ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਮੁਹੱਬਤ ਦੀ ਮਿੱਟੀ
ਜੁੰਮਾ ਘੁਮਿਆਰ ਸੂਰਜ ਦੇ ਉਭਾਰ ਤੋਂ ਪਹਿਲਾਂ ਜਾਗ ਪੈਂਦਾ। ਉੱਠਣ ਸਾਰ ਉਹ ਚੱਕ ਵਾਲੇ ਛਤਣੇ ਵਿੱਚ ਜਾਂਦਾ ਤੇ ਡੱਬੀ ਦੀ ਸੀਖ਼ ਬਾਲ ਕੇ ਆਪਣੀ ਸਰਦਾਰੋ ਨੂੰ ਦੇਖਣ ਲੱਗਦਾ। ਦੇਖਦਾ ਰਹਿੰਦਾ ਤੇ ਹੁਸਨ ਦੀਆਂ ਸਿਫ਼ਤਾਂ ਕਰਦਾ। ਇੱਕ ਸੀਖ਼ ਬੁਝਦੀ ਤਾਂ ਦੂਜੀ ਬਾਲ ਲੈਂਦਾ। ਉਹ ਨੂੰ ਲੱਗਦਾ ਸਰਦਾਰੋ ਦੇ ਚਿਹਰੇ ਤੇ ਉਹ ਪ੍ਰਭਾਵ ਨਹੀਂ ਆਇਆ। ਮੁਸਕਰਾਉਣਾ ਵੀ ਤੇ ਇਨਕਾਰ ਵੀ ਕਰਨਾ। ਮਿੱਟੀ ਦਾ ਬੁੱਤ ਉਹ ਨੂੰ ਅਧੂਰਾ-ਅਧੂਰਾ ਜਾਪਦਾ। ਉਹ ਦਾ ਦਿਲ ਗਵਾਹੀ ਭਰਦਾ, ਇੱਕ ਦਿਨ ਇਹ ਮਿੱਟੀ ਦਾ ਬੁੱਤ ਮੁਕੰਮਲ ਕਰਾਂਗਾ। ਮੁਕੰਮਲ ਤੇ ਸੰਪੂਰਨ। ਉਸ ਦਿਨ ਹੀ ਇਹ ਦੇ ਵਿਚੋਂ ਅਸਲੀ ਸਰਦਾਰੋ ਪੈਦਾ ਹੋਵੇਗੀ। ਸਰਦਾਰੋ, ਜੋ ਕਦੇ ਉਹ ਦਾ ਸੁਪਨਾ ਸੀ ਤੇ ਸੁਪਨਾ ਜਿਸ ਨੂੰ ਕਦੇ ਉਸ ਨੇ ਖੁਦ ਹੀ ਤੋੜ ਦਿੱਤਾ ਸੀ।
ਕਿਸੇ ਕਾਹਲ ਜਿਹੀ ਵਿੱਚ ਜੁੰਮਾ ਘਰੋਂ ਨਿਕਲਦਾ ਤੇ ਖੁੱਲ੍ਹੇ ਖੇਤਾਂ ਵਿੱਚ ਜੰਗਲ-ਪਾਣੀ ਹੋ ਆਉਂਦਾ। ਖੇਤਾਂ ਵਿੱਚ ਹੀ ਉਹ ਨੂੰ ਆਪਣੇ ਗਧਿਆਂ ਦੇ ਹੀਂਗਣ ਦੀਆਂ ਅਵਾਜ਼ਾਂ ਸੁਣਦੀਆਂ। ਗਧਿਆਂ ਦੀਆਂ ਅਵਾਜ਼ਾਂ ਸੁਣ ਕੇ ਉਹ ਨੂੰ ਭੱਠੇ ਤੇ ਜਾਣ ਦੀ ਕਾਹਲ ਵੀ ਤੰਗ ਕਰਨ ਲੱਗਦੀ। ਭੱਠੇ ਦੀ ਕਾਹਲ ਵਿੱਚ ਸਰਦਾਰੋ ਦਾ ਖ਼ਿਆਲ ਕਿਧਰੇ ਗੁਆਚ-ਗੁਆਚ ਜਾਂਦਾ। ਘਰ ਆ ਕੇ ਉਹ ਆਪਣੀ ਬੁੱਢੀ ਮਾਂ ਨੂੰ ਜਗਾਉਂਦਾ ਤੇ ਚੁੱਲ੍ਹੇ ਤੇ ਚਾਹ ਧਰਨ ਲਈ ਆਖਦਾ। ਮਾਂ ਚਾਹ ਬਣਾਉਣ ਲੱਗਦੀ ਤਾਂ ਉਹ ਚੱਕ ਵਾਲੇ ਛਤਣੇ ਵਿੱਚ ਆ ਬੈਠਦਾ। ਓਦੋਂ ਤੱਕ ਸੂਰਜ ਦੀ ਲੋਅ ਉਹ ਦੇ ਵਿਹੜੇ ਤੱਕ ਪਹੁੰਚ ਚੁੱਕੀ ਹੁੰਦੀ। ਕਿਰਨਾਂ ਲੱਗਣ ਤੋਂ ਪਹਿਲਾਂ ਦਾ ਸੁਰਮਈ ਚਾਨਣ। ਛਤਣੇ ਦਾ ਬੂਹਾ ਚੜ੍ਹਦੇ ਵੱਲ ਸੀ। ਲੋਅ ਚਾਰੇ ਖੂੰਜਿਆਂ ਵਿੱਚ ਪਹੁੰਚਦੀ। ਸਰਦਾਰੋ ਦੇ ਮੂੰਹ ਨੂੰ ਉਹ ਟਿਕਟਿਕੀ ਬੰਨ੍ਹ ਕੇ ਤੱਕਣ ਲੱਗਦਾ। ਤੱਕਦਾ ਰਹਿੰਦਾ ਤੇ ਫੇਰ ਪਾਣੀ ਦੀ ਗੜਵੀ ਲਿਆ ਕੇ ਮਿੱਟੀ ਗਿੱਲੀ ਕਰਦਾ। ਲੋਹੇ ਦੇ ਹੇਰਨੇ ਨਾਲ ਬੁੱਤ ਦੀਆਂ ਅੱਖਾਂ, ਉਹ ਦੀ ਠੋਡੀ, ਉਹ ਦੀਆਂ ਗੱਲਾਂ ਤੇ ਬੁੱਲਾਂ 'ਤੋਂ ਮਿੱਟੀ ਖੁਰਚ ਦਿੰਦਾ। ਚਿਹਰੇ 'ਤੇ ਪਾਣੀ ਤੁੱਕਦਾ। ਚਿਹਰੇ 'ਤੇ ਉਂਗਲਾਂ ਦੇ ਪੋਟੇ ਫੇਰਦਾ। ਖ਼ਾਸ-ਖ਼ਾਸ ਥਾਵਾਂ 'ਤੇ ਉਂਗਲਾਂ ਦੇ ਗਿੱਲੇ ਫੁੱਲ ਛੁਹਾਉਂਦਾ। ਤੇ ਫੇਰ ਗਿੱਲੀ ਮਿੱਟੀ ਗੁੰਨ੍ਹ ਰਿਹਾ ਉਹ ਸੋਚਾਂ ਦੇ ਸਮੁੰਦਰ ਵਿੱਚ ਉਤਰ ਜਾਂਦਾ। ਹੁੱਕਾ ਤਾਜ਼ਾ ਕਰਕੇ ਉਹ ਚਿਲਮ ਵੀ ਭਰ ਲਿਆਇਆ ਹੁੰਦਾ। ਮੱਠੀ-ਮੱਠੀ ਹੁੱਕੇ ਦੀ ਘੁੱਟ ਲੈਂਦਾ ਤੇ ਅੱਧ ਖੁੱਲ੍ਹੀਆਂ ਅੱਖਾਂ ਵਿੱਚ ਵਿਉਂਤਾਂ ਬਣਾਉਂਦਾ। ਗੁੰਨੀ ਮਿੱਟੀ ਨੂੰ ਹੇਰਨੇ ਦੀ ਚੁੰਝ 'ਤੇ ਚੜ੍ਹਾ ਕੇ ਉਹ ਬੁੱਤ ਦੇ ਚਿਹਰੇ ਤੇ ਲਾਉਂਦਾ ਤੇ ਫਿਰ ਚੁੰਝ ਨਾਲ ਹੀ ਮਿੱਟੀ ਨੂੰ ਓਥੇ ਪੱਕੀ ਕਰ ਦਿੰਦਾ। ਕਿਸੇ ਥਾਂ ਹੋਰ ਉਭਾਰ ਦਿਖਾਉਣਾ ਹੁੰਦਾ ਤਾਂ ਹੋਰ ਚੁੰਝ ਭਰਦਾ। ਚਾਹ ਲਈ ਮਾਂ ਦੀ ਹਾਕ ਸੁਣਨ ਤੱਕ ਉਹ ਛਤਣੇ ਵਿੱਚ ਬੈਠਾ ਰਹਿੰਦਾ। ਹੁੱਕਾ ਪੀਂਦਾ ਤੇ ਨਹੇਰਨੇ ਦੀਆਂ ਚੁੰਝਾਂ ਬੁੱਤ ਦੇ ਚਿਹਰੇ 'ਤੇ ਫਿਰਦੀਆਂ ਰਹਿੰਦੀਆਂ। ਉਹ ਨੂੰ ਲੱਗਦਾ ਜਿਵੇਂ ਕੱਲ੍ਹ ਨਾਲੋਂ ਅੱਜ ਬੁੱਤ ਵਿੱਚ ਬਹੁਤੀ ਜਾਨ ਪੈ ਗਈ ਹੋਵੇ। ਉਹ ਨੂੰ ਕੋਈ ਸੁੱਖ ਜਿਹਾ ਮਿਲਦਾ।
ਕਈ ਮਹੀਨਿਆਂ ਤੋਂ ਉਹ ਇੰਝ ਕਰਦਾ ਆ ਰਿਹਾ ਸੀ। ਨਿੱਤਨੇਮ ਵਾਂਗ ਹੀ ਕਰਦਾ ਸਵੇਰੇ-ਸਵੇਰੇ। ਆਥਣ ਨੂੰ ਤਾਂ ਦਿਨ ਛਿਪੇ ਘਰ ਵੜਦਾ। ਥੱਕਿਆ-ਟੁੱਟਿਆ ਪਿਆ ਹੁੰਦਾ। ਗਧਿਆਂ ਨੂੰ ਰੂੜੀਆਂ 'ਤੇ ਛੱਡ ਦਿੰਦਾ। ਤੱਤਾ ਪਾਣੀ ਕਰਕੇ ਨਹਾਉਂਦਾ। ਮਾਂ ਰੋਟੀ ਪਕਾਉਂਦੀ ਤੇ ਉਹ ਖਾ ਲੈਂਦਾ। ਬਿੰਦ-ਝੱਟ ਹੁੱਕਾ ਪੀਂਦਾ ਤੇ ਫੇਰ ਗਧਿਆਂ ਨੂੰ ਘੇਰ ਲਿਆਉਂਦਾ। ਉਨ੍ਹਾਂ ਮੂਹਰੇ ਸੁੱਕਾ ਘਾਹ ਸੁੱਟਦਾ ਤੇ ਉਨ੍ਹਾਂ ਦੀਆਂ ਲੱਤਾਂ ਕਿੱਲਿਆਂ ਦੇ ਰੱਸਿਆਂ ਨਾਲ ਬੰਨ੍ਹ ਦਿੰਦਾ। ਹੀਂਗਦੇ, ਫੁੰਕਾਰੇ ਮਾਰਦੇ, ਦੁਲੱਤੀਆਂ ਚਲਾਉਂਦੇ ਤੇ ਲਿਟਦੇ-ਉੱਠਦੇ ਗਧੇ ਟਿਕ ਜਾਂਦੇ ਤਾਂ ਜੁੰਮਾ ਵੀ ਸੌਣ ਦੀ ਕੋਸ਼ਿਸ਼ ਕਰਦਾ। ਮਾਂ ਰੋਟੀ ਟੁੱਕ ਦਾ ਕੰਮ ਮੁਕਾ ਕੇ ਤੇ ਭਾਂਡਾ ਟੀਂਡਾ ਸਾਂਭ ਕੇ ਜੁੰਮੇ ਤੋਂ ਕਿੰਨਾ ਚਿਰ ਪਿੱਛੋਂ ਮੰਜੀ 'ਤੇ ਪੈਂਦੀ।
ਜੁੰਮੇ ਦੀ ਉਮਰ ਇਸ ਵੇਲੇ ਪੰਜਾਹ ਸਾਲਾਂ ਤੋਂ ਉੱਤੇ ਸੀ। ਉਨ੍ਹਾਂ ਦਾ ਹੋਰ ਕੋਈ ਨਹੀਂ ਸੀ। ਉਹ ਸੀ ਤੇ ਉਹ ਦੀ ਬੁੱਢੀ ਮਾਂ। ਬਾਕੀ ਸਾਰਾ ਟੱਬਰ ਸੰਤਾਲੀ ਦੀ ਵੱਢ ਟੁੱਕੀ ਵੇਲੇ ਵਿਛੜ ਗਿਆ ਸੀ।
