ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਔਲਾਦ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਔਲਾਦ

ਬੱਸ ਸਟੈਂਡ ਦੇ ਢਾਬੇ ਤੋਂ ਰੋਟੀ ਖਾ ਕੇ ਉਹ ਬਾਹਰ ਆਏ ਤੇ ਖੜ੍ਹ ਕੇ ਭੀੜ ਵੱਲ ਤਰਦੀ-ਕਰਦੀ ਨਜ਼ਰ ਮਾਰਨ ਲੱਗੇ। ਮੂੰਹ ਵਿੱਚ ਖੰਡ ਵਾਲੀ ਸੌਂਫ ਵੀ ਚੱਬੀ ਜਾਂਦੇ। ਸੌਂਫੀਏ ਮਿਠਾਸ ਦੀ ਘੁੱਟ ਸੰਘੋਂ ਥੱਲੇ ਉਤਾਰ ਕੇ ਇੱਕ ਜਣੇ ਨੇ ਬਾਂਹ ਖੜ੍ਹੀ ਕੀਤੀ ਤੇ ਬੋਲਿਆ- 'ਓਏ ਬੁੱਧ ਰਾਮ, ਔਹ ਦੇਖ।'

'ਕੌਣ?' ਦੂਜੇ ਨੇ ਹੈਰਾਨੀ ਜ਼ਾਹਰ ਕੀਤੀ।

'ਓਏ ਬੁੱਧ ਰਾਮ, ਆਪਣਾ ਮਾਸਟਰ। ਹੋਰ ਕਿਹੜਾ ਬੁੱਧ ਰਾਮ?'

'ਕਿੱਥੇ?' ਦੂਜੇ ਦੀਆਂ ਅੱਖਾਂ ਚਮਕੀਆਂ।

ਪਹਿਲਾ ਬੋਲਿਆ ਨਹੀਂ, ਭੀੜ ਵੱਲ ਹੀ ਤੁਰ ਪਿਆ। ਮਗਰ ਹੀ ਦੂਜਾ। ਇਸ ਬੱਸ ਦੀ ਪਿਛਲੀ ਬਾਰੀ ਕੋਲ ਖੜ੍ਹੇ ਬੁੱਧ ਰਾਮ ਨੂੰ ਉਹਨਾਂ ਨੇ ਮੋਢਿਆਂ ਤੋਂ ਛੋਹਿਆ ਤੇ ਫੇਰ ਉਸ ਦੇ ਗੋਡਿਆਂ ਵੱਲ ਝੁਕੇ। ਮੁੰਡਿਆਂ ਦੇ ਚਿਹਰੇ ਪਹਿਚਾਣ ਕੇ ਬੁੱਧ ਰਾਮ ਖ਼ੁਸ਼ਕ ਜਿਹਾ ਮੁਸਕਰਾਇਆ। ਦੋਵਾਂ ਦੇ ਮੋਢਿਆਂ ਉੱਤੇ ਹੱਥ ਰੱਖ ਕੇ ਉਹਨਾਂ ਦਾ ਹਾਲ-ਚਾਲ ਪੁੱਛਣ ਲੱਗਿਆ।

ਤੇ ਫੇਰ ਇੱਕ ਨੇ ਪੁੱਛਿਆ- 'ਹੁਣ ਕਿੱਥੇ ਹੁੰਨੇ ਓਂ, ਮਾਸਟਰ ਜੀ?'

'ਐਥੇ ਈ ਬਸ।'

'ਐਥੇ ਕਿਹੜੇ ਸਕੂਲ 'ਚ?'

'ਬਸ, ਇੱਕੋ ਸਕੂਲ ਐ, ਸਰਕਾਰੀ ਹਾਈ ਸਕੂਲ।' ਤੇ ਫੇਰ ਉਹਨੇ ਪੁੱਛਿਆ-'ਤੁਸੀਂ ਕੀ ਕਰਦੇ ਹੁੰਨੇ ਓਂ ਅੱਜ-ਕੱਲ੍ਹ?'

'ਅਸੀਂ ਅੰਮ੍ਰਿਤਸਰ ਆ ਜੀ।' ਦੂਜੇ ਨੇ ਜਵਾਬ ਦਿੱਤਾ।

'ਦੋਵੇਂ ਈ?' ਮਾਸਟਰ ਬੋਲਿਆ। ਉਹ ਆਪਣੀ ਬੱਸ ਦੇ ਕੰਡਕਟਰ ਵੱਲ ਝਾਕ ਰਿਹਾ ਸੀ। ਚਾਹੁੰਦਾ ਹੋਵੇਗਾ ਕਿ ਪਹਿਲਾਂ ਟਿਕਟ ਲੈ ਲਵੇ। ਮੁੰਡਿਆਂ ਨਾਲ ਗੱਲਾਂ ਤਾਂ ਫੇਰ ਵੀ ਹੁੰਦੀਆਂ ਰਹਿਣਗੀਆਂ। ਬੱਸ ਤੁਰਨ ਵਿੱਚ ਹਾਲੇ ਕੁਝ ਮਿੰਟ ਬਾਕੀ ਰਹਿੰਦੇ ਹੋਣਗੇ। ਏਸੇ ਕਰਕੇ ਟਿਕਟ ਲੈ ਚੁੱਕੀਆਂ ਸਵਾਰੀਆਂ ਬਾਹਰ ਖੜ੍ਹੀਆਂ ਹਨ। ਸਟੇਅਰਿੰਗ ਉੱਤੇ ਡਰਾਈਵਰ ਵੀ ਨਹੀਂ

'ਤੁਸੀਂ ਅੱਜ?' ਇੱਕ ਮੁੰਡੇ ਨੇ ਪੁੱਛਿਆ।

'ਮੈਂ ਪਾਸੇ ਜਾ ਰਿਹਾਂ। ਕੰਮ ਐਂ ਇੱਕ।' ਮਾਸਟਰ ਨੇ ਕਾਹਲ ਦਿਖਾਈ ਤੇ ਕੰਡਕਟਰ ਵੱਲ ਝਾਕ ਕੇ ਜੇਬ ਵਿੱਚੋਂ ਪੈਸੇ ਕੱਢਣ ਲੱਗਿਆ। ਮੁੰਡੇ ਨੇ ਬਾਂਹ ਫੜ ਲਈ। ਪੁੱਛਿਆ- 'ਏਸ ਬੱਸ ਜਾਣਾ ਜ਼ਰੂਰੀ ਐ ਜੀ ਕੋਈ? ਤੇ ਫੇਰ ਹਲੀਮੀ ਜਿਹੀ ਨਾਲ ਆਖਿਆ- 'ਆਓ, ਚਾਹ ਪੀਨੇ ਆਂ। ਅਗਲੀ ਬੱਸ ਚਲੇ ਜਾਇਓ। ਬੱਸ ਤਾਂ ਵੀਹ ਮਿੰਟਾਂ ਨੂੰ ਹੋਰ ਲੱਗ ਜੂ।'

'ਜ਼ਰੂਰੀ ਤਾਂ ਕੋਈ ਨ੍ਹੀਂ। ਪਰ ਚਲਦੇ ਆ ਹੁਣ। ਮਿਲ ‘ਲੇ ਬਸ।' ਮਾਸਟਰ ਫੇਰ ਕੰਡਕਟਰ ਵੱਲ ਝਾਕਿਆ।

ਮੁੰਡੇ ਹੱਸ ਪਏ।..'ਮਿਲ ਕਾਹਦੇ ਲਏ? ਗੱਲ ਤਾਂ ਕੋਈ ਕੀਤੀ ਨ੍ਹੀਂ। ਆਓ ਐਧਰ ਚਾਹ ਪੀਨੇ ਆਂ। ਗੱਲਾਂ ਵੀ ਕਰ ਲਾਂ 'ਗੇ। ਬਾਂਹ ਫੜਨ ਵਾਲਾ ਮੁੰਡਾ ਜਿਵੇਂ ਖਹਿੜੇ ਹੀ ਪੈ ਗਿਆ ਹੋਵੇ।

ਕੋਈ ਪੇਸ਼ ਨਾ ਜਾਂਦੀ ਦੇਖ ਕੇ ਮਾਸਟਰ ਉਨ੍ਹਾਂ ਨਾਲ ਹੋ ਲਿਆ।

ਓਸੇ ਢਾਬੇ 'ਤੇ ਜਾ ਕੇ ਉਹ ਮੇਜ਼ ਦੁਆਲੇ ਬੈਠ ਗਏ। ਅੱਧ ਪੁਰਾਣੇ ਸੋਫ਼ਿਆਂ ਦੇ ਸਪਰਿੰਗ ਬੇਮਲੂਮੇ ਜਿਹੇ ਚੁਭ ਰਹੇ ਸਨ।

ਮੁੰਡਾ ਬੋਲਿਆ- 'ਹੁਣ ਤਾਂ ਬੁੜ੍ਹੇ ਹੋ ਗਏ ਮਾਸਟਰ ਜੀ। ਦਿਨਾਂ 'ਚ ਈ ਸਿਰ ਦੇ ਵਾਲ਼ ਚਿੱਟੇ ਹੋ ਗਏ ਥੋਡੇ।

'ਬੁੜ੍ਹੇ ਨਾ ਆਖ, ਕਹਿ ਸਿਆਣੇ ਹੋ ਗਏ।' ਬੁੱਧ ਰਾਮ ਹੱਸਿਆ।

ਮੁੰਡੇ ਵੀ ਹੱਸਣ ਲੱਗੇ।

ਤੇ ਫੇਰ ਇੱਕ, ਜਿਸ ਨੇ ਮਾਸਟਰ ਦੀ ਬਾਂਹ ਫੜੀ ਸੀ, ਬੋਲਿਆ- 'ਮਾਸਟਰ ਜੀ, ਸਾਨੂੰ ਸਿਆਣ ਵੀ ਲਿਆ ਕਿ ਨਹੀਂ?

ਮੁੰਡੇ ਹੱਸ ਰਹੇ ਸਨ। ਇੱਕ ਕਹਿੰਦਾ- 'ਕਮਾਲ ਐ ਮਾਸਟਰ ਜੀ, ਐਡੀ ਛੇਤੀ ਨਾਉਂ ਵੀ ਭੁੱਲ ਗਏ ਥੋਨੂੰ। ਮੇਰਾ ਨਾਉਂ ਜਰਨੈਲ ਐ।'

'ਤੇ ਇਹਦਾ?' ਮਾਸਟਰ ਦੂਜੇ ਮੁੰਡੇ ਵੱਲ ਝਾਕਿਆ।

ਚਾਹ ਦੇ ਤਿੰਨ ਗਲਾਸ ਮੇਜ਼ ਉੱਤੇ ਆ ਟਿਕੇ ਹਨ। ਉਹ ਤੱਤੀ-ਤੱਤੀ ਚਾਹ ਫੂਕਾਂ ਮਾਰ ਕੇ ਪੀਣ ਲੱਗੇ।

'ਇਹ ਬੀਰ ਸੂੰ ਐ ਜੀ। ਓਹੀ, ਜੀਹਦਾ ਨਾਉਂ ਤੁਸੀਂ 'ਅਸਲੀਂ' ਰੱਖਿਆ ਹੋਇਆ ਸੀ। ਬੀਰ ਸਿੰਘ 'ਅਸਲੀ'

'ਅੱਛਾ-ਅੱਛਾ, ਅਸਲੀ।'

'ਇਹਨੇ ਇੱਕ ਦਿਨ ਟਰਾਂਸਲੇਸ਼ਨ ਦਾ ਪੀਸ ਕਰਕੇ ਥੋਨੂੰ ਦਿਖਾਇਆ। ਤੁਸੀਂ ਇਹਨੂੰ ਪੁੱਛਿਆ, ਨਕਲ ਮਾਰ ਕੇ ਕੀਤੈ ਓਏ ਕਿ ਆਪ ਕੀਤੈ? ਇਹ ਕਹਿੰਦਾ, ਨਹੀਂ ਜੀ ਅਸਲੀ ਐ। ਤੁਸੀਂ ਕਿਹਾ-ਵਾਹ ਓਏ ਅਸਲੀ। ਬਸ ਜੀ, ਓਦਣ ਤੋਂ ਅਸੀਂ ਇਹਦਾ ਨਾਉਂ ਅਸਲੀ ਰੱਖ ਲਿਆ। ਫੇਰ ਤੁਸੀਂ ਵੀ ਇਹਨੂੰ ਅਸਲੀ ਕਹਿ ਕੇ ਈ ਬਲੌਂਦੇ।'

'ਹੱਛਾ, ਹਾਂ ਠੀਕ ਐ। ਯਾਦ ਆ ਗਿਆ ਮੇਰੇ।' ਮਾਸਟਰ ਚਾਹ ਪੀ ਕੇ ਗੱਲ ਨਿਬੇੜਨੀ ਚਾਹੁੰਦਾ ਸੀ। ਜਿਵੇਂ ਉਹਨੂੰ ਉੱਠਣ ਦੀ ਕਾਹਲ ਹੋਵੇ। ਪੁੱਛਣ ਲੱਗਿਆ- 'ਤੁਸੀਂ ਅੰਮ੍ਰਿਤਸਰ ਪੜ੍ਹਦੇ ਓਂ ਅੱਗੇ ਜਾਂ ਕੋਈ ਨੌਕਰੀ ਕਰਦੇ ਓਂ?'

'ਨਹੀਂ ਜੀ, ਪੜ੍ਹਦੇ ਆਂ।' ਜਰਨੈਲ ਨੇ ਕਿਹਾ।

'ਕਾਲਜ 'ਚ?' 'ਹਾਂ ਜੀ, ਮੈਂ ਤਾਂ ਮੈਡੀਕਲ ਕਾਲਜ 'ਚ ਆਂ। ਐਮ.ਬੀ ਬੀ ਐਸ. ਦਾ ਤੀਜਾ ਸਾਲ ਐ ਮੇਰਾ।'

'ਤੇ ਇਹ ਅਸਲੀ?'

'ਇਹ ਇੰਜੀਨੀਅਰਿੰਗ ਦਾ ਡਿਗਰੀ ਕੋਰਸ ਕਰਦੈ। ਇਹਦਾ ਵੀ ਤੀਜਾ ਸਾਲ ਐ। ਅਸੀਂ ਓਥੇ ਰਹਿੰਦੇ ਵੀ ਅੱਡ-ਅੱਡ ਆਂ। ਕਦੇ-ਕਦੇ ਮਿਲ ਲੈਨੇ ਆਂ। ਅੱਜ ਐਥੇ 'ਕੋਠੇ ਹੋ ਗਏ। ਥੋਨੂੰ ਮਿਲ 'ਲੇ। ਆਹ ਤਾਂ ਵਧੀਆਂ ਹੋਇਆ' ਜਰਨੈਲ ਬੋਲ ਰਿਹਾ ਸੀ।

'ਉਹਨਾਂ ਦੀ ਉੱਚ-ਪੜ੍ਹਾਈ ਦਾ ਪਤਾ ਲੱਗਣ ਉੱਤੇ ਮਾਸਟਰ ਬੁੱਧ ਰਾਮ ਚੁੱਪ ਦਾ ਚੁੱਪ ਰਹਿ ਗਿਆ। ਜਿਵੇਂ ਉਹਨੂੰ ਭੋਰਾ ਵੀ ਖ਼ੁਸ਼ੀ ਨਾ ਹੋਈ ਹੋਵੇ। ਐਨਾ ਹੀ ਆਖ਼ਰ ਬੋਲਿਆ- 'ਫੇਰ ਤਾਂ ਵਧੀਆ ਐ ਬਈ।'

