ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਚਰਾਗ਼
ਚਰਾਗ਼
ਪੱਖੋ ਕੈਂਚੀਆਂ 'ਤੇ ਆ ਕੇ ਨਿਹਾਲ ਨੇ ਬੱਸ ਬਦਲਣੀ ਸੀ। ਬੱਦਲਾਂ ਵਿੱਚੋਂ ਤਿੱਖੀ ਧੁੱਪ ਨਿਕਲ ਆਈ। ਹਵਾ ਮਾੜੀ-ਮਾੜੀ ਵਗਦੀ ਸੀ। ਦੁਪਹਿਰ ਢਲ ਚੱਲੀ ਸੀ। ਚਾਹ ਦੀ ਦੁਕਾਨ ਕੋਲ ਖੜ੍ਹੇ ਮਾੜਚੂ ਜਿਹੇ ਤੂਤ ਥੱਲੇ ਚਾਰ-ਪੰਜ ਬੰਦੇ ਇੱਟਾਂ ਹੇਠ ਲੈ ਕੇ ਬੈਠੇ ਹੋਏ ਸਨ। ਪਰ੍ਹਾਂ ਦੂਰ ਤਪੇ ਵਾਲੀ ਸੜਕ 'ਤੇ ਮਲ੍ਹਾ ਬੇਰੀ ਦੀ ਛਾਂ ਵਿੱਚ ਤਿੰਨ ਬੁੜ੍ਹੀਆਂ ਕੋਲ-ਕੋਲ ਘੁਸੜ ਕੇ ਬੈਠੀਆਂ ਗੱਲਾਂ ਕਰ ਰਹੀਆਂ ਸਨ। ਸ਼ਰਾਬ ਦੇ ਠੇਕੇ ਵੱਲ ਛਾਂਗੀਆਂ ਹੋਈਆਂ ਦੋ ਉੱਚੀਆਂ-ਉੱਚੀਆਂ ਟਾਹਲੀਆਂ ਸਨ। ਉਹਨਾਂ ਦੀਆਂ ਜੜ੍ਹਾਂ ਵਿੱਚ ਛਾਂ ਕੋਈ ਨਹੀਂ ਸੀ। ਉਹ ਫਲਾਂ ਵਾਲੇ ਖੋਖੇ ਦੀ ਓਟ ਵਿੱਚ ਬੈਠ ਗਿਆ। ਥੋੜ੍ਹੀ ਜਿਹੀ ਛਾਂ ਵਿੱਚ ਸਿਰ ਤਾਂ ਢੱਕਿਆ ਗਿਆ, ਪਰ ਪੈਰਾਂ ਉੱਤੇ ਧੁੱਪ ਹੀ ਰਹੀ। ਉਹ ਨੂੰ ਦੇਖ ਕੇ ਸ਼ਹਿਣੇ ਦਾ ਹੀ ਇੱਕ ਹੋਰ ਆਦਮੀ ਆਇਆ ਤੇ ਉਹ ਦੇ ਨਾਲ ਲੱਗ ਕੇ ਬੈਠ ਗਿਆ। 'ਤੂੰ......ਚਾਚਾ, ਕਿਧਰ?' ਨਿਹਾਲ ਨੇ ਉਹ ਨੂੰ ਪੁੱਛਿਆ।
'ਮੈਂ ਤਾਂ ਭਤੀਜ ਬੱਧਣੀ ਤਾਈਂ ਚੱਲਿਆਂ। ਛੋਟਾ ਜਿਹਾ ਕੰਮ ਹੈ ਇੱਕ।' ਮੈਂਗਲ ਨੇ ਜਵਾਬ ਦਿੱਤਾ ਤੇ ਪੁੱਛਿਆ- 'ਤੂੰ?'
'ਮੈਂ ਬੁੱਟਰ ਨੂੰ।'
'ਅੱਛਾ, ਅੱਛਾ!' ਇਉਂ ਕਹਿ ਬਈ ਸੁਹਰੀ ਚੱਲਿਐਂ। ਮੈਂਗਲ ਕਰੜ੍ਹ-ਬਰ੍ਹੜੀਆਂ ਮੁੱਛਾਂ ਉੱਤੇ ਹੱਥ ਫੇਰ ਕੇ ਮੁਸਕਰਾਇਆ। ਤੇ ਫੇਰ ਧੀਰਜ ਭਾਅ ਨਾਲ ਪੁੱਛਣ ਲੱਗਿਆ- 'ਸੁੱਖ ਐ?'
ਹਾਂ, ਸੁੱਖ ਨਾਲ ਈ ਚਲਿਆਂ ਚਾਚਾ।' ਨਿਹਾਲ ਅੱਖਾਂ ਵਿੱਚ ਹੀ ਹੱਸਿਆ ਤੇ ਫੇਰ ਆਪ ਹੀ ਦੱਸਣ ਲੱਗਿਆ- 'ਤੇਰੀ ਨੂੰਹ ਨੂੰ ਲੈਣ ਚੱਲਿਆਂ।'
'ਮੈਨੂੰ ਲੱਗਦੈ, ਬਹੂ ਗਈ ਨੂੰ ਤਾਂ ਜਿਵੇਂ ਖਾਸਾ ਚਿਰ ਹੋ ਗਿਆ?'
ਹਾਂ, ਤਿੰਨ ਮਹੀਨੇ ਹੋ ਗਏ।'
'ਹੱਛਾ! ਫੇਰ ਤਾਂ ਬਹੁਤ ਦਿਨ ਲਾ 'ਤੇ ਐਤਕੀਂ ਬਹੂ ਨੇ। ਰੋਟੀ ਫੇਰ?'
'ਭੂਆ ਆਈ ਹੋਈ ਐ।ਉਹ ਲਿਆਂਦੀ ਸੀ ਮਖਿਆ....'
