ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਸੁਰਨੰਦ ਭਵਨ

ਵਿਕੀਸਰੋਤ ਤੋਂ

ਸੁਰਨੰਦ ਭਵਨ

ਤਿੰਨ ਸਾਢੇ ਤਿੰਨ ਵਰ੍ਹਿਆਂ ਦੀ ਲਾਡਲੀ ਬੱਚੀ ਸ਼ਕੁੰਤਲਾ ਆਪਣੇ ਡੈਡੀ ਦੀ ਉਂਗਲ ਫੜੀ ਸੁਰਨੰਦ ਭਵਨ ਅੱਗੇ ਸਕੂਲ-ਰਿਕਸ਼ਾ ਦੀ ਇੰਤਜ਼ਾਰ ਕਰ ਰਹੀ ਹੈ। ਉਹ ਲਗਾਤਾਰ ਬੋਲੀ ਜਾ ਰਹੀ ਹੈ- "ਡੈਡੀ, ਹੈਲੀਕਾਪਟਰ ... ਹਾਂਆਂ... ਹੈਲੀਕਾਪਟਰ ਲੈਣਾ ਮੈਂ..." ਉਹ ਰਿਹਾੜ ਕਰ ਰਹੀ ਹੈ। ਕਦੇ ਝੂਠ-ਮੂਠ ਦਾ ਰੋਣ ਲੱਗਦੀ ਹੈ। ਕਦੇ ਚੁੱਪ ਹੋ ਕੇ ਧਿਆਨ ਨਾਲ ਡੈਡੀ ਦੀ ਗੱਲ ਸੁਣਦੀ ਹੈ। ਨੰਦ ਸਿੰਘ ਦਾ ਹਰ ਇੱਕੋ ਜਵਾਬ- "ਸ਼ਾਮ ਨੂੰ ਲੈ ਦਿਆਂਗਾ ਹੈਲੀਕਾਪਟਰ ਵੀ। ਦੁਪਹਿਰ ਸਕੂਲੋਂ ਆਵੇਂਗੀ ਨਾ, ਖਾਣਾ ਖਾ ਕੇ ਸੌਂ ਜਾਣਾ ਆਪਾਂ। ਫੇਰ ਸ਼ਾਮ ਦੀ ਚਾਹ, ਫੇਰ ਹੈਲੀਕਾਪਟਰ ... ਸਮਝ ਗਈ ਨਾ?"

ਸ਼ਕੁੰਲਤਾ ਨਾਲੋਂ ਨੰਦ ਸਿੰਘ ਨੂੰ ਰਿਕਸ਼ਾ ਦਾ ਬਹੁਤਾ ਇੰਤਜ਼ਾਰ ਹੈ। ਉਹ ਚਾਹੁੰਦਾ ਹੈ, ਕੁੜੀ ਛੇਤੀ ਸਕੂਲ ਜਾਵੇ ਤਾਂ ਕਿ ਉਹ ਆਪਣੀ ਦੁਕਾਨ ਦੀ ਧੂਫ਼-ਬੱਤੀ ਜਗਾ ਲਵੇ। ਉਹਦੀ ਪਤਨੀ ਸੁਰਜੀਤ ਕੌਰ ਨੇ ਕਦੋਂ ਦੀ ਸਫ਼ਾਈ ਕਰ ਦਿੱਤੀ, ਦੁਕਾਨ ਦੀ। ਧੂਫ਼-ਬੱਤੀ ਲਾਈ ਵੀ ਨਹੀਂ ਤੇ ਸਕੂਲੀ-ਬੱਚਿਆਂ ਨੂੰ ਸੁਰਜੀਤ ਕੌਰ ਚੀਜ਼ਾਂ ਦੇ ਕੇ ਤੋਰਦੀ ਜਾ ਰਹੀ ਹੈ। ਸਲੇਟੀਆਂ, ਪੈਨਸਿਲਾਂ, ਕਾਪੀਆਂ, ਟਾਫੀਆਂ ਤੇ ਹੋਰ ਕਿੰਨਾ ਕੁਝ।

"ਬੇਬੀ, ਜ਼ਿੱਦ ਨਹੀਂ ਕਰਿਆ ਕਰਦੇ। ਏਦਾਂ ਕਰੇਂਗੀ ਤਾਂ ਰਿਕਸ਼ਾ ਨਿਕਲ ਜਾਣੀ ਐ। ਫੇਰ ਸਕੂਲ ਰਹਿ ਜਾਣਾ ਤੇਰਾ।" ਸੁਰਜੀਤ ਕੌਰ ਨੇ ਕੋਲ ਆ ਕੇ ਕੁੜੀ ਨੂੰ ਝਿੜਕ ਦਿੱਤਾ ਹੈ।

ਇੱਕ ਬਿੰਦ ਉਹ ਚੁੱਪ ਹੋਈ ਹੈ। ਪਰ ਗੋਡੇ ਝੁਕਾ ਕੇ ਫੇਰ ਤਣ ਗਈ। ਬਗਾਵਤ ਦੀ ਮੱਦਰਾ ਵਿੱਚ ਪੈਰਾਂ ਤੋਂ ਸਿਰ ਤੱਕ ਆਪਣਾ ਸਾਰਾ ਸਰੀਰ ਝੰਜਕ ਦਿੱਤਾ ਹੈ। ਫੇਰ ਲਾਚੜ ਗਈ ਹੈ- 'ਹਾਂ ਆਂ..ਡੈਡੀ..."

ਸਾਹਮਣੇ ਆ ਰਹੀ ਸਕੂਲ-ਰਿਕਸ਼ਾ ਦੇਖ ਕੇ ਨੰਦ ਸਿੰਘ ਬੋਲਦਾ ਹੈ- "ਦੇਖ ਔਹ ਆ ਗਈ ਰਿਕਸ਼ਾ। ਰੌਲਾ ਪਾਏਂਗੀ ਤਾਂ ਉਹ ਤੈਨੂੰ ਛੱਡ ਜਾਣਗੇ। ਬੱਸ ਹੁਣ ਚੁੱਪ ਹੋ ਜਾ," ਫੇਰ ਪੁੱਛਦਾ ਹੈ- 'ਤੇਰੇ ਬਸਤੇ ਵਿੱਚ ਕਿਤਾਬ ਹੈ ਵੇ? ਸਲੇਟ ਹੈ ਵੇ? ਸਲੇਟੀ ਤੇ ਪੈਨਸਿਲ? ਕਾਪੀਆਂ?"

ਸ਼ਕੁੰਤਲਾ ਸਿਰ ਹਿਲਾ ਕੇ ਜਵਾਬ ਦਿੰਦੀ ਜਾ ਰਹੀ ਹੈ। ਉਹ ਹੁਣ ਚੁੱਪ-ਚਾਪ ਸਕੂਲ- ਰਿਕਸ਼ਾ ਵੱਲ ਝਾਕ ਰਹੀ ਹੈ। ਦੂਰੋਂ ਹੀ ਪਹਿਚਾਨਣ ਦੀ ਕੋਸ਼ਿਸ਼ ਕਰਦੀ ਹੈ ਕਿ ਅੱਜ ਰਿਕਸ਼ਾ ਵਿੱਚ ਕੌਣ ਕੌਣ ਹਨ ਤੇ ਕਿਹੜਾ ਕਿੱਥੇ ਬੈਠਾ ਹੈ। ਨੰਦ ਸਿੰਘ ਆਪਣੇ ਕੁੜਤੇ ਦੀ ਜੇਬ੍ਹ ਵਿੱਚੋਂ ਇੱਕ ਰੁਪਏ ਦਾ ਸਿੱਕਾ ਕੱਢਦਾ ਹੈ ਤੇ ਜੇਬ ਖਰਚ ਵਜੋਂ ਸ਼ਕੁੰਤਲਾ ਨੂੰ ਫੜਾ ਦਿੰਦਾ ਹੈ। ਉਹ ਨਿੱਤ ਏਦਾਂ ਹੀ ਕਰਦਾ ਹੈ। ਇੱਕ ਰੁਪਿਆ ਜੇਬ ਵਿੱਚ ਪਾ ਕੇ ਰੱਖੇਗਾ। ਐਨ ਜਦੋਂ ਉਹ ਰਿਕਸ਼ਾ ਵਿੱਚ ਚੜ੍ਹਨ ਲਈ ਤਿਆਰ ਹੋਵੇ, ਉਹਨੂੰ ਦੇ ਦਿੰਦਾ ਹੈ। ਇਹ ਵੀ ਕਹੇਗਾ- "ਕੋਈ ਖੱਟੀ ਚੀਜ਼ ਨਹੀਂ ਖਾਣੀ, ਇਮਲੀ ਬਿਲਕੁਲ ਨਹੀਂ।"

ਸਕੂਲ-ਰਿਕਸ਼ਾ ਚਲੀ ਗਈ ਹੈ। ਦੁਕਾਨ 'ਤੇ ਆ ਕੇ ਉਹ ਸੁਰਜੀਤ ਕੌਰ ਵੱਲ ਝਾਕ ਕੇ ਮੁਸਕਰਾਇਆ ਹੈ। ਕਹਿੰਦਾ ਹੈ- "ਬੱਚੀ ਕਿੰਨਾ ਘਲ ਮਿਲ ਗਈ ਹੈ ਸਾਡੇ ਨਾਲ। ਕਿੰਨੀ ਜ਼ਿੱਦ ਕਰਦੀ ਹੈ। ਜਿਵੇਂ ਅਸੀਂ ਇਹਦੇ ਅਸਲੀ ਮਾਂ-ਬਾਪ ਹੋਈਏ।"

"ਹੁਣ ਤਾਂ ਅਸੀਂ ਹੀ ਅਸਲੀ ਮਾਂ-ਬਾਪ ਹਾਂ। ਉਹ ਤਾਂ ਨਕਲੀ ਸੀ ਜਿਹੜੇ ਇਹਨੂੰ ਜੰਮ ਕੇ ਸੁੱਟ ਗਏ।" ਸੁਰਜੀਤ ਕੌਰ ਘਰ ਅੰਦਰ ਜਾਂਦੀ ਕਹਿ ਗਈ ਹੈ।

ਮਕਾਨ ਦੇ ਸੱਜੇ ਹੱਥ ਇੱਕ ਕਮਰੇ ਵਿੱਚ ਦੁਕਾਨ ਹੈ। ਖੱਬੇ ਹੱਥ ਦਾ ਕਮਰਾ ਬੈਠਣ-ਉੱਠਣ ਲਈ ਹੈ। ਦੋਨਾਂ ਕਮਰਿਆਂ ਵਿਚਕਾਰ ਕਮਰੇ ਜਿੰਨੀ ਚੌੜੀ ਹੀ ਗੈਲਰੀ ਹੈ। ਗੈਲਰੀ ਦੇ ਮਹਿਰਾਬੀ ਦਰਵਾਜ਼ੇ ਨੂੰ ਲੋਹੇ ਦਾ ਗੇਟ ਲੱਗਿਆ ਹੋਇਆ ਹੈ। ਮਹਿਰਾਬੀ ਦਰਵਾਜ਼ੇ ਉੱਤੇ ਸੀਮਿੰਟ ਦੇ ਬਣੇ ਪੰਜਾਬੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ- "ਸੁਰਨੰਦ ਭਵਨ"

'ਸਰ ਸੁਰਜੀਤ ਕੌਰ ਦਾ ਤੇ 'ਨੰਦ' ਨੰਦ ਸਿੰਘ ਦਾ!

ਨੰਦ ਸਿੰਘ ਨੇ ਜਦੋਂ ਇਹ ਮਕਾਨ ਬਣਾਇਆ ਸੀ, ਉਹਨੂੰ ਬੜੀਆਂ ਆਸਾਂ ਸਨ, ਇੱਕ ਭਰਪੂਰ ਜੀਵਨ ਜਿਉਣ ਦੀਆਂ। ਉਹਨਾਂ ਦੇ ਵਿਆਹ ਨੂੰ ਚਾਰ-ਪੰਜ ਸਾਲ ਹੀ ਹੋਏ ਸਨ। ਬੱਚਾ ਕੋਈ ਨਹੀਂ ਸੀ। ਪਰ ਲੇਡੀ-ਡਾਕਟਰ ਕਹਿ ਰਹੀ ਸੀ, ਬੱਚਾ ਹੋਵੇਗਾ ਜ਼ਰੂਰ। ਮਾਮੂਲੀ ਨੁਕਸ ਹੈ। ਇਲਾਜ ਜਾਰੀ ਰੱਖੋ।

ਵਿਹੜਾ ਛੱਡ ਕੇ ਪਿਛਲੇ ਪਾਸੇ ਦੋ ਵੱਡੇ ਕਮਰੇ ਹਨ। ਵਿਹੜੇ ਦੇ ਇੱਕ ਪਾਸੇ ਰਸੋਈ ਹੈ, ਗੁਸਲਖਾਨਾ ਹੈ ਤੇ ਨਾਲ ਹੀ ਫਲੱਸ਼। ਪਿਛਲੇ ਇੱਕ ਕਮਰੇ ਉੱਤੇ ਚੁਬਾਰਾ ਵੀ ਪਾ ਲਿਆ ਸੀ।

