ਨਿਸ਼ਾ ਉਹ ਦੀਆਂ ਦੁੱਖ ਭਰੀਆਂ ਗੱਲਾਂ ਸੁਣਦੀ ਤਾਂ ਹਉਂਕਾ ਲੈਂਦੀ ਤੇ ਉਹ ਨੂੰ ਕਹਿਣ ਲੱਗੀ, 'ਤੂੰ ਉਦਾਸ ਨਾ ਰਿਹਾ ਕਰ।'

'ਕੋਲ-ਕੋਲ ਬੈਠ ਕੇ ਉਹ ਢੇਰ ਸਾਰੀਆਂ ਗੱਲਾਂ ਕਰਦੇ। ਨਿੱਕੀਆਂ-ਨਿੱਕੀਆਂ ਗੱਲਾਂ ਜਿਨ੍ਹਾਂ ਵਿੱਚੋਂ ਖੁਸ਼ੀ ਤੇ ਹਾਸੇ-ਮਖੌਲ ਦੀਆਂ ਚਿੱਪਰਾਂ ਵੀ ਝੜਦੀਆਂ। ਉਨ੍ਹਾਂ ਦੀਆਂ ਅੱਖਾਂ ਵਿੱਚ ਇੱਕ-ਦੂਜੇ ਦੀ ਪਹਿਚਾਣ ਉਨ੍ਹਾਂ ਨੇ ਇਸ ਰਿਸ਼ਤੇ ਦਾ ਕੋਈ ਨਾਉਂ ਨਹੀਂ ਧਰਿਆ ਸੀ। ਤੇ ਫਿਰ ਇੱਕ ਦਿਨ ਉਸ ਨਿਸ਼ਾ ਦੇ ਨਾਉਂ ਇੱਕ ਲੰਮੀ ਸਾਰੀ ਚਿੱਠੀ ਲਿਖੀ। ਆਪਣੇ ਦਿਲ ਦਾ ਸਾਰਾ ਗੁਬਾਰ ਕੱਢਿਆ। ਨਿਸ਼ਾ ਤਾਂ ਅੱਗ ਭਬੂਕਾ ਹੋ ਉੱਠੀ, ਹੋਰ ਕੋਈ ਹੁੰਦਾ ਤਾਂ ਜੁੱਤੀਆਂ ਖਾ ਲੈਂਦਾ, ਦਿਨੇਸ਼। ਇਹ ਵੀ ਕੀ, ਕਿ ਤੂੰ ਮੇਰੇ ਹੋਠਾਂ ਤੱਕ ਜਾ ਪਹੁੰਚਿਆ। ਫੇਰ ਕਦੇ ਅਜਿਹੀ ਗੱਲ ਸੋਚੀ ਤਾਂ...'

ਦਿਨੇਸ਼ ਢਿੱਲਾ ਹੋ ਕੇ ਰਹਿ ਗਿਆ। ਸੱਚੀਂ ਹੀ ਉਹ ਦੇ ਜੁੱਤੀਆਂ ਪੈ ਗਈਆਂ ਸਨ। ਪਰ ਅਗਲੇ ਦਿਨ ਨਿਸ਼ਾ ਉਹ ਨੂੰ ਪੁੱਛਣ ਲੱਗੀ, 'ਗੁੱਸੇ ਹੋ ਗਿਐਂ, ਮੇਰੇ ਨਾਲ?'

'ਤਾਂ ਫੇਰ ਮੂੰਹ ਕਿਵੇਂ ਬਣਾਇਐ?'

'ਨਹੀਂ, ਮੈਂ ਗੁੱਸੇ ਕਾਹਨੂੰ ਆਂ?' 'ਆਪਾਂ ਤਾਂ ਦੋਸਤ ਬਣ ਕੇ ਰਹਿਣੈ।'

'ਦਿਨੇਸ਼ ਅਜੀਬ ਸਥਿਤੀ ਵਿੱਚ ਫਸ ਕੇ ਰਹਿ ਗਿਆ। ਉਹ ਮਹਿਸੂਸ ਕਰਦਾ, ਨਾ ਤਾਂ ਉਹ ਦੀ ਹੱਤਕ ਹੋਈ ਤੇ ਨਾ ਹੀ ਉਹ ਦੀ ਮਰਜ਼ੀ ਮੁਤਾਬਕ ਉਹ ਨੂੰ ਕੋਈ ਰਿਸਪਾਂਸ ਮਿਲਿਆ। ਪਰ ਉਹ ਸੋਚਦਾ, ਨਿਸ਼ਾ ਨੇ ਬਹੁਤ ਸੁਥਰੇ ਢੰਗ ਨਾਲ ਉਹ ਨੂੰ ਝਾੜ ਕੇ ਰੱਖ ਦਿੱਤਾ ਹੈ।'

ਪਹਿਲਾਂ ਵਾਂਗ ਹੀ ਉਹ ਮਿਲਣ ਲੱਗੇ। ਪਹਿਲਾਂ ਵਾਂਗ ਉਨ੍ਹਾਂ ਦੀਆਂ ਗੱਲਾਂ ਦੇ ਦੌਰ ਚੱਲਦੇ।ਦਿਨੇਸ਼ ਇੱਕ ਦਿਨ ਉਹ ਨੂੰ ਇੱਕ ਘਸਿਆ-ਪਿਟਿਆ ਫਿਕਰਾ ਬੋਲ ਬੈਠਾ, 'ਨਿਸ਼ਾ, ਮੈਂ ਤੈਨੂੰ ਬਹੁਤ ਪਿਆਰ ਕਰਦਾਂ।'

ਉਹ ਹੱਸਣ ਲੱਗੀ। ਤੇ ਫਿਰ ਗੰਭੀਰ ਹੋ ਕੇ ਪੁੱਛਿਆ, 'ਕਿੰਨਾ ਕੁ?'