ਅਗਾਂਹ ਜਿਵੇਂ ਦੋਹਾਂ ਨੂੰ ਝਿਜਕ ਪੈ ਗਈ ਹੋਵੇ। ਮੈਂਗਲ ਹੋਰ ਕੁਝ ਪੁੱਛ ਨਹੀਂ ਰਿਹਾ ਸੀ ਤੇ ਨਿਹਾਲ ਹੋਰ ਕੁਝ ਦੱਸ ਨਹੀਂ ਰਿਹਾ ਸੀ। ਦੋਵੇਂ ਹੀ ਚੁੱਪ ਬੈਠੇ ਹੋਏ ਸਨ। ਮੈਂਗਲ ਚੋਰ ਅੱਖੀਂ ਨਿਹਾਲ ਸਿੰਘ ਦਾ ਚਿਹਰਾ ਦੇਖ ਜਾਂਦਾ ਤੇ ਚੋਰ-ਅੱਖੀਂ ਹੀ ਉਹਨੂੰ ਤਾੜਦਾ। ਤੇ ਫੇਰ ਉਹ ਬਰਨਾਲੇ ਤੋਂ ਮੋਗੇ ਨੂੰ ਜਾਣ ਵਾਲੀ ਬੱਸ ਦੀ ਉਡੀਕ ਖੜ੍ਹੇ ਹੋ ਕੇ ਕਰਨ ਲੱਗੇ। ਇੱਕ ਬੱਸ ਆਈ, ਸਿੱਧੀ ਹੀ ਸ਼ਹਿਣੇ ਵੱਲ ਨਿਕਲ ਗਈ।ਨਿਹਾਲ ਸਿੰਘ ਨੂੰ ਕੁਝ ਯਾਦ ਆਇਆ ਤੇ ਖੋਖੇ ਅੱਗੇ ਜਾ ਕੇ ਅੰਬ ਦੇਖਣ ਲੱਗਿਆ। ਵਧੀਆ ਜਿਹੇ ਦੋ ਕਿਲੋ ਅੰਬ ਖੱਦਰ ਦੇ ਝੋਲੇ ਵਿੱਚ ਪਵਾ ਲਏ। ਤੇ ਫਿਰ ਉਹ ਦੋਵੇਂ ਜਣੇ ਦੁਕਾਨ ਵਾਲੇ ਤੂਤ ਥੱਲੇ ਜਾ ਬੈਠੇ ਤੇ ਗੱਲਾਂ ਸੁਣਨ ਲੱਗੇ। ਬੋਲਣ ਵਾਲਾ ਪਹਿਲਾਂ ਪਿਛਾਂਹ ਮੁੜ ਕੇ ਝਾਕਦਾ ਤੇ ਫੇਰ ਨੀਵੀਂ ਆਵਾਜ਼ ਵਿੱਚ ਗੱਲ ਕਰਦਾ। ਨੇੜੇ ਬੈਠੇ ਕੰਨ ਲਾ ਕੇ ਉਹ ਦੀ ਗੱਲ ਸੁਣਦੇ। ਸਾਰਿਆਂ ਦੇ ਚਿਹਰਿਆਂ ਉੱਤੇ ਕੋਈ ਸਹਿਮ ਜਿਹਾ ਪੋਚਿਆ ਜਾਂਦਾ।
ਨਿਹਾਲ ਵੀਹ ਕਿੱਲ ਜ਼ਮੀਨ ਦਾ ਮਾਲਕ ਸੀ। ਉਹ ਇਕੱਲਾ ਸੀ। ਮਾਂ ਬਾਪ ਮਰ ਚੁੱਕੇ ਸਨ। ਉਹਦੀਆਂ ਪੰਜ ਭੈਣਾਂ ਸਨ। ਸਭ ਵਿਆਹ-ਵਰ ਦਿੱਤੀਆਂ ਗਈਆਂ ਸਨ ਤੇ ਆਪਦੇ ਘਰੀਂ ਵੱਸਦੀਆਂ-ਰਸਦੀਆਂ ਸਨ। ਕਦੇ-ਕਦੇ ਕੋਈ ਭੈਣ ਆਉਂਦੀ ਤੇ ਲੀੜਾ ਕਪੜਾ ਲੈ ਕੇ ਤੁਰ ਜਾਂਦੀ। ਉਹਦੀ ਇੱਕੋ ਭੂਆ ਸੀ ਬਸ, ਤਖਤੂਪੁਰੇ ਵਿਆਹੀ ਹੋਈ। ਚਾਰ ਪੁੱਤ ਸਨ। ਵਿਆਹ ਕਰਵਾ ਕੇ ਚਾਰੇ ਅੱਡ ਹੋ ਗਏ। ਨਿਹਾਲ ਦਾ ਫੁੱਫੜ ਮਰ ਚੁੱਕਿਆ ਸੀ। ਭੂਆ ਦਾ ਜੀਅ ਕਰਦਾ ਤਾਂ ਪੰਦਰਾਂ-ਪੰਦਰਾਂ ਦਿਨ ਸ਼ਹਿਣੇ ਉਹਦੇ ਕੋਲ ਰਹਿ ਜਾਂਦੀ।
ਨਿਹਾਲ ਦੀ ਉਮਰ ਚਾਲੀ ਸਾਲ ਦੇ ਨੇੜੇ ਸੀ। ਉਹਦੀ ਪਤਨੀ ਜੀਤਾਂ ਉਹਤੋਂ ਦਸ ਵਰ੍ਹੇ ਛੋਟੀ ਸੀ। ਉਹ ਵੀਹ ਸਾਲ ਦੀ ਸੀ, ਜਦ ਉਸ ਦਾ ਵਿਆਹ ਹੋਇਆ ਸੀ। ਨਿਹਾਲ ਦਾ ਇਹ ਦੂਜਾ ਵਿਆਹ ਸੀ। ਪਹਿਲੀ ਦੇ ਕਈ ਸਾਲ ਬੱਚਾ ਨਹੀਂ ਹੋਇਆ ਸੀ। ਬਹੁਤ ਜਗ੍ਹਾ ਇਲਾਜ ਕਰਵਾਇਆ, ਫੇਰ ਕਿਤੇ ਜਾ ਕੇ ਉਹਦੀ ਕੁਖ ਹਰੀ ਹੋਈ ਸੀ। ਪਰ ਬੱਚੇ ਨੂੰ ਜਨਮ ਦੇਣ ਵੇਲੇ ਉਹ ਮਰ ਗਈ। ਹੁਣ ਉਹ ਹਾਲ ਜੀਤਾਂ ਦਾ ਸੀ। ਉਹਦੇ ਵੀ ਦਸ ਸਾਲਾਂ ਵਿੱਚ ਕੋਈ ਬੱਚਾ ਨਹੀਂ ਹੋਇਆ ਸੀ। ਦਵਾ-ਦਾਰੂ ਦਾ ਕੋਈ ਅੰਤ ਨਹੀਂ ਰਹਿਣ ਦਿੱਤਾ ਸੀ। ਨਿਹਾਲ ਦੀਆਂ ਭੈਣਾਂ ਭਤੀਜੇ ਦਾ ਮੂੰਹ ਦੇਖਣ ਨੂੰ ਤਰਸਦੀਆਂ। ਨਿਹਾਲ ਦੀ ਭੂਆ ਥਾਂ-ਥਾਂ ਜੀਤਾਂ ਨੂੰ ਲੈ ਕੇ ਗਈ। ਸਾਧ-ਸੰਤ ਵੀ ਕੋਈ ਨਾ ਛੱਡਿਆ।
ਤੇ ਫੇਰ ਇੱਕ ਦਿਨ ਜੀਤਾਂ ਦੀ ਮਾਂ ਸ਼ਹਿਣੇ ਆਈ। ਕਹਿਣ ਲੱਗੀ- 'ਕੁੜੀਏ, ਹਸਪਤਾਲ ਜਾਣ ਦਾ ਕੋਈ ਡਰ ਤਾਂ ਨ੍ਹੀਂ। ਇਹ ਵੀ ਕਰ ਕੇ ਦੇਖ ਲਈਏ। ਕੀ ਐ ਗੁਰੂ ਦੀ ਮਿਹਰ ਹੋ ਜੇ। ਮੈਂ ਤਾਂ ਬਸ, ਹੁਣੇ ਲੈ ਕੇ ਜਾਣੈ ਤੈਨੂੰ।'
ਜੀਤਾਂ ਕਹਿੰਦੀ- 'ਮਾਂ, ਮੈਨੂੰ ਤਾਂ ਉਹਨਾਂ ਡਾਕਧਾਰਨੀਆਂ ਦੇ ਸੰਦਾਂ ਤੋਂ ਭੈਅ ਜ੍ਹਾ ਔਂਦੈ। ਜਾਏ ਨੂੰ ਖਾਵੇ 'ਲਾਦ, ਕੀ ਪੰਘੂੜੇ ਝੂਟਾਦੂ ਗਈ। ਅੰਦਰ ਪਾੜ ਕੇ ਧਰ ਦੇਣਗੀਆਂ ਡਾਕਧਾਰਨੀਆਂ, ਮੇਰਾ।'
ਨਿਹਾਲ ਨੇ ਜ਼ੋਰ ਦਿੱਤਾ- 'ਤੂੰ ਇੱਕ ਵਾਰੀ ਪਰਤਿਆ ਕੇ ਤਾ ਦੇਖ ਲੈ। ਐਨੀ ਜੈਦਾਤ ਐ, ਐਵੇਂ ਜਾਂਦੀ ਐ। ਘਰ ਦੇ ਚਰਾਗ਼ ਬਿਨਾਂ ਤਾਂ ਮੱਸਿਆ ਦੀ ਰਾਤ ਐ ਜ਼ਿੰਦਗਾਨੀ ਆਪਣੀ! ਤੂੰ ਵਗ ਜਾਂ ਮਾਂ ਨਾਲ, ਬਸ ਪਾਂਧਾ ਨਾ ਪੁੱਛ। ਪੈਸਾ ਜਿੰਨਾ ਲੱਗੂ, ਲਾਵਾਂਗੇ।'
ਮਾਂ ਨੇ ਦੱਸਿਆ- 'ਮੈਂ ਤਾਂ ਚਰਜ ਮੰਨਗੀ। ਆਪਣੇ ਗਵਾਂਢ ਦੀ ਈ ਤਖਾਣਾਂ ਦੀ ਬਹੂ ਸੀ ਨਾ, ਭਜਨੇ ਲੰਮੇ ਦੀ ਨੂੰਹ, ਬੈਠੀ ਸੀ ਨਾ ਕਿੰਨੇ ਸਾਲਾਂ ਤੋਂ ਸੱਖਣੀ। ਉਹਨੂੰ ਤਾਂ ਭਾਈ, ਉਹਦੀ ਮਾਸੀ ਦੀ ਧੀ ਆ ਕੇ ਮੋਗੇ ਲੈ ਗਈ। ਬਲਾਈ ਚੰਗੀ ਐ, ਕਹਿੰਦੇ, ਡਾਕਧਾਰਨੀ। ਐਸਾ 'ਲਾਜ ਕੀਤਾ, ਬੱਚਾ ਢਿੱਡ ਪੈ ਗਿਆ। ਹੁਣ ਦੋ ਮਹੀਨਿਆਂ ਨੂੰ ਡਿੱਗਣੈ ਜਹਿਮਤ। ਉਹਦੀ ਮਾਸੀ ਦੀ ਧੀ ਬਥੇਰੀ ਮਲਾਪੜੀ ਐ। ਪਰਸੋਂ ਆਈ ਸੀ ਬੁੱਟਰੀਂ। ਮੋਗੇ ਈ ਰਹਿੰਦੀ ਐ। ਮੈਂ ਤਾਂ ਸਾਰੀ ਗੱਲ ਪੱਕ ਕਰ ਲੀ ਉਹਦੇ ਨਾਲ ਧੀਏ। ਤੂੰ ਚੱਲ ਬਸ, ਤਿਆਰੀ ਕਰ ਲੈ। ਪਰੇਸ਼ਨ ਕਰੂਗੀ।'