ਨੰਦ ਸਿੰਘ ਹੋਰੀਂ ਤਿੰਨ ਭਰਾ ਹਨ। ਉਹ ਸਭ ਤੋਂ ਵੱਡਾ ਹੈ। ਵਿਚਕਾਰਲਾ ਜਰਨੈਲ ਸਿੰਘ ਉਹਤੋਂ ਦੋ ਸਾਲ ਛੋਟਾ ਹੈ ਤੇ ਦਰਵਾਰਾ ਸਿੰਘ ਜਰਨੈਲ ਤੋਂ ਦੋ ਸਾਲ ਦੀ ਵਿੱਥ ਉੱਤੇ। ਕੋਈ ਵੀ ਨਹੀਂ ਸੀ ਵਿਆਹਿਆ, ਜਦੋਂ ਉਹਨਾਂ ਦੇ ਮਾਂ-ਬਾਪ ਨਾ ਰਹੇ। ਤਿੰਨਾਂ ਨੇ ਖ਼ੁਦ ਕਮਾਈ ਕੀਤੀ ਤੇ ਆਪਣੇ ਵਿਆਹ ਕਰਾਏ। ਨੰਦ ਸਿੰਘ ਕਹਿੰਦਾ ਹੁੰਦਾ-"ਮਾਪੇ ਤਾਂ ਜੰਮਣ ਵਾਲੇ ਸੀ, ਅਸੀਂ ਤਿੰਨਾਂ ਭਾਈਆਂ ਨੇ ਆਪਣੇ ਸਿਰ ਆਪ ਗੁੰਦੇ। ਮਕਾਨ ਆਪ ਬਣਾਏ, ਆਪਣੇ ਵਿਆਹ ਕਰਾਏ। ਪਿਓ ਤਾਂ ਦੋ ਕੋਠੜੀਆਂ ਛੱਡ ਗਿਆ ਸੀ ਬੱਸ।"

ਉਹਨਾਂ ਦਾ ਬਾਪ ਸਬਜ਼ੀ ਵੇਚਣ ਦਾ ਕੰਮ ਕਰਦਾ ਹੁੰਦਾ। ਪਹਿਲਾਂ ਰੇੜ੍ਹੀ ਸੀ, ਫੇਰ ਦੁਕਾਨ ਬਣਾ ਲਈ। ਨੰਦ ਸਿੰਘ ਨੇ ਵੀ ਇਹੋ ਕੰਮ ਕੀਤਾ। ਜਰਨੈਲ ਕੱਪੜਾ ਵੇਚਦਾ ਤੇ ਦਰਬਾਰੇ ਦੀ ਫ਼ਲਾਂ ਦੀ ਦੁਕਾਨ ਸੀ।

ਨੰਦ ਸਿੰਘ ਨੇ ਬਹੁਤ ਕਮਾਇਆ। ਐਡਾ ਵਧੀਆ ਮਕਾਨ ਬਣਾਇਆ। ਪਰ ਉਹਦਾ ਵਿਹੜਾ ਸੱਖਣਾ ਸੀ। ਇਹੀ ਇੱਕ ਘਾਟਾ ਸੀ। ਉਹਦੀ ਤਮਾਮ ਜ਼ਿੰਦਗੀ ਨਿਰਉਤਸ਼ਾਹ ਹੋ ਕੇ ਰਹਿ ਗਈ। ਸਬਜ਼ੀ ਦਾ ਕੰਮ ਛੱਡ ਦਿੱਤਾ। ਚੁਬਾਰਾ ਤੇ ਹੇਠਲਾ ਖੱਬੇ ਹੱਥ ਦਾ ਅੰਦਰਲਾ ਇੱਕ ਕਮਰਾ ਕਿਰਾਏ ਉੱਤੇ ਚੜ੍ਹਾ ਦਿੱਤਾ। ਕਿਰਾਇਆ ਕਾਫ਼ੀ ਆ ਜਾਂਦਾ। ਸੱਜੇ ਹੱਥ ਦੀ ਬੈਠਕ ਵਿੱਚ ਇਹ ਕਾਪੀਆਂ-ਪੈਨਸਿਲਾਂ ਦੀ ਦੁਕਾਨ ਖੋਲ੍ਹ ਲਈ। ਕਮਾਈ ਹੁੰਦੀ ਤੇ ਮੀਆਂ-ਬੀਵੀ ਦਾ ਜੀਅ ਲੱਗਿਆ ਰਹਿੰਦਾ।

ਜਰਨੈਲ ਸਿੰਘ ਦੇ ਉਪਰੋਥਲੀ ਤਿੰਨ ਮੁੰਡੇ ਹੋਏ। ਚੌਥੀ ਕੁੜੀ ਸੀ। ਤੀਜਾ ਮੁੰਡਾ ਹਰਅਵਤਾਰ ਦੋ ਕੁ ਸਾਲ ਦਾ ਸੀ, ਜਦੋਂ ਉਹਨੂੰ ਸੁਰਜੀਤ ਕੌਰ ਆਪਣੇ ਘਰ ਚੁੱਕ ਲਿਆਈ। ਕਹਿੰਦੀ- "ਇਹਨੂੰ ਤਾਂ ਮੈਂ ਰੱਖਾਂਗੀ। ਅਸੀਂ ਇਹਨੂੰ ਪੜ੍ਹਾਵਾਂਗੇ। ਅਸੀਂ ਹੀ ਇਹਦਾ ਵਿਆਹ ਕਰਕੇ ਘਰ ਨੂੰਹ ਲੈ ਆਵਾਂਗੇ।"

ਉਹ ਹਰਅਵਤਾਰ ਨੂੰ ਆਪਣੇ ਨਾਲ ਪਾਉਂਦੀ। ਰਾਤ ਨੂੰ ਉੱਠ-ਉੱਠ ਕੇ ਉਹਨੂੰ ਨੰਗੇ ਪਏ ਨੂੰ ਢਕਦੀ। ਕਿਤੇ ਉਹਨੂੰ ਠੰਢ ਨਾ ਲੱਗ ਜਾਵੇ। ਸੌਣ ਵੇਲੇ ਉਚੇਚੇ ਤੌਰ 'ਤੇ ਉਹਨੂੰ ਦੁੱਧ ਦਾ ਗਿਲਾਸ ਦਿੰਦੀ। ਉਹ ਸੌਂ ਚੁੱਕਿਆ ਹੁੰਦਾ, ਤਾਂ ਵੀ ਉਹਨੂੰ ਦੁੱਧ ਪਿਆਉਂਦੀ। ਉਹ ਤਾਂ ਸੁੱਤਾ ਸੁੱਤਾ ਹੀ ਅੱਖਾਂ ਮੀਚ ਕੇ ਦੁੱਧ ਪੀ ਲੈਂਦਾ। ਸਵੇਰੇ ਉਹਨੂੰ ਪੁੱਛਣ ਲੱਗਦੀ- "ਤਾਰੀ, ਰਾਤੀਂ ਦੁੱਧ ਨਹੀਂ ਪੀਤਾ ਤੂੰ?"

"ਦਿੱਤਾ ਹੀ ਨਹੀਂ।" ਉਹ ਜਵਾਬ ਦਿੰਦਾ।

ਉਹ ਹੱਸਣ ਲੱਗਦੀ। ਆਖਦੀ- "ਵਾਹ ਵੇ, ਤੈਨੂੰ ਇਹ ਵੀ ਪਤਾ ਨਹੀਂ ਕਿ ਦੁੱਧ ਪੀਤਾ ਸੀ? ਫੇਰ ਤਾਂ ਤੈਨੂੰ ਕੁੱਛ ਵੀ ਪਿਲਾ ਦੇਵੇ ਕੋਈ।

"ਕੀ ਪਿਲਾ ਦੇਵੇ?" ਉਹ ਪੁੱਛਦਾ।

"ਕੁੱਛ ਵੀ ਤੇਰੇ ਮੂੰਹ ਨੂੰ ਲਾ ਦਿਓ। ਤੂੰ 'ਤੇ ਝੱਟ ਪੀ ਜਾਣੈ। ਚਾਹੇ ....।" ਉਹ ਫੇਰ ਖਿੜ-ਖਿੜ ਹੱਸਦੀ।

ਸਵੇਰੇ ਵੇਲੇ ਉਹ ਉਹਨੂੰ ਬਿਸਤਰੇ ਵਿੱਚ ਪਏ ਨੂੰ ਚਾਹ ਦਿੰਦੀ। ਰਸੋਈ ਦੀ ਜਾਲੀਦਾਰ ਅਲਮਾਰੀ ਵਿੱਚ ਉਹਦੇ ਖਾਣ ਲਈ ਕੁਝ ਨਾ ਕੁਝ ਰੱਖਿਆ ਪਿਆ ਰਹਿੰਦਾ- ਸੇਬ, ਕੇਲੇ, ਸੰਗਤਰੇ, ਅੰਗੂਰ ਤੇ ਹੋਰ ਕੋਈ ਵੀ ਮੌਸਮੀ ਫ਼ਲ। ਨਹੀਂ ਤਾਂ ਬਰਫੀ ਦੇ ਟੁਕੜੇ ਹੀ। ਉਹ ਦਿਨ ਵਿੱਚ ਕਦੇ ਵੀ ਜਾਲੀ ਵਿਚੋਂ 'ਚੀਜ਼' ਕੱਢ ਕੇ ਖਾ ਲੈਂਦਾ ਸੀ। ਸੁਰਜੀਤ ਕੌਰ ਦੇ ਸਾਹਮਣੇ ਬੈਠ ਕੇ ਉਹ ਚੀਜ਼ ਖਾ ਰਿਹਾ ਤਾਂ ਉਹ ਬਹੁਤ ਖ਼ੁਸ਼ ਦਿਖਾਈ ਦਿੰਦੀ। ਲੋਰ ਜਿਹੇ ਵਿੱਚ ਆ ਕੇ ਉਹਦਾ ਨੱਕ ਘੁੱਟ ਦਿੰਦੀ ਜਾਂ ਉਹਦੀ ਕੋਈ ਨਕਲ ਉਤਾਰਦੀ।

ਹਰਅਵਤਾਰ ਬਹੁਤ ਘੁਲ-ਮਿਲ ਗਿਆ ਸੀ। ਨੰਦ ਸਿੰਘ ਛੁਰੀ ਲੈ ਕੇ ਆਪ ਸੇਬ ਕੱਟਣ ਬੈਠ ਜਾਂਦਾ। ਫਾੜੀ ਨੂੰ ਛਿਲਦਾ-ਸੰਵਾਰਦਾ ਤੇ ਮੁੰਡੇ ਨੂੰ ਖੁਆਉਂਦਾ ਜਾਂਦਾ। ਮੁੰਡੇ ਦੀ ਰੱਜ ਵਿਚੋਂ ਉਹਨੂੰ ਆਪ ਰੱਜ ਮਿਲਦਾ।

ਹਰਅਵਤਾਰ ਆਪਣੇ ਬਾਪ ਜਰਨੈਲ ਸਿੰਘ ਦੇ ਘਰ ਵੀ ਗੇੜਾ ਮਾਰਦਾ। ਉਹਦੀ ਮਾਂ ਕੁਝ ਖਾਣ ਨੂੰ ਦਿੰਦੀ ਤਾਂ ਉਹ ਨੱਕ ਮਾਰਦਾ। ਬਾਪ ਦੇ ਘਰ ਦਾ ਉਹਨੂੰ ਕੁਝ ਵੀ ਸੁਆਦ ਨਹੀਂ ਲੱਗਦਾ ਸੀ। ਜਿਵੇਂ ਇਹ ਕੋਈ ਬਿਗਾਨਾ ਘਰ ਹੋਵੇ। ਉਹਦੀ ਮਾਂ ਪੁੱਛਦੀ- "ਤੇਰੀ ਤਾਈ ਨੇ ਅੱਜ ਕੀ ਸਬਜ਼ੀ ਚਾੜ੍ਹੀ ਐ।"

"ਆਲੂ ਗੋਭੀ" ਉਹ ਇਸ ਢੰਗ ਨਾਲ ਜਵਾਬ ਦਿੰਦਾ ਜਿਵੇਂ ਤਾਈ ਦਾ ਘਰ ਹੀ ਉਹਦਾ ਆਪਣਾ ਘਰ ਹੋਵੇ। 'ਤਾਈਂ ਸ਼ਬਦ ਉਹਦੇ ਲਈ 'ਮਾਂ' ਦਾ ਅਰਥ ਰੱਖਦਾ। ਸਕੀ ਮਾਂ ਨੂੰ ਉਹ ਮਾਂ ਨਾ ਆਖਦਾ, ਉਹਦਾ ਨਾਉਂ ਲੈ ਕੇ ਬਲਾਉਂਦਾ-ਰੱਜੀ। ਰਾਜਵੰਤ ਕੌਰ ਸੀ ਅਸਲੀ ਨਾਉਂ ਤਾਂ। ਹਰਅਵਤਾਰ ਨੰਦ ਸਿੰਘ ਨਾਲ ਨਿੱਕੀਆਂ-ਨਿੱਕੀਆਂ ਸ਼ਰਾਰਤਾਂ ਕਰਦਾ। ਉਹਦੀ ਨੇੜੇ ਦੀ ਨਜ਼ਰ ਕਮਜ਼ੋਰ ਸੀ। ਸਵੇਰੇ-ਸਵੇਰੇ ਉਹ ਅਖ਼ਬਾਰ ਪੜ੍ਹ ਰਿਹਾ ਹੁੰਦਾ ਤਾਂ ਹਰਅਵਤਾਰ ਉਹਦੀ ਐਨਕ ਦਾ ਕੇਸ ਕਿਧਰੇ ਲੁਕੋ ਦਿੰਦਾ-ਸਿਰਹਾਣੇ ਹੇਠ, ਸਿਲਾਈ-ਮਸ਼ੀਨ ਦੇ ਖਾਨੇ ਵਿੱਚ ਜਾਂ ਨੰਦ ਸਿੰਘ ਦੇ ਬੂਟਾਂ ਵਿੱਚ ਹੀ। ਅਖ਼ਬਾਰ ਪੜ੍ਹਨ ਬਾਅਦ ਉਹ ਕੇਸ ਲੱਭਦਾ ਫਿਰਦਾ। ਹਰਅਵਤਾਰ ਪਹਿਲਾਂ ਤਾਂ ਗੁੱਝਾ-ਗੁੱਝਾ, ਫੇਰ ਹਾਸੀ ਉਹਦੇ ਢਿੱਡ ਤੋਂ ਸਾਂਭੀ ਨਾ ਜਾਂਦੀ। ਖਿੱਦ-ਖਿੱਦ ਕਰਕੇ ਉਹਦਾ ਮੂੰਹ ਖੁੱਲ੍ਹ ਜਾਂਦਾ।