'ਥੋਡੇ ਡੰਡੇ ਖਾਧੇ ਹੁਣ ਕੰਮ ਔਂਦੇ ਐ, ਮਾਸਟਰ ਜੀ।' ਬੀਰ ਸਿੰਘ ਨੇ ਕਿਹਾ।

'ਨਹੀਂ, ਮੇਰੇ ਡੰਡੇ ਤਾਂ.. ਤੁਸੀਂ ਆਪ ਈ ਬੜੇ ਲਾਇਕ ਵਿਦਿਆਰਥੀ ਸੀ', ਕਹਿ ਕੇ ਬੁੱਧ ਰਾਮ ਉਦਾਸ ਹੋ ਗਿਆ। ਉਹਨੇ ਮਨ ਵਿੱਚ ਗੱਲ ਚਤਾਰੀ- 'ਕੁੱਟਿਆ ਤਾਂ ਉਹਨੇ ਆਵਦੇ ਮੁੰਡੇ ਨੂੰ ਸਭ ਤੋਂ ਵੱਧ ਹੋਣੈ, ਉਹ ਕਿਉਂ ਨਾ ਬਣ ਗਿਆ ਡਾਕਟਰ, ਇੰਜੀਨੀਅਰ। ਉਹ ਤਾਂ ਦਸਵੀਂ 'ਚੋਂ ਪਾਸ ਵੀ ਮਸਾਂ ਹੋਇਆ। ਸ਼ਾਇਦ ਇਹਨਾਂ ਮੁੰਡਿਆਂ ਨਾਲ ਈ ਪੜ੍ਹਦਾ ਹੁੰਦਾ ਸੀ। ਹੁਣ ਫਿਰਦੈ ਡੰਡੇ ਵਜੌਂਦਾ। ਨਾ ਅੱਗੇ ਪੜ੍ਹਿਆ, ਨਾ ਨੌਕਰੀ ਕਰਦੈ ਤੇ ਨਾ ਕੋਈ ਹੋਰ ਕੰਮ।'

ਆਪਣੇ ਹਿਸਾਬ ਵਾਲੇ ਮਾਸਟਰ ਹੁਣ ਕਿੱਥੇ ਹੁੰਦੇ ਨੇ? ਬੀਰ ਸਿੰਘ ਨੇ ਪੁੱਛਿਆ। 'ਕਿਹੜੇ ਮਾਸਟਰ?' ਬੁੱਧ ਰਾਮ ਉੱਭੜਵਾਹਾ ਬੋਲਿਆ।

'ਓਹੀ ਨੰਦ ਸਿੰਘ ਮਾਸਟਰ। ਜਿਹੜੇ ਸਾਨੂੰ ਹਿਸਾਬ ਪੜੌਂਦੇ ਸੀ। ਉਨ੍ਹਾਂ ਨੇ ਵੀ ਥੋਡੇ ਆਂਗੂੰ ਬੜੀ ਮਿਹਨਤ ਕਰਾਈ ਸਾਨੂੰ। ਥੋਡੇ ਨਾਲ ਈ ਹੁੰਦੇ ਸੀ।'

ਹੱਛਾ-ਹੱਛਾ, ਨੰਦ ਸਿੰਘ, ਉਹ ਤਾਂ ਭਾਈ ਰਿਟਾਇਰ ਹੋ ਗਏ। ਹੈਡਮਾਸਟਰ ਬਣ ਗਏ ਸੀ। ਹੁਣ ਰਿਟਾਇਰ ਹੋ ਗਏ। 'ਹੱਛਾ, ਰਿਟਾਇਰ ਵੀ ਹੋ 'ਗੇ। ਜਰਨੈਲ ਹੈਰਾਨ ਸੀ। ਫੇਰ ਪੁੱਛਿਆ- 'ਕਿਰਨ ਕੁਮਾਰ ਕੀ ਕਰਦਾ ਹੁੰਦੈ ਜੀ ਹੁਣ?'

ਕਿਰਨ ਕੁਮਾਰ ਬੁੱਧ ਰਾਮ ਦੇ ਮੁੰਡੇ ਦਾ ਨਾਉਂ ਸੀ।

ਬੁੱਧ ਰਾਮ ਦੇ ਸਿਰ ਉੱਤੇ ਜਿਵੇਂ ਕਿਸੇ ਨੇ ਹਥੌੜੇ ਦੀ ਸੱਟ ਮਾਰੀ ਹੋਵੇ। ਆਪਣੇ ਮੁੰਡੇ ਦਾ ਨਾਉਂ ਸੁਣ ਕੇ ਉਹ ਅਬੋਲ ਹੀ ਆਪਣਾ ਮੱਥਾ ਖੁਰਕਣ ਲੱਗਿਆ। ਐਨਾ ਆਖਿਆ- 'ਘਰੇ ਈ ਹੁੰਦੈ ਭਾਈ ਉਹ ਤਾਂ। ਸੋਚ ਰਹੇ ਆਂ, ਉਹਨੂੰ ਕਿਤੇ ਕੰਮ 'ਚ ਪਾਈਏ। ਤੁਸੀਂ ਦੱਸੋ, ਕੀ ਕਰਵਾਈਏ ਉਹਨੂੰ?' ਤੇ ਫਿਰ ਉਹ ਤਿੰਨੇ ਜਣੇ ਕਿਰਨ ਕੁਮਾਰ ਦੇ ਭਵਿੱਖ ਬਾਰੇ ਗੱਲਾਂ ਕਰਨ ਲੱਗੇ। ਮੁੰਡਿਆਂ ਨੇ ਕਈ ਸੁਝਾਓ ਦਿੱਤੇ। ਬੁੱਧ ਰਾਮ ਬੇਦਿਲ ਹੋ ਕੇ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ।

