ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਨਿੰਮੋ

ਵਿਕੀਸਰੋਤ ਤੋਂ
ਨਿੰਮੋ

ਉਹ ਦੇ ਘਰਵਾਲਾ ਫ਼ੌਜੀ ਸੀ। ਸਾਲ ਵਿੱਚ ਦੋ ਵਾਰ ਛੁੱਟੀ ਆਉਂਦਾ। ਜਦੋਂ ਆਉਂਦਾ, ਨਿੰਮੋ ਉਹ ਦੇ ਲਈ ਜਿਵੇਂ ਕੋਈ ਖਿਡੌਣਾ ਹੋਵੇ। ਮਸ੍ਹਾਂ ਲੱਭੀ ਕੋਈ ਕੀਮਤੀ ਚੀਜ਼। ਛੁੱਟੀ ਮੌਕੇ ਤੋਂ ਉਹ ਉਦਾਸ ਚਿਹਰਾ ਲੈ ਕੇ ਮੁੜਦਾ। ਦੋਵਾਂ ਦੇ ਚਾਅ ਪੂਰੇ ਨਾ ਹੋਏ ਹੁੰਦੇ। ਬਾਕੀ ਸਮੇਂ ਵਿੱਚ ਉਹ ਸੱਸ ਕੋਲ ਰਹਿੰਦੀ। ਨਾ ਉਹ ਦਾ ਪਿਓ ਸੀ, ਨਾ ਸਹੁਰਾ। ਨਿੰਮੋ ਦਾ ਹੋਰ ਭੈਣ-ਭਾਈ ਵੀ ਕੋਈ ਹੀ ਸੀ।

ਉਹ ਸਾਂਵਲੇ ਰੰਗ ਦੀ ਤਕੜੇ ਜੁੱਸੇ ਵਾਲੀ ਕੁੜੀ ਸੀ। ਨੈਣ-ਨਕਸ਼ ਤਿੱਖੇ। ਉਹ ਦੀਆਂ ਸੋਹਣੀਆਂ ਮੋਟੀਆਂ ਅੱਖਾਂ ਸਾਹਮਣੇ ਜਿਸਮ ਦੇ ਸਾਂਵਲੇ ਰੰਗ ਦੀ ਕੋਈ ਪਹਿਚਾਣ ਨਾ ਰਹਿੰਦੀ।

ਤੋਖਾ ਗੋਰੇ ਰੰਗ ਦਾ ਭਰ ਜਵਾਨ ਗੱਭਰੂ ਸੀ। ਜੁੱਸੇ ਦਾ ਉਹ ਵੀ ਪੂਰਾ। ਤੋਖੇ ਦੀਆਂ ਅੱਖਾਂ ਥੋੜ੍ਹੀਆਂ ਭੂਰੀਆਂ ਸਨ। ਛੁੱਟੀ ਆਇਆ ਉਹ ਨਿੰਮੋ ਦੇ ਇਉਂ ਅੱਗੇ-ਪਿੱਛੇ ਰਹਿੰਦਾ, ਜਿਵੇਂ ਕਦੇ ਕੁਝ ਦੇਖਿਆ ਹੀ ਨਾ ਹੋਵੇ। ਜਾਂ ਕੀ ਪਤਾ ਮੁੜ ਕੇ ਛੁੱਟੀ ਆਉਣਾ ਕਦੇ ਨਸੀਬ ਹੋਵੇਗਾ ਕਿ ਨਹੀਂ? ਨਿੰਮੋ ਲਈ ਦੁਨੀਆ ਜਹਾਨ ਵਿੱਚ ਉਹ ਸਭ ਤੋਂ ਵੱਧ ਸੋਹਣਾ ਸੀ। ਪਰ ਫ਼ੌਜੀ ਦੀ ਤੀਵੀਂ ਨੂੰ ਕਾਹਦਾ ਮਾਣ, ਨਾ ਸੁਹਾਗਣ, ਨਾ ਰੰਡੀ।

