ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਭੀੜ ਵਿੱਚ ਗੁਆਚਿਆ ਚਿਹਰਾ

ਵਿਕੀਸਰੋਤ ਤੋਂ

ਕਈ ਮਹੀਨਿਆਂ ਬਾਅਦ ਅੱਜ ਮੈਂ ਬਾਜ਼ਾਰ ਵਿਚ ਆਇਆ ਹਾਂ। ਸਦਰ ਬਾਜ਼ਾਰ ਵਿਚ। ਦਿਨ ਢਲ ਰਿਹਾ ਹੈ, ਬਾਜ਼ਾਰ ਦੀ ਰੋਣਕ ਵਧ ਰਹੀ ਹੈ। ਰੌਣਕ ਨਹੀਂ, ਬਜ਼ਾਰ ਦੀ ਭੀੜ ਵਧ ਰਹੀ ਹੈ। ਉੱਖੜੀਆਂ ਉੱਖੜੀਆਂ ਅੱਖਾਂ ਨਾਲ ਮੈਂ ਚਿਹਰੇ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਇੱਕ ਚਿਹਰਾ ਅਜੇ ਸੰਵਾਰ ਕੇ ਦੇਖਿਆ ਵੀ ਨਹੀਂ ਹੁੰਦਾ ਕਿ ਦੂਜਾ ਸਾਹਮਣੇ ਆ ਜਾਂਦਾ ਹੈ। ਇਸੇ ਤਰ੍ਹਾਂ ਤੀਜਾ, ਚੌਥਾ ਤੇ ਕਿੰਨੇ ਹੀ ਬੇਪਛਾਣ ਚਿਹਰੇ। ਬੇਪਛਾਣ? ਨਹੀਂ। ਲੱਗਦਾ ਹੈ, ਜਿਵੇਂ ਹਰ ਚਿਹਰੇ ਨੂੰ ਹੀ ਮੈਂ ਜਾਣਦਾ ਹਾਂ। ਹਰ ਚਿਹਰੇ ਦੀ ਜਿਵੇਂ ਪਹਿਲਾਂ ਤੋਂ ਹੀ ਮੇਰੇ ਨਾਲ ਬੱਝੀ ਸਾਂਝ ਜਿਹੀ ਹੋਵੇ। ਮਨ ਵਿਚ ਸ਼ੰਕਾ ਉੱਠਦਾ ਹੈ ਜਾਣਦਾ ਤਾਂ ਹਾਂ ਪਰ ਭੁੱਲ ਗਿਆ ਹਾਂ। ਆਪਣੇ ਦਿਮਾਗ਼ ਵਿਚੋਂ ਚਿੱਟਾ ਬੱਦਲ ਪਰ੍ਹੇ ਹਟਾਉਣ ਦੀ ਕੋਸ਼ਿਸ਼ ਕਰਦਾ ਹਾਂ। ਨੀਵੀਂ ਪਾਈ ਹੋਈ ਹੈ। ਅੱਖਾਂ ਦੇ ਜ਼ਾਵੀਏ ਧਰਤੀ ਵਿਚ ਸ਼ਾਇਦ ਦੂਰ ਤੀਕ ਜਾ ਧਸੇ ਹਨ। ਭੁੱਲ ਦਾ ਬਦਲ ਜਰਾ ਕੁ ਹਲਕਾ ਪਿਆ ਹੈ। ਨਜ਼ਰਾਂ ਉਠਾਉਂਦਾ ਹਾਂ। ਪਲਕਾਂ ਦੇ ਛੱਪਰ ਭਾਰੇ ਹਨ। ਉਹ ਚਿਹਰਾ ਤਾਂ ਉੱਥੇ ਹੈ ਹੀ ਨਹੀਂ। ਭੀੜ ਵਿਚ ਪਤਾ ਨਹੀਂ ਕਿੱਥੇ ਚਲਿਆ ਗਿਆ ਹੈ। ਕਿਤੇ ਦੀ ਕਿਤੇ ਲੰਘ ਗਿਆ ਹੈ। ਚਿਹਰਿਆਂ ਦੀ ਭੀੜ ਵਿਚ ਮੈਂ ਇਕੱਲਾ ਹਾਂ। ਆਪਣਾ ਚਿਹਰਾ ਵੀ ਮੈਥੋਂ ਗੁਆਚ ਜਾਣਾ ਚਾਹੁੰਦਾ ਹੈ।

