ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਖ਼ਾਨਦਾਨ

ਵਿਕੀਸਰੋਤ ਤੋਂ

ਖ਼ਾਨਦਾਨ

ਜੈਮਲ ਬੁੜ੍ਹਾ ਭਰਿਆ-ਪੀਤਾ ਘਰੋਂ ਆਇਆ ਤੇ ਚੁੱਪ ਕੀਤਾ ਜਿਹਾ ਧਰਮਸ਼ਾਲਾ ਦੀ ਚੌਕੜੀ ਉੱਤੇ ਪੈਰਾਂ ਭਾਰ ਹੋ ਕੇ ਬੈਠ ਗਿਆ। ਫੇਰ ਉਹਨੇ ਹੱਥ ਵਿਚਲੀ ਖੂੰਡੀ ਚੌਕੜੀ ਨਾਲ ਟਿਕਾ ਕੇ ਰੱਖ ਦਿੱਤੀ ਤੇ ਦੋਵੇਂ ਹੱਥਾਂ ਨਾਲ ਆਪਣੀਆਂ ਅੱਖਾਂ ਉੱਤੇ ਐਨਕ ਨੂੰ ਠੀਕ ਕੀਤਾ। ਐਨਕ ਠੀਕ ਕਰਦਾ ਉਹ ਚੌਕੜੀ ਉੱਤੇ ਬੈਠੇ ਦੂਜੇ ਬੰਦਿਆਂ ਨੂੰ ਗਹੁ ਨਾਲ ਦੇਖਣ ਲੱਗਿਆ। ਉਹ ਕੋਈ ਗੱਲ ਕਰ ਰਹੇ ਸਨ। ਪਰ ਉੱਚਾ ਨਹੀਂ ਬੋਲਦੇ ਸਨ। ਉਹਨਾਂ ਦੀ ਘੁਸਰ-ਮੁਸਰ ਬੁੜ੍ਹੇ ਦੇ ਪੱਲੇ ਨਹੀਂ ਪੈ ਰਹੀ ਸੀ। ਉਹਨੂੰ ਸੁਣਦਾ ਵੀ ਤਾਂ ਕੁਝ ਉੱਚਾ ਸੀ। ਫੇਰ ਨੰਗ-ਪੈਰਿਆਂ ਦੇ ਮੁਕੰਦੇ ਨੇ ਉਹਨੂੰ ਖ਼ੁਦ ਹੀ ਬੁਲਾ ਲਿਆ- 'ਤਾਇਆ ਕੀ ਗੱਲ ਐ ਅੱਜ?' ਕਿਮੇਂ ਅੱਖਾਂ ਹੋਰੂੰ ਜੀਆਂ ਕੀਤੀਆਂ ਨੇ? ਕੋਈ ਗੱਲ ਲੱਗਦੀ ਐ।'

ਜੈਮਲ ਫੇਰ ਵੀ ਬੋਲਿਆ ਨਹੀਂ। ਮੁਕੰਦੇ ਵੱਲ ਗੁਟਰ-ਗੁਟਰ ਝਾਕਦਾ ਰਿਹਾ। ਕੀ ਜਵਾਬ ਦਿੰਦਾ ਉਹ? ਘਰ ਦੀ ਗੱਲ ਬਾਹਰ ਕਿਵੇਂ ਕੱਢਦਾ? ਪੁੱਛਣ ਵਾਲੇ ਦੇ ਬੋਲਾਂ ਨੇ ਉਹਨੂੰ ਤਾਂ ਸਗੋਂ ਹੋਰ ਉਦਾਸ ਕਰ ਦਿੱਤਾ ਸੀ। ਜਿਵੇਂ ਉਹਦੇ ਗੁੱਸੇ ਨੂੰ ਵੀ ਨਵੀਂ ਤੀਲ੍ਹੀ ਦਿਖਾ ਦਿੱਤੀ ਹੋਵੇ। ਮੂੰਹ ਵਿਚਲਾ ਥੁੱਕ ਸੰਘੋਂ ਥੱਲੇ ਉਤਾਰ ਕੇ ਬੁੜ੍ਹੇ ਨੇ ਖੰਘੂਰ ਮਾਰੀ। ਬੋਲਿਆ- 'ਤੁਸੀਂ ਕੀਹਦੀ ਕਰਦੇ ਓ ਗੱਲ ਕੋਈ?'

ਮੁਕੰਦਾ ਕਹਿੰਦਾ- 'ਉਹ ਤਾਂ ਐਵੇਂ ਗੱਲ ਐ ਕਿਸੇ ਦੀ।' ਉਹਨੇ ਫੇਰ ਪੁੱਛ ਲਿਆ- 'ਨਾ ਤਾਇਆ, ਤੂੰ ਕੁਝ ਦੱਸਿਆ ਈ ਨਾ। ਅੱਜ ਗੱਲ ਕੀਹ ਐ? ਅੱਗੇ ਤਾਂ ਸੱਥ 'ਚ ਔਂਦਾ ਈ ਪਹਿਲਾਂ ਇੱਕ ਟਿੱਚਰ ਛੱਡਦਾ ਹੁੰਨੈ ਤੂੰ। ਅੱਜ ਕੀ ਹੋ ਗਿਆ ਤੈਨੂੰ? ਚੁੱਪ ਕੀਤਾ ਈ ਆ ਬੈਠਾ। ਜੈਬ ਨਾਲ ਤਾਂ ਨੀ ਹੋ 'ਗੀ ਕੋਈ ਪੰਜ-ਤਿੰਨ?'

ਅਜਾਇਬ ਸਿੰਘ ਜੈਮਲ ਸਿੰਘ ਦੇ ਮੁੰਡੇ ਦਾ ਨਾਉਂ ਸੀ।

ਇੱਕ ਬਿੰਦ ਜੈਮਲ ਨੇ ਜੀ। ਮਲੀ ਤੇ ਫੇਰ ਕੁਝ ਸੋਚ ਕੇ ਬੁੱਲਾਂ ਉੱਤੇ ਆਉਂਦੀ ਗੱਲ ਢਿੱਡ ਵਿੱਚ ਹੀ ਰੱਖ ਲਈ। ਪਲਟ ਕੇ ਬੋਲਿਆ- 'ਉਹ ਤਾਂ ਠੀਕ ਐ। ਗੱਲ ਕੋਈ ਨ੍ਹੀਂ, ਬਸ ਐਮੇ, ਪਰ ਤੁਸੀਂ ਇਹ ਕੀਹਦੀ ਕਰਦੇ ਓ ਗੱਲ?'