ਉਹ ਛੁੱਟੀ ਆਉਂਦਾ ਤਾਂ ਘਰ ਦਾ ਕੁਝ ਨਾ ਕੁਝ ਸੰਵਾਰ ਕੇ ਜਾਂਦਾ। ਇੱਕ ਵਾਰ ਉਹ ਨੇ ਨਵੀਂ ਬਸਤੀ ਵਿੱਚ ਛੋਟਾ ਜਿਹਾ ਪਲਾਟ ਖਰੀਦ ਲਿਆ। ਚਾਰ ਦੀਵਾਰੀ ਵੀ ਕਰ ਦਿੱਤੀ। ਫੇਰ ਇੱਕ ਵਾਰ ਆਇਆ, ਇੱਕ ਕਮਰਾ ਛੱਤ ਲਿਆ। ਅਗਲੀ ਵਾਰ ਦੂਜਾ ਕਮਰਾ ਛੱਤ ਕੇ ਤੇ ਰਸੋਈ-ਗੁਸਲਖ਼ਾਨਾ ਬਣਾ ਕੇ ਨਵੀਂ ਬਸਤੀ ਵਿੱਚ ਜਾ ਰਿਹਾਇਸ਼ ਕੀਤੀ। ਨੂੰਹ-ਸੱਸ ਸਰਦਾਰਨੀਆਂ ਬਣ ਕੇ ਰਹਿੰਦੀਆਂ। ਵਿਹੜੇ ਵਿੱਚ ਤਾਂ ਉਨ੍ਹਾਂ ਦਾ ਪੁਰਾਣਾ ਮਕਾਨ ਨਰਕ ਸੀ। ਲਟੈਣ ਘੁਣੇ ਦੀ ਖਾਧੀ ਤੇ ਕੜੀਆਂ ਸ਼ਤੀਰ ਬੋਦੇ ਹੋ ਚੁੱਕੇ ਸਨ। ਕੋਈ ਪਤਾ ਨਹੀਂ ਸੀ, ਮੀਂਹ-ਕਣੀ ਵਿੱਚ ਕਦੋਂ ਕੋਈ ਖਣ ਡਿੱਗ ਪਵੇਂ ਤੇ ਉਹ ਨੂੰਹ-ਸੱਸ ਛੱਤ ਦੀ ਮਿੱਟੀ ਥੱਲੇ ਦਬੀਆਂ ਪਈਆਂ ਭਾਲੀਆਂ ਵੀ ਕਿਧਰੇ ਨਾ ਥਿਆਉਣ।

ਨਵੀਂ ਬਸਤੀ ਵਿੱਚ ਹੋਰਾਂ ਪਿੰਡਾਂ ਤੋਂ ਆ ਕੇ ਵਸੋਂ ਵੱਖ-ਵੱਖ ਜਾਤ-ਬਰਾਦਰੀਆਂ ਦੇ ਲੋਕ ਸਨ। ਵੱਖ-ਵੱਖ ਕੰਮ-ਧੰਦੇ, ਨੌਕਰੀਆਂ, ਦੁਕਾਨਦਾਰੀਆਂ ਤੇ ਪਤਾ ਨਹੀਂ ਕੀ-ਕੀ ਕਾਰੋਬਾਰ ਸਨ, ਉਨ੍ਹਾਂ ਦੇ। ਹਰ ਘਰ ਦਾ ਆਪਣਾ ਇਕ ਅਲੱਗ ਸੰਸਾਰ ਸੀ। ਘਰ ਨੂੰ ਘਰ ਦੀ ਪਹਿਚਾਣ ਨਹੀਂ ਸੀ। ਪਹਿਚਾਣ ਸੀ ਵੀ ਤਾਂ ਸਿਰਫ਼ ਬੁੱਢੇ ਬੰਦਿਆਂ ਤੇ ਛੋਟੇ ਜੁਆਕਾਂ ਦੀ। ਛੋਟੇ ਜੁਆਕ ਗਲੀਆਂ ਵਿੱਚ ਇਕੱਠੇ ਖੇਡਦੇ ਤੇ ਬੰਢੇ ਬੰਦੇ ਜਿੱਥੇ ਵੀ ਗੱਲਾਂ ਮਿਲਦੀਆਂ, ਖੜ੍ਹ ਜਾਂਦੇ।

ਤੋਖਾ ਮਹੀਨੇ ਦੇ ਮਹੀਨੇ ਮਨੀਆਰਡਰ ਭੇਜਦਾ। ਛੁੱਟੀ ਆਇਆ, ਇਕੱਠਾ ਸਮਾਨ ਵੀ ਰੱਖ ਜਾਂਦਾ। ਨੂੰਹ-ਸੱਸ ਸੋਹਣਾ ਗੁਜ਼ਾਰਾ ਕਰਦੀਆਂ। ਨਿੰਮੋ ਕਦੇ ਪੇਕੀਂ ਹੁੰਦੀ ਤਾਂ ਸੱਸ ਦੀਆਂ ਬੱਸ ਦੋ ਗੁੱਲੀਆਂ ਸਨ।

