ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਸੁਗੰਧਾਂ ਜਿਹੇ ਲੋਕ

ਵਿਕੀਸਰੋਤ ਤੋਂ


ਸੁਗੰਧਾਂ ਜਿਹੇ ਲੋਕ


ਉਹ ਮੈਨੂੰ ਸਿਰਫ਼ ਤਿੰਨ ਵਾਰ ਮਿਲਿਆ ਸੀ।

ਪਹਿਲੀ ਵਾਰ ਮਿਲਿਆ ਤਾਂ ਇੱਕ ਭੈਅ ਵਾਂਗ ਲੰਘ ਗਿਆ। ਉਹਨਾਂ ਦਿਨਾਂ ਵਿੱਚ ਮੈਂ ਜੇਠੂਕੇ ਪਿੰਡ ਵਿੱਚ ਸਕੂਲ ਮਾਸਟਰ ਸੀ। ਸਿਆਲਾਂ ਦੇ ਦਿਨ ਸਨ। ਸਕੂਲ ਦਸ ਵਜੇ ਸਵੇਰੇ ਲੱਗਦਾ ਤੇ ਛੁੱਟੀ ਸ਼ਾਮ ਨੂੰ ਚਾਰ ਵਜੇ ਹੁੰਦੀ। ਜੇਠੂਕੇ ਪਿੰਡ ਸਾਡੇ ਧੌਲੇ ਤੋਂ ਦਸ ਮੀਲ ਸੀ। ਧੌਲੇ ਤੋਂ ਘੁੰਨਸਾਂ ਦੇ ਬੱਸ ਅੱਡੇ ਤੱਕ ਟਿੱਬਿਆਂ ਦਾ ਰਾਹ ਸੀ। ਸਾਈਕਲ ਨਹੀਂ ਚੱਲ ਸਕਦਾ ਸੀ। ਸੋ ਮੈਂ ਪਿੰਡੋਂ ਘੁੰਨਸਾਂ ਦੇ ਬੱਸ ਅੱਡੇ ਤੱਕ ਪੈਰੀਂ ਤੁਰ ਕੇ ਜਾਂਦਾ। ਉੱਥੋਂ ਬੱਸ ਮਿਲ ਜਾਂਦੀ। ਉਹਨਾਂ ਦਿਨਾਂ ਵਿੱਚ ਬਰਨਾਲਾ ਬਠਿੰਡਾ ਸੜਕ ਤਾਂ ਬਣ ਚੁੱਕੀ ਸੀ, ਪਰ ਬੱਸਾਂ ਬਹੁਤ ਘੱਟ ਚੱਲਦੀਆਂ। ਘੰਟੇ-ਘੰਟੇ ਪਿੱਛੋਂ ਕੋਈ ਬੱਸ ਮਸਾਂ ਆਉਂਦੀ। ਸ਼ਾਮ ਨੂੰ ਮੁੜਨ ਵੇਲੇ ਜੇਠੂਕਿਆਂ ਤੋਂ ਪੰਜ ਵਜੇ ਬੱਸ ਮਿਲ ਜਾਂਦੀ। ਇਹ ਆਖ਼ਰੀ ਬੱਸ ਹੁੰਦੀ।

ਇੱਕ ਦਿਨ ਸ਼ਾਮ ਨੂੰ ਮੈਂ ਜੇਠੂਕਿਆਂ ਦੇ ਬੱਸ ਅੱਡੇ ਉੱਤੇ ਇਕੱਲਾ ਖੜ੍ਹਾ ਬੱਸ ਦੀ ਉਡੀਕ ਕਰ ਰਿਹਾ ਸੀ। ਪੰਜ ਵੱਜ ਚੁੱਕੇ ਸਨ। ਬੱਸ ਦਾ ਕਿਧਰੇ ਨਾਂ-ਨਿਸ਼ਾਨ ਨਹੀਂ ਸੀ। ਸੂਰਜ ਪੱਛਮ ਦੀ ਗੋਦ ਵਿੱਚ ਆਖ਼ਰੀ ਝਲਕਾਰੇ ਮਾਰ ਰਿਹਾ ਸੀ। ਅਸਮਾਨ ਵਿੱਚ ਪੰਛੀ ਆਪਣੇ ਆਲ੍ਹਣਿਆਂ ਵੱਲ ਉੱਡੇ ਜਾ ਰਹੇ ਸਨ। ਖੇਤਾਂ ਦੇ ਡੰਗਰ ਕਦੋਂ ਦੇ ਘਰਾਂ ਨੂੰ ਚਲੇ ਗਏ ਸਨ। ਆਥਣ ਦੀ ਠੰਡ ਪਲੋ-ਪਲ ਵਧਦੀ ਜਾ ਰਹੀ ਸੀ। ਜੀਅ ਵਿੱਚ ਸੀ, ਬੱਸ ਆ ਜਾਵੇ ਇੱਕ ਵਾਰ, ਹਨੇਰੇ ਹੋਏ ਪਹੁੰਚਾਗਾਂ ਤਾਂ ਕੀ ਹੈ। ਕਿਧਰੇ ਏਥੇ ਰੋਹੀਆਂ ਵਿੱਚ ਹੀ ਰਾਤ ਨਾ ਪੈ ਜਾਵੇ। ਇਸ ਵੇਲੇ ਕਿੱਥੇ ਜਾਵਾਂਗਾ ਫੇਰ? ਪਰ ਬੱਸ ਦਾ ਪੱਕਾ ਯਕੀਨ ਸੀ। ਇਹ ਲੇਟ ਭਾਵੇਂ ਹੁੰਦੀ, ਪਰ ਆ ਜਾਂਦੀ। ਫੇਰ ਵੀ ਕੀ ਵਸਾਹ ਸੀ। ਮਸ਼ੀਨਰੀ ਹੈ, ਕਿਤੇ ਵੀ ਵਿਗੜ ਕੇ ਖੜ੍ਹ ਸਕਦੀ ਹੈ।