ਮੁਕੰਦਾ ਬਹੁਤਾ ਖਹਿੜੇ ਨਹੀਂ ਪਿਆ। ਜੈਮਲ ਉਹਦੇ ਨਾਲ ਖੁੱਲ੍ਹਣ ਲੱਗਿਆ ਤਾਂ ਉਹਨੇ ਦੱਸਿਆ- 'ਇਹ ਤਾਂ ਕੈਲੂ ਦੀਆਂ ਗੱਲਾਂ ਕਰਦੇ ਆਂ ਅਸੀਂ। ਅਖੇ-ਉਹਦੇ ਮੁੰਡੇ ਨੂੰ ਸਾਕ ਹੁੰਦੈ, ਜਿਹੜਾ ਕਾਲਜ 'ਚ ਪੜ੍ਹਦੈ, ਉਹਨੂੰ। ਵੱਡਾ ਮੁੰਡਾ ਉਹਦਾ। ਕਹਿੰਦੇ ਕੁੜੀ ਦਸ ਜਮਾਤਾਂ ਪਾਸ ਐ। ਅਗਲੇ ਮੋਟਰ-ਸੈਕਲ ਦਿੰਦੇ ਐ। ਜੱਟ ਕੋਲ ਜ਼ਮੀਨ-ਜੈਦਾਤ ਬੜੀ ਦੱਸੀ ਦੀ ਐ।' 'ਹਲਾ?' ਜੈਮਲ ਬੁੜ੍ਹੇ ਨੇ ਸੁਣਿਆ ਤਾਂ ਬੁੱਲ੍ਹਾਂ ਉੱਤੇ ਜੀਭ ਫੇਰਨ ਲੱਗ ਪਿਆ। ਕਹਿੰਦਾ- 'ਦੇਖ ਲੈ ਬਈ, ਆਹ ਤਾਂ ਲੋੜ੍ਹਾ ਐ।' ਫੇਰ ਝੋਰਾ ਕਰਨ ਲੱਗਿਆ, 'ਸਮੋ ਬਦਲਦੀ ਨੂੰ ਕੀ ਆਖੀਏ ਹੁਣ? ਸਦੀ ਪਲਟ 'ਗੀ ਭਾਈ, ਸਦੀ। ਅਖੇ, ਜੱਟ ਉਹਦੇ ਮੁੰਡੇ ਨੂੰ ਸਾਕ ਕਰਦੈ। ਹਾਲੀਏਂ ਕੱਲ੍ਹ ਦੀਆਂ ਗੱਲਾਂ ਨੇ। ਕੀਹਨੂੰ ਪਤਾ ਨ੍ਹੀਂ ਬਈ ਕੈਲੂ ਆਪ ਜੱਟ ਨ੍ਹੀਂ ਹੈਗਾ, ਮੁਸਲਮਾਨ ਐ?'

ਸੰਤਾਲੀ ਵੇਲੇ ਦੀ ਗੱਲ ਹੈ। ਉਸ ਪਿੰਡ ਦੇ ਸਾਰੇ ਮੁਸਲਮਾਨ ਕਤਲ ਕਰ ਦਿੱਤੇ ਗਏ ਸਨ। ਜਿਹੜੇ ਚੁਸਤ ਚਾਲਾਕ ਸਨ ਤੇ ਘਰੋਂ ਕੁਝ ਤਕੜੇ ਵੀ, ਉਹ ਬਹੁਤ ਪਹਿਲਾਂ ਘਰ-ਬਾਰ ਛੱਡ ਕੇ ਪਾਕਿਸਤਾਨ ਜਾ ਪਹੁੰਚੇ ਸਨ, ਪਰ ਕੁਝ ਸਨ, ਜਿਹੜੇ ਲੁਕ ਛਿਪ ਕੇ ਏਧਰ ਹੀ ਜੱਟਾਂ ਦੇ ਘਰਾਂ ਵਿੱਚ ਵੜੇ ਬੈਠੇ ਰਹੇ।