ਸੰਤਾਨੀ ਤੋਂ ਪਹਿਲਾਂ ਦੀ ਗੱਲ ਹੈ, ਹਵੇਲੀ ਵਾਲਿਆਂ ਦੀ ਕੁੜੀ ਸਰਦਾਰੋ ਜੁੰਮੇ ਨਾਲ ਦਾਈ ਦੁੱਕੜੇ ਖੇਡਦੀ ਹੁੰਦੀ। ਉਹ ਕਿੰਨੀ ਖਿਲੰਦੜੀ ਸੀ। ਹੱਸਦੀ ਤਾਂ ਗੱਲਾਂ 'ਤੇ ਟੋਏ ਪੈਂਦੇ। ਬਿਨਾਂ ਕਾਰਨ ਹੀ ਹੱਸਦੀ ਰਹਿੰਦੀ। ਗੱਲ-ਗੱਲ 'ਤੇ ਜੁੰਮੇ ਨੂੰ ਖਿਝਾਉਂਦੀ। ਉਨ੍ਹਾਂ ਦਿਨਾ ਵਿੱਚ ਤਾਂ ਵੱਡੇ-ਵੱਡੇ ਮੁੰਡੇ-ਕੁੜੀਆਂ ਇਕਠੇ ਖੇਡਦੇ ਸਨ। ਹੁਣ ਵਰਗਾ ਜ਼ਮਾਨਾ ਨਹੀਂ ਸੀ। ਸੋਲ੍ਹਾਂ-ਸੋਲ੍ਹਾਂ, ਅਠਾਰਾਂ-ਅਠਾਰਾਂ ਸਾਲ ਦੇ ਮੁੰਡੇ-ਕੁੜੀਆਂ ਮਾਪਿਆਂ ਲਈ ਗੁੱਡੇ-ਗੁੱਡੀਆਂ ਤੋਂ ਵੱਧ ਨਹੀਂ ਸਨ। ਅਗਵਾੜ ਦੀ ਧਰਮਸ਼ਾਲਾ ਵਿੱਚ ਉਹ ਸੋਤੇ ਤੱਕ ਖੇਡਦੇ ਰਹਿੰਦੇ। ਰੌਲਾ ਪਾਉਂਦੇ, ਚੀਕਾਂ ਮਾਰਦੇ। ਘਰ ਮੁੜਨ ਲੱਗੇ ਉੱਚੀ-ਉੱਚੀ ਬੋਲਦੇ, 'ਮੂਹਰਲਿਓ-ਮੂਹਰਲਿਓ ਖਿਚ ਲਓ ਡੋਰ, ਮਗਰਲਿਆਂ ਦੀ ਮਾਂ ਨੂੰ ਲੈ ਗਏ ਚੋਰ।'
ਤੇ ਫੇਰ ਜਦੋਂ ਸੰਤਾਲੀ ਦੀ ਵੱਢ-ਟੁੱਕੀ ਹੋਈ, ਜੁੰਮੇ ਦਾ ਪਿਓ ਤੇ ਉਹ ਦੇ ਦੋਵੇਂ ਚਾਚੇ ਏਧਰ ਹੀ ਮਾਰੇ ਗਏ। ਭੈਣਾਂ ਨੂੰ ਮਿਲਟਰੀ ਕੈਂਪ ਵਾਲੇ ਲੈ ਗਏ। ਉਹ ਤੇ ਉਹ ਦੀ ਮਾਂ ਹਵੇਲੀ ਵਾਲਿਆਂ ਦੇ ਘਰ ਨੀਰੇ ਵਾਲੀ ਸਬ੍ਹਾਤ ਵਿੱਚ ਛੁਪ ਕੇ ਬੈਠੇ ਰਹੇ। ਉੱਥੇ ਹੀ ਰੋਟੀ-ਪਾਣੀ। ਉੱਥੇ ਹੀ ਰਾਤ ਨੂੰ ਸੋਂ ਜਾਂਦੇ। ਗਰਮੀ-ਸਰਦੀ ਦਾ ਕੋਈ ਅਹਿਸਾਸ ਨਹੀਂ ਸੀ। ਮੂੰਹ-ਹਨੇਰੇ ਉੱਠ ਕੇ ਜੰਗਲ-ਪਾਣੀ ਜਾ ਆਉਂਦੇ। ਨੀਰੇ ਵਾਲੀ ਸਬ੍ਹਾਤ ਹੀ ਉਨ੍ਹਾਂ ਦਾ ਸੰਸਾਰ ਬਣ ਗਿਆ। ਸਰਦਾਰੋ ਉਨ੍ਹਾਂ ਨੂੰ ਰੋਟੀ ਪਾਣੀ ਦੇ ਕੇ ਜਾਂਦੀ। ਜੁੰਮੇ ਦੀ ਮਾਂ ਸਰਦਾਰੋ ਨੂੰ ਪੁੱਚ-ਪੁੱਚ ਕਰਕੇ ਪਿਆਰ ਕਰਦੀ। ਉਹ ਨੂੰ ਆਪਣੀ ਹਿੱਕ ਨਾਲ ਲਾ ਕੇ ਘੁੱਟਦੀ ਜਿਵੇਂ ਉਹ ਆਪਣੀ ਧੀ ਹੋਵੇ। ਰਾਤ ਨੂੰ ਜੁੰਮੇ ਨੂੰ ਆਪਣੀ ਹਿੱਕ ਨਾਲ ਘੁੱਟ ਕੇ ਸੌਂਦੀ। ਤੁਫ਼ਾਨ ਗੁਜ਼ਰ ਗਿਆ ਤਾਂ ਜੁੰਮਾ ਤੇ ਜੁੰਮੇ ਦੀ ਮਾਂ ਹਵੇਲੀ ਵਾਲਿਆਂ ਦੇ ਘਰੋਂ ਬਾਹਰ ਆ ਗਏ। ਪਿੰਡ ਵਿੱਚ ਹੀ ਨਿੱਕੇ-ਮੋਟੇ ਕੰਮ ਕਰਨ ਲੱਗੇ। ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਤੇ ਰੋਟੀ ਖਾ ਲੈਂਦੇ ਰਹਿੰਦੇ ਵੀ ਲੋਕਾਂ ਦੇ ਘਰਾਂ ਵਿੱਚ ਹੀ। ਆਪਣੇ ਘਰ ਤੋਂ ਜਿਵੇਂ ਉਨ੍ਹਾਂ ਨੂੰ ਡਰ ਲੱਗਦਾ ਹੋਵੇ। ਜਿਵੇਂ ਹੁਣ ਵੀ ਕੋਈ ਉਨ੍ਹਾਂ ਨੂੰ ਸੁੱਤਿਆਂ ਨੂੰ ਆ ਕੇ ਮਾਰ ਜਾਵੇਗਾ। ਤੇ ਫੇਰ ਉਹ ਆਪਣੇ ਘਰ ਹੀ ਆ ਗਏ। ਘਰ ਵਿੱਚ ਤਾਂ ਕੁਝ ਵੀ ਨਹੀਂ ਸੀ। ਘਰ ਦੀਆਂ ਕੰਧਾਂ ਖੜ੍ਹੀਆਂ ਸਨ। ਘਰ ਦੀ ਛੱਤ ਕਾਇਮ ਸੀ। ਛੱਤਣੇ ਵਿੱਚ ਚੱਕ ਹੈਗਾ ਸੀ। ਇੱਕ ਪਾਸੇ ਡਿੱਗਿਆ ਪਿਆ।
ਜੁੰਮੇ ਨੇ ਚੱਕ ਨੂੰ ਹਿਲਾਇਆ ਨਹੀਂ। ਹੁਣ ਤੱਕ ਵੀ ਉਹ ਚੱਕ ਓਵੇਂ ਦਾ ਓਵੇਂ ਪਿਆ ਹੋਇਆ ਸੀ। ਨਿਰਜਿੰਦ, ਬੇਅਵਾਜ਼ ਤੇ ਛਾਪਲਿਆ ਹੋਇਆ। ਜਿਵੇਂ ਹੁਣੇ ਕੋਈ ਉਹ ਨੂੰ ਗੇੜਾ ਦੇਵੇ ਤਾਂ ਉਹ ਹਰਕਤ ਵਿੱਚ ਆ ਸਕਦਾ ਹੈ।