'ਉਨਾ, ਜਿੰਨਾ ਮੈਂ ਅੱਜ ਤੱਕ ਕਿਸੇ ਨੂੰ ਨ੍ਹੀਂ ਕੀਤਾ।'

'ਤੂੰ ਪਹਿਲਾਂ ਵੀ ਕਿਸੇ ਨੂੰ ਪਿਆਰ ਕੀਤੈ?'

'ਹਾਂ।'

'ਕਿੰਨੀਆਂ ਕੁੜੀਆਂ ਨੂੰ?'

'ਕਈਆਂ ਨੂੰ।'

'ਕਈਆਂ ਨੂੰ।'

'ਤਾਂ ਫੇਰ ਅਜੇ ਤੱਕ ਤੇਰਾ ਦਿਲ ਨ੍ਹੀਂ ਭਰਿਆ?'

ਨਹੀਂ, ਦਿਲ ਦੀ ਗੱਲ ਨ੍ਹੀਂ ਇਹ।'

'ਹੋਰ?'

'ਤੈਨੂੰ ਪਤਾ ਈ ਐ, ਮੇਰੀ ਬੀਵੀ ਬਿਮਾਰ ਐ।'

'ਹਾਂ..'

'ਉਹ ਬਚਦੀ ਨ੍ਹੀਂ।'

'ਹੂੰ।'

'ਉਸ ਤੋਂ ਬਾਅਦ ਮੇਰਾ ਸੰਸਾਰ ਖਾਲੀ ਹੋ ਜੂਗਾ।'

'ਫੇਰ?'

'ਮੈਨੂੰ ਕਿਸੇ ਸਾਥ ਦੀ ਲੋੜ ਐ। ਕੋਈ ਔਰਤ ਮੇਰਾ ਸਹਾਰਾ ਬਣ ਜਾਵੇ।'

'ਉਹ ਤਾਂ ਮੈਂ ਹੈਗੀ ਆਂ।'

ਤੂੰ ਨ੍ਹੀ ਹੋ ਸਕਦੀ।

'ਕਿਉਂ?'

'ਤੂੰ ਤਾਂ ਮੇਰੀ ਦੋਸਤ ਹੋਈ।'

'ਹੋਰ ਤੈਨੂੰ ਔਰਤ ਦੀ ਕਿਵੇਂ....'

'ਦਿਨੇਸ਼ ਜੋ ਕਹਿਣਾ ਚਾਹੁੰਦਾ ਸੀ, ਕਹਿ ਨਹੀਂ ਸਕਿਆ। ਦੱਸਣ ਲੱਗਿਆ, 'ਮੈਨੂੰ ਘਰ ਚਾਹੀਦੈ।'

'ਓਏ, ਛੱਡ ਯਾਰ, ਸਾਨੂੰ ਪਤੈ ਤੇਰਾ ਇਹ ਦਿਨੇਸ਼ ਤੇਰੀ ਓਸ ਨਿਸ਼ਾ ਤੋਂ ਕੀ ਚਾਹੁੰਦੇ।' 'ਤੁਹਾਡੇ ਵਿੱਚੋਂ ਇੱਕ ਉੱਭੜਵਾਹਾ ਹੀ ਬੋਲ ਉੱਠਿਆ ਹੈ।

'ਨਹੀਂ ਬਈ, ਤੁਸੀਂ ਗੱਲ ਤਾਂ ਸੁਣੋ ਸਾਰੀ। ਉਹ ਚਹੁੰਦੈ...'

'ਚੰਗਾ, ਸੁਣਾਈ ਚੱਲ...'

'ਉਨ੍ਹਾਂ ਦਿਨਾਂ ਵਿੱਚ ਹੀ ਉਹ ਦੀ ਪਤਨੀ ਪੂਰੀ ਹੋ ਗਈ। ਉਹ ਦਾ ਇੱਕ ਸੰਸਾਰ ਖ਼ਤਮ ਹੋ ਗਿਆ। ਜਿਹੜਾ ਸਮੱਸਿਆ ਉਹ ਦੇ ਲਈ ਪਤਨੀ ਬਿਮਾਰ ਹੋਦ ਵਾਲੀ ਸੀ, ਪਤਨੀ ਦੀ ਮੌਤ ਤੋਂ ਬਾਅਦ ਉਹ ਹੋਰ ਸਮੱਸਿਆ ਬਣ ਗਈ। ਪਹਿਲਾਂ ਸਿਰਫ਼ 'ਔਰਤ' ਅਹਿਮ ਸੀ, ਹੁਣ ਉਹ ਦੇ ਲਈ 'ਘਰ' ਅਹਿਮ ਬਣ ਗਿਆ। ਅਸਲ ਵਿੱਚ ਹੁਣ ਉਹ ਅਜਿਹੀ ਕੋਈ ਔਰਤ ਚਾਹੁੰਦਾ ਸੀ, ਜਿਸ ਵਿੱਚ 'ਘਰ' ਬਹੁਤਾ ਹੋਵੇ। ਦੂਜਾ ਵਿਆਹ ਕਰਵਾਉਣ ਲਈ ਉਹ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ। ਉਹ ਰਿਸ਼ਤੇਦਾਰੀਆਂ ਵਿੱਚ ਬਹੁਤਾ ਜਾਣ ਲੱਗਿਆ। ਉਹ ਆਪਣੇ ਦੋਸਤਾਂ ਨੂੰ ਬੇਸ਼ਮਾਰ ਚਿੱਠੀਆਂ ਲਿਖਦਾ। ਉਹ ਦੇ ਦੋਸਤ ਉਹ ਦੇ ਦੁੱਖ ਦਾ ਪਤਾ ਲੈਣ ਆਉਂਦੇ ਤੇ ਆਪਣਾ ਫ਼ਰਜ਼ ਪੂਰਾ ਕਰਕੇ ਚਲੇ ਜਾਂਦੇ। ਉਹ ਦੀ ਮਾਨਸਿਕ ਹਾਲਤ ਥਾਂ ਦੀ ਥਾਂ ਖੜ੍ਹੀ ਰਹਿੰਦੀ। ਉਹ ਦੀ ਕੋਈ ਹਮਦਰਦ ਔਰਤ ਉਹ ਦੇ ਕੋਲ ਉਹ ਦੀ ਪਤਨੀ ਦਾ ਅਫ਼ਸੋਸ ਕਰਨ ਲੱਗਦੀ ਤਾਂ ਉਹ ਉਹਦੇ ਵੱਲ ਓਪਰੀਆਂ ਅੱਖਾਂ ਨਾਲ ਦੇਖਦਾ। ਪਤਨੀ ਦਾ ਅਫ਼ਸੋਸ ਘੱਟ ਤੇ ਆਪਣੀ ਅਜੋਕੀ ਸਮੱਸਿਆ ਦਾ ਜ਼ਿਕਰ ਬਹੁਤਾ ਕਰਦਾ। ਵਿਆਹ ਵਾਸਤੇ ਉਹ ਦੇ ਲਈ ਕੁਝ ਥਾਵਾਂ ਤੋਂ ਪੇਸ਼ਕਸ਼ ਹੋਈ, ਪਰ ਉਹ ਦੇ ਦਿਮਾਗ਼ ਵਿੱਚ ਨਿਸ਼ਾ ਬੈਠਾ ਹੋਈ ਸੀ। ਉਹ ਆਪਣੇ ਧੁਰ-ਅੰਦਰ ਤੱਕ ਚਿਤਵਦਾ, 'ਜੇ ਨਿਸ਼ਾ ਉਹ ਦੀ ਪਤਨੀ ਬਣ ਜਾਵੇ।'

'ਤੇਰੇ ਇਸ ਦਿਨੇਸ਼ ਦੀ ਉਮਰ ਕਿੰਨੀ ਐ? ਕੋਈ ਪੰਛਦਾ ਹੈ।

'ਉਮਰ ਦਾ ਤਾਂ ਇਹ ਵੱਡਾ ਈ ਐ।'

'ਫੇਰ ਵੀ, ਕਿੰਨੀ ਉਮਰ ਐ?'

'ਆਹੀ ਬੱਸ ਬਿਆਲੀ-ਤਰਤਾਲੀ ਸਾਲ।'

ਤੇ ਨਿਸ਼ਾ?'

'ਨਿਸ਼ਾ ਤਾਂ ਜਵਾਨ ਐ।'

'ਨਾ, ਉਮਰ ਦੱਸ।'

'ਉਮਰਾਂ ਦਾ ਜ਼ਿਕਰ ਨ੍ਹੀ ਕੀਤਾ ਮੈਂ ਇਹਦੇ 'ਚ।'

ਨਹੀਂ ਕੀਤਾ ਜ਼ਿਕਰ ਤਾਂ ਊਂ ਦੱਸ, ਇਹ ਕਿੰਨੇ ਸਾਲ ਦੀ ਐ?'

'ਤੁਸੀਂ ਯਾਰ ਉਮਰਾਂ ਦੇ ਝਗੜੇ 'ਚ ਕਿਉਂ ਪੈਗੇ, ਕਹਾਣੀ ਸੁਣੋ। ਪ੍ਰੀਤ ਲੇਖਕ ਪਤੈ ਕੀ ਆਖਦੈ-ਹੇ ਪ੍ਰੀਤ। ਤੂੰ...'

'ਇਹ ਸਭ ਜਜ਼ਬਾਤੀ ਲੋਕਾਂ ਦੀਆਂ ਗੱਲਾਂ ਨੇ। ਜ਼ਿੰਦਗੀ ਨਾਲ ਇਨ੍ਹਾਂ ਦਾ ਕੋਈ ਸਬੰਧ ਨ੍ਹੀ।'

'ਜਜ਼ਬਾਤ ਜ਼ਿੰਦਗੀ ਨ੍ਹੀ ਹੁੰਦੇ?'