ਫੇਰ ਉਹ ਉੱਠੇ। ਇੱਕ ਮੁੰਡੇ ਨੇ ਚਾਹ ਦੇ ਪੈਸੇ ਦਿੱਤੇ। ਢਾਬੇ ਤੋਂ ਬਾਹਰ ਆ ਕੇ ਮੁੰਡਿਆਂ ਨੇ ਮਾਸਟਰ ਦੇ ਗੋਰੀਂ ਹੱਥ ਲਾਏ। ਉਹਨਾਂ ਕੋਲੋਂ ਮਾਸਟਰ ਤੇਜ਼ੀ ਨਾਲ ਤੁਰਿਆ ਤੇ ਜਾ ਕੇ ਤਿਆਰ ਖੜ੍ਹੀ ਬੱਸ ਵਿੱਚ ਬੈਠ ਗਿਆ। ਮੂਹਰਲੀ ਸੀਟ ਦੇ ਡੰਡੇ ਉੱਤੇ ਮੱਥਾ ਰੱਖ ਕੇ ਉਹਨੇ ਚਾਹਿਆ ਕਿ ਕੁਝ ਵੀ ਨਾ ਸੋਚਿਆ ਜਾਵੇ। ਮਾਸਟਰ ਬੁੱਧ ਰਾਮ ਦੇ ਤਿੰਨ ਕੁੜੀਆਂ ਸਨ ਤੇ ਇੱਕ ਮੁੰਡਾ। ਕੁੜੀਆਂ ਵੱਡੀਆਂ ਸਨ, ਮੁੰਡਾ ਛੋਟਾ। ਤਿੰਨੇ ਕੁੜੀਆਂ ਉਸਨੇ ਦਸ-ਦਸ ਜਮਾਤਾਂ ਪੜ੍ਹਈਆਂ ਸਨ ਤੇ ਇੱਕ-ਇੱਕ ਕਰਕੇ ਉਹਨਾਂ ਨੂੰ ਸੂਤ੍-ਸਿਰ ਤੇ ਖਾਂਦੇ-ਪੀਂਦੇ ਘਰੀਂ ਵਿਆਹ ਦਿੱਤਾ ਸੀ। ਬੁੱਧ ਰਾਮ ਚਾਹੁੰਦਾ ਸੀ ਕਿ ਉਹ ਮੁੰਡੇ ਨੂੰ ਚੰਗਾ ਪੜ੍ਹਾਵੇਗਾ। ਕੋਈ ਵਧੀਆ ਟਰੇਨਿੰਗ ਕੋਰਸ ਦਿਵਾਏਗਾ। ਉਹ ਚੰਗੀ ਨੌਕਰੀ ਉੱਤੇ ਲੱਗ ਜਾਵੇਗਾ, ਪੈਸਾ ਕਮਾਏਗਾ ਤੇ ਉਹਦੀ ਸਾਰੀ ਕਬੀਲਦਾਰੀ ਸੰਢੀ ਜਾਵੇਗੀ। ਉਹ ਤਾਂ ਸਾਰੀ ਉਮਰ ਕੁੜੀਆਂ ਦੇ ਵਿਆਹ ਕਰਨ ਵਿੱਚ ਹੀ ਰਿਹਾ। ਕਿਸੇ ਸਾਲ ਵੀ ਉਹਦੀ ਜਾਨ ਕਰਜ਼ਾ ਉਤਾਰਨ ਦੀ ਚਿੰਤਾ ਤੋਂ ਮੁਕਤ ਨਹੀਂ ਹੋਈ। ਚਲੋ, ਆਖ਼ਰੀ ਉਮਰ ਵਿੱਚ ਤਾਂ ਉਹ ਸੁੱਖ ਭੋਗ ਲਵੇਗਾ। ਉਹਨੂੰ ਸਮਝ ਨਹੀਂ ਆਉਂਦੀ ਸੀ, ਉਹਦੇ ਕਰਮਾਂ ਵਿੱਚ ਇਹ ਫ਼ਰਕ ਕਿਉਂ ਪੈ ਗਿਆ। ਮੁੰਡਾ ਤਾਂ ਕਿਸੇ ਵੀ ਕੰਮ ਦਾ ਨਾ ਰਿਹਾ। ਹੁਣ ਤਾਂ ਉਹਨੂੰ ਇਹੀ ਫ਼ਿਕਰ ਰਹਿੰਦਾ ਕਿ ਆਖ਼ਰੀ ਉਮਰ ਦੇ ਸੁੱਖ ਦੀ ਗੱਲ ਤਾਂ ਗਈ ਦੂਰ, ਜੇ ਮੁੰਡਾ ਕਿਤੇ ਆਪਣੀ ਰੋਟੀ ਜੋਗਾ ਹੀ ਹੋ ਸਕੇ। ਉਹਨੂੰ ਇਹ ਪਤਾ ਨਹੀਂ ਲੱਗਦਾ ਸੀ ਕਿ ਇਹ ਉਹਦੀ ਆਪਣੀ ਕਿਸਮਤ ਹੈ ਜਾਂ ਕਿ ਮੁੰਡੇ ਵਿੱਚ ਕੋਈ ਨੁਕਸ ਹੈ। ਮੁੰਡੇ ਵਿੱਚ ਨੁਕਸ ਹੈ ਤਾਂ ਇਹ ਕਿਸਦਾ ਕਸੂਰ? ਉਹਨੂੰ ਆਪਣੀ ਜਨਾਨੀ ਉੱਤੋਂ ਗੁੱਸਾ ਆਉਂਦਾ ਕਿ ਉਹਨੇ ਇੱਕੋ ਮੁੰਡਾ ਹੋਣ ਕਰਕੇ ਉਹਨੂੰ ਐਨਾ ਲਾਡ ਪਿਆਰ ਕੀਤਾ, ਉਹਨੂੰ ਐਨਾ ਸਿਰ ਚੜ੍ਹਾਇਆ, ਮੁੰਡਾ ਆਪਣੇ-ਆਪ ਨੂੰ ਸ਼ਹਿਜ਼ਾਦਾ ਸਮਝਣ ਲੱਗ ਪਿਆ। ਕਿਰਨ ਕੁਮਾਰ ਘਰ ਆ ਕੇ ਸਕੂਲ ਦਾ ਕੰਮ ਨਾ ਕਰਦਾ, ਰਾਤ ਨੂੰ ਛੇਤੀ ਸੌਂ ਜਾਂਦਾ ਜਾਂ ਤੜਕੇ ਸਦੇਹਾਂ ਉੱਠ ਕੇ ਨਾ ਪੜ੍ਹਦਾ ਤੇ ਬੁੱਧ ਰਾਮ ਉਹਦੇ ਉੱਤੇ ਬਹੁਤ ਖਿਝਦਾ। ਗੁੱਸੇ ਵਿੱਚ ਆ ਕੇ ਉਹਦੇ ਮੂੰਹ ਉੱਤੇ ਥੱਪੜ ਜੜ ਦਿੰਦਾ। ਮੁੰਡਾ ਉੱਚੀ-ਉੱਚੀ ਲੇਰਾਂ ਮਾਰਦਾ, ਘਰ ਵਿੱਚ ਤੂਫ਼ਾਨ ਖੜ੍ਹਾ ਹੋ ਜਾਂਦਾ। ਉਹਦੀ ਜਨਾਨੀ ਮੁੰਡੇ ਨੂੰ ਪੁਚਕਾਰਦੀ ਤੇ ਉਲਟਾ ਬੁੱਧ ਰਾਮ ਨੂੰ ਹੀ ਬੁਰਾ ਭਲਾ ਕਹਿਣ ਲੱਗਦੀ। ਕਿਰਨ ਕੁਮਾਰ ਘਰ ਵਿੱਚ ਸੁੱਤਾ ਹੁੰਦਾ ਤਾਂ ਸੁੱਤਾ ਹੀ ਰਹਿੰਦਾ, ਘੰਟਿਆਂ ਤੱਕ ਸੌਂਦਾ। ਘਰੋਂ ਬਾਹਰ ਖੇਡਣ ਜਾਂਦਾ ਜਾਂ ਪਤਾ ਨਹੀਂ ਕਿੱਥੇ ਜਾਂਦਾ, ਕਈ-ਕਈ ਘੰਟੇ ਘਰ ਹੀ ਨਾ ਵੜਦਾ। ਪੜ੍ਹਾਈ ਦੇ ਨਾਉਂ ਉੱਤੇ ਉਹਨੂੰ ਮੌਤ ਪੈ ਜਾਂਦੀ।

ਸਾਥੀ ਮਾਸਟਰਾਂ ਵਿੱਚ ਬੈਠ ਕੇ ਉਹ ਗੱਲ ਤੋਰਦਾ। ਮਾਸਟਰਾਂ ਦਾ ਤਰਕ ਹੁੰਦਾ ਕਿ ਬੱਚੇ ਨੂੰ ਬਹੁਤਾ ਝਿੜਕਣਾ ਮਾਰਨਾ ਨਹੀਂ ਚਾਹੀਦਾ। ਅੱਖਾਂ ਦੀ ਘੂਰ-ਘੱਪ ਹੀ ਬਹੁਤ ਹੁੰਦੀ ਹੈ। ਉਹਦੇ ਉੱਤੇ ਬਹੁਤ ਦਬਾਓ ਪਾਓਗੇ ਤਾਂ ਉਹ ਜਾਂ ਤਾਂ ਦਬ ਕੇ ਰਹਿ ਜਾਵੇਗਾ, ਉਹਦਾ ਮਾਨਸਿਕ ਵਿਕਾਸ ਰੁਕ ਜਾਏਗਾ ਜਾਂ ਫੇਰ ਢੀਠ ਬਣ ਜਾਏਗਾ। ਤੁਹਾਡੀ ਕਿਸੇ ਵੀ ਗੱਲ ਦੀ ਪ੍ਰਵਾਹ ਨਹੀਂ ਕਰੇਗਾ। ਮਾਸਟਰ ਸੁਝਾਓ ਦਿੰਦੇ ਕਿ ਬੱਚੇ ਨੂੰ ਪਿਆਰ ਮੁਹੱਬਤ ਨਾਲ ਹੀ ਅੱਗੇ ਤੋਰਿਆ ਜਾਣਾ ਚਾਹੀਦਾ ਹੈ। ਬੁੱਧ ਰਾਮ ਪ੍ਰਣ ਜਿਹਾ ਮਨ ਵਿੱਚ ਧਾਰਦਾ ਕਿ ਉਹ ਹੁਣ ਕਦੇ ਵੀ ਕਿਰਨ ਕੁਮਾਰ ਨੂੰ ਕੁੱਟੇ-ਮਾਰੇਗਾ ਨਹੀਂ। ਨਾ ਹੀ ਉਹਨੂੰ ਵਾਹੀਆਤ ਝਿੜਕੇਗਾ ਜਾਂ ਗਾਲ੍ਹਾਂ ਕੱਢੇਗਾ। ਉਹਨੂੰ ਆਪਣੇ ਆਪ ਚੱਲਣ ਦੇਵੇਗਾ, ਪਰ ਇਹ ਪ੍ਰਣ ਉਹ ਮਸਾਂ ਇੱਕ ਜਾਂ ਦੋ ਦਿਨ ਲਈ ਹੀ ਨਿਭਾਅ ਸਕਦਾ। ਉਹ ਕਿਰਨ ਕੁਮਾਰ ਨੂੰ ਕੋਈ ਸਵਾਲ ਪੁੱਛਦਾ, ਅੰਗਰੇਜ਼ੀ ਦਾ ਕੋਈ ਫਿਕਰਾ ਜਾਂ ਪੰਜਾਬੀ ਦਾ ਕੋਈ ਸ਼ਬਦ, ਕਿਰਨ ਕੁਮਾਰ ਉਲਟਾ ਟੇਢਾ ਜਵਾਬ ਦਿੰਦਾ ਤਾਂ ਬੁੱਧ ਰਾਮ ਭਖ ਉੱਠਦਾ। ਉਹ ਬਹੁਤ ਹੈਰਾਨ ਹੁੰਦਾ ਕਿ ਉਹ ਸਕੂਲ ਵਿੱਚ ਪੜ੍ਹਦੇ ਹੋਰਾਂ ਬੱਚਿਆਂ ਵੱਲ ਤਾਂ ਐਨਾ ਉਦਾਰ ਚਿੱਤ ਰਹਿੰਦਾ ਹੈ, ਕਿਸੇ ਨੂੰ ਮਸਾਂ ਹੀ ਕਦੇ ਔਖਾ ਬੋਲਦਾ ਹੈ ਜਾਂ ਮਾੜੀ ਮੋਟੀ ਹੀ ਕੁੱਟ ਮਾਰ ਕਰਦਾ ਹੈ, ਉਹ ਆਪਣੇ ਪੁੱਤਰ ਨੂੰ ਕਿਉਂ ਮਾੜੀ ਜਿਹੀ ਗੱਲ ਉੱਤੇ ਕੁੱਟ ਸੁੱਟਦਾ ਹੈ? ਕਿਉਂ ਉਹਨੂੰ ਆਪਣੇ ਮੁੰਡੇ ਉੱਤੇ ਐਨੀ ਖਿਝ ਚੜ੍ਹਦੀ ਹੈ?