ਸੂਰਜ ਦੀਆਂ ਲਾਲ ਚਿਲਕੋਰਾਂ ਵਿੱਚ ਲਿਸ਼ਕਦੀ ਇੱਕ ਚਿੱਟੀ ਕਾਰ ਦੂਰੋਂ ਆਉਂਦੀ ਦਿਸੀ। ਕਾਰ ਵਾਲਾ ਖ਼ਬਰੈ ਕੌਣ ਹੋਵੇਗਾ, ਲੰਘ ਜਾਵੇਗਾ। ਮੈਂ ਉਹਦੇ ਵੱਲ ਬਹੁਤਾ ਧਿਆਨ ਨਾ ਦਿੱਤਾ। ਪਰ ਇਹ ਕੀ, ਕਾਰ ਤਾਂ ਮੇਰੇ ਕੋਲ ਆ ਕੇ ਠਹਿਰ ਗਈ। ਵਿੱਚ ਬੈਠੇ ਬੰਦੇ ਨੇ ਹੱਥ ਦੇ ਇਸ਼ਾਰੇ ਨਾਲ ਮੈਨੂੰ ਕੋਲ ਸੱਦਿਆ ਤੇ ਪੁੱਛਿਆ, “ਕਿੱਥੇ ਜਾਣੈ?...

“ਘੁੰਨਸਾਂ ਦੇ ਅੱਡੇ ਤਕ।”

“ਕਿੱਥੇ ਜਿਹੇ ਐ ਇਹ ਅੱਡਾ।”

“ਤਪੇ ਤੋਂ ਅੱਗੇ।” ਮੈਂ ਦੱਸਿਆ। “ਆ ਬੈਠ।” ਉਹਨੇ ਬਾਰੀ ਖੋਲ੍ਹੀ ਤੇ ਮੈਂ ਬੈਠ ਗਿਆ।

ਮੈਂ ਉਹਨੂੰ ਗਹੁ ਨਾਲ ਦੇਖਿਆ, ਉਹ ਲੰਮਾ ਪਤਲਾ ਸ਼ਕੀਨ ਜਿਹਾ ਪੈਂਤੀ-ਚਾਲੀ ਸਾਲ ਦਾ ਨੌਜਵਾਨ ਸੀ। ਪਟਿਆਲਾ ਸ਼ਾਹੀ ਪੱਗ ਬੰਨ੍ਹੀ ਹੋਈ। ਮੁੱਛਾਂ ਨੂੰ ਛੋਟੇ-ਛੋਟੇ ਤਾਅ ਦਿੱਤੇ ਹੋਏ। ਦਾੜ੍ਹੀ ਛਾਂਟੀ ਹੋਈ ਸੀ। ਅੱਖਾਂ ਦਾ ਰੰਗ ਸ਼ਰਬਤੀ ਸੀ। ਮੈਂ ਡਰ ਗਿਆ। ਜਦੋਂ ਮੇਰੀ ਨਿਗਾਹ ਉਹਦੇ ਕੋਲ ਖੱਬੇ ਹੱਥ ਸੀਟ ਉੱਤੇ ਪਏ ਰਿਵਾਲਵਰ ਵੱਲ ਗਈ, ਮੈਂ ਹੋਰ ਵੀ ਤ੍ਰ੍ਭਕ ਗਿਆ। ਜਦੋਂ ਦੇਖਿਆ ਮੇਰੇ ਪੈਰਾਂ ਕੋਲ ਸ਼ਰਾਬ ਦੀ ਬੋਤਲ ਪਈ ਸੀ, ਜਿਸ ਵਿੱਚ ਪੌਣੀ ਕੁ ਬੋਤਲ ਸ਼ਰਾਬ ਹੋਵੇਗੀ। ਨਾਲ ਹੀ ਵਾਟਰ-ਬੋਤਲ ਸੀ। ਇੱਕ ਮੀਲ ਉੱਤੇ ਜਾ ਕੇ ਉਹਨਾਂ ਕਾਰ ਰੋਕ ਲਈ। ਇਥੋਂ ਘੜੈਲੀ ਪਿੰਡ ਦਾ ਛੋਟਾ ਅੱਡਾ ਨੇੜੇ ਹੀ ਸੀ। ਉਹਨੇ ਕਾਰ ਦੇ ਖ਼ਾਨੇ ਵਿਚੋਂ ਕੱਚ ਦਾ ਗਿਲਾਸ ਕੱਢਿਆ ਅਤੇ ਇਕ ਪੈੱਗ ਬਣਾ ਕੇ ਮੈਨੂੰ ਕਿਹਾ, “ਲੈ ਪੀ।” ਮੈਂ ਸਿਰ ਮਾਰ ਦਿੱਤਾ।

ਉਹ ਬੋਲਿਆ, “ਕੀ ਗੱਲ?”

“ਨਹੀਂ, ਮੈਂ ਨਹੀਂ ਪੀਣੀ।”

“ਕਦੇ ਵੀ ਨਹੀਂ ਪੀਤੀ”?

“ਪੀਤੀ ਤਾਂ ਹੈ, ਪਰ ਮੈਂ ਹੁਣ ਨਹੀਂ ਪੀਣੀ।” ਮੈਂ ਸੱਚ ਬੋਲ ਦਿੱਤਾ।

“ਜੇ ਪਹਿਲਾਂ ਕਦੇ ਪੀਤੀ ਐ ਤਾਂ ਹੁਣ ਵੀ ਪੀ।” ਉਹਨੇ ਜ਼ਬਰਦਸਤੀ ਜਿਹੇ ਗਿਲਾਸ ਮੈਨੂੰ ਫੜਾਇਆ ਤੇ ਹੁਕਮ ਕੀਤਾ।

ਉਹਦੇ ਬੋਲ ਵਿੱਚ ਭੈਅ ਸੀ। ਪਰ ਲੱਗਿਆ, ਇਹ ਵੀ ਜਿਵੇਂ ਅਪਣੱਤ ਹੋਵੇ। ਗਿਲਾਸ ਮੈਂ ਫੜ ਲਿਆ ਅਤੇ ਦੋ-ਤਿੰਨ ਘੁੱਟਾਂ ਭਰ ਕੇ ਪੈੱਗ ਪੀ ਲਿਆ। ਫੇਰ ਉਹਨੇ ਆਪ ਇੱਕ ਪੈੱਗ ਪੀਤਾ ਤੇ ਕਾਰ ਸਟਾਰਟ ਕਰ ਲਈ।