ਰਮਦਿੱਤੇ ਦਾ ਪਿੰਡ ਤੋਂ ਬਾਹਰਵਾਰ ਘਰ ਸੀ। ਉਹਦੇ ਘਰ ਨਾਲ ਲੱਗਦੇ ਤਿੰਨ-ਚਾਰ ਹੋਰ ਘਰ ਵੀ ਸਨ।ਨਿਆਈਆਂ ਵਿੱਚ, ਰੂੜੀਆਂ 'ਤੇ ਪਾਥੀਆਂ ਦੇ ਗੁਹਾਰਿਆਂ ਤੋਂ ਪਰ੍ਹੇ। ਜਿਸ ਰਾਤ ਪਿੰਡ ਦੇ ਮੁਸਲਮਾਨ ਵੱਢੇ, ਰਮਦਿੱਤੇ ਨੇ ਤੜਕੇ ਉੱਠ ਕੇ ਦੇਖਿਆ, ਉਹਦੇ ਘਰ ਨੇੜੇ ਰੂੜੀਆਂ ਗੁਹਾਰਿਆਂ ਵਿਚਕਾਰ ਕਿੰਨੀਆਂ ਹੀ ਲੋਥਾਂ ਪਈਆਂ ਹੋਈਆ ਸਨ। ਇੱਕ ਗੁਹਾਰੇ ਦੀ ਖਾਲੀ ਖੋਢ ਵਿੱਚ ਉਹਨੂੰ ਕੁਝ ਹਿਲਦਾ-ਜੁਲਦਾ ਦਿਸਿਆ। ਉਹਨੇ ਕੋਲ ਜਾ ਕੇ ਦੇਖਿਆ, ਕੋਈ ਬੱਚਾ ਸੀ। ਡਰ ਕੇ ਸੁੰਨ ਬਣਿਆ ਪਿਆ। ਢਾਈ ਤਿੰਨ ਸਾਲ ਦਾ ਮਸਾਂ ਹੋਵੇਗਾ। ਰਮਦਿੱਤੇ ਨੇ ਉਹਨੂੰ ਬਾਹਰ ਕੱਢ ਲਿਆ। ਉਹ ਮੁੰਡਾ ਸੀ। ਪੂਰਾ ਸਹਿਮਿਆ ਹੋਇਆ। ਨਾ ਰੋਂਦਾ ਸੀ, ਨਾ ਬੋਲਦਾ। ਅੱਖਾਂ ਵਿੱਚ ਪੂਰੀ ਦਹਿਸ਼ਤ। ਗੁਹਾਰੇ ਕੋਲ ਵੱਢੇ-ਟੁੱਕੇ ਤੇ ਮਰੇ ਪਏ ਇੱਕ ਮਰਦ ਤੇ ਇੱਕ ਔਰਤ ਵੱਲ ਉਹ ਝਾਕਦਾ ਤਾਂ ਹੋਰ ਸਹਿਮ ਜਾਂਦਾ। ਰਮਦਿੱਤੇ ਨੇ ਉਹਨੂੰ ਗੋਦੀ ਚੁੱਕ ਲਿਆ। ਉਹ ਉਹਦੇ ਹੱਥਾਂ ਵਿੱਚੋਂ ਲੁਲਕ ਲੁਲਕ ਜਾਂਦਾ, ਜਿਵੇਂ ਮਾਸ ਦਾ ਲੋਥੜਾ ਹੋਵੇ। ਭੋਰਾ ਵੀ ਜਾਨ ਜਿਵੇਂ ਉਸ ਵਿੱਚ ਨਾ ਰਹਿ ਗਈ ਹੋਵੇ। ਉਹ ਉਹਨੂੰ ਘਰੇ ਚੁੱਕ ਲਿਆਇਆ। ਪਹਿਲਾਂ ਉਹਨੂੰ ਪਾਣੀ ਪਿਆਇਆ। ਪਾਣੀ ਪੀ ਕੇ ਜਿਵੇਂ ਉਹਨੂੰ ਸੁਰਤ ਆ ਗਈ ਹੋਵੇ। ਉਹ ਅੱਖਾਂ ਝਮਕਣ ਲੱਗਿਆ। ਫੇਰ ਉਹਨੇ ਚਾਹ ਬਣਾਈ। ਮੁੰਡੇ ਨੇ ਅੱਧਾ ਗਿਲਾਸ ਮਸਾਂ ਪੀਤਾ।

ਰਮਦਿੱਤੇ ਨੇ ਔਰਤ ਮਰਦ ਨੂੰ ਸਿਆਣ ਲਿਆ ਸੀ, ਉਹ ਪਰਲੇ ਅਗਵਾੜ ਬਾਰੂ ਤੇਲੀ ਦਾ ਵੱਡਾ ਮੁੰਡਾ ਸੀ ਤੇ ਔਰਤ ਬਾਰੂ ਦੀ ਨੂੰਹ। ਉਹਨਾਂ ਦਾ ਨਿੱਕਾ ਜੁਆਕ ਉਹਨੇ ਅੰਦਰ ਸਬਾਤ ਵਿੱਚ ਮੰਜੇ ਉੱਤੇ ਪਾ ਦਿੱਤਾ। ਘੂਰ ਵੀ ਦਿੱਤਾ- 'ਬੋਲੀ ਨਾ, ਨਹੀਂ ਮਾਰ ਦੇਣਗੇ ਤੈਨੂੰ ਵੀ।' ਮੁੰਡਾ ਸੁੰਨ ਦਾ ਸੁੰਨ ਪਿਆ ਰਿਹਾ।

ਰਮਦਿੱਤੇ ਦੇ ਮਨ ਵਿੱਚ ਧੁੜਕੂ- 'ਜੇ ਸਾਲਾ ਕੋਈ ਆ ਗਿਆ ਤੇ ਮੁੰਡੇ ਦਾ ਪਤਾ ਲੱਗ ਪਿਆ ਤਾਂ ਬਰਛੇ ਚਿੱਭੜ ਵਾਂਗ ਪਰੋ ਕੇ ਲੈ ਜੂਗਾ।'

ਦੁਪਹਿਰ ਤੱਕ ਸਾਰੀਆਂ ਲੋਥਾਂ ਸਮੇਟ ਦਿੱਤੀਆਂ ਗਈਆਂ ਸਨ। ਲੋਥਾਂ ਨਾ ਦੱਬੀਆਂ, ਨਾ ਫੂਕੀਆਂ। ਨਿਆਈਆਂ ਵਿੱਚ ਲਿਜਾ ਕੇ ਸੁੱਟ ਦਿੱਤੀਆਂ। ਕਾਵਾਂ-ਕੁੱਤਿਆਂ ਤੇ ਗਿਰਝਾਂ ਦਾ ਭੋਜਨ ਹੀ ਬਣੀਆਂ।

ਉਹਨੇ ਮੁੰਡੇ ਨੂੰ ਕਿੰਨੇ ਹੀ ਦਿਨ ਛੁਪਾ ਕੇ ਰੱਖਿਆ। ਦਰਵਾਜ਼ੇ ਦਾ ਬਾਰ ਭੇੜ ਕੇ ਰੱਖਿਆ ਕਰੇ। ਮੁੰਡੇ ਨੂੰ ਅੰਦਰੋਂ ਸਬਾਤ ਵਿੱਚੋਂ ਹਿੱਲਣ ਨਾ ਦਿਆ ਕਰੇ। ਅੰਦਰੇ ਰੋਟੀ, ਅੰਦਰੇ ਚਾਹ-ਦੁੱਧ। ਟੱਟੀ-ਪਿਸ਼ਾਬ ਉਹ ਘਰ ਹੀ ਵਿਹੜੇ ਵਿੱਚ ਇੱਕ ਖੂੰਜੇ ਕਰ ਲੈਂਦਾ। ਰਮਦਿੱਤਾ ਉਹਦਾ ਸਭ ਕਰਦਾ।