ਕਿਰਨ ਕੁਮਾਰ ਦਸਵੀਂ ਤਾਂ ਕਰ ਗਿਆ, ਪਰ ਥਰਡ ਡਵੀਜ਼ਨ ਆਈ। ਉਹਨੂੰ ਕੋਈ ਨੌਕਰੀ ਨਹੀਂ ਮਿਲ ਸਕਦੀ ਸੀ। ਉਹ ਕਿਸੇ ਟਰੇਨਿੰਗ ਕੋਰਸ ਵਿੱਚ ਨਹੀਂ ਜਾ ਸਕਦਾ ਸੀ। ਉਹ ਕਿਸੇ ਦਸਤਕਾਰੀ ਦੇ ਕੰਮ ਵਿੱਚ ਨਹੀਂ ਪੈਂਦਾ ਸੀ। ਬੁੱਧ ਰਾਮ ਨੇ ਉਹਨੂੰ ਟਰੈਕਟਰਾਂ ਦੀ ਵਰਕਸ਼ਾਪ ਵਿੱਚ ਲਾਇਆ ਤਾਂ ਕਿ ਉਹ ਸਾਲ ਦੋ ਸਾਲ ਧੱਕੇ ਖਾ ਕੇ ਮਕੈਨਿਕ ਤਾਂ ਘੱਟੋ ਘੱਟ ਬਣ ਜਾਵੇ। ਮਕੈਨਿਕ ਵੀ ਕੀ ਮਾੜਾ ਸੀ? ਦਿਲ ਲਾ ਕੇ ਕੰਮ ਕਰਨ ਵਾਲੇ ਮਕੈਨਿਕ ਮੁੰਡੇ ਸੌ ਸੌ ਰੁਪਿਆ ਨਿੱਤ ਦਾ ਕਿਹੜਾ ਨਹੀਂ ਕਮਾ ਲੈਂਦੇ, ਪਰ ਨਾ, ਉਹ ਤਾਂ ਓਥੇ ਟਿਕਿਆ ਹੀ ਨਾ। ਪੰਦਰਾਂ ਦਿਨ ਲਾਏ ਤੇ ਆਚਾਨਕ ਹੀ ਇੱਕ ਦਿਨ ਘਰੋਂ ਗਾਇਬ ਹੋ ਗਿਆ। ਦਸ ਦਿਨ ਪਤਾ ਨਹੀਂ ਕਿੱਥੇ-ਕਿੱਥੇ ਫਿਰਦਾ ਰਿਹਾ, ਪਰ ਵਾਪਸ ਆਇਆ ਤਾਂ ਮਾਂ ਨੇ ਹਿੱਕ ਨਾਲ ਲਾ ਲਿਆ- 'ਲਾਲ, ਤੂੰ ਦੱਸ ਕੇ ਤਾਂ ਜਾਂਦਾ।' ਬੁੱਧ ਰਾਮ ਦਾ ਜੀਅ ਕਰੇ, ਮੁੰਡੇ ਦਾ ਗਲ ਤਲਵਾਰ ਨਾਲ ਕੱਟ ਕੇ ਔਹ ਮਾਰੇ। ਸਾਲ਼ਾ, ਕਿਸੇ ਵੀ ਲੋਟ ਨਹੀਂ ਆਉਂਦਾ। ਐਦੂੰ ਤਾਂ ਉਹ ਇਸ ਨੂੰ ਜੰਮਦਾ ਹੀ ਨਾ।

ਨਾ ਉਹ ਜੱਟ ਸੀ, ਨਾ ਬਾਣੀਆ। ਜੱਟ ਹੁੰਦਾ ਤਾਂ ਘਰ ਦੀ ਜ਼ਮੀਨ ਹੁੰਦੀ। ਖੇਤੀਬਾੜੀ ਦਾ ਕੰਮ ਚੱਲਦਾ ਹੁੰਦਾ। ਕਿਰਨ ਕੁਮਾਰ ਖੇਤੀ ਦੇ ਕੰਮ ਵਿੱਚ ਪੈ ਜਾਂਦਾ ਤੇ ਜੂਨ ਗੁਜ਼ਾਰਾ ਕਰੀ ਜਾਂਦਾ। ਬਾਣੀਆ ਹੁੰਦਾ ਤਾਂ ਦੁਕਾਨ ਉੱਤੇ ਬੈਠਦਾ। ਉਹਨਾਂ ਦੀ ਆਪਣੀ ਦੁਕਾਨ ਕੋਈ ਨਾ ਹੁੰਦੀ ਤਾਂ ਬੁੱਧ ਰਾਮ ਉਹਨੂੰ ਕਿਸੇ ਰਿਸ਼ਤੇਦਾਰੀ ਵਿੱਚ ਛੱਡ ਆਉਂਦਾ। ਜੱਟਾਂ ਤੇ ਬਾਣੀਆਂ ਦੇ ਮੁੰਡੇ ਘੱਟੋ-ਘੱਟ ਭੁੱਖੇ ਤਾਂ ਨਹੀਂ ਮਰਦੇ। ਕੁਝ ਨਾ ਕੁਝ ਤਾਂ ਕਰਦੇ ਹੀ ਨੇ। ਕਿਰਨ ਕੁਮਾਰ ਦਾ ਕੱਦ ਮਧਰਾ ਸੀ। ਨਾ ਪੁਲਿਸ ਵਿੱਚ ਭਰਤੀ ਹੋ ਸਕਦਾ ਸੀ, ਨਾ ਫ਼ੌਜ ਵਿੱਚ। ਦਿਮਾਗ਼ ਪੱਖੋਂ ਵੀ ਹੁਣ ਊਂਧਾ ਜਿਹਾ ਬਣ ਕੇ ਰਹਿ ਗਿਆ ਸੀ। ਤਿੱਖੇ ਦਿਮਾਗ਼ ਵਾਲੇ ਮੁੰਡੇ ਖ਼ੁਦ-ਬਖ਼ੁਦ ਹੀ ਕਿਸੇ ਕੰਮ ਵਿੱਚ ਪੈ ਜਾਂਦੇ ਹਨ। ਘਰੋਂ ਨਿੱਕਲ ਤੁਰਦੇ ਹਨ। ਓਦੋਂ ਹੀ ਪਤਾ ਲੱਗਦਾ ਹੈ ਜਦੋਂ ਕਈ ਸਾਲਾਂ ਬਾਅਦ ਉਹ ਪੂਰੀ ਟੋਹਰ ਨਾਲ ਘਰ ਵੜਦੇ ਹਨ। ਉਹਨਾਂ ਨੂੰ ਆਪਣਾ-ਆਪ ਸੰਭਾਲਣ ਜੋਗੇ ਦੇਖ ਕੇ ਮਾਂ-ਬਾਪ ਹੈਰਾਨ ਰਹਿ ਜਾਂਦੇ ਹਨ। ਅਜਿਹੇ ਸਮੇਂ ਮਾਪਿਆਂ ਨੂੰ ਕਿੰਨੀ ਖ਼ੁਸ਼ੀ ਮਿਲਦੀ ਹੋਵੇਗੀ, ਪਰ ਕਿਰਨ ਕੁਮਾਰ ਤਾਂ ਘਰੋਂ ਵੀ ਕਿਧਰੇ ਨਿੱਕਲਦਾ ਨਹੀਂ ਸੀ।