“ਕੀ ਕੰਮ ਕਰਦੈਂ?” ਉਹਨੇ ਪੁੱਛਿਆ। ਉਹ ਸਿੱਧਾ ਸਪਾਟ ਹੀ ਬੋਲ ਰਿਹਾ ਸੀ। ਮੇਰੀ ਉਮਰ ਉਹਤੋਂ ਛੋਟੀ ਸੀ। ਇਸ ਕਰਕੇ ਉਹਦਾ ਇੰਝ ਬੋਲਣਾ ਬੁਰਾ ਨਹੀਂ ਲੱਗਿਆ।

ਮੈਂ ਦੱਸਿਆ, “ਮੈਂ ਸਕੂਲ-ਮਾਸਟਰ ਹਾਂ। ਜੇਠੂਕੇ ਪੜ੍ਹਾਉਂਦਾ ਹਾਂ। ਮੇਰਾ ਆਪਣਾ ਪਿੰਡ ਧੌਲਾ ਹੈ, ਜੋ ਘੁੰਨਸਾਂ ਦੇ ਬੱਸ ਅੱਡੇ ਤੋਂ ਦੋ ਮੀਲ ਦੂਰ ਹੈ।”

ਤਪਾ ਟੱਪ ਕੇ ਮਹਿਤਾ ਪਿੰਡ ਤੇ ਛੋਟੇ ਅੱਡੇ ਕੋਲ ਥੋੜ੍ਹਾ ਪਰ੍ਹਾਂ ਜਾ ਕੇ ਉਹਨੇ ਫੇਰ ਕਾਰ ਰੋਕੀ।

ਪਹਿਲਾਂ ਵਾਂਗ ਹੀ ਇੱਕ ਪੈੱਗ ਮੈਨੂੰ ਦਿੱਤਾ ਤੇ ਇੱਕ ਆਪ ਲੈ ਲਿਆ। ਮੈਨੂੰ ਨਸ਼ਾ ਹੋ ਗਿਆ ਸੀ। ਨਸ਼ੇ ਵਿੱਚ ਭੈਅ ਸੀ। ਕੌਣ ਹੋਇਆ ਇਹ ਆਦਮੀ? ਦੇਖਣ ਵਿੱਚ ਬਦਮਾਸ਼ ਵੀ ਨਹੀਂ ਲੱਗਦਾ ਸੀ, ਪਰ ਬਦਮਾਸ਼ ਦੇ ਕਿਹੜਾ ਮੂੰਹ ਉੱਤੇ ਲਿਖਿਆ ਹੁੰਦਾ ਹੈ। ਉਹ ਬਹੁਤਾ ਬੋਲ ਚਾਲ ਨਹੀਂ ਰਿਹਾ ਸੀ। ਮੇਰੇ ਅੰਦਰ ਡਰ ਪੈਦਾ ਹੋਣ ਲੱਗਿਆ ਕਿ ਇਹ ਆਦਮੀ ਪਹਿਲਾਂ ਮੈਨੂੰ ਸ਼ਰਾਬ ਪਿਆ ਪਿਆ ਨਸ਼ਈ ਕਰੇਗਾ ਅਤੇ ਫੇਰ ਰਿਵਾਲਵਰ ਦੀ ਗੋਲੀ ਮਾਰ ਕੇ ਮਾਰ ਦੇਵੇਗਾ। ਦਿਮਾਗ਼ ਵਿਚ ਸਿਆਣਪ ਵੀ ਉੱਤਰਦੀ, ਕੀ ਲੈਣਾ ਹੈ ਇਹਨੇ ਮੈਨੂੰ ਮਾਰ ਕੇ? ਮੇਰੇ ਨਾਲ ਇਹਦੀ ਕੀ ਦੁਸ਼ਮਣੀ ਹੈ? ਮੇਰੇ ਕੋਲ ਤਾਂ ਕੁਝ ਲੁੱਟਣ-ਖੋਹਣ ਵਾਲੀ ਚੀਜ਼ ਵੀ ਨਹੀਂ, ਪਰ ਡਰ ਦੀ ਛੁਰੀ ਫੇਰ ਕਾਲਜੇ ਵਿੱਚ ਖੁਭ ਜਾਂਦੀ, ਕੀ ਪਤਾ ਇਹਦਾ ਸ਼ੁਗਲ ਹੋਵੇ ਬੰਦੇ ਮਾਰਨਾ। ਉਹਨੇ ਕਾਰ ਸਟਾਰਟ ਕੀਤੀ। ਹੁਣ ਘੁੰਨਸਾਂ ਦਾ ਅੱਡਾ ਨੇੜੇ ਹੀ ਸੀ। ਉਹਨੇ ਆਪ ਹੀ ਕਾਰ ਰੋਕੀ। ਪੈੱਗ ਨਹੀਂ ਦਿੱਤਾ, “ਚੱਲ ਬਈ ਮਾਸਟਰਾ, ਤੇਰਾ ਇਹੀ ਅੱਡਾ ਐ ਨਾ?..

ਕੰਬਦੇ ਹੱਥਾਂ ਨਾਲ ਮੈਂ ਬਾਰੀ ਖੋਲ੍ਹੀ ਤੇ ਕਾਰ ਤੋਂ ਬਾਹਰ ਹੋ ਗਿਆ। ਉਹਨੇ ਕਾਰ ਤੋਂ ਬਾਹਰ ਹੱਥ ਕੱਢਿਆ। ਹੱਥ ਮੈਂ ਮਿਲਾ ਲਿਆ ਤੇ ਉਹਦੇ ਵੱਲ ਹੱਥ ਜੋੜੇ। ਓ.ਕੇ ਕਹਿ ਕੇ ਉਹ ਚਲਿਆ ਗਿਆ। ਮੈਂ ਆਪਣੇ ਰਾਹ ਤੇਜ਼ੀ ਨਾਲ ਤੁਰਨ ਲੱਗਿਆ। ਫੇਰ ਥਾਂ ਦੀ ਥਾਂ ਖੜ੍ਹ ਕੇ ਪਿਛਾਂਹ ਸੜਕ ਵੱਲ ਝਾਕਿਆ ਮੈਂ। ਕਾਰ ਦੂਰ ਜਾ ਚੁੱਕੀ ਸੀ। ਹੁਣ ਤਾਂ ਕਿਤੇ ਦਿਸਦੀ ਵੀ ਨਹੀਂ ਸੀ।

