ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਸਵਾਲ ਦਰ ਸਵਾਲ
ਸਵਾਲ ਦਰ ਸਵਾਲ
ਬਿਲੁਆ ਭੰਗੀ ਪਿੰਡ ਦੀ ਸੱਥ ਵਿੱਚ ਲੋਕਾਂ ਦੇ ਇਕੱਠ ਸਾਹਮਣੇ ਉੱਚੀ-ਉੱਚੀ ਬੋਲ ਰਿਹਾ ਸੀ- 'ਮ੍ਹਾਰੀ ਇੱਜ਼ਤ ਕਾ ਸਵਾਲ ਐ, ਬਾਊ ਜੀ। ਜਿਸ ਨੇ ਮ੍ਹਾਰੀ ਬੇਟੀ ਕੀ ਆਨ ਲੂਟੀ, ਉਸੇ ਸਜਾ ਮਿਲਨੀ ਚਾਹੀਏ, ਬਸ ਮੈਂ ਤੋਂ ਇਤਨਾ ਚਾਹਵਾਂ।'
ਸੱਥ ਵਿੱਚ ਸਰਪੰਚ, ਦੋ ਪੰਚ, ਇੱਕ ਨੰਬਰਦਾਰ ਤੇ ਚਾਰ ਪੰਜ ਜਣੇ ਹੋਰ ਸਨ, ਜਿਹੜੇ ਬਿਲੂਏ ਭੰਗੀ ਨੇ ਸੱਦ ਕੇ ਲਿਆਂਦੇ ਸਨ। ਇਹਨਾਂ ਤੋਂ ਬਿਨਾਂ ਦਸ-ਬਾਰਾਂ ਬੰਦੇ ਹੋਰ ਓਥੇ ਆ ਖੜੇ ਸਨ। ਵਿਚਲੀ ਗੱਲ ਦਾ ਸਭ ਨੂੰ ਪਤਾ ਸੀ।
ਪਿੰਡਾਂ ਵਿੱਚ ਗਲੀਆਂ ਦੇ ਫ਼ਰਸ਼ ਪੱਕੇ ਕੀਤੇ ਗਏ ਤੇ ਘਰਾਂ ਦਾ ਪਾਣੀ ਨਿਕਲਣ ਵਾਸਤੇ ਨਾਲੀਆਂ ਵੀ ਪੱਕੀਆਂ ਬਣ ਗਈਆਂ ਤਾਂ ਇਹਨਾਂ ਦੀ ਸਫ਼ਾਈ ਵੀ ਜ਼ਰੂਰੀ ਸਮਝੀ ਗਈ। ਸਫ਼ਾਈ ਤੋਂ ਬਿਨਾਂ ਤਾਂ ਮੀਂਹ ਵਾਲੇ ਦਿਨ ਔਖਾ ਹੋ ਜਾਂਦਾ। ਮਿੱਟੀ ਕੂੜੇ ਨਾਲ ਅੱਟੀਆਂ ਨਾਲੀਆਂ ਵਿੱਚ ਦੀ ਪਾਣੀ ਗੁਜ਼ਰਦਾ ਹੀ ਨਾ। ਗਲੀਆਂ ਤਾ ਦਰਿਆ ਬਣ ਜਾਂਦੇ। ਮੀਂਹ ਦੀ ਗੱਲ ਛੱਡੋ, ਸਫ਼ਾਈ ਬਗ਼ੈਰ ਨਾਲੀਆਂ ਵਿੱਚ ਗੰਦ ਉਭਰ ਜਾਂਦਾ। ਸਿਆਣੇ ਆਦਮੀ ਨੱਕ ਉੱਤੇ ਪੱਲਾ ਦੇ ਕੇ ਲੰਘਦੇ ਤੇ ਕਹਿੰਦੇ-'ਏਦੂੰ ਤਾਂ ਕੱਚੀਆਂ ਵੀਹੀਆਂ ਈ ਚੰਗੀਆਂ ਸੀ। ਰੀਸ ਤਾਂ ਸ਼ਹਿਰਾਂ ਦੀ ਕਰ ਲਈ....।' ਤੇ ਫਿਰ ਇਹ ਭੰਗੀ ਲੋਕ ਆਪਣੇ ਆਪ ਹੀ ਪਤਾ ਨਹੀਂ ਕਿਧਰੋਂ ਆ ਗਏ ਸਨ। ਇਸ ਇਲਾਕੇ ਦੇ ਲਗਭਗ ਹਰ ਪਿੰਡ ਵਿੱਚ ਹੀ ਇੱਕ ਇੱਕ ਟੱਬਰ। ਇਸ ਪਿੰਡ ਦੇ ਬਿਲੂਏ ਭੰਗੀ ਦੀ ਪਤਨੀ, ਇੱਕ ਮੁਟਿਆਰ ਧੀ ਤੇ ਇੱਕ ਛੋਟਾ ਜਿਹਾ ਮੁੰਡਾ ਸੀ। ਮੁੰਡੇ ਦੀ ਉਮਰ ਭਾਵੇਂ ਗਿਆਰਾਂ-ਬਾਰਾਂ ਸਾਲ ਸੀ, ਪਰ ਉਹ ਆਦਮੀ ਜਿੰਨਾ ਕੰਮ ਕਰਦਾ। ਚਾਰ ਜਣੇ, ਉਹ ਸਾਰੇ ਪਿੰਡ ਦੀਆਂ ਨਾਲੀਆਂ ਕਮਾਉਂਦੇ, ਗਲੀਆਂ ਦੀ ਸਫ਼ਾਈ ਨਿੱਤ ਕਰਦੇ। ਦਿਨ ਚੜ੍ਹਨ ਤੋਂ ਪਹਿਲਾਂ ਹੀ ਕੰਮ ਉੱਤੇ ਲੱਗ ਜਾਂਦੇ। ਦੁਪਹਿਰ ਤੱਕ ਸਾਰਾ ਕੰਮ ਮੁਕਾ ਲੈਂਦੇ। ਸ਼ਾਮ ਨੂੰ ਘਰ-ਘਰ ਜਾ ਕੇ ਆਟਾ ਮੰਗਦੇ।
ਕੁੜੀ ਕਿਸੇ ਵੱਲ ਅੱਖ ਭਰ ਕੇ ਨਾ ਝਾਕਦੀ। ਆਪਣੇ ਕੰਮ ਵਿੱਚ ਮਗਨ ਰਹਿੰਦੀ। ਲੱਕੜ ਦੇ ਮੁੱਠੇ ਵਾਲੀ ਲੰਬੀ ਸੂਹਣ ਲਗਾਤਾਰ ਚੱਲਦੀ। ਗਰਦ ਉੱਡਦੀ। ਲੰਘਣ ਵਾਲੇ ਦਾਅ ਬਚਾ ਕੇ ਗੁਜ਼ਰ ਜਾਂਦੇ। ਕੁੜੀ ਤਾਂ ਨੀਵੀਂ ਪਾਈ ਆਪਣੇ ਹਿਸਾਬ ਅਨੁਸਾਰ ਗਲੀ ਦੇ ਏਧਰੋਂ ਓਧਰ, ਓਧਰੋਂ ਏਧਰ ਜ਼ਮੀਨ ਸੰਭਰਦੀ ਤੁਰ ਜਾਂਦੀ।
ਅਰਜਨ ਸਿੰਘ ਦੇ ਬੇਮੁਹਾਰ ਮੁੰਡੇ ਨੇ ਇੱਕ ਮੋੜ ਉੱਤੇ ਇੱਕ ਕੁੜੀ ਦੀ ਚੁੰਨੀ ਦਾ ਲੜ ਖਿੱਚ ਦਿੱਤਾ ਤੇ ਬਦਮਾਸ਼ ਦੱਬਵਾਂ ਹਾਸਾ ਛਣਛਣਾ ਕੇ ਕੁੜੀ ਦਾ ਧਿਆਨ ਆਪਣੇ ਵੱਲ ਕਰਨਾ ਚਾਹਿਆ। ਕੁੜੀ ਕੁਝ ਨਹੀਂ ਬੋਲੀ। ਇੱਕ ਬਿੰਦ ਰੁਕੀ, ਸੂਹਣ ਦਾ ਮੁੱਠਾ ਠੋਕਰਿਆ ਤੇ ਫਿਰ ਸੰਭਰਨ ਲੱਗ ਪਈ। ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ। ਮੁੰਡਾ ਤੇਜ਼ੀ ਨਾਲ ਅੱਗੇ ਨਿਕਲ ਗਿਆ। ਤੇ ਫਿਰ ਕਈ ਦਿਨਾਂ ਬਾਅਦ ਉਸੇ ਮੁੰਡੇ ਨੇ ਕੁੜੀ ਦੀ ਚੁੰਨੀ ਫਿਰ ਖਿੱਚੀ। ਇਸ ਵਾਰ ਤਾਂ ਕੁੜੀ ਕੜਕ ਉੱਠੀ- 'ਥਾਰੀ ਛੋਕਰੀ ਨੈ' ... ਉਹ ਦੌੜ ਗਿਆ। ਕਿਸੇ ਹੋਰ ਨੇ ਉਸ ਨੂੰ ਨਹੀਂ ਦੇਖਿਆ।
ਅਰਜਨ ਸਿੰਘ ਦੇ ਮੁੰਡੇ ਨੇ ਇੱਕ ਦਿਨ ਉਸ ਨੂੰ ਭੀੜੀ ਗਲੀ ਵਿੱਚ ਸੰਭਰਦਿਆਂ ਵੀ ਦੇਖਿਆ। ਉਹ ਕੋਈ ਫ਼ੈਸਲਾ ਲੈ ਗਿਆ ਸੀ। ਭੀੜੀ ਗਲੀ ਵਿੱਚ ਦੋ ਤਿੰਨ ਹੀ ਬਾਰ ਸਨ। ਇੱਕ ਬਾਰ ਇੱਕ ਸੁੰਨੇ ਘਰ ਦਾ ਸੀ। ਉਸ ਘਰ ਦਾ ਇੱਕ ਬਾਰ ਦੂਜੇ ਪਾਸੇ ਵੀ ਸੀ। ਘਰ ਕੀ ਸੀ, ਬਸ ਇੱਕ ਸਬਾਤ ਤੇ ਭੀੜੀ ਗਲੀ ਵਾਲੇ ਪਾਸੇ ਇੱਕ ਡਿਉਢੀ ਜਿਹੀ। ਸਬਾਤ ਤੇ ਡਿਉਢੀ ਵਿੱਚ ਸਮਾਨ ਕੋਈ ਨਹੀਂ ਸੀ। ਕੋਈ ਇਸ ਨੂੰ ਛੱਡ ਕੇ ਸ਼ਹਿਰ ਜਾ ਵੱਸਿਆ ਸੀ। ਅਰਜਨ ਸਿੰਘ ਦੇ ਮੁੰਡੇ ਨੇ ਦੂਜੇ ਪਾਸਿਓਂ ਸਬਾਤ ਦੀ ਦੇਹਲੀ ਨੂੰ ਲੱਗਿਆ ਜਿੰਦਾ ਕਿਸੇ ਵੇਲੇ ਭੰਨਿਆ ਸੀ ਤੇ ਡਿਉਢੀ ਦਾ ਅੰਦਰਲਾ ਕੁੰਡਾ ਖੋਲ੍ਹ ਕੇ ਇੱਕ ਵਿਉਂਤ ਮਿਥ ਲਈ ਸੀ। ਵਿਹੜੇ ਵਿੱਚ ਛਾਲ ਮਾਰ ਕੇ ਹੀ ਉਸ ਨੇ ਸਬਾਤ ਦਾ ਜਿੰਦਾ ਭੰਨਿਆ ਹੋਵੇਗਾ।