ਸੰਤਾਲੀ ਦੇ ਸਾਕੇ ਨੂੰ ਅੱਠ-ਦਸ ਵਰ੍ਹੇ ਲੰਘ ਗਏ। ਓਦੋਂ ਤੱਕ ਜੁੰਮੇ ਕੋਲ ਚਾਰ ਗਧੇ ਤੇ ਦੋ ਗਧੀਆਂ ਸਨ। ਭੱਠੇ 'ਤੇ ਜਾ ਕੇ ਉਹ ਇੱਟਾਂ ਢੋਣ ਦਾ ਕੰਮ ਕਰਦਾ। ਮਾਂ ਘਰ ਵਿੱਚ ਰਹਿੰਦੀ। ਸੋਹਣਾ ਗੁਜ਼ਾਰਾ ਚੱਲ ਰਿਹਾ ਸੀ। ਹਵੇਲੀ ਵਾਲਿਆਂ ਦੀ ਸਰਦਾਰੋ ਦਾ ਵਿਆਹ ਸੀ। ਵਿਆਹ ਤੋਂ ਚਾਰ ਦਿਨ ਪਹਿਲਾਂ ਉਹ ਅੱਧੀ ਰਾਤ ਘਰੋਂ ਉੱਠ ਕੇ ਜੁੰਮੇ ਕੋਲ ਆਈ। ਉਹ ਨੂੰ ਬਾਹੋਂ ਫੜ ਕੇ ਮੰਜੇ 'ਤੇ ਬਿਠਾ ਦਿੱਤਾ ਤੇ ਕਿੰਨਾ ਹੀ ਚਿਰ ਉਸ ਦੇ ਨਾਲ ਘੁਸਰ-ਮੁਸਰ ਕਰਦੀ ਰਹੀ। ਮਾਂ ਦੀ ਮੰਜੀ ਦੂਰ ਸੀ। ਜੁੰਮਾ ਮੰਨਿਆ ਨਹੀਂ। ਡਰ ਗਿਆ। ਐਡੀ ਵੱਡੀ ਚੱਟਾਨ ਨਾਲ ਉਹ ਮੰਥਾਂ ਕਿਵੇਂ ਲਾਉਂਦਾ। ਉਹ ਤਾਂ ਇੱਕ ਘੁਮਿਆਰ ਸੀ ਬੱਸ ਹਵੇਲੀ ਵਾਲੇ ਤਾਂ ਜਿਮੀਂਦਾਰ ਸਨ। ਉਹ ਆਥਣ ਨੂੰ ਕਿਹੜਾ ਨਾ ਖਪਾ ਕੇ ਰੱਖ ਦਿੰਦੇ। ਤੇ ਫੇਰ ਜੁੰਮੇ ਤੇ ਜੁੰਮੇ ਦੀ ਮਾਂ ਨੇ ਉਨ੍ਹਾਂ ਦੇ ਘਰ ਦਾ ਲੂਣ ਵੀ ਤਾਂ ਖਾਧਾ ਸੀ। ਸਰਦਾਰੋ ਜਿਵੇਂ ਕੋਈ ਸਰਾਪ ਦੇ ਕੇ ਤੁਰ ਗਈ ਹੋਵੇ।
ਬੱਸ ਉਹ ਦਿਨ ਸੋ ਉਹ ਦਿਨ ਜੁੰਮਾ ਪਿੱਤੇ ਵਾਂਗ ਸੁੱਕਣ ਲੱਗ ਪਿਆ। ਉਸ ਪਿੰਡ ਵਿੱਚ ਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵੀ ਮੁਸਲਮਾਨ ਘੁਮਿਆਰਾਂ ਦਾ ਕੋਈ ਘਰ ਨਹੀਂ ਰਹਿ ਗਿਆ ਸੀ। ਏਧਰ ਹੀ ਖੁਰਦ-ਬੁਰਦ ਹੋ ਗਏ ਜਾਂ ਫੇਰ ਪਾਕਿਸਤਾਨ ਨੂੰ ਚਲੇ ਗਏ। ਪਹਿਲਾਂ-ਪਹਿਲਾਂ ਤਾਂ ਕੋਈ ਆਸ ਵੀ ਨਹੀਂ ਸੀ। ਪਰ ਫੇਰ ਕਈ ਸਾਲਾਂ ਪਿੱਛੋਂ ਦੂਰ-ਦਰਾਜ਼ ਦੇ ਪਿੰਡਾਂ ਵਿੱਚੋਂ ਉਹ ਨੂੰ ਰਿਸ਼ਤੇ ਆਉਣ ਲੱਗੇ ਤਾਂ ਉਹ ਸਿਰ ਮਾਰ ਦਿੰਦਾ ਰਿਹਾ। ਜਿਵੇਂ ਔਰਤ ਦੀ ਤਾਂ ਉਹ ਨੂੰ ਲੋੜ ਹੀ ਨਹੀਂ ਸੀ। ਇੱਕ ਸਰਦਾਰੋ ਹੀ ਉਹ ਦੇ ਮਨ ਗੁਡ ਗਈ ਸੀ। ਉਹ ਹੁਣ ਨਹੀਂ ਸੀ ਤਾਂ ਦੁਨੀਆਂ ਵਿੱਚ ਹੋਰ ਔਰਤ ਹੀ ਕਿਹੜੀ ਰਹਿ ਗਈ ਸੀ। ਪਤਾ ਨਹੀਂ ਉਹ ਕਿਹੜੀ ਘੜੀ ਸੀ ਕਿ ਸਰਦਾਰੋ ਸਾਹਮਣੇ ਉਹ ਦੇ ਮੂੰਹੋਂ ਨਾਂਹ ਹੀ ਨਾਂਹ ਨਿਕਲਦੀ ਤੁਰੀ ਗਈ ਸੀ। ਤੇ ਫੇਰ ਕਿਸੇ ਔਰਤ ਦਾ ਤਸੱਵਰ ਤੱਕ ਵੀ ਉਹ ਦੇ ਜ਼ਿਹਨ ਵਿੱਚ ਨਹੀਂ ਆਉਂਦਾ ਸੀ। ਬੱਸ ਇਹੀ ਸਰਦਾਰੋ ਦਾ ਸਰਾਪ ਸੀ।
ਤੇ ਹੁਣ ਜੁੰਮੇ ਦਾ ਇਹ ਹਾਲ ਸੀ, ਭੱਠੇ 'ਤੇ ਇੱਟਾਂ ਢੋਹਣ ਦਾ ਕੰਮ ਉਹ ਇੱਕ ਗਧੇ ਵਾਂਗ ਹੀ ਸਿਰ ਸੁੱਟ ਕੇ ਕਰਦਾ। ਉਹ ਦੇ ਧੁਰ ਅੰਦਰ ਸਰਦਾਰੋ ਦੀ ਮੂਰਤ ਵਸੀ ਹੋਈ ਸੀ। ਇਸ ਮੂਤਰ ਨੂੰ ਮਿੱਟੀ ਵਿੱਚੋਂ ਸਾਕਾਰ ਕਰਨ ਦੀ ਸਿੱਲ੍ਹ ਉਹ ਨੂੰ ਲੱਗ ਗਈ। ਮੁਹੱਬਤ ਦਾ ਪ੍ਰਤੱਖ ਚਿਹਰਾ। ਮੁਸਕਰਾਉਂਦਾ ਵੀ ਤੇ ਇਨਕਾਰ ਕਰਦਾ ਵੀ। ਜਦੋਂ ਕਦੇ ਵੀ ਸਰਦਾਰੋ ਸਾਹਮਣੇ ਉਹ ਕੋਈ ਪ੍ਰਸਤਾਵ ਲੈ ਕੇ ਗਿਆ ਸੀ, ਉਹ ਇੰਝ ਦਾ ਚਿਹਰਾ ਬਣਾ ਲਿਆ ਕਰਦੀ। ਮੁਸਕਰਾਹਟ ਤੇ ਇਨਕਾਰ ਦੀ ਅਦਭੁੱਤ ਮੁੱਦਰਾ। ਤੇ ਫੇਰ ......।
ਤੇ ਹੁਣ ਜੁੰਮੇ ਦੀ ਸਾਰੀ ਜ਼ਿੰਦਗੀ ਉਸ ਇੱਕ ਚਿਹਰੇ ਨੂੰ ਫੜਨ ਵਿੱਚ ਲੱਗੀ ਹੋਈ ਸੀ। ਜ਼ਿੰਦਗੀ ਦਾ ਇੱਕ ਸਾਰਥਕ ਰੁਝੇਵਾਂ। ਇੱਛਾਵਾਂ ਦਾ ਕਾਲਪਨਿਕ ਸਮਰਥਣ ਤੇ ਫਿਰ ਇੱਕ ਸਵੇਰ ......।
