ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਕਣਕ ਦੀਆਂ ਬੋਰੀਆਂ

ਵਿਕੀਸਰੋਤ ਤੋਂ

ਕਣਕ ਦੀਆਂ ਬੋਰੀਆਂ

ਕਿਰਪਾ ਮੱਲ ਦੇ ਘਰ ਨਾਲ ਦੁੱਲਾ ਸਿੰਘ ਦੇ ਘਰ ਦਾ ਲੈਣ ਦੇਣ ਕਈ ਪੁਸ਼ਤਾਂ ਤੋਂ ਬਣਿਆ ਹੋਇਆ ਸੀ। ਹੁਣ ਤਾਂ ਦੁੱਲਾ ਸਿੰਘ ਦੀ ਹਾਲਤ ਚੰਗੀ ਸੀ। ਉਸ ਦੇ ਚਾਰ ਪੁੱਤ ਸਨ, ਡੰਡਿਆਂ ਵਰਗੇ। ਚਾਰੇ ਵਿਆਹੇ ਵਰੇ। ਸਾਰਾ ਟੱਬਰ ਇਕੱਠਾ ਹੀ ਸੀ ਤੇ ਉਹ ਚਾਰੇ ਭਰਾ ਖੱਬੀ ਮਾਨ ਵਾਹੀ ਕਰਦੇ ਸਨ।

ਦੁੱਲਾ ਸਿੰਘ ਨੇ ਪਹਿਲਾਂ-ਪਹਿਲਾਂ ਕੁਝ ਚਿਰ ਆਪ, ਉਸ ਤੋਂ ਪਹਿਲਾਂ ਉਸ ਦੇ ਪਿਓ ਨੇ ਸਾਰੀ ਉਮਰ, ਤੇ ਉਸ ਦੇ ਦਾਦੇ ਨੇ ਵੀ ਸ਼ਾਇਦ ਸਾਰੀ ਉਮਰ ਹੀ ਕਿਰਪਾ ਮੱਲ ਦੇ ਘਰੋਂ ਡੂਢੀਆਂ ਸਵਾਈਆਂ ਉੱਤੇ ਦਾਣੇ ਲੈ ਲੈ ਖਾਧੇ ਸਨ। ਦੁੱਲਾ ਸਿੰਘ ਦੇ ਦਾਦੇ ਦਾ ਕਰਜ਼ਾ ਦੁੱਲਾ ਸਿੰਘ ਦਾ ਪਿਓ ਸਾਰੀ ਉਮਰ ਲਾਹੁੰਦਾ ਮਰ ਗਿਆ ਤੇ ਜਿਹੜਾ ਕਰਜ਼ਾ ਦੁੱਲਾ ਸਿੰਘ ਦੇ ਪਿਓ ਨੇ ਆਪ ਲਿਆ, ਉਸ ਨੂੰ ਦੁੱਲਾ ਸਿੰਘ ਨੇ ਹੁਣ ਆਪਣੇ ਪੁੱਤਾਂ ਦੀ ਕਮਾਈ ਵਿਚੋਂ ਲਾਹਿਆ ਸੀ, ਕਿਰਪਾ ਮੱਲ ਤੇ ਦੁੱਲਾ ਸਿੰਘ ਦੀ ਸਾਂਝ ਪੁਸ਼ਤਾਂ ਦੀ ਸੀ। ਅਟੁੱਟ ਸਾਂਝ, ਪਰ ਹੁਣ ਦੁੱਲਾ ਸਿੰਘ ਦੀ ਹਾਲਤ ਚੰਗੀ ਸੀ। ਉਹ ਦੇ ਪੁੱਤਾਂ ਨੇ ਉਹਨੂੰ ਰਾਜ ਦੁਆਰੇ ਬਿਠਾ ਦਿੱਤਾ ਸੀ।

ਕਿਰਪਾ ਮੁੱਲ ਪਿੰਡ ਦਾ ਸਿਰਕੱਢ ਬਾਣੀਆ ਸੀ।ਉਹਦਾ ਪਿਓ ਤੇ ਉਹਦਾ ਬਾਬਾ ਵੀ ਸਿਰਕੱਢ ਹੀ ਰਹੇ ਸਨ। ਪਿੰਡ ਦੇ ਵਿਚਾਲੇ ਇੱਕ ਛੋਟਾ ਜਿਹਾ ਬਾਜ਼ਾਰ ਸੀ। ਬਾਜ਼ਾਰ ਵਿੱਚ ਉਨ੍ਹਾਂ ਦੀ ਦੁਕਾਨ ਸੀ। ਦੁਕਾਨ ਉੱਤੇ ਉਹ ਸੌਦਾ ਤਾਂ ਕੋਈ ਨਹੀਂ ਸੀ ਰੱਖਦੇ, ਸਿਰਫ਼ ਬਹਿੰਦੇ ਉਠਦੇ ਹੀ ਸਨ। ਪਿੰਡ ਵਿੱਚ ਨਾਮਾ ਲੈਣ ਦੇਣ ਦਾ ਕੰਮ ਉਨ੍ਹਾਂ ਦਾ ਬਹੁਤ ਚਲਦਾ ਸੀ। ਦਸ ਬਾਰਾਂ ਘਰ ਉਨ੍ਹਾਂ ਨੇ ਗਹਿਣੇ ਲਏ ਹੋਏ ਸਨ ਤੇ ਚਾਰ ਪੰਜ ਗਹਿਣਾ ਵਧਾ ਵਧਾ ਕੇ ਬੈਅ ਵੀ ਕਰਵਾ ਲਏ ਹੋਏ ਸਨ। ਚਾਲੀ ਪੰਜਾਹ ਘੁਮਾਂ ਜ਼ਮੀਨ ਵੀ ਲੋਕਾਂ ਦੀ ਉਨ੍ਹਾਂ ਨੇ ਗਹਿਣੇ ਲਈ ਹੋਈ ਸੀ ਤੇ ਏਦੂੰ ਵੱਧ ਬੈਅ ਕਰਵਾਈ ਹੋਈ ਸੀ। ਕਿਰਪਾ ਮੱਲ ਦੇ ਤਿੰਨ ਮੁੰਡੇ ਸਨ। ਛੋਟਾ ਡਾਕਟਰੀ ਦਾ ਕੋਰਸ ਕਰਦਾ ਸੀ। ਵੱਡਾ ਪਿੰਡ ਵਿੱਚ ਲੈਣ ਦੇਣ ਦੇ ਵਿਹਾਰ ਵਿੱਚ ਰਹਿੰਦਾ। ਵਿਚਾਲੜਾ ਅਫ਼ੀਮ ਸਮੱਗਲ ਕਰਦਾ ਸੀ। ਕਿਰਪਾ ਮੱਲ ਆਪ ਦੁਕਾਨ ਉੱਤੇ ਬੈਠਾ ਰਹਿੰਦਾ ਤੇ ਹੁੱਕਾ ਪੀਂਦਾ ਰਹਿੰਦਾ।