ਜੀਤਾਂ ਸੋਚਾਂ ਵਿੱਚ ਪੈ ਗਈ। ਉਹਨੂੰ ਲੱਗਿਆ ਜਿਵੇਂ ਉਹਦੀ ਮਾਂ ਠੀਕ ਕਹਿ ਰਹੀ ਹੋਵੇ। ਉਹਨੇ ਆਪਣੇ ਮਨ ਵਿੱਚ ਚਿਤਾਰਿਆ- 'ਇੱਕ ਟਿੰਘ ਬਿਨਾਂ ਜਹੀ ਜ੍ਹੀ ਜੱਗ 'ਤੇ ਆਈ, ਜਹੀ ਨਾ ਆਈ। ਮੁੰਡਾ ਨਾ ਸਹੀ, ਚੱਲ ਕੁੜੀ ਹੋ ਜੂ। ਕੁੜੀ ਹੋ ਗਈ ਤਾਂ ਫੇਰ ਮੁੰਡਾ ਵੀ ਹੋ ਜੂ।' ਆਖ਼ਰ ਉਹਨੇ ਅਪਰੇਸ਼ਨ ਕਰਵਾਉਣ ਲਈ ਦਿਲ ਕੱਢ ਲਿਆ। ਜੀਤਾਂ ਦੀਆਂ ਅੱਖਾਂ ਵਿੱਚ ਚਮਕ ਆਈ ਦੇਖ ਕੇ ਉਹਦੀ ਮਾਂ ਨਿਹਾਲ ਨੂੰ ਕਹਿਣ ਲੱਗੀ, 'ਪਰੇਸ਼ਨ ਪਿੱਛੋਂ ਦੋ ਮਹੀਨੇ ਜੀਤਾਂ ਰਹੂਗੀ ਤਾਂ ਬੁੱਟਰ ਈ। ਤੇਰੇ ਕੋਲ ਤਾਂ ਔਣਾ ਨ੍ਹੀਂ, ਭਾਈ। ਇਹ ਗੱਲ ਤੂੰ ਪਹਿਲਾਂ ਸੋਚ ਲੈ, ਸਾਊ।'
'ਸੋਚੀ ਹੋਈ ਐ ਇਹ ਤਾਂ। ਦੋ ਦੀ ਥਾਂ, ਮੇਰੇ ਕੰਨੀਓਂ ਤਿੰਨ ਮਹੀਨੇ ਬੈਠੀ ਰਹੇ। ਮੈਨੂੰ ਕੁਝ ਨ੍ਹੀਂ ਹੁੰਦਾ। ਭੂਆ ਨੂੰ ਲੈ ਆਊਂਗਾ। ਪਸ਼ੂਆਂ ਦਾ ਵੀ ਲੰਮ-ਚੜ੍ਹਾਅ ਨ੍ਹੀਂ ਹੁਣ ਤਾਂ ਇੱਕ ਮ੍ਹੈਂਹ ਐ। ਆਪੇ ਸਾਂਭੀ ਜਾਵਾਂਗੇ।'
ਜੀਤਾਂ ਨੂੰ ਉਹਦੀ ਮਾਂ ਲੈ ਗਈ। ਦੂਜੇ ਦਿਨ ਹੀ ਉਹ ਬੁੱਟਰ ਤੋਂ ਮੋਗੇ ਗਈਆਂ। ਭਜਨੇ ਤਖਾਣ ਦੀ ਨੂੰਹ ਦੀ ਮਾਸੀ ਦੀ ਧੀ ਦੇ ਘਰ ਪਹੁੰਚੀਆਂ ਤੇ ਉਹਨੂੰ ਨਾਲ ਲੈ ਕੇ ਹਸਪਤਾਲ ਵਿੱਚ ਉਸ ਲੇਡੀ ਡਾਕਟਰ ਕੋਲ। ਲੇਡੀ ਡਾਕਟਰ ਨੇ ਉਹਨਾਂ ਨੂੰ ਇਕ ਹਫ਼ਤਾ ਉਥੇ ਰਹਿਣ ਲਈ ਆਖਿਆ। ਮਾਵਾਂ-ਧੀਆਂ ਇਕ ਹਫ਼ਤਾ ਤਖਾਣਾਂ ਦੇ ਘਰ ਰਹੀਆਂ। ਉਹਨਾਂ ਨੇ ਕੋਈ ਮੱਥੇ 'ਤੇ ਵੱਟ ਨਹੀਂ ਪਾਇਆ। ਜੀਤਾਂ ਦਾ ਪਿਓ ਵਿੱਚ ਦੀ ਇੱਕ ਦਿਨ ਜਾ ਕੇ ਹੋਰ ਰੁਪਈਏ ਜੀਤਾਂ ਦੀ ਮਾਂ ਨੂੰ ਦੇ ਆਇਆ। ਦੁੱਧ ਦਾ ਡੋਲੂ ਨਿੱਤ ਇੱਕ ਕਾਲਜੀਏਟ ਮੁੰਡੇ ਹੱਥ ਬੁੱਟਰੋਂ ਪਹੁੰਚ ਜਾਂਦਾ। ਅਪਰੇਸ਼ਨ ਕਾਮਯਾਬ ਹੋਇਆ ਸੀ। ਲੇਡੀ ਡਾਕਟਰ ਨੇ ਤਾੜਨਾ ਕੀਤੀ ਕਿ ਜੀਤਾਂ ਮਹੀਨਾ ਡੇਢ ਮਹੀਨਾ ਪਰਹੇਜ਼ ਰੱਖੇ। ਵਿਸ਼ਵਾਸ ਦਵਾਇਆ ਕਿ ਰੱਬ ਮਿਹਰ ਕਰੇਗਾ। ਹੁਣ ਤਿੰਨ ਮਹੀਨਿਆਂ ਤੋਂ ਜੀਤਾਂ ਬੁੱਟਰ ਬੈਠੀ ਹੋਈ ਸੀ। ਪੰਦਰ੍ਹਵੇਂ ਵੀਹਵੇਂ ਦਿਨ ਮੋਗੇ ਜਾ ਕੇ ਮਾਵਾਂ-ਧੀਆਂ ਉਸ ਲੇਡੀ ਡਾਕਟਰ ਨੂੰ ਮਿਲ ਆਉਂਦੀਆਂ ਤੇ ਚੈੱਕ ਕਰਵਾ ਆਉਂਦੀਆਂ। ਹੋਰ ਗੋਲੀਆਂ ਤੇ ਪੀਣ ਵਾਲੀ ਦਵਾਈ ਲੈ ਆਉਂਦੀਆਂ। ਜੀਤਾਂ ਹੁਣ ਬਿਲਕੁਲ ਠੀਕ ਸੀ। ਲੇਡੀ ਡਾਕਟਰ ਨੇ ਮੁਸਕਰਾ ਕੇ ਆਖਿਆ ਸੀ- 'ਹੁਣ ਜਦੋਂ....ਬਸ ਪਤੇ-ਤੋੜ ਜਾਈਂ ...ਤੇ ਫੇਰ ਹੱਸੀ ਸੀ, 'ਸਾਧਾਂ ਦੇ ਬਚਨਾਂ 'ਤੇ ਨਾ ਰਹੀਂ।....'