ਇੱਕ ਦਿਨ ਸਵੇਰੇ-ਸਵੇਰੇ ਬਿਲੂਏ ਭੰਗੀ ਦੀ ਮੁਟਿਆਰ ਧੀ ਉਸ ਭੀੜੀ ਗਲੀ ਵਿੱਚ ਝਾੜੂ ਦੇਣ ਆਈ ਤਾਂ ਅਰਜਨ ਸਿੰਘ ਦੇ ਮੁੰਡੇ ਨੇ ....। ਬਿਲੂਏ ਨੂੰ ਪਤਾ ਲੱਗਿਆ ਤੇ ਆਪਣੀ ਧੀ ਦਾ ਇਹ ਹਾਲ ਦੇਖਿਆ ਤਾਂ ਉਹ ਪੱਟਾਂ ਉੱਤੇ ਹੱਥ ਮਾਰ ਕੇ ਬੈਠ ਗਿਆ। ਇੱਕ ਉੱਚੀ ਧਾਹ ਮਾਰੀ। ਇਸ ਪਿੰਡ ਤੋਂ ਪਹਿਲਾਂ ਦੋ ਪਿੰਡਾਂ ਵਿੱਚ ਹੋਰ ਵੀ ਉਹ ਕੰਮ ਕਰ ਆਇਆ ਸੀ। ਉਥੋਂ ਦੇ ਲੋਕ ਤਾਂ ਇਹੋ ਜਿਹੇ ਨਹੀਂ ਸਨ। ਉਹਨਾਂ ਪਿੰਡਾਂ ਦੇ ਲੋਕ ਤਾਂ ਬੜੇ ਸ਼ਰੀਫ਼ ਸਨ, ਬੜੇ ਭਲੇਮਾਣਸ। ਹਰ ਇੱਕ ਦੀ ਧੀ ਭੈਣ ਨੂੰ ਆਪਣੀ ਸਮਝਣ ਵਾਲੇ ਪਰ ਬਿਲੂਏ ਭੋਲੇ ਨੂੰ ਇਹ ਪਤਾ ਨਹੀਂ ਹੋਵੇਗਾ ਕਿ ਉਹਨਾਂ ਪਿੰਡਾਂ ਵੇਲੇ ਤਾਂ ਉਸ ਦੀ ਧੀ ਬਹੁਤ ਨਿੱਕੀ ਸੀ।
ਸ਼ਾਮ ਤੱਕ ਹਰ ਮੂੰਹ ਉੱਤੇ ਗੱਲ ਸੀ- 'ਐਡਾ ਵੱਡਾ ਘਰ ਐ ਅਰਜਨ ਸਿੰਘ ਦਾ ਇਹ ਕੀ ਲੋਹੜਾ ਮਾਰਿਆ ਉਹਦੇ ਮੁੰਡੇ ਨੇ? ਆਵਦੀ ਤਾਂ ਛੱਡ ਰੱਖੀ ਐ, ਉਹਨੂੰ ਤਾਂ ਸਿਆਣਦਾ ਨ੍ਹੀ, ਗਰੀਬਾਂ 'ਤੇ ਵਾਰ ਕਰ 'ਤਾ। ਪਰਦੇਸੀ ਈ ਤਕਾ ਲੇ ਨਾ.....'
ਤੇ ਫਿਰ ਦੂਜੇ ਦਿਨ ਕਿਸੇ ਨੇ ਬਿਲੂਏ ਨੂੰ ਕਿਹਾ ਕਿ ਉਹ ਲੋਕਾਂ ਦਾ ਇਕੱਠ ਬੁਲਾਏ। ਆਪਣੀ ਅਰਜ਼ ਕਰੇ। ਕੁਝ ਤਾਂ ਕਹੇਗੀ, ਪੰਚਾਇਤ। ਕਲ੍ਹ ਨੂੰ ਹੋਰ ਕਿਸੇ ਨੂੰ ਮੂੰਹ ਪਵੇਗਾ।
ਸੋ ਅੱਜ ਸਵੇਰੇ ਪਿੰਡ ਦੀ ਸੱਥ ਵਿੱਚ ਲੋਕਾਂ ਦਾ ਇਕੱਠ ਸੀ। ਬਿਲੂਆ ਭੰਗੀ ਬੋਲ ਰਿਹਾ ਸੀ...,
'ਗੱਲ ਸੁਣ ਓਏ, ਗੱਲ ਸੁਣ ਤੂੰ ਮੇਰੀ। ਜਿਹੜਾ ਤੂੰ ਸਾਨੂੰ ਐਥੈ ਸੱਦ ਕੇ ਇਹ ਗੱਲ ਕੀਤੀ ਐ ਨਾ, ਤੈਂ ਤਾਂ ਆਪ ਮਿੱਟੀ ਪੱਟ ਲੀ ਭਲਿਆਮਾਣਸਾ....।' ਸਰਪੰਚ ਉਸ ਨੂੰ ਸਮਝਾ ਰਿਹਾ ਸੀ।