ਪੈਰਾਂ ਵਿਚ ਕਾਲੇ ਚਮੜੇ ਦੀਆਂ ਚਪਲੀਆਂ। ਓਹੀ ਹਲਕਾ ਪੀਲਾ ਬਲਾਊਜ਼, ਓਹੀ ਬਿਸਕੁਟੀ ਰੰਗ ਦੀ ਸਾੜ੍ਹੀ-ਕੰਨੀ 'ਤੇ ਦੋ ਬਰੀਕ ਬਰੀਕ ਕਾਲੀਆਂ ਧਾਰੀਆਂ। ਬਿਲਕੁਲ ਉਹੀ। ਇਹ ਤਾਂ ਉਹੀ ਹੈ, ਪਰ ਐਨੀ ਮੋਟੀ ਕਿਉਂ ਹੋ ਗਈ? ਸੋਚਦਾ ਹਾਂ-ਵਿਆਹ ਕਰਵਾਉਣ ਪਿੱਛੋਂ ਕੁੜੀਆਂ ਅਕਸਰ ਮੋਟੀਆਂ ਹੋ ਜਾਂਦੀਆਂ ਹਨ। ਮੈਂ ਸੋਚ ਵਾਲੀ ਰੇਖਾ ਤੋਂ ਪੱਲਾ ਛੁਡਾਉਂਦਾ ਹਾਂ ਤੇ ਅੱਖਾਂ ਝਮਕਦਾ ਹਾਂ। ਉਹ ਤਾਂ ਕਿੰਨੀ ਹੀ ਦੂਰ ਨਿਕਲ ਗਈ ਹੈ। ਉਸ ਦਾ ਤਾਂ ਸਿਰ ਹੀ ਸਿਰ ਦਿਸਦਾ ਹੈ ਜਾਂ ਮੋਢੇ ਤੇ ਜਾਂ ਕਦੇ ਕਦੇ ਵੱਖੀਆਂ ਤੋਂ ਥੱਲੇ ਸਾੜ੍ਹੀ ਵਿਚ ਲਿਪਟੇ ਬੇਮਮੂਲੇ ਜਿਹੇ ਢਾਕਾਂ ਦੇ ਉਭਾਰ। ਮੇਰੀ ਸੋਚ ਵਿਚ ਮਨਫ਼ੀ ਦਾ ਚਿੰਨ੍ਹ ਪਤਾ ਨਹੀਂ ਕਿੱਥੋਂ ਆ ਚਿਪਕਦਾ ਹੈ। ਇਹ ਉਹ ਨਹੀਂ ਸੀ। ਉਹ ਹੁੰਦੀ ਤਾਂ ਝਾਕ ਦੀ ਨਾ? ਝਾਕਦੀ ਤਾਂ ਥਾਂ ਦੀ ਥਾਂ ਠਹਿਰ ਜਾਂਦੀ? ਕਿੰਨੇ ਤਾਂ ਖ਼ਤ ਪਾਏ ਸਨ, ਉਸ ਨੇ... 'ਬਸ ਇਕ ਵਾਰੀ ਆ ਕੇ ਮਿਲ ਜਾਓ ਮੈਨੂੰ। ਜੇ ਨਹੀਂ ਮਿਲਣਾ ਤਾਂ ਤੁਹਾਡੀ ਮਰਜ਼ੀ। ਤੁਹਾਡੇ 'ਤੇ ਮੇਰਾ ਕੀ ਜ਼ੋਰ ਹੈ? ਪਰ ਮੈਨੂੰ ਮਿਲੋ ਵੀ ਕਿਉਂ ਤੁਸੀਂ? ਫਸਾ ਲਿਆ ਹੋਣੈ ਕਿਸੇ ਸੌਕਣ ਮੇਰੀ ਨੇ ਤੁਹਾਨੂੰ। ਸੁਣਿਐ? ਹੁਣ ਤਾਂ ਪਰੀਆਂ ਵਰਗੀਆਂ ਕੁੜੀਆਂ ਵਿਚ ਰਹਿੰਦੇ ਹੋ। ਬੱਸ, ਮੈਂ ਜਾਣ ਗਈ। ਮੇਰੀ ਕਦਰ ਹੁਣ ਕਿੱਥੇ।' ਸਦਰ ਬਜ਼ਾਰ ਵਿਚ ਪਿੱਪਲ ਵਾਲੀ ਪਾਨਾਂ ਦੀ ਦੁਕਾਨ ਕੋਲ ਖੜ੍ਹਾ ਮੈਂ ਆਪਣੇ ਸਾਈਕਲ ਦੀ ਜ਼ਰ ਖਾਧੀ ਟੱਲੀ ਵੱਲ ਬੜੇ ਗਹੁ ਨਾਲ ਦੇਖ ਰਿਹਾ ਹਾਂ। ਟੱਲੀ ਵੱਲ ਤਾਂ ਮੇਰੀਆਂ ਅੱਖਾਂ ਹੀ ਅੱਖਾਂ ਹਨ, ਅਸਲ ਵਿਚ ਮੇਰੇ ਦਿਮਾਗ਼ ਦੀ ਤੇਜ਼ ਘੁੰਮ ਰਹੀ ਚਰਖ਼ੜੀ ਤੇ ਇੱਕ ਖ਼ਾਸ ਚਿਹਰੇ ਦੀ ਰੀਲ ਚੜ੍ਹੀ ਹੋਈ ਹੈ। ਚਿਹਰਾ ਜੋ ਸ਼ਾਇਦ ਹੁਣੇ ਹੀ ਮੇਰੇ ਕੋਲ ਦੀ ਲੰਘ ਗਿਆ ਹੈ।

ਇਕਦਮ ਮੈਂ ਸਾਈਕਲ 'ਤੇ ਸਵਾਰ ਹੁੰਦਾ ਹਾਂ ਤੇ ਪੈਡਲਾਂ ਨੂੰ ਤੇਜ਼ ਤੇਜ਼ ਘੁਮਾਉਂਦਾ ਹਾਂ। ਰਸਤੇ ਵਿਚ ਆਉਂਦੇ ਜਾਂਦੇ ਸਭ ਇਸਤਰੀ ਚਿਹਰਿਆਂ 'ਤੇ ਮੇਰੀ ਨਿਗਾਹ ਪੋਚਾ ਦੇ ਰਹੀ ਹੈ। ਕੋਈ ਵੀ ਚਿਹਰਾ ਉਸ ਚਿਹਰੇ ਨਾਲ ਮਿਲਦਾ ਜੁਲਦਾ ਨਹੀਂ ਹੈ। ਠੰਡੇ ਪਾਣੀ ਦੀ ਖੂਹੀ ਕੋਲ ਜਾ ਕੇ ਮੈਂ ਸਾਈਕਲ ਤੋਂ ਉਤਰ ਜਾਂਦਾ ਹਾਂ, ਐਡੀ ਦੂਰ ਤਾਂ ਉਹ ਆ ਨਹੀਂ ਸਕਦੀ ਹੁਣ ਤੀਕ। ਪਰ ਫਿਰ ਸੋਚ ਦਾ ਘੋੜਾ ਸਰਪਟ ਦੌੜਦਾ ਹੈ, ਸ਼ਾਇਦ ਤੇਜ਼ ਕਦਮ ਪੁੱਟ ਲਏ ਹੋਣ ਉਸ ਨੇ ਸਾਈਕਲ ਦੇ ਪੈਡਲ 'ਤੇ ਪੱਬ ਰੱਖਦਾ ਹਾਂ ਤੇ ਕਿੰਨੇ ਹੀ ਅਣਜਾਣ ਚਿਹਰਿਆਂ ਵੱਲ ਬੇਲੋੜੇ ਧਿਆਨ ਨਾਲ ਦੇਖਦਾ ਹੋਇਆ 'ਗਾਂਧੀ ਰਿਕਸ਼ਾ ਸਟੈਂਡ' ਦੇ ਸਾਹਮਣੇ ਆ ਠਹਿਰਦਾ ਹਾਂ। ਮਨ ਵਿਚ ਹਲਕੀ ਜਿਹੀ ਸ਼ਰਾਰਤੀ ਪੁੱਛ ਪੈਦਾ ਹੋਈ ਹੈ, "ਕਿਉਂ ਜੀ, ਗਾਂਧੀ ਰਿਕਸ਼ਾ ਚਲਾਉਂਦਾ ਹੁੰਦਾ ਸੀ? ਮੈਂ ਤਾਂ ਪਿੱਪਲ ਵਾਲੀ ਪਾਨਾਂ ਦੀ ਦੁਕਾਨ ਤੋਂ ਸਿੱਧੀ ਸੜਕ ਠੰਡੇ ਪਾਣੀ ਵਾਲੀ ਖੂਹੀ ਤੀਕ ਤੇ ਫਿਰ ਉੱਥੋਂ ਸਿੱਧਾ ਹੀ ਰਿਕਸ਼ਾ ਸਟੈਂਡ ਤੀਕ ਸਾਈਕਲ ਦਾ ਚੱਕਰ ਚੂੰਢਾ ਬਣਾ ਲਿਆਇਆ ਹਾਂ, ਹੋ ਸਕਦਾ ਹੈ ਉਹ ਕਿਸੇ ਗਲੀ ਦਾ ਮੋੜ ਕੱਟ ਗਈ ਹੋਵੇ? ਗਲੀਆਂ ਵਿਚ ਹੁਣ ਕੌਣ ਭੌਂਕਦਾ ਫਿਰੇ। ਹੁਣ ਮੈਂ ਸਾਈਕਲ 'ਤੇ ਨਹੀਂ ਚੜ੍ਹਿਆ। ਸਾਈਕਲ ਨੂੰ ਘੜੀਸ ਰਿਹਾ ਹਾਂ। ਲੱਗਦਾ ਹੈ, ਸਾਈਕਲ ਕੁਝ ਭਾਰਾ ਹੋ ਗਿਆ ਹੈ। ਪਿੱਪਲ ਵਾਲੀ ਪਾਨਾਂ ਦੀ ਦੁਕਾਨ ਕੋਲ ਖੜ੍ਹਾ ਹੁਣ ਮੈਂ ਸੋਚ ਰਿਹਾ ਹਾਂ ਕਿ ਕੌੜੀਆਂ ਕੌੜੀਆਂ ਲੈਚੀਆਂ ਤੇ ਖੁਸ਼ਕ ਖੁਸ਼ਕ ਸਪਾਰੀ ਵਾਲਾ ਇੱਕ ਮਿੱਠਾ ਪਾਨ ਖਾਧਾ ਜਾਵੇ।

ਪਾਨ ਦਾ ਮਿੱਠਾ ਥੁੱਕ ਸੰਘੋ ਥੱਲੇ ਉਤਾਰਦਾ ਹਾਂ। ਸਦਰ ਬਜ਼ਾਰ ਵਿਚ ਕਿੰਨੇ ਹੀ ਜਾਣੇ ਪਹਿਚਾਣੇ ਲੋਕ ਕੋਲ ਦੀ ਲੰਘ ਰਹੇ ਹਨ।

'ਸ਼ਰਨਾਰਥੀ ਵਧ ਰਹੇ ਹਨ।' ਮੈਂ ਕਹਿੰਦਾ ਹਾਂ ਤੇ ਪਾਨ ਦੀ ਪੀਕ ਉਸ ਦੇ ਪੈਰਾਂ ਵਿਚ ਸੁੱਟਣ ਦੀ ਕੋਸ਼ਿਸ਼ ਕਰਦਾ ਹਾਂ। ਬਿਨਾਂ ਹੱਥ ਮਿਲਾਏ ਹੀ ਉਹ ਅਗਾਂਹ ਤੁਰ ਜਾਂਦਾ ਹੈ। ਪਾਨ ਦੀ ਪੀਕ ਹੁਣ ਇੱਕ ਬੁੱਕ ਸੈਲਰ ਦੇ ਪੈਰਾਂ ਕੋਲ ਥੁੱਕੀ ਗਈ ਹੈ। ਉਸ ਦੇ ਦੁੱਧ ਚਿੱਟੇ ਪਜਾਮੇ ਦੇ ਪੋਂਚਿਆਂ 'ਤੇ ਦੋ ਤਿੰਨ ਲਾਲ ਛਿੱਟੇ ਜਾ ਚਿਪਕੇ ਹਨ। ਉਸ ਨੇ ਨੱਕ ਸੁਕੇੜਿਆ ਹੈ। ਪਰ ਦੂਜੇ ਬਿੰਦ ਹੀ ਉਸ ਨੇ ਹਾਸੇ ਦਾ ਠਹਾਕਾ ਲਾਇਆ ਹੈ ਤੇ ਮੈਨੂੰ ਜੱਫ਼ੀ ਪਾ ਕੇ ਮੇਰਾ ਹਾਲ ਚਾਲ ਪੁੱਛਿਆ ਹੈ। ਮੇਰੇ ਬੱਚਿਆਂ ਦੀ, ਮੇਰੇ ਘਰ ਵਾਲੀ ਦੀ ਸੁੱਖ ਸਾਂਦ ਪੁੱਛੀ ਹੈ। ਤੇ ਫਿਰ ਮੁਸਕਰਾਹਟ, ਦਾ ਖੋਲ ਪਹਿਨ ਕੇ ਹੀ ਪੁੱਛਿਆ, 'ਮਾਸਟਰ ਜੀ, ਉਹ ਟੈਸਟ ਪੇਪਰ? ਕਰ ਦਿਓ ਕਿਰਪਾ ਫੇਰ ਹੁਣ।' ਅੱਖਾਂ ਮੀਚ ਕੇ ਮੈਂ ਹਾਮੀ ਭਰਦਾ ਹਾਂ। ਬੁੱਕ ਸੈਲਰ ਮੈਨੂੰ ਜੱਫ਼ੀ ਪਾਉਂਦਾ ਹੈ ਤੇ ਹਾਸੇ ਦਾ ਠਹਾਕਾ ਮਾਰ ਕੇ ਭੀੜ ਵਿਚ ਗੁਆਚ ਜਾਂਦਾ ਹੈ। ਕਿੰਨੇ ਹੀ ਬੰਦੇ ਕੋਈ ਨਾ ਕੋਈ ਗੱਲ ਕਰਕੇ ਲੰਘੇ ਹਨ। ਟੀਚਰ ਯੂਨੀਅਨ ਦੀ ਏਕਤਾ, ਕੁਠਾਰੀ ਕਮਿਸ਼ਨ ਦੀਆਂ ਤਰੁਟੀਆਂ, ਅੰਤਰਮ ਸਹਾਇਤਾ ਤੇ 'ਸ਼ਿਮਲਾ ਕਲਾਥ ਹਾਊਸ' ਵਾਲਾ ਲਾਲਾ-'ਗਰਮ ਕੱਪੜੇ ਦੀ ਬਿਲਟੀ ਆ 'ਗੀ, ਸ਼ਰਮਾ ਸਾਅਬ, ਦਰਸ਼ਨ ਦਿਓ। ਐਂਤਕੀ ਥੁਹਾਡਾ ਸੂਟ ਪਾੜ ਦੇਣੈ ਜ਼ਰੂਰ।'

ਦੁਕਾਨਾਂ ਵਿਚ ਬਿਜਲੀ ਦੇ ਲਾਟੂ ਜਗ ਉੱਠੇ ਹਨ। ਸਦਰ ਬਾਜ਼ਾਰ ਦੀਆਂ ਟਿਊਬਾਂ ਵਿਚ ਕੱਚਾ ਦੁੱਧ ਲਿਸ਼ਕ ਪਿਆ ਹੈ। ਆਵਾਜਾਈ ਘਟਣੀ ਸ਼ੁਰੂ ਹੋ ਗਈ ਹੈ। ਲੱਗਦਾ ਹੈ, ਅੱਜ ਦੇ ਮਿਲੇ ਕਿਸੇ ਚਿਹਰੇ ਨੂੰ ਮੈਂ ਨਹੀਂ ਸੀ ਜਾਣਦਾ।

ਪਰ ਇੱਕ ਚਿਹਰਾ ਮੇਰੇ ਮਨ ਵਿਚ ਹੋਰ ਡੂੰਘਾ ਧਸ ਗਿਆ ਹੈ। ਇਸ ਚਿਹਰੇ ਦੀ ਤਲਾਸ਼ ਕੌਣ ਕਰੇਗਾ?