ਸਰਦਾਰੋ ਦੀ ਗੋਦੀ ਨਵਾਂ ਬਾਲ ਸੀ।ਉਹ ਦਾ ਪੁੱਤਰ ਉਮ੍ਹਲ-ਉਮ੍ਹਲ ਥੱਲੇ ਡਿੱਗਣ ਨੂੰ ਕਰਦਾ।
ਸਵੇਰੇ-ਸਵੇਰੇ ਜੁੰਮਾ ਬੁੱਤ ਦੇ ਚਿਹਰੇ 'ਤੇ ਮੁਹੱਬਤ ਦੀ ਆਖਰੀ ਮਿੱਟੀ ਚੜ੍ਹਾ ਰਿਹਾ ਸੀ। ਅੱਜ ਬੁੱਤ ਨੇ ਮੁਕੰਮਲ ਹੋ ਜਾਣਾ ਸੀ। ਮੁਸਕਰਾਹਟ ਤੇ ਇਨਕਾਰ ਦੀ ਸੰਤੁਲਤ ਮਾਤਰਾ ਵਿੱਚ।
ਨਹੇਰਨੇ ਦੀ ਚੁੰਝ ਬਹੁਤ ਤੇਜ਼ੀ ਨਾਲ ਚੱਲ ਰਹੀ ਸੀ। ਆਪਣੇ ਪੂਰੇ ਵੇਗ ਵਿੱਚ। ਸਰਦਾਰੋ ਨੇ ਛਤਣੇ ਅੱਗੇ ਆ ਕੇ ਜੁੰਮੇ ਨੂੰ ਹਾਕ ਮਾਰੀ। ਇੰਕ ਬਿੰਦ ਚੁੰਝ ਰੁਕੀ। ਜੁੰਮਾ ਮੋਢੇ 'ਤੋਂ ਦੀ ਝਾਕਿਆ। ਸਰਦਾਰੋ ਨੂੰ ਪਹਿਚਾਣਿਆ ਸੀ। ਪਰ ਹੂੰ ਕਹਿ ਕੇ ਦੂਜੇ ਬਿੰਦ ਹੀ ਆਪਣੇ ਕੰਮ ਵਿੱਚ ਰੁੱਝ ਗਿਆ। ਇਹ ਕੰਮ ਉਹ ਨੇ ਪਹਿਲਾਂ ਨਿਬੇੜਨਾ ਹੋਵੇਗਾ। ਸਵੇਰ ਵੀ ਹੋ ਗਈ। ਭੱਠੇ 'ਤੇ ਵੀ ਜਾਣਾ ਸੀ। ਸਰਦਾਰੋ ਦੋ ਪਲ ਰੁਕੀ ਤੇ ਉਹ ਦੀ ਪਿੱਠ 'ਤੇ ਨਜ਼ਰਾਂ ਤਿਲ੍ਹਕਾਉਂਦੀ ਜੁੰਮੇ ਦੀ ਬੁੱਢੀ ਮਾਂ ਵੱਲ ਚਲੀ ਗਈ।
ਕੰਮ ਮੁਕਾ ਕੇ ਜੁੰਮਾ ਉੱਠਿਆ, ਸਰਦਾਰੋ ਕਿਧਰੇ ਵੀ ਨਹੀਂ ਸੀ। ਜਾ ਚੁੱਕੀ ਸੀ। ਪਤਾ ਨਹੀਂ ਕਿਉਂ ਆਈ ਸੀ। ਇਹ ਸਭ ਕਾਸੇ ਬਾਰੇ ਜੁੰਮੇ ਨੇ ਸੋਚਿਆ ਵੀ ਨਹੀਂ।
ਸਰਦਾਰੋ ਦਾ ਅਸਲੀ ਚਿਹਰਾ ਮੁਕੰਮਲ ਸੀ।
ਤੇ ਫੇਰ ਜੁੰਮਾ ਗਧਿਆਂ 'ਤੇ ਇੱਟਾਂ ਢੋਂਹਦਾ ਵੀ ਸੋਚਦਾ ਹੈਰਾਨ ਹੁੰਦਾ ਰਹਿੰਦਾ, ਸਰਦਾਰੋ ਦੀ ਮਿੱਟੀ ਨਾਲ ਉਹ ਨੂੰ ਐਨੀ ਮਹੱਬਤ ਕਿਉਂ ਹੈ।
ਸਰਦਾਰੋ ਦੇ ਮਾਸ ਤੇ ਉਹ ਦੀ ਮਿੱਟੀ ਵਿੱਚ ਜਿਵੇਂ ਕੋਈ ਫ਼ਰਕ ਨਾ ਰਹਿ ਗਿਆ ਹੋਵੇ।♦