ਸਮੱਗਰੀ 'ਤੇ ਜਾਓ

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਮੇਰਾ ਗੁਨਾਹ

ਵਿਕੀਸਰੋਤ ਤੋਂ

ਮੇਰਾ ਵਿਆਹ ਹੋਏ ਨੂੰ ਨੌਂ ਸਾਲ ਹੋ ਚੁੱਕੇ ਹਨ। ਵਿਆਹ ਤੋਂ ਪਿੱਛੋਂ ਮੈਂ ਐਤਕੀਂ ਤੀਜੀ ਵਾਰ ਨਾਨਕੇ ਆਈ ਹਾਂ। ਇਸ ਵਾਰੀ ਆਈ ਹਾਂ, ਕਿਉਂਕਿ ਮੇਰੀ ਨਾਨੀ ਸਖ਼ਤ ਬੀਮਾਰ ਹੈ। ਬੀਮਾਰ ਕੀ, ਬਸ ਮਰਨ ਕਿਨਾਰੇ ਹੈ। ਆਈ ਹਾਂ ਕਿ ਉਸ ਦਾ ਆਖ਼ਰੀ ਵਾਰ ਦਾ ਮੂੰਹ ਦੇਖ ਜਾਵਾਂ। ਉਸ ਦਾ ਮੋਹ ਮੈਨੂੰ ਆਪਣੀ ਮਾਂ ਨਾਲੋਂ ਵੀ ਵੱਧ ਹੈ।

ਇਸ ਤੋਂ ਪਹਿਲਾਂ ਮੈਂ ਉਦੋਂ ਆਈ ਸੀ, ਜਦੋਂ ਮੇਰੀ ਗੋਦੀ ਪਹਿਲਾ ਮੁੰਡਾ ਸੀ ਤੇ ਉਸ ਤੋਂ ਪਹਿਲਾਂ ਉਦੋਂ, ਜਦ ਮੈਂ ਮੁਕਲਾਵੇ ਜਾ ਆਈ ਸੀ। ਉਦੋਂ ਮੇਰਾ ਵੱਡਾ ਮਾਮਾ ਕਿਸੇ ਕੰਮ ਸਾਡੇ ਪਿੰਡ ਗਿਆ ਸੀ ਤੇ ਮੱਲੋ-ਮੱਲੀ ਮੈਨੂੰ ਏਥੇ ਲੈ ਆਇਆ ਸੀ।

ਮੁਕਲਾਵੇ ਜਾ ਕੇ ਆਉਣ ਪਿੱਛੋਂ ਮੇਰੇ ਉੱਤੇ ਕੋਈ ਹੁਸਨ ਸੀ? ਹਰ ਅੰਗ ਮੇਰਾ ਲੱਸ ਲੱਸ ਕਰਦਾ ਸੀ। 'ਲਾਲੀ' ਉਦੋਂ ਦਸਵੀਂ ਜਮਾਤ ਪਾਸ ਕਰਕੇ ਕਿਸੇ ਸ਼ਹਿਰ ਦੇ ਕਾਲਜ ਵਿੱਚ ਪੜ੍ਹਨ ਜਾ ਲੱਗਿਆ ਸੀ।

ਦੂਜੀ ਵਾਰ ਜਦ ਮੈਂ ਮੁੰਡਾ ਲੈ ਕੇ ਆਈ ਸੀ, ਉਦੋਂ ਵੀ ਉਹ ਪਿੰਡ ਨਹੀਂ ਸੀ। ਮੈਂ ਕਿਸੇ ਤੋਂ ਖ਼ਾਸ ਤੌਰ 'ਤੇ ਤਾਂ ਇਹ ਨਹੀਂ ਸੀ ਪੁੱਛਿਆ। ਗੱਲੀਂ-ਗੱਲੀਂ ਹੀ ਇਹ ਮੈਨੂੰ ਪਤਾ ਲੱਗ ਗਿਆ ਸੀ ਕਿ ਉਹ ਅਜੇ ਕਾਲਜ ਵਿੱਚ ਪੜ੍ਹਦਾ ਹੈ।

ਐਤਕੀਂ ਐਨੇ ਸਾਲਾਂ ਬਾਅਦ ਆਈ ਹਾਂ ਤਾਂ ਮੇਰੇ ਮਨ ਵਿੱਚ ਇੱਕ ਮਿੱਠਾ-ਮਿੱਠਾ ਜਿਹਾ ਅਹਿਸਾਸ ਸ਼ੁਰੂ ਹੋ ਗਿਆ ਹੈ। ਇਹ ਅਹਿਸਾਸ ਉਸ ਦਾ ਹੈ। ਉਸ ਦੇ ਪਿੰਡ ਆ ਕੇ ਜਦ ਮੈਨੂੰ ਆਪਣੀ ਚੜ੍ਹਦੀ ਜਵਾਨੀ ਯਾਦ ਆਉਂਦੀ ਹੈ, ਉਸ ਦੇ ਪਿੰਡ ਆ ਕੇ ਜਦ ਮੈਨੂੰ ਉਸ ਦੀਆਂ ਗੱਲਾਂ ਯਾਦ ਆਉਂਦੀਆਂ ਹਨ ਤਾਂ ਮੇਰੇ ਦਿਲ ਨੂੰ ਇਕ ਜੱਫਾ ਜਿਹਾ ਵੱਜ ਜਾਂਦਾ ਹੈ। ਮੇਰੀਆਂ ਸਾਰੀਆਂ ਸੋਚਾਂ ਖੜ੍ਹ ਜਾਂਦੀਆਂ ਹਨ। ਮੇਰਾ ਧਿਆਨ ਇੱਕ ਨੁਕਤੇ ਉੱਤੇ ਠਹਿਰ ਜਾਂਦਾ ਹੈ।