ਕਿਰਪਾ ਮੱਲ ਹਾੜੀ ਸੌਣੀ ਜੱਟਾਂ ਤੋਂ ਸਸਤੇ ਦਾਣੇ ਖ਼ਰੀਦ ਲੈਂਦਾ ਸੀ ਤੇ ਖ਼ਰੀਦ ਕੇ ਕੋਠੇ-ਭਰ ਰੱਖਦਾ ਸੀ। ਜਦੋਂ ਭਾਅ ਮਹਿੰਗੇ ਹੁੰਦੇ, ਮੰਡੀ ਵਿੱਚ ਵੇਚ ਦਿੰਦਾ। ਮੰਡੀ ਵਿੱਚ ਦਾਣੇ ਉਹ ਘੱਟ ਲਿਜਾਂਦਾ, ਮਜ਼ਬੀ ਰਮਦਾਸੀਆਂ ਤੇ ਹੋਰ ਗਰੀਬ ਗੁਰਬਿਆਂ ਦੀਆਂ ਗ਼ਰਜ਼ਾਂ ਬਹੁਤੀਆਂ ਸਾਰਦਾ। ਉਨ੍ਹਾਂ ਨੂੰ ਡੂਢੀ ਉੱਤੇ ਜਾਂ ਸਵਾਈ ਉੱਤੇ ਦਾਣੇ ਦੇ ਦੇਂਦਾ ਤੇ ਆਉਂਦੀ ਹਾੜੀ ਜਾਂ ਆਉਂਦੀ ਸੌਣੀ ਜਾਂ ਤਾਂ ਦਾਣੇ ਲੈ ਲੈਂਦਾ ਜਾਂ ਪੈਸੇ ਲੈ ਲੈਂਦਾ। ਪੈਸੇ ਜੇ ਕਿਸੇ ਤੋਂ ਨਾ ਦਿੱਤੇ ਜਾਂਦੇ ਤਾਂ ਉਨ੍ਹਾਂ ਪੈਸਿਆਂ ਨੂੰ ਵਿਆਜੂ ਕਰ ਲੈਂਦਾ। ਹਾੜੀ ਵੀ ਤੇ ਸੌਣੀ ਵੀ ਬਹੁਤੇ ਹਾਰੇ ਟੁੱਟੇ ਜੱਟ ਕਿਰਪਾ ਮੱਲ ਕੋਲੋਂ ਡੂਢੀ ਉੱਤੇ ਬੀਅ ਲੈ ਕੇ ਖੇਤ ਵਿੱਚ ਪਾਉਂਦੇ। ਇਸ ਤਰ੍ਹਾਂ ਨਾਲ ਹਾੜੀ ਸੌਣੀ ਖ਼ਰੀਦੇ ਉਹਦੇ ਦਾਣੇ ਅਗਲੀ ਹਾੜੀ ਸੌਣੀ ਦੁੱਗਣੇ ਹੋ ਜਾਂਦੇ।

ਪਿਛਲੇ ਸਾਲ ਹਾੜ੍ਹੀ ਨਿਕਲੀ ਤੋਂ ਕਿਰਪਾ ਮੱਲ ਨੇ ਕਣਕ ਹੀ ਬਹੁਤੀ ਖ਼ਾਸ ਕਰਕੇ ਖ਼ਰੀਦੀ ਸੀ। ਸਾਰੀ ਕਣਕ ਉਸ ਨੇ ਬੋਰੀਆਂ ਵਿੱਚ ਪਾ ਕੇ ਚੋਰੀਓਂ ਪੰਜ ਸੱਤ ਰਾਤਾਂ ਲਾ ਕੇ ਦੁੱਲਾ ਸਿੰਘ ਦੇ ਘਰ ਤੂੜੀ ਵਾਲੇ ਇੱਕ ਕੋਠੇ ਵਿੱਚ ਰੱਖ ਦਿੱਤੀ ਸੀ। ਦੁੱਲਾ ਸਿੰਘ ਦਾ ਘਰ ਵੀ ਬਹੁਤ ਲੰਮਾ ਚੌੜਾ ਸੀ। ਉਸ ਦੇ ਘਰ ਵਿੱਚ ਦੋ ਤਿੰਨ ਕੋਠੇ ਤੂੜੀ ਪਾਉਣ ਵਾਸਤੇ ਬਣਾਏ ਹੋਏ ਸਨ। ਐਤਕੀਂ ਉਨ੍ਹਾਂ ਨੇ ਕੁਝ ਤੂੜੀ ਖੇਤਾਂ ਵਿੱਚ ਹੀ ਬਾਹਰ ਕੁੱਪਾਂ ਵਿੱਚ ਬੰਦ ਕਰਕੇ ਰੱਖ ਲਈ ਸੀ। ਦੋ ਕੋਠੇ ਘਰ ਵਿੱਚ ਭਰ ਲਏ ਸਨ। ਤੀਜੇ ਇੱਕ ਕੋਠੇ ਵਿੱਚ ਦੋ ਸੌ ਵੱਡੀ ਬੋਰੀ ਕਣਕ ਦੀ ਭਰ ਕੇ ਕਿਰਪਾ ਮੱਲ ਨੇ ਰੱਖ ਦਿੱਤੀ ਸੀ। ਬੋਰੀਆਂ ਦੇ ਮੂਹਰੇ ਉੱਤੇ ਤੂੜੀ ਚੜ੍ਹਾ ਦਿੱਤੀ ਸੀ ਤਾਂਕਿ ਵੇਖਣ ਵਾਲੇ ਨੂੰ ਆਮ ਪਤਾ ਨਾ ਲੱਗੇ।ਇਹ ਸਾਰਾ ਕੁਝ ਕਿਰਪਾ ਮੱਲ ਨੇ ਦੁੱਲਾ ਸਿੰਘ ਨਾਲ ਪਹਿਲਾਂ ਹੀ ਪੱਕੀ ਤਰ੍ਹਾਂ ਮਿਥ ਮਥਾ ਕੇ ਕੀਤਾ ਸੀ। ਉਸ ਸਾਲ ਕਣਕ ਦੀ ਫ਼ਸਲ ਬੜੀ ਘੱਟ ਹੋਈ ਸੀ। ਭਾਅ ਹੁਣ ਵਧ ਗਏ ਸਨ ਤੇ ਸਰਕਾਰ ਐਲਾਨ ਕਰ ਰਹੀ ਸੀ ਕਿ ਲੋੜ ਤੋਂ ਵੱਧ ਜਿਸ ਕੋਲ ਅਨਾਜ ਹੋਵੇਗਾ ਉਸ ਤੋਂ ਬਰਾਮਦ ਕਰਵਾ ਲਿਆ ਜਾਵੇਗਾ।

ਫੱਗਣ ਦਾ ਮਹੀਨਾ ਸੀ। ਇਨ੍ਹਾਂ ਦਿਨਾਂ ਵਿੱਚ ਨਵੀਂ ਫ਼ਸਲ ਪੱਕਣ ਉਤੇ ਆਈ ਹੁੰਦੀ ਹੈ ਤੇ ਪੁਰਾਣੀ ਕਣਕ ਲੋਕਾਂ ਦੇ ਕੋਲ ਮੁੱਕ ਗਈ ਹੁੰਦੀ ਹੈ। ਕਣਕ ਦੇ ਭਾਅ ਇਨ੍ਹਾਂ ਦਿਨਾਂ ਵਿੱਚ ਉਂਜ ਹੀ ਚੜ ਜਾਂਦੇ ਹਨ। ਮੁਲਾਜ਼ਮਾਂ ਲੋਕਾਂ ਦਾ ਸ਼ਰੂ ਸਾਲ ਵਿੱਚ ਖ਼ਰੀਦਿਆਂ ਕੋਟਾ ਖ਼ਤਮ ਹੋ ਜਾਂਦਾ ਹੈ ਤੇ ਭਾਅ ਚੜਨ ਕਰਕੇ ਗਰੀਬ ਗੁਰਬਿਆਂ ਕੋਲ ਕਣਕ ਖ਼ਰੀਦਣ ਦੀ ਪਹੁੰਚ ਵੀ ਨਹੀਂ ਰਹਿੰਦੀ। ਇਨ੍ਹਾਂ ਦਿਨਾਂ ਵਿੱਚ ਹੀ ਕਿਰਪਾ ਮੱਲ ਦੀ ਕਣਕ ਦੁੱਗਣੀ ਹੋ ਜਾਂਦੀ।

ਜਿਨ੍ਹਾਂ ਲੋਕਾਂ ਨੇ ਅੱਗੇ ਵਾਂਗ ਡੂਢੀਉੱਤੇ ਕਣਕ ਲਿਜਾਣੀ ਸੀ, ਉਹ ਲੈ ਗਏ। ਹੁਣ ਕਿਰਪਾ ਮੱਲ ਨਕਦ ਪੈਸੇ ਦੇਣ ਵਾਲਿਆਂ ਨੂੰ ਇੱਕ ਇੱਕ ਮਣ, ਦੋ ਦੋ ਮਣ ਕਣਕ ਦਿੰਦਾ ਸੀ। ਕਣਕ ਦਿਨੋ-ਦਿਨ ਉਤਾਂਹ ਹੀ ਉਤਾਂਹ ਚੜ੍ਹ ਰਹੀ ਸੀ। ਸਾਰੇ ਪੰਜਾਬ ਵਿੱਚ ਹਾਹਾਕਾਰ ਮੱਚੀ ਹੋਈ ਸੀ। ਮੁਲਾਜ਼ਮ ਕੂਕ ਰਹੇ ਸਨ। ਅਖ਼ਬਾਰ ਸੁਰਖੀਆਂ ਜਮਾ ਰਹੇ ਸਨ। ਵਿਰੋਧੀ ਪਾਰਟੀਆਂ ਅੰਦੋਲਨਾਂ ਦਾ ਐਲਾਨ ਕਰ ਰਹੀਆਂ ਸਨ। ਸਰਕਾਰ ਬਿਆਨ ਦੇ ਰਹੀ ਸੀ।ਲੋਕ ਭੁੱਖੇ ਮਰ ਰਹੇ ਸਨ। ਸਰਕਾਰ ਛਾਪੇ ਮਾਰ ਰਹੀ ਸੀ। ਵੱਡੇ-ਵੱਡੇ ਜ਼ਿੰਮੀਦਾਰਾਂ ਨੇ ਲੋੜ ਜੋਗੀ ਕਣਕ ਰੱਖ ਕੇ ਬਾਕੀ ਦੀ ਸਾਰੀ ਮੰਡੀ ਵਿੱਚ ਪਹੁੰਚਾ ਦਿੱਤੀ ਸੀ। ਸਾਰੇ ਬਾਣੀਆਂ ਨੇ ਕੋਠੇ ਕਦੋਂ ਦੇ ਖ਼ਾਲੀ ਕਰ ਦਿੱਤੇ ਸਨ। ਦੁੱਲਾ ਸਿੰਘ ਦੇ ਨੀਰੇ ਵਾਲੇ ਕੋਠੇ ਵਿੱਚ ਕਿਰਪਾ ਮੱਲ ਦੀਆਂ ਦੋ ਸੌ ਬੋਰੀਆਂ ਤੂੜੀ ਦੇ ਲਿਫ਼ਾਫ਼ੇ ਵਿੱਚ ਛੁਪੀਆਂ ਬੈਠੀਆਂ ਸਨ।