'ਜਜ਼ਬਾਤ ਜਦ ਮੁੱਕ ਜਾਂਦੇ ਨੇ, ਜ਼ਿੰਦਗੀ ਦਾ ਫੇਰ ਈ ਭੇਤ ਖੁੱਲ੍ਹਦੈ, ਕਹਾਣੀਕਾਰ ਸਾਹਿਬ। ਚੰਗਾ, ਅਸੀਂ ਚੱਲੇ।'

'ਕਿੱਧਰ?' ਬੱਸ ਸੌਣ ਲੱਗੇ ਆਂ। ਤੇਰੀ ਇਸ ਕਹਾਣੀ 'ਚ ਕੋਈ ਨਵੀਂ ਗੱਲ ਨਹੀਂ। ਹਰ ਕਹਾਣੀ 'ਚ ਮੁੜ-ਮੁੜ ਇੱਕੋ ਗੱਲ ਨੂੰ ਦੁਹਰਾਈ ਜਾਨੈ।'

'ਓਏ ਨਹੀਂ, ਤੁਸੀਂ ਬੈਠੇ ਜਾਓ, ਵੀਰ, ਬਣ ਕੇ। ਹੁਣ ਤਾਂ ਬੱਸ ਥੋੜ੍ਹਾ ਈ ਰਹਿੰਦੀ ਐ।'

'ਚੰਗਾ, ਛੇਤੀ-ਛੇਤੀ ਮੁਕਾ।'

'ਇੱਕ ਦਿਨ ਉਹ ਨਿਸ਼ਾ ਨੂੰ ਪੁੱਛਣ ਲੱਗਿਆ, 'ਤੂੰ ਮੈਨੂੰ ਕਿਨਾ ਕੁ ਪਿਆਰ ਕਰਦੀ ਐਂ?'

'ਦਿਨੇਸ਼ ਤੈਨੂੰ ਕਿਵੇਂ ਸਮਝਾਵਾਂ ਕਿ ਮੈਂ ਤੈਨੂੰ ਬੇਹੱਦ ਪਿਆਰ ਕਰਦੀ ਆਂ। ਤੈਨੂੰ ਵਿਸ਼ਵਾਸ ਕਿਉਂ ਨ੍ਹੀਂ ਆਉਂਦਾ?'

ਵਿਸ਼ਵਾਸ ਤਾਂ ਹੈ, ਪਰ ਆਪਣੇ ਇਸ ਪਿਆਰ ਦੀ ਮੰਜ਼ਲ ਤਾਂ ਦੱਸ ਕੀਹ ਐ?'

ਮੰਜ਼ਲ ਤੋਂ ਤੇਰਾ ਮਤਲਬ?'

'ਆਪਾਂ ਇਕ-ਦੂਜੇ ਨੂੰ ਬੇ-ਮਤਲਬਾ ਪਿਆਰ ਕਰਦੇ ਆਂ।'

'ਪਿਆਰ ਵਿੱਚ ਕਈ ਮਤਲਬ ਵੀ ਹੁੰਦੈ, ਦਿਨੇਸ਼?'

'ਹਾਂ, ਹੁੰਦੈ।'

'ਕੀ?'

'ਪਿਆਰ ਦੀ ਆਖ਼ਰੀ ਮੰਜ਼ਲ ਐ, ਇੱਕ-ਦੂਜੇ 'ਚ ਅਭੇਦ ਹੋ ਜਾਣਾ।'

'ਤੇਰਾ ਮਤਲਬ?'

'ਆਪਾਂ ਵਿਆਹ ਕਰਵਾ ਲਈਏ।'

'ਵਿਆਹ?' ਨਿਸ਼ਾ ਉਹ ਦੇ ਚਿਹਰੇ ਵੱਲ ਦੇਖਣ ਲੱਗੀ। ਉਹ ਨੂੰ ਲੱਗਿਆ, ਦਿਨੇਸ਼ ਦੀਆਂ ਪੁੜਪੁੜੀਆਂ ਦੇ ਵਾਲ ਜਿਵੇਂ ਪਹਿਲਾਂ ਨਾਲੋਂ ਵੱਧ ਚਿੱਟੇ ਹੋ ਗਏ ਹੋਣ। ਉਹ ਦੀਆਂ ਅੱਖਾਂ ਥੱਲੇ ਦਾਖ਼ੀ ਗੋਲ ਘੇਰੇ ਹੋਰ ਚਮਕਣ ਲੱਗੇ। ਉਹ ਦੇ ਨੱਕੋਂ, ਗੱਲ੍ਹਾਂ ਦੇ ਹੇਠਾਂ, ਉਤਲੇ ਬੁੱਲ੍ਹਾਂ ਦੇ ਕਿਨਾਰਿਆਂ ਨੂੰ ਛੋਹ ਕੇ ਉਤਰਦੀਆਂ ਦੋ ਲਕੀਰਾਂ ਹੋਰ ਡੂੰਘੀਆਂ ਦਿੱਸਣ ਲੱਗੀਆਂ। ਉਹ ਨੂੰ ਲੱਗਿਆ, ਦਿਨੇਸ਼ ਨੇ ਉਹ ਨੂੰ ਕੋਈ ਅਣਹੋਣੀ ਗੱਲ ਕਹਿ ਦਿੱਤੀ ਹੈ। ਸੰਘੋ ਸੁੱਕੇ ਬੋਲ ਉਹ ਦੇ ਪੇਪੜੀ ਜੰਮੇ ਬੁੱਲ੍ਹਾਂ ਵਿੱਚੋਂ ਮਸ੍ਹਾਂ ਹੀ ਬਾਹਰ ਆਏ, 'ਵਿਆਹ ਤਾਂ ਮੇਰਾ ਕਿਸੇ ਹੋਰ ਨਾਲ ਈ ਹੋਊਗਾ।'