ਘਰ ਆ ਕੇ ਸਾਰੀ ਗੱਲ ਮੈਂ ਆਪਣੀ ਘਰਵਾਲੀ ਨੂੰ ਦੱਸੀ। ਉਹ ਵੀ ਫ਼ਿਕਰ ਕਰਨ ਲੱਗੀ। ਆਖ ਰਹੀ ਸੀ, “ਇਉਂ ਨਾ ਹੀ ਕਿਸੇ ਦੀ ਕਾਰ ’ਚ ਚੜ੍ਹਿਆ ਕਰੋ। ਵਖਤ ਮਾੜੈ। ਜੇ ਭਲਾ ਜਾਨ ਖਪ੍ਹਾ ਦਿੰਦਾ, ਫੇਰ?”

ਕਈ ਦਿਨਾਂ ਤੱਕ ਮੇਰੇ ਅੰਦਰ ਉਸ ਆਦਮੀ ਦਾ ਭੈਅ ਬੈਠਾ ਰਿਹਾ ਤੇ ਫੇਰ ਇਹ ਭੈਅ ਪਿਆਰ ਸਤਿਕਾਰ ਵਿੱਚ ਬਦਲਣ ਲੱਗਿਆ। ਮੈਂ ਸੋਚਦਾ, ਉਹਨੇ ਤਾਂ ਚੰਗਾ ਈ ਕੀਤਾ। ਮੈਨੂੰ ਕੋਈ ਮਾੜੀ ਚੰਗੀ ਗੱਲ ਨਹੀਂ ਆਖੀ। ਸਗੋਂ ਸ਼ਰਾਬ ਪਿਆਈ। ਜੇਠੂਕਿਆਂ ਤੋਂ ਘੁੰਨਸਾਂ ਤੱਕ ਕਾਰ ਵਿੱਚ ਲੈ ਕੇ ਆਇਆ। ਉਹ ਤਾਂ ਬਹੁਤ ਭਲਾਮਾਣਸ ਆਦਮੀ ਸੀ, ਸਕੂਲ ਵਿੱਚ ਆਪਣੇ ਸਾਥੀ ਅਧਿਆਪਕਾਂ ਨੂੰ ਸੁਣਾਈ। ਉਹ ਆਖਦੇ, “ਯਾਰ, ਸਾਨੂੰ ਨ੍ਹੀਂ ਟੱਕਰਿਆ ਕਦੇ ਕੋਈ ਇਹੋ ਜ੍ਹਾ, ਜਿਹੜਾ ਲਿਫਟ ਦੇਵੇ ਤੇ ਸ਼ਰਾਬ ਵੀ ਪਿਆਵੇ।”

ਕੋਈ ਇੱਕ ਮਹੀਨੇ ਬਾਅਦ ਏਦਾਂ ਹੀ ਇੱਕ ਦਿਨ ਫੇਰ ਮੈਂ ਉੱਥੇ ਹੀ ਜੇਠੂਕਿਆਂ ਦੇ ਅੱਡੇ ਉੱਤੇ ਬਠਿੰਡੇ ਵਾਲੀ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ। ਬੱਸ ਆਉਣ ਵਾਲੀ ਹੀ ਸੀ। ਅੱਡੇ ਉੱਤੇ ਮੇਰੇ ਨਾਲ ਦੋ ਸਵਾਰੀਆਂ ਹੋਰ ਵੀ ਸਨ। ਜਿਹਨਾਂ ਨੇ ਬਰਨਾਲੇ ਜਾਣਾ ਸੀ। ਦੋਵੇਂ ਬੰਦੇ ਬੁੱਢੇ ਸਨ। ਬੱਸ ਤੋਂ ਪਹਿਲਾਂ ਕਾਰ ਆਈ। ਇਹ ਤਾਂ ਉਹੀ ਬੰਦਾ ਸੀ। ਉਹਨੇ ਮੈਨੂੰ ਸਿਆਣ ਲਿਆ ਸੀ। ਕਾਰ ਰੋਕ ਲਈ ਤੇ ਬਾਰੀ ਖੋਹਲ ਕੇ ਧੀਮਾ ਜਿਹਾ ਬੋਲ ਕੱਢਿਆ, “ਮਾਸਟਰ!”

ਉਸ ਦਿਨ ਮੈਨੂੰ ਉਹਦੇ ਕੋਲੋਂ ਡਰ ਨਹੀਂ ਸੀ। ਸਗੋਂ ਮੈਂ ਪਹਿਲਾਂ ਉਹਦੇ ਨਾਲ ਹੱਥ ਮਿਲਾਇਆ। ਉਹਦੇ ਖੱਬੇ ਹੱਥ ਓਵੇਂ ਰਿਵਾਲਵਰ ਪਿਆ ਸੀ। ਮੇਰੇ ਪੈਰਾਂ ਕੋਲ ਓਵੇਂ ਜਿਵੇਂ ਸ਼ਰਾਬ ਦੀ ਬੋਤਲ ਵੀ ਸੀ ਤੇ ਪਾਣੀ ਦੀ ਬੋਤਲ ਵੀ। ਉਹਨੇ ਕਾਰ ਸਟਾਰਟ ਕੀਤੀ। ਗਿਲਾਸ ਮੈਨੂੰ ਫੜਾ ਦਿੱਤਾ। ਫੇਰ ਇੱਕ ਪੈਗ ਆਪ ਲਿਆ। ਲਿਫ਼ਾਫ਼ੇ ਵਿੱਚ ਸਲੂਣੀਆਂ ਪਕੌੜੀਆਂ ਸਨ। ਇੱਕ ਚੂੰਢੀ ਮੂੰਹ ਵਿੱਚ ਪਾ ਕੇ ਲਿਫ਼ਾਫ਼ਾ ਉਹਨੇ ਮੈਨੂੰ ਫ਼ੜਾ ਦਿੱਤਾ। ਗੱਡੀ ਸਟਾਰਟ ਨਹੀਂ ਕੀਤੀ। ਮੇਰਾ ਹੱਥ ਫੜ ਕੇ ਘੁੱਟਣ ਲੱਗ ਪਿਆ।