ਏਦਾਂ ਹੀ ਬਹੁਤ ਦਿਨ ਲੰਘ ਗਏ। ਗੁੰਡਿਆਂ ਲੁਟੇਰਿਆਂ ਦੇ ਜਥੇ ਆਉਂਦੇ ਤੇ ਪਿੰਡ ਦੀਆਂ ਗਲੀਆਂ ਵਿੱਚ ਹੋਕਰੇ-ਲਲਕਾਰੇ ਮਾਰਦੇ ਫਿਰਦੇ- 'ਕਿਸੇ ਦੇ ਘਰ ਕੋਈ ਸੁੱਲਾ ਲੁਕਿਆ ਬੈਠੈ ਤਾਂ ਕੱਢ ਦਿਓ ਬਾਹਰ ਉਹਨੂੰ, ਨਹੀਂ ਤਾਂ ਘਰ ਨੂੰ ਅੱਗ ਲਾ ਦਿਆਂਗੇ।' ਉਹਨਾਂ ਨੇ ਕਈ ਘਰਾਂ ਦੀਆਂ ਤਲਾਸ਼ੀਆਂ ਲਈਆਂ ਸਨ, ਪਰ ਲੋਕ ਬੜੇ ਰਹਿਮ ਦਿਲ ਤੇ ਦ੍ਰਿੜ੍ਹ ਇਰਾਦੇ ਵਾਲੇ ਸਨ। ਜੀਹਨੇ ਕਿਸੇ ਨੇ ਕੋਈ ਲੁਕੋਅ ਕੇ ਰੱਖ ਲਿਆ, ਬਸ ਰੱਖ ਲਿਆ। ਬਾਹਰ ਹਵਾ ਨਹੀਂ ਕੱਢੀ। ਇੱਕ ਦਿਨ ਮਿਲਟਰੀ ਦਾ ਟਰੱਕ ਵੀ ਆਇਆ ਸੀ। ਉਹਨਾਂ ਨੂੰ ਕੋਈ ਨਹੀਂ ਮਿਲਿਆ।

ਕਈ ਮਹੀਨੇ ਲੰਘ ਗਏ ਤਾਂ ਪਿੰਡ ਵਿੱਚ ਹੌਲ਼ੀ-ਹੌਲ਼ੀ ਘੁਸਰ ਮੁਸਰ ਹੋਣ ਲੱਗੀ ਕਿ ਜੰਗੇ ਪਹਿਲਵਾਨ ਨੇ ਘੁਮਿਆਰਾਂ ਦੀ ਨੂੰਹ ਬਚਾ ਕੇ ਰੱਖ ਲਈ ਹੈ। ਬਚਨੇ ਫ਼ੌਜੀ ਕੋਲ ਇੱਕ ਅਠਾਰਾਂ-ਵੀਹ ਸਾਲ ਦੀ ਕੁੜੀ ਹੈ, ਪਤਾ ਨਹੀਂ ਕੌਣ ਹੈ। ਕੋਈ ਕਹਿੰਦਾ ਸੀ, ਏਸੇ ਪਿੰਡ ਦੀ ਤੇ ਗੁਲਜ਼ਾਰ ਸੱਕੇ ਦੀ ਪੋਤੀ ਹੈ। ਕੋਈ ਕਹਿੰਦਾ ਸੀ, ਇਹ ਉਹ ਨਹੀਂ, ਕਿਸੇ ਹੋਰ ਪਿੰਡ ਦੀ ਕੁੜੀ ਹੈ। ਰਮਦਿੱਤੇ ਕੋਲ ਇੱਕ ਮੁੰਡਾ ਹੈ, ਢਾਈ-ਤਿੰਨ ਸਾਲ ਦਾ।

ਰਮਦਿੱਤੇ ਦਾ ਇੱਕ ਬੁੱਢਾ ਬਾਪ ਸੀ ਤੇ ਇੱਕ ਉਹ ਆਪ। ਹੋਰ ਉਹਨਾਂ ਦੇ ਘਰ ਵਿੱਚ ਕੋਈ ਨਹੀਂ ਸੀ। ਰਮਦਿੱਤੇ ਦੀ ਮਾਂ ਉਹਨੂੰ ਦਸ ਕੁ ਸਾਲਾਂ ਦਾ ਹੀ ਛੱਡ ਕੇ ਮਰ ਗਈ ਸੀ। ਰਮਦਿੱਤੇ ਦੇ ਪਿਓ ਤੋਂ ਚੰਗੀ ਤਰ੍ਹਾਂ ਵਾਹੀ ਦਾ ਕੰਮ ਨਹੀਂ ਹੁੰਦਾ ਸੀ। ਉਹਦੀ ਨਿਗਾਹ ਕਮਜ਼ੋਰ ਸੀ ਤੇ ਉਹ ਲੱਤਾਂ ਦਾ ਆਰੀ ਸੀ। ਉਹਨਾਂ ਕੋਲ ਦਸ ਘੁਮਾਂ ਜ਼ਮੀਨ ਸੀ। ਹਿੱਸੇ ਠੇਕੇ ਉੱਤੇ ਦੇ ਦਿੰਦੇ ਤੇ ਬੈਠੇ ਖਾਈ ਜਾਂਦੇ। ਹੁਣ ਸੰਤਾਲੀ ਵੇਲੇ ਰਮਦਿੱਤੇ ਦੀ ਉਮਰ ਚਾਲੀ ਤੋਂ ਉੱਤੇ ਹੋ ਚੁੱਕੀ ਸੀ। ਉਹਦਾ ਪਿਓ ਅੱਸੀਆਂ ਨੂੰ ਢੁੱਕਿਆ ਹੋਇਆ ਸੀ। ਪਿਓ ਵਾਂਗ ਰਮਦਿੱਤਾ ਵੀ ਹੱਡ ਰੱਖ ਸੀ। ਏਸੇ ਕਰਕੇ ਤਾਂ ਉਹਨੂੰ ਕੋਈ ਸਾਕ ਨਹੀਂ ਹੋਇਆ ਸੀ। ਉਹਨੇ ਇੱਕ ਮੱਲ ਦੀ ਤੀਵੀਂ ਲਿਆਂਦੀ ਸੀ। ਉਹ ਖਾ ਪੀ ਕੇ ਤੁਰਦੀ ਬਣੀ ਸੀ। ਪਿਓ ਵਾਂਗ ਰਮਦਿੱਤੇ ਨੇ ਵੀ ਐਨਕ ਲਵਾ ਲਈ।