ਕਿਰਪਾ ਮੱਲ ਦੁੱਲਾ ਸਿੰਘ ਦੇ ਘਰ ਆਥਣ ਉੱਗਣ ਗੇੜਾ ਮਾਰਦਾ।ਉਨ੍ਹਾਂ ਦੀਆਂ ਬਹੂਆਂ ਨੂੰ ਬਹੁਤਾ ਹੀ ਬੇਟਾ ਬੇਟਾ ਕਰਦਾ।ਉਨ੍ਹਾਂ ਦੇ ਜਵਾਕਾਂ ਨੂੰ ਖੰਡ ਦੀਆਂ ਮਿੱਠੀਆਂ ਗੋਲੀਆਂ ਖਾਣ ਨੂੰ ਦੇ ਜਾਂਦਾ। ਆਥਣੇ ਆ ਕੇ ਦੁੱਲਾ ਸਿੰਘ ਦੇ ਮੁੰਡਿਆਂ ਕੋਲੋਂ ਉਨ੍ਹਾਂ ਦੀ ਫ਼ਸਲ ਬਾੜੀ ਦਾ ਹਾਲ ਪੁੱਛਦਾ। ਦੁੱਲਾ ਸਿੰਘ ਨਾਲ ਘੰਟਾ ਘੰਟਾ, ਦੋ ਦੋ ਘੰਟੇ ਬੈਠਾ ਰੁਕ ਦੀਆਂ ਗੱਲਾਂ ਕਰਦਾ ਰਹਿੰਦਾ।

ਦੁੱਲਾ ਸਿੰਘ ਨੂੰ ਕਿਰਪਾ ਮੱਲ ਦਾ ਪੂਰਾ ਸਤਿਕਾਰ ਸੀ। ਪਿੰਡ ਦਾ ਉਹ ਰਾਜਿਆਂ ਵਰਗਾ ਬਾਣੀਆਂ ਸੀ। ਔਖੇ ਵੇਲਿਆਂ ਵਿੱਚ ਉਨ੍ਹਾਂ ਦੇ ਘਰ ਤੋਂ ਦੁੱਲਾ ਸਿੰਘ ਨੇ ਦਾਣੇ ਲੈ ਲੈ ਖਾਧੇ ਸਨ। ਸਰਕਾਰ ਛਾਪੇ ਮਾਰ ਰਹੀ ਸੀ। ਲੋਕ ਭੁੱਖੇ ਮਰ ਰਹ ਸਨ। ਕਿਰਪਾ ਮੱਲ ਦੀ ਜਾਨ ਦੁੱਲਾ ਸਿੰਘ ਦੀ ਮੁੱਠੀ ਵਿੱਚ ਸੀ। ਉਹਦੇ ਅੰਦਰ ਦੋ ਸੌ ਬੋਰੀ ਕਣਕ ਦੀ ਪਈ ਸੀ। ਉਹਨੂੰ ਆਪ ਦਾ ਵੀ ਡਰ ਵੱਢ ਵੱਢ ਖਾਂਦਾ ਸੀ। ਕਣਕ ਫੜੀ ਜਾਂਦੀ ਤਾਂ ਸਾਰੀ ਦੀ ਸਾਰੀ ਐਵੇਂ ਹੀ ਜਾਂਦੀ। ਕਣਕ ਦਾ ਨਿਸ਼ਚਿਤ ਮੁੱਲ ਜੇ ਮਿਲਦਾ, ਪਤਾ ਨਹੀਂ ਸਰਕਾਰ ਦੇ ਘਰੋਂ ਕਦ ਮਿਲਦਾ ਜਾਂ ਮਿਲਦਾ ਹੀ ਨਾ। ਦਿਨੋ-ਦਿਨ ਕਿਰਪਾ ਮੱਲ ਦਾ ਮੂੰਹ ਬਲੂੰਗੜੇ ਵਰਗਾ ਨਿਕਲਦਾ ਆਉਂਦਾ ਸੀ।

‘ਜੇ ਤੇਰਾ ਦਿਲ ਧੜਕਦੈ ਤਾਂ ਹੁਣੇ ਦੱਸ ਦੇ ਦੁੱਲਾ ਸਿਆਂ, ਇੱਕ ਦਿਨ ਕਿਰਪਾ ਮੱਲ ਉਸਨੂੰ ਪੁੱਛਣ ਲੱਗਿਆ।

'ਅਮਾਨ ਦੇ ਸੌਦੇ ਨੇ ਸ਼ਾਹ ਜੀ। ਯਾਰੀ ਐ, ਚਰ੍ਹੀ ਦਾ ਵੱਢ ਤਾਂ ਨੀ। ਤੂੰ ਆਵਦੇ ਦਿਲ ਨੂੰ ਥਾਂ ਸਿਰ ਰੱਖ, ਦੁੱਲਾ ਸਿੰਘ ਨੇ ਹਿੱਕ ਥਾਪੜੀ।

ਹੁਣ ਕੁਝ ਐਸੇ ਦਿਨ ਆ ਗਏ ਸਨ ਕਿ ਮੁੱਲ ਨੂੰ ਵੀ ਕਣਕ ਕਿਤੋਂ ਨਹੀਂ ਮਿਲਦੀ। ਡਰਦਾ ਕੋਈ ਜ਼ਿੰਮੀਦਾਰ ਨਹੀਂ ਸੀ ਕਣਕ ਵੇਚਦਾ-ਕਿਤੇ ਵਾਧੂ ਅਨਾਜ ਘਰੇ ਰੱਖਣ ਦਾ ਦੂਸ਼ਣ ਨਾ ਲੱਗ ਜਾਵੇ।’ ਕੋਈ ਬਾਣੀਆਂ ਦਾਣਾ ਵੇਚ ਕੇ ਰਾਜ਼ੀ ਨਹੀਂ ਸੀ-"ਕਿ ਫੜੇ ਨਾ ਜਾਈਏ। ਮਜ਼ਬੀ, ਰਾਮਦਾਸੀਏ, ਸੁਨਿਆਰ, ਝਿਉਰ, ਛੀਂਬੇ ਤੇ ਨਾਈ ਆਦਿ ਹੱਥਾਂ ਵਿੱਚ ਨੋਟ ਚੱਕੀ ਫਿਰਦੇ, ਪਰ ਕਿਤੋਂ ਵੀ ਕਣਕ ਨਾ ਮਿਲਦੀ।

