ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਕਦੋਂ ਫਿਰਨਗੇ ਦਿਨ
ਪਿੰਡਾਂ ਦੇ ਅਜੋਕੇ ਜੀਵਨ ਸਬੰਧੀ ਮੈਂ ਇੱਕ ਲੇਖ ਤਿਆਰ ਕਰਨਾ ਸੀ। ਸੋਚਿਆ, ਅਖ਼ਬਾਰੀ ਤੇ ਕਿਤਾਬੀ ਅੰਕੜਿਆਂ ਨੂੰ ਲੈ ਕੇ ਗੱਲ ਨਹੀਂ ਬਣਨੀ। ਤੱਥ ਵੀ ਤਾਂ ਬਦਲਦੇ ਰਹਿੰਦੇ ਹਨ। ਕਿਉਂ ਨਾ ਕੁਝ ਪਿੰਡਾਂ ਵਿੱਚੋਂ ਘੁੰਮ ਫਿਰ ਕੇ ਸਰਵੇਖਣ ਕੀਤਾ ਜਾਵੇ। ਵੱਖ-ਵੱਖ ਘਰਾਂ ਵਿੱਚ ਜਾ ਕੇ ਪਰਿਵਾਰ ਦੇ ਲੋਕਾਂ ਨਾਲ ਗੱਲਾਂ ਕੀਤੀਆਂ ਜਾਣ। ਉਹਨਾਂ ਦੀ ਅੰਦਰਲੀ ਪੀੜ ਨੂੰ ਫੜਿਆ ਜਾਵੇ। ਫਿਰ ਕਿਤੇ ਜਾ ਕੇ ਹੀ ਲੇਖ ਵਿੱਚ ਜਾਨ ਪੈ ਸਕੇਗੀ।
ਆਪਣੇ ਸ਼ਹਿਰ ਦੇ ਨੇੜੇ ਹੀ ਇੱਕ ਪਿੰਡ ਵਿੱਚ ਮੈਂ ਚਲਿਆ ਗਿਆ। ਪ੍ਰੋਗਰਾਮ ਬਣਾ ਲਿਆ ਕਿ ਹਰ ਐਤਵਾਰ ਸਵੇਰੇ-ਸਵੇਰੇ ਜਾਇਆ ਕਰਾਂਗਾ। ਦੋ ਘੰਟੇ ਨਿੱਤ ਲਾ ਲਿਆ ਕਰਾਂਗਾ। ਏਦਾਂ ਹੀ ਪੰਜ ਸੱਤ ਐਤਵਾਰਾਂ ਵਿੱਚ ਸਾਰਾ ਪਿੰਡ ਕੱਢ ਲਵਾਂਗਾ। ਪਿੰਡ ਬਹੁਤੀ ਦੂਰ ਵੀ ਨਹੀਂ ਸੀ। ਪੱਕੀ ਸੜਕ ਸੀ। ਸਾਈਕਲ ਉੱਤੇ ਸਾਰੇ ਹੀ ਪੱਚੀ ਤੀਹ ਮਿੰਟ ਲੱਗਦੇ ਸਨ। ਸਵੇਰੇ ਜਾਓ ਤੇ ਦੁਪਹਿਰ ਹੋਣ ਤੋਂ ਪਹਿਲਾਂ-ਪਹਿਲਾਂ ਘਰ ਆ ਜਾਓ। ਇਹ ਕੰਮ ਠੰਡੇ-ਠੰਡੇ ਹੀ ਚੰਗਾ ਸੀ। ਸਵੇਰੇ-ਸਵੇਰੇ ਲੋਕ ਵੀ ਤਾਂ ਘਰਾਂ ਵਿੱਚ ਹੀ ਮਿਲ ਜਾਂਦੇ ਸਨ, ਨਹੀਂ ਤਾਂ ਫਿਰ ਉਹ ਆਪੋ-ਆਪਣੇ ਕੰਮਾਂ-ਕਾਰਾਂ ਉੱਤੇ ਚਲੇ ਜਾਂਦੇ ਹੋਣਗੇ। ਖੇਤਾਂ ਵਾਲੇ ਤਾਂ ਸੱਤ-ਸਾਢੇ ਸੱਤ ਵੱਜਣ ਨਾਲ ਘਰੋਂ ਉੱਠ ਤੁਰਦੇ ਹਨ। ਪਿਛਾਹ ਘਰਾਂ ਵਿੱਚ ਬੁੜ੍ਹੀਆਂ ਰਹਿ ਜਾਂਦੀਆਂ ਹਨ। ਔਰਤਾਂ ਘਰ ਪਰਿਵਾਰ ਦੀ ਐਨੀ ਕੁ ਸੁਰਤ ਹੁੰਦੀ ਹੈ ਤੇ ਫਿਰ ਗ਼ਰੀਬ ਪਰਿਵਾਰਾਂ ਦੀਆਂ ਔਰਤਾਂ, ਜਿਨ੍ਹਾਂ ਨੂੰ ਜੋ ਮਿਲਿਆ, ਪਕਾ-ਖਾ ਲਿਆ। ਨੀਵੀਂ ਪਾ ਕੇ ਜ਼ਿੰਦਗੀ ਨੂੰ ਧੂੰਹਦੀਆਂ ਜਾ ਰਹੀਆਂ ਹੁੰਦੀਆਂ ਹਨ ਜਾਂ ਇੱਕ ਨੀਰਸ ਜ਼ਿੰਦਗੀ ਉਹਨਾਂ ਨੂੰ ਘਸੀਟੀ ਲਈ ਤੁਰੀ ਜਾਂਦੀ ਹੈ। ਇਹ ਤਾਂ ਮਰਦ ਹੀ ਹੈ, ਜੋ ਆਪਣੇ ਹੱਡਾਂ ਉੱਤੇ ਕਰੂਰ ਦੀਆਂ ਸੱਟਾਂ ਸਹਿੰਦਾ ਹੈ। ਹਾਏ ਤੱਕ ਵੀ ਨਹੀਂ ਕਰਦਾ।
ਉਹ ਪਿੰਡ ਦੇ ਇੱਕ ਗਿਆਨੀ ਜੀ ਮੇਰੇ ਪੁਰਾਣੇ ਮਿੱਤਰ ਸਨ। ਕਿਸੇ ਸਮੇਂ ਇੱਕ ਸਕੂਲ ਵਿੱਚ ਮੇਰੇ ਨਾਲ ਪੜ੍ਹਾਇਆ ਕਰਦੇ ਸਨ। ਬੜੀ ਹੀ ਪਵਿੱਤਰ ਤੇ ਸਵੱਛ ਆਤਮਾ। ਚਿੱਟੇ-ਸਫ਼ੈਦ ਕੱਪੜੇ ਪਾ ਕੇ ਰੱਖਦੇ। ਬੰਗਾਲੀ ਕੁੜਤਾ ਤੇ ਤੰਗ ਮੂਹਰੀ ਦਾ ਪਜਾਮਾ। ਸਿਰ ਉੱਤੇ ਟਸਰੀ ਬੰਨ੍ਹ ਕੇ ਰੱਖਦੇ। ਲਾਲ ਕੁਰਮ ਦੀ ਜੁੱਤੀ। ਚੰਮ ਚੰਮ ਕਰਦੀ। ਕੁੜਤੇ ਨੂੰ ਦੋ ਖੀਸੇ ਲਵਾ ਕੇ ਰੱਖਦੇ। ਇਕ ਖੀਸੇ ਵਿੱਚ ਮੂੰਹ ਪੂੰਝਣ ਵਾਲਾ ਰੁਮਾਲ ਤੇ ਇੱਕ ਖੀਸੇ ਵਿੱਚ ਜੁੱਤੀ ਪੂੰਝਣ ਵਾਲਾ। ਮਿੱਠਾ-ਮਿੱਠਾ ਬੋਲਦੇ, ਨਿੱਕੀ-ਨਿੱਕੀ ਗੱਲ ਕਰਦੇ। ਬੋਲਦੇ ਤਾਂ ਜਿਵੇਂ ਨਿੱਕੇ-ਨਿੱਕੇ ਘੁੰਗਰੂ ਛਣਕਦੇ ਹੋਣ। ਮੋਟੀ-ਮੋਟੀ ਅੱਖ। ਅੱਖਾਂ ਝਮਕਦੇ ਤਾਂ ਜਿਵੇਂ ਲੋਗੜੀ ਦੇ ਫੁੱਲਾਂ ਦੀ ਬਾਰਸ਼ ਹੁੰਦੀ ਹੋਵੇ। ਮੇਰੇ ਨਾਲ ਉਹਨਾਂ ਦਾ ਬਹੁਤ ਪ੍ਰੇਮ ਸੀ। ਖ਼ਾਲੀ ਪੀਰੀਅਡ ਵਿੱਚ ਅਸੀਂ ਇਕੱਠੇ ਹੁੰਦੇ ਤਾਂ ਗਿਆਨ-ਗੋਸ਼ਟ ਹੁੰਦੀ। ਗੱਲਾਂ ਕਰਦੇ ਵੀ ਉਹ ਕੁੜਤੇ ਤੇ ਪਜਾਮੇ ਦੇ ਵਲ਼ਾਂ ਨੂੰ ਠੀਕ ਕਰਦੇ ਰਹਿੰਦੇ। ਦਾਹੜੀ ਉੱਤੇ ਹੱਥ ਫੇਰਨਾ ਨਾ ਭੁੱਲਦੇ ਤੇ ਨਾ ਹੀ ਜੁੱਤੀ ਉੱਤੇ ਰੁਮਾਲ ਮਾਰਨ ਤੋਂ ਖੁੰਝਦੇ। ਹੁਣ ਕੁਝ ਸਾਲਾਂ ਤੋਂ ਰਿਟਾਇਰ ਹੋ ਚੁੱਕੇ ਸਨ। ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਸਨ। ਆਰਾਮ ਦੀ ਜ਼ਿੰਦਗੀ ਤਾਂ ਉਹਨਾਂ ਨੇ ਸਾਰੀ ਉਮਰ ਹੀ ਬਤੀਤ ਕੀਤੀ ਸੀ। ਨਾ ਮੁੰਡਾ, ਨਾ ਕੁੜੀ। ਬਸ ਮੀਆਂ ਬੀਵੀ। ਕਦੇ-ਕਦੇ ਹੁਣ ਸ਼ਹਿਰ ਵਿੱਚ ਮਿਲਦੇ ਸਨ। ਦੁਆ-ਸਲਾਮ ਤੋਂ ਇਲਾਵਾ ਉਹ ਖੜ੍ਹ ਕੇ ਆਪਣੀ ਆਦਤ ਅਨੁਸਾਰ ਏਧਰ-ਉਧਰ ਦੀਆਂ ਗੱਲਾਂ ਵੀ ਕਰ ਜਾਂਦੇ ਸਨ। ਕਿੰਨੇ ਹੀ ਵਾਰ ਆਖਿਆ ਸੀ, "ਆਓ ਕਦੇ। ਸਾਡਾ ਪਿੰਡ ਵੀ ਇੱਕ ਵਾਰ ਪਵਿੱਤਰ ਕਰ ਆਓ। ਚੌਵੀ ਘੰਟੇ ਪੋਥੀਆਂ ਵਿੱਚ ਹੀ ਨਾ ਵੜੇ ਰਹਿਆ ਕਰੋ।"
ਇੱਕ ਦਿਨ ਮੈਂ ਤੇ ਗਿਆਨੀ ਜੀ ਪਿੰਡ ਦੇ ਚਮਿਆਰਾਂ ਵਿਹੜੇ ਜਾ ਵੜੇ। ਗਿਆਨੀ ਜੀ ਤਾਂ ਪਹਿਲਾਂ ਹੀ ਨੱਕ ਮਾਰ ਰਹੇ ਸਨ- "ਭਾਈ ਸਾਅਬ, ਕਿੱਥੇ ਚੰਮਾਂ ਦੇ ਮੁਸ਼ਕ ਵਿੱਚ ਲੈ ਕੇ ਜਾਉਗੇ। ਏਥੇ ਧਰਮਸ਼ਾਲਾ ਵਿੱਚ ਈ ਕਿਸੇ ਰਮਦਾਸੀਏ ਨੂੰ ਬੁਲਾ ਲੈਨੇ ਆਂ। ਸਾਰੀਆਂ ਗੱਲਾਂ ਪੁੱਛ ਲਵਾਂਗੇ। ਸਭ ਦੱਸ ਦਊ। ਪੁੱਛੀ ਜਾਇਓ, ਜੋ ਪੁੱਛਣੈਂ।"
ਮੈਂ ਜ਼ੋਰ ਦਿੱਤਾ- "ਨਹੀਂ ਗਿਆਨੀ ਜੀ, ਓਥੇ ਉਹਨਾਂ ਦੇ ਘਰ ਵਿੱਚ ਜਾਣਾ ਈ ਠੀਕ ਰਹੇਗਾ। ਮੈਂ ਉਹਨਾਂ ਦੇ ਘਰ ਦੇਖਣਾ ਚਾਹੁੰਦਾ ਹਾਂ। ਉਹਨਾਂ ਦੇ ਗੁਸਲਖਾਨੇ, ਉਹਨਾਂ ਦੇ ਮੰਜੇ-ਕੱਪੜੇ, ਭਾਂਡੇ, ਕਮਰਿਆਂ ਦੀਆਂ ਛੱਤਾਂ, ਸੁਣਿਐ-ਚਮਿਆਰਾਂ ਦੇ ਘਰਾਂ 'ਚ ਹੁਣ ਤਾਂ ਮੱਝਾਂ-ਗਾਵਾਂ ਕਿੱਲੇ ਬੰਨ੍ਹੀਆਂ ਹੁੰਦੀਆਂ ਨੇ। ਅੱਖੀਂ ਦੇਖ ਕੇ ਆਵਾਂਗੇ।"
ਗਿਆਨੀ ਜੀ ਗੁੱਝਾ-ਗੁੱਝਾ ਮੁਸਕਰਾਏ। ਉਹਨਾਂ ਦੀਆਂ ਅੱਖਾਂ ਵਿੱਚ ਥੋੜ੍ਹੀ-ਥੋੜ੍ਹੀ ਖਿਝ ਵੀ ਸੀ, ਪਰ ਮੇਰੇ ਜ਼ੋਰ ਦੇਣ 'ਤੇ ਉਹਨਾਂ ਦੀ ਕੋਈ ਪੇਸ਼ ਨਾ ਗਈ। ਨਾਂਹ-ਨਾਂਹ ਕਰਦੇ ਵੀ ਉਹ ਮੇਰੇ ਨਾਲ ਤੁਰਦੇ ਗਏ। ਇਹਨਾਂ ਦਿਨਾਂ ਵਿੱਚ ਉਹਨਾਂ ਦਾ ਸੱਜਾ ਗੋਡਾ ਦਰਦ ਕਰਨ ਲੱਗ ਪਿਆ ਸੀ। ਸੋ ਹੱਥ ਵਿੱਚ ਬੈਂਤ ਦੀ ਖੂੰਡੀ ਦਾ ਵਾਧਾ ਹੋ ਗਿਆ ਸੀ। ਪਿੰਡ ਦੇ ਮੋੜ ਮੁੜਦਿਆਂ ਉਹ ਆਪਣੀ ਖੂੰਡੀ ਦਾ ਇਸ਼ਾਰਾ ਕਰਦੇ ਤੇ ਅਸੀਂ ਓਧਰ ਨੂੰ ਹੀ ਮੋੜ ਕੱਟ ਕੇ ਤੁਰਦੇ ਜਾ ਰਹੇ ਸਾਂ।
ਚਮਿਆਰਾਂ ਵਿਹੜੇ ਦੀਆਂ ਨਿੱਕੀਆਂ-ਨਿੱਕੀਆਂ ਗਲੀਆਂ। ਦੋ-ਚਾਰ ਘਰਾਂ ਬਾਅਦ ਹੀ ਮੋੜ ਆ ਜਾਂਦਾ। ਗਲੀਆਂ ਦੇ ਫਰਸ਼ ਪੱਕੇ ਸਨ। ਖੜਵੀਂ ਇੱਟ ਨਾਲ ਭਰੇ ਹੋਏ। ਮਕਾਨ ਵੀ ਪੱਕੇ ਸਨ, ਪਰ ਉਹਨਾਂ ਦੀ ਬਣਤਰ ਪਹਿਲਾਂ ਵਾਲੀ ਹੀ। ਨਿੱਕੀਆਂ-ਨਿੱਕੀਆਂ ਕੋਠੜੀਆਂ ਜਿਹੀਆਂ। ਨਿੱਕੀਆਂ-ਨਿੱਕੀਆਂ ਬਾਰੀਆਂ ਤੇ ਛੋਟੇ ਦਰਵਾਜ਼ੇ। ਕਿਸੇ-ਕਿਸੇ ਵਿਹੜੇ ਵਿੱਚ ਕੋਈ ਮੱਝ ਖੜ੍ਹੀ ਵੀ ਦਿਸੀ। ਨਿਆਣੇ ਬਹੁਤ। ਚੀਂਘ-ਚੰਘਿਆੜਾ ਪਿਆ ਹੋਇਆ। ਜਿਵੇਂ ਕਿਸੇ ਪ੍ਰਾਇਮਰੀ ਸਕੂਲ ਵਿੱਚ ਆ ਵੜੇ ਹੋਈਏ ਤੇ ਅੱਧੀ ਛੁੱਟੀ ਦਾ ਵਕਤ ਹੋਵੇ।
ਨਿੱਕੀ ਜਿਹੀ ਦਰਵਾਜੜੀ ਵਿੱਚ ਇੱਕ ਕੱਚੇ ਚੌਂਤਰੇ ਉੱਤੇ ਕੋਈ ਜਣਾ ਜੁੱਤੀ ਸਿਉਂ ਰਿਹਾ ਸੀ। ਉਮਰ ਪੰਜਾਹ ਦੇ ਨੇੜੇ-ਤੇੜੇ ਹੋਵੇਗੀ। ਤੇੜ ਚਾਰਖ਼ਾਨੇ ਦੀ ਚਾਦਰ, ਗਲ ਖੱਦਰ ਦੀ ਜਾਕਟ, ਬਗ਼ੈਰ ਬਾਹਾਂ ਤੋਂ। ਜਾਕਟ ਨੂੰ ਥੱਲੇ ਜਿਹੇ ਦੋ ਜੇਬਾਂ ਲੱਗੀਆਂ ਹੋਈਆਂ ਸਨ। ਕਤਰੀ ਹੋਈ ਦਾਹੜੀ। ਸਿਰੋਂ ਨੰਗਾ। ਵਾਲ਼ਾਂ ਦੀ ਨਿੱਕੀ ਜਿਹੀ ਜਟੂਰੀ। ਸਿਰ ਦਾਹੜੀ ਦੇ ਵਾਲ਼ ਖਿਚੜੀ। ਨੱਕ ਦੀ ਕੋਠੀ ਉੱਤੇ ਐਨਕ ਦਾ ਫਰੇਮ ਢਿਲਕਿਆ ਹੋਇਆ। ਬੜੀ ਨੀਝ ਨਾਲ ਸੂਆ ਮਾਰ ਕੇ ਡੋਰ ਪਰੋਂਦਾ ਤੇ ਫਿਰ ਦੰਦਾਂ ਥੱਲੇ ਲੈ ਕੇ ਡੋਰ ਨੂੰ ਧੁਰ ਤੱਕ ਖਿੱਚ ਲੈਂਦਾ। ਤੋਪੇ 'ਤੇ ਤੋਪਾ ਚਾੜ੍ਹਦਾ ਤੁਰਿਆ ਜਾ ਰਿਹਾ ਸੀ। ਅਸੀਂ ਉਹਦੇ ਬਾਰ ਅੱਗੇ ਜਾ ਖੜ੍ਹੇ, ਗਿਆਨੀ ਨੇ ਖੰਘੂਰ ਮਾਰੀ ਤਾਂ ਉਹ ਅੱਖਾਂ ਪੁੱਟ ਕੇ ਸਾਡੇ ਵੱਲ ਝਾਕਿਆ। ਜੁੱਤੀ ਓਵੇਂ ਦੀ ਓਵੇਂ ਪਾਸੇ ਕਰਕੇ ਸੰਦੂਕੜੀ ਉੱਤੇ ਰੱਖ ਦਿੱਤੀ। ਖੜ੍ਹਾ ਹੋ ਗਿਆ-
"ਆਓ ਗਿਆਨੀ ਜੀ, ਲੰਘ ਆਓ।"
ਗਿਆਨੀ ਜੀ ਤੋਂ ਅੱਗੇ ਹੋ ਕੇ ਮੈਂ ਉਹਦੇ ਪੱਥਰ ਕੋਲ ਜਾ ਖੜ੍ਹਾ। ਗਿਆਨੀ ਦਾ ਰੁਮਾਲ ਸੱਜੇ ਖੀਸੇ ਵਿੱਚੋਂ ਬਾਹਰ ਨਿੱਕਲ ਆਇਆ ਸੀ। ਬੋਲੇ- "ਤੋਤੀ ਸਿਆਂ। ਇਹ ਭਾਈ ਸਾਅਬ ਆਏ ਨੇ। ਤੇਰੇ ਨਾਲ ਦੋ ਗੱਲਾਂ ਕਰਨਗੇ। ਤੂੰ ਬੈਠ ਕੇ ਗੱਲ ਕਰ।"
ਤੋਤੀ ਬੈਠਾ ਨਹੀਂ। ਚੌਂਤਰੇ ਤੋਂ ਥੱਲੇ ਉੱਤਰ ਕੇ ਵਿਹੜੇ ਵਿੱਚ ਗਿਆ। ਬਾਂਸ ਦੀਆਂ ਬਾਹੀਆਂ-ਸੇਰਵੇ ਵਾਲਾ ਚੌਕੜੇ ਦਾ ਬਣਿਆ ਮੰਜਾ ਚੁੱਕ ਲਿਆਇਆ। ਚੌਂਤਰੇ ਤੋਂ ਵਿਹੜੇ ਵਿੱਚ ਜਾਂਦਿਆਂ ਤੇ ਫਿਰ ਮੰਜਾ ਚੁੱਕ ਕੇ ਆਉਂਦਿਆਂ ਉਹਨੇ ਕਾਫ਼ੀ ਦੇਰ ਲਾ ਦਿੱਤੀ। ਹੌਲ਼ੀ-ਹੌਲ਼ੀ ਤੁਰਦਾ ਸੀ। ਉਹਦੇ ਇੱਕ ਪੈਰ ਉੱਤੇ ਪੱਟੀ ਬੰਨ੍ਹੀ ਹੋਈ ਸੀ। ਉਹ ਪੈਰ ਮਸਾਂ ਹੀ ਧਰਤੀ ਉੱਤੇ ਲਾ ਰਿਹਾ ਸੀ, ਜਿਵੇਂ ਬਹੁਤ ਤਕਲੀਫ਼ ਹੁੰਦੀ ਹੋਵੇ। ਗਿਆਨੀ ਜੀ ਨੇ ਸੁਲਾ ਵੀ ਮਾਰੀ ਸੀ ਤੋਤੀ ਸਿਆਂ, ਕੀ ਲੱਗਿਆ ਪੈਰ 'ਤੇ। ਤੋਤੀ ਸਿਆਂ, ਤੂੰ ਕਾਹਨੂੰ ਖੇਚਲ ਕਰਦੈਂ, ਲਿਆ ਮੰਜੀ ਮੈਂ ਡਾਹ ਦਿੰਨਾਂ।
ਪਰ ਤੋਤੀ ਨੇ ਗਿਆਨੀ ਜੀ ਦੀ ਇੱਕ ਵੀ ਗੱਲ ਨਹੀਂ ਸੁਣੀ। ਮੰਜਾ ਲਿਆ ਕੇ ਚੌਂਤਰੇ ਅੱਗੇ ਰੱਖ ਦਿੱਤਾ। ਮੰਜੇ ਤੇ ਚੌਂਤਰੇ ਵਿਚਕਾਰ ਥੋੜ੍ਹਾ ਹੀ ਫ਼ਾਸਲਾ ਰਹਿ ਗਿਆ ਸੀ। ਓਧਰ ਪਿੱਛੇ ਮੰਜਾ ਕੰਧ ਨਾਲ ਲੱਗਿਆ ਹੋਇਆ ਸੀ। ਨਿੱਕੀ ਜਿਹੀ ਤਾਂ ਦਰਵਾਜੜੀ ਸੀ ਇਹ। ਤਿੰਨ ਬੰਦਿਆਂ ਦੇ ਬੈਠਣ ਨਾਲ ਹੀ ਜਿਵੇਂ ਭਰ ਜਿਹੀ ਗਈ ਹੋਵੇ।