ਮੈਨੂੰ ਪਤਾ ਲੱਗਿਆ ਹੈ ਕਿ ਉਹ ਬੀ.ਏ. ਕਰਕੇ ਕਿਸੇ ਸਰਕਾਰੀ ਨੌਕਰੀ ਉੱਤੇ ਨਹੀਂ ਸੀ ਗਿਆ। ਟਰੈਕਟਰ ਘਰ ਦਾ ਹੈ। ਵਾਹੀ ਕਰਾਉਂਦਾ ਹੈ। ਦੋ ਤਿੰਨ ਸਾਲਾਂ ਤੋਂ ਪਿੰਡ ਦਾ ਸਰਪੰਚ ਵੀ ਹੈ। ਪਿੰਡ ਵਿੱਚ ਬਹੁਤ ਮਾਣ-ਤਾਣ ਹੈ। ਪਿੰਡ ਦਾ ਹਰ ਸਾਂਝਾ ਕੰਮ ਪੁੱਛ ਕੇ ਹੁੰਦਾ ਹੈ।

ਵੱਡਾ ਭਰਾ, ਜਿਹੜਾ ਅਨਪੜ੍ਹ ਹੈ ਤੇ ਇੱਕ ਸੀਰੀ, ਵਾਹੀ ਦਾ ਕੰਮ ਤੋਰੀ ਜਾਂਦੇ ਹਨ। ਸੁਣਿਆ ਹੈ ਕਿ ਉਹ ਤਾਂ ਨਿੱਤ ਤਹਿਸੀਲ ਵਿੱਚ ਹੀ ਰਹਿੰਦਾ ਹੈ, ਨਿੱਤ ਥਾਣੇ ਵਿੱਚ ਹੀ ਰਹਿੰਦਾ ਹੈ। ਲੋਕਾਂ ਦੇ ਨਿੱਕੇ-ਮੋਟੇ ਕੰਮ ਮੁੱਕਦੇ ਨਹੀਂ। ਕਦੇ ਕੋਈ ਲੈ ਗਿਆ, ਕਦੇ ਕੋਈ। ਇਹ ਵਗਾਰ ਉਸ ਨੇ ਕਿੱਥੋਂ ਸਾਂਭ ਲਈ? ਪੰਚਾਇਤ ਦਾ ਕੰਮ ਤਾਂ ਲੁੱਚੇਲਫੰਗਿਆਂ ਦੇ ਹੱਥ ਰਹਿ ਗਿਆ ਬਸ ਹੁਣ ਤਾਂ। ਕਿਸੇ ਭਲੇਮਾਣਸ ਦਾ ਪੰਚਾਇਤ ਵਿੱਚ ਕੀ ਕੰਮ? ਉਸ ਦੀ ਘਰ ਜਾਇਦਾਦ ਐਡੀ ਵੱਡੀ ਹੈ ਤੇ ਬੀ.ਏ. ਹੋ ਕੇ ਵੀ ਸਰਪੰਚੀ ਦਾ ਇਹ ਕੁੱਤਾ ਕੰਮ ਕਿਉਂ ਕਰਦਾ ਹੈ? ਮੈਂ ਹੈਰਾਨ ਹਾਂ।

ਮੇਰੇ ਛੋਟੇ ਮਾਮੇ ਨਾਲ ਹੁਣ ਉਸ ਦੀ ਬਹੁਤ ਬਣਦੀ ਹੈ। ਉਦੋਂ ਤਾਂ ਉਹ ਇਸ ਘਰ ਕਦੇ ਵੀ ਨਹੀਂ ਸੀ ਆਇਆ। ਹੁਣ ਤਾਂ ਸੁਣਿਆ ਹੈ ਕਿ ਆਮ ਆਉਂਦਾ ਜਾਂਦਾ ਹੈ। ਤਾਂ ਮੈਂ ਉਡੀਕ ਰਹੀ ਹਾਂ ਕਿ ਉਹ ਆਵੇ ਤੇ ਅਸੀਂ ਮਿਲੀਏ। ਮਿਲੀਏ ਤਾਂ ਕਿਹੋ ਜਿਹੀਆਂ ਗੱਲਾਂ ਕਰੀਏ? ਮੈਨੂੰ ਬੁਲਾਵੇਗਾ ਵੀ ਕਿ ਨਹੀਂ? ਮੈਂ ਬੁਲਾ ਵੀ ਸਕਾਂਗੀ ਕਿ ਨਹੀਂ?