ਆਟਾ ਪੀਹਣ ਵਾਲੀਆਂ ਪਿੰਡ ਵਿੱਚ ਦੋ ਮਸ਼ੀਨਾਂ ਸਨ। ਲੋੜਵੰਦ ਓਥੋਂ ਆਥਣ ਉਗਣ ਡੰਗਦਾ ਆਟਾ ਮੁੱਲ ਲੈ ਆਉਂਦੇ ਤੇ ਬਿਲੂੰ ਕਰਦੇ ਜਵਾਕਾਂ ਦਾ ਢਿੱਡ ਭਰ ਦਿੰਦੇ। ਦੋ ਮਸ਼ੀਨਾਂ ਪਰ ਸਾਰੇ ਪਿੰਡ ਨੂੰ ਕਿੰਨਾਂ ਕੁਚਿਰ ਆਟਾ ਦਈ ਜਾਂਦੀਆਂ। ਲੋਕ ਪੁਰੇ ਜਿੱਚ ਹੋ ਗਏ। ਕਣਕ ਕਿਤੋਂ ਵੀ ਨਹੀਂ ਸੀ ਲੱਭਦੀ। ਇੱਕ ਇੱਕ ਦਾਣੇ ਨੂੰ ਲੋਕ ਤਰਸੇ ਪਏ ਸਨ।

ਜੱਟਾਂ ਦੇ ਘਰੀਂ ਕਮੀਣ ਚੋਰੀਓਂ ਜਾ ਜਾ ਕੇ ਵਾਸਤੇ ਪਾਉਂਦੇ-ਜੇ ਦੋ ਪਸੇਰੀਆਂ ਈ ਮਿਲ ਜਾਣ। ਕਿਰਪਾ ਮੱਲ ਨੂੰ ਬੁਝਾਰਤਾਂ ਪਾਪਾ ਲੋਕ ਪੁੱਛਦੇ-‘ਸੇਠ ਜੀ, ਮਿਹਰਾਂ ਹੋ ਜਾਣ।’ ਪਰ ਕੋਈ ਨਾ ਬੋਲਦਾ, ਕੋਈ ਨਾ ਕਿਸੇ ਦੀ ਸੁਣਦਾ।'

ਕਿਰਪਾ ਮੱਲ ਦੁਕਾਨ ਉੱਤੇ ਬੈਠਾ ਹੁੱਕੇ ਦੀਆਂ ਘੁੱਟਾਂ ਭਰ ਭਰ ਲੋਕਾਂ ਨੂੰ ਵਖਿਆਨ ਕਰਦਾ-ਸੰਸਾਰ ਤੇ ਭਾਈ ਪਾਪ ਬਹੁਤਾ ਵਧ ਗਿਆ। ਅੰਨ ਲੋਪ ਹੋਣਾ ਹੀ ਸੀ। ਬੇਈਮਾਨੀ ਵਧ ਗੀ ਬੇਈਮਾਨੀ। ਲੱਛਮੀ ਦੇਖਲੋ ਪੈਰਾਂ 'ਚ ਰੁਲਦੀ ਫਿਰਦੀ ਐ। ਅਕੇ, ਅੰਨ ਟਕੇ ਦਾ ਸੇਰ ਵਕਾਵੇ। ਹੁਣ ਤਾਂ ਟਕੇ ਈ ਟਕੇ ਪੱਲੇ ਰਹਿ ਗੇ ਤੇ ਅੰਨ ਦੇ ਸੇਰਾਂ ਨੂੰ ਪਤਾ ਨੀ ਕੀ ਭਾਵੀ ਵਰਤ ਗੀ।

ਇੱਕ ਦਿਨ ਦਸ ਬੰਦੇ ਰਾਮਦਾਸੀਆਂ ਦੇ ਵਿਹੜਿਓਂ ਤੇ ਦਸ ਬੰਦੇ ਮਜ਼ਬੀਆਂ ਦੇ ਵਿਹੜੀਓਂ ਇਕੱਠੇ ਹੋ ਕੇ ਕਿਰਪਾ ਮੱਲ ਦੀ ਦੁਕਾਨ ਉੱਤੇ ਆ ਗਏ। ਕਹਿੰਦੇ-ਦੇਖੋ ਸ਼ਾਹ ਜੀ, ਜਿਮੇਂ ਕਹਿੰਦੇ ਹੁੰਦੇ ਨੇ-ਅਕੇ, ਸ਼ਾਹ ਬਿਨਾਂ ਪਤਾ ਨੀ। ਤੁਸੀਂ ਪਿੰਡ ਦੀ ਇੱਜ਼ਤ ਹੁੰਨੇ ਓ। ਥੋਡੇ ਘਰ ਅੱਜ ਦੀ ਘੜੀ ਕਾਸੇ ਦਾ ਆਟਾ ਨੀ। ਬਾਹਲੀ ਨੀ ਤਾਂ ਚਾਰ ਚਾਰ ਪਸੇਰੀਆਂ ਦੇ ਦਿਓ। ਪੈਸੇ ਪਹਿਲਾਂ ਜਿੰਨੇ ਰੂਹ ਐ ਲੈ ਲੋ,