'ਜੇ ਮਾੜ੍ਹਾ ਜਾ ਹੱਥ ਲਾ 'ਤਾ ਤਾਂ ਦੱਸ ਕੀ ਗਜਬ ਹੋ ਗਿਆ। ਐਵੇਂ ਚੱਕ 'ਤਾ ਤੈਨੂੰ ਕਿਸੇ ਨੇ। ਜੇ ਕੋਈ ਵੱਡੀ ਗੱਲ ਹੋਈ ਹੁੰਦੀ, ਫੇਰ ਤਾਂ ਅਸੀਂ ਮੰਨਦੇ। ਇਹ ਤਾਂ....।' ਇੱਕ ਪੰਚ ਬੋਲਣ ਲੱਗਿਆ। 'ਯੇ ਕੋਈ ਬੜੀ ਬਾਤ ਨੀ, ਮਾਰਾਜ?' ਕੇ ਰਹਿ ਗਿਆ ਮ੍ਹਾਰਾ। ਇਸ ਸੈ ਬੜੀ ਬਾਤ ਕੇ ਹੋਗੀ? ਬਿਲੂਏ ਦੀ ਆਵਾਜ਼ ਹੁਣ ਨੀਵੀਂ ਸੀ।
'ਕੱਠ ਨ੍ਹੀਂ ਸੀ ਤੈਂ ਕਰਨਾ, ਮੂਰਖਾ। ਊਂ ਕਹਿੰਦਾ ਸਾਨੂੰ, ਸਮਝਾ ਦਿੰਦੇ ਅਸੀਂ ਮੁੰਡੇ ਨੂੰ। ਨਾਬਰ ਤਾਂ ਨ੍ਹੀਂ ਕੋਈ, ਪੰਜਾਹ ਮਾਰਦੇ ਸਾਲੇ ਦੇ ਜੁੱਤੀਆਂ.....।' ਦੂਜਾ ਪੰਚ ਕਹਿਣ ਲੱਗਿਆ।
'ਬਈ ਚੁੰਨੀ ਨੂੰ ਹੱਥ ਲਾ 'ਤਾ, ਕੀ ਹੋ ਗਿਆ। ਐਡੀ ਕੀ....।' ਨੰਬਰਦਾਰ ਬਿਲੂਏ ਦੇ ਮੋਢੇ ਨੂੰ ਹੱਥ ਲਾ ਕੇ ਕਹਿਣ ਲੱਗਿਆ।
'ਮ੍ਹਾਰੀ ਇੱਜ਼ਤ ਕਾ ਸਵਾਲ ਐ? ਬਾਊ ਜੀ....।' ਬਿਲੂਆ ਫਿਰ ਬੁੜ੍ਹਕ ਪਿਆ। ਉਸ ਦੀਆਂ ਅੱਖਾਂ ਲਾਲ ਸਨ। ਨੱਕੋਂ ਪਾਣੀ ਜਾ ਰਿਹਾ ਸੀ।
ਦੱਸ ਵੀ ਫੇਰ, ਕਰੀਏ ਕੀ? ਮੁੰਡਾ ਤਾਂ ਪਤਾ ਨ੍ਹੀਂ ਕਿਥੇ ਐ। ਅਰਜਨ ਸਿਓਂ ਆਹ ਬੈਠੇ, ਕਹੀ ਜਾਂਦੈ, ਬੜੀ ਮਾੜੀ ਗੱਲ ਹੋਈ। ਹੋਰ ਦੱਸ।' ਸਰਪੰਚ ਬੋਲਿਆ।
ਥਮ ਨੈ ਕੋਛ ਕਰਨਾ ਨੀ ਨਾ, ਏਕ ਵਾਰ ਉਸ ਛੋਕਰੇ ਨੂੰ ਮ੍ਹਾਰੇ ਸਾਮ੍ਹਣੇ ਲਾ ਦੀਓ, ਉਸ ਦੀ ਸੂਰਤ ਤੋਂ ਦੇਖਾਂ.. ਮੈਂ ਉਸ ਕੀ...।' ਬਿਲੂਆ ਕੰਬ ਰਿਹਾ ਸੀ।