ਤੋਖਾ ਨਾਮ-ਕੱਟਿਆਂ ਦੀ ਸੂਚੀ ਵਿੱਚ ਆ ਗਿਆ। ਘਰ ਆ ਕੇ ਵਿਹਲਾ ਰਹਿੰਦਾ। ਪੱਲੇ ਦੀ ਪੂੰਜੀ ਖਾ ਪੀ ਲਈ ਤਾਂ ਤੰਗ ਰਹਿਣ ਲੱਗਿਆ। ਨੌਕਰੀ ਦੀ ਤਲਾਸ਼ ਕੀਤੀ। ਨਹੁੰ ਅੜ੍ਹਕਦਾ-ਅੜ੍ਹਕਦਾ ਰਹਿ ਜਾਂਦਾ। ਇਸ ਦੌਰਾਨ ਉਸ ਦੀ ਮਾਂ ਚਲਾਣਾ ਕਰ ਗਈ। ਤੋਖੇ ਨੂੰ ਆਖ਼ਰ ਇੱਕ ਕਤਾਈ ਮਿੱਲ ਵਿੱਚ ਚੌਕੀਦਾਰੇ ਦੀ ਨੌਕਰੀ ਮਿਲ ਗਈ। ਉਨ੍ਹਾਂ ਦਾ ਚੁੱਲ੍ਹਾ ਤੁਰਨ ਲੱਗ ਪਿਆ ਕੁਝ। ਇੱਕ ਦਿਨ ਬੰਬ ਧਮਾਕਾ ਹੋਇਆ। ਮਿੱਲ ਦੇ ਚਾਰ ਬੰਦੇ ਮਾਰੇ ਗਏ, ਉਨ੍ਹਾਂ ਵਿੱਚ ਤੌਖਾ ਵੀ ਸੀ। ਨਿੰਮੋ ਇਕੱਲੀ ਰਹਿ ਗਈ।

ਨਿੰਮੋ ਲਈ ਦੁਨੀਆ ਹਨੇਰ ਹੋ ਗਈ। ਦਿਨ ਚੜ੍ਹਦਾ ਸੀ, ਛਿਪਣ ਵਿੱਚ ਨਾ ਆਉਂਦਾ। ਰਾਤ ਪੈਂਦਾ, ਮੁੱਕਦੀ ਹੀ ਨਾ। ਢਿੱਡ ਵਿੱਚ ਗੋਡੇ ਦੇ ਕੇ ਉਹ ਮੰਜੇ ਦਾ ਦਮ ਦੇਖਦੀ। ਦਿਮਾਗ਼ ਤਾਂ ਸੁੰਨ ਸੀ। ਮਾਸ ਵਿੱਚ ਲਹੂ ਕਿਧਰੇ ਨਹੀਂ ਰਹਿ ਗਿਆ ਸੀ। ਮੱਥੇ ਦਾ ਇਲਾਜ ਤਾਂ ਕੀ ਹੋਵੇਗਾ, ਢਿੱਡ ਨੂੰ ਕੌਣ ਸਮਝਾਵੇ? ਬੰਦੇ ਬਗ਼ੈਰ ਉਹ ਕੱਟ ਲਵੇਗੀ, ਢਿੱਡ ਦਾ ਕੀ ਹੀਲਾ ਕਰੇ? ਜਵਾਨੀ ਨੂੰ ਮੰਗਣਾ ਵੀ ਕੀ ਆਖੇ, ਸੌ ਊਜਾਂ। ਉਹ ਦੇ ਗੁਆਂਢੀ ਰੁੱਘੇ ਨੇ ਤਰਸ ਕੀਤਾ ਤੇ ਉਹ ਨੂੰ ਦੋਹੇਂ ਵੇਲਿਆਂ ਦੀ ਰੋਟੀ ਦੇਣ ਲੱਗਿਆ।

ਰੁੱਘਾ ਵੀ ਨੇੜੇ ਦੇ ਪਿੰਡਾਂ ਪੁੱਟਿਆ-ਠੰਡਿਆ ਏਥੇ ਇਸ ਨਵੀਂ ਬਸਤੀ ਵਿੱਚ ਨਵਾਂ-ਨਵਾਂ ਆ ਕੇ ਵੱਸਿਆ ਸੀ। ਸਾਈਕਲ 'ਤੇ ਪਿੰਡਾਂ ਤੋਂ ਦੁੱਧ ਲੈ ਕੇ ਆਉਂਦਾ ਤੇ ਹਲਵਾਈਆਂ ਦੇ ਪਾ ਦਿੰਦਾ। ਉਹ ਨੂੰ ਚੰਗੀ ਆਮਦਨ ਸੀ। ਤੋਖੇ ਨਾਲ ਉਹ ਦੀ ਕੰਧ ਸਾਂਝੀ ਸੀ। ਦਿਨੋ-ਦਿਨ ਉਹ ਆਪਣਾ ਕੰਮ ਵਧਾਉਂਦਾ ਜਾ ਰਿਹਾ ਸੀ। ਇੱਕ ਕਮਰੇ ਵਾਲਾ ਮਕਾਨ ਸੀ ਉਹਦਾ। ਕੁਝ ਸਾਲਾਂ ਵਿੱਚ ਹੀ ਉਹ ਨੇ ਮੋਟਰ ਸਾਈਕਲ ਲੈ ਲਿਆ। ਦੁੱਧ ਵਾਲੇ ਢੋਲ ਵੱਡੇ ਹੋ ਗਏ। ਆਪਣੀ ਰੋਟੀ ਆਪ ਪਕਾਉਂਦਾ।