ਹੁਣ ਮੇਰੇ ਵਿੱਚ ਇਹ ਨਵਾਂ ਭੈਅ ਸੀ। ਕੀ ਕਰ ਰਿਹਾ ਹੈ ਇਹ ਆਦਮੀ? ਪਰ ਮੈਂ ਆਪਣਾ ਹੱਥ ਉਹਦੇ ਹੱਥ ਵਿੱਚ ਹੀ ਰਹਿਣ ਦਿੱਤਾ। ਉਹ ਮੇਰੇ ਹੱਥ ਨੂੰ ਉਲਟਾ-ਪਲਟਾ ਕੇ ਦੇਖ ਰਿਹਾ ਸੀ। ਫੇਰ ਉਹਨੇ ਗੱਡੀ ਸਟਾਰਟ ਕਰ ਲਈ। ਜਾਂਦੇ-ਜਾਂਦੇ ਤਿੰਨ ਗੱਲਾਂ ਮੈਨੂੰ ਆਖੀਆਂ। ਇੱਕ ਤਾਂ ਇਹ ਕਿ ਤੂੰ ਕਵੀ ਹੈਂ ਜਾਂ ਚਿੱਤਰਕਾਰ ਅਤੇ ਜਾਂ ਫਿਰ ਕੋਈ ਸਾਜ਼ ਵਜਾਉਂਦਾ ਹੈਂ। ਦੂਜੀ ਗੱਲ, ਤੇਰੇ ਤਿੰਨ ਵਿਆਹ ਹੋਣਗੇ। ਤੀਜੀ ਗੱਲ, ਪੈਂਤੀ ਸਾਲ ਦੀ ਉਮਰ ਤੋਂ ਬਾਅਦ ਤੇਰੇ ਕੋਲ ਪੈਸਾ ਆਉਣ ਲੱਗੇਗਾ। ਜਮ੍ਹਾਂ ਨਹੀਂ ਹੋਵੇਗਾ, ਬਸ ਆਉਂਦਾ ਜਾਂਦਾ ਰਹੇਗਾ। ਥੁੜ੍ਹ ਕੋਈ ਨਹੀਂ ਰਹਿਣੀ।

ਜੋਤਿਸ਼ ਵਿੱਚ ਮੈਨੂੰ ਉੱਕਾ ਹੀ ਵਿਸ਼ਵਾਸ ਨਹੀਂ ਸੀ। ਅਗਾਂਹ-ਵਧੂ ਸਾਹਿਤ ਪੜ੍ਹਦਾ ਹੁੰਦਾ, ‘ਪ੍ਰੀਤਲੜੀ’ ਦਾ ਪਾਠਕ ਸੀ। ਮੇਰੇ ਪ੍ਰਾਇਮਰੀ ਅਧਿਆਪਕ ਦੀ ਮੈਨੂੰ ਕੁਝ ਅਜਿਹੀ ਸਿੱਖਿਆ ਮਿਲੀ ਸੀ, ਜਿਸ ਕਰਕੇ ਮੈਂ ਤਾਂ ਨਿਰਾ ਪਦਾਰਥਵਾਦੀ ਸਾਂ। ਮੈਂ ਉਹਦੀਆਂ ਤਿੰਨੇ ਗੱਲਾਂ ਗਹੁ ਨਾਲ ਸੁਣੀਆਂ ਤੇ ਮੁਸਕਰਾਉਂਦਾ ਰਿਹਾ। ਉਹ ਸੋਚਦਾ ਹੋਵੇਗਾ, ਮੈਂ ਖ਼ੁਸ਼ ਹੋ ਰਿਹਾ ਹਾਂ। ਜੋਤਿਸ਼ ਉਹਦਾ ਸ਼ੌਕ ਹੋਵੇਗਾ, ਹਸਤ-ਰੇਖਾਵਾਂ ਬਾਰੇ ਬਥੇਰੀਆਂ ਬਾਜ਼ਾਰੂ ਕਿਤਾਬਾਂ ਮਿਲ ਜਾਂਦੀਆਂ ਹਨ। ਇੱਕ ਗੱਲ ਉਹਦੀ ਮੈਂ ਉਸੇ ਵੇਲੇ ਮੰਨ ਲਈ ਕਿ ਹਾਂ, ਮੈਂ ਕਵਿਤਾ ਲਿਖਦਾ ਹਾਂ। ਦੋ ਗੱਲਾਂ ਅਜੇ ਭਵਿੱਖ ਵਿੱਚ ਸਨ, ਉਹਨਾਂ ਬਾਰੇ ਕੀ ਬੋਲਦਾ। ਮੇਰਾ ਹੁੰਗਾਰਾ ਸੁਣ ਕੇ ਉਹ ਖ਼ੁਸ਼ ਹੋਇਆ। ਐਨਾ ਹੀ ਆਖਿਆ, 'ਪਾਮਿਸਟਰੀ ਮੇਰੀ ਹੌਬੀ ਐ।'

ਮੈਂ ਉਹਨੂੰ ਪੁੱਛਿਆ, “ਥੋਡਾ ਪਿੰਡ ਕਿਹੜੈ?”