ਫੱਗਣ-ਚੇਤ ਦੀ ਰੁੱਤ ਹੈ। ਹਰਿਆਲੀ ਪੂਰੇ ਜੋਬਨ ਉੱਤੇ ਹੈ। ਧਰਤੀ ਦੀ ਮਾਂਗ ਵਿੱਚ ਸੰਧੂਰ ਘੁਲ ਗਿਆ ਹੈ। ਸੂਰਜ ਡੇਰੇ ਵਾਲੀ ਨਿੰਮ ਦੀ ਟੀਸੀ ਤੋਂ ਥੱਲੇ ਲਹਿ ਗਿਆ ਹੈ। ਵਿਹੜੇ ਵਿੱਚ ਪੀਹੜੇ ਉੱਤੇ ਬੈਠੀ ਕਪਾਹ-ਛਟੀ ਦੇ ਡੱਕੇ ਨਾਲ ਮੈਂ ਧਰਤੀ ਉੱਤੇ ਲਕੀਰਾਂ ਵਾਹ ਰਹੀ ਹਾਂ। ਮੇਰੇ ਦੋਵੇਂ ਮੁੰਡੇ ਇਕ ਟੁੱਟੀ ਪੁਰਾਣੀ ਪੀਪੀ ਦਾ ਟਰੈਕਟਰ ਬਣਾ-ਬਣਾ ਖੇਡ ਰਹੇ ਹਨ।

ਸੁਣਿਆ ਹੈ ਕਿ ਉਹ ਇੱਕ ਕਤਲ ਦੇ ਮੁਕੱਦਮੇ ਵਿੱਚ ਕਈ ਦਿਨਾਂ ਤੋਂ ਭੱਜਿਆ ਫਿਰਦਾ ਹੈ। ਏਸੇ ਕਰਕੇ ਸ਼ਾਇਦ ਉਹ ਮਾਮੇ ਕੋਲ ਨਹੀਂ ਆਇਆ। ਸੁਣਿਆ ਹੈ ਕਿ ਜਦ ਕਦੇ ਉਹ ਮਾਮੇ ਕੋਲ ਆਉਂਦਾ ਹੈ ਤਾਂ ਦੋਵੇਂ ਚੁਬਾਰੇ ਵਿੱਚ ਬੈਠ ਕੇ ਸ਼ਰਾਬ ਪੀਂਦੇ ਹਨ। ਇਹ ਵੀ ਸੁਣਿਆ ਹੈ ਕਿ ਮਾਮੇ ਤੋਂ ਬਿਨਾਂ ਉਹ ਪਿੰਡ ਵਿੱਚ ਹੋਰ ਕਿਸੇ ਨਾਲ ਸ਼ਰਾਬ ਨਹੀਂ ਪੀਂਦਾ। ਮਾਮਾ ਉਸਨੂੰ ਕਈ ਵਾਰ ਯਾਦ ਕਰਾ ਚੁੱਕਿਆ ਹੈ ਕਿ ਐਨੇ ਦਿਨ ਹੋ ਗਏ 'ਲਾਲੀ' ਘਰ ਕਿਉਂ ਨਹੀਂ ਆਇਆ, ਪਰ ਕਤਲ ਦੀ ਗੱਲ ਛੇੜ ਕੇ ਫਿਰ ਉਹ ਚੁੱਪ ਕਰ ਜਾਂਦਾ ਹੈ।

ਵਿਹੜੇ ਵਿੱਚੋਂ ਉੱਠ ਕੇ ਮੈਂ ਸਬਾਤ ਅੰਦਰ ਆ ਜਾਂਦੀ ਹਾਂ।

ਅੱਜ ਪਤਾ ਨਹੀਂ ਉਸ ਨੂੰ ਕਿਵੇਂ ਵਿਹਲ ਮਿਲ ਗਈ। ਉਸ ਨੇ ਦਿਨ ਢਲੇ ਬਾਰ ਮੁਹਰੇ ਖੜ੍ਹ ਕੇ ਛੋਟੇ ਮਾਮੇ ਨੂੰ ਹਾਕ ਮਾਰੀ ਹੈ ਤੇ ਫਿਰ ਅੰਦਰ ਲੰਘ ਕੇ ਵਿਹੜੇ ਵਿੱਚ ਆ ਖੜੋਤਾ ਹੈ। ਮੈਂ ਨਾਨੀ ਦਾ ਸਿਰ ਘੁੱਟ ਰਹੀ ਹਾਂ। ਉਹ ਬੋਲੀ ਨਹੀਂ। ਉਸ ਨੂੰ ਹੁਣ ਸੁਰਤ ਘੱਟ ਹੈ। ਉਸ ਨੇ ਸ਼ਾਇਦ ਮੈਨੂੰ ਉਸ ਦੇ ਸਿਰਹਾਣੇ ਬੈਠੀ ਨੂੰ ਦੇਖ ਕੇ ਪਛਾਣਿਆ ਨਹੀਂ। ਉਨ੍ਹੀਂ ਪੈਰੀਂ ਵਾਪਸ ਮੁੜ ਗਿਆ ਹੈ। ਚੁਬਾਰੇ ਦੀਆਂ ਪੌੜੀਆਂ ਜਾ ਚੜ੍ਹਿਆ ਹੈ। ਚੁਬਾਰੇ ਵਿੱਚ ਹੋਰ ਕੋਈ ਨਹੀਂ ਹੈ। ਉਹ ਇਕੱਲਾ ਹੀ ਬੈਠਾ ਹੈ। ਸ਼ਾਇਦ ਛੋਟੇ ਮਾਮੇ ਨੂੰ ਉਡੀਕ ਰਿਹਾ ਹੋਵੇ।