ਦਿਨਾਂ ਵਿੱਚ ਹੀ ਚਰਚਾ ਹੋਣ ਲੱਗੀ-'ਰੁੱਘਾ ਉੱਚੀ ਕੁੱਲ ਦਾ ਹੋ ਕੇ ਨਿੰਮੋ ਦੇ ਹੱਥ ਦੀਆਂ ਪੱਕੀਆਂ ਖਾਂਦੈ। ਦੁਨੀਆਂ ਗਰਕਣ ਤੇ ਆ 'ਗੀ ਭਾਈ। ਧਰਮ ਤਾਂ ਕੋਈ ਰਹਿ ਈ ਨ੍ਹੀਂ ਗਿਆ। ਜਾਤ-ਕੁਜਾਤ ਇੱਕ ਹੋ 'ਗੀ।'


ਦੁਰ-ਚਰਚਾ ਦੀ ਪਰਵਾਹ ਨਾ ਕਰਦਿਆਂ ਰੁੱਘੇ ਨੇ ਸਗੋਂ ਕੰਧ ਦੀਆਂ ਪੰਦਰਾਂ ਦਿੰਟਾਂ ਕੱਢੀਆਂ ਤੇ ਆਉਣ-ਜਾਣ ਦਾ ਰਾਹ ਬਣਾ ਲਿਆ। ਗਲੀ ਦੇ ਲੋਕ ਉਹਦੇ ਵੱਲ ਗਹੁ ਨਾਲ ਝਾਕਦੇ ਤੇ ਮੁਸਕੜੀਏਂ ਹੱਸਣ ਲੱਗਦੇ। ਦੋਵਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੀ। ਨਿੰਮੋ ਨੂੰ ਰੋਟੀ ਮਿਲਦੀ ਸੀ, ਰੁੱਘੇ ਨੂੰ ਤੀਵੀਂ। ਨਿੰਮੋ ਆਖਦੀ, 'ਮੈਨੂੰ ਤੂੰ ਕੋਈ ਹੋਰ ਲੱਗਦਾ ਈ ਨ੍ਹੀਂ। ਓਸ ਵੇਲੇ ਜਮ੍ਹਾਂ ਈ ਤੋਖੇ ਦਾ ਰੂਪ ਹੁੰਨੈ ਤੂੰ। ਸੱਚ ਜਾਣ ਤੇਰਾ ਚਿਹਰਾ ਬਦਲ ਜਾਂਦੈ-ਓਹੀ ਨੱਕ, ਓਹੀ ਔਖਾਂ, ਓਹੀ ਮੱਥਾ, ਹੱਥ-ਪੈਰ ਵੀ ਓਹੀ, ਸਾਰਾ ਕੁਸ਼ ਓਸੇ ਦਾ।'

ਰੁੱਘਾ ਗੱਲ ਕਰਦਾ ਤੇ ਨੀਵੀਂ ਪਾ ਲੈਂਦਾ। ਖਿਆਲਾਂ ਵਿੱਚ ਗੜੂੰਦ ਉਹ ਨੂੰ ਆਪਣੀ ਔਰਤ ਯਾਦ ਆਉਣ ਲੱਗਦੀ। ਉਹ ਵੀ ਇਸੇ ਤਰ੍ਹਾਂ ਦੀਆਂ ਨਿੱਕੀਆਂਨਿੱਕੀਆਂ ਅਜੀਬ ਗੱਲਾਂ ਕਰਿਆ ਕਰਦੀ। ਆਖਦੀ ਹੁੰਦੀ-'ਸਹੁੰ ਭਾਈ ਦੀ, ਰੁੱਘਿਆ, ਮੈਨੂੰ ਤੇਰੇ ਵਿੱਚ ਦੀ ਸਾਹ ਆਉਂਦੈ, ਤੈਨੂੰ ਸਾਰੇ ਦੇ ਸਾਰੇ ਨੂੰ ਨਿਗ਼ਲ ਲਵਾਂ।'