'ਨਿਸ਼ਾ, ਤੂੰ ਮੈਨੂੰ ਸਮਝਦੀ ਕਿਉਂ ਨ੍ਹੀਂ? ਮੈਂ ਕਿੰਨਾ ਦੁਖੀ ਆਂ।'

'ਤੂੰ ਸਬਰ ਕਰ।'

'ਸਬਰ ਹੁੰਦਾ ਨ੍ਹੀਂ।

'ਤਾਂ ਫੇਰ ਵਿਆਹ ਕਰਵਾ ਲੈ।'

'ਕੀਹਦੇ ਨਾਲ ਕਰਵਾ ਲਵਾਂ?'

'ਕਿਸੇ ਨਾਲ ਵੀ, ਕੋਈ ਲੱਭ ਲੈ ਆਪਣੇ ਵਰਗੀ। ਜਿਹੜੀ ਤੇਰੇ ਸਿਧਾਰਥ ਦੀ ਮਾਂ ਬਣ ਕੇ ਰਹੇਂ।'

'ਉਹ ਨੂੰ ਲੱਗਿਆ, ਨਿਸ਼ਾ ਉਹ ਨੂੰ ਮੱਤਾਂ ਦੇ ਰਹੀ ਹੈ। ਉਹ ਨੂੰ ਮੱਤਾਂ ਦੀ ਲੋੜ ਨਹੀਂ ਸੀ। ਉਹ ਨੂੰ ਨਿਸ਼ਾ ਚਾਹੀਦੀ ਸੀ। ਗੁੱਲੀ-ਡੰਡਾ ਖੇਡਣ ਦੀ ਉਮਰ ਹੰਢਾ ਰਹੇ ਸਿਧਾਰਥ ਨੂੰ ਉਹ ਆਪਣੇ ਨਾਲ ਪਾ ਲੈਂਦਾ ਤੇ ਉਹ ਨੂੰ ਪੋਲਾ-ਪੋਲਾ ਆਪਣੀ ਹਿੱਕ ਨਾਲ ਘੁੱਟਣ ਲੱਗਦਾ। ਉਹ ਦੇ ਹੱਥਾਂ ਨੂੰ ਨਿਸ਼ਾਂ ਦੇ ਹੱਥ ਸਮਝ ਕੇ ਚੁੰਮਣ ਲੱਗਦਾ। ਉਹ ਬਜ਼ਾਰ ਜਾਂਦਾ ਤਾਂ ਭੀੜ ਵਿੱਚੋਂ ਨਿਸ਼ਾ ਦਾ ਚਿਹਰਾ ਲੱਭਦਾ ਰਹਿੰਦਾ। ਹਰ ਜਵਾਨ ਔਰਤ ਉਹ ਨੂੰ ਨਿਸ਼ਾ ਲੱਗਦੀ। ਮਨ ਅੰਦਰ ਹੀ ਉਹ ਨਿਸ਼ਾ ਨਾਲ ਸੌ-ਸੌ ਗੱਲਾਂ ਕਰਦਾ। ਕਦੇ ਲੜਦਾ, ਕਦੇ ਰੁੱਸਦਾ, ਕਦੇ ਉਹ ਨੂੰ ਪਿਆਰ ਕਰਦਾ। ਉਹ ਦੀ ਸੋਚ ਭਟਕ-ਭਟਕ ਜਾਂਦੀ। ਉਹ ਦਾ ਸਰੀਰ ਘਟਣ ਲੱਗਿਆ। ਰੋਟੀ ਖਾਣ ਬੈਠਦਾ, ਬੁਰਕੀ ਉਹ ਦੇ ਮੂੰਹ ਵਿੱਚ ਫੁੱਲਣ ਲੱਗਦੀ। ਉਹ ਅੱਧੀ ਅੱਧੀ ਰਾਤ ਤੱਕ ਜਾਗਦਾ ਰਹਿੰਦਾ। ਪਾਗਲਾਂ ਵਾਂਗ ਉਹ ਦੀ ਨਜ਼ਰ ਕੰਧਾਂ ਨਾਲ ਟਕਰਾਉਂਦੀ। ਨਿਸ਼ਾ ਉਹ ਨੂੰ ਪਿਆਰ ਤਾਂ ਕਰਦੀ ਸੀ, ਪਰ ਵਿਆਹ ਵਰਗੇ ਸ਼ਬਦ ਨੂੰ ਸੁਣਨਾ ਵੀ ਨਹੀਂ ਚਾਹੁੰਦੀ ਸੀ।'

'ਪਿਆਰ, ਵਿਆਹ, ਨਿਸ਼ਾ, ਦਿਨੇਸ਼ ... ਛੱਡ ਪਰ੍ਹੇ। ਕਿਉਂ ਬੋਰ ਕੀਤੈ? ਬੱਤੀ ਬੁਝਾ ਕੇ।'

'ਓਏ, ਨਹੀਂ..'