ਤੋਤੀ ਕੋਲ ਸਾਨੂੰ ਆਇਆਂ ਨੂੰ ਦੇਖ-ਸੁਣ ਕੇ ਗੁਵਾਂਢ ਵਿੱਚੋਂ ਦੋ ਬੰਦੇ ਹੋਰ ਆ ਗਏ। ਤੋਤੀ ਦੇ ਪੱਥਰ ਕੋਲ ਬੈਠ ਕੇ ਮੁਤਰ-ਮੁਤਰ ਸਾਡੇ ਵੱਲ ਝਾਕਣ ਲੱਗੇ। ਉਹਨਾਂ ਨੇ ਗਿਆਨੀ ਜੀ ਨੂੰ ਸਤਿ ਸ੍ਰੀ ਅਕਾਲ ਵੀ ਬੁਲਾਈ ਸੀ। ਮੇਰੇ ਵੱਲ ਸ਼ੱਕ ਦੀਆਂ ਨਜ਼ਰਾਂ ਨਾਲ ਦੇਖ ਰਹੇ ਸਨ।
ਨੱਕ ਮੂੰਹ ਤੋਂ ਰੁਮਾਲ ਪਰ੍ਹਾਂ ਹਟਾ ਕੇ ਗਿਆਨੀ ਜੀ ਨੇ ਉਹਨਾਂ ਦੇ ਬੰਦਿਆਂ ਨੂੰ ਵੀ ਦੱਸਿਆ "ਇਹ ਭਾਈ ਸਾਅਬ ਆਪਣੇ ਮਿਲਣ ਵਾਲੇ ਨੇ। ਪਿੰਡਾਂ ਦਾ ਸਰਵਾ ਕਰ ਰਹੇ ਨੇ। ਆਪਣੇ ਪਿੰਡ ਵੀ ਕਈ ਦਿਨਾਂ ਤੋਂ ਫਿਰਦੇ ਨੇ। ਇਹ ਆਪਣੇ ਤੋਂ ਕੁਛ ਗੱਲਾਂ ਪੁੱਛਣਗੇ। ਤੁਸੀਂ ਦੱਸੀ ਜਾਓ।"
"ਇਹ ਕਿਹੜੇ ਮਹਿਕਮੇ ਦੇ ਹੋਏ?" ਇੱਕ ਬੰਦੇ ਨੇ ਪੁੱਛਿਆ। ਇਹ ਤੀਹ ਬੱਤੀ ਸਾਲ ਦਾ ਇੱਕ ਨੌਜਵਾਨ ਸੀ। ਦਾਹੜੀ ਛਾਟੀ ਹੋਈ, ਪਰ ਮੁੱਛਾਂ ਮਰੋੜਾ ਦੇ ਕੇ ਰੱਖੀਆਂ ਹੋਈਆਂ। ਢਿਲਕੀ ਜਿਹੀ ਪੱਗ ਬੰਨ੍ਹੀ ਹੋਈ ਸੀ। ਕੰਨ ਉੱਤੇ ਟੌਰਾ ਲਮਕਦਾ ਸੀ। ਨਿੱਕੀਆਂਨਿੱਕੀਆਂ ਬਾਜ਼ ਵਰਗੀਆਂ ਤੇਜ਼-ਚਮਕਦਾਰ ਅੱਖਾਂ। ਹੱਥ ਵਿੱਚ ਇੱਕ ਡੱਕਾ। ਦੋਵੇਂ ਹੱਥਾਂ ਵਿੱਚ ਡੱਕਾ ਬਿੰਦੇ-ਬਿੰਦੇ ਘਮਾਉਂਦਾ। ਕਦੇ-ਕਦੇ ਇੱਕ ਹੱਥ ਵਿੱਚ ਡੱਕਾ ਫੜ ਕੇ ਦੂਜੇ ਹੱਥ ਨਾਲ ਸਿਰ ਕੰਨ ਜਾਂ ਗਰਦਨ ਉੱਤੇ ਖੁਰਕ ਕਰਦਾ।
"ਮਹਿਕਮਾ ਤਾਂ ਇਨ੍ਹਾਂ ਦਾ ਕੋਈ ਨ੍ਹੀਂ ਇਹ ਤਾਂ ਲੇਖਕ ਨੇ। ਬਸ ਆਪਣੇ ਵਾਸਤੇ ਈ ਲਿਖਦੇ ਨੇ। ਗਿਆਨੀ ਜੀ ਨੇ ਸਪਸ਼ਟ ਕੀਤਾ।"
ਦੂਜਾ ਬੰਦਾ ਮਿੰਨ੍ਹਾ ਮਿੰਨ੍ਹਾ ਹੱਸਿਆ। ਕਹਿੰਦਾ-ਹੱਛਾ-ਹੱਛਾ, ਮੈਂ ਤਾਂ ਸਮਝਿਆ ਸੀ ਭਾਈ, ਕਿਤੇ ਕੋਈ ਸਰਕਾਰੀ ਬੰਦਾ ਆਇਐ। ਘਰਾਂ ਦੀ ਹਾਲਤ ਦੇਖਣ ਆਇਐ। ਕੀਹ ਐ ਭਾਈ, ਸਰਕਾਰ ਨੇ ਕੋਈ ਮੱਦਤ ਕਰਨੀ ਹੋਵੇ। ਉਹਨੇ ਆਪਣੀ ਟੁੱਟੀ ਕਮਾਨੀ ਵਾਲੀ ਐਨਕ ਥਾਂ ਸਿਰ ਕੀਤੀ। ਦਾਹੜੀ ਮੁੱਛਾਂ ਥੋੜ੍ਹੀਆਂ-ਥੋੜ੍ਹੀਆਂ, ਪਰ ਚਿੱਟੀਆਂ ਗੋਹੜੇ ਵਰਗੀਆਂ। ਨੀਲੀ ਪੱਗ ਬੰਨ੍ਹੀ ਹੋਈ ਸੀ। ਮਿਚੀਆਂ ਹੋਈਆਂ ਅੱਖਾਂ। ਜਿਵੇਂ ਦਿਸਦਾ ਹੀ ਨਾ ਹੋਵੇ। ਹੱਛਾ-ਹੱਛਾ, ਤਾਂ ਕਰੋ ਭਾਈ ਗੱਲ? ਉਸਨੇ ਫਿਰ ਹੱਸ ਕੇ ਆਖਿਆ।
ਮਦਦ ਸਰਕਾਰ ਕਰੀ ਤਾਂ ਜਾਂਦੀ ਐ। ਪੀਲੇ ਕਾਰਡ ਬਣ 'ਗੇ ਨੇ ਸਭ ਦੇ। ਗਿਆਨੀ ਜੀ ਨੇ ਦੱਸਿਆ।
"ਪੀਲੇ ਕਾਰਡਾਂ ਦੀ ਸੁਣ ਲੋ, ਮੈਂ ਦੱਸ ਦਿਨਾਂ ਇਹ ਵੀਂ।" ਨੌਜਵਾਨ ਬੋਲਿਆ।
"ਤੂੰ ਦੱਸ ਲੈ, ਜਿਹੜਾ ਦੱਸਣੈ।" ਗਿਆਨੀ ਜੀ ਉਹਦੇ ਵੱਲ ਘੂਰ ਕੇ ਬੋਲੇ।
"ਇਹ ਪੀਲੇ ਕਾਰਡ ਵੀ ਇੱਕ ਢਕੌਂਸਲਾ ਐ। ਜਿਹੜੇ ਮ੍ਹਾਤੜ ਰਹਿ 'ਗੇ। ਨਾ ਪਤਾ ਲੱਗਿਆ, ਦਿਹਾੜੀ ’ਤੇ ਗਿਆਂ ਨੂੰ ਪਤਾ ਵੀ ਕੀ ਲੱਗੇ। ਅਖੇ ਜੀ, ਹੁਣ ਤਾਂ ਡੇਟ ਨਿੱਕਲ 'ਗੀ। ਪਹਿਲਾਂ ਕਿਉਂ ਨਾ ਦਿੱਤਾ ‘ਫ਼ਾਲਮ’। ਬਸ ਮ੍ਹਾਤੜ ਤਾਂ ਇਉਂ ਈ ਰਹਿ 'ਗੇ। ਇੱਕ ਗੱਲ..."
"ਦੂਜੀ ਵੀ ਸੁਣਾ ਦੇ ਹੁਣ।" ਗਿਆਨੀ ਜੀ ਹੀ ਬੋਲੇ।
"ਜੀਹਨਾਂ ਦੇ ਅੱਗ ਲਾਈ ਨ੍ਹੀਂ ਲੱਗਦੀ, ਉਹ ਵੀ ਕਾਰਡ ਬਣਵਾਈ ਫਿਰਦੇ ਨੇ, ਖਾਦ, ਖੰਡ, ਸੀਮਿੰਟ ਹੋਰ ਜਿੰਨੀ ਵੀ ਚੀਜ਼ ਐ, ਲੈਣੀ ਹੁੰਦੀ ਐ ਤਾਂ 'ਵਿਹੜੇ' 'ਚੋਂ 'ਕੱਠੇ ਕਰਕੇ ਲੈ ਜਾਂਦੇ ਨੇ ਕਾਰਡ। ਅਸੀਂ ਭਲਾ ਖਾਦ, ਖੰਡ, ਸੀਮਿੰਟ ਕੀ ਕਰਨਾ ਹੁੰਦੈ। ਹੋਰ ਸੁਣ ਲੋ।"
"ਉਹ ਵੀ ਸੁਣਾ ਦੇ। ਗਿਆਨੀ ਜੀ ਕੰਨ ਵਿੱਚ ਉਂਗਲ ਫੇਰਨ ਲੱਗ ਪਏ ਸਨ।"
ਨੌਜਵਾਨ ਦੀਆਂ ਗੱਲਾਂ ਸੁਣ ਕੇ ਬੁੱਢਾ ਤੇ ਤੋਤੀ ਬੁੱਲ੍ਹਾਂ ਵਿੱਚ ਪੋਲਾ-ਪੋਲਾ ਮੁਸਕਰਾਉਂਦੇ। ਤੋਤੀ ਉਹਦੇ ਮੂੰਹ ਵੱਲ ਦੇਖਣ ਲੱਗਦਾ ਤੇ ਬੁੱਢਾ ਅੱਖਾਂ ਪੁੱਟਣ ਦੀ ਨਿਸਫ਼ਲ ਕੋਸ਼ਿਸ਼ ਕਰਦਾ। ਮੈਂ ਆਪਣੀ ਕਾਪੀ ਉੱਤੇ ਲਿਖਦਾ ਜਾ ਰਿਹਾ ਸਾਂ।
"ਸਾਨੂੰ ਇਨ੍ਹਾਂ ਪੀਲੇ ਕਾਰਡਾਂ ਦਾ ਕੋਈ ਰੇਜ ਨ੍ਹੀਂ। ਕਾਰਡਾਂ ਦਾ ਫ਼ੈਦਾ ਵੀ ਖਾਂਦੇ-ਪੀਂਦੇ ਲੋਕ ਈ ਲੈਂਦੇ ਨੇ। ਭਲਾ ਅਸੀਂ ਕਰਜਾ ਕੀ ਕਰਨੈ? ਮੋੜਾਂਗੇ ਕਿੱਥੋਂ? ਰੁਪਈਏ ਨੂੰ ਰੁਪਈਆ ਖਿੱਚਦੈ ਮਾਰ੍ਹਾਜ।" ਕਹਿ ਕੇ ਨੌਜਵਾਨ ਨੇ ਪੱਗ ਨੂੰ ਠੀਕ ਜਿਹਾ ਕੀਤਾ।
ਗਿਆਨੀ ਜੀ ਹੁਣ ਚੁੱਪ ਸਨ। ਕਹਿਣ ਲੱਗੇ- "ਹੋਰ ਕੋਈ ਗੱਲ ਪੁੱਛੋ, ਭਾਈ ਸਾਅਬ?"
"ਤੋਤੀ ਸਿੰਘ ਜੀ, ਤੁਸੀਂ ਦੱਸੋ।" ਮੈਂ ਉਹਦੇ ਵੱਲ ਆਪਣੇ ਪੈੱਨ ਦਾ ਇਸ਼ਾਰਾ ਕੀਤਾ। "ਦੱਸੋ ਜੀ, ਕੀ ਦੱਸਾਂ?"
"ਤੁਹਾਡੇ ਏਥੇ ਰਾਮਦਾਸੀਆਂ ਦੇ ਕਿੰਨੇ ਕੁ ਘਰ ਨੇ?"
"ਹੋਣੇ ਨੇ ਕੋਈ..."
"ਬਿਆਲੀ ਨੇ ਜੀ। ਚਾਲੀ ਤੇ ਦੋ।" ਨੌਜਵਾਨ ਵਿੱਚੋਂ ਹੀ ਬੋਲ ਪਿਆ।
"ਇਹ ਜੁੱਤੀਆਂ ਸਿਉਣ ਦਾ ਕੰਮ ਕਿੰਨੇ ਕੁ ਘਰ ਕਰਦੇ ਐ?" ਮੈਂ ਪੁੱਛਿਆ।
ਤੋਤੀ ਤੋਂ ਪਹਿਲਾਂ ਹੀ ਨੌਜਵਾਨ ਫਿਰ ਬੋਲ ਪਿਆ- "ਇਹ ਕੰਮ ਤਾਂ ਹੁਣ ਚਾਰ ਪੰਜ ਘਰ ਈ ਕਰਦੇ ਐ, ਸਰਕਾਰ ਸਾਅਬ।"
"ਬਾਕੀ?"
"ਬਾਕੀ ਸਭ ਖੇਤਾਂ 'ਚ ਦਿਹਾੜੀ ਕਰਨ ਜਾਂਦੇ ਐ। ਪਿੰਡ 'ਚ ਵੀ ਦਿਹਾੜੀ ਕਰਦੇ ਐ। ਕੁਝ ਬੰਦੇ ਜੱਟਾਂ ਨਾਲ ਸੀਰੀ ਰਲੇ ਹੋਏ ਐ। ਕਈ ਸ਼ਹਿਰ ਚਲੇ ਜਾਂਦੇ ਐ।" ਨੌਜਵਾਨ ਹੀ ਬੋਲ ਰਿਹਾ ਸੀ।
"ਕੋਈ ਏਧਰ ਓਧਰ ਵਪਾਰ ਦਾ ਕੰਮ ਵੀ ਕਰਦਾ ਹੋਵੇਗਾ?"
"ਵਪਾਰ? ਗ਼ਰੀਬਾਂ ਦੇ ਵਪਾਰ ਕਾਹਦੇ ਨੇ ਜੀ। ਬੁੱਢਾ ਖੰਘ ਕੇ ਬੋਲਿਆ।
"ਇੱਕ ਬੰਦਾ ਐ। ਮੰਡੀਆਂ 'ਤੇ ਜਾਂਦਾ ਐ। ਮੰਡੀਆਂ ਦਾ ਵਪਾਰੀ ਐ। ਦੋ ਤਿੰਨ ਮੱਝਾਂ ਹਮੇਸ਼ਾ ਈ ਰੱਖਦੈ।" ਨੌਜਵਾਨ ਨੇ ਦੱਸਿਆ।
"ਵਿਹੜੇ ਦੇ ਕਿੰਨੇ ਕ ਮੁੰਡੇ ਦਸਵੀਂ ਪਾਸ ਨੇ?" ਮੈਂ ਪੁੱਛਿਆ।
"ਮੁੰਡੇ, ਤਿੰਨ ਮੁੰਡੇ ਦਸਵੀਂ ਕਰ 'ਗੇ ਸੀ। ਦੋ ਬਿਜਲੀ ’ਚ ਕੰਮ ਕਰਦੇ ਐ, ਇੱਕ ਮਾਸਟਰ ਐ।"
"ਹੁਣ ਸਕੂਲ ’ਚ ਹੋਰ ਮੁੰਡੇ ਵੀ ਪੜ੍ਹਦੇ ਹੋਣਗੇ? ਹਾਈ ਸਕੂਲ ਐ ਐਥੇ।"
"ਕੁਛ ਨ੍ਹੀਂ ਬਸ, ਪੰਜ-ਸੱਤ ਜਾਂਦੇ ਹੋਣੇ ਨੇ। ਫੇਲ੍ਹ ਹੋਈ ਜਾਂਦੇ ਐ। ਦਸਵੀਂ ਕੀਤੀ ਤਾਂ ਕਿਸੇ ਵੀ ਸੁਣੀ ਨ੍ਹੀਂ ਪੜ੍ਹਾਈਆਂ ਵੀ ਮਾਰ੍ਹਾਜ ਕਿੱਥੋਂ ਹੁੰਦੀਆਂ ਨੇ ਗ਼ਰੀਬਾਂ ਤੋਂ।" ਇਸ ਵਾਰ ਬੁੱਢਾ ਬੋਲਿਆ।
"ਘੁੰਮਣ ਸੂੰ ਵੀ ਆਪਣੇ ਪਿੰਡ ਦਾ ਈ ਐ। ਤਿੰਨ ਮੁੰਡੇ ਨੇ ਉਹਦੇ। ਤਿੰਨੇ ਅਫ਼ਸਰ ਨੇ। ਇੱਕ ਤਾਂ ਜੱਜ ਐ, ਮੇਰੀ ਜਾਣ ’ਚ। ਦੂਜਾ ਥਾਣੇਦਾਰ ਐ, ਕਦੇ-ਕਦੇ ਆਉਂਦਾ ਹੁੰਦੈ ਏਥੇ। ਤੀਜਾ ਹੈੱਡ ਮਾਸਟਰ ਐ, ਸੁਣਿਐ।" ਗਿਆਨੀ ਜੀ ਨੇ ਹੁੱਬ ਕੇ ਦੱਸਿਆ।
"ਘੁੰਮਣ ਸੂੰ ਸਾਡੇ 'ਚ ਕਿਮੇ ਹੋ ਗਿਆ, ਗਿਆਨੀ ਜੀ?" ਨੌਜਵਾਨ ਨੇ ਪ੍ਰਸ਼ਨ ਕੀਤਾ। "ਕਿਉਂ?"