ਉਸ ਦੀ ਸੂਰਤ ਨੂੰ ਦੇਖ ਕੇ ਮੈਨੂੰ ਧੁੜਧੁੜੀ ਜਿਹੀ ਛਿੜ ਪਈ ਹੈ। ਇਹ ਉਹ ‘ਲਾਲੀ' ਹੈ ਜਿਹੜਾ ਅੱਜ ਤੋਂ ਦਸ ਸਾਲ ਪਹਿਲਾਂ ਕੁਝ ਹੋਰ ਸੀ। ਹੁਣ ਕੁਝ ਹੋਰ ਹੀ ਹੈ। ਪੈਰਾਂ ਵਿੱਚ ਕਾਲ਼ੀ ਜੁੱਤੀ, ਖੱਦਰ ਦਾ ਕੁੜਤਾ ਤੇ ਖੱਦਰ ਦਾ ਪਜਾਮਾ, ਦਾੜ੍ਹੀ ਖੁੱਲ੍ਹੀ ਤੇ ਸਿਰ ਉੱਤੇ ਪੀਲੀ ਮੋਤੀਆ ਪੱਗ। ਕਹਿ ਸਕਦਾ ਹੈ ਕੋਈ ਕਿ ਇਹ ਮੁੰਡਾ ਚੌਦਾ ਜਮਾਤਾਂ ਪੜ੍ਹਿਆ ਹੋਇਆ ਹੈ।

ਛੋਟੀ ਮਾਮੀ ਚੁਬਾਰੇ ਵਿੱਚ ਲਸਣ ਦੀਆਂ ਗੰਢੀਆਂ ਲੈਣ ਗਈ ਹੈ ਤਾਂ ਉਸ ਨੂੰ ਕਹਿ ਆਈ ਹੈ ਕਿ ਉਹ ਏਥੇ ਹੀ ਬੈਠੇ ਤੇ ਮਾਮਾ ਹੁਣੇ ਕਿੱਧਰੋਂ ਆ ਜਾਂਦਾ ਹੈ।

ਨਾਨੀ ਦੀ ਅੱਖ ਲੱਗ ਗਈ ਹੈ ਜਾਂ ਉਂਝ ਹੀ ਉਹ ਚੁੱਪ ਹੋ ਗਈ ਹੈ। ਮੈਂ ਉਸਦਾ ਸਿਰ ਘੁੱਟਣੋਂ ਹਟ ਗਈ ਹਾਂ। ਉਸ ਦੇ ਸਿਰਹਾਣੇ ਹੀ ਮੈਂ ਬੈਠੀ ਰਹਿੰਦੀ ਹਾਂ। ਆਪਣੇ ਗੋਡਿਆਂ ਉੱਤੇ ਆਪਣੀ ਸੱਜੀ ਬਾਂਹ ਵਿਛਾ ਲੈਂਦੀ ਹਾਂ ਤੇ ਫਿਰ ਬਾਂਹ ਉੱਤੇ ਆਪਣੀਆਂ ਅੱਖਾਂ ਮੂਧੀਆਂ ਮਾਰ ਲੈਂਦੀ ਹਾਂ। ਵੱਡੀ ਮਾਮੀ ਦੇ ਜਦ ਦੂਜਾ ਜਵਾਕ ਹੋਣਾ ਸੀ, ਉਦੋਂ ਵੱਡਾ ਮਾਮਾ ਮੈਨੂੰ ਜਾ ਕੇ ਲੈ ਆਇਆ ਸੀ। ਅੱਠ ਨੌਂ ਮਹੀਨੇ ਰਹੀ ਸਾਂ ਮੈਂ ਏਥੇ ਦਸ ਸਾਲ ਹੋ ਗਏ ਉਹਨਾਂ ਗੱਲਾਂ ਨੂੰ।