'ਗੱਲ ਐਨੀ ਐ, ਤੇਰੀ ਇਹ ਨਿਸ਼ਾ ਤੇਰੇ ਦਿਨੇਸ਼ ਨੂੰ ਜਿਹੜਾ ਪਿਆਰ ਕਰਦੀ ਐ ਨਾ, ਇਹ ਹਮਦਰਦੀ ਐ ਉਹ ਦੀ। ਪਿਆ-ਵਿਆਰ ਕੁਛ ਨ੍ਹੀਂ ਤੇਰਾ ਦਿਨੇਸ਼ ਸਮਝਦਾ ਨ੍ਹੀਂ। ਕੁੜੀ ਦੀ ਹਮਦਰਦੀ ਨੂੰ ਉਲਟਾ ਲੈਂਦੈ।'

ਤੂੰ ਯਾਰ ਕੁੜੀ ਦਾ ਵਿਆਹ ਕਰਵਾ ਦੇ ਹੋਰ ਕਿਤੇ, ਉਹ ਦੇ ਹਾਣ ਦੇ ਮੁੰਡੇ ਨਾਲ। ਤੇਰਾ ਇਹ ਦਿਨੇਸ਼ ਆਪੇ ਚੁੱਪ ਕਰ ਜਾਊ।' ਤੁਹਾਡੇ ਵਿੱਚੋਂ ਹੀ ਕੋਈ ਸੁਝਾਓ ਦਿੰਦਾ ਹੈ।

'ਨਹੀਂ ਸਮੱਸਿਆ ਕੁੜੀ ਦੀ ਨ੍ਹੀਂ, ਦਿਨੇਸ਼ ਦੀ ਐ।'

'ਦਿਨੇਸ਼ ਫੇਰ ਸਮਝੂਗਾ ਕਿਵੇਂ?'

'ਇਹ ਤਾਂ ਉਹ ਦੀ ਕਹਾਣੀ ਐ।'

'ਯਾਰ, ਗੱਲ ਸੁਣ।'

'ਕੀ?'

'ਤੇਰਾ ਇਹ ਦਿਨੇਸ਼ ਨਾ ਤਾਂ 'ਘਰ' ਚਾਹੁੰਦੈ, ਨਾ ਪਿਆਰ ਨੂੰ ਚਾਹੁੰਦੈ, ਜਿਹੜਾ ਕੁਛ ਇਹ ਮੰਗਦੈ, ਉਹ ਤਾਂ ਕਿਤੋਂ ਵੀ ਲੈ ਲਵੇ, ਬੰਨ੍ਹਿਐ ਬਈ ਨਿਸ਼ਾ ਈ...'

'ਨਹੀਂ, ਇਹ ਵੀ ਨ੍ਹੀਂ ਉਹ ਇੱਕ ਸ਼ਰੀਫ਼ ਆਦਮੀ ਐ। ਇਹ ਗੱਲ ਉਹ ਨਹੀਂ ਕਰ ਸਕਦਾ। ਉਹ ਇੱਕ ਔਰਤ ਨੂੰ ਚਾਹੁੰਦੈ, ਉਹ ਔਰਤ ਨਿਸ਼ਾ ਈ ਐ। ਉਹ ਦਾ 'ਘਰ' ਨਿਸ਼ਾ 'ਚ ਐ।'

'ਮਰੇ ਪਰ੍ਹੇ, ਯਾਰ। ਨਿਸ਼ਾ ਨ੍ਹੀਂ ਉਹ ਨੂੰ ਮਿਲਦੀ, ਕਿੰਨਾ ਜ਼ੋਰ ਲਾ ਲਵੇ।'

'ਤੁਸੀਂ ਕਹਾਣੀ ਤਾਂ ਸੁਣੋ।'

'ਯਾਰ, ਬੁਝਾ ਬੱਤੀ। ਕਿੱਡੀ ਰਾਤ ਹੋ ਗਈ।'

'ਚੰਗਾ, ਤੁਸੀਂ ਪੈ ਜਾਓ। ਪਏ-ਪਏ ਸੁਣੀ ਜਾਇਓ। ਕਹਾਣੀ ਖ਼ਤਮ ਕਰਕੇ ਬੱਤੀ ਬੁਝਾ ਦੂੰਗਾ। ਹੁਣ ਤਾਂ ਬੱਸ ਮੁੱਕਣ ਵਾਲੀ ਐ।'

'ਕਹਾਣੀ ਰਹਿਣ ਦੇ, ਇਹ ਦਾ ਅੰਤ ਦੱਸ ਦੇ ਬਸ ਕੀ ਐ। ਊਂ ਦੱਸ ਦੇ, ਆਹ ਕਾਗਜ਼ ਰੱਖ ਕੇ ਪਰ੍ਹੇ।' 'ਨਹੀਂ, ਤੁਸੀਂ ਲਿਖਿਆ ਈ ਸੁਣ ਲਓ।'