"ਹੱਤ, ਤੇਰੇ ਦੀ। ਤੂੰ ਕੀਤੀ ਸੂ, ਸ਼ਰਾਰਤ?" ਨੰਦ ਸਿੰਘ ਸਗੋਂ ਖ਼ੁਸ਼ ਹੁੰਦਾ।

ਕਦੇ ਉਹ ਨੰਦ ਸਿੰਘ ਦੀ ਪਗੜੀ ਵਿਚੋਂ ਪੂੰਛਕੀ ਕੱਢ ਦਿੰਦਾ। ਨੰਦ ਸਿੰਘ ਹਾਕ ਮਾਰਦਾ- "ਤਾਰੀ!" ਮੁੰਡਾ ਉਹਦੀ ਪਿੱਠ ਪਿੱਛੇ ਖੜ੍ਹਾ ਹੱਸ ਰਿਹਾ ਹੁੰਦਾ।

ਹਰਅਵਤਾਰ ਦਾ ਸੁਖ ਬੜਾ ਸੀ। ਉਹ ਨਿੱਕੇ-ਮੋਟੇ ਕੰਮ-ਧੰਦੇ ਵੀ ਕਰਦਾ। ਕਿਸੇ ਦੁਕਾਨ ਤੋਂ ਕੋਈ ਚੀਜ਼ ਲਿਆ ਦਿੰਦਾ। ਸੁਰਜੀਤ ਕੌਰ ਬੈਠੀ-ਬਿਠਾਈ ਉਹਤੋਂ ਚੀਜ਼ਾਂ ਮੰਗਾਉਂਦੀ ਰਹਿੰਦੀ। ਨੰਦ ਸਿੰਘ ਰੋਟੀ ਖਾਣ ਬੈਠਦਾ ਤਾਂ ਰਸੋਈ ਵਿਚੋਂ ਪਲੇਟਾਂ ਚੁੱਕ-ਚੁੱਕ ਹਰਅਵਤਾਰ ਹੀ ਫੜਾਉਂਦਾ। ਪਾਣੀ ਦਾ ਗਿਲਾਸ ਦੇ ਜਾਂਦਾ।

ਇਸ ਤਰ੍ਹਾਂ ਹੀ ਉਹ ਦਿਨੋ-ਦਿਨ ਵੱਡਾ ਹੁੰਦਾ ਜਾ ਰਿਹਾ ਸੀ। ਇਸ ਤਰ੍ਹਾਂ ਹੀ ਉਹ ਦਿਨੋ-ਦਿਨ ਸਿਆਣਾ ਹੁੰਦਾ ਜਾ ਰਿਹਾ ਸੀ। ਸੁਰਜੀਤ ਕੌਰ ਉਹਨੂੰ ਸਕੂਲ ਵਿੱਚ ਦਾਖ਼ਲ ਕਰਵਾ ਆਈ। ਉਹ ਸਕੂਲ ਗਿਆ ਹੁੰਦਾ ਤਾਂ ਉਹ ਉਹਨੂੰ ਉਡੀਕਦੀ ਰਹਿੰਦੀ। ਕੋਈ ਗੱਲ ਹੁੰਦੀ ਤਾਂ ਉਹ ਆਪ ਨਾਲ ਜਾ ਕੇ ਉਹਨੂੰ ਸਕੂਲ ਛੱਡ ਕੇ ਆਉਂਦੀ। ਅੱਧਾ ਘੰਟਾ-ਵੀਹ ਮਿੰਟ ਉਹ ਸਕੂਲੋਂ ਆਉਂਦਾ ਲੇਟ ਹੋ ਜਾਂਦਾ। ਕਿਸੇ ਮੁੰਡੇ ਨਾਲ ਖੇਡ ਪੈ ਜਾਂਦਾ ਜਾਂ ਕੋਈ ਹੋਰ ਗੱਲ ਹੁੰਦੀ ਤਾਂ ਉਹ ਘਰ ਦੇ ਬਾਰ ਅੱਗੇ ਨਿੱਕਲ ਕੇ ਉਹਨੂੰ ਦੇਖਦੀ ਰਹਿੰਦੀ। ਤਿੱਖੀ ਉਡੀਕ ਵਿੱਚ ਉਹ ਇੱਕ ਥਾਂ 'ਤੇ ਟਿੱਕ ਕੇ ਨਾ ਬੈਠਦੀ। ਮਨ ਵਿੱਚ ਆਖਦੀ "ਤਾਰੀ ਆਇਆ ਕਿਉਂ ਨਹੀਂ? ਹੁਣ ਤੱਕ ਤਾਂ ਆ ਜਾਣਾ ਚਾਹੀਦਾ ਸੀ।" ਸਿਰ ਤੇ ਚੁੰਨੀ ਲੈ ਕੇ ਤੇ ਪੈਰੀਂ ਚੱਪਲਾਂ ਪਾ ਕੇ ਉਹ ਘਰੋਂ ਬਾਹਰ ਹੋਣ ਲੱਗਦੀ ਤਾਂ ਉਹ ਆ ਰਿਹਾ ਹੁੰਦਾ। ਤੇ ਫੇਰ ਉਹ ਉਹਨੂੰ ਮਿੱਠੀਆਂ-ਮਿੱਠੀਆਂ ਗਾਲ੍ਹਾਂ ਕੱਢਣ ਲੱਗਦੀ। ਕਦੇ-ਕਦੇ ਉਹਦੇ ਇੱਕ ਥੱਪੜ ਵੀ ਜੜ੍ਹ ਦਿੰਦੀ। ਕੜਕਦੀ- "ਕਿੱਥੇ ਸੈਂ?"

ਉਹ ਇੱਕ ਨਾ ਜਾਣਦਾ, ਸਗੋਂ ਹੱਸਦਾ ਤੇ ਹੱਸੀ ਜਾਂਦਾ।

ਇੰਜ ਉਹ ਕਈ ਜਮਾਤਾਂ ਪਾਸ ਕਰ ਗਿਆ। ਸੱਤਵੀਂ ਵਿੱਚ ਹੋ ਗਿਆ।

ਹਰਅਵਤਾਰ ਦੇ ਸਿਰ ਦੇ ਵਾਲ਼ ਬਹੁਤ ਭਾਰੇ ਸਨ। ਜੂੜਾ ਖੁੱਲ੍ਹੇ ਦਾ ਖੁੱਲ੍ਹਾ। ਜੂੰਆਂ ਪਈਆਂ ਰਹਿੰਦੀਆਂ। ਉਹਨੂੰ ਚੌਥੇ ਦਿਨ ਕੇਸੀਂ ਨਹਾਉਂਦੀ। ਕੁੜੀਆਂ ਵਾਂਗ।

ਉਹਦੇ ਜੂੜੀ ਦੀ ਗੁਤ ਕਰ ਦਿੰਦੀ।ਉਹ ਸਿਰ ਨੂੰ ਚਿੱਟਾ ਪਟਕਾ ਬੰਕੇ ਰੱਖਦਾ। ਸੁਰਜੀਤ ਕੌਰ ਹੀ ਉਹਦਾ ਪਟਕਾ ਬੰਨ੍ਹਦੀ। ਸੱਤਵੀਂ ਜਮਾਤ ਤੱਕ ਵੀ ਖ਼ੁਦ ਪਟਕਾ ਬੰਨ੍ਹਣਾ ਨਹੀਂ ਸੀ ਜਾਣਦਾ। ਉਹਨੂੰ ਆਪ ਕੇਸੀਂ ਨ੍ਹਾਉਣਾ ਨਹੀਂ ਆਉਂਦਾ ਸੀ। ਜੂੜਾ ਨਹੀਂ ਕਰ ਸਕਦਾ ਸੀ।

ਉਹਨਾਂ ਨੂੰ ਆਂਢੀ-ਗੁਆਂਢੀ ਆਖਦੇ-"ਹੁਣ ਤਾਂ ਤੁਸੀਂ ਹੀ ਇਹਦੇ ਮਾਂ-ਪਿਓ ਓਂ, ਇਹਨੂੰ ਪਾਲ਼ਦੇ ਓਂ, ਇਹ ਤੁਹਾਨੂੰ ਪਾਪਾ-ਮੰਮੀ ਕਿਉਂ ਨਹੀਂ ਆਖਦਾ? ਤਾਇਆ ਤਾਈ ਕਿਉਂ ਬਈ?"

72 ਉਹ ਜਵਾਬ ਦਿੰਦੇ- "ਪਾਲ਼ੀ ਤਾਂ ਜਾਂਦੇ ਹਾਂ, ਇਹਦਾ ਕੀ ਪਤਾ, ਸਾਡੇ ਕੋਲ ਰਹੇਗਾ ਜਾਂ ਨਹੀਂ।"

"ਹੋਰ ਇਸਨੇ ਕਿਧਰ ਜਾਣਾ ਹੈ? ਹੁਣ ਤਾਂ ਤੁਸੀਂ ਹੀ ਇਹਦੇ ਸਭ ਕੁੱਛ ਹੋ।"

"ਦੇਖੋ... ਨੰਦ ਸਿੰਘ ਦੀਆਂ ਅੱਖਾਂ ਵਿੱਚ ਉਦਾਸੀਨਤਾ ਉੱਤਰ ਆਉਂਦੀ।

ਕਦੇ ਰਾਜਵੰਤ ਕੌਰ ਖਿੜੀ-ਖਿਝੀ ਆਉਂਦੀ ਤੇ ਸੁਰਜੀਤ ਕੌਰ ਨਾਲ ਮਿੰਨ੍ਹਾ-ਮਿੰਨ੍ਹਾ ਝਗੜਾ ਕਰਨ ਲਗਦੀ। ਆਖਦੀ- "ਤੁਸੀਂ ਤਾਂ ਵਿਗਾੜ ਦਿੱਤਾ ਤਾਰੀ ਨੂੰ। ਆਪਣੇ ਘਰ ਦਾ ਉਹਨੂੰ ਕੁੱਛ ਵੀ ਚੰਗੀ ਨਹੀਂ ਲੱਗਦਾ। ਵੱਡਾ ਹੋ ਕੇ ਉਹ ਪਾਸੇ ਦਾ, ਨਾ ਇਸ ਪਾਸੇ ਦਾ।

"ਕਿਉਂ ਤੂੰ ਉਹਦਾ ਬੁਰਾ ਚਿਤਵਦੀ ਐਂ। ਉਹ ਪੜ੍ਹੀ ਤਾਂ ਜਾਂਦਾ ਹੈ। ਦਸਵੀਂ ਕਰ ਕੇ ਕੋਈ ਨੌਕਰੀ ਕਰਨ ਲੱਗੇਗਾ। ਕਮਾਏਗਾ ਤੇ ਖਾਏਗਾ। ਉਹਦਾ ਵਿਆਹ ਵੀ ਫੇਰ ਹੋ ਜਾਣੈ। ਵਿਗੜ ਉਹਦਾ ਕਿਹੜਾ ਪਾਸਾ ਰਿਹਾ ਹੈ, ਰੱਜੀ?" ਸੁਰਜੀਤ ਕੌਰ ਮੰਡੇ ਦਾ ਭਵਿੱਖ ਉਲੀਕ ਦਿੰਦੀ।

ਨਿੱਕੀਆਂ-ਨਿੱਕੀਆਂ ਗੱਲਾਂ ਦੇ ਹੋਰ ਸਵਾਲ-ਜਵਾਬ ਕਰਦੀਆਂ ਉਹ ਚੁੱਪ ਹੋ ਜਾਂਦੀਆਂ। ਸੁਰਜੀਤ ਕੌਰ ਉਹਨੂੰ ਬੈਠਣ ਲਈ ਮੂੜ੍ਹਾ ਦਿੰਦੀ। ਪਰ ਉਹ ਖੜ੍ਹੀ-ਖੜੋਤੀ ਮੁੜ ਜਾਂਦੀ। ਸੁਰਜੀਤ ਕੌਰ ਸੋਚਣ ਲੱਗਦੀ ਤਾਂ ਉਹਨੂੰ ਕਿਸੇ ਗੱਲ ਦਾ ਕੋਈ ਸਿਰਾ ਨਾ ਲੱਭਦਾ ਕਿ ਆਖ਼ਰ ਹਰਅਵਤਾਰ ਦੀ ਮਾਂ ਚਾਹੁੰਦੀ ਕੀ ਹੈ। ਕੀ ਉਹ ਉਹਨੂੰ ਆਪਣੇ ਘਰ ਵਾਪਸ ਲੈ ਜਾਣਾ ਚਾਹੁੰਦੀ ਹੈ ਜਾਂ ਕੋਈ ਹੋਰ ਗੱਲ ਹੈ? ਕੀ ਹੋ ਸਕਦੀ ਹੈ ਭਲਾ?