"ਘੁੰਮਣ ਸੂੰ ਤਾਂ ਸ਼ਹਿਰ ਰਹਿੰਦੈ। ਮਾਰ ਫੜ ਕੇ ਐਡੀ ਵੱਡੀ ਕੋਠੀ ਐ ਉਹਦੀ। ਐਥੇ ਤਾਂ ਉਹਦਾ ਕੁਛ ਵੀ ਨ੍ਹੀਂ। ਮੁੰਡੇ ਸਰਦਾਰੀ ਕਰਦੇ ਐ। ਸਾਨੂੰ ਤਾਂ ਉਹ ਨੱਕ ਥੱਲੇ ਈ ਨ੍ਹੀਂ ਲਿਆਉਂਦਾ। ਸਾਸਰੀ 'ਕਾਲ ਵੀ ਨ੍ਹੀਂ ਮੰਨਦਾ। ਜਿਵੇਂ ਚਮਿਆਰ ਰਹਿਆ ਈ ਨਾ ਹੋਵੇ। ਜੀਹਨੂੰ ਤੁਸੀਂ ਜੱਜ ਦੱਸਦੇ ਓਂ, ਕਹਿੰਦੇ ਬਾਣੀਆਂ ਦੀ ਕੁੜੀ ਨਾਲ ਵਿਆਹ ਕਰਾਇਆ ਹੋਇਐ। ਘੁੰਮਣ ਸੂੰ ਤਾਂ ਹੁਣ ਉੱਚੀ ਜਾਤ ਦਾ ਸਮਝਦੈ ਆਪਣੇ ਆਪ ਨੂੰ, ਸਾਡਾ ਉਹ ਕਿਮੇ ਰਹਿ ਗਿਆ। ਉਹਦੀਆਂ ਤਾਂ ਹੁਣ ਵੱਡੇ-ਵੱਡੇ ਲੋਕਾਂ ਨਾਲ ਯਾਰੀਆਂ ਨੇ। ਅਸੀਂ ਕਮੀਣ ਉਹਦੇ ਨੱਕ ਥੱਲੇ ਕਿੱਥੇ ਆਂ?" ਨੌਜਵਾਨ ਨੇ ਚੱਬ-ਚੱਬ ਗੱਲਾਂ ਦੱਸੀਆਂ। "ਅੱਛਾ, ਤੋਤੀ ਸਿੰਘ ਜੀ, ਤੁਸੀਂ ਇਹ ਜੁੱਤੀਆਂ ਸਿਉਣ ਦਾ ਕੰਮ ਕਿਉਂ ਕਰਦੇ ਓਂ?"
"ਹੋਰ ਕੀ ਕਰੀਏ, ਸਰਦਾਰ ਸਾਅਬ?"
"ਮੇਰਾ ਮਤਲਬ, ਤੁਸੀਂ ਪੰਜ-ਚਾਰ ਘਰ ਈ ਇਹ ਕੰਮ ਕਰਦੇ ਓਂ। ਬਾਕੀ ਤਾਂ ਹੋਰ ਕੰਮਾਂ ’ਚ ਪੈ ਗਏ ਨੇ, ਤੁਸੀਂ ਹੋਰ ਕੰਮ ਕਿਉਂ ਨ੍ਹੀਂ ਕਰ ਲੈਂਦੇ।"
"ਇਹੀ ਦੱਸਦਾਂ ਜੀ ਮੈਂ, ਪੰਜਾਹ ਸਾਲ ਦੀ ਉਮਰ ਹੋ 'ਗੀ। ਹੁਣ ਹੋਰ ਕਿਹੜਾ ਕੰਮ ਕਰਾਂਗੇ। ਬਸ ਇਹੀ ਔਂਦੈ, ਕਰੀ ਜਾਨੇ ਆਂ। ਜੂਨ-ਗੁਜ਼ਾਰਾ ਹੋਈ ਜਾਂਦੈ।"
"ਜੁੱਤੀ ਕਿੰਨੇ ਦੀ ਤਿਆਰ ਕਰ ਦਿੰਨੇ ਓਂ?"
"ਚਾਲੀ ਵੀ ਲੈ ਲੈਨੇ ਆਂ, ਪੈਂਤੀ ਵੀ ਪਣਚਾਲੀ-ਪੰਜਾਹ ਦੀ ਵੀ ਤਿਆਰ ਕਰ ਦਿੰਨੇ ਆਂ।"
"ਮੰਗਾਈ ਨੂੰ ਅੱਗ ਲੱਗੀ ਪਈ ਐ, ਮਾਰ੍ਹਾਜ। ਚਮੜਾ ਸ਼ਹਿਰੋਂ ਮੁੱਲ ਲਿਉਣਾ ਪੈਂਦਾ। ਪਹਿਲਾਂ ਤਾਂ ਘਰੇ ਈ ਤਿਆਰ ਕਰ ਲੈਂਦੇ ਸੀ। ਸਸਤਾ ਪੈਂਦਾ ਸੀ। ਹੁਣ ਠੇਕਾ ਹੋਣ ਲੱਗ ਪਿਆ, ਮੁਰਦਾਰ ਦਾ।" ਬੁੱਢਾ ਝੋਰਾ ਕਰ ਰਿਹਾ ਸੀ।
"ਊਂ ਤਾਂ ਸੁਣ ਕੇ ਤੁਸੀਂ ਹੱਸੋਗੇ, ਐਤਕੀਂ ਠੇਕਾ ਵੀ ਇੱਕ ਬਾਣੀਏ ਨੇ ਲਿਐ।" ਨੌਜਵਾਨ ਉੱਚੀ ਆਵਾਜ਼ ਵਿੱਚ ਬੋਲਿਆ।
ਮਰੇ ਪਸ਼ੂਆਂ ਨੂੰ ਫਿਰ ਚੱਕਦਾ ਕੌਣ ਐ? ਮੈਂ ਪੁੱਛਿਆ।
"ਚੱਕਦੇ ਤਾਂ ਸਾਡੀ ਬਿਆਦਰੀ ਦੇ ਲੋਕ ਨੇ। ਮਹਾਜਨ ਇੱਕ ਪਸ਼ੂ ਦੇ ਵੀਹ ਰੁਪਈਏ ਦਿੰਦੈ। ਹੱਡਾ ਰੋੜੀ ਵਿੱਚ ਲਿਜਾਣ ਤੇ ਪਸ਼ੂ ਦੀ ਖੱਲ ਲਾਹੁਣ ਦੇ। ਉੱਥੇ ਈ ਕੋਠਾ ਪਾਇਆ ਵਿਐ। ਉੱਥੋਂ ਈਂ ਲੈ ਜਾਂਦੇ ਨੇ ਖੱਲਾਂ, ਵਪਾਰੀ। ਹੱਡਾਂ ਦਾ ਢੇਰ ਖੜ੍ਹਾ ਕਰ ਰੱਖਿਐ, ਕਣਕ ਦੇ ਲਾਂਗੇ ਆਗੂੰ। ਉਹਨੂੰ ਵੀ ਟਰੱਕ ਭਰ ਕੇ ਵੇਚਦੈ।" ਬੁੱਢੇ ਨੇ ਦੱਸਿਆ।
ਵਿਹੜੇ ਵਿੱਚ ਇੱਕ ਕੋਲੇ ਲੌਣੇ ਪੱਲਾ ਕਰਕੇ ਬੈਠੀ ਔਰਤ ਨੇ ਤੋਤੀ ਨੂੰ ਕਿਹਾ "ਭਾਈਆਂ ਨੂੰ ਚਾਹ ਪਾਣੀ ਤਾਂ ਪਿਆਓ।"
ਉਹ ਕਦੋਂ ਦੀ ਉੱਥੇ ਚੁੱਪ ਕੀਤੀ ਬੈਠੀ ਹੋਈ ਸੀ। ਨਾ ਹਿੱਲਦੀ-ਜੁਲਦੀ ਸੀ, ਨਾ ਬੋਲਦੀ। ਉਹਨੇ ਤਾਂ ਖੰਘਿਆ ਵੀ ਨਹੀਂ ਸੀ। ਬਸ ਬੁੱਤ ਦਾ ਬੁੱਤ ਬਣੀ ਬੈਠੀ ਰਹੀ ਸੀ। ਉਹਨੇ ਸਾਡੀਆਂ ਪੁਰਾਣੀਆਂ ਗੱਲਾਂ ਸੁਣੀਆਂ ਹੋਣਗੀਆਂ।