ਸੰਤਾਲੀ ਤੋਂ ਪੰਜਾਂ ਸੱਤਾਂ ਸਾਲਾਂ ਬਾਅਦ ਦਿੱਤੇ ਦਾ ਪਿਓ ਮਰ ਗਿਆ। ਫੇਰ ਉਹ ਸੀ ਤੇ ਉਹਦਾ ਪੁੱਤਾਂ ਵਾਂਗ ਪਾਲਿਆ ਕੈਲੁ। ਕੈਲੁ ਨੂੰ ਜਦੋਂ ਉਹਨੇ ਕਿਸੇ ਕਤੂਰੇ ਜਾਂ ਬਲੂੰਗੜੇ ਵਾਂਗ ਘਰ ਚੁੱਕ ਕੇ ਲਿਆਂਦਾ ਸੀ, ਉਸ ਵੇਲੇ ਉਹਦਾ ਨਾਉਂ ਕੋਈ ਨਹੀਂ ਸੀ। ਮੁੰਡੇ ਦਾ ਰੰਗ ਪੱਕਾ ਸੀ। ਕਦੇ ਉਹ ਉਹਨੂੰ ਕਾਲੂ ਕਹਿੰਦਾ, ਕਦੇ ਕੈਲੂ ਤੇ ਕਦੇ ਕੈਲੂ ਤੋਂ ਕਰਨੈਲ ਸਿੰਘ ਬਣਾ ਲੈਂਦਾ।

ਕੈਲੂ ਤੇਰਾਂ-ਚੌਦਾਂ ਸਾਲ ਦਾ ਹੋਇਆ ਤਾਂ ਘਰ ਦਾ ਸਾਰਾ ਕੰਮ ਕਰਨ ਲੱਗਿਆ। ਮ੍ਹੈਸ ਦੀ ਦੇਖਭਾਲ ਕਰਦਾ। ਸਫ਼ਾਈ ਪੱਖੋਂ ਘਰ ਨੂੰ ਟਿਚਨ ਬਣਾ ਕੇ ਰੱਖਦਾ। ਕੋਠੇ ਦੀ ਛੱਤ ਨੂੰ ਮਿੱਟੀ ਲਾਉਂਦਾ, ਸਬਾਤ ਵਿੱਚ ਤਲੀ ਫੇਰਦਾ ਤੇ ਕੰਧਾਂ ਉੱਤੇ ਪਾਂਡੂ ਦਾ ਪੋਚਾ ਦੇ ਲੈਂਦਾ। ਲੀੜਾ-ਕੱਪੜਾ ਸਭ ਧੋਅ-ਸੰਵਾਰ ਕੇ ਰੱਖਦਾ। ਰੋਟੀ-ਟੁੱਕ ਦਾ ਕੰਮ ਵੀ ਓਹੀ ਕਰਦਾ। ਸਭ ਤੋਂ ਵੱਡੀ ਗੱਲ, ਉਹ ਰਮਦਿੱਤੇ ਦੀ ਪੂਰੀ ਟਹਿਲ ਸੇਵਾ ਕਰਦਾ। ਰਮਦਿੱਤੇ ਲਈ ਟਹਿਲ ਸੇਵਾ ਹੁਣ ਹੋਰ ਵੀ ਜ਼ਰੂਰੀ ਹੋ ਗਈ ਸੀ, ਕਿਉਂਕਿ ਉਹਦੀ ਨਿਗਾਹ ਨਹੀਂ ਰਹੀ ਸੀ। ਘਟਦੀ ਗਈ, ਘਟਦੀ ਗਈ ਤੇ ਇੱਕ ਦਿਨ ਉਹ ਬੁੱਥ ਬਣ ਕੇ ਬੈਠ ਗਿਆ। ਪਹਿਲਾਂ-ਪਹਿਲਾਂ ਰਮਦਿੱਤਾ ਸੋਚਦਾ ਹੁੰਦਾ, ਕਿਉਂ ਨਾ ਉਹਨੇ ਵੀ ਸੰਤਾਲੀ ਵੇਲੇ ਕੋਈ ਮੁਸਲਮਾਨੀ ਘਰ ਵਸਾ ਲਈ? ਪਿੰਡ ਵਿੱਚ ਜੱਟਾਂ ਦੇ ਚਾਰ ਪੰਜ ਘਰੀਂ ਮੁਸਲਮਾਨ ਔਰਤਾਂ ਵੱਸੀਆਂ ਹੋਈਆਂ ਸਨ ਤੇ ਅਗਲੇ ਮੌਜਾਂ ਕਰਦੇ। ਉਹਨਾਂ ਨੂੰ ਕੋਈ ਟੋਕਦਾ-ਵਰਜਦਾ ਨਹੀਂ ਸੀ। ਜੱਟ ਦਾ ਕੀ ਹੁੰਦਾ ਹੈ, ਉਹਦੇ ਘਰ ਕਿਸੇ ਵੀ ਜ਼ਾਤ ਦੀ ਤੀਵੀਂ ਹੋਵੇ, ਜੱਟੀ ਹੀ ਹੁੰਦੀ ਹੈ। ਅਗਾਂਹ ਮੁੰਡੇ-ਕੁੜੀਆਂ ਦੇ ਵਿਆਹ ਕਰਨ ਵੇਲੇ ਪਤਾ ਨਹੀਂ ਕੀ ਹੋਵੇਗਾ, ਕਾਹਦਾ ਫ਼ਿਕਰ? ਬੰਦਾ ਆਪ ਤਾਂ ਸੁੱਖ ਭੋਗ ਲੈਂਦਾ ਹੈ। ਤੀਵੀਂ ਦੇ ਹੱਥਾਂ ਦਾ ਪੱਕਿਆ ਰੋਟੀ-ਟੁੱਕ ਖਾਂਦਾ ਹੈ। ਮੁੰਡੇ ਕੁੜੀਆਂ, ਆਖ਼ਰ ਉਹ ਵੀ ਤਾਂ ਬੰਦੇ ਦੀ ਜ਼ਾਤ ਹੁੰਦੇ ਹਨ, ਕਿਸੇ ਨਾ ਕਿਸੇ ਟਿਕਾਣੇ ਲੱਗ ਹੀ ਜਾਂਦੇ ਹਨ। ਰਮਦਿੱਤਾ ਸੋਚਦਾ ਹੁੰਦਾ, ਉਹ ਵੀ ਕਿਸੇ ਨੂੰ ਲਿਆ ਬਿਠਾਉਂਦਾ ਘਰ। ਪਰ ਜਦੋਂ ਤੋਂ ਉਹਦਾ ਕੈਲੂ ਉਡਾਰ ਹੋਇਆ ਸੀ, ਉਹਨੂੰ ਦੂਜੇ ਹੱਥ ਦੀ ਪੱਕੀ ਰੋਟੀ ਮਿਲਣ ਲੱਗੀ ਸੀ, ਉਹਨੂੰ ਤੀਵੀਂ ਦਾ ਖ਼ਿਆਲ ਵਿਸਰ ਗਿਆ ਸੀ। ਹੁਣ ਤਾਂ ਉਹ ਚਿੱਤ ਵਿੱਚ ਆਖਦਾ ਹੁੰਦਾ, ਤੀਵੀਂ ਕਿਹੜਾ ਨਹੀਂ ਕਦੇ ਲਿਆ ਕੇ ਦੇਖੀ ਸੀ। ਪਤਾ ਵੀ ਨਾ ਲੱਗਿਆ, ਕਦੋਂ ਘਰੋਂ ਨਿੱਕਲ ਤੁਰੀ। ਇਸ ਤਰ੍ਹਾਂ ਦੀ ਬਿਗਾਨੀ ਔਰਤ ਨਾਲੋਂ ਤਾਂ ਬੰਦਾ ਸੱਖਣਾ ਚੰਗਾ। ਕੀ ਲੈਣਾ ਸੀ, ਤੀਵੀਂ ਤੋਂ? ਉਹਦੀ ਉਮਰ ਵੀ ਤਾਂ ਨਹੀਂ ਰਹਿ ਗਈ ਸੀ, 'ਤੀਵੀਂ' ਨੂੰ ਰੱਸਾ ਪਾ ਕੇ ਘਰ ਰੱਖਣ ਦੀ। ਤੀਹ ਪੈਂਤੀ ਸਾਲ ਦੀ ਉਮਰ ਹੋਰ ਹੁੰਦੀ ਹੈ। ਓਦੋਂ ਗੱਲ ਹੋਰ ਹੁੰਦੀ ਹੈ। ਤੀਵੀਂ ਨੂੰ ਤਾਂ ਨਵਾਂ-ਨਰੋਆ ਹੱਡ ਹੀ ਸੰਭਾਲ ਸਕਦਾ ਹੈ।