ਤੇ ਫਿਰ ਇੱਕ ਦਿਨ ਸ਼ਾਮ ਨੂੰ ਕਾਫ਼ੀ ਹਨੇਰਾ ਉੱਤਰ ਆਉਣ ਸਮੇਂ ਜਰਨੈਲ ਸਿੰਘ ਉਹਨਾਂ ਦੇ ਘਰ ਆਇਆ। ਸੁਰਜੀਤ ਕੌਰ ਨੇ ਕੁਰਸੀ ਦਿੱਤੀ ਤੇ ਉਹ ਬੈਠ ਗਿਆ। ਨੰਦ ਸਿੰਘ ਵੀ ਘਰ ਹੀ ਸੀ। ਹਰਅਵਤਾਰ ਘਰ ਨਹੀਂ ਸੀ। ਸੁਰਜੀਤ ਕੌਰ ਨੇ ਉਹਨੂੰ ਚਾਹ ਦਾ ਗਿਲਾਸ ਬਣਾ ਦਿੱਤਾ। ਨੰਦ ਸਿੰਘ ਵੀ ਚਾਹ ਪੀ ਰਿਹਾ ਸੀ। ਐਵੇਂ ਏਧਰ ਓਧਰ ਦੀਆਂ ਫਜ਼ੂਲ ਜਿਹੀਆਂ ਗੱਲਾਂ ਹੋ ਰਹੀਆਂ ਸਨ। ਉਹ ਕਦੇ-ਕਦੇ ਹੀ ਉਹਨਾਂ ਦੇ ਘਰ ਆਉਂਦਾ ਹੁੰਦਾ। ਨੰਦ ਸਿੰਘ ਅੰਦਾਜ਼ਾ ਲਾ ਰਿਹਾ ਸੀ ਕਿ ਉਹ ਕਿਉਂ ਆਇਆ ਹੈ। ਇੱਕ ਅੰਦਾਜ਼ਾ ਉਹਨੂੰ ਪੱਕਾ ਲੱਗਦਾ ਸੀ ਕਿ ਉਹ ਪੈਸੇ ਲੈਣ ਆਇਆ ਹੈ। ਗੇੜ-ਫੇੜ ਪਾ ਕੇ ਪੈਸਿਆਂ ਦੀ ਗੱਲ ਹੀ ਕਰੇਗਾ। ਪਰ ਉਹ ਸੋਚਦਾ, ਪਹਿਲਾਂ ਵੀ ਤਾਂ ਉਹਦੇ ਵੱਲ ਸੱਤ ਹਜ਼ਾਰ ਰਹਿੰਦਾ ਹੈ। ਹੁਣ ਹੋਰ ਕਿਉਂ ਮੰਗੇਗਾ? ਪਰ ਕੀ ਪਤਾ ਹੈ, ਕਹਿ ਦੇਵੇ- 'ਤਿੰਨ ਹਜ਼ਾਰ ਹੋਰ ਦੇ ਦੇਓ, ਇਕੱਠਾ ਦਸ ਹਜ਼ਾਰ ਮੋੜ ਦਿਆਂਗਾ।"

ਜਰਨੈਲ ਸਿੰਘ ਕਬੀਲਦਾਰੀ ਵਿੱਚ ਟੁੱਟਿਆ ਰਹਿੰਦਾ। ਉਹਨੂੰ ਜੂਆ ਖੇਡਣ ਦੀ ਆਦਤ ਸੀ। ਕਦੇ-ਕਦੇ ਸ਼ਰਾਬ ਵੀ ਪੀਂਦਾ। ਸ਼ਰਾਬ ਪੀ ਕੇ ਘਰ ਆਉਂਦਾ ਤੇ ਕੋਈ ਬਹਾਨਾ ਬਣਾ ਕੇ ਰੱਜੀ ਨਾਲ ਝਗੜਾ ਕਰਦਾ। ਉਹ ਉਹਦੀ ਸ਼ਰਾਬ 'ਤੇ ਖਿਝਦੀ। ਪਰ ਉਹ ਉਹਦੇ ਸਾਹਮਣੇ ਹੀ ਪੈਂਟ ਦੇ ਡੱਬ ਵਿਚੋਂ ਅਧੀਆ ਕੱਢ ਕੇ ਬੈਠ ਜਾਂਦਾ ਤੇ ਪੀਣ ਲੱਗਦਾ। ਰੁੱਸ ਜਾਂਦਾ ਤੇ ਉਸ ਰਾਤ ਰੋਟੀ ਨਹੀਂ ਖਾਂਦਾ ਸੀ। ਅਜਿਹਾ ਤਮਾਸ਼ਾ ਉਹ ਉਸ ਦਿਨ ਕਰਦਾ, ਜਦੋਂ ਹਾਰ ਕੇ ਆਇਆ ਹੁੰਦਾ। ਕੱਪੜੇ ਵਿੱਚ ਉਹਨੂੰ ਚੰਗੀ ਕਮਾਈ ਸੀ। ਫੇਰ ਤਾਂ ਉਹਦਾ ਵੱਡਾ ਮੁੰਡਾ ਵੀ ਉਹਦੀ ਮੱਦਦ ਕਰਨ ਲੱਗ ਪਿਆ। ਪਰ ਕਾਰੋਬਾਰ ਵਿੱਚ ਉਹਦਾ ਹੱਥ ਤੰਗ ਰਹਿੰਦਾ। ਮਕਾਨ ਵੀ ਇੱਕ ਵਾਰ ਬਣਾ ਲਿਆ ਸੋ ਬਣਾ ਲਿਆ, ਮੁੜ ਕੇ ਇੱਟ ਨਹੀਂ ਲਾਈ। ਬਹੁਤੀ ਗੱਲ ਕੀ, ਉਹਦਾ ਘਰ ਮਸਾਂ ਤੁਰਦਾ ਸੀ। ਉਹਦੇ ਜੂਏ ਦਾ ਕਿਸੇ ਨੂੰ ਇਲਮ ਨਹੀਂ ਸੀ। ਪਰ ਇੱਕ ਗੱਲੋਂ ਉਹ ਪੱਕਾ ਸੀ। ਜੂਏ ਵਿੱਚ ਕਮਾਈ ਰੋੜ੍ਹ ਉਹ ਆਪਣਾ ਕੰਮ ਛੱਡ ਕੇ ਨਾ ਬੈਠਦਾ। ਬੱਸ ਇੱਕ ਦਿਨ ਬੁਰਾ ਜਿਹਾ ਮੂੰਹ ਬਣਾ ਕੇ ਰੱਖਦਾ, ਅਗਲੇ ਦਿਨ ਫੇਰ ਟਹਿ-ਟਹਿ ਕਰਦਾ ਚਿਹਰਾ ਲੈ ਕੇ ਦੁਕਾਨ 'ਤੇ ਜਾ ਬੈਠਦਾ।

ਅਖ਼ੀਰ ਹੌਲੀ-ਹੌਲੀ ਸ਼ਰਮਾਉਂਦਾ ਜਿਹਾ ਜਰਨੈਲ ਕਹਿਣ ਲੱਗਿਆ- "ਤਾਰੀ ਨੂੰ ਹੁਣ ਅਸੀਂ ਆਪਣੇ ਘਰ ਹੀ ਰੱਖਾਂਗੇ। ਐਥੇ ਉਹਦਾ ਠੀਕ ਨਹੀਂ।"

"ਕਿਉਂ, ਕੀ ਗੱਲ ਬਈ?" ਨੰਦ ਸਿੰਘ ਉਹਦੀ ਗੱਲ ਸੁਣ ਕੇ ਬਹੁਤ ਹੈਰਾਨ ਸੀ। ਉਹਦੇ ਮੱਥੇ ਉੱਤੇ ਸਿੱਲ੍ਹ ਦੀ ਇੱਕ ਪਤਲੀ ਲਕੀਰ ਫਿਰ ਗਈ। ਤੇ ਜਿਵੇਂ ਉਹਨੂੰ ਜਰਨੈਲ ਦੀ ਗੱਲ ਸਮਝ ਵਿੱਚ ਨਾ ਆਈ ਹੋਵੇ।

ਚਾਹ ਉਹ ਪੀ ਚੁੱਕੇ ਸਨ। ਦੋਵੇਂ ਭਰਾ ਕੁਝ ਚਿਰ ਚੁੱਪ ਬੈਠੇ ਰਹੇ। ਸੁਰਜੀਤ ਕੌਰ ਨੇ ਵੀ ਜਰਨੈਲ ਦੀ ਗੱਲ ਸੁਣ ਲਈ। ਉਹ ਬਿੰਦੇ-ਬਿੰਦੇ ਉਹਦੇ ਮੂੰਹ ਵੱਲ ਝਾਕਣ ਲੱਗਦੀ, ਜਿਵੇਂ ਕੁਝ ਕਹਿਣਾ ਚਾਹੁੰਦੀ ਹੋਵੇ। ਤੇ ਜਿਵੇਂ ਕੁਝ ਵੀ ਨਾ ਕਹਿ ਸਕਦੀ ਹੋਵੇ। ਅਖ਼ੀਰ ਨੰਦ ਸਿੰਘ ਨੇ ਬੁੱਲ੍ਹ ਹਿਲਾਏ- "ਉਹਨੂੰ ਪੁੱਛ ਲੈ। ਜਾਂਦੈ ਤਾਂ ਲੈ ਜਾ। ਸਾਡਾ ਉਹਦੇ 'ਤੇ ਕੀ ਜ਼ੋਰ ਐ?" ਤੇ ਫੇਰ ਜਿਵੇਂ ਨੰਦ ਸਿੰਘ ਦੀ ਆਵਾਜ਼ ਭਿੱਜ ਗਈ ਹੋਵੇ- "ਤੇਰਾ ਮੁੰਡਾ ਐ ਭਾਈ, ਅਸੀਂ ਉਹਦੇ ਕੀ ਲੱਗਦੇ ਹਾਂ।"

ਜਰਨੈਲ ਸਿੰਘ ਨਹੀਂ ਬੋਲਿਆ। ਆਪਣੀ ਸੱਜੀ ਲੱਤ ਦੇ ਗੋਡੇ ਨੂੰ ਪਲੋਸਦਾ ਤੇ ਫੇਰ ਇੱਕ ਹਲਕਾ ਜਿਹਾ ਧੱਫ਼ਾ ਮਾਰਦਾ ਉਹ ਕੁਝ ਕਹਿਣ ਲਈ ਤਿਆਰ ਹੋਣ ਲੱਗਦਾ ਪਰ ਮੂੰਹੋਂ ਬੋਲ ਨਾ ਸਕਦਾ। ਨੰਦ ਸਿੰਘ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਜਰਨੈਲ ਕੀ ਕਹਿਣਾ ਚਾਹੁੰਦਾ ਹੈ। ਉੱਠਣ ਲੱਗਿਆ, ਉਹ ਬੋਲਿਆ-"ਉਹ ਆਪਣੇ ਘਰ ਹੀ ਠੀਕ ਐ। ਪੜ੍ਹਦੈ, ਓਥੋਂ ਸਕੂਲ ਚਲਿਆ ਜਾਇਆ ਕਰੇਗਾ।"

ਸੁਰਜੀਤ ਕੌਰ ਤੇ ਹਰਅਵਤਾਰ ਅੰਦਰਲੇ ਕਮਰੇ ਵਿੱਚ ਪੈਂਦੇ ਹੁੰਦੇ। ਨੰਦ ਸਿੰਘ ਦਾ ਪੱਕਾ ਠਿਕਾਣਾ ਖੱਬੇ ਹੱਥ ਵਾਲੀ ਬੈਠਕ ਵਿੱਚ ਸੀ। ਉਸ ਰਾਤ ਹਰਅਵਤਾਰ ਨੇ ਨਿੱਤ ਵਾਂਗ ਰੋਟੀ ਖਾਧੀ ਤੇ ਆਪਣੇ ਕਮਰੇ ਵਿੱਚ ਜਾ ਕੇ ਪੜ੍ਹਨ ਲੱਗਿਆ। ਪੜ੍ਹਦਾ-ਪੜ੍ਹਦਾ ਸੌਂ ਗਿਆ। ਸੁਰਜੀਤ ਕੌਰ ਉਹਨੂੰ ਸੁੱਤੇ ਪਏ ਨੂੰ ਦੁੱਧ ਪਿਆ ਗਈ। ਅੱਜ ਉਸ ਨੂੰ ਇਸ ਤਰ੍ਹਾਂ ਦੁੱਧ ਪਿਆ ਰਹੀ ਉਹ ਸੋਚ ਰਹੀ ਸੀ ਜਿਵੇਂ ਉਹ ਉਹਨਾਂ ਦਾ ਆਪਣਾ ਨਾ ਰਹਿ ਗਿਆ ਹੋਵੇ। ਉਹਨੂੰ ਉਹਦੇ ਉੱਤੇ ਤਰਸ ਵੀ ਆ ਰਿਹਾ ਸੀ। ਉਹਨੂੰ ਤਾਂ ਹੁਣ ਉਹਨਾਂ ਤੋਂ ਖੋਹ ਲਿਆ ਜਾਵੇਗਾ। ਬੈਠਕ ਵਿੱਚ ਅੱਧੀ ਰਾਤ ਤੱਕ ਪਤੀ-ਪਤਨੀ ਝੇੜਾ ਕਰਦੇ ਰਹੇ। ਕਦੇ ਉਹ ਕੋਈ ਲੱਖਣ ਲਾਉਂਦੇ ਤੇ ਕਦੇ ਕੋਈ। ਉਹਨਾਂ ਦੀ ਸਮਝ ਵਿੱਚ ਗੱਲ ਆਉਂਦੀ ਤੇ ਆਉਂਦੀ ਵੀ ਨਾ। ਉਹ ਇਸ ਗੱਲ ਉੱਤੇ ਵੀ ਹੈਰਾਨ ਹੁੰਦੇ ਕਿ ਜਰਨੈਲ ਨੇ ਮੁੰਡੇ ਨੂੰ ਲੈ ਜਾਣ ਦਾ ਕਾਰਨ ਕੋਈ ਕਿਉਂ ਨਹੀਂ ਦੱਸਿਆ। ਕੀ ਪਤਾ, ਉਹਨੇ ਕੀ ਸੋਚ ਕੇ ਇਹ ਫ਼ੈਸਲਾ ਕੀਤਾ ਹੋਵੇਗਾ। ਆਪਣੇ ਪੁੱਤਰ ਨੂੰ ਆਪਣੇ ਘਰ ਲੈ ਜਾਣ ਦਾ ਫ਼ੈਸਲਾ।