ਬੁੱਧ ਰਾਮ ਦੇ ਸਾਰੇ ਹਰਾਸ ਟੁੱਟ ਗਏ। ਉਹਨੂੰ ਹੁਣ ਕਿਰਨ ਕੁਮਾਰ ਉੱਤੇ ਖਿਝ ਵੀ ਨਾ ਚੜ੍ਹਦੀ। ਮੁੰਡਾ ਘਰ ਆਉਂਦਾ, ਰੋਟੀ ਖਾ ਜਾਂਦਾ। ਆਉਂਦਾ, ਮਾਂ ਤੋਂ ਚਾਹ ਕਰਵਾਉਂਦਾ ਤੇ ਪੀ ਕੇ ਚਲਿਆ ਜਾਂਦਾ। ਰਾਤ ਨੂੰ ਕੁਵੇਲੇ ਘਰ ਵੜਦਾ। ਸਵੇਰੇ ਜਾਂ ਤਾਂ ਸਦੇਹਾਂ ਉੱਠ ਕੇ ਹੀ ਕਿਧਰੇ ਚਲਿਆ ਜਾਂਦਾ ਜਾਂ ਦਿਨ ਚੜ੍ਹੇ ਤੱਕ ਬਿਸਤਰੇ ਵਿੱਚ ਪਿਆ ਰਹਿੰਦਾ, ਜਿਵੇਂ ਕੋਈ ਬੀਮਾਰ ਹੋਵੇ। ਬੁੱਧ ਰਾਮ ਉਹਦੀ ਕੋਈ ਪਰਵਾਹ ਨਾ ਕਰਦਾ। ਉਹ ਕਦੋਂ ਘਰ ਆਉਂਦਾ ਹੈ, ਕਦੋਂ ਜਾਂਦਾ ਹੈ, ਉਹਨੂੰ ਕੋਈ ਦਿਲਚਸਪੀ ਨਹੀਂ ਰਹਿ ਗਈ ਸੀ। ਕਿਰਨ ਕੁਮਾਰ ਨਾਲ ਆਪ ਗੱਲ ਕਰਨੋਂ ਤਾਂ ਉਹ ਕਦੋਂ ਦਾ ਹਟਿਆ ਹੋਇਆ ਸੀ। ਹੁਣ ਉਹ ਆਪਣੀ ਜ਼ਨਾਨੀ ਤੋਂ ਵੀ ਉਹਦੇ ਬਾਰੇ ਕੁਝ ਨਾ ਪੁੱਛਦਾ। ਸਗੋਂ ਜੇ ਉਹ ਮੁੰਡੇ ਬਾਰੇ ਕੋਈ ਗੱਲ ਦੱਸਦੀ ਤਾਂ ਬੁੱਧ ਰਾਮ ਸੁਣਦਾ ਹੀ ਨਾ। ਜਿਵੇਂ ਉਹ ਕਿਸੇ ਬਿਗ਼ਾਨੇ ਮੁੰਡੇ ਦੀ ਗੱਲ ਕਰ ਰਹੀ ਹੋਵੇ।

ਕਿਰਨ ਕੁਮਾਰ ਦਾ ਇਹ ਹਾਲ ਦੇਖ ਕੇ ਬੁੱਧ ਰਾਮ ਨੂੰ ਕੋਈ ਹੋਰ ਮੁੰਡਾ ਚੰਗਾ ਨਾ ਲੱਗਦਾ। ਰਿਸ਼ਤੇਦਾਰੀ ਵਿੱਚ ਕੋਈ ਮੁੰਡਾ ਦਸਵੀਂ ਪਾਸ ਕਰਦਾ ਤੇ ਫਸਟ ਡਵੀਜ਼ਨ ਲੈ ਜਾਂਦਾ ਤਾਂ ਬੁੱਧ ਰਾਮ ਨੂੰ ਅਫ਼ਸੋਸ ਹੁੰਦਾ। ਰਿਸ਼ਤੇਦਾਰ ਦੇ ਮੂੰਹ ਉੱਤੇ ਵੀ ਉਹ ਪ੍ਰਸ਼ੰਸਾ ਜਾਂ ਖ਼ੁਸ਼ੀ ਦਾ ਕੋਈ ਸ਼ਬਦ ਨਾ ਬੋਲ ਸਕਦਾ। ਬੁੱਧ ਰਾਮ ਦੇ ਆਪਣੇ ਵਿਦਿਆਰਥੀ ਜਦੋਂ ਉਹਨੂੰ ਮਿਲਦੇ, ਉਹ ਆਪਣੀ ਉੱਨਤੀ ਦੀਆਂ ਗੱਲਾਂ ਕਰਦੇ ਤਾਂ ਉਹ ਘਾਊਂ-ਮਾਊਂ ਜਿਹਾ ਹੋ ਕੇ ਰਹਿ ਜਾਂਦਾ। ਰੁੱਖੇ-ਰੁੱਖੇ ਸਵਾਲ ਜਵਾਬ ਕਰਦਾ। ਉਹ ਧੁਰ ਦਿਲ ਤੱਕ ਦੁਖੀ ਹੁੰਦਾ ਕਿ ਉਹਨੇ ਕੀ ਲੈਣਾ ਹੈ ਲੋਕਾਂ ਦੇ ਮੁੰਡਿਆਂ ਦੀ ਉੱਨਤੀ ਬਾਰੇ ਸੁਣ ਕੇ, ਉਹਦਾ ਆਪਣਾ ਇੱਕੋ-ਇੱਕ ਮੁੰਡਾ ਤਾਂ ਅਣਹੋਇਆ ਨਿੱਕਲ ਗਿਆ ਹੈ।

ਸਤੰਬਰ-ਅਕਤੁਬਰ ਦਾ ਮਹੀਨਾ ਸੀ। ਉਹ ਸਾਲ ਵਾਇਰਲ ਬੁਖਾਰ ਦਾ ਬਹੁਤ ਜ਼ੋਰ ਸੀ। ਪਿੰਡ-ਪਿੰਡ, ਸ਼ਹਿਰ-ਸ਼ਹਿਰ ਲੋਕ ਮੰਜਿਆਂ ਉੱਤੇ ਪਏ ਸਨ। ਸ਼ਹਿਰਾਂ ਵਿੱਚ ਡਾਕਟਰਾਂ ਦੀਆਂ ਦੁਕਾਨਾਂ ਉੱਤੇ ਮਰੀਜ਼ਾਂ ਦੀ ਮੇਲੇ ਵਾਂਗ ਭੀੜ ਲੱਗੀ ਹੁੰਦੀ। ਪਹਿਲਾਂ ਪਰਚੀਆਂ ਬਣਦੀਆਂ, ਫੇਰ ਉਹਨਾਂ ਨੂੰ ਨੰਬਰਵਾਰ ਡਾਕਟਰ ਕੋਲ ਬੁਲਾਇਆ ਜਾਂਦਾ। ਹਾਕ ਮਾਰਨ ਲਈ ਕਿਸੇ-ਕਿਸੇ ਡਾਕਟਰ ਦੀ ਦੁਕਾਨ ਉੱਤੇ ਤਾਂ ਲਾਊਡ-ਸਪੀਕਰ ਦੀ ਵਰਤੋਂ ਵੀ ਹੋ ਰਹੀ ਹੁੰਦੀ। ਉਹਨਾਂ ਦਿਨਾਂ ਵਿੱਚ ਹੀ ਕਿਰਨ ਕੁਮਾਰ ਚਾਰ ਦਿਨ ਘਰ ਨਾ ਆਇਆ। ਬੁੱਧ ਰਾਮ ਲਈ ਇਹ ਆਮ ਵਰਗੀ ਗੱਲ ਸੀ। ਉਹਦੀ ਘਰਵਾਲੀ ਰੌਣਪਿੱਟਣ ਲੱਗੀ- 'ਹਾਏ, ਮੇਰਾ ਲਾਲ! ਪਤਾ ਨਹੀਂ ਕਿੱਥੇ ਐ?'