'ਕੀ ਕਰੇਂਗਾ ਤੂੰ? ਕੀ ਕਰਤਾ ਤੈਨੂੰ? ਕੁਰੜ ਕੁਰੜ ਲਾਈ ਐ। ਕਹੀਂ ਤਾਂ ਜਾਨੇ ਆਂ। ਹੋਰ ਦੱਸ ਕੀ ਸ਼ਿਸ਼ਨ ਲਾਦੇਂਗਾ ਤੂੰ।' ਇੱਕ ਬੰਦਾ ਉੱਠਿਆ ਤੇ ਮਾਰਨ ਵਾਂਗ ਬਿਲੂਏ ਵੱਲ ਅਹੁਲਿਆ।
'ਓਏ ਮਾਰਨੈ ਗ਼ਰੀਬ ਏਹੇ। ਤੇਰੀ ਧੀ ਨੂੰ ਕਹੇ ਕੋਈ। ਇੱਕ ਹੋਰ ਆਦਮੀ ਖੜ੍ਹਾ ਹੋ ਗਿਆ। ਤੇ ਫਿਰ ਸਾਰਾ ਇਕੱਠ ਆਪਸ ਵਿੱਚ ਬੋਲਣ ਲੱਗਿਆ। ਕਿਸੇ ਦੇ ਕੋਈ ਗੱਲ ਪੱਲੇ ਨਹੀਂ ਪੈ ਰਹੀ ਸੀ। ਸਭ ਆਪੋ ਆਪਣੀਆਂ ਛੱਡ ਰਹੇ ਸਨ।
'ਲਾਓ 'ਗਾਂ ਸਾਲੇ ਦੇ ਜੁੱਤੀਆਂ, ਐਥੇ ਸੱਥ 'ਚ ਲਿਆ ਕੇ।' ਕਿਸੇ ਦੀ ਉੱਚੀ ਆਵਾਜ਼ ਸੀ।
'ਗੱਲ ਸੁਣ ਓਏ ਭੰਗੀਆ, ਤੈਂ ਪਿੰਡ ਚ ਰਹਿਣੈ ਕਿ ਨਹੀਂ?' ਸਰਪੰਚ ਨੇ ਉਸ ਦੇ ਕੋਲ ਜਾ ਕੇ ਆਖਿਆ।
'ਕਿਉਂ ਮਾਰਾਜ?'
'ਆਵਦੀ ਤਾਂ ਤੂੰ ਗੱਲ ਛੱਡ, ਤੂੰ ਸਾਨੂੰ ਆਪੋ ਵਿੱਚ ਮਰਵਾਏਂਗਾ। ਤੂੰ ਬਾਬਾ ਡੰਡੀ' ਪੈ। ਹੋਰ ਕਿਸੇ ਪਿੰਡ ਵਗ ਜਾ। ਅਸੀਂ ਨਵਾ ਭੰਗੀ ਲੈ ਆਵਾਂਗੇ ਕੋਈ। ਦੋ ਧੜੇ ਬਣਾ ਕੇ ਕਾਰਾ ਕਰਵਾਏਂਗਾ ਕੋਈ।' ਸਰਪੰਚ ਨੇ ਸਮਝੌਤੀ ਦਿੱਤੀ।
ਇੱਕ ਕੋਈ ਬਿਲੂਏ ਵੱਲ ਭੱਜ ਕੇ ਆਇਆ ਤੇ ਉਸ ਦਾ ਹੱਥ ਫੜਨ ਲੱਗਿਆ। ਕੋਈ ਹੋਰ ਆ ਕੇ ਹੱਥ ਫੜਨ ਵਾਲੇ ਨੂੰ ਕੜਕਿਆ- 'ਲਾ ਹੱਥ।'
ਰਾਤ ਵਾਲੀਆਂ ਚਾਰ ਬੋਤਲਾਂ ਕੰਮ ਕਰ ਰਹੀਆਂ ਸਨ। ਅਰਜਨ ਸਿੰਘ ਦੇਖ ਰਿਹਾ ਸੀ, ਉਹ ਕਿੰਨਾ ਕੁ ਪੱਖ ਕਰਦੇ ਹਨ।