ਬਸਤੀ ਦੇ ਲੰਡਰ ਮੁੰਡੇ ਵੀ ਨਿੰਮੋ ਦੇ ਘਰ ਗੇੜਾ ਮਾਰਦੇ। ਕਦੇ ਕੋਈ ਆਉਂਦਾ, ਕਦੇ ਕੋਈ। ਜਿਹੜਾ ਵੀ ਆਉਂਦਾ, ਖਾਸਾ-ਖਾਸਾ ਚਿਰ ਨਿੰਮੋ ਦੇ ਵਿਹੜੇ ਵਿੱਚ ਬੈਠਾ ਰਹਿੰਦਾ। ਗੱਲਾਂ ਮਾਰਦਾ। ਪਰ ਉਹ ਅਸਲੀ ਗੱਲ ’ਤੇ ਆਉਂਦੀ-ਆਉਂਦੀ ਤਿਲ੍ਹਕ ਜਾਂਦੀ। ਉਹ ਦਾ ਸੁਭਾਓ ਕੂਲਾ ਸੀ। ਭੁਲੇਖਾ ਪੈਂਦਾ, ਜਿਵੇਂ ਹਰ ਕੋਈ ਉਹ ਨੂੰ ਆਪਣੇ ਵੱਸ ਵਿੱਚ ਕਰ ਸਕਦਾ ਹੈ। ਕੋਈ ਅੰਦਰ ਬੈਠਾ ਹੁੰਦਾ ਤਾਂ ਉਹ ਦਰਵਾਜ਼ੇ ਦਾ ਬਾਰ ਖੁੱਲ੍ਹਾ ਰੱਖਦੀ। ਸਾਹਮਣੇ ਵਿਹੜੇ ਵਿੱਚ ਬੈਠਦੀ। ਕੋਈ ਉੱਠਣ ਵਿੱਚ ਹੀ ਨਾ ਆਉਂਦਾ ਤਾਂ ਉਹ ਭਾਂਡਾ-ਟੀਂਡਾ ਖੜਕਾਉਣ ਲੱਗਦੀ, ਬਹੁਕਰ ਲੈ ਕੇ ਵਿਹੜਾ ਸੁੰਭਰਦੀ ਫਿਰਦੀ। ਮੁੰਡੇ ਆਉਣੋਂ ਹਟਦੇ ਨਹੀਂ ਸੀ। ਉਹ ਵੀ ਕਿਸੇ ਨੂੰ ਰੁੱਖਾ ਬੋਲ ਕੇ ਵਰਜਦੀ ਟੋਕਦੀ ਨਹੀਂ ਸੀ। ਉਹ ਦੇ ਅੰਦਰ ਡਰ ਬੈਠ ਗਿਆ ਸੀ, ਇਹ ਮੁੰਡੇ ਕਿਤੇ ਉਹ ਨੂੰ ਊਂ ਖਰਾਬ ਨਾ ਕਰਨ ਲੱਗ ਪੈਣ। ਉਹ ਸੋਚਦੀ, ਆਉਂਦੇ ਨੇ, ਮੂੰਹ ਦੀ ਮਗਜਾਲੀ ਮਾਰ ਕੇ ਵਗ ਜਾਂਦੇ ਨੇ। ਉਹ ਦਾ ਕੀ ਲੈ ਜਾਂਦੇ ਨੇ? ਇਹ ਹਿੰਮਤ ਕਿਸੇ ਦੀ ਨਹੀਂ ਸੀ ਕਿ ਕੋਈ ਉਹ ਦੀ ਬਾਂਹ ਮੱਲੋਜ਼ੋਰੀ ਫੜ ਲਵੇ।

ਤੇ ਫਿਰ ਮੁਹੱਲੇ ਵਿੱਚ ਇਹ ਚਰਚਾ ਆਮ ਹੋ ਗਈ ਕਿ ਉਹ ਬਦਕਾਰ ਔਰਤ ਹੈ। ਮੁੰਡਿਆਂ ਨੂੰ ਖਰਾਬ ਕਰਦੀ ਹੈ। ਘਰ ਦਾ ਕੰਮ ਛੱਡ ਕੇ ਮੁੰਡੇ ਉਹ ਦੇ ਅੰਦਰ ਵੜੇ ਰਹਿੰਦੇ ਹਨ। ਕੋਈ ਕਹਿੰਦਾ ਸੀ, ਕੱਢੋ ਇਹ ਨੂੰ ਐਥੋਂ। ਧੀਆਂ-ਭੈਣਾਂ ਆਲੇ ਆਂ, ਕੀ ਅਸਰ ਪੈਂਦਾ ਹੋਊ।'

ਹੋਰ ਕੋਈ ਆਖਦਾ, 'ਇਹ ਕੀ ਕਿਸੇ ਨੂੰ ਆਪ ਸੱਦ ਕੇ ਲਿਆਉਂਦੀ ਐ? ਜੀਹਨੂੰ ਬੁਰਾ ਲੱਗਦੈ ਨਾ ਜਾਣ ਦੇਵੇ ਭਾਈ ਆਵਦੇ ਮੁੰਡੇ ਨੂੰ ਇਹ ਦੇ ਕੋਲ।'

ਖੁੱਲ੍ਹੀ ਬੁੱਕਲ ਵਾਲਾ ਕੋਈ ਰੁੱਘੇ ਨੂੰ ਮੱਤਾਂ ਦੇਣ ਲੱਗਦਾ, 'ਕੰਜਰ ਦਿਆ ਬਾਮ੍ਹਣਾ ਉਹ ਤੇਰੇ ਹੱਥਾਂ 'ਚੋਂ ਗਈ ਖੜ੍ਹੀ ਐ। ਉਹ ਨੂੰ ਆਖਦਾ ਕਿਉਂ ਨ੍ਹੀਂ, ਅੰਦਰਲਾ ਕੁੰਡਾ ਲਾ ਕੇ ਰੱਖਿਆ ਕਰੇ। ਕੁਤੀੜ ਅੰਦਰ ਵਾੜੀ ਰੱਖਦੀ ਐ। ਇੱਕ ਨਿਕਲਦੈ, ਦੂਜਾ ਜਾ ਵੜਦੈ।'

ਰੁੱਘਾ ਹੱਸ ਪੈਂਦਾ, 'ਆਪਾਂ ਕੀ ਉਹ ਦੇ ਨਾਲ ਫੇਰੇ ਲਏ ਹੋਏ ਐ?' ਆਵਦੇ ਬਰ੍ਹਮ 'ਚ ਜੋ ਮਰਜ਼ੀ ਕਰੇ, ਆਪਾਂ ਨੂੰ ਕੀ। ਵਿਚੇ ਆਪਣੀ ਗੁੱਲੀ ਰੜ੍ਹੀ ਜਾਂਦੀ ਐ।'

'ਓਏ ਸਾਲਿਆ ਮੇਰਿਆ,ਕਾਠੀ ਪਾਉਣੀ ਐ, ਸੰਵਾਰ ਕੇ ਪਾ, ਜਾਂ ਛੱਡ ਖਹਿੜਾ।'

‘ਸੰਵਾਰ ਕੇ ਕਿਮੇਂ?' ਰੁੱਘਾ ਹੱਸ ਰਿਹਾ ਹੁੰਦਾ।

'ਉਹ ਨੂੰ ਆਖ, ਵੱਢ ਦੂੰ ਲੱਤਾਂ, ਜੇ ਮੇਰੇ ਬਗ਼ੈਰ ਕਿਸੇ ਨਾਲ ਕਲਾਮ ਕੀਤੀ ਐ। ਐਨਾ ਵੀ ਨ੍ਹੀਂ ਕਰ ਸਕਦਾ?'

‘ਓ, ਇਹ ਨਰ ਤੀਮੀਂ ਐ। ਕਿੰਨਾ ਕੋਈ ਆਈਂ ਜਾਵੇਂ, ਮੂੰਹ ਦੀ ਭੁਕਾਈ ਮਾਰੀ ਜਾਵੇ, ਇਹ ਐਹੀ ਜ੍ਹੀ ਨ੍ਹੀਂ।’ ਰੁੱਘਾ ਅੱਖਾਂ ਵਿੱਚ ਗਹਿਰ ਭਰ ਕੇ ਜਵਾਬ ਦਿੰਦਾ।

‘ਸਾਰਾ ਮੁਹੱਲਾ ਤਰਾਹ-ਤਰਾਹ ਕਰਦੈ।'

'ਕੀ ਤਰਾਹ-ਤਰਾਹ ਕਰਦੈ?'

‘ਜੋ ਇਹ ਕਰਦੀ ਐ।'

'ਕੀ ਕਰਦੀ ਐ?'

‘ਤੈਨੂੰ ਨ੍ਹੀਂ ਪਤਾ?'