ਇਹ ਘਰ ਸੱਥ ਦੇ ਬਿਲਕੁਲ ਸਾਹਮਣੇ ਹੈ। ਸੱਥ ਵਿੱਚ ਹੁਣ ਵੀ ਸਾਰਾ ਦਿਨ ਲੋਕ ਬੈਠੇ ਰਹਿੰਦੇ ਹਨ। ਗਰਮੀ ਦੀ ਰੁੱਤ ਵਿੱਚ ਪਿੱਪਲ ਦੀ ਛਾਂ ਥੱਲੇ ਤਖ਼ਤਪੋਸ਼ ਉੱਤੇ ਸਾਰਾ ਦਿਨ ਉਹ ਤਾਸ਼ ਖੇਡਦੇ ਰਹਿੰਦੇ ਹਨ। ਸਰਦੀਆਂ ਵਿੱਚ ਦੋਵੇਂ ਤਖ਼ਤਪੋਸ਼ ਪਿੱਪਲ ਥੱਲਿਓਂ ਹਿੱਲ ਕੇ ਚੌਗਾਨ ਵਿੱਚ ਆ ਡਹਿੰਦੇ ਹਨ। ਚੁਬਾਰੇ ਦੀਆਂ ਪੌੜੀਆਂ ਤੋਂ ਪਿੱਪਲ, ਤਖ਼ਤਪੋਸ਼ ਤੇ ਚੌਗਾਨ ਸਭ ਕੁਝ ਦਿਸਦਾ ਹੈ।

ਤੜਕੇ ਤੜਕੇ ਇੱਕ ਦਿਨ ਸੱਥ ਵਿਚਲੇ ਤਖ਼ਤਪੋਸ਼ ਉੱਤੇ ਉਹ ਇਕੱਲਾ ਹੀ ਬੈਠਾ ਸੀ। ਸਿਆਲ ਦੀ ਰੁੱਤ ਸੀ। ਉਹ ਇਸ ਚੁਬਾਰੇ ਦੀਆਂ ਪੌੜੀਆਂ ਵੱਲ ਵੇਖ ਰਿਹਾ ਸੀ। ਮੈਂ ਪੌੜੀਆਂ ਉੱਤਰ ਰਹੀ ਸੀ। ਪੌੜੀਆਂ ਉੱਤਰਦੀ ਨੇ ਮੈਂ ਆਪਣੀ ਗੁੱਤ ਛਾਤੀ ਉੱਤੋਂ ਚੁੱਕ ਕੇ ਮੋਢੇ ਉੱਤੋਂ ਦੀ ਪਿੱਠ ਵੱਲ ਕੁਝ ਇਸ ਤਰੀਕੇ ਨਾਲ ਝੰਜਕ ਕੇ ਸੁੱਟੀ ਸੀ ਕਿ ਉਹ ਹੱਸ ਪਿਆ ਸੀ। ਮੈਂ ਵੀ ਮੁਸਕਰਾ ਪਈ ਸਾਂ ਤੇ ਫਿਰ ਮੈਂ ਆਪਣੇ ਸਿਰ ਉੱਤੋਂ ਦੀ ਹੱਥ ਕੁਝ ਇਸ ਤਰੀਕੇ ਨਾਲ ਫੇਰਿਆ ਸੀ, ਜਿਸ ਦਾ ਮਤਲਬ ਹੁੰਦਾ ਹੈ ਸ਼ਾਇਦ "ਸਤਿ ਸ੍ਰੀ ਅਕਾਲ!"

ਫਿਰ ਤਾਂ ਉਸ ਨੂੰ ਜਿਵੇਂ ਕੋਈ ਕਮਲ ਹੀ ਉੱਠ ਖੜ੍ਹਿਆ। ਸਕੂਲੋਂ ਛੁੱਟੀ ਹੁੰਦੀ ਤੇ ਉਹ ਆ ਕੇ ਸੱਥ ਵਿੱਚ ਤਖ਼ਤਪੋਸ਼ ਉੱਤੇ ਬੈਠ ਜਾਂਦਾ। ਨਾ ਉਸ ਨੂੰ ਕੋਲ ਬੈਠਾ ਕੋਈ ਦਿਸਦਾ ਤੇ ਨਾ ਕੋਲ ਦੀ ਤੁਰਿਆ ਜਾਂਦਾ ਕੋਈ। ਮੁਤਰ ਮੁਤਰ ਉਹ ਇਸ ਚੁਬਾਰੇ ਦੀਆਂ ਪੌੜੀਆਂ ਵੱਲ ਦੇਖਦਾ ਰਹਿੰਦਾ। ਮੈਨੂੰ ਪਤਾ ਨਹੀਂ ਕੀ ਹੋ ਗਿਆ ਸੀ। ਮੈਂ ਨਾ ਫਿਰ ਉਸ ਵੱਲ ਸੰਵਾਰ ਕੇ ਝਾਕਦੀ ਤੇ ਨਾ ਹੀ ਉਸ ਨੂੰ ਕੋਈ ਇਸ਼ਾਰਾ ਕਰਦੀ ਤੇ ਨਾ ਉਸ ਦੇ ਇਸ਼ਾਰੇ ਦਾ ਕੋਈ ਜਵਾਬ ਦਿੰਦੀ ਸੀ। ਉਹ ਆਪਣੀਆਂ ਹਥੇਲੀਆਂ ਵਿਚਾਲੇ ਇੱਕ ਕਾਨੇ ਦੀ ਪੂਣੀ ਜਿਹੀ ਵਟਦਾ ਰਹਿੰਦਾ। ਜਦ ਮੈਂ ਚੁਬਾਰੇ ਵਿੱਚ ਆਉਂਦੀ ਤੇ ਸੱਥ ਵੱਲ ਸਾਧਾਰਨ ਜਿਹਾ ਝਾਕੀ ਤਾਂ ਉਹ ਕਾਨੇ ਸਣੇ ਦੋਵੇਂ ਹੱਥ ਜੋੜ ਕੇ ਆਪਣੇ ਮੱਥੇ ਨੂੰ ਲਾ ਦਿੰਦਾ।