ਬੁੱਧ ਰਾਮ ਆਖ ਰਿਹਾ ਸੀ- 'ਐਥੇ ਕੀ ਉਹਦੇ ਬਗ਼ੈਰ ਥੁੜਿਆ ਪਿਐ ਕੁਛ। ਆਪੇ ਆਜੂਗਾ ਕਿਧਰੋਂ ਧੱਕੇ ਖਾਂਦਾ।' ਤੇ ਫੇਰ ਪੰਜਵਾਂ ਦਿਨ, ਛੇਵਾਂ ਦਿਨ, ਸੱਤਵੇਂ ਦਿਨ ਨੂੰ ਇੱਕ ਮੁੰਡਾ ਉਹਨਾਂ ਦੇ ਘਰ ਆਇਆ। ਸੁਨੇਹਾ ਦਿੱਤਾ, ਥੋਡਾ ਕਿਰਨ ਸਾਡੇ ਮੁਰਗੀਖ਼ਾਨੇ ਐ, ਬਹੁਤ ਬੀਮਾਰ ਐ। ਉਹਨੂੰ ਘਰ ਲੈ ਆਓ।'

'ਵੇ ਭਾਈ, ਕਿਹੜਾ ਮੁਰਗੀਖ਼ਾਨਾ? ਕੌਣ ਹੋਇਆ ਤੂੰ?' ਕਿੱਥੇ ਐ ਉਹ ਮੁਰਗੀਖ਼ਾਨਾ? ਮੈਨੂੰ ਤਾਂ ਨਾਲ ਈ ਲੈ ਚੱਲ।'

ਮੁੰਡਾ ਉਹਨੂੰ ਸਾਈਕਲ ਮਗਰ ਬਿਠਾ ਕੇ ਲੈ ਗਿਆ। ਉਹ ਪਹੁੰਚੇ ਤਾਂ ਕਿਰਨ ਕੁਮਾਰ ਦੀ ਨਬਜ਼ ਬੰਦ ਸੀ। ਚੇਹਰਾ ਪੀਲਾ ਵਸਾਰ ਜਿਹਾ। ਹੱਥ ਪੈਰ ਆਕੜ ਚੁੱਕੇ ਸਨ। ਮਾਂ ਪੱਟਾਂ ਉੱਤੇ ਦੁਹੱਥੜ ਮਾਰ ਕੇ ਉਹਦੇ ਮੂੰਹ ਨੂੰ ਝੋਜੋੜਨ ਲੱਗੀ। ਸੱਦ ਕੇ ਲਿਆਇਆ ਮੁੰਡਾ ਵੀ ਸੁੰਨ ਦਾ ਸੁੰਨ ਖੜ੍ਹਾ ਰਹਿ ਗਿਆ। ਹੁਣ ਤਾਂ ਉਹ ਉਹਨੂੰ ਚੰਗਾ ਭਲਾ ਛੱਡ ਕੇ ਗਿਆ ਸੀ। ਉਹਨੇ ਆਪ ਬੋਲ ਕੇ ਹੀ ਤਾਂ ਆਖਿਆ ਕਿ ਉਹ ਸਾਈਕਲ ਉੱਤੇ ਜਾ ਕੇ ਉਹਦੀ ਮਾਂ ਨੂੰ ਪਤਾ ਕਰ ਦੇਵੇ।

ਕਿਰਨ ਕੁਮਾਰ ਸੱਤਾਂ ਦਿਨਾਂ ਤੋਂ ਓਥੇ ਹੀ ਪਿਆ ਹੋਇਆ ਸੀ। ਓਸੇ ਦਿਨ ਤੋਂ ਉਹਨੂੰ ਵਾਇਰਲ ਸੀ। ਓਥੇ ਪਏ ਨੂੰ ਹੀ ਉਸਦਾ ਦੋਸਤ ਮੁੰਡਾ ਉਹਨੂੰ ਗੋਲ਼ੀਆਂ ਲਿਆ ਕੇ ਦਿੰਦਾ। ਖਾਣ ਨੂੰ ਡਬਲ-ਰੋਟੀ ਲਿਆ ਦਿੰਦਾ। ਦੁੱਧ ਵੀ ਲਿਆ ਦਿੰਦਾ ਸੀ, ਪਰ ਬੁਖਾਰ ਉਤਰਦਾ, ਫੇਰ ਚੜ੍ਹ ਜਾਂਦਾ। ਗੋਲ਼ੀਆਂ ਦੀ ਘੂਕੀ ਵਿੱਚ ਉਹ ਬੇਸੁਧ ਜਿਹਾ ਮੰਜੇ ਉੱਤੇ ਪਿਆ ਰਹਿੰਦਾ। ਬੇਸੁਰਤੀ ਹਾਲਤ ਵਿੱਚ ਹੀ ਡਬਲ-ਰੋਟੀ ਖਾਂਦਾ। ਦਿਨੋ-ਦਿਨ ਉਹਦਾ ਖ਼ੂਨ ਸੁੱਕਦਾ ਜਾ ਰਿਹਾ ਸੀ। ਦਿਨੋ-ਦਿਨ ਉਹਦਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਸੀ। ਕਿਰਨ ਕੁਮਾਰ ਇਸ ਦੁਨੀਆ ਵਿੱਚ ਨਾ ਰਿਹਾ ਤਾਂ ਕੁਝ ਦਿਨ ਤਾਂ ਬੁੱਧ ਰਾਮ ਉਹਦੇ ਬਾਰੇ ਕੁਝ ਸੋਚ ਹੀ ਨਾ ਸਕਿਆ। ਨਾ ਚੰਗਾ, ਨਾ ਮਾੜਾ। ਉਹਦੀ ਘਰਵਾਲੀ ਪੁੱਤ ਦੇ ਗ਼ਮ ਵਿੱਚ ਨਿਢਾਲ ਮੰਜੇ ਉੱਤੇ ਪਈ ਰਹਿੰਦੀ। ਔਰਤਾਂ ਉਹਦੇ ਕੋਲ ਆ ਕੇ ਗੱਲਾਂ ਕਰਦੀਆਂ ਤਾਂ ਉਹ ਹੋਰ ਉਦਾਸ ਹੋ ਜਾਂਦੀ। ਆਥਣ-ਸਵੇਰ ਉਹ ਬੁੱਧ ਰਾਮ ਨੂੰ ਕੋਸਦੀ- 'ਹੁਣ ਤਾਂ ਥੋਡਾ ਠਰ ਗਿਆ ਕਾਲਜਾ? ਚਾਹੇ ਡੱਕਾ ਦੂਹਰਾ ਨਹੀਂ ਕਰਦਾ ਸੀ, ਘਰੇ ਪੁੱਤ ਤਾਂ ਸੀ। ਧੂਣਾ ਤਾਂ ਧੁਖਦਾ ਸੀ। ਬੱਤੀ ਨਾਲ ਬੱਤੀ ਤਾਂ ਸੀ।'

ਬੁੱਧ ਰਾਮ ਚੁੱਪ ਰਹਿੰਦਾ। ਕਦੇ-ਕਦੇ ਉਹ ਖਿਝ ਉੱਠਦਾ ਕੀ ਕਰਨਾ ਸੀ ਇਹੋ ਜ੍ਹੀ ਔਲਾਦ ਦਾ? ਹੁਣ ਕੀ ਫ਼ਰਕ ਪੈ ਗਿਆ ਉਹਦੇ ਬਗ਼ੈਰ? ਮਰ ਗਿਆ ਤਾਂ ਸਬਰ ਕਰਕੇ ਬੈਠ ਹੁਣ। ਉਹ ਤਾਂ ਜਿਉਂਦਾ ਵੀ ਮਰਿਆਂ ਵਰਗਾ ਸੀ। ਉਹਦੇ ਜਿਊਂਦੇ ਆਪਾਂ ਵੀ ਕਿਹੜਾ ਜਿਉਂਦਿਆਂ 'ਚ ਸੀ?