ਚਿਲਮ ਦੀ ਬੁਝੀ ਅੱਗ ਬੱਠਲ ਵਿੱਚ ਝਾੜ ਕੇ ਕਿਰਪਾ ਮੱਲ ਨੇ ਹੁੱਕਾ ਦੁਕਾਨ ਦੇ ਇੱਕ ਖੂੰਜੇ ਰੱਖ ਦਿੱਤਾ। ਗੱਲੇ ਕੋਲ ਪਈ ਪਾਣੀ ਦੀ ਗੜਵੀ ਚੁੱਕ ਕੇ ਉਸ ਨੇ ਚੁਲੀ ਭਰ ਲਈ-ਤੁਸੀਂ ਐਂ ਕਰੋ, ਮੇਰੇ ਸਾਰੇ ਘਰ ਦੀ ਤਲਾਸ਼ੀ ਲੈਲੋ, ਜੇਮੇਰੇ `ਤੇ ਤਬਾਰ ਨੀ ਉਨ੍ਹਾਂ ਆਦਮੀਆਂ ਵਿੱਚ ਲਾਲੇ ਦੀ ਗੱਲ ਸੁਣ ਕੇ ਗੁੱਝੀ ਘੁਸਰ ਮੁਸਰ ਹੋਈ। ਇੱਕ ਆਦਮੀ ਕਹਿੰਦਾ-ਪੀਤੁ ਸਾਲਾ ਐਮੇਂ ਨਾ ਭੌਂਕਦਾ ਹੋਬੇ। ਦੂਜਾ ਬੰਦਾ ਹੌਲੀ ਦੇਕੇ ਪਹਿਲੇ ਦੇ ਕੰਨ ਵਿੱਚ ਕਹਿੰਦਾ-ਪੀਤੂ ਸਾਲਾ ਐਮੇ ਕਿਉਂ, ਉਹ ਕਹਿੰਦੈ-ਮੈਂ ਆਪ ਓਦਣ ਨਾਲ ਧਰਾਈ ਐ। ਤੇ ਸਾਰਾ ਇਕੱਠ ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ ਕਿਰਪਾ ਮੱਲ ਦੀ ਦੁਕਾਨ ਤੋਂ ਬਿੱਝੜ ਗਿਆ। ਜਾਂਦੇ ਜਾਂਦੇ ਇੱਕ ਬੰਦਾ ਕਹਿੰਦਾ "ਓਏ ਆਪਾਂ ਦੁੱਲੇਦੇ ਘਰੋਂ ਪਤਾ ਲੈ ਲੀਏ। ਓਵੇਂ ਜਿਵੇਂ ਉਸ ਸਾਰੇ ਬੰਦੇ ਬਣੇ ਬਣਾਏ ਦੁੱਲਾ ਸਿੰਘ ਦੇ ਘਰ ਪਹੁੰਚ ਗਏ। ਦੁੱਲਾ ਸਿੰਘ ਦਰਵਾਜ਼ੇ ਮੂਹਰੇ ਲੋਹੇ ਦੇ ਮੂਹੜੇ ਉੱਤੇ ਕੱਟਰੂਆਂ ਵੱਛਰੂਆਂ ਵਾਸਤੇ ਛਿੱਕਲੀਆਂ ਬਣਾ ਰਿਹਾ ਸੀ। ਜਦ ਉਸ ਨੇ ਐਨਾ ਇਕੱਠ ਆਪਣੇ ਵਲ ਆਉਂਦੇ ਦੇਖਿਆ ਤਾਂ ਥਾਂ ਦੀ ਥਾਂ ਭਮੱਤਰ ਗਿਆ।ਉਨ੍ਹਾਂ ਦੇ ਨਾਲ ਰਾਹ ਵਿਚੋਂ ਦਸ ਪੰਦਰਾਂ ਬੰਦੇ ਹੋਰ ਵੀ ਰਲ ਗਏ ਸਨ। ਸਾਰਿਆਂ ਨੇ ਆ ਕੇ ਦੁੱਲਾ ਸਿੰਘ ਨੂੰ ਸਤਿ ਸ੍ਰੀ ਅਕਾਲ ਬੁਲਾਈ। ਫੇਰ ਉਨ੍ਹਾਂ ਵਿਚੋਂ ਇੱਕ ਬੰਦਾ ਬੋਲਿਆ-ਸਰਦਾਰ ਜੀ, ਝੂਠ ਅਸੀਂ ਵੀ ਨੀ ਬੋਲਦੇ ਤੇ ਝੂਠ ਹੁਣ ਤੂੰ ਵੀ ਨਾ ਬੋਲੀਂ। ਭਲਾ ਕਿਉਂ ਲੋਕ ਭੁੱਖੇ ਮਾਰੇ ਐ। ਪੈਸੇ ਖਰੇ ਦੁੱਧ ਅਰਗੇ ਜਦੋਂ ਮਿਲਦੇ ਐ।"

ਦੁੱਲਾ ਸਿੰਘ ਦੇ ਮੱਥੇ ਨੂੰ ਮੁੜਕਾ ਆ ਗਿਆ, ਉਸ ਨੇ ਸਿਰ ਖੁਰਕਣਾ ਸ਼ੁਰੂ ਕਰ ਦਿੱਤਾ। ਉਹ ਸੋਚਾਂ ਵਿੱਚ ਪੈ ਗਿਆ।ਲੋਕਾਂ ਨੂੰ ਉਹ ਕਹਿੰਦਾ-ਤੁਸੀਂ ਬਹਿ ਜੋ’ ਤੇ ਆਪ ਉਹ ਅੰਦਰ ਸਬਾਤ ਵਿੱਚ ਪਤਾ ਨਹੀਂ ਕੀ ਕਰਨ ਚਲਿਆ ਗਿਆ। ਸਾਰੇ ਲੋਕ ਉਸਦੇ ਦਰਵਾਜ਼ੇ ਮੁਹਰੇ ਬੈਠ ਗਏ।ਉਨਾਂ ਵਿੱਚ ਪਰੋਹ ਸੀ। ਕਈ ਵਾਰ ਉਨ੍ਹਾਂ ਵਿਚੋਂ ਗਭਰਟਾਂ ਦੀਆਂ ਨਿੱਕੀਆਂ-ਨਿੱਕੀਆਂ ਟੁਣਕਦੀਆਂ ਚਹੇਡਾਂ ਉਠਦੀਆਂ। ਸਿਆਣੇ ਬੰਦੇ ਵਿਚੋਂ ਹੀ ਉਨ੍ਹਾਂ ਜਵਾਨਾਂ ਨੂੰ ਅੱਖਾਂ ਅੱਖਾਂ ਵਿੱਚ ਘੁਰ ਦਿੰਦੇ।