ਵਿਹਲ ਮਿਲੀ ਤੋਂ ਪਿਛਲੇ ਪਹਿਰ ਕੋਠੇ ਉੱਤੇ ਬੈਠੀ ਮੈਂ ਚਾਦਰ ਕੱਢਦੀ ਹੁੰਦੀ ਜਾਂ ਸਿਰਹਾਣਾ ਕੱਢਦੀ ਹੁੰਦੀ ਤਾਂ ਉਹ ਆਪਣੇ ਕੋਠੇ ਉੱਤੋਂ ਖੜ੍ਹਾ ਬਾਂਹਾਂ ਖੜ੍ਹੀਆਂ ਕਰਕੇ ਮੈਨੂੰ ਇਸ਼ਾਰੇ ਕਰਦਾ ਰਹਿੰਦਾ। ਨਾ ਕਿਸੇ ਨੂੰ ਦੇਖਦਾ ਨਾ ਕਿਸੇ ਤੋਂ ਸੰਗਦਾ। ਮੈਨੂੰ ਲੱਗਦਾ ਕਿ ਉਹ ਸਕੂਲ ਵੀ ਘੱਟ ਵੱਧ ਹੀ ਜਾਂਦਾ ਹੈ।

ਸਦੇਹਾਂ-ਸਦੇਹਾਂ ਵਾੜੇ ਵਿੱਚ ਮੈਂ ਪਾਥੀਆਂ ਪੱਥਣ ਜਾਂਦੀ। ਪਤਾ ਨਹੀਂ ਉਹ ਕਿੱਧਰੋਂ ਆ ਜਾਂਦਾ। ਦੂਰੋਂ ਆਉਂਦੇ ਨੂੰ ਦੇਖ ਕੇ ਮੈਂ ਸਮਝਦੀ ਕਿ ਅੱਜ ਜ਼ਰੂਰ ਕੋਈ ਕਾਰਾ ਬੀਜੇਗਾ, ਪਰ ਉਹ ਮੇਰੇ ਕੋਲ ਦੀ ਚੁੱਪ ਕਰਕੇ ਲੰਘ ਜਾਂਦਾ। ਮਾੜਾ ਜਿਹਾ ਪੈਰ ਮਲਦਾ ਤੇ ਬਸ ਕੁਝ ਮੂੰਹੋਂ ਨਾ ਬੋਲਦਾ। ਮੈਂ ਸੁਖ ਦਾ ਸਾਹ ਲੈਂਦੀ।

ਜਦ ਕਦੇ ਮੈਂ ਚੁਬਾਰੇ ਸਾਹਮਣੇ ਖੜ੍ਹ ਜਾਂਦੀ ਤੇ ਸੱਥ ਵੱਲ ਝਾਕੀ ਤਾਂ ਉਹ ਤਖ਼ਤਪੋਸ਼ ਉੱਤੋਂ ਉੱਠ ਖੜ੍ਹਾ ਹੁੰਦਾ ਤੇ ਮੇਰੇ ਵੱਲ ਇਸ਼ਾਰਾ ਕਰਦਾ, ਜਿਸ ਦਾ ਮਤਲਬ ਹੁੰਦਾ ਸ਼ਾਇਦ "ਆ ਚੱਲੀਏ ਬਾਹਰ ਨੂੰ।" ਮੈਂ ਪਰ ਕਿਸੇ ਵੀ ਇਸ਼ਾਰੇ ਦਾ ਜਵਾਬ ਨਾ ਦਿੰਦੀ। ਮੇਰਾ ਹੱਥ ਹੀ ਨਹੀਂ ਸੀ ਉੱਠਦਾ। ਅਸਲ ਵਿੱਚ ਮੈਂ ਉਸ ਤੋਂ ਖਹਿੜਾ ਛੁਡਾਉਣਾ ਚਾਹੁੰਦੀ ਸਾਂ। ਉਹ ਤਾਂ ਜਿਵੇਂ ਹੱਥ ਧੋ ਕੇ ਹੀ ਮੇਰੇ ਮਗਰ ਪੈ ਗਿਆ ਸੀ। ਇਸ ਤਰ੍ਹਾਂ ਵੀ ਕੋਈ ਕਰਦਾ ਹੁੰਦਾ ਹੈ?