ਉਹਨੇ ਦੱਸਿਆ, “ਮੈਨੂੰ ਲਾਲੀ ਆਖਦੇ ਨੇ। ਸਾਡਾ ਪਿੰਡ ਨਥਾਣੇ ਕੋਲ ਐ। ਛੋਟਾ ਈ ਪਿੰਡ ਐ।”

ਪਿੰਡ ਦਾ ਨਾਉਂ ਉਹਨੇ ਨਹੀਂ ਦੱਸਿਆ ਸੀ। ਲਾਲੀ ਵੀ ਉਹਦਾ ਛੋਟਾ ਨਾਂ ਹੋਵੇਗਾ, ਪੂਰਾ ਨਾਉਂ ਵੀ ਨਹੀਂ ਦੱਸਿਆ ਤੇ ਫੇਰ ਅਸੀਂ ਨਿੱਕੀਆਂ-ਨਿੱਕੀਆਂ ਹੋਰ ਗੱਲਾਂ ਕਰਦੇ ਰਹੇ। ਉਹਨਾਂ ਮੇਰੇ ਬਾਰੇ ਪੁੱਛਿਆ ਸੀ। ਮੈਂ ਕਾਫ਼ੀ ਕੁਝ ਆਪਣੇ ਬਾਰੇ ਦੱਸਣਾ ਚਾਹੁੰਦਾ ਸੀ। ਕਾਫ਼ੀ ਕੁਝ ਉਹਦੇ ਬਾਰੇ ਪੁੱਛਣਾ ਚਾਹੁੰਦਾ ਸੀ, ਪਰ ਜਦੋਂ ਹੀ ਮੈਂ ਉਹਨੂੰ ਕੁਝ ਪੁੱਛਦਾ ਉਹ ਠਹਿਰ ਕੇ, ਸੋਚ ਕੇ ਜਿਹੇ ਜਵਾਬ ਦਿੰਦਾ। ਉਹਦਾ ਜਵਾਬ ਮੇਰੀ ਆਸ ਦੇ ਉਲਟ ਹੁੰਦਾ। ਮਸਲਣ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਕਿਸੇ ਕਾਲਜ ਵਿੱਚ ਪੜ੍ਹਦੇ ਰਹੇ ਓ? ਉਹਦਾ ਜਵਾਬ ਸੀ, “ਕਿਸੇ ਵੀ ਕਾਲਜ ਵਿੱਚ ਨਹੀਂ।” ਮੈਂ ਪੁੱਛਿਆ, “ਤੁਸੀਂ ਮੈਰਿਡ ਓ?” ਉਹਦਾ ਜਵਾਬ ਸੀ, “ਸ਼ਾਇਦ!” ਮੈਂ ਪੁਛਿਆ, “ਤੁਹਾਡੇ ਬੱਚੇ ਕਿੰਨੇ ਨੇ।” ਉਹਨੇ ਕੋਈ ਵੀ ਜਵਾਬ ਨਹੀਂ ਦਿੱਤਾ ਸੀ।

ਤਪੇ ਤੋਂ ਅੱਗੇ ਜਾ ਕੇ ਉਹਨੇ ਫੇਰ ਕਾਰ ਰੋਕੀ। ਅਸੀਂ ਇੱਕ-ਇੱਕ ਪੈੱਗ ਪੀਤਾ। ਉਸ ਦਿਨ ਉਹਦੇ ਕੋਲ ਸੰਗਤਰੇ ਸਨ। ਉਹਨੇ ਇੱਕ ਸੰਗਤਰਾ ਛਿੱਲਿਆ। ਦੋ ਫਾੜੀਆਂ ਲੈ ਕੇ ਬਾਕੀ ਸਾਰਾ ਮੈਨੂੰ ਫੜਾ ਦਿੱਤਾ। ਕਾਰ ਤੁਰੀ ਤਾਂ ਮੈਂ ਉਹਨੂੰ ਪੁੱਛਿਆ, “ਤੁਸੀਂ ਕੰਮ ਕੀ ਕਰਦੇ ਓ?” ਉਹਨੇ ਕੋਈ ਜਵਾਬ ਨਾ ਦਿੱਤਾ, ਜਿਵੇਂ ਉਹਨੂੰ ਸੁਣਿਆ ਹੀ ਨਾ ਹੋਵੇ। ਉਹ ਸਵਾਲ ਮੈਂ ਫੇਰ ਉਹਦੇ ਕੰਨ ਕੋਲ ਮੂੰਹ ਕਰਕੇ ਪੁੱਛਿਆ। ਉਹ ਮੇਰੇ ਵੱਲ ਸਿਰਫ਼ ਝਾਕਿਆ ਹੀ, ਜਵਾਬ ਕੋਈ ਨਹੀਂ ਸੀ। ਮੈਂ ਦੇਖਿਆ, ਉਹਦੀਆਂ ਅੱਖਾਂ ਵਿੱਚ ਕੁੜੱਤਣ ਸੀ, ਜਿਵੇਂ ਮੇਰਾ ਸਵਾਲ ਬਹੁਤ ਨਜਾਇਜ਼ ਹੋਵੇ। ਘੁੰਨਸਾਂ ਦਾ ਅੱਡਾ ਆਇਆ ਅਤੇ ਉਹਨੇ ਮੈਨੂੰ ਉਤਾਰ ਦਿੱਤਾ। ਕਿਹਾ, ਚੰਗਾ ਬਈ, ਮਾਸਟਰ।”

“ਬੜਾ ਭੇਤ ਭਰਿਆ ਆਦਮੀ ਐ!” ਧੌਲੇ ਤੱਕ ਸਾਰੇ ਰਾਹ ਮੈਂ ਉਹਦੇ ਬਾਰੇ ਹੀ ਸੋਚਦਾ ਰਿਹਾ। “ਚੱਲ, ਠੀਕ ਐ। ਹੋਣੈ ਕੋਈ। ਦਾਰੂ ਪਿਆ ਗਿਆ। ਗੱਲਾਂ ਕਰ ਲਈਆਂ। ਘੁੰਨਸਾਂ ਤਾਈਂ ਛੱਡ ਗਿਆ ਮੈਨੂੰ। ਉਹਨੇ ਆਪਣੇ ਬਾਰੇ ਨਹੀਂ ਦੱਸਿਆ ਕੁਛ, ਨਾ ਸਹੀ।”