'ਇੱਕ ਦਿਨ ਬਹੁਤ ਦੁਖੀ ਹੋ ਕੇ ਉਹ ਨੇ ਨਿਸ਼ਾ ਨੂੰ ਕਹਿ ਦਿੱਤਾ, 'ਜਦ ਆਪਣੀ ਮੰਜ਼ਲ ਈ ਕੋਈ ਨ੍ਹੀਂ, ਇਹ ਪਿਆਰ ਫ਼ਜੂਲ ਐ। ਆਪਾਂ ਮਿਲਣਾ ਛੱਡ ਦਿੰਨੇ ਆਂ। ਤੈਨੂੰ ਕਿਲ ਕੇ ਤਾਂ ਮੈਂ ਸਗੋਂ ਹੋਰ ਉਦਾਸ ਹੋ ਜਾਨਾਂ।'

'ਤੇਰੀ ਮਰਜ਼ੀ ਐ, ਦਿਨੇਸ਼। ਪਰ ਮੈਂ ਤੇਰੇ ਬਿਨਾਂ ਰਹਿ ਨ੍ਹੀਂ ਸਕਦੀ। ਤੂੰ ਨਹੀਂ ਬੋਲੇਂਗਾ, ਮੇਰੀ ਖੁਸ਼ੀ। ਪਰ ਉਸੇ ਸੁੱਚੇ ਪਿਆਰ ਨੂੰ ਮੈਂ ਦਿਲ ਵਿੱਚ ਸਾਰੀ ਉਮਰ ਸੰਭਾਲ ਕੇ ਰੱਖੂੰਗੀ।'

'ਨਹੀਂ ਬੱਸ, ਨਾ ਮੈਨੂੰ ਬੁਲਾਈਂ, ਨਾ ਮੈਂ ਤੈਨੂੰ ਬਲਾਵਾਂ।'

'ਇੱਕ ਹਫ਼ਤਾ ਉਹ ਇੱਕ ਦੂਜੇ ਦੇ ਸਾਹਮਣੇ ਨਾ ਹੋਏ। ਦਿਨੇਸ਼ ਨਿੱਤ ਰਾਤ ਨੂੰ ਡਾਇਰੀ ਲਿਖਦਾ। ਕਦੇ ਉਹ ਨਿਸ਼ਾ ਨੂੰ ਗਾਲ੍ਹਾਂ ਕੱਢਣ ਲੱਗਦਾ, ਕਦੇ ਉਹ ਦੇ ਲਈ ਬੇਹੱਦ ਪਿਆਰੇ ਸ਼ਬਦ ਵਰਤਦਾ। ਆਪਣਾ ਜੀਵਨ ਉਹ ਨੂੰ ਬੰਜਰ ਧਰਤੀ ਲੱਗਦਾ ਤਾਂ ਨਿਸ਼ਾ ਦਾ ਅਹਿਸਾਸ ਉਹ ਦੇ ਦਿਮਾਗ਼ 'ਚ ਅੰਮ੍ਰਿਤ ਬੂੰਦ ਵਾਂਗ ਆ ਉਤਰਦਾ। ਉਹ ਨੂੰ ਮਹਿਸੂਸ ਹੁੰਦਾ, ਉਹ ਆਦਮੀ ਨਹੀਂ, ਵਹਿਸ਼ੀ ਹੈ। ਨਿਸ਼ਾ ਤਾਂ ਖ਼ੁਦਾ ਦਾ ਰੂਪ ਹੈ, ਜੋ ਵਹਿਸ਼ੀ ਦੇ ਵੀ ਨੇੜੇ ਹੈ। ਵਿਆਹ ਤਾਂ ਸਾਰੀ ਉਮਰ ਕਿਸੇ ਦਾ ਕਿਸੇ ਨਾਲ ਬੱਝੇ ਰਹਿਣ ਦਾ ਵਿਸ਼ਵਾਸ ਜਿਹਾ ਹੁੰਦਾ ਹੈ। ਉਹ ਦਾ ਬੇਲਾਗ ਪਿਆਰ ਵੀ ਤਾਂ ਇੱਕ ਜ਼ਿੰਦਗੀ ਹੈ। ਉਹ ਆਪਣੇ-ਆਪ 'ਤੇ ਲਾਹਣਤਾਂ ਪਾਉਣ ਲੱਗਿਆ।'