ਤੇ ਫੇਰ ਕੈਲੂ ਜਦੋਂ ਅਠਾਰਾਂ ਉੱਨੀ ਸਾਲ ਦਾ ਹੋਇਆ ਤੇ ਰਮਦਿੱਤੇ ਦੀ ਦੇਹ ਜਮ੍ਹਾਂ ਹਾਰ ਗਈ ਤਾਂ ਉਹਨੇ ਤਹਿਸੀਲਦਾਰ ਦੇ ਜਾ ਕੇ ਆਪਣੀ ਸਾਰੀ ਜ਼ਮੀਨ-ਜਾਇਦਾਦ ਦੀ ਵਸੀਅਤ ਕਰਨੈਲ ਸਿੰਘ ਦੇ ਨਾਉਂ ਕਰਵਾ ਦਿੱਤੀ। ਅਗਲੇ ਸਾਲ ਹੀ ਰਮਦਿੱਤਾ ਚਲਾਣਾ ਕਰ ਗਿਆ। ਜ਼ਮੀਨ ਕੈਲੂ ਦੇ ਨਾਉਂ ਚੜ੍ਹ ਗਈ। ਅਗਵਾੜ ਦੇ ਕਿਸੇ ਘਰ ਨੇ ਕੋਈ ਉਜਰ ਨਾ ਕੀਤਾ। ਸਿਆਣੇ ਲੋਕ ਤਾਂ ਸਗੋਂ ਰਮਦਿੱਤੇ ਨੂੰ ਸ਼ਾਬਾਸ਼ ਦਿੰਦੇ-ਮੁੰਡੇ ਨੇ ਸੇਵਾ ਕੀਤੀ ਐ ਉਹਦੀ, ਉਹਦਾ ਗੂੰਹ-ਮੂਤ ਸਭ ਸਾਂਭਿਆ ਇਹਨੇ। ਇਹਨੂੰ ਈ ਮਿਲਣੀ ਸੀ ਫੇਰ ਉਹਦੀ ਜ਼ਮੀਨ ਜੈਦਾਤ।'

ਤੇ ਫੇਰ ਕੈਲੂ ਉਰਫ਼ ਕਰਨੈਲ ਸਿੰਘ ਨੂੰ ਇੱਕ ਜੱਟ ਆ ਕੇ ਆਪਣੀ ਧੀ ਦਾ ਸਾਕ ਕਰ ਗਿਆ। ਵਿਆਹ ਵੀ ਹੋ ਗਿਆ। ਅਗਵਾੜ ਦੇ ਲੋਕ ਕਹਿੰਦੇ ਸਨ- 'ਕੁੜੀ ਵੀ ਮੁਸਲਮਾਨੀ ਦੇ ਪੇਟੋਂ ਹੋਈ ਵਈ ਦੱਸੀਂਦੀ ਐ।'