‘ਸਭ ਪਤੈ। ਮੈਨੂੰ ਸਭ ਦੱਸਦੀ ਐ ਏਹੇ। ਕੌਣ ਆਇਆ, ਕੀ ਗੱਲਾਂ ਕਰਕੇ ਗਿਐ। ਕਿਹੜੇ ਦੀ ਅੱਖ ਕਿੰਨੀ ਮੈਲੀ ਐ।'

‘ਫੇਰ, ਇਹ ਰੋਕੇ ਉਨ੍ਹਾਂ ਨੂੰ।'

‘ਇੱਕ ਦਿਨ ਇਹ ਵੀ ਹੋਜੂ।'

'ਕੀ ਹੋਜੂ?'

‘ਇਹ ਵੀ ਦੇਖ ਲੀਂ, ਤੇਰੇ ਸਾਹਮਣੇ ਹੋਊ।'ਰੁੱਘੇ ਦਾ ਰਹੱਸ ਅਗਲੇ ਦੀ ਸਮਝ ਤੋਂ ਪਰ੍ਹੇ ਹੁੰਦਾ।

ਤਿੰਨ ਦਿਨਾਂ ਤੋਂ ਰੁੱਘਾ ਤੇ ਨਿੰਮੋ ਬਸਤੀ ਵਿੱਚ ਨਹੀਂ ਸਨ। ਤਿੰਨ ਦਿਨ, ਤਿੰਨ ਰਾਤਾਂ ਉਨ੍ਹਾਂ ਦੇ ਘਰਾਂ ਨੂੰ ਬਾਹਰੋਂ ਜਿੰਦਰੇ ਲੱਗੇ ਰਹੇ। ਉਹ ਆਏ ਤਾਂ ਬਸਤੀ ਵਿੱਚ ਸਭ ਦੇ ਦੰਦ ਜੁੜੇ ਦੇ ਜੁੜੇ ਰਹਿ ਗਏ। ਉਹ ਪਤੀ-ਪਤਨੀ ਬਣ ਕੇ ਆਏ ਸਨ। ਦੂਰ ਕਿਧਰੇ ਜਾ ਕੇ ਕਿਸੇ ਮੰਦਰ ਵਿੱਚ ਰੁੱਘੇ ਨੇ ਨਿੰਮੋ ਨਾਲ ਫੇਰੇ ਪੜ੍ਹਵਾ ਲਏ ਸਨ।

ਉਹ ਅੱਜ ਆਏ ਤੇ ਕੱਲ੍ਹ ਨੂੰ ਦੋਵੇਂ ਘਰਾਂ ਵਿਚਕਾਰਲੀ ਕੰਧ ਨਹੀਂ ਸੀ। ਦੋਵੇਂ ਘਰਾਂ ਦਾ ਇੱਕ ਬਣਿਆ ਪਿਆ ਸੀ। ਗਲੀ ਦੀਆਂ ਤੀਵੀਆਂ ਨਿੰਮੋ ਕੋਲ ਗਈਆਂ ਤਾਂ ਉਹਨਾਂ ਨੇ ਹੱਸ-ਹੱਸ ਸਾਰੀ ਗੱਲ ਦੱਸੀ। ਰੱਘਾ ਵੀ ਚਾਂਭਲ-ਚਾਂਭਲ ਸਭ ਦੱਸ ਰਿਹਾ ਸੀ।

ਤੇ ਫਿਰ ਇੱਕ ਦਿਨ, ਦੋ ਦਿਨ, ਤੀਜੇ ਦਿਨ ਨੂੰ ਬੇਥਵੀਆਂ ਗੱਲਾਂ ਦਾ ਧੂੰਆ ਉੱਠਣ ਲੱਗਿਆ। ਵੱਡੀ ਉਮਰ ਦੇ ਬੰਦੇ ਲਾਹਣਤਾਂ ਪਾ ਰਹੇ ਸਨ। ਅਖੇ, 'ਉੱਚੀ ਜਾਤ ਦੇ ਘਰ ਜਨਮ ਲੈ ਕੇ ਇਹ ਕੀ ਕੀਤਾ ਸਹੁਰੇ ਨੇ?'

ਕੋਈ ਆਖਦਾ ਸੀ, 'ਇਹ ਤਾਂ ਕਲੰਕ ਖੱਟ ਲਿਆ ਰੁੱਘੇ ਨੇ।'

‘ਕੱਲ੍ਹ ਨੂੰ ਆਪਣੇ ’ਚੋਂ ਹੋਰ ਕੋਈ ਕਰੂ ਇਉਂ ਈ।

‘ਇਹੀ ਤਾਂ ਹੈ, ਧਰਮ ਕਿੱਥੇ ਰਹਿ ਗਿਆ ਬੰਦੇ ਦਾ?'