ਉਸ ਨੇ ਕਿਤੋਂ ਸੁਣ ਲਿਆ ਸੀ ਕਿ ਮੈਂ ਪੰਜ ਜਮਾਤਾਂ ਪੜ੍ਹ ਕੇ ਹਟੀ ਹੋਈ ਹਾਂ। ਸਾਡੇ ਗੁਆਂਢ ਵਿੱਚ ਛੇਵੀਂ ਜਮਾਤ ਵਿੱਚ ਪੜ੍ਹਦੀ ਇੱਕ ਕੁੜੀ ਦੇ ਹੱਥ ਉਸ ਨੇ ਮੈਨੂੰ ਚਿੱਠੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਕਦੇ ਵੀ ਚਿੱਠੀ ਦਾ ਜਵਾਬ ਨਹੀਂ ਸੀ ਦਿੱਤਾ, ਪਰ ਉਹ ਫਿਰ ਚਿੱਠੀ ਲਿਖ ਕੇ ਭੇਜ ਦਿੰਦਾ ਸੀ। ਉਹਨਾਂ ਚਿੱਠੀਆਂ ਵਿੱਚ ਕੀ ਲਿਖਿਆ ਹੁੰਦਾ ਸੀ, ਇਹ ਮੈਨੂੰ ਯਾਦ ਨਹੀਂ। ਉਹਨਾਂ ਵਿੱਚ ਕਦੇ-ਕਦੇ ਕਵਿਤਾ ਦਾ ਕੋਈ ਟੋਟਾ ਵੀ ਹੁੰਦਾ ਸੀ, ਜਿਸ ਦੇ ਬੋਲ ਹੁਣ ਮੈਨੂੰ ਯਾਦ ਨਹੀਂ।

ਉਹ ਕਿੰਨੀ ਦੇਹ ਤੋੜਦਾ ਹੁੰਦਾ। ਮੈਂ ਉਸਨੂੰ ਕਿੰਨਾ ਦੁਖੀ ਕਰਦੀ ਸੀ। ਮੈਂ ਉਸ ਦੀ ਕਿਸੇ ਵੀ ਗੱਲ ਨੂੰ ਨਹੀਂ ਸੀ ਗੌਲ਼ਦੀ। ਉਦੋਂ ਮੈਨੂੰ ਉਸ ਉੱਤੇ ਹਾਸੀ ਆਉਦੀ ਹੁੰਦੀ ਸੀ, ਪਰ ਹੁਣ ਮੈਨੂੰ ਉਹ ਦਿਨ ਯਾਦ ਕਰਕੇ ਉਸ ਉੱਤੇ ਤਰਸ ਆਉਂਦਾ ਹੈ। ਮੈਂ ਤਾਂ ਹਾਸੀ ਮਜ਼ਾਕ ਵਿਚ ਹੀ ਐਵੇਂ ਉਸਨੂੰ ਛੇੜਿਆ ਸੀ, ਪਰ ਉਸਨੇ ਤਾਂ ਕੋਈ ਝੱਲ ਹੀ ਸਹੇੜ ਲਿਆ ਸੀ। ਮੈਂ ਉਸਨੂੰ ਛੇੜਿਆ ਕਾਹਨੂੰ ਸੀ, ਉਹ ਉਸ ਦਿਨ ਮੇਰੇ ਦਿਲ ਵਿੱਚੋਂ ਇਕ ਉਬਾਲ ਜਿਹਾ ਉੱਠਿਆ ਸੀ ਤੇ ਉਸ ਚੰਦਰੇ ਨੇ ਕਾਹਨੂੰ ਐਵੇਂ ਦੇਹ ਨੂੰ ਰੋਗ ਲਾ ਲਿਆ ਸੀ। ਹੁਣ ਮੈਂ ਸੋਚਦੀ ਹਾਂ ਕਿ ਉਹ ਮੇਰਾ ਹੀ ਗੁਨਾਹ ਸੀ, ਜਿਹੜਾ ਮੈਂ ਉਸਨੂੰ ਐਨਾ ਤੜਫ਼ਾਇਆ ਸੀ। ਅੱਜ ਉਹ ਗੁਨਾਹ ਉਸ ਕੋਲੋਂ ਬਖਸ਼ਾਉਣਾ ਚਾਹੁੰਦੀ ਹਾਂ, ਪਰ ਗੱਲ ਕਿਵੇਂ ਕਰਾਂ?

ਮਾਮਾ ਅਜੇ ਬਾਹਰੋਂ ਨਹੀਂ ਆਇਆ। ਲਾਲੀ ਚੁਬਾਰੇ ਵਿੱਚ ਹੀ ਬੈਠਾ ਹੈ ਤੇ ਟ੍ਰਾਂਜ਼ਿਸਟਰ ਸੁਣ ਰਿਹਾ ਹੈ।