'ਓਏ ਚੱਲ ਠੀਕ ਐ। ਹੈ ਤਾਂ ਜੱਟ ਈ। ਘਰ ਤਾਂ ਤੁਰਦਾ ਹੋਇਆ। ਰਮਦਿੱਤੇ ਦਾ ਮੁੰਡਾ ਈ ਵੱਜਦੈ ਏਧਰ ਕੈਲੂ ਵੀ ਹਾਂ। ਲੋਕਾਂ ਦੇ ਹਾਸੇ ਵਿੱਚ ਗੰਭੀਰਤਾ, ਹਮਦਰਦੀ ਤੇ ਅਲਗਾਓ ਵਾਲੇ ਰਲੇ ਮਿਲੇ ਹਾਵ-ਭਾਵ ਹੁੰਦੇ।

ਤੇ ਹੁਣ ਕਰਨੈਲ ਸਿੰਘ ਆਪ ਖੇਤੀਬਾੜੀ ਦਾ ਕੰਮ ਕਰਦਾ। ਉਹਦੇ ਕੋਲ ਇੱਕ ਊਠ, ਦੋ ਬਲਦ, ਇੱਕ ਗਾਂ ਤੇ ਇੱਕ ਮੱਝ ਸੀ। ਇੱਕ ਸੀਰੀ ਰਲਾ ਰੱਖਿਆ ਸੀ। ਛੀ ਕਿੱਲੇ ਜ਼ਮੀਨ ਉਹਨੇ ਗਹਿਣੇ ਦੀ ਵੀ ਲੈ ਲਈ ਸੀ। ਦਸ ਕਿੱਲੇ ਉਹਦੇ ਆਪਣੇ। ਖੱਬੀਖ਼ਾਨ ਵਾਹੀ ਕਰਦਾ। ਉਹਦਾ ਵੱਡਾ ਮੁੰਡਾ ਨੇੜੇ ਦੇ ਸ਼ਹਿਰ ਕਾਲਜ ਪੜ੍ਹਦਾ। ਅਗਵਾੜ ਵਿੱਚ ਉਹ ਖਾਂਦਾ-ਪੀਂਦਾ ਘਰ ਗਿਣਿਆ ਜਾਂਦਾ। ਤੇ ਅੱਜ ਧਰਮਸ਼ਾਲਾ ਦੀ ਚੌਕੜੀ ਉੱਤੇ ਬੈਠ ਕੇ ਜੈਮਲ ਬੁੜ੍ਹਾ ਕੈਲੂ ਦੇ ਘਰ ਦੀਆਂ ਗੱਲਾ ਬਹੁਤ ਗਹੁ ਨਾਲ ਸੁਣ ਰਿਹਾ ਸੀ। ਜੈਮਲ ਦਾ ਆਪਣਾ ਚੰਗਾ ਖ਼ਾਨਦਾਨੀ ਘਰ ਸੀ। ਉਹਦੇ ਕੋਲ ਵੀਹ ਕਿੱਲੇ ਜ਼ਮੀਨ ਸੀ। ਐਡਾ ਵੱਡਾ ਹਵੇਲੀ ਜਿੱਡਾ ਘਰ। ਟਰੈਕਟਰ ਵੀ ਉਹਨਾਂ ਕੋਲ ਸੀ। ਸਾਰੇ ਰੰਗ ਭਾਗ ਲੱਗੇ ਹੋਏ, ਤਿੰਨ ਉਹਦੇ ਪੋਤੇ, ਦੋ ਪੋਤੀਆਂ। ਉਹਦਾ ਮੁੰਡਾ ਅਜਾਇਬ ਸਿੰਘ ਅਗਵਾੜ ਵਿੱਚ ਮੰਨਿਆ ਦੰਨਿਆ ਬੰਦਾ ਸੀ, ਪਰ ਅੱਜ ਉਹਦੀ ਕਰਤੂਤ ਸੁਣ ਕੇ ਜੈਮਲ ਦੇ ਜਿਵੇਂ ਸਾਹ ਸੂਤੇ ਗਏ ਹੋਣ। ਉਹ ਆਪਣੇ ਮੁੰਡੇ ਨਾਲ ਪੂਰਾ ਝਗੜਿਆ। ਅਖ਼ੀਰ ਜਦੋਂ ਗੁੱਸੇ ਨੇ ਪਾਗ਼ਲਪਣ ਦਾ ਰੂਪ ਧਾਰਨਾ ਚਾਹਿਆ ਤਾਂ ਬੁੜ੍ਹਾ ਘਰੋਂ ਬਾਹਰ ਨਿੱਕਲ ਆਇਆ।

ਗੱਲ ਇਹ ਸੀ ਕਿ ਅਜਾਇਬ ਸਿੰਘ ਆਪਣੀ ਛੋਟੀ ਕੁੜੀ ਦਾ ਸਾਥ ਦੇਣ ਲਈ ਰੀਫਿਊਜੀਆਂ ਦੇ ਇੱਕ ਮੁੰਡੇ ਨੂੰ ਪੱਕ-ਠੱਕ ਕਰ ਆਇਆ ਸੀ। ਰੀਫਿਊਜੀ ਲਾਇਲਪੁਰ ਜ਼ਿਲ੍ਹੇ ਦੇ ਸਨ। ਇੱਥੋਂ ਵੀਹ ਦੂਰ ਇੱਕ ਛੋਟੇ ਜਿਹੇ ਪਿੰਡ ਦੇ ਅਲਾਟੀ। ਜ਼ਮੀਨ ਮੁੰਡੇ ਨੂੰ ਵੀਹ ਕਿੱਲੇ ਆਉਂਦੀ ਸੀ। ਮੁੰਡਾ ਬੀ.ਏ. ਕਰ ਚੁੱਕਿਆ ਸੀ। ਅਜਾਇਬ ਸਿੰਘ ਦੀ ਕੁੜੀ ਦਸ ਜਮਾਤਾਂ ਪਾਸ ਸੀ। ਦੇਣ ਬਹੁਤ ਦੇਣਾ ਸੀ, ਅਜਾਇਬ ਸਿੰਘ ਨੇ ਆਪਣੀ ਕੁੜੀ ਨੂੰ।