ਨਿਹਾਲ ਵਿੱਚ ਦੀ ਦੋ ਵਾਰੀ ਬੁੱਟਰ ਜਾ ਆਇਆ ਸੀ। ਪਰ ਹੁਣ ਇੱਕ ਮਹੀਨਾ ਲੰਘ ਗਿਆ ਸੀ, ਉਹ ਜਾਊਂ-ਜਾਊਂ ਕਰਦਾ ਸੀ ਕਿ ਬੁੱਟਰ ਤੋਂ ਚਿਠੀ ਆ ਗਈ। ਉਹਦੀ ਸੱਸ ਨੇ ਲਿਖਵਾਇਆ ਸੀ ਕਿ ਉਹ ਖੜ੍ਹਾ-ਖੜੋਤਾ ਜੀਤਾਂ ਨੂੰ ਆ ਕੇ ਲੈ ਜਾਵੇ। ਹੁਣ ਉਹ ਠੀਕ ਹੈ। ਸੋ ਅੱਜ ਨਿਹਾਲ ਬੁੱਟਰ ਨੂੰ ਜਾ ਰਿਹਾ ਸੀ। ਉਹਦੀ ਛਾਤੀ ਅੰਦਰ ਮੁਕਲਾਵੇ ਵਾਲਾ ਦਿਲ ਧੜਕ ਰਿਹਾ ਸੀ।
ਬਹੁਤ ਸਮਾਂ ਬੀਤ ਚੁੱਕਿਆ ਸੀ, ਪਰ ਮੋਗੇ ਵਾਲੀ ਕੋਈ ਵੀ ਬੱਸ ਨਹੀਂ ਆਈ ਸੀ। ਤੇ ਸ਼ਹਿਣੇ ਨੂੰ ਜਾਣ ਵਾਲੀ ਇੱਕ ਪ੍ਰਾਈਵੇਟ ਬੱਸ ਦੀਆਂ ਸਵਾਰੀਆਂ ਨੇ ਦੱਸਿਆ ਕਿ ਮੋਗੇ ਨੂੰ ਆ ਰਹੀ ਪੰਜਾਬ ਰੋਡਵੇਜ਼ ਦੀ ਇੱਕ ਬੱਸ ਚੀਮੇ-ਜੋਧਪੁਰ ਦੇ ਅੱਡੇ ਤੋਂ ਇੱਕ ਮੀਲ ਉਰ੍ਹਾਂ ਵਿਗੜੀ ਖੜ੍ਹੀ ਹੈ। ਸਵਾਰੀਆਂ ਪਰੇਸ਼ਾਨ ਹਨ। ਉਸ ਸਮੇਂ ਹੀ ਤਪੇ ਵੱਲੋਂ ਖ਼ਾਲੀ ਟੈਂਪੂ ਗੱਡੀ ਆਈ। ਉਹਨੇ ਮੋਗੇ ਪਹੁੰਚਣਾ ਸੀ, ਉਹਦੇ ਵਿੱਚ ਦੋ ਤਿੰਨ ਸਵਾਰੀਆਂ ਮਗਰੋਂ ਹੀ ਕਿਤੋਂ ਬੈਠੀਆਂ ਹੋਈਆਂ ਸਨ। ਕੈਂਚੀਆਂ ਉੱਤੇ ਟੈਂਪੂ-ਗੱਡੀ ਇੱਕ ਮਿੰਟ ਰੁਕੀ ਤਾਂ ਸੱਤ-ਅੱਠ ਸਵਾਰੀਆਂ ਫਟਾ-ਫਟ ਉਹਦੇ ਵਿੱਚ ਚੜ੍ਹ ਗਈਆਂ। ਨਿਹਾਲ ਤੇ ਮੈਂਗਲ ਵੀ। ਕਿੰਨੀਆਂ ਹੀ ਹੋਰ ਸਵਾਰੀਆਂ ਟੈਂਪੂ-ਗੱਡੀ ਨੂੰ ਦੇਖਦੀਆਂ ਖੜ੍ਹੀਆਂ ਰਹਿ ਗਈਆਂ।
ਰਾਹ ਵਿੱਚ ਹਰ ਅੱਡੇ ਉੱਤੇ ਸਵਾਰੀਆਂ ਉਤਰਦੀਆਂ ਤੇ ਹੋਰ ਚੜ੍ਹ ਜਾਂਦੀਆਂ। ਡਰਾਈਵਰ ਦਾ ਸਹਾਇਕ ਲੰਬੂਤਰੇ ਜਿਹੇ ਮੂੰਹ ਵਾਲਾ ਇੱਕ ਰਾਜਸਥਾਨੀ ਮੁੰਡਾ ਸਵਾਰੀਆਂ ਦੇ ਉਤਰਨ ਤੋਂ ਪਹਿਲਾਂ ਹੀ ਕਿਰਾਏ ਦੇ ਪੈਸੇ ਫੜ ਲੈਂਦਾ। ਲੋਕ ਬੱਸ ਜਿੰਨਾ ਕਿਰਾਇਆ ਆਪਣੇ ਆਪ ਹੀ ਦਿੰਦੇ ਜਾ ਰਹੇ ਸਨ। ਜੇਬ ਵਿੱਚ ਪੈਸੇ ਪਾ ਕੇ ਉਹ ਡਰਾਈਵਰ ਕੋਲ ਜਾ ਬੈਠਦਾ ਤੇ ਹਵਾ ਨੂੰ ਚੀਰਦੀ ਜਾ ਰਹੀ ਟੈਂਪੂ-ਗੱਡੀ ਦੇ ਸ਼ੋਰ ਵਿੱਚ ਕੋਈ ਰਾਜਸਥਾਨੀ ਗੀਤ ਗਾਉਣ ਲੱਗਦਾ। ਮਗਰ ਬੈਠੀਆਂ ਸਵਾਰੀਆਂ ਨੂੰ ਉਹਦੀ ਤਿੱਖੀ ਆਵਾਜ਼ ਸੁਣਦੀ। ਸਮਝ ਕਿਸੇ ਨੂੰ ਨਾ ਆਉਂਦੀ। ਨਿਹਾਲ ਦਾ ਮਨ ਬੁੱਟਰ ਜੀਤਾਂ ਕੋਲ ਪਹੁੰਚਿਆ ਹੋਇਆ ਸੀ। ਸੁਪਨੇ ਵਾਂਗ ਉਹਨੂੰ ਲੱਗਦਾ, ਜਿਵੇਂ ਜੀਤਾਂ ਦਾ ਪੇਟ ਵਧ ਗਿਆ ਹੋਵੇ। ਉਹ ਕੱਚੀ ਕੰਧ ਵਿੱਚੋਂ ਖਸਤਾ ਰੋੜ ਕੱਢ-ਕੱਢ ਖਾ ਰਹੀ ਹੋਵੇ।
ਟੈਂਪੂ-ਗੱਡੀ ਬੱਧਣੀ ਦੀ ਹੱਦ ਵਿੱਚ ਦਾਖ਼ਲ ਹੋਈ ਤਾਂ ਉਹਨੂੰ ਇੱਕ ਪੁਲਸ ਜੀਪ ਨੇ ਕਰਾਸ ਕੀਤਾ। ਉਹ ਥੋੜ੍ਹੀ ਦੂਰ ਹੀ ਲੰਘੇ ਹੋਣਗੇ ਕਿ ਉਹ ਜੀਪ ਮਗਰ ਆਉਂਦੀ ਉਹਨਾਂ ਨੂੰ ਦਿਸੀ। ਟੈਂਪੂ-ਗੱਡੀ ਨੂੰ ਕੱਟਦੀ ਜੀਪ ਨੇ ਸੜਕ ਰੋਕ ਲਈ। ਜੀਪ ਰੁਕ ਗਈ। ਟੈਂਪੂ-ਗੱਡੀ ਦਾ ਡਰਾਈਵਰ ਘਬਰਾਹਟ ਵਿੱਚ ਸੀ। ਜੀਪ ਵਿੱਚੋਂ ਉੱਤਰ ਕੇ ਥਾਣੇਦਾਰ ਨੇ ਉਹਨੂੰ ਫੋਕਾ ਜਿਹਾ ਧਮਕਾਇਆ ਤੇ ਫੇਰ ਪੁੱਛਿਆ- 'ਕਿਥੋਂ ਚਲਿਐਂ?'