ਦੁੱਲਾ ਸਿੰਘ ਦੇ ਮਨ ਵਿੱਚ ਕਿਰਪਾ ਮੱਲ ਦੇ ਪੁਸ਼ਤ-ਦਰ-ਪੁਸ਼ਤ ਸੰਬੰਧ ਜਾਗ ਪਏ। ਉਸਦੇ ਵੱਡ-ਵਡੇਰੇ ਕਿਰਪਾ ਮੱਲ ਦੇ ਵੱਡ-ਵਡੇਰਿਆਂ ਤੋਂ ਦਾਣੇ ਲੈ ਲੈ ਖਾਂਦੇ ਰਹੇ ਸਨ। ਫੇਰ ਉਸਦੇ ਮਨ ਵਿੱਚ ਇੱਕਦਮ ਗੱਲ ਆਈ ਕਿ ਉਸ ਦੇ ਦਾਦੇ ਕੋਲ ਸੌ ਘੁਮਾਂ ਜ਼ਮੀਨ ਸੀ। ਡੂਢੀਆਂ ਸਵਾਈਆਂ ਦੇ ਦੇ ਧਾਰੇ ਤੇ ਵਿਆਜ-ਦਰ-ਵਿਆਜ ਭਰ ਭਰ ਕੇ, ਵੀਹ ਘੁਮਾਂ ਉਸ ਦੇ ਦਾਦੇ ਤੇ ਵੀਹ ਘੁਮਾਂ ਉਸ ਦੇ ਪਿਓ ਨੇ ਕਿਰਪਾ ਮੱਲ ਕੇ ਘਰ ਨੂੰ ਬੈਅ ਕਰਵਾ ਦਿੱਤੀ ਸੀ। ਜਦੋਂ ਅਜੇ ਉਹਦੇ ਪੁੱਤ ਉਡਾਰ ਨਹੀਂ ਸੀ ਹੋਏ ਉਸ ਤੋਂ ਕੁਝ ਚਿਰ ਪਹਿਲਾਂ ਹੀ ਦੱਲਾ ਸਿੰਘ ਨੇ ਆਪ ਵੀ ਦਸ ਘਮਾਂ ਕਿਰਪਾ ਮੱਲ ਨੂੰ ਬੈਅ ਕਰ ਦਿੱਤੀ ਸੀ। ਸਾਰੇ ਕਰਜ਼ੇ ਦਾ ਜੱਭ ਵੱਢਿਆ ਸੀ। ਪਿਓ ਦਾਦੇ ਦੀ ਸੌ ਘੁਮਾਂ ਜ਼ਮੀਨ ਵਿਚੋਂ ਹੁਣ ਉਸ ਕੋਲ ਅੱਧੀ ਰਹਿ ਗਈ ਸੀ ਤੇ ਅੱਧੀ ਕਿਰਪਾ ਮੱਲ ਦਾ ਘਰ ਹੜੱਪ ਕਰ ਗਿਆ ਸੀ। ਐਵੇਂ ਐਵੇਂ ਵਿੱਚ ਹੀ। ਉਸ ਇਕੱਠੀ ਦੀ ਇਕੱਠੀ ਪੰਜਾਹ ਘੁਮਾਂ ਵਿੱਚ ਕਿਰਪਾ ਮੁੱਲ ਨੇ ਟਿਊਬਵੈਲ ਲਾਇਆ ਹੋਇਆ ਸੀ। ਜਦੋਂ ਕਦੇ ਉਸ ਟਿਊਬਵੈੱਲ ਕੋਲ ਦੀ ਦੁੱਲਾ ਸਿੰਘ ਲੰਘਦਾ ਸੀ ਤਾਂ ਉਸ ਦੇ ਕਾਲਜੇ ਵਿੱਚ ਤਿੱਖੀ ਛੁਰੀ ਫਿਰ ਜਾਂਦੀ ਸੀ। ਇਸ ਤਰ੍ਹਾਂ ਨਾਲ ਕਿਰਪਾ ਮੱਲ ਨੇ ਹੋਰ ਵੀ ਕਈ ਜੱਟਾਂ ਦੀ ਜ਼ਮੀਨ ਇਕੱਠੀ ਕੀਤੀ ਹੋਈ ਸੀ। ਇੱਕਦਮ ਉਸ ਦੇ ਮਨ ਵਿੱਚ ਵਿਰੋਹ ਜਾਗ ਪਿਆ। ਉਸ ਦੇ ਦਿਮਾਗ ਵਿੱਚ ਧੂੰਆਂ ਭਰ ਗਿਆ ਕਿ ਕਿਰਪਾ ਮੱਲ ਉਸਦਾ ਹਮਦਰਦੀ ਜਾਂ ਮਿੱਤਰ ਤਾਂ ਨਹੀਂ, ਉਹ ਉਸ ਦਾ ਵੈਰੀ ਹੈ ਤੇ ਮਿੱਠੀ ਛੁਰੀ। ਉਹਦਾ ਜੀਅ ਕਰਦਾ ਸੀ ਕਿ ਲੋਕਾਂ ਨੂੰ ਸੱਚੀ ਸੁੱਚੀ ਦੱਸ ਦੇਵੇ ਤੇ ਆਪ ਹੀ ਤੂੜੀ ਵਾਲੇ ਕੋਠੇ ਦਾ ਬਾਰ ਖੋਲ ਦੇਵੇ, ਤੇ ਕਹੇ-ਲੁਟ ਲੋ ਸਾਰੀ ਕਣਕ ਸਾਲੇ ਕਰਿਆੜ ਦੀ।

"ਮਾਨਤ ਵੀ ਕੋਈ ਚੀਜ਼ ਹੁੰਦੀ ਐ। ਉਸ ਦੇ ਮਨ ਵਿੱਚ ਫੇਰ ਪਤਾ ਨਹੀਂ ਕਿਵੇਂ ਵਿਧਰੋਹ ਠੰਡਾ ਪੈ ਗਿਆ। ਉਸ ਨੇ ਬਾਹਰ ਆ ਕੇ ਲੋਕਾਂ ਨੂੰ ਕਹਿ ਦਿੱਤਾ-ਭਰਾਵੋ, ਮੈਂ ਕੁਸ ਨੀ ਕਹਿ ਸਕਦਾ। ਤੁਸੀਂ ਸਾਰੇ ਮੇਰੇ ਘਰੋਂ ਚਲੇ ਜਾਓ।