ਸੰਤਾਲੀ ਵੇਲੇ ਜਿਹੜੇ ਜੱਟ-ਸਿੱਖ ਪਾਕਿਸਤਾਨ ਵਿੱਚੋਂ ਆ ਕੇ ਏਧਰ ਵਸੇ ਸਨ, ਉਹਨਾਂ ਨੂੰ ਏਧਰੋਂ ਉੱਜੜ ਕੇ ਗਏ ਮੁਸਲਮਾਨਾਂ ਦੀਆਂ ਜ਼ਮੀਨਾਂ ਮਿਲ ਗਈਆਂ ਸਨ। ਉਹਨਾਂ ਦੇ ਪਏ-ਪਵਾਏ ਘਰ ਮਿਲ ਗਏ ਸਨ। ਜੈਮਲ ਬੁੜ੍ਹਾਂ ਉਦੋਂ ਉਹਨਾਂ ਨੂੰ 'ਰੀਫਿਊਜੀ' ਨਹੀਂ ਸੀ ਆਖਦਾ ਹੁੰਦਾ, 'ਮੁਸਲਮਾਨਾਂ ਵੱਟੇ ਵਟਾਏ' ਘਰ ਆਖਦਾ।

ਤੇ ਹੁਣ ਜਦੋਂ ਉਹਦੀ ਆਪਣੀ ਪੋਤੀ ਉਹਨਾਂ ਦੀ ਮੁਸਲਮਾਨਾਂ ਵੱਟੇ ਵਟਾਇਆ ਦੇ ਘਰ ਜਾ ਕੇ ਵਸੇਗੀ ਤਾਂ ਉਹ ਆਪ ਖ਼ੁਦ ਨਹੀਂ ਇੱਕ ਮਸ਼ਕਰੀ ਬਣ ਕੇ ਰਹਿ ਜਾਵੇਗਾ? ਖ਼ਾਨਦਾਨੀ ਘਰ ਤਾਂ ਉਹ ਰਹਿ ਜਾਏਗਾ। ਉਹਦੇ ਮੁੰਡੇ ਅਜਾਇਬ ਸਿੰਘ ਨੇ ਗੱਲ ਦੱਸੀ ਤਾਂ ਉਹ ਇਕਦਮ ਅੱਗ-ਭਬੂਕਾ ਹੋ ਉੱਠਿਆ ਸੀ। ਮੁੰਡੇ ਨੂੰ ਤੇਰ੍ਹਵੀਆਂ ਸੁਣਾਈਆਂ ਸਨ। ਉਹਦੀ ਸਮਝ ਵਿੱਚ ਮੁੰਡੇ ਨੇ ਬਹੁਤ ਬਦਨਾਮੀ ਵਾਲੀ ਗੱਲ ਕਰ ਦਿੱਤੀ ਸੀ।

ਮੁਕੰਦਾ ਆਖ ਰਿਹਾ ਸੀ- 'ਤਾਇਆ, ਪੈਸੇ ਦੀ ਖੇਡ ਐ ਸਾਰੀ। ਪੈਸੇ-ਟੁਕੇ 'ਚ ਅਗਲਾ ਤਕੜਾ ਹੋਵੇ, ਖ਼ਾਨਦਾਨੀ ਨੁਕਸ ਸਭ ਢਕੇ ਜਾਂਦੇ ਐ। ਇਹ ਜਾਤ-ਕੁਜਾਤ ਦੀ ਗੱਲ ਤਾਂ ਛੋਟੇ ਲੋਕਾਂ 'ਚ ਰਹਿ'ਗੀ। ਐਨੀ ਜ਼ਮੀਨ ਐ ਕੈਲੂ ਕੋਲ, ਹੁਣ ਇਹਦਾ ਅੱਗਾ ਪਿੱਛਾ ਕੋਹੀ ਨ੍ਹੀਂ ਨਿਉਲਦਾ।'

ਜੈਮਲ ਮੁਕੰਦੇ ਦੀਆਂ ਗੱਲਾਂ ਸੁਣ-ਸੁਣ ਠੰਢਾ ਸੀਲਾ ਹੁੰਦਾ ਗਿਆ। ਫੇਰ ਮੁਕੰਦਾ ਚੌਕੜੀ ਤੋਂ ਉੱਠ ਕੇ ਘਰ ਨੂੰ ਤੁਰ ਗਿਆ। ਹੌਲ਼ੀ-ਹੌਲ਼ੀ ਦੂਜੇ ਬੰਦੇ ਵੀ ਖਿੰਡਣ ਲੱਗੇ। ਜੈਮਲ ਚਿੱਤ ਵਿੱਚ ਆਪਣੇ ਮੁੰਡੇ ਅਜਾਇਬ ਸਿੰਘ ਬਾਰੇ ਸੋਚਣ ਲੱਗ ਪਿਆ- 'ਜੈਬ ਨੇ ਕੋਈ ਅਲੋਕਾਰ ਗੱਲ ਤਾਂ ਨ੍ਹੀਂ ਕੀਤੀ ਫੇਰ। ਜਦੋਂ ਜ਼ਮਾਨਾ ਈ ਇਹੋ ਜ੍ਹਾ ਆ ਗਿਆ, ਦੁਨੀਆ ਵੀ ਜ਼ਮਾਨੇ ਨਾਲ ਤੁਰ ਪੀ ਭਾਈ। ਹੋਣਗੇ ਪਾਕਿਸਤਾਨੀ, ਪਰ ਜੱਟ ਤਾਂ ਹਨ। ਜ਼ਮੀਨ ਜੈਦਾਤ ਵਾਲੇ। ਮੁੰਡਾ ਚੌਦਾਂ ਪਾਸ ਐ। ਕਿੰਨੀ ਜ਼ਮੀਨ ਔਂਦੀ ਐ ਮੁੰਡੇ ਦੇ ਹਿੱਸੇ। ਕੁੜੀ ਮੌਜਾਂ ਕਰੂ। ਉਹ ਗੱਲਾਂ ਤਾਂ ਰਹੀਆਂ ਨ੍ਹੀਂ। ਹੁਣ ਇਓਂ ਐ ਤਾਂ ਇਓਂ ਸਹੀ ਭਾਈ।