'ਜੀ, ਰਾਮੁਪਰੇ ਤੋਂ।'
'ਜਾਣਾ ਕਿਥੇ ਐ?'
'ਮੋਗੇ ਜਨਾਬ।'
'ਇਹ ਸਵਾਰੀਆਂ ਕਿਥੋਂ ਚੁੱਕੀਆਂ ਨੇ?'
'ਬੁੜ੍ਹੀਆਂ ਤਾਂ ਤਿੰਨੇ ਜੀ, ਬਲਾਸਪੁਰ ਤੋਂ ਚੜ੍ਹੀਆਂ ਨੇ। ਬੰਦੇ ਦੋਵੇਂ ਪੱਖੋ ਕੈਂਚੀਆਂ ਤੋਂ?'
'ਪੱਖੋ ਕੈਂਚੀਆਂ ਤੋਂ?'
'ਹਾਂ ਜੀ।'
ਡਰਾਈਵਰ ਨੂੰ ਛੱਡ ਕੇ ਥਾਣੇਦਾਰ ਬੰਦਿਆਂ ਵੱਲ ਹੋਇਆ। ਸ਼ੱਕ ਭਰੀਆਂ ਨਿਗਾਹਾਂ ਨਾਲ ਦੇਖਣ ਲੱਗਿਆ। ਤੇ ਫੇਰ ਅੱਖਾਂ ਦੇ ਇਸ਼ਾਰੇ ਨਾਲ ਦੋਵਾਂ ਨੂੰ ਥੱਲੇ ਉਤਾਰ ਲਿਆ। ਡਰਾਇਵਰ ਨੂੰ ਕਿਹਾ, 'ਤੂੰ ਜਾਹ!'
ਡਰਾਈਵਰ ਨੇ ਟੈਂਪੂ-ਗੱਡੀ ਸਟਾਰਟ ਕੀਤੀ ਤਾਂ ਇਕ ਸਿਪਾਹੀ ਉਹਦੇ ਸਟੇਅਰਿੰਗ ਨੂੰ ਹੱਥ ਪਾ ਕੇ ਕਹਿੰਦਾ- 'ਸਾਡੀ ਲੱਸੀ ਭਾਈ ਸਾਅਬ?' 'ਰੁਪਈਏ ਤਾਂ ਸਾਰੇ ਦਸ ਬਣੇ ਨੇ। ਸਾਡਾ ਖ਼ਰਚ ਈ ਮਸਾਂ ਪੂਰਾ ਹੋਊ।'
'ਰਾਮਪੁਰੇ ਤੋਂ ਚੱਲ ਕੇ ਦਸ ਈ?' ਕਿੰਨੀਆਂ ਸਵਾਰੀਆਂ ਲਈਆਂ?' ਸਿਪਾਹੀ ਰੋਅਬ ਵਿੱਚ ਆਉਣ ਲੱਗਿਆ।
'ਅੱਜ ਤਾਂ ਮੰਦਾ ਈ ਐ।' ਤੇ ਫੇਰ ਡਰਾਈਵਰ ਨੇ ਰਾਜਸਥਾਨੀ ਮੁੰਡੇ ਨੂੰ ਕਿਹਾ- 'ਦੋ ਰੁਪਏ ਦੇ ਦੇ ਓਏ, ਨਬੇੜ ਪਰ੍ਹੇ।'
ਸਿਪਾਹੀ ਕਹਿੰਦਾ- 'ਪੰਜ ਕਰਦੇ। ਬੰਦੇ ਤਾਂ ਦੇਖ। ਇੱਕ-ਇੱਕ ਗਲਾਸ ਤਾਂ ਆਵੇ ਲੱਸੀ ਦਾ। ਛੇਤੀ ਕਰ, ਸਰਦਾਰ ਸੁਣੀਂ ਜਾਂਦੈ।'
'ਓਏ ਚੱਲ, ਪੰਜ ਦੇ ਦੇ ਓਏ।' ਡਰਾਈਵਰ ਨੇ ਕਿਹਾ ਤੇ ਮੁੰਡੇ ਤੋਂ ਪੰਜਾਂ ਦਾ ਨੋਟ ਲੈ ਕੇ ਸਿਪਾਹੀ ਵੱਲ ਵਧਾ ਦਿੱਤਾ।
ਟੈਂਪੂ-ਗੱਡੀ ਤੁਰ ਗਈ।
'ਚੱਲੋ, ਬੈਠੋ ਜੀਪ 'ਚ। ਥਾਣੇਦਾਰ ਨੇ ਗ਼ੁੱਸੇ ਵਿੱਚ ਆਖਿਆ।' 'ਸਰਦਾਰ ਜੀ, ਕਸੂਰ ਤਾਂ ਦੱਸੋ ਸਾਡਾ?' ਮੈਂਗਲ ਨੇ ਹੱਥ ਜੋੜੇ।
'ਸਰਦਾਰ ਜੀ, ਮੈਂ ਤਾਂ ਬੁੱਟਰ ਤਾਈਂ ਜਾਣੈ। ਸਹੁਰੇ ਨੇ ਓਥੇ ਮੇਰੇ।' ਨਿਹਾਲ ਵੀ ਹੱਥ ਬੰਨ੍ਹੀਂ ਖੜ੍ਹਾ ਸੀ।
'ਚੱਲੋ, ਥਾਣੇ ਚੱਲ ਕੇ ਪੁੱਛਦੇ ਆ ਥੋਨੂੰ।' ਥਾਣੇਦਾਰ ਫੇਰ ਆਕੜਿਆ।
ਇੱਕ ਸਿਪਾਹੀ ਨੇ ਮੈਂਗਲ ਦੇ ਮੋਢੇ ਨੂੰ ਹੱਥ ਲਾ ਕੇ ਆਖਿਆ।
'ਕਿਉਂ ਖਾਣੀਆਂ ਨੇ, ਚੁੱਪ ਕਰਕੇ ਬਹਿ ਜਾ ਜੀਪ 'ਚ।'
'ਸਰਦਾਰ ਜੀ, ਤਲਾਸ਼ੀ ਲੈ ਲੋ, ਭੋਰਾ ਨ੍ਹੀਂ ਮੇਰੇ ਕੋਲ ਤਾਂ।' ਮੈਂਗਲ ਨੇ ਪੈਰ ਅੜਾਏ।