ਤੇ ਫੇਰ ਕੁਝ ਦਿਨਾਂ ਬਾਅਦ ਬੁੱਧ ਰਾਮ ਇੱਕ ਦਿਨ ਬੈਠਾ-ਬੈਠਾ ਧਾਹੀਂ ਰੋ ਪਿਆ। ਅੱਖਾਂ ਦਾ ਸਾਰਾ ਪਾਣੀ ਮੁਕਾ ਕੇ ਉਹ ਪਤਨੀ ਨਾਲ ਗੱਲਾਂ ਕਰਨ ਲੱਗਿਆ- ਕੀ ਪਤਾ ਓਸ ਵਚਾਰੇ ਨੂੰ ਕੀ ਦੁੱਖ ਸੀ? ਕਿਉਂ ਨਾ ਪੜ੍ਹ ਸਕਿਆ ਉਹ? ਕਿਉਂ ਨਾ ਪਿਆ ਉਹ ਕਿਸੇ ਕੰਮ 'ਚ? ਉਹਦੇ ਇਉਂ ਵਿਗੜ ਜਾਣ 'ਚ ਸ਼ਾਇਦ ਆਪਣਾ ਈ ਕਸੂਰ ਹੋਵੇ। ਤੂੰ ਉਹਨੂੰ ਬੇਹੱਦ ਪਿਆਰ ਕਰਦੀ ਸੀ। ਸ਼ਾਇਦ ਏਸੇ ਕਰਕੇ ਵਿਗੜਿਆ ਹੋਵੇ ਉਹ? ਇਹ ਤਾਂ ਆਪਣਾ ਈ ਕਸੂਰ ਸੀ।ਉਹਨੂੰ ਆਪਾਂ ਠੀਕ ਢੰਗ ਨਾਲ ਉਸਾਰ ਨਾ ਸਕੇ।'

ਤੇ ਫੇਰ ਅਜਿਹੇ ਦਿਨ ਵੀ ਆ ਗਏ, ਜਦੋਂ ਉਹਦੀਆਂ ਧੀਆਂ ਘਰ ਆਉਂਦੀਆਂ। ਕੋਈ ਧੀ ਆਪਣਾ ਮੁੰਡਾ ਉਹਨਾਂ ਨੂੰ ਦੇਣ ਲਈ ਆਖਦੀ, ਪਰ ਬੁੱਧ ਰਾਮ ਬੜਾ ਰੁੱਖਾ ਹੋ ਕੇ ਜਵਾਬ ਦਿੰਦਾ- 'ਜਦੋਂ ਅਸੀਂ ਆਪਣੇ ਦਾ ਕੋਈ ਸੁੱਖ ਨਾ ਲੈ ਸਕੇ, ਬਗ਼ਾਨੀ ਔਲਾਦ ਕਿੱਥੋਂ ਪੰਘੂੜੇ ਝੁਟਾਅ ਦੂ ਸਾਨੂੰ?'

ਬੁੱਧ ਰਾਮ ਸਕੂਲੋਂ ਆਉਂਦਾ ਤੇ ਬੱਸ ਸਟੈਂਡ ਉੱਤੇ ਜਾ ਕੇ ਘੰਟਾ-ਘੰਟਾ ਖੜ੍ਹਾ ਲੋਕਾਂ ਵੱਲ ਖ਼ਾਲੀ-ਖ਼ਾਲੀ ਅੱਖਾਂ ਨਾਲ ਝਾਕਦਾ ਰਹਿੰਦਾ। ਕਿਸੇ-ਕਿਸੇ ਦਿਨ ਉਹਨੂੰ ਉਹਦਾ ਕੋਈ ਪੁਰਾਣਾ ਵਿਦਿਆਰਥੀ ਮਿਲ ਜਾਂਦਾ ਤਾਂ ਉਹ ਮੁੰਡੇ ਨੂੰ ਘੁੱਟ ਕੇ ਹਿੱਕ ਨਾਲ ਲਾਉਂਦਾ। ਢਾਬੇ 'ਤੇ ਜਾ ਕੇ ਉਹਨੂੰ ਚਾਹ ਪਿਆਉਂਦਾ। ਉਹਦੇ ਨਾਲ ਉਹਦੀਆਂ ਸਾਰੀਆਂ ਗੱਲਾਂ ਕਰਦਾ। ਮੁੰਡਾ ਆਪਣੀ ਉੱਨਤੀ ਬਾਰੇ ਦੱਸਦਾ ਤਾਂ ਬੁੱਧ ਰਾਮ ਦੇ ਚਿਹਰੇ ਉੱਤੇ ਲਾਲੀ ਆ ਜਾਂਦੀ। ਉਹਨੂੰ ਸੱਚਮੁੱਚ ਲੱਗਦਾ ਕਿ ਉਹ ਉਸਦਾ ਆਪਣਾ ਪੁੱਤ ਹੈ। ਬਾਜ਼ਾਰ ਵਿੱਚ ਉਹ ਆਪਣੇ ਕਿਸੇ ਵਿਦਿਆਰਥੀ ਦੀ ਪਿੱਠ ਪਛਾਣ ਕੇ ਉਹਦੇ ਮੋਢੇ ਉੱਤੇ ਜਾ ਹੱਥ ਧਰਦਾ ਤੇ ਥਾਂ ਦੀ ਥਾਂ ਖੜ੍ਹਾ ਕੇ ਉਹਦਾ ਹਾਲ-ਚਾਲ ਪੁੱਛਣ ਲੱਗਦਾ।

ਹੁਣ ਬੁੱਧ ਰਾਮ ਆਪਣੇ ਸਾਥੀ ਅਧਿਆਪਕਾਂ ਵਿੱਚ ਬੈਠ ਕੇ ਆਪਣੇ ਪੁਰਾਣੇ ਵਿਦਿਆਰਥੀਆਂ ਦੀਆਂ ਗੱਲਾਂ ਕਰਦਾ ਉਹ ਜੋ, ਹੁਣ ਰਾਮਪੁਰੇ ਐਸ.ਡੀ.ਐਮ. ਐ ਨਾ, ਉਹ ਮੇਰਾ ਵਿਦਿਆਰਥੀ ਐ। ਖ਼ਾਲਸਾ ਕਾਲਜ, ਲੁਧਿਆਣੇ ਦਾ ਭਰਪੂਰ ਸਿੰਘ ਜਿਹੜਾ ਓਥੇ ਅੰਗਰੇਜ਼ੀ ਦਾ ਪ੍ਰੋਫ਼ੈਸਰ ਐ, ਲੈ ਕੱਲ੍ਹ ਮੇਰੇ ਕੋਲੋਂ ਦਸਵੀਂ ਕਰਕੇ ਗਿਐ, ਹੁਣ ਪੀ.ਐੱਚ ਡੀ ਵੀ ਕਰ ਗਿਆ। ਦਿਨ ਜਾਂਦਿਆਂ ਨੂੰ ਕੀ ਲੱਗਦੈ। ਬੜਾ ਲਾਇਕ ਮੁੰਡਾ ਸੀ ਬਈ। ਜਦੋਂ ਵੀ ਬੁੱਧ ਸਾਥੀ ਅਧਿਆਪਕਾਂ ਵਿੱਚ ਬੈਠਦਾ, ਆਪਣੇ ਕਿਸੇ ਪੁਰਾਣੇ ਵਿਦਿਆਰਥੀ ਦੀ ਗੱਲ ਛੇੜ ਲੈਂਦਾ। ਸਾਥੀ ਅਧਿਆਪਕ ਉਹਦੀਆਂ ਗੱਲਾਂ ਸੁਣਦੇ ਤੇ ਲਗਾਤਾਰ ਬਿਨਾਂ ਹੁੰਗਾਰਾ ਭਰੇ ਉਹਦੇ ਮੂੰਹ ਵੱਲ ਝਾਕਦੇ ਰਹਿੰਦੇ।

ਬੁੱਧ ਰਾਮ ਨੂੰ ਲੱਗਦਾ ਜਿਵੇਂ ਉਹਦੇ ਪੁਰਾਣੇ ਵਿਦਿਆਰਥੀ, ਜਿਹੜੇ ਜ਼ਿੰਦਗੀ ਵਿੱਚ ਬਹੁਤ ਉੱਚਾ ਉੱਠ ਗਏ ਹਨ, ਉਹਦੀ ਅਸਲੀ ਔਲਾਦ ਹਨ।*