ਤੀਜੀ ਵਾਰ ਯਾਨਿ ਆਖ਼ਰੀ ਵਾਰ ਉਹ ਮੈਨੂੰ ਓਥੇ ਹੀ ਜੇਠੂਕਿਆਂ ਦੇ ਅੱਡੇ ’ਤੇ ਮਿਲਿਆ ਸੀ।

ਮੇਰੀ ਬੱਸ ਆ ਚੁੱਕੀ ਸੀ। ਉਹਦੀ ਕਾਰ ਬੱਸ ਕੱਟ ਕੇ ਅੱਗੇ ਲੰਘ ਰਹੀ ਸੀ। ਕਾਰ ਮੈਂ ਸਿਆਣ ਲਈ, ਇਹ ਤਾਂ ਲਾਲੀ ਐ। ਮੈਂ ਹੱਥ ਖੜ੍ਹਾ ਕੀਤਾ। ਮੈਂ ਉਹਦੀ ਨਿਗਾਹ ਪੈ ਗਿਆ ਹੋਵਾਂਗਾ। ਉਹਨੇ ਕਾਰ ਅੱਗੇ ਜਾ ਕੇ ਰੋਕ ਲਈ।

ਨਾ ਝਾਕਦਾ ਤਾਂ ਲੰਘ ਜਾਂਦਾ। ਮੈਂ ਭੱਜ ਕੇ ਕਾਰ ਵਿੱਚ ਜਾ ਬੈਠਾ। ਹੱਥ ਮਿਲਾਇਆ ਅਤੇ ਇੱਕ ਦੂਜੇ ਬਾਰੇ ਪੁੱਛਣ ਲੱਗੇ। ਕਾਰ ਚੱਲੀ ਤਾਂ ਮੈਂ ਦੇਖਿਆ ਕਿ ਉਹਦੇ ਖੱਬੇ ਪਾਸੇ ਸੀਟ ਉੱਤੇ ਰਿਵਾਲਵਰ ਤਾਂ ਸੀ, ਪਰ ਮੇਰੇ ਪੈਰਾਂ ਕੋਲ ਨਾ ਸ਼ਰਾਬ ਸੀ ਤੇ ਨਾ ਪਾਣੀ ਦੀ ਬੋਤਲ। ਉਹਨੇ ਇੱਕ ਸੰਗਤਰਾ ਮੇਰੇ ਹੱਥ ਫੜਾਇਆ। ਸੰਗਤਰਾ ਛਿੱਲ ਕੇ ਮੈਂ ਉਹਦੇ ਵੱਲ ਫਾੜੀਆਂ ਕੀਤੀਆਂ ਤਾਂ ਉਹ ਬੋਲਿਆ, “ਬਸ, ਤੂੰ ਖਾਹ ਮਾਸਟਰ!”

ਇਹ ਆਖਰੀ ਮੁਲਾਕਾਤ ਪੰਦਰਾਂ ਕੁ ਦਿਨ ਬਾਅਦ ਦੀ ਸੀ। ਇਸ ਵਾਰ ਮੈਂ ਉਹਦੇ ਬਾਰੇ ਕੁਝ ਨਹੀਂ ਪੁੱਛਿਆ। ਕਿਉਂਕਿ ਉਹ ਆਪਣੇ ਬਾਰੇ ਕੁਝ ਦੱਸਣਾ ਹੀ ਨਹੀਂ ਚਾਹੁੰਦਾ ਸੀ। ਮੈਂ ਆਪਣੇ ਬਾਰੇ ਵੀ ਹੋਰ ਕੁਝ ਨਹੀਂ ਦੱਸਿਆ। ਕਿਉਂਕਿ ਉਹਨੂੰ ਮੇਰੇ ਬਾਰੇ ਹੋਰ ਕੁਝ ਜਾਨਣ ਦੀ ਇੱਛਾ ਨਹੀਂ ਸੀ। ਲਾਲੀ ਤਾਂ ਬਸ ਇਉਂ ਸੀ, ਜਿਵੇਂ ਹਵਾ ਨੂੰ ਹਵਾ ਮਿਲਦੀ ਹੋਵੇ।

ਇਸ ਵਾਰ ਉਹ ਰਾਹ ਵਿੱਚ ਕਿਤੇ ਨਹੀਂ ਰੁਕਿਆ। ਸ਼ਰਾਬ ਨਹੀਂ ਸੀ ਤਾਂ ਉਹਨੇ ਰੁਕਣਾ ਕੀ ਸੀ। ਤਪੇ ਦੇ ਅੱਡੇ ਤੋਂ ਅਗਾਂਹ ਲੰਘ ਕੇ ਪੁੱਛਣ ਲੱਗਿਆ, “ਬਰਨਾਲਿਓਂ ਥੋਡੇ ਪਿੰਡ ਨੂੰ ਆਖ਼ਰੀ ਬੱਸ ਕਦੋਂ ਜਾਂਦੀ ਐ?"

“ਸੱਤ ਵਜੇ ਚੱਲਦੀ ਐ, ਮਾਨਸਾ ਆਲੀ।” ਮੈਂ ਜਵਾਬ ਦਿੱਤਾ।

ਉਹ ਕਹਿੰਦਾ, “ਤਾਂ ਫੇਰ ਅੱਜ ਬਰਨਾਲੇ ਚੱਲ ਮੇਰੇ ਨਾਲ। ਓਥੋਂ ਬੱਸ ਲੈ ਲੀਂ, ਆਵਦੇ ਪਿੰਡ ਨੂੰ।”

ਮੈਂ ਕਿਹਾ, “ਠੀਕ ਐ” ਮੈਂ ਉਹਦੀ ਰਜ਼ਾ ਵਿੱਚ ਰਾਜ਼ੀ ਸੀ। ਬਰਨਾਲੇ ਪਹੁੰਚ ਕੇ ਉਹਨੇ ਕਿਹਾ, “ਚੱਲ ਕਿਸੇ ਚੰਗੇ ਥਾਂ ਚਾਹ ਪੀਨੇ ਆਂ। ਅੱਜ ਮਾਸਟਰ, ਤੂੰ ਚਾਹ ਪਿਆ ਮੈਨੂੰ।”