"ਕਿਤੇ ਇਹ ਗੱਲ ਨਾ ਹੋਵੇ ਬਈ ਆਪਾਂ ਕਚਹਿਰੀ ਜਾ ਕੇ ਤਾਰੀ ਨੂੰ ਆਪਣਾ ਮੁਤਬੰਨਾ ਕਿਉਂ ਨਹੀਂ ਬਣਾਇਆ?" ਸੁਰਜੀਤ ਕੌਰ ਲੇਪਣ ਲਾ ਰਹੀ ਸੀ। "ਇਹ ਗੱਲ ਆ ਤਾਂ ਉਹ ਕਹਿ ਕੇ ਸੁਣਾ ਦਿੰਦਾ। ਆਪਾਂ ਕਚਹਿਰੀ ਜਾ ਕੇ ਇਹ ਵੀ ਕਰਾ ਦਿੰਦੇ।" ਨੰਦ ਸਿੰਘ ਦੇ ਇਰਾਦੇ ਵਿੱਚ ਕੋਈ ਵਿੰਗ-ਵਲ਼ ਨਹੀਂ ਸੀ।

"ਕਿਤੇ ਦਰਬਾਰੇ ਦੀ ਤੀਵੀਂ ਨੇ ਨਾ ਕੁੱਛ ਆਖ ਦਿੱਤਾ ਹੋਵੇ, ਰੱਜੀ ਨੂੰ?"

"ਕੀ ਆਖ ਦਿੱਤਾ ਹੋਊ?" ਨੰਦ ਸਿੰਘ ਨੇ ਪੁੱਛਿਆ।

"ਬਈ ਤੂੰ ਆਪਣਾ ਮੁੰਡਾ ਰੱਖਿਐ ਇਹਨਾਂ ਦੇ ਘਰ। ਹੁਣ ਤਾਂ ਇਹ ਮੁੰਡਾ ਹੀ ਸੰਭਾਲੇਗਾ ਇਹਨਾਂ ਦਾ ਸਾਰਾ ਘਰ-ਬਾਰ। ਹੱਕ ਤਾਂ ਸਾਡਾ ਵੀ ਹੈ।"

"ਇਹ ਵੀ ਹੋ ਸਕਦੈ। ਪਰ ਹੱਕ ਦਾ ਕੀ ਮਤਲਬ? ਇਹ ਤਾਂ ਸਾਡੀ ਮਰਜ਼ੀ ਐ। ਆਪਾਂ ਕਿਸੇ ਯਤੀਮਖ਼ਾਨਿਓਂ ਵੀ ਲਿਆ ਸਕਦੇ ਹਾਂ ਕਿ ਕੋਈ ਬੱਚਾ।"

"ਤਾਰੀ ਨਾਲੋਂ ਤਾਂ ਯਤੀਮਖ਼ਾਨੇ ਦਾ ਹੀ ਠੀਕ ਸੀ।" ਸੁਰਜੀਤ ਕੌਰ ਅੱਕੀ-ਥੱਕੀ ਆਖ ਰਹੀ ਸੀ।

"ਨਹੀਂ, ਇਹ ਆਪਣਾ ਖ਼ੂਨ ਹੈ।" ਨੰਦ ਸਿੰਘ ਵਿੱਚ ਖ਼ਾਨਦਾਨ ਜਾਗ ਪਿਆ।

"ਆਪਣਾ ਖ਼ੂਨ ਕੋਈ ਸਮਝੇ ਵੀ।"

"ਲੈ ਜਾਣ। ਬੇਸ਼ੱਕ ਦਸ ਵਾਰੀ ਲੈ ਜਾਣ। ਆਪਾਂ ਏਸ ਬੱਚੇ ਨੂੰ ਐਨਾ ਪਿਆਰ ਦਿੱਤੈ, ਇਹ ਹੁਣ ਹੋਰ ਕਿਤੇ ਘਰ ਰਹਿ ਹੀ ਨਹੀਂ ਸਕਦਾ। ਇਹ ਤੇਰੇ ਸਾਹਮਣੇ ਹੈ, ਸੁਰਜੀਤ।"

"ਦੇਖਦੇ ਹਾਂ।"

"ਕੀ ਦੇਖਦੇ ਹਾਂ।"

"ਜੋ ਹੁੰਦੈ।"

"ਹੋਣਾ ਕੀ ਹੈ। ਜਰਨੈਲ ਜ਼ਬਰਦਸਤੀ ਸਾਡੇ ਘਰੋਂ ਮੁੰਡੇ ਨੂੰ ਲੈ ਜਾਂਦੈ ਤਾਂ ਲੈ ਜਾਵੇ। ਅਸੀਂ ਆਪ ਨਹੀਂ ਇਹਨੂੰ ਕੱਢਣ ਲੱਗੇ।" ਨੰਦ ਸਿੰਘ ਨੇ ਦੁਚਿੱਤੀ ਫ਼ੜ ਲਈ। ਤੇ ਫੇਰ ਤੀਵੀਂ-ਪੁਰਸ਼ ਹਰਅਵਤਾਰ ਸੰਬੰਧੀ ਹੋਰ ਗੱਲਾਂ ਕਰਦੇ ਸੌਣ ਦੀ ਤਿਆਰੀ ਕਰਨ ਲੱਗੇ। ਸੁਰਜੀਤ ਕੌਰ ਆਪਣੇ ਕਮਰੇ ਵਿੱਚ ਚਲੀ ਗਈ। ਉਹਨੇ ਦੇਖਿਆ ਕਮਰੇ ਦੀ ਟਿਊਬ ਜਲ ਰਹੀ ਹੈ। ਹਰਅਵਤਾਰ ਹਿੱਕ ਉੱਤੇ ਕਿਤਾਬ ਮੂਧੀ ਛੱਡ ਕੇ ਘੂਕ ਸੁੱਤਾ ਪਿਆ ਹੈ। ਲੱਕ ਤੱਕ ਰਜਾਈ ਹੈ। ਉਹਨੇ ਕਿਤਾਬ ਚੁੱਕ ਕੇ ਮੇਜ਼ ਉੱਤੇ ਧਰ ਦਿੱਤੀ ਤੇ ਟਿਉਬ ਬੰਦ ਕਰਕੇ ਆਪਣੇ ਬਿਸਤਰੇ ਵਿੱਚ ਜਾ ਵੜੀ। ਪੈ ਕੇ ਉਹਦੀਆਂ ਅੱਖਾਂ ਖੁੱਲ੍ਹੀਆਂ ਸਨ। ਜਿਵੇਂ ਅੱਖਾਂ ਅੱਗੇ ਕੋਈ ਦ੍ਰਿਸ਼ ਜਿਹੇ ਉੱਭਰ ਰਹੇ ਹੋਣ। ਡਰਾਉਣੇ ਤੇ ਲਭਾਉਣੇ ਦ੍ਰਿਸ਼।

ਅਗਲੇ ਦਿਨ ਸੁਰਜੀਤ ਕੌਰ ਦਰਬਾਰਾ ਸਿੰਘ ਦੇ ਘਰ ਗਈ। ਪੁੱਛਿਆ- "ਤੁਸੀਂ ਆਖਿਐ ਕੁੱਛ ਜਰਨੈਲ ਨੂੰ?"

"ਕੀ ਆਖਣਾ ਸੀ ਅਸੀਂ?" ਦਰਬਾਰਾ ਸਿੰਘ ਦੀ ਘਰਵਾਲੀ ਮੱਥਾ ਛੋਟਾ ਕਰਕੇ ਹੈਰਾਨ ਹੋਈ।

"ਉਹ ਕਹਿੰਦੇ ਨੇ, ਤਾਰੀ ਨੂੰ ਅਸੀਂ ਤੁਹਾਡੇ ਘਰ ਨਹੀਂ ਰਹਿਣ ਦੇਣਾ।" ਸੁਰਜੀਤ ਕੌਰ ਨੇ ਜਿਵੇਂ ਰੋ ਕੇ ਕਿਹਾ ਹੋਵੇ।

"ਸਾਡਾ ਇਹਦੇ ਨਾਲ ਕੀ ਮਤਲਬ, ਭੈਣ? ਉਹਨਾਂ ਦਾ ਪੁੱਤਰ, ਤੁਸੀਂ ਪਾਲਣ ਵਾਲੇ।" ਦਰਬਾਰਾ ਸਿੰਘ ਦੀ ਘਰਵਾਲੀ ਅੱਗੇ ਸਾਰਾ ਚਾਨਣ ਸੀ। ਦਰਬਾਰਾ ਸਿੰਘ ਵੀ ਘਰ ਸੀ। ਸੁਰਜੀਤ ਕੌਰ ਦੀ ਗੱਲ ਸੁਣ ਕੇ ਉਹ ਸਗੋਂ ਖੁਦ ਸੋਚਣ ਲੱਗ ਪਿਆ- ਇਹ ਕੀ ਹੋ ਗਿਆ ਬਈ ਜਰਨੈਲ ਦੇ ਦਿਮਾਗ਼ ਨੂੰ? ਸੋਹਣਾ ਖਾਂਦਾ-ਪੀਦੈ, ਪੜ੍ਹੀ ਜਾਂਦੈ, ਪਲੀ ਜਾਂਦੈ। ਫੇਰ ਉਹਨੇ ਦਿਮਾਗ਼ ਲੜਾਇਆ- ਵਿਚੋਂ ਕੋਈ ਹੋਰ ਗੱਲ ਹੋਣੀ ਐ? ਜਰਨੈਲ ਦੇ ਪੱਠੇ ਦਿਮਾਗ਼ ਦਾ ਕੀ ਪਤੈ? ਰੱਜੀ ਉਹਦਾ ਵੀ ਉਤਲਾ ਪੱਟ ਐ। ਤੀਵੀਂ-ਆਦਮੀ ਜ਼ਰੂਰ ਕਿਸੇ ਦਿਮਾਗ਼ੀ-ਘੁੰਡੀ ਦਾ ਸ਼ਿਕਾਰ ਨੇ। ਉਹ ਬੋਲਿਆ-"ਭਾਬੀ, ਤੁਹਾਡੀਆਂ ਤੁਸੀਂ ਜਾਣੋ ਜਾਂ ਉਹ ਜਾਣਨ, ਤੁਹਾਡੇ ਖਰੇ-ਪਿਆਰੇ ਦਿਉਰ-ਦਰਾਣੀ। ਸਾਡਾ ਏਸ ਮਾਮਲੇ ਨਾਲ ਕੋਈ ਸਰੋਕਾਰ ਨਹੀਂ।" ਫੇਰ ਹੱਸਿਆ- ਲੈ ਲਿਆ ਪਤਾ ਹੁਣ? ਦੁਕਾਨ ਵੰਡਣ ਵੇਲੇ ਭਾਈ ਸਾਹਬ ਨੇ ਜਰਨੈਲ ਦਾ ਪੱਖ ਕੀਤਾ ਸੀ। ਮੈਨੂੰ ਤਾਂ ਔਹ ਮਾਰਿਆ, ਨੱਕ ਵਾਂਗ ਪੂੰਝ ਕੇ।" ਫੇਰ ਉਹਨੇ ਹੱਡ ਉੱਤੇ ਲੂਣ ਭੁੱਕਿਆ-"ਭਾਬੀ, ਸੁਆਦ ਆ ਗਿਆ।"

"ਹਾਹੋ, ਦੇਖੋ ਤਮਾਸ਼ਾ। ਸਾਡੇ ਕੁੱਛ ਹੈ ਨਹੀਂ, ਤਦੇ ਕਰਦੇ ਓ ਮਸ਼ਕਰੀਆਂ ਤੁਸੀਂ ਸਾਡੇ ਨਾਲ।" ਸੁਰਜੀਤ ਕੌਰ ਨੇ ਅੱਖਾਂ ਭਰ ਲਈਆਂ।