ਥਾਣੇਦਾਰ ਸਿਪਾਹੀ ਵੱਲ ਝਾਕਿਆ ਤਾਂ ਉਹਨੇ ਬੈਂਤ ਦਾ ਝੰਡਾ ਮੈਂਗਲ ਦੇ ਮੌਰਾਂ ਉੱਤੇ ਮਾਰਿਆ। ਮੈਂਗਲ ਨੀਵੀਂ ਪਾ ਕੇ ਜੀਪ ਵਿੱਚ ਜਾ ਬੈਠਾ। ਮਗਰ ਹੀ ਨਿਹਾਲ। ਸਿਪਾਹੀ ਉਹਨਾਂ ਦੇ ਪਿੱਛੇ ਉਹਨਾਂ ਦੇ ਨਾਲ ਲੱਗ ਕੇ ਬੈਠ ਗਏ। ਥਾਣੇਦਾਰ ਡਰਾਈਵਰ ਕੋਲ ਬੈਠਾ ਹੋਇਆ ਸੀ। ਜੀਪ ਝਟਕੇ ਨਾਲ ਤੁਰੀ। ਡਰਾਈਵਰ ਥਾਣੇਦਾਰ ਵੱਲ ਝਾਕ ਕੇ ਮੁਸਕਰਾਇਆ ਤੇ ਬੋਲਿਆ, 'ਸਰਦਾਰ ਜੀ, ਕੋਟਾ ਪੂਰਾ ਹੋ ਗਿਆ ਥੋਡਾ ਤਾਂ।'
'ਚੱਲ ਬਦਮਾਸ਼।' ਥਾਣੇਦਾਰ ਨੇ ਡਰਾਈਵਰ ਨੂੰ ਮਿੱਠਾ-ਮਿੱਠਾ ਘੂਰਿਆ।
ਧੂੜ ਦੇ ਬੱਦਲ ਉਡਾਉਂਦੀ ਜੀਪ ਸੜਕ ਉੱਤੇ ਤੇਜ਼ ਭੱਜੀ ਜਾ ਰਹੀ ਸੀ। ਮੈਂਗਲ ਤੇ ਨਿਹਾਲ ਇੱਕ ਦੂਜੇ ਵੱਲ ਚੋਰੀ ਜਿਹਾ ਝਾਕਦੇ ਤੇ ਬੇਬਸ ਹੋ ਕੇ ਰਹਿ ਜਾਂਦੇ। ਉਹ ਕੋਈ ਵੀ ਗੱਲ ਨਹੀਂ ਕਰ ਸਕਦੇ ਸਨ। ਉਹਨਾਂ ਦੀਆਂ ਅੱਖਾਂ ਵਿੱਚ ਸਹਿਮ ਉਤਰਿਆ ਹੋਇਆ ਸੀ। ਜੀਪ ਕਿਸੇ ਵੀ ਅੱਡੇ ਉੱਤੇ ਨਹੀਂ ਰੁਕੀ। ਰਾਹ ਵਿੱਚ ਇੱਕ ਵਾਰੀ ਮੈਂਗਲ ਨੇ ਭਰੜਾਏ ਜਿਹੇ ਬੋਲ ਵਿੱਚ ਥਾਣੇਦਾਰ ਨੂੰ ਪੁੱਛਿਆ- 'ਸਰਦਾਰ ਜੀ, ਦੱਸ ਤਾਂ ਦਿਓ, ਸਾਨੂੰ ਲਿਜਾ ਕਿਥੇ ਰਹੇ ਓ?'
'ਦੱਸੀਏ? ਖੜ੍ਹਾਅ ਓਏ ਜੀਪ' ਥਾਣੇਦਾਰ ਨੇ ਕਿਹਾ। ਮੈਂਗਲ ਚੁੱਪ ਹੋ ਕੇ ਨੀਵੀਂ ਪਾ ਗਿਆ।
ਅੱਧੇ ਘੰਟੇ ਵਿੱਚ ਜੀਪ ਮੋਗੇ ਸਰਕਾਰੀ ਹਸਪਤਾਲ ਵਿੱਚ ਪਹੁੰਚ ਗਈ। ਥਾਣੇਦਾਰ ਨੇ ਅੱਧਾ ਕਿਲੋ ਅਫੀਮ ਦੋਹਾਂ ਨੂੰ ਦਿਖਾ ਕੇ ਆਖਿਆ- 'ਥੋਡੇ ਨਾਉਂ ਪੈ ਜੂ,ਨਹੀਂ ਚਲੋ ਅੰਦਰ।' ਉਹ ਸੁੰਨ ਬਣੇ ਖੜ੍ਹੇ ਸਨ।
ਦੋ-ਦੋ ਸਿਪਾਹੀ ਦੋਵਾਂ ਨੂੰ ਮੱਲੋ-ਮੱਲੀ ਡਾਕਟਰ ਕੋਲ ਲੈ ਗਏ। ਡਾਕਟਰੀ-ਅਮਲੇ ਨੇ ਫਟਾ-ਫਟ ਅੰਦਰ ਲਿਜਾ ਕੇ ਦੋਵਾਂ ਦਾ ਨਸਬੰਦੀ ਅਪਰੇਸ਼ਨ ਕਰ ਦਿੱਤਾ। ਸੁਪਨੇ ਵਾਂਗ, ਇਹ ਤਾਂ ਉਹਨਾਂ ਨੂੰ ਪਤਾ ਹੀ ਨਾ ਲੱਗਿਆ ਕਿ ਉਹਨਾਂ ਨਾਲ ਕੀ ਵਾਪਰ ਗਿਆ ਹੈ। ਕਿਸੇ ਜਾਦੂ ਜਿਹੇ ਵਿੱਚ ਉਹ ਪਤਾ ਨਹੀਂ ਇਹ ਸਭ ਕਿਵੇਂ ਸਹਾਰ ਗਏ। ਮੈਂਗਲ ਦੇ ਹੱਥ ਵਿੱਚ ਸਰਟੀਫਿਕੇਟ ਦਿੱਤਾ ਗਿਆ ਤਾਂ ਉਹ ਕਹਿੰਦਾ- 'ਮੈਂ ਤਾਂ ਜੀ ਅਜੇ ਛੜਾ ਈ ਆਂ।'
'ਓਏ, ਛੜਾ ਕੌਣ ਐ ਅੱਜ ਕੱਲ੍ਹ, ਭਲਿਆਮਾਣਸਾ?' ਡਾਕਟਰ ਹੱਸਿਆ। ਤੇ ਫੇਰ ਪੁੱਛਿਆ- 'ਉਮਰ ਕਿੰਨੀ ਐ?'