'ਪੁਲਿਸ ਨੂੰ ਕਿਉਂ ਨ੍ਹੀਂ ਦੇਂਦਾ ਕੇਸ ਤੂੰ?' ਕਿਸੇ ਹੋਰ ਨੇ ਬਿਲੂਏ ਨੂੰ ਸੁਝਾਓ ਦਿੱਤਾ।
ਬਿਲੂਆ ਚੁੱਪ ਕੀਤਾ ਬੈਠਾ ਸੀ। ਲੋਕ ਬੋਲੀ ਜਾ ਰਹੇ ਸਨ। ਬੋਲਦੇ-ਬੋਲਦੇ ਨਿਖੜਨ ਲੱਗੇ ਸਨ। ਇੱਕ-ਇੱਕ, ਦੋ-ਦੋ ਕਰਕੇ ਘਰਾਂ ਨੂੰ ਜਾ ਰਹੇ ਸਨ- 'ਓਏ ਆਪਾਂ ਭੰਗੀ ਪਿੱਛੇ ਕਾਹਨੂੰ ਕੂਹਣੀਓ-ਕੂਹਣੀ ਹੋਈ ਜਾਨੇ ਆਂ। ਹੋਰ ਲੜ ਕੇ ਮਰਾਂਗੇ। ਇਹਦਾ ਕੀ ਜਾਊ ਜਾਤ ਦਾ।' ਕੋਈ ਕਹਿੰਦਾ ਜਾ ਰਿਹਾ ਸੀ।
'ਨ੍ਹੇਰ ਪੈ ਗਿਆ ਯਾਰੋ ਦੁਨੀਆ 'ਤੇ, ਗ਼ਰੀਬ ਦੀ ਤਾਂ ਕੋਈ ਸੁਣਦਾ ਨ੍ਹੀਂ।' ਕੋਈ ਹੋਰ ਕਹਿ ਰਿਹਾ ਸੀ।
ਸੱਥ ਵਿੱਚ ਹੁਣ ਇੱਕ ਸਰਪੰਚ ਸੀ, ਦੋ ਬੰਦੇ ਹੋਰ ਤੇ ਜਾਂ ਬਿਲੂਆ ਡੱਕੇ ਨਾਲ ਮਿੱਟੀ ਖੁਰਚ ਰਿਹਾ ਸੀ।
'ਬਥੇਰੀ ਹੋ ਗਈ। ਤੂੰ ਹੁਣ ਜਾਹ ਘਰ ਨੂੰ। ਕੁੜੀ ਦਾ ਵਿਆਹ ਕਰ ਦੇ। ਜ਼ਮਾਨਾ ਬਹੁਤ ਮਾੜੈ, ਭਲਿਆ ਮਾਣਸਾ।' ਤੇ ਫਿਰ ਕਰੜਾ ਹੋ ਕੇ ਸਰਪੰਚ ਨੇ ਕਿਹਾ, 'ਜੇ ਅਜੇ ਵੀ ਤੇਰੀ ਤਸੱਲੀ ਨ੍ਹੀਂ ਹੋਈ ਤਾਂ ਪਿੰਡ ਛੱਡ ਜਾ।'
ਬਿਲੂਆ ਭੰਗੀ ਸੋਚ ਰਿਹਾ ਸੀ- 'ਰੁਜ਼ਗਾਰ ਦਾ ਸਵਾਲ ਵੀ ਤਾਂ ਹੈ। ਭੰਗੀਆਂ ਦੇ ਤਾਂ ਕਿੰਨੇ ਟੱਬਰ ਵਿਹਲੇ ਫਿਰਦੇ ਨੇ।' ਤੇ ਫਿਰ ਉਸ ਨੇ ਸਰਪੰਚ ਨੂੰ ਐਨਾ ਹੀ ਆਖਿਆ- 'ਥਾਰੀ ਬਾਤ ਮਾਨੂੰ ਸੂੰ। ਬਾਊ ਜੀ। ਥਾਰੇ ਗਾਓਂ ਮੇਂ ਬੈਠੇ ਆਂ। ਥਾਰਾ ਈ ਖਾਵੈਂ। ਔਰ ਕੇ...' ਉਹ ਰੋਣ ਲੱਗਿਆ। ਉਹਦੀਆਂ ਅੱਖਾਂ ਵਿੱਚ ਲਹੂ ਦੇ ਹੰਝੂ ਸਨ।♦