ਮੈਂ ਉਹਨੂੰ ਸਦਰ ਬਾਜ਼ਾਰ ਵਿੱਚ ਰਾਮਪੁਰੇ ਵਾਲਿਆਂ ਦੀ ਚਾਹ ਵਾਲੀ ਦੁਕਾਨ ਉੱਤੇ ਲੈ ਗਿਆ। ਅਸੀਂ ਚਾਹ ਪੀਤੀ। ਉਹਨੇ ਮਿੱਠਾ ਜਾਂ ਨਮਕੀਨ ਕੁਝ ਨਹੀਂ ਖਾਧਾ ਸੀ। ਤੇ ਫੇਰ ਬਰਨਾਲੇ ਦੇ ਬੱਸ ਅੱਡੇ ਉੱਤੇ ਮੈਨੂੰ ਉਤਾਰ ਕੇ ਉਹ ਚਲਿਆ ਗਿਆ। ਮੈਂ ਉਹਨੂੰ ਨਹੀਂ ਪੁੱਛਿਆ ਕਿ ਉਹ ਇਸ ਵੇਲੇ ਹੁਣ ਕਿੱਥੇ ਜਾ ਰਿਹਾ ਹੈ।

ਮੁੜ ਕੇ ਉਹ ਕਦੇ ਨਹੀਂ ਮਿਲਿਆ। ਮੇਰੀ ਬਦਲੀ ਵੀ ਜੇਠੂਕਿਆਂ ਤੋਂ ਉਸੇ ਸਾਲ ਭਦੌੜ ਹੋ ਗਈ ਸੀ। ਮੈਂ ਉਹਨੂੰ ਕਦੇ-ਕਦੇ ਬਹੁਤ ਯਾਦ ਕਰਦਾ। ਪਤਾ ਨਹੀਂ ਉਹ ਕੌਣ ਸੀ, ਫੇਰ ਵੀ ਦਿਲ ਉੱਤੇ ਚੜ੍ਹਿਆ ਰਹਿੰਦਾ। ਉਹਦੇ ਸਾਥ ਦੀ ਇੱਕ ਮਿੱਠੀ ਜਿਹੀ ਸੁਗੰਧ ਮੇਰੇ ਨਾਲ-ਨਾਲ ਰਹਿੰਦੀ।

ਤੇ ਫੇਰ ਬਹੁਤ ਵਰ੍ਹੇ ਬੀਤ ਗਏ। ਮੈਨੂੰ ਉਹ ਜਿਵੇਂ ਭੁੱਲ-ਭਲਾ ਗਿਆ ਹੋਵੇ। ਇੱਕ ਦਿਨ ਅਖ਼ਬਾਰ ਵਿੱਚ ਇੱਕ ਫੋਟੋ ਦੇਖੀ। ਇਹ ਤਾਂ ਲਾਲੀ ਦੀ ਫੋਟੋ ਸੀ। ਉਹਦਾ ਭੋਗ ਸੀ।

ਮੈਂ ਤਾਂ ਝੱਟ ਪਛਾਣ ਲਿਆ ਕਿ ਇਹ ਲਾਲੀ ਹੈ। ਉਹੀ ਪਟਿਆਲੇ-ਸ਼ਾਹੀ ਪੱਗ, ਉਹੀ ਮੁੱਛਾਂ, ਛੋਟੇ-ਛੋਟੇ ਮਰੋੜਾਂ ਵਾਲੀਆਂ, ਉਹੀ ਦਾੜ੍ਹੀ-ਥੋੜ੍ਹੀ ਥੋੜ੍ਹੀ ਛਾਂਟੀ ਹੋਈ। ਅੱਖਾਂ ਓਹੀ। ਓਹੀ ਸੀ ਇਹ ਲਾਲੀ। ਜੀ ਕਰਦਾ ਸੀ, ਉਹਦੇ ਭੋਗ ’ਤੇ ਜਾਵਾਂ। ਅਕੀਦਤ ਦੇ ਫੁੱਲ ਭੇਟ ਕਰਕੇ ਆਵਾਂ।

ਪਰ ਕਿਸੇ ਹੋਰ ਰੁਝੇਵੇਂ ਕਾਰਨ ਮੈਂ ਜਾ ਨਹੀਂ ਸਕਿਆ। ਇਹ ਵੀ ਸੋਚਿਆ ਕਿ ਉੱਥੇ ਮੈਨੂੰ ਕੌਣ ਜਾਣਦਾ ਹੋਵੇਗਾ। ਕਿਸੇ ਨਾਲ ਕੀ ਗੱਲ ਕਰਾਂਗਾ। ਐਨਾ ਪਤਾ ਜ਼ਰੂਰ ਲੱਗ ਗਿਆ ਕਿ ਉਹਦਾ ਪਿੰਡ ਕਿਹੜਾ ਹੈ।

ਕੁਝ ਦਿਨ ਬਾਅਦ ਨਥਾਣੇ ਵੱਲ ਦੇ ਪਿੰਡਾਂ ਦਾ ਇੱਕ ਬੰਦਾ ਮਿਲਿਆ। ਲਾਲੀ ਦੇ ਪਿੰਡ ਦਾ ਨਾਉਂ ਲੈ ਕੇ ਮੈਂ ਉਹਨੂੰ ਪੁੱਛਿਆ ਕਿ ਉਹ ਕੌਣ ਸੀ, ਉਸਦੇ ਪਿੰਡ ਦਾ। ਉਹਨੇ ਦੱਸਿਆ ਕਿ ਉਹ ਉੱਥੋਂ ਦੇ ਸਰਦਾਰਾਂ ਦਾ ਮੁੰਡਾ ਸੀ। ਜ਼ਮੀਨ ਜਾਇਦਾਦ ਬਹੁਤ ਸੀ ਉਸ ਕੋਲ।

ਮੈਂ ਪੁੱਛਿਆ, “ਉਹ ਆਪ ਕੰਮ ਵੀ ਕਰਦਾ ਸੀ?”

ਨਥਾਣੇ ਵੱਲ ਦੇ ਪਿੰਡਾਂ ਦਾ ਉਹ ਆਦਮੀ ਮੇਰੇ ਵੱਲ ਸਿਰਫ਼ ਝਾਕਿਆ ਹੀ, ਦੱਸਿਆ ਕੁਝ ਨਹੀਂ।♦