'ਉਮਰ ਤਾਂ ਜੀ ਪੰਜਾਹ ਤੋਂ ਉੱਤੇ ਈ ਹੋਊ।' ਮੈਂਗਲ ਨੇ ਦੱਸਿਆ।
'ਬਸ ਫੇਰ! ਹੁਣ ਕਿਹੜਾ ਵਿਆਹ ਕਰਵੌਣੈ ਤੂੰ? ਤੇ ਫੇਰ ਡਾਕਟਰ ਸ਼ਗਰ ਕਰਨ ਲੱਗਿਆ- 'ਮੈਂਗਲ ਸਿਆਂ, ਦੀਹਦਾ ਤਾਂ ਨ੍ਹੀਂ ਪੰਜਾਹਾਂ ਦਾ। ਚਾਲੀਆਂ ਤੋਂ ਵੱਧ ਨ੍ਹੀਂ ਲੱਗਦਾ।' ਮੈਂਗਲ ਹੱਸਿਆ ਨਹੀਂ। ਉਹ ਸੁੰਨ-ਮਿੱਟੀ ਬਣਿਆ ਖੜ੍ਹਾ ਸੀ। ਸਰਟੀਫ਼ਿਕੇਟ ਪੂਣੀ ਬਣਾ ਕੇ ਉਹਨੇ ਹੱਥ ਵਿੱਚ ਫੜ ਲਿਆ ਹੋਇਆ ਸੀ। ਬਿੰਦੇ-ਝੱਟ ਉਹਨੂੰ ਨੱਕ ਦੀ ਕੁੰਬਲੀ ਨਾਲ ਛੁਹਾਉਂਦਾ ਤੇ ਅੱਖਾਂ ਪਾੜ-ਪਾੜ ਏਧਰ ਓਧਰ ਝਾਕਦਾ, ਜਿਵੇਂ ਆਪਣੇ ਆਪ ਨੂੰ ਲੱਭ ਰਿਹਾ ਹੋਵੇ।
ਨਿਹਾਲ ਰੋ ਰਿਹਾ ਸੀ। ਉਹਦਾ ਜੀਅ ਕਰਦਾ ਸੀ, ਉਹ ਉੱਚੀ ਦੇ ਕੇ ਚੀਕ ਮਾਰੇ ਤੇ ਦੱਸੇ....ਪਰ ਉਥੇ ਉਹਦੀ ਗੱਲ ਸੁਣਨ ਵਾਲਾ ਕੌਣ ਸੀ? ਸਭ ਤੁਰਦੇ ਫਿਰਦੇ ਲੋਕ ਉਹਨੂੰ ਜ਼ਾਲਮ ਨਜ਼ਰ ਆਏ। ਉਹਨੂੰ ਲੱਗਿਆ, ਜਿਵੇਂ ਉਹ ਕਤਲ ਹੋ ਗਿਆ ਹੋਵੇ। ਉਹਦੇ ਅੰਬ ਪਤਾ ਨਹੀਂ ਕਿਥੇ ਰਹਿ ਗਏ ਸਨ।
ਡਾਕਟਰ ਤੋਂ ਆਪਣੇ ਦੋ ਕੇਸਾਂ ਦਾ ਸਰਟੀਫ਼ਿਕੇਟ ਲੈ ਕੇ ਥਾਣੇਦਾਰ ਹੱਸਦਾ ਖੇਡਦਾ ਮੈਂਗਲ ਕੋਲ ਆਇਆ ਤੇ ਉਹਦੇ ਨਾਲ ਹੱਥ ਮਿਲਾ ਕੇ ਕਹਿਣ ਲੱਗਿਆ- 'ਮੈਂਗਲ ਸਿਆਂ, ਜਾਓ ਹੁਣ ਪਿੰਡਾਂ ਨੂੰ, ਬੱਸ ਮਿਲ ਜੂ 'ਗੀ। ਨਹੀਂ ਤਾਂ ਖੁਆਰ ਹੁੰਦੇ ਫਿਰੋਗੇ। ਸ਼ਹਿਰ ਦਾ ਮਾਮਲੈ।'
'ਥਾਣੇਦਾਰ ਨੇ ਨਿਹਾਲ ਵੱਲ ਹੱਥ ਕੱਢਿਆ ਤਾਂ ਨਿਹਾਲ ਨੇ ਥਾਣੇਦਾਰ ਦਾ ਹੱਥ ਝੰਜਕ ਦਿੱਤਾ। ਥਾਣੇਦਾਰ ਕੱਚਾ ਹੋ ਕੇ ਇੱਕ ਪਾਸੇ ਨੂੰ ਤੁਰ ਪਿਆ। ਉਹਦੀ ਪਿੱਠ ਵਿੱਚ ਨਿਹਾਲ ਦੀਆਂ ਤੇਜ਼ ਵੱਢ-ਖਾਣੀਆਂ ਅੱਖਾਂ ਖੁਭੀਆਂ ਹੋਈਆਂ ਸਨ।
ਸੂਰਜ ਡੁੱਬਣ ਵਾਲਾ ਸੀ। ਧੂੜ ਭਰੀ ਹਵਾ ਚਲ ਰਹੀ ਸੀ। ਬਰਨਾਲੇ ਨੂੰ ਜਾਂਦੀ ਆਖ਼ਰੀ ਬੱਸ ਵਿੱਚ ਉਹ ਇਕੋ ਸੀਟ ਉੱਤੇ ਬੈਠੇ ਫਟੀਆਂ-ਫਟੀਆਂ ਅੱਖਾਂ ਨਾਲ ਸਵਾਰੀਆਂ ਵੱਲ ਝਾਕ ਰਹੇ ਸਨ। ਬੱਸ ਚੱਲੀ ਤਾਂ ਮੈਂਗਲ ਅੱਖਾਂ ਪੂੰਝ ਕੇ ਨਿਹਾਲ ਵੱਲ ਝੁਕਿਆ ਤੇ ਉਹਨੂੰ ਕਹਿਣ ਲੱਗਿਆ, 'ਮੇਰਾ ਤਾਂ ਕੁਛ ਨ੍ਹੀਂ ਨਿਹਾਲ, ਤੇਰਾ ਬਹੁਤ ਮਾੜਾ ਹੋਇਆ।'♦