ਮਾਮੀ ਨੇ ਕਾੜ੍ਹਨੀਂ ਵਿੱਚੋਂ ਦੁੱਧ ਵਧਾਇਆ ਹੈ। ਇੱਕ ਵੱਡੇ ਸਾਰੇ ਗਲਾਸ ਵਿੱਚ ਦੁੱਧ ਪਾਇਆ ਹੈ ਤੇ ਫਿਰ ਗੇਰੂਏ ਦੁੱਧ ਵਿੱਚ ਖੰਡ ਦੀ ਲੱਪ ਪਾ ਦਿੱਤੀ ਹੈ। ਕੜਛੀ ਦੀ ਡੰਡੀ ਨਾਲ ਖੰਡ ਘੋਲ ਦਿੱਤੀ ਹੈ। ਉਹ ਗਲਾਸ ਉਸ ਨੇ ਮੈਨੂੰ ਫੜਾ ਦਿੱਤਾ ਤੇ ਕਿਹਾ ਹੈ - "ਜਾਹ, ਉੱਤੇ ਜਾਹ, ਸਰਪੰਚ ਨੂੰ ਫੜਾ ਆ।" ਇਹ ਕਹਿ ਕੇ ਮਾਮੀ ਨੇ ਆਪਣਾ ਥੱਲੜਾ ਬੁੱਲ੍ਹ ਦੰਦਾਂ ਵਿੱਚ ਟੁੱਕ ਲਿਆ ਹੈ। ਮੇਰੇ ਵੱਲ ਓਪਰੀ ਨਿਗਾਅ ਨਾਲ ਝਾਕੀ ਹੈ।

ਥਿੜਕਦੀਆਂ ਲੱਤਾਂ ਨਾਲ ਪੌੜੀਆਂ ਚੜ੍ਹ ਕੇ ਮੈਂ ਚੁਬਾਰੇ ਵਿੱਚ ਜਾਂਦੀ ਹਾਂ। ਉਸ ਕੋਲ ਪਏ ਮੇਜ਼ ਉੱਤੇ ਗਲਾਸ ਧਰ ਦਿੰਦੀ ਹਾਂ। ਮੂੰਹੋਂ ਕੁਝ ਨਹੀਂ ਬੋਲਦੀ। ਉਹ ਵੀ ਨਹੀਂ ਬੋਲਦਾ। ਚੁੱਪ ਕਰ ਕੇ ਛੱਤ ਵੱਲ ਝਾਕਦਾ ਰਹਿੰਦਾ ਹੈ ਤੇ ਟ੍ਰਾਂਜ਼ਿਸਟਰ ਦਾ ਸਵਿੱਚ ਬੰਦ ਕਰ ਦਿੰਦੀ ਹਾਂ। ਕਹਿੰਦੀ ਹਾਂ- "ਦੁੱਧ ਪੀ ਲੈ ਵੀਰਾ।" ਉਸ ਨੇ ਨੀਵੀਂ ਪਾ ਕੇ ਗਲਾਸ ਨੂੰ ਹੱਥ ਪਾ ਲਿਆ ਹੈ ਤੇ ਇੱਕ ਖੂੰਜੇ ਵੱਲ ਮੂੰਹ ਕਰ ਕੇ ਘੁੱਟਾਂ ਭਰਨ ਲੱਗ ਪਿਆ ਹੈ। ਮੈਂ ਥੱਲੇ ਆ ਗਈ ਹਾਂ। ਟ੍ਰਾਂਜ਼ਿਸਟਰ ਦਾ ਗਾਣਾ ਫਿਰ ਉੱਚਾ ਹੋ ਗਿਆ ਹੈ।

ਮਾਮਾ ਬਾਹਰੋਂ ਆ ਗਿਆ ਹੈ। ਉਹ ਕਾਫ਼ੀ ਚਿਰ ਕੋਈ ਗੱਲ ਕਰਦੇ ਰਹਿੰਦੇ ਹਨ। ਮੂੰਹ-ਹਨੇਰਾ ਹੋ ਗਿਆ ਹੈ। ਉਹ ਚੁਬਾਰੇ ਤੋਂ ਥੱਲੇ ਉੱਤਰਦਾ ਹੈ ਤੇ ਫਿਰ ਘਰ ਨੂੰ ਜਾਣ ਲੱਗਦਾ ਹੈ। ਮਾਮੇ ਦੀਆਂ ਲੱਤਾਂ ਨਾਲ ਮੇਰਾ ਵੱਡਾ ਮੁੰਡਾ ਚਿੰਬੜ ਜਾਂਦਾ ਹੈ ਤੇ 'ਪੰਜੀ' ਲੈਣ ਲਈ ਰਿਹਾੜ ਕਰਦਾ ਹੈ। ਮਾਮਾ ਉਸ ਨੂੰ ਦੱਸਦਾ ਹੈ ਕਿ ਇਹ "ਬੀਬੋ ਦਾ ਵੱਡਾ ਕਾਕੈ।" ਉਸ ਨੇ ਪੰਜ ਰੁਪਏ ਜੇਬ ਵਿੱਚੋਂ ਕੱਢੇ ਹਨ ਤੇ ਮੁੰਡੇ ਦੀ ਜੇਬ ਵਿੱਚ ਪਾ ਦਿੱਤੇ ਹਨ। ਮੱਲੋ-ਮੱਲੀ ਪਾ ਦਿੱਤੇ ਹਨ। ਮਾਮਾ ਨਾਂਹ-ਨਾਂਹ ਕਰਦਾ ਹੈ, ਪਰ ਉਹ ਉਸ ਦੀ ਗੱਲ ਨਹੀਂ ਸੁਣਦਾ ਤੇ ਨੀਵੀਂ ਪਾ ਕੇ ਬਾਰ ਟੱਪ ਜਾਂਦਾ ਹੈ।◆