ਲੋਕ ਇੱਕ ਦੂਜੇ ਦੇ ਮੂੰਹਾਂ ਵਲ ਝਾਕਣ ਲੱਗੇ। ਸਾਰੇ ਦੇ ਸਾਰੇ ਬਿੰਦ ਦੀ ਬਿੰਦ ਚੁੱਪ ਖੜੇ ਰਹੇ। ਪਰ ਦੁੱਲਾ ਸਿੰਘ ਦੇ ਦਰਵਾਜ਼ੇ ਮੂਹਰਿਓਂ ਉਠ ਕੇ ਘਰੋਂ ਘਰੀਂ ਜਾਣ ਦੀ ਥਾਂ ਉਹ ਉਸ ਦੇ ਘਰ ਦੇ ਅੰਦਰ ਹੀ ਧੁਸ ਗਏ। ਇੱਕ ਬੰਦੇ ਨੇ ਦਬਾਸੱਟ ਜਾ ਕੇ ਉਸੇ ਤੁੜੀ ਵਾਲੇ ਕੋਠੇ ਦੀ ਚੂਲ ਪੱਟ ਦਿੱਤੀ। ਦੋ ਤਿੰਨ ਹੋਰ ਬੰਦਿਆਂ ਨੇ ਤੂੜੀ ਪਰੇ ਹਟਾ ਕੇ ਦੁੱਲਾ ਸਿੰਘ ਨੂੰ ਦਿਖਾਇਆ-ਦੁੱਲਾ ਸਿਆਂ, ਆਹ ਬੋਰੀਆਂ 'ਚ ਤੁੜੀ ਪਾ ਕੇ ਰੱਖੀ ਐ?? ਇੱਕ ਮੁੱਛਲ ਜਿਹਾ ਸਿਆਣਾ ਬੰਦਾ ਦੁੱਲਾ ਸਿੰਘ ਨੂੰ ਕਹਿੰਦਾ-ਦੇਖ ਦੁੱਲਾ ਸਿਆਂ, ਤੇਰੇ ਸੀਰੀ ਪੀਤੂ ਕੋਲੋਂ ਸਾਨੂੰ ਸਾਰੀ ਕਹਾਣੀ ਦਾ ਪਤਾ ਲੱਗ ਗਿਐ। ਭਲੀਪਤ ਨਾਲ ਕਿਰਪੇ ਨੂੰ ਐਥੇ ਬੁਲਾ ਲੈ। ਮਣ ਮਣ ਸਭ ਨੂੰ ਜੋਖ ਦਿਓ। ਹੁਣ ਤਾਈ ਐਨੀ ਕੁੱਤੇਖਾਣੀ ਸਾਡੇ ਨਾਲ ਹੋਈ ਐ। ਹੁਣ ਤਾਂ ਅਸੀਂ ਲਾਲੇ ਦਾ ਖਰੀਦ-ਮੁੱਲ ਈ ਦੇਖਾਂਗੇ।"

ਇਨ੍ਹਾਂ ਦਿਨਾਂ ਵਿੱਚ ਭਾਅ ਕਣਕ ਦਾ ਤੀਹ ਰੁਪਏ ਹੋ ਗਿਆ ਸੀ। ਪਰ ਪਿੜ ਵਿਚੋਂ ਜਦੋਂ ਇਹ ਕਣਕ ਖ਼ਰੀਦੀ ਸੀ, ਬਾਈ ਤੇਈ ਰੁਪਈਏ ਦੁੱਲਾ ਨੂੰ ਫੜਾਈ ਜਾਓ। ਦੋ ਹੋਰ ਬੰਦਿਆਂ ਨੂੰ ਦਬੱਲ ਦਿੱਤਾ ਕਿ ਇੱਕ ਰਾਮਦਾਸੀਆਂ ਦੇ ਵਿਹੜੇ ਤੇ ਇੱਕ ਮਜ਼ਬੀਆਂ ਦੇ ਵਿਹੜੇ ਹੋਕਾ ਦੇ ਆਵੇ ਕਿ ਮਣ ਮਣ ਪੱਕੀ ਕਣਕ ਦੁੱਲਾ ਸਿਓਂ ਦੇ ਘਰੋਂ ਜੁਖਾ ਲਿਆਓ। ਬਾਈ ਬਾਈ ਰੁਪਈਏ ਜੇਬ ਚ ਪਾਈ ਜਾਓ।` ਇੱਕ ਹੋਰ ਬੰਦੇ ਨੇ ਸਾਰੇ ਪਿੰਡ ਵਿੱਚ ਪੀਪਾ ਕੁੱਟ ਦਿੱਤਾ-ਮਣ ਪੱਕੀ ਕਣਕ, ਬਾਈ ਰੁਪਏ, ਦੁੱਲਾ ਸੂ ਦੇ ਘਰੋਂ ਮਿਲਦੀ ਐ।"

ਸਾਰੇ ਪਿੰਡ ਵਿੱਚ ਹੈਰਾਨੀ ਛਣਕ ਪਈ। ਦੁੱਲਾ ਸਿੰਘ ਪਤਾ ਨਹੀਂ ਕਿਹੜੇ ਵੇਲੇ ਘਰੋਂ ਬਾਹਰ ਹੋ ਗਿਆ। ਉਹਦੇ ਚਾਰੇ ਪੁੱਤ ਖੇਤ ਗਏ ਹੋਏ ਸਨ। ਬਹੂਆਂ ਦੀ ਕੋਈ ਪੇਸ਼ ਨਾ ਗਈ ਤੇ ਉਹ ਹਾਰ ਕੇ ਅੰਦਰ ਵੜ ਕੇ ਬੈਠ ਗਈਆਂ।

ਦਸਵੀਂ ਵਿੱਚ ਪੜ੍ਹਦੇ ਪਿੰਡ ਦੇ ਚਾਰ ਮੁੰਡੇ ਦੁੱਲਾ ਸਿੰਘ ਦੇ ਘਰ ਲੋਕਾਂ ਤੋਂ ਪੈਸੇ ਫੜਨ ਲਈ ਕਾਪੀਆਂ ਲੈ ਕੇ ਬੈਠ ਗਏ। ਚਾਰ ਹੋਰ ਤਕੜੇ ਤਕੜੇ ਜੁਆਨ ਕਣਕ ਦੀਆਂ ਬੋਰੀਆਂ ਤੁੜੀ ਵਾਲੇ ਕੋਠੇ ਵਿਚੋਂ ਬਾਹਰ ਕੱਢਣ ਲੱਗ ਪਏ। ਚਾਰ ਹੋਰ ਅਝੱਖੜ ਬੰਦੇ ਤੱਕੜੀ ਪਸੇਰੀ ਲੈ ਕੇ ਕਣਕ ਦੋਖ ਲੋਕਾਂ ਦੇ ਪੱਲਿਆਂ ਵਿੱਚ ਪਾਉਣ ਲੱਗ ਪਏ। ਦਿਨ ਛਿਪਦੇ ਤਾਈਂ ਅੱਧੀ ਕਣਕ ਲੋਕਾਂ ਨੇ ਘਰੀਂ ਢੋ ਲਈ। ਪੈਸਿਆਂ ਦਾ ਸਾਰਾ ਹਿਸਾਬ ਕਰਕੇ ਦਸ ਸਿਆਣੇ ਬੰਦੇ ਕਿਰਪਾ ਮੱਲ ਦੀ ਦੁਕਾਨ ਉੱਤੇ ਪਹੁੰਚ ਗਏ। ਮੂੰਹ ਵਿੱਚ ਹੁੱਕੇ ਦੀ ਨੜੀ ਲਈ, ਕਿਰਪਾ ਮੱਲ ਬੇਹੋਸ਼ ਹੋਇਆ ਬੈਠਾ ਸੀ।