"ਪੁੱਛ ਲੈਨੇ ਆਂ। ਕੀ ਪਤਾ ਇਹ ਆਪਣੀ ਚਾਹ ਪੀਣਗੇ ਵੀ ਕਿ ਨਹੀਂ।" ਕਹਿ ਕੇ ਤੋਤੀ ਨੇ ਸੰਦੂਕੜੀ ਖੋਲ੍ਹੀ। ਵਿਚਲੇ ਸਾਮਾਨ ਨੂੰ ਏਧਰ-ਓਧਰ ਖੜਕਾਉਣ ਲੱਗਿਆ ਤੇ ਫਿਰ ਇੱਕ ਰੁਪਏ ਦਾ ਸਿੱਕਾ ਕੱਢ ਕੇ ਨੌਜਵਾਨ ਦੇ ਹੱਥ ਫੜਾਇਆ। ਜਾਹ ਸ਼ੇਰਾ, ਅਹਿ ਰੌਣਗੀ ਦੀ ਹੱਟ ਤੋਂ ਦੁੱਧ ਫੜ ਕੇ ਲਿਆ।"
ਗਿਆਨੀ ਜੀ ਇਸ ਤਰ੍ਹਾਂ ਕਾਹਲ ਵਿੱਚ ਪੈ ਗਏ, ਜਿਵੇਂ ਮਖਿਆਲ ਦੀਆਂ ਮੱਖੀਆਂ ਨੇ ਘੇਰ ਲਏ ਹੋਣ। "ਨਹੀਂ ਤੋਤੀ ਸਿਆਂ, ਚਾਹ ਨੂੰ ਰਹਿਣ ਦੇ। ਹੁਣੇ ਪੀ ਕੇ ਆਏ ਆਂ।"
ਉਸ ਦਿਨ ਮੈਂ ਸਦੇਹਾਂ ਹੀ ਆ ਗਿਆ ਸਾਂ। ਗਿਆਨੀ ਮੈਨੂੰ ਬੈਂਕ ਕੋਲ ਹੀ ਟੱਕਰ ਪਿਆ ਸੀ ਤੇ ਫਿਰ ਅਸੀਂ ਸਿੱਧਾ ਏਧਰ ਹੀ ਵਿਹੜੇ ਵੱਲ ਆ ਗਏ ਸੀ। ਗਿਆਨੀ ਨੇ ਆਖਿਆ ਸੀ- "ਚੱਲ, ਪਹਿਲਾਂ ਕੰਮ ਨਬੇੜ ਲਈਏ। ਚਾਹ ਫਿਰ ਆ ਕੇ ਈ ਪੀਵਾਂਗੇ।" ਉਸ ਦਿਨ ਉਹਦਾ ਪ੍ਰੋਗਰਾਮ ਗਿੱਲ-ਪੱਤੀ ਵਿੱਚ ਜਾਣ ਦਾ ਸੀ, ਜਦੋਂ ਕਿ ਮੈਂ ਮੱਲੋਮੱਲੀ ਉਹਨੂੰ ਚਮਿਆਰਾਂ-ਵਿਹੜੇ ਖਿੱਚ ਲਿਆਇਆ ਸਾਂ।
ਵਿਹੜੇ ਵਿੱਚ ਹੀ ਬੁੜ੍ਹੀ ਨੇ ਅੱਕ ਦੇ ਸੁੱਕੇ ਕਾਮੜਿਆਂ ਨਾਲ ਚੁੱਲ੍ਹੇ ਵਿੱਚ ਅੱਗ ਮਚਾਈ ਤੇ ਚਾਹ ਧਰ ਲਈ। ਨੌਜਵਾਨ ਦੁੱਧ ਲੈ ਆਇਆ। ਆਉਣ ਸਾਰ ਕਹਿੰਦਾ-"ਰੁਪਈਏ ਦਾ ਮਸਾਂ ਪਾਈਆ ਦੁੱਧ ਪਾਇਐ ਕੰਜਰ ਦੇ ਕਰਿਆੜ ਨੇ। ਅੱਗ ਲੱਗੀ ਪਈ ਐ ਚੀਜ਼ਾਂ ਨੂੰ ਤਾਂ। ਕੀ ਗੰਜੀ ਨ੍ਹਾਹ ਲੂ, ਕੀ ਨਚੋੜ ਲੂ।" ਦੁੱਧ ਦੀ ਗੜਵੀ ਫੜਾਉਂਦਾ ਕਹਿਣ ਲੱਗਿਆ "ਤਾਈ, ਇਹਨਾਂ ਜੋਗੀ ਕਰ ਦੇ। ਸਾਡਾ ਪਾਣੀ ਨਾ ਪਾ ਬੈਠੀਂ।"
"ਓਏ ਘੁੱਟ-ਘੁੱਟ ਲੈ ਲਿਓ, ਸਾਰੇ ਈ, ਤੱਤਾ ਪਾਣੀ ਐ। ਬਹੁਤਾ ਪੀ ਲੋ, ਥੋੜ੍ਹਾ ਪੀ ਲੋ। ਹੁਣ ਤਾਂ ਚਾਹਾਂ ਈ ਰਹਿ 'ਗੀਆਂ। ਦੁੱਧ-ਲੱਸੀਆਂ ਤਾਂ ਗਏ।" ਤੋਤੀ ਸਿੰਘ ਨੇ ਜਿਵੇਂ ਆਪਣੀ ਸਾਰੀ ਜ਼ਿੰਦਗੀ ਉੱਤੇ ਝਾਤ ਮਾਰ ਲਈ ਹੋਵੇ।
"ਕਿਉਂ ਸਰਦਾਰ ਜੀ। ਵੋਟਾਂ ਤਾਂ ਹਰ ਵਾਰੀ ਪੌਨੇ ਆਂ। ਕਦੇ ਨੀਲੀਆਂ ਪੱਗਾਂ ਆਲੇ, ਕਦੇ ਚਿੱਟੀਆਂ ਪੱਗਾਂ ਆਲੇ। ਬਣਦਾ ਕਰਦਾ ਤਾਂ ਕੁਛ ਦੀਂਹਦਾ ਨ੍ਹੀਂ। ਓਹੀ ਬਾਹਾਂ, ਓਹੀ ਕਹਾੜੀ। ਕਦੋਂ ਫਿਰਨਗੇ ਦਿਨ?" ਬੁੱਢੇ ਨੇ ਪੁੱਛਿਆ।
"ਦਿਨ ਤਾਂ ਮੈਂ ਕਹਿਨਾਂ, ਗਿਆਨੀ ਜੀ, ਫਿਰਨ ਵਾਲਿਆਂ ਦੇ ਤਾਂ ਬਥੇਰਾ ਫਿਰਦੇ ਨੇ। ਇੱਕ ਪਾਸੇ ਤਾਂ ਧੜਾਂ ਜੋੜੀ ਜਾਂਦੇ ਨੇ। ਇੱਕ ਪਾਸੇ ਆਥਣ ਦੀ ਰੋਟੀ ਦਾ ਫ਼ਿਕਰ ਐ।" ਨੌਜਵਾਨ ਨੇ ਫੜਾਕ ਦੇ ਕੇ ਗੱਲ ਆਖੀ।
ਬੁੱਢਾ ਬੋਲਿਆ- "ਸਾਡੀ ਉਮਰ ਤਾਂ ਗਈ ਭਾਈ। ਗਹਾਂ ਦੇਖੋ ਕੀਹ ਐ, ਕੋਈ ਜੰਮ ਪੇ ਤਪ ਤੇਜ ਆਲਾ।"
ਤੋਤੀ ਕਹਿੰਦਾ- "ਇੱਕ ਕੋਈ ਤਪ ਤੇਜ ਆਲਾ ਹੁਣ ਕੀ ਕਰੂ ਭਰਾਵਾ। ਲਾ ਬੱਚੇ-ਬੁੱਢੇ ਤੋਂ, ਤੀਵੀਆਂ ਆਦਮੀ ਸਭ, ਗੱਭਰੂ, ਪੜ੍ਹਿਆ-ਅਨਪੜ੍ਹ, ਕੁਲ ਖਲਕਤ ਉੱਠੂਗੀ, ਤਾਂ ਈਂ ਕੁਛ ਬਣੂੰ। 'ਕੱਲੇ-ਦੁਕੱਲੇ ਨੂੰ ਤਾਂ ਸਰਕਾਰ ਖੰਘਣ ਨ੍ਹੀਂ ਦਿੰਦੀ। ਤੇਰੀ ਆਖਤ, ਇਹ ਨੀਲੀਆਂ-ਚਿੱਟੀਆਂ ਪੱਗਾਂ ਆਲੇ ਤਾਂ ਕੁਰਸੀ ਦੇ ਭਾਈਵਾਲ ਨੇ। ਕੁਰਸੀ ਮਿਲ 'ਗੀ, ਬਸ ਤਰਲੋਕੀ ਦੀ ਮਾਇਆ ਮਿਲ 'ਗੀ। ਫਿਰ ਕਿਸੇ ਨੂੰ ਕੌਣ ਸਿਆਣਦੈ। ਪਹਿਲਾਂ ਤਾਂ ਕੁਰਸੀਆਂ ਨੂੰ ਫੂਕੋ।" ਤੋਤੀ ਬੋਲ ਰਿਹਾ ਸੀ, ਜਿਵੇਂ ਉਹਦੇ ਧੁਰ ਕਾਲਜੇ ਵਿੱਚੋਂ ਕੋਈ ਲਾਵਾ ਫੁੱਟ ਰਿਹਾ ਹੋਵੇ।
"ਹੁਣ ਕੀਤੀ ਐ ਨਾ, ਖਰੀ ਗੱਲ ਤਾਏ ਨੇ। ਪਹਿਲਾਂ ਤਾਂ ਮੁਟਕੜੀ ਮਾਰੀ ਬੈਠਾ ਰਹਿਆ। ਤਾਇਆ ਵੀ ਨਾਗ ਐ। ਬੈਠਾ ਈ ਵਿਉਹ ਘੋਲੀ ਜਾਊ। ਆਇਓਂ ਬੋਲਿਆ ਕਰ, ਕੜਾਕ ਕੜਾਕ।" ਨੌਜਵਾਨ ਖ਼ੁਸ਼ ਸੀ।
ਬੁੜ੍ਹੀ ਚਾਹ ਲੈ ਕੇ ਆਈ। ਸਾਨੂੰ ਦੋ ਕੱਚ ਦੇ ਗਿਲਾਸ। ਉਹਨਾਂ ਤਿੰਨਾਂ ਨੂੰ ਪਿੱਤਲ ਦੀਆਂ ਬਾਟੀਆਂ।
ਗਿਆਨੀ ਜੀ ਨੇ ਗਿਲਾਸ ਨਹੀਂ ਫੜਿਆ। ਬਸ ਇੱਕੋ ਟੰਗ ’ਤੇ ਖੜ੍ਹਾ ਰਿਹਾ। ਅਖੇ, ਮੈਂ ਤਾਂ ਚਾਹ ਕਦੇ ਮੂੰਹ ਉੱਤੇ ਧਰ ਕੇ ਨਹੀਂ ਦੇਖੀ। ਮੈਂ ਉਹਦੀ ਚਾਲ ਨੂੰ ਜਾਣਦਾ ਸਾਂ। ਮੈਂ ਕੁਝ ਨਹੀਂ ਆਖਿਆ। ਨਹੀਂ ਤਾਂ ਮੈਨੂੰ ਕਿਹੜਾ ਪਤਾ ਨਹੀਂ ਸੀ ਕਿ ਗਿਆਨੀ ਲੌਂਗ-ਲੈਚੀ ਪਾ ਕੇ ਚਾਹ ਪੀਣ ਦਾ ਸ਼ੌਕੀਨ ਹੈ। ਬਸ ਕੋਹੜਾ ਐਵੇਂ ਹੀ ਸੂਗ ਮੰਨ ਗਿਆ। ਅਸੀਂ ਤੋਤੀ ਦੇ ਅੱਡੇ ਤੋਂ ਉੱਠੇ। ਚਮਿਆਰਾਂ-ਵਿਹੜੇ ਵਿੱਚੋਂ ਬਾਹਰ ਆ ਕੇ ਮੈਂ ਆਖਿਆ ਗਿਆਨੀ ਜੀ ਬੱਸ-ਅੱਡਿਆਂ, ਬਾਜ਼ਾਰਾਂ, ਕਚਹਿਰੀਆਂ ਤੇ ਹੋਰ ਅਨੇਕਾਂ ਥਾਵਾਂ 'ਤੇ ਆਪਾਂ ਚਾਹਾਂ ਪੀਨੇ ਆਂ, ਤੁਸੀਂ ਸੌ ਵਾਰੀ ਮੇਰੇ ਨਾਲ ਦੁਕਾਨ ਦੀ ਚਾਹ ਪੀਤੀ ਐ, ਉੱਥੇ ਕੀ ਸਾਰੇ ਈ ਪੰਡਤਾਂ ਦੀਆਂ ਦੁਕਾਨਾਂ ਨੇ। ਅੱਜ ਰਾਮਦਾਸੀਆਂ ਦੀ ਚਾਹ ਪੀ ਲੈਂਦਾ, ਦੱਸ ਕੀ ਤੇਰੇ ਕੋਹੜ ਚੱਲ ਜਾਂਦਾ।"
"ਓਏ ਨਹੀਂ ਯਾਰ, ਇਹ ਲੋਕ ਗੰਦੇ ਬਹੁਤ ਰਹਿੰਦੇ ਐ। ਮੁਸ਼ਕ ਤਾਂ ਦੇਖ ਕਿਵੇਂ ਮਾਰੀ ਜਾਂਦਾ ਸੀ, ਤੋਤੀ ਦੇ ਘਰ ’ਚੋਂ। ਮੈਂ ਤਾਂ ਆਇਓਂ ਹੈਰਾਨ ਹਾਂ, ਇਹ ਲੋਕ ਰਹਿੰਦੇ ਕਿਵੇਂ ਨੇ ਇਹਨਾਂ ਘਰਾਂ ਵਿੱਚ। ਗਿਆਨੀ ਜੀ ਨੇ ਗੱਲਾਂ ਕਰਦਿਆਂ ਵੀ ਹੁਣ ਨੱਕ ਉੱਤੇ ਰੁਮਾਲ ਲਿਆ ਹੋਇਆ ਸੀ।"
"ਇਹ ਇਨ੍ਹਾਂ ਲੋਕਾਂ ਦਾ ਕਸੂਰ ਨਹੀਂ, ਗਿਆਨੀ ਜੀ ਮਹਾਰਾਜ। ਇਹਨਾਂ ਲੋਕਾਂ ਨੂੰ ਨਫ਼ਰਤ ਨਾ ਕਰੇ ਪਿਆਰਿਓ, ਨਾ ਹੀ ਇਹਨਾਂ ਦੀ ਗੰਦਗੀ ਨੂੰ। ਉਸ ਜਮਾਤ ਨੂੰ ਨਫ਼ਰਤ ਕਰੋ, ਜਿਨ੍ਹਾਂ ਦੀ ਲੁੱਟ ਖਸੁੱਟ ਕਾਰਨ ਇਹ ਗੰਦਗੀ ਪੈਦਾ ਹੋਈ ਐ। ਜਿਨ੍ਹਾਂ ਦੇ ਜ਼ੁਲਮਾਂ ਕਾਰਨ ਇਹ ਲੋਕ ਗੰਦਗੀ ਭੋਗ ਰਹੇ ਨੇ।" ਮੈਂ ਗਿਆਨੀ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
ਪਰ ਸੱਜਣ ਪੁਰਸ਼ ਬੋਲੇ- "ਮੈਂ ਤਾਂ ਇੱਕ ਗੱਲ ਜਾਂਣਦਾ।"
"ਕੀ?"
ਗਿਆਨੀ ਜੀ ਨੇ ਰੁਮਾਲ ਵਾਲਾ ਸੱਜਾ ਹੱਥ ਅਸਮਾਨ ਵੱਲ ਉੱਚਾ ਕਰਕੇ ਕਿਹਾ-"ਰੱਬੀ ਰਜ਼ਾ।"
"ਇਹ ਤੁਹਾਡਾ ਰੱਬ ਵੀ ਹੁਣ ਉਸ ਲੋਟੂ ਜਮਾਤ ਨਾਲ ਐ। ਇਹ ਕਿੱਥੇ ਲਿਖਿਐ, ਅਮੀਰਾਂ ਦੇ ਘਰ ਅਮੀਰ ਜੰਮਣਗੇ ਅਤੇ ਗ਼ਰੀਬਾਂ ਦੇ ਘਰ ਗ਼ਰੀਬ?"
ਗਿਆਨੀ ਜੀ ਦੀ ਹੁਣ ਇੱਕ ਉਂਗਲ ਅਸਮਾਨ ਵੱਲ ਉੱਠੀ ਹੋਈ ਸੀ।
"ਤੁਹਾਡੀ ਇਹ ਉਂਗਲ ਹੀ ਦਿਨਾਂ ਨੂੰ ਫਿਰਨ ਨਹੀਂ ਦਿੰਦੀ, ਗਿਆਨੀ ਜੀ।" ਕਹਿ ਕੇ ਮੈਂ ਸਾਈਕਲ ਦੀ ਕਾਠੀ ਉੱਤੇ ਸਵਾਰ ਹੋਇਆ ਤੇ ਆਪਣੀ ਸੜਕ ਪੈ ਗਿਆ।◆