ਦਰਬਾਰਾ ਸਿੰਘ ਦੀ ਘਰਵਾਲੀ ਅਨੂਪ ਕੌਰ ਨੇ ਉਹਨੂੰ ਬੈਠਣ ਲਈ ਆਖਿਆ। ਪਰ ਉਹ ਬੈਠੀ ਨਹੀਂ।ਉਹਨੀ ਪੈਰੀਂ ਘਰ ਨੂੰ ਮੁੜਨ ਲੱਗੀ। ਦਰਬਾਰਾ ਸਿੰਘ ਉਹਦੇ ਅੱਗੇ ਜਾ ਖੜ੍ਹਾ ਤੇ ਕਹਿਣ ਲੱਗਿਆ-"ਭਾਬੀ, ਮੇਰੀ ਤਾਂ ਬੋਲ-ਚਾਲ ਹੀ ਨਹੀਂ ਜਰਨੈਲ ਨਾਲ। ਸਾਡਾ ਹੋਰ ਕੋਈ ਵੀ ਉਹਨਾਂ ਦੇ ਆਉਂਦਾ-ਜਾਂਦਾ ਨਹੀਂ। ਉਹਨਾਂ ਦੇ ਘਰ ਨਾਲੋਂ ਸਾਡੇ ਘਰ ਦੀ ਵਿੱਥ ਵੀ ਦੇਖ। ਨਾ ਉਹਨਾਂ ਦਾ ਕੋਈ ਏਧਰ ਆਵੇ ਨਾ ਸਾਡਾ ਕੋਈ ਓਧਰ ਜਾਵੇ। ਅਨੂਪ ਦਾ ਉੱਕਾ ਹੀ ਸੁਭਾਅ ਨਹੀਂ, ਬਈ ਰੱਜੀ ਕੋਲ ਜਾਂਦੀ ਫਿਰੇ। ਘਰ ਦੇ ਕੰਮਾਂ 'ਚ ਕਿੱਥੋਂ ਜਾਇਆ ਜਾਂਦੈ। ਤੁਸੀਂ ਭਰਜਾਈ, ਆਪਣਾ ਝਗੜਾ ਆਪੇ ਨਿਬੇੜੋ। ਅਸੀਂ ਤੁਹਾਡੇ ਕੋਲੋਂ ਕੁੱਛ ਨਹੀਂ ਲੈਣਾ ਤੇ ਨਾ ਜਰਨੈਲ ਤੋਂ ਲੈਣੇ ਕੁੱਛ।"

ਸੁਰਜੀਤ ਕੌਰ ਹੌਲੀ ਹੋ ਕੇ ਘਰ ਆ ਗਈ। ਹਰਅਵਤਾਰ ਸਕੂਲ ਜਾਣ ਦੇ ਆਹਰ ਵਿੱਚ ਸੀ। ਉਹਨੇ ਆਪਣਾ ਬੈਗ ਤਿਆਰ ਕੀਤਾ ਤੇ ਟਿਫਨ ਦੀ ਕਾਹਲ ਮਚਾ ਦਿੱਤੀ। ਸੁਰਜੀਤ ਕੌਰ ਦੇ ਅੰਦਰਲੇ ਯੁੱਧ ਦਾ ਉਹਨੂੰ ਕੋਈ ਪਤਾ ਨਹੀਂ ਸੀ। ਉਹ ਤਾਂ ਪਹਿਲਾਂ ਵਾਂਗ ਹੀ ਟੱਪ-ਨੱਚ ਰਿਹਾ ਸੀ। ਆਟਾ ਗੁੰਨ੍ਹਿਆ ਪਿਆ ਸੀ। ਗੈਸ ਜਲਾ ਕੇ ਉਹ ਜਲਦੀ-ਜਲਦੀ ਪਰੌਂਠੇ ਲਾਹੁਣ ਲੱਗੀ। ਹਰਅਵਤਾਰ ਦਾ ਤਿੱਖਾ ਬੋਲ-"ਟਿਫਨ ਨਹੀਂ ਦੇਣਾ ਤਾਂ ਮੈਂ ਚੱਲਿਆ ਸਕੂਲੇ।"

"ਜਾਂਦਾ ਹੈਂ ਤਾਂ ਜਾਹ ਫੇਰ। ਮੈਂ ਕੋਈ ਮਸ਼ੀਨ ਆਂ? ਟਿਫਨ ਤਿਆਰ ਹੁੰਦਾ ਹੀ ਤਿਆਰ ਹੋਵੇਗਾ।" ਉਹਦੇ ਮੂੰਹ ਰੁੱਖਾ ਜਵਾਬ ਨਿੱਕਲ ਗਿਆ।

ਚਾਬੀ ਮੁੱਕੇ ਖਿੜੌਣੇ ਵਾਂਗ ਹਰਅਵਤਾਰ ਥਾਂ ਦੀ ਥਾਂ ਖੜ੍ਹਾ ਰਹਿ ਗਿਆ। -"ਇਹ ਕੀ? ਤਾਈ ਇਸ ਤਰ੍ਹਾਂ ਤਾਂ ਕਦੇ ਨਹੀਂ ਬੋਲਦੀ ਸੀ। ਪੁੱਚ-ਪੁੱਚ ਕਰਨ ਵਾਲੀ ਤਾਈ।"

ਤਾਈ ਦੀ ਇਸ ਅਚਾਨਕ ਤਬਦੀਲੀ ਤੋਂ ਸਹਿਮ ਕੇ ਮੁੰਡਾ ਡਰ ਗਿਆ। ਚੁੱਪ-ਚਾਪ ਕੁਰਸੀ ਉੱਤੇ ਬੈਠਾ ਉਹ ਬੈਗ ਨੂੰ ਦੁਬਾਰਾ ਖੋਲ੍ਹ ਕੇ ਕਿਤਾਬਾਂ-ਕਾਪੀਆਂ ਦੇਖਣ ਲੱਗ ਪਿਆ।

ਜਰਨੈਲ ਸਿੰਘ ਸਕੂਲ ਜਾਂਦੇ ਹਰਅਵਤਾਰ ਨੂੰ ਦੋ ਵਾਰੀ ਕਹਿ ਚੁੱਕਿਆ ਸੀ ਕਿ ਉਹ ਤਾਏ-ਘਰ ਰਹਿਣਾ ਛੱਡ ਦੇਵੇ। ਆਪਣੇ ਘਰ ਆ ਜਾਏ। ਆਖਿਆ ਸੀ-"ਉਹ ਤੇਰੇ ਕੀ ਲੱਗਦੇ ਨੇ, ਅਸਲ ਮਾਂ-ਬਾਪ ਤੇਰੇ ਅਸੀਂ ਹਾਂ। ਆਪਣੇ ਘਰ ਹੀ ਠੀਕ ਹੁੰਦਾ ਹੈ।"

ਪਰ ਮੁੰਡਾ ਹੱਸ ਛੱਡਦਾ। ਉਹਨੂੰ ਜਰਨੈਲ ਸਿੰਘ ਦੀ ਗੱਲ ਸਮਝ ਵਿੱਚ ਨਹੀਂ ਆਉਂਦੀ ਸੀ। ਉਹ ਉਹਦੇ ਅਸਲੀ ਮਾਂ-ਬਾਪ ਤਾਂ ਉਹਨੂੰ ਲੱਗਦੇ ਹੀ ਨਹੀਂ ਸਨ। ਜਿਵੇਂ ਜਰਨੈਲ ਸਿੰਘ ਝੂਠ ਬੋਲ ਰਿਹਾ ਹੋਵੇ। ਮੁੰਡਾ ਸੋਚਦਾ-ਉਹ ਇਸ ਤਰ੍ਹਾਂ ਜ਼ਬਰਦਸਤੀ ਉਹਦਾ ਬਾਪ ਕਿਵੇਂ ਬਣ ਸਕਦਾ ਹੈ? ਕਦੇ-ਕਦੇ ਉਹ ਉਹਨਾਂ ਦੇ ਘਰ ਜਾਂਦਾ ਤਾਂ ਦੋਵੇਂ ਵੱਡੇ ਭਾਈਆਂ ਤੇ ਛੋਟੀ ਭੈਣ ਨਾਲ ਉਹਨੂੰ ਭੈਣ-ਭਰਾਵਾਂ ਜਿਹਾ ਕੋਈ ਅਹਿਸਾਸ ਜਾਗਦਾ ਹੀ ਨਹੀਂ ਸੀ। ਉਹਨੂੰ ਲੱਗਦਾ, ਜਿਵੇਂ ਉਹਨਾਂ ਨਾਲ ਉਹਦੀ ਕੋਈ ਦੂਰ ਦੀ ਰਿਸ਼ਤੇਦਾਰੀ ਹੋਵੇ।

ਇੱਕ ਦਿਨ ਫੇਰ ਰਾਜਵੰਤ ਕੌਰ ਮੁੰਡੇ ਦੇ ਸਕੂਲ ਗਈ। ਜਮਾਤ ਦੇ ਇੰਚਾਰਜ-ਮਾਸਟਰ ਸਾਹਮਣੇ ਉਹਨੂੰ ਬੁਲਾ ਕੇ ਤਾੜਿਆ-"ਖ਼ਬਰਦਾਰ, ਜੇ ਅੱਜ ਉਹਨਾਂ ਦੇ ਘਰ ਗਿਆ ਤੂੰ। ਧੋਬੀ ਦਾ ਕੁੱਤਾ-ਘਰ ਦਾ ਨਾ ਘਾਟ ਦਾ। ਕਿਸੇ ਪਾਸੇ ਦਾ ਵੀ ਨਹੀਂ ਰਹਿਣਾ ਨਿਕੰਮਿਆ।"

ਉਹ ਪੈਰ ਦੇ ਅੰਗੂਠੇ ਨਾਲ ਬੱਸ ਧਰਤੀ ਉੱਤੇ ਅਰਧ-ਗੋਲ ਲਕੀਰਾਂ ਕੱਢਦਾ ਰਿਹਾ ਸੀ। ਬੋਲਿਆ ਇੱਕ ਸ਼ਬਦ ਵੀ ਨਹੀਂ। ਕਦੇ-ਕਦੇ ਮੁਸਕਰਾਉਂਦਾ ਤੇ ਮਾਂ ਵੱਲ ਓਪਰੀ-ਓਪਰੀ ਨਿਗਾਹ ਨਾਲ ਝਾਕਣ ਲੱਗਦਾ। ਉਹਨੂੰ ਲੱਗਦਾ, ਉਹ ਕਿਤੋਂ ਬਹੁਤ ਦੂਰੋਂ ਬੇਪਛਾਣ ਤੇ ਬੇਅਰਥ ਸ਼ਬਦ ਬੋਲ ਰਹੀ ਹੈ। ਤੇ ਫੇਰ ਉਹਦੀ ਮਾਂ ਦੇ ਜਾਣ ਪਿੱਛੋਂ ਉਹਦੇ ਮਾਸਟਰ ਨੇ ਉਸ ਤੋਂ ਸਾਰੀ ਗੱਲ ਪੁੱਛੀ। ਮਾਸਟਰ ਨੂੰ ਮੁੰਡੇ ਨਾਲ ਹਮਦਰਦੀ ਹੋ ਗਈ। ਉਹਦੇ ਤਾਏ-ਤਾਈ ਨਾਲ ਉਸ ਨਾਲੋਂ ਵੀ ਵੱਧ ਲਗਾਓ। ਤੇ ਫੇਰ ਮਾਸਟਰ ਨੇ ਉਹਨੂੰ ਪੱਕਾ ਕੀਤਾ ਕਿ ਉਹ ਆਪਣੇ ਤਾਏ ਦੇ ਘਰ ਹੀ ਡਟਿਆ ਰਹੇ।

ਇੱਕ ਸ਼ਾਮ ਕਹਿਰ ਹੋ ਗਿਆ। ਬਹੁਤਾ ਹਨੇਰਾ ਨਹੀਂ ਉੱਤਰਿਆ ਸੀ, ਮੂੰਹ ਨੂੰ ਮੂੰਹ ਦਿਸਦਾ ਸੀ। ਜਰਨੈਲ ਸਿੰਘ ਉਹਨਾਂ ਦੇ ਘਰ ਆਇਆ। ਨੰਦ ਸਿੰਘ ਨਹੀਂ ਸੀ। ਸੁਰਜੀਤ ਕੌਰ ਰਸੋਈ ਵਿੱਚ ਰੋਟੀ ਪਕਾ ਰਹੀ ਸੀ। ਹਰਅਵਤਾਰ ਟੈਲੀਵਿਜ਼ਨ ਅੱਗੇ ਬੈਠਾ ਕੋਈ ਪ੍ਰੋਗਰਾਮ ਦੇਖ ਰਿਹਾ ਸੀ। ਜਰਨੈਲ ਸੁਰਜੀਤ ਕੌਰ ਵੱਲ ਸਿਰਫ਼ ਝਾਕਿਆ ਹੀ, ਉਹ ਸਿੱਧਾ ਮੁੰਡੇ ਕੋਲ ਗਿਆ ਤੇ ਉਹਨੂੰ ਬਾਹੋਂ ਫ਼ੜ ਕੇ ਖੜ੍ਹਾ ਕਰ ਲਿਆ। ਆਖਿਆ-‘ਚੱਲ ਤੁਰ।"

ਮੁੰਡਾ ਉਹਤੋਂ ਬਾਂਹ ਛੁਡਾ ਰਿਹਾ ਸੀ। ਉਹਨੇ ਮੁੰਡੇ ਦੇ ਮੂੰਹ ਉੱਤੇ ਥੱਪੜ ਜੜ੍ਹ ਦਿੱਤਾ ਤੇ ਉਹਦੇ ਸਿਰ ਦੇ ਵਾਲ਼ਾ ਵਿੱਚ ਹੱਥ ਦੀ ਕੰਘੀ ਪਾ ਕੇ ਉਹਨੂੰ ਇਸ ਤਰ੍ਹਾਂ ਖਿੱਚ ਕੇ ਬਾਹਰ ਲੈ ਗਿਆ-ਜਿਵੇਂ ਪੁਲਿਸ ਵਾਲੇ ਕਿਸੇ ਮੁਜ਼ਰਿਮ ਨੂੰ ਅਚਾਨਕ ਆ ਕੇ ਦਬੋਚ ਲੈਂਦੇ ਹੋਣ।

ਤਵੇ ਉੱਤੇ ਪਈ ਰੋਟੀ ਉਵੇਂ ਛੱਡ ਕੇ ਸੁਰਜੀਤ ਕੌਰ ਮਗਰ ਭੱਜੀ। ਉਹਨੇ ਬਹੁਤ ਕਿਹਾ-"ਦੇਖ ਜਰਨੈਲ, ਮੁੰਡਾ ਤੇਰਾ ਐ, ਬੇਸ਼ੱਕ ਲੈ ਜਾ। ਜਦੋਂ ਮਰਜ਼ੀ ਲੈ ਜਾਈਂ, ਪਰ ਇਹਦਾ ਤਾਇਆ ਘਰ ਨਹੀਂ। ਉਹਦੇ ਨਾਲ ਗੱਲ ਕਰਕੇ ਲੈ ਜਾਈਂ।"