‘ਪੱਟੀ ਮੇਸ ਆਲਾ ਜਾਤ-ਕੁਜਾਤ ਤਾਂ ਦੇਖ ਲੈਂਦਾ। ਗੰਦਾ ਖਾਣਾ ਸੀ, ਹੋਰ ਕਿਧਰੇ ਖਾ ਲੈਂਦਾ। ਆਵਦੀ ਬਰਾਦਰੀ ਦੀਆਂ ਕਿਹੜਾ ਮੁੱਕ 'ਗੀਆਂ ਸੀ।'

‘ਇਹ ਨੂੰ ਕੱਢੋ ਯਾਰ ਮੁਹੱਲੇ ਚੋਂ। ਜਾਹ ਬਈ, ਲੈ ਜਾ ਆਵਦੀ ਨੂੰ।’ ਕਿਸੇ ਨੇ ਤੱਤਾ ਬੋਲ ਕੱਢ ਦਿੱਤਾ।

'ਠੀਕ ਐ, ਇਹ ਨੇ ਤਾਂ ਲਾਜ ਲਾ 'ਤੀ ਆਵਦੀ ਕੁਲ ਨੂੰ। ਮੁਹੱਲੇ ’ਚ ਰਹਿਣ ਦਾ ਹੁਣ ਇਹ ਦਾ ਕੋਈ ਹੱਜ ਨ੍ਹੀਂ।

‘ਦੇਖੇ ਕੋਈ, ਕਿਮੇਂ ਕੰਨ ’ਤੇ ਜਨੇਊ ਜ੍ਹਾ ਟੰਗੀਂ ਫਿਰੂ ਸਾਲਾ ਮੇਰਾ।'

‘ਰਹਿਤ-ਮਰਯਾਦਾ ਤਾਂ ਪੂਰੀ ਰਖਦੈ, ਆਵਦੀ ਜਾਣ 'ਚ।'

‘ਤੇ ਕਰਤੂਤ?'

‘ਕਰਤੂਤ ਸਾਹਮਣੇ ਐ।" ਗੱਲਾਂ ਕਰਨ ਵਾਲੇ ਉੱਚਾ ਹੱਸਣ ਲੱਗੇ।

ਦੌਲੀ ਬੁੜ੍ਹਾ ਖਾਸੇ ਚਿਰ ਦਾ ਸਭ ਦੀਆਂ ਸੁਣੀ ਜਾਂਦਾ ਸੀ।ਬੋਲਿਆ, 'ਰੁੱਘੇ ਦੇ ਤਾਂ ਪੈਰ ਧੋ-ਧੋ ਪੀਓ ਭਾਈ।'

‘ਦੌਲਤ ਰਾਮਾ, ਇਹ ਕਿਮੇਂ?' ਉਹ ਦੀ ਗੱਲ 'ਤੇ ਸਾਰੇ ਹੈਰਾਨ ਸਨ।

'ਪਰੋਪਕਾਰੀ ਕੰਮ ਕੀਤੈ ਡੂੰਘੇ ਨੇ।’ ਦੌਲੀ ਗੰਭੀਰ ਹੋ ਕੇ ਬੋਲ ਰਿਹਾ ਸੀ।

'ਪਰਉਪਕਾਰ? ਸੁਣ ਲਓ ਬਈ।' ਹਾਸੇ ਦੇ ਫ਼ਵਾਰੇ ਅਸਮਾਨੀਂ ਚੜ੍ਹ ਗਏ।

'ਲਾਲਾ ਜੀ, ਹੋਸ਼ 'ਚੋਂ?' ਕਿਸੇ ਨੇ ਦੌਲੀ ਬੁੜ੍ਹੇ ਦੀ ਬਾਂਹ ਫੜੀ।

'ਉਹ ਨੇ ਮੁੰਡੇ ਬਚਾ 'ਲੇ।'

‘ਮੁੰਡੇ ਬਚਾ ਲੇ?'

'ਹਾਂ, ਹੁਣ ਉਹ ਰੁੱਘੇ ਦੀ ਘਰਵਾਲੀ ਐ। ਆਪੇ ਨਿਗਾਹ ਰੱਖੂ ਉਹ ਦੀ। ਮੁੰਡੇ ਬਚ 'ਗੇ। ਮੁਹੱਲੇ ’ਤ ਪਰੋਪਕਾਰ ਕੀਤੇ ਇੱਕ ਤਰ੍ਹਾਂ ਦਾ ਰੁੱਘੇ ਨੇ। ਸੋਚ ਦੇ ਦੇਖੋ।'

ਦੌਲੀ ਦੀ ਗੱਲ ਵਾਕਿਆ ਹੀ ਸੋਚਣ ਵਾਲੀ ਸੀ।♦