'ਸੱਤਾਂ ਦਿਨਾਂ ਦੀ ਡਾਇਰੀ ਲੈ ਕੇ ਉਹ ਨਿਸ਼ਾ ਕੋਲ ਗਿਆ। ਉਹ ਕਹਿਣਾ ਚਾਹੁੰਦਾ ਸੀ ਕਿ ਨਿਸ਼ਾ ਉਹ ਨੂੰ ਪੂਰਾ ਪਿਆਰ ਕਰੇ। ਵਿਆਹ ਨਹੀਂ, ਤਾਂ ਨਾ ਸਹੀ। ਉਹ ਸਾਰੀ ਉਮਰ ਇੱਕ-ਦੂਜੇ ਲਈ ਜਿਉਣਗੇ। ਜਿਸ ਕਿਸੇ ਨਾਲ ਉਹ ਵਿਆਹੀ ਜਾਵੇਗੀ, ਉਹ ਉਹਨੂੰ ਵੀ ਨਿਸ਼ਾ ਜਿੰਨਾ ਹੀ ਪਿਆਰ ਕਰੇਗਾ। ਨਿਸ਼ਾ ਉਹ ਦਾ ਸਹਾਰਾ ਬਣੀ ਰਹੇ ਤਾਂ ਉਹ ਨੂੰ ਹੋਰ ਕਿਸੇ ਔਰਤ ਦੀ ਲੋੜ ਨਹੀਂ ਪਵੇਗੀ। ਉਹ ਨਹੀਂ ਚਾਹੁੰਦਾ ਕਿ ਨਿਸ਼ਾ ਤੋਂ ਬਾਅਦ ਉਹ ਦੀ ਜ਼ਿੰਦਗੀ ਵਿੱਚ ਕੋਈ ਹੋਰ ਆਵੇ। ਪਰ ਉਹ ਨੂੰ ਮਿਲਣ ਵੇਲੇ ਉਹ ਸਭ ਕੁਝ ਭੁੱਲ ਗਿਆ। ਉਹ ਐਨਾ ਹੀ ਕਹਿ ਸਕਿਆ, ਨਿਸ਼ਾ ਮੈਨੂੰ ਤਾਂ ਸਰਿਆ ਨ੍ਹੀਂ।'

'ਦੁਖੀ ਤਾਂ ਮੈਂ ਵੀ ਬਹੁਤ ਰਹੀ। ਤੈਨੂੰ ਇੱਕ ਖੁਸ਼ੀ ਦੀ ਗੱਲ ਸੁਣਾਵਾਂ?'

'ਕੀ?-ਦਿਨੇਸ਼ ਦਾ ਚਿਹਰਾ ਜਗਦੇ-ਬੁਝਦੇ ਦੀਵੇ ਦੀ ਲਾਟ ਵਾਂਗ ਕੰਬਣ ਲੱਗਿਆ।'

'ਮੰਮੀ ਨੇ ਮੇਰੇ ਲਈ ਮੁੰਡਾ ਲੱਭ ਲਿਐ।'

'ਦਿਨੇਸ਼ ਦੀਆਂ ਅੱਖਾਂ ਅੱਗੇ ਹਨੇਰਾ ਸੀ। ਉਹ ਦੀ ਥਿੜਕਦੀ ਅਵਾਜ਼ ਨੇ ਉਹ ਨੂੰ ਮੁਬਾਰਕ ਆਖੀ। ਉਹ ਤੁਰੰਤ ਹੀ ਪੁੱਛਣਾ ਚਾਹੁੰਦਾ ਸੀ, ਵਿਆਹ ਤੋਂ ਬਾਅਦ ਵੀ ਮਿਲਦੀ ਰਹੇਂਗੀ ਮੈਨੂੰ? ਪਰ ਉਸ ਨੂੰ ਲੱਗਿਆ ਜਿਵੇਂ ਉਹ ਦਾ ਇਹ ਸਵਾਲ ਘਟੀਆ ਬਣ ਕੇ ਰਹਿ ਜਾਵੇਗਾ। ਤੇ ਨਿਸ਼ਾ ਪਤਾ ਨਹੀਂ ਉਹ ਦਾ ਕੀ ਜਵਾਬ ਦੇਵੇ।'

'ਬਸ?' ਇੱਕ ਕੋਈ ਪੁੱਛਦਾ ਹੈ।

'ਨਹੀਂ....'

'ਚੰਗਾ, ਬੁਝਾ ਦੇ ਬੱਤੀ।' ਮੈਂ ਕੁਝ ਚਿਰ ਚੁੱਪ ਬੈਠਾ ਰਹਿੰਦਾ ਹਾਂ। ਚਾਹੁੰਦਾ ਹਾਂ ਤੁਸੀਂ ਇਸ ਕਹਾਣੀ ਦੇ ਅੰਤਲੇ ਸ਼ਬਦ ਬਹੁਤ ਧਿਆਨ ਨਾਲ ਸੁਣ ਲਵੋ। ਪਰ ਇਹ ਕੀ, ਤੁਸੀਂ ਤਾਂ ਸਾਰਿਆਂ ਨੇ ਹੀ ਘਰਾੜੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਕਹਾਣੀ ਦਾ ਅੰਤ ਮੈਂ ਆਪਣੇ ਮੂੰਹ ਵਿੱਚ ਹੀ ਪੜ੍ਹਦਾ ਹਾਂ। ਜਿਵੇਂ ਆਪਣੇ-ਆਪ ਨੂੰ ਸੁਣਾ ਰਿਹਾ ਹੋਵਾਂ। ਆਪਣੇ ਆਪ ਨੂੰ ਕੁਝ ਸੁਣਾ ਕੇ ਤਾਂ ਮੈਨੂੰ ਤਸੱਲੀ ਹੀ ਨਹੀਂ ਹੁੰਦਾ। ਬੈਠਾ ਹਾਂ, ਅਧੂਰੀ ਬਹਿਸ ਦਾ ਜ਼ਹਿਰ ਮੇਰੀਆਂ ਨਾੜਾਂ ਵਿੱਚ ਘੁਲਦਾ ਜਾ ਰਿਹਾ ਹੈ।

☆☆☆