ਜਰਨੈਲ ਨੇ ਇੱਕ ਨਹੀਂ ਸੁਣੀ। ਸਗੋਂ ਸੁਰਜੀਤ ਕੌਰ ਨੂੰ ਧੱਕਾ ਦੇ ਕੇ ਪਰ੍ਹਾ ਕਰ ਦਿੱਤਾ। ਮੁੰਡੇ ਨੂੰ ਉਹ ਬੱਕਰੀ ਵਾਂਗ ਧੂਹ ਕੇ ਆਪਣੇ ਘਰ ਨੂੰ ਲੈ ਗਿਆ। ਅਗਲੇ ਦਿਨ ਮੁੰਡਾ ਨਾ ਤਾਏ ਦੇ ਘਰ ਆਇਆ ਤੇ ਨਾ ਸਕੂਲ ਗਿਆ। ਜਰਨੈਲ ਸਿੰਘ ਨੇ ਉਹਨੂੰ ਆਪਣੇ ਘਰ ਲਿਜਾ ਕੇ ਕੁੱਟਿਆ ਵੀ ਸੀ। ਧਮਕੀ ਦਿੱਤੀ ਕਿ ਜੇ ਉਹ ਮੁੜ ਕੇ ਤਾਏ ਦੇ ਗਿਆ ਤਾਂ ਉਹਦੀ ਟੰਗ ਤੋੜ ਦੇਵੇਗਾ।

ਨੰਦ ਸਿੰਘ ਨੇ ਇੱਕ ਦਿਨ ਦੇਖਿਆ, ਦੋ ਦਿਨ ਦੇਖਿਆ, ਤੀਜੇ ਦਿਨ ਉਹ ਮੁੰਡੇ ਦਾ ਸਾਰਾ ਲੀੜਾ-ਕੱਪੜਾ ਤੇ ਕਿਤਾਬਾਂ-ਕਾਪੀਆਂ ਦਾ ਬੈਗ ਚੁੱਕ ਕੇ ਜਰਨੈਲ ਦੇ ਘਰ ਦੇ ਆਇਆ। ਰਾਜਵੰਤ ਕੌਰ ਨੂੰ ਕਿਹਾ ਕਿ ਉਹਨਾਂ ਦੀ ਮਰਜ਼ੀ ਬਗੈਰ ਉਹ ਮੁੰਡੇ ਨੂੰ ਆਪਣੇ ਘਰ ਰੱਖਣ ਲਈ ਬਿਲਕੁਲ ਤਿਆਰ ਨਹੀਂ। ਨੰਦ ਸਿੰਘ ਦੀਆਂ ਅੱਖਾਂ ਗਿੱਲੀਆਂ ਸਨ। ਭਰੜਾਈ ਆਵਾਜ਼ ਵਿੱਚ ਉਹ ਬੋਲ ਰਿਹਾ ਸੀ-"ਤੁਹਾਡਾ ਪੁੱਤਰ ਹੈ, ਅਸੀਂ ਇਹਦੇ ਕੀ ਲੱਗਦੇ ਹਾਂ।"

ਉਸ ਵਕਤ ਜਰਨੈਲ ਸਿੰਘ ਘਰ ਨਹੀਂ ਸੀ।

ਨੰਦ ਸਿੰਘ ਨੇ ਮੁੰਡੇ ਦੇ ਮੋਢੇ ਨੂੰ ਹੱਥ ਲਾਇਆ। ਕਹਿੰਦਾ-"ਅਸੀਂ ਤਾਂ ਭਾਈ ਤੇਰੀ ਸੁੱਖ ਮੰਗਦੇ ਹਾਂ। ਏਥੇ ਵੀ ਤੂੰ ਸਾਡਾ ਹੀ ਹੈ। ਜੀਅ ਲਾ ਕੇ ਪੜ੍ਹ। ਸਕੂਲ ਨਾ ਛੱਡੀ। ਤੇਰਾ ਬਾਪ ਨਹੀਂ ਚਾਹੁੰਦਾ ਤਾਂ ਨਾ ਆਈਂ ਓਧਰ।"

ਬੱਸ ਉਸ ਦਿਨ ਤੋਂ ਨੰਦ ਸਿੰਘ ਦਾ ਦਿਲ ਟੁੱਟ ਗਿਆ। ਰਹਿੰਦੀਆਂ-ਖੂੰਹਦੀਆਂ ਆਸਾਂ ਵੀ ਮਰ ਗਈਆਂ। ਕੀ ਪਤਾ, ਉਹਨਾਂ ਨੇ ਕੀ-ਕੀ ਸੋਚ ਰੱਖਿਆ ਸੀ। ਉਹ ਸੁਰਜੀਤ ਕੌਰ ਨੂੰ ਕਹਿਣ ਲੱਗਿਆ-"ਕਾਹਦੀ ਖਾਤਰ ਐਵੇਂ ਦੇਹ ਤੋੜਦੇ ਹਾਂ? ਜਿਹੜਾ ਚਾਰ ਛਿੱਲੜ ਕਮਾਏ ਨੇ, ਆਪਣੀ ਉਮਰ ਮੁਕਦੇ ਨਹੀਂ।"

ਚੁਬਾਰਾ ਤੇ ਥੱਲੇ ਵਾਲਾ ਅੰਦਰਲਾ ਇੱਕ ਕਮਰਾ ਕਿਰਾਏ ਉੱਤੇ ਸਨ।

ਚੁਬਾਰੇ ਵਿੱਚ ਇੱਕ ਮਾਸਟਰਣੀ ਰਹਿੰਦੀ ਸੀ। ਥੱਲੇ ਕਮਰੇ ਵਿੱਚ ਨਵਾਂ ਜੋੜਾ ਆ ਗਿਆ। ਬੰਦਾ ਸਾਰਾ ਦਿਨ ਬਾਹਰ ਕੰਮ ਉੱਤੇ ਗਿਆ ਰਹਿੰਦਾ, ਔਰਤ ਕੋਲ ਇੱਕ ਬੱਚਾ ਸੀ। ਸੁਰਜੀਤ ਕੌਰ ਨੇ ਉਸ ਔਰਤ ਨਾਲ ਹੀ ਆਪਣੇ ਸੰਬੰਧ ਵਧਾ ਲਏ। ਸਾਰਾ ਸਾਰਾ ਦਿਨ ਉਹ ਗੱਲਾਂ ਮਾਰਦੀਆਂ ਰਹਿੰਦੀਆਂ। ਸੁਰਜੀਤ ਕੌਰ ਉਸ ਔਰਤ ਦੇ ਨਿੱਕੇ-ਮੋਟੇ ਕੰਮ ਵੀ ਕਰ ਦਿੰਦੀ। ਆਖਦੀ-ਕੋਈ ਨਹੀਂ ਨਿਆਣੇ ਵਾਲੀ ਹੈ।

ਸੱਜੇ ਹੱਥ ਦੀ ਬੈਠਕ ਵਿੱਚ ਦੁਕਾਨ ਤੇ ਨੰਦ ਸਿੰਘ ਸਾਰਾ ਦਿਨ ਬੈਠਾ ਸਕੂਲੀ ਮੁੰਡੇ-ਕੁੜੀਆਂ ਨਾਲ ਪਰਚਿਆ ਰਹਿੰਦਾ ਜਾਂ ਫੇਰ ਅਖ਼ਬਾਰ ਪੜ੍ਹਦਾ। ਹੁਣ ਉਹਨੇ ਨਾਵਲ ਪੜ੍ਹਨ ਦਾ ਝੱਸ ਵੀ ਪਾਲ਼ ਰੱਖਿਆ ਸੀ।

ਹਰਅਵਤਾਰ ਦਿਨ ਵਿੱਚ ਕਿਸੇ ਵੇਲੇ ਘਰ ਆਉਂਦਾ, ਪਹਿਲਾਂ ਸਿੱਧਾ ਰਸੋਈ ਵਿੱਚ ਜਾਂਦਾ। ਜਾਲ਼ੀ ਵਿੱਚ ਕੋਈ ਨਾ ਕੋਈ ਚੀਜ਼ ਖਾਣ ਵਾਲੀ ਪਈ ਹੁੰਦੀ। ਉਹ ਚੀਜ਼ ਕੱਢਦਾ ਤੇ ਓਥੇ ਹੀ ਭੁੱਖਿਆਂ ਵਾਂਗ ਨਿਗ਼ਲ ਕੇ ਘਰੋਂ ਬਾਹਰ ਹੋ ਜਾਂਦਾ। ਅਸਲ ਵਿੱਚ ਸੁਰਜੀਤ ਕੌਰ ਉਹਦੀ ਖਾਤਰ ਹੀ ਜਾਲ਼ੀ ਵਿੱਚ ਕੁਝ ਧਰ ਛੱਡਦੀ। ਕੇਲੇ, ਸੇਬ, ਸੰਗਤਰੇ, ਅੰਗੂਰ ਜਾਂ ਕੋਈ ਮਿਠਾਈ। ਉਸ ਸਮੇਂ ਉਹ ਘਰ ਹੁੰਦੀ ਤਾਂ ਉਹਦੇ ਨਾਲ ਏਧਰ-ਓਧਰ ਦੀ ਕੋਈ ਗੱਲ ਵੀ ਕਰਦੀ। ਉਹਦੇ ਬਾਰੇ ਪੁੱਛਦੀ ਰਹਿੰਦੀ। ਹੁਣ ਉਹ ਬਹੁਤਾ ਨਹੀਂ ਸੀ ਬੋਲਦਾ। ਬੱਸ ਚੁੱਪ-ਚਾਪ ਰਹਿੰਦਾ। ਘਰ ਅੰਦਰ ਵੜ ਕੇ ਪਿਛਾਂਹ ਬਾਰ ਵੱਲ ਝਾਕਦਾ। ਚੀਜ਼ ਖਾ ਕੇ ਛੇਤੀ-ਛੇਤੀ ਘਰੋਂ ਨਿੱਕਲ ਜਾਂਦਾ। ਨੰਦ ਸਿੰਘ ਵੀ, ਜਦੋਂ ਨਿਗਾਹ ਪੈਂਦਾ, ਉਹਨੂੰ ਬੁਲਾ ਲੈਂਦਾ ਸੀ। ਹਰਅਵਤਾਰ ਪ੍ਰਛਾਵੇਂ ਵਾਂਗ ਘਰ ਵਿੱਚ ਆਉਂਦਾ ਤੇ ਚਲਿਆ ਜਾਂਦਾ। ਕਿਸੇ ਕਿਸੇ ਦਿਨ ਤਾਂ ਉਹਨਾਂ ਨੂੰ ਪਤਾ ਵੀ ਨਾ ਲੱਗਦਾ ਕਿ ਉਹ ਕਦੋਂ ਆਇਆ ਸੀ। ਉਹਦੇ ਆਉਣ ਦਾ ਐਨਾ ਹੀ ਸਬੂਤ ਬਹੁਤ ਸੀ ਕਿ ਰਸੋਈ ਦੀ ਜਾਲ਼ੀ ਵਿੱਚ ਰੱਖੀ ਜਾਣ ਵਾਲੀ ਚੀਜ਼ ਓਥੇ ਨਹੀਂ ਹੁੰਦੀ ਸੀ।

ਉਹ ਦਸਵੀਂ ਕਰ ਗਿਆ ਸੀ, ਫੇਰ ਕਾਲਜ ਜਾਂਦਾ ਹੁੰਦਾ। ਸੋਹਣਾ ਗੱਭਰੂ ਨਿੱਕਲਦਾ ਆ ਰਿਹਾ ਸੀ। ਬਣ-ਠਣ ਕੇ ਰਹਿੰਦਾ। ਸਿਰ 'ਤੇ ਪਗੜੀ ਨਹੀਂ ਬੰਨ੍ਹਦਾ ਸੀ, ਪਟਕਾ ਰੱਖਦਾ। ਸੁਰਜੀਤ ਕੌਰ ਉਹਨੂੰ ਪੈਸੇ ਦਿੰਦੀ। ਕਦੇ ਪੰਜ, ਕਦੇ ਦਸ, ਪਰ ਪੈਸੇ ਉਹ ਆਪ ਨਹੀਂ ਮੰਗਦਾ ਸੀ।

ਉੱਤੇ ਚੁਬਾਰੇ ਵਿੱਚ ਓਹੀ ਮਾਸਟਰਣੀ ਰਹਿ ਰਹੀ ਸੀ। ਲੱਗਦਾ ਸੀ, ਜਿਵੇਂ ਉਹਦਾ ਹੋਰ ਕੋਈ ਨਾ ਹੋਵੇ। ਖਾਸੀ ਉਮਰ ਦੀ ਸੀ। ਉਹਨੇ ਕਦੇ ਇਹ ਨਹੀਂ ਦੱਸਿਆ ਸੀ ਕਿ ਉਹ ਸ਼ਾਦੀ-ਸ਼ਦਾ ਹੈ ਜਾਂ ਨਹੀਂ। ਛੱਟੜ ਹੈ ਜਾਂ ਵਿਧਵਾ। ਗੁੰਮ-ਸੁੰਮ ਰਹਿੰਦੀ। ਵਿਹਲੇ ਵੇਲੇ ਭਜਨ-ਪਾਠ ਕਰਦੀ। ਤੁਰਨ ਵੇਲੇ ਧਰਤੀ 'ਤੇ ਨਿਗਾਹ ਰੱਖਦੀ। ਓਥੋਂ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਸਿਲਾਈ-ਟੀਚਰ ਸੀ। ਹਰ ਮਹੀਨੇ ਆਪਣੇ ਆਪ ਹੀ ਸੁਰਜੀਤ ਕੌਰ ਨੂੰ ਕਿਰਾਇਆ ਫ਼ੜਾ ਦਿੰਦੀ। ਸੁਰਜੀਤ ਕੌਰ ਨੂੰ ਹਿੰਮਤ ਨਹੀਂ ਪੈਂਦੀ ਸੀ ਕਿ ਉਹਦੇ ਨਾਲ ਕੋਈ ਵਾਧੂ-ਘਾਟੂ ਗੱਲ ਕਰ ਸਕੇ। ਉਹਦੇ ਜੀਵਨ ਸੰਬੰਧੀ ਕੋਈ ਪੁੱਛ-ਪੜਤਾਲ ਕਰੇ। ਨੰਦ ਸਿੰਘ ਸਾਹਮਣੇ ਉਹ ਕਦੇ ਵੀ ਨਾ ਬੋਲਦੀ। ਉਹਦੇ ਅੱਗੇ ਖਲੋਂਦੀ ਵੀ ਨਾ। ਸ਼ੁਰੂ ਤੋਂ ਉਹ ਉਹਦੇ ਕੋਲੋਂ ਓਨਾ ਹੀ ਕਿਰਾਇਆ ਲੈ ਰਹੇ ਸਨ। ਮਾਸਟਰਣੀ ਸਫ਼ਾਈ-ਪਸੰਦ ਬਹੁਤ ਸੀ। ਮਜਾਲ ਹੈ, ਕਿਧਰੇ ਕੋਈ ਭਿਣਕਾ ਵੀ ਉਹਦੇ ਚੁਬਾਰੇ ਵਿੱਚ ਏਧਰ-ਓਧਰ ਖਿੰਡਿਆ ਪਿਆ ਹੋਵੇ। ਥੱਲੇ ਵਾਲੇ ਕਿਰਾਏਦਾਰ ਤਾਂ ਗੰਦ ਪਾਈ ਰੱਖਦੇ ਸਨ। ਥੱਲੇ ਤਾਂ ਕਈ ਕਿਰਾਏਦਾਰ ਆ ਚੁੱਕੇ ਸਨ। ਕੋਈ ਛੇ ਮਹੀਨੇ ਟਿਕਦਾ ਸੀ ਤੇ ਕੋਈ ਸਾਲ।

ਫੇਰ ਇੱਕ ਜੋੜਾ ਆਇਆ। ਔਰਤ ਗਰਭਵਤੀ ਸੀ। ਬੰਦਾ ਉਮਰ ਵਿੱਚ ਉਹਤੋਂ ਖਾਸਾ ਵੱਡਾ ਸੀ। ਲੱਗਦਾ ਨਹੀਂ ਸੀ, ਉਹ ਪਤੀ-ਪਤਨੀ ਨੇ। ਕਦੇ ਲੱਗਦਾ, ਪਤੀ-ਪਤਨੀ ਹੀ ਨੇ। ਪਤੀ-ਪਤਨੀ ਦਾ ਹਮ-ਉਮਰ ਹੋਣਾ ਜ਼ਰੂਰੀ ਤਾਂ ਨਹੀਂ ਹੁੰਦਾ। ਬੰਦਾ ਦਿਨ ਵੇਲੇ ਬਾਹਰ ਕਿਧਰੇ ਕੰਮ 'ਤੇ ਜਾਂਦਾ ਜਾਂ ਪਤਾ ਨਹੀਂ ਕਿੱਥੇ ਰਹਿੰਦਾ ਸੀ। ਔਰਤ ਘਰ ਵਿੱਚ ਉਦਾਸ-ਉਦਾਸ ਜਿਹੀ ਬੈਠੀ ਰਹਿੰਦੀ। ਸੁਰਜੀਤ ਕੌਰ ਨਾਲ ਵੀ ਉਹ ਕੋਈ ਬਹੁਤੀ ਗੱਲ ਨਾ ਕਰਦੀ। ਗੱਲ ਕਰਦੀ ਤਾਂ ਕੋਈ ਭੇਤ ਜਿਹਾ ਲੁਕੋਅ-ਲੁਕੋਅ ਰੱਖਦੀ। ਦੋਵਾਂ ਦੀ ਭਾਸ਼ਾ ਹਿੰਦੀ-ਨੁਮਾ ਜਿਹੀ ਪੰਜਾਬੀ ਸੀ। ਦੋ ਕੁ ਮਹੀਨਿਆਂ ਬਾਅਦ ਉਸ ਔਰਤ ਨੇ ਇੱਕ ਕੁੜੀ ਨੂੰ ਜਨਮ ਦਿੱਤਾ। ਕੁੜੀ ਵੀਹ ਕੁ ਦਿਨਾਂ ਦੀ ਸੀ, ਬੰਦਾ ਕਿਧਰੇ ਚਲਿਆ ਗਿਆ। ਤਿੰਨ-ਚਾਰ ਦਿਨ ਮੁੜਿਆ ਹੀ ਨਾ। ਔਰਤ ਉਹਨੂੰ ਉਡੀਕਦੀ ਤੇ ਰੋਂਦੀ। ਦਸਦੀ ਬੋਲਦੀ ਕੁਝ ਨਹੀਂ ਸੀ। ਸੁਰਜੀਤ ਕੋਰ ਹੀ ਉਹਨੂੰ ਸੰਭਾਲਦੀ। ਹੁਣ ਤਾਂ ਉਹ ਉਸ ਦੇ ਖਾਣ-ਪੀਣ ਦਾ ਖਰਚ ਵੀ ਆਪਣੇ ਘਰੋਂ ਕਰਦੀ। ਔਰਤ ਦੀ ਹਾਲਤ ਉੱਤੇ ਉਹਨੂੰ ਤਰਸ ਆਉਂਦਾ। ਦਸ ਦਿਨ, ਪੰਦਰਾਂ ਦਿਨ ਤੇ ਫੇਰ ਵੀਹ ਦਿਨ, ਬੰਦਾ ਤਾਂ ਕਿਧਰੋਂ ਮੁੜਿਆ ਹੀ ਨਾ। ਕੁਝ ਦਿਨ ਹੋਰ ਤੇ ਫੇਰ ਔਰਤ ਘਰ ਦੇ ਵਿਹੜੇ ਵਿੱਚ ਫਿਰਨ-ਤੁਰਨ ਲੱਗੀ, ਫਿਰ ਤੁਰ ਕੇ ਕੰਮ ਕਰਦੀ। ਰੋਟੀ-ਪਾਣੀ ਉਹਨੂੰ ਸੁਰਜੀਤ ਕੌਰ ਦਿੰਦੀ। ਉਹਦੀ ਬੱਚੀ ਲਈ ਦਵਾਈ-ਦਾਰੂ ਵੀ ਮਾਰਕੀਟ ਵਿਚੋਂ ਲਿਆ ਦਿੰਦੀ। ਆਖਦੀ-"ਉਹ ਜਾਣੇ, ਇਹਦਾ ਬੰਦਾ ਘਰ ਨਹੀਂ।"

ਔਰਤ ਦਿਨ-ਦਿਨੋਂ ਉਦਾਸੀ ਦਾ ਰੰਗ ਤਿਆਗ਼ਦੀ ਜਾ ਰਹੀ ਸੀ। ਉਹਦੀਆਂ ਅੱਖਾਂ ਵਿੱਚ ਕਿਸੇ ਦਿੜ੍ਹਤਾ ਦੀ ਚਮਕ ਉੱਤਰਨ ਲੱਗੀ। ਉਹਦਾ ਵਜੂਦ ਜਿਵੇਂ ਉੱਡੂੰ-ਉੱਡੂੰ ਕਰਨ ਲੱਗਿਆ ਹੋਵੇ। ਜਿਹੜੇ ਵੀ ਉਹਦੇ ਕੋਲ ਸੀਮਤ ਜਿਹੇ ਕੱਪੜੇ ਸਨ, ਉਹਨਾਂ ਨੂੰ ਧੋ ਸੰਵਾਰ ਕੇ ਪਹਿਨਦੀ। ਪਹਿਨ-ਪੱਚਰ ਕੇ ਰਹਿੰਦੀ। ਦਿਨ ਵਿੱਚ ਕਈ-ਕਈ ਵਾਰ ਆਪਣੀ ਕੁੜੀ ਦਾ ਸ਼ਿੰਗਾਰ ਕਰਦੀ। ਬੁੱਲ੍ਹਾਂ ਵਿੱਚ ਕੋਈ ਗੀਤ ਗੁਣਗੁਣਾਉਂਦੀ ਰਹਿੰਦੀ। ਉਹ ਕੋਈ ਕੰਮ-ਧੰਦਾ ਕਰ ਰਹੀ ਹੁੰਦੀ ਜਾਂ ਲੈਟਰੀਨ-ਬਾਥਰੂਮ ਜਾਂਦੀ, ਸੁਰਜੀਤ ਕੌਰ ਰੋਂਦੀ ਕੁੜੀ ਨੂੰ ਚੁੱਕ ਲੈਂਦੀ ਤੇ ਉਹਨੂੰ ਮਿੱਠੀਆਂ-ਮਿੱਠੀਆਂ ਲੋਰੀਆਂ ਦੇਣ ਲੱਗਦੀ। ਕੁੜੀ ਦੇ ਪਿਓ ਨੂੰ ਕੋਸਦੀ।

ਇੱਕ ਦਿਨ ਗਜ਼ਬ ਹੋ ਗਿਆ। ਮੰਜੇ ਉੱਤੇ ਸੁੱਤੀ ਪਈ ਕੁੜੀ ਨੂੰ ਛੱਡ ਕੇ ਉਹ ਸਵੇਰੇ ਦਿਨ ਚੜ੍ਹਨ ਤੋਂ ਬਹੁਤ ਪਹਿਲਾਂ ਪਤਾ ਨਹੀਂ ਕਿੱਧਰ ਚਲੀ ਗਈ। ਕੁੜੀ ਜਾਗੀ ਤੇ ਢੇਰ ਰੋ-ਰੋ ਕਮਲੀ ਹੁੰਦੀ ਜਾ ਰਹੀ ਸੀ। ਪਰ ਮਾਂ ਨਹੀਂ ਮੁੜੀ। ਸੁਰਜੀਤ ਕੌਰ ਦੀ ਗੋਦੀ ਵਿੱਚ ਉਹ ਬਿੰਦ-ਝੱਟ ਲਈ ਟਿਕਦੀ ਪਰ ਫੇਰ ਰੋਣ ਲੱਗਦੀ। ਦੁਪਹਿਰ ਤੱਕ ਕੁੜੀ ਦੇ ਗਲ਼ ਦੀਆਂ ਰਗ਼ਾਂ ਬੈਠ ਗਈਆਂ। ਉਹ ਰੀਂ-ਰੀਂ ਕਰਕੇ ਰੋਂਦੀ। ਸੁਰਜੀਤ ਕੌਰ ਨੇ ਦੋ-ਤਿੰਨ ਵਾਰ ਉਹਨੂੰ ਚੁੰਘਣੀ ਨਾਲ ਦੁੱਧ ਪਿਲਾਇਆ। ਮਾਂ ਦੀਆਂ ਛਾਤੀਆਂ ਵਿੱਚ ਦੁੱਧ ਥੋੜਾ ਸੀ। ਇਸ ਕਰਕੇ ਮਾਂ ਹੁੰਦੇ ਵੀ ਉਹ ਕਈ ਦਿਨਾਂ ਤੋਂ ਚੁੰਘਣੀ ਦਾ ਦੁੱਧ ਪੀ ਰਹੀ ਸੀ।

ਗਲੀ-ਮੁਹੱਲੇ ਵਿੱਚ ਸਾਰੇ ਗੱਲ ਉੱਡ ਗਈ ਕਿ ਨੰਦ ਸਿੰਘ ਦਾ ਕਿਰਾਏਦਾਰ ਜੋੜਾ ਕੁੜੀ ਜੰਮ ਕੇ ਸੁੱਟ ਗਿਆ ਹੈ। ਤਰ੍ਹਾਂ-ਤਰ੍ਹਾਂ ਦੇ ਅਨੁਮਾਨ ਲਗਾਏ ਜਾ ਰਹੇ ਸਨ। ਗੁਆਂਢੀ ਔਰਤਾਂ ਹੈਰਾਨ ਹੁੰਦੀਆਂ ਤੇ ਦੰਦਾਂ ਥੱਲੇ ਉਂਗਲਾਂ ਲੈ ਕੇ ਚੁੱਪ ਦੀਆਂ ਚੁੱਪ ਰਹਿ ਜਾਂਦੀਆਂ। ਕਦੇ ਕੋਈ ਔਰਤ ਤਾੜੀ ਮਾਰ ਕੇ ਉੱਚੀ-ਉੱਚੀ ਹੱਸਣ ਲੱਗਦੀ।ਆਖਦੀ-"ਇਹ ਤਾਂ ਨਵੀਂ ਕਹਾਣੀ ਬਣ ਗਈ।"

ਕਿਸੇ ਦੀ ਸਮਝ ਵਿੱਚ ਕੁਝ ਨਹੀਂ ਸੀ ਆ ਰਿਹਾ।

ਕੁੜੀ ਢਾਈ-ਤਿੰਨ ਮਹੀਨਿਆਂ ਦੀ ਹੋ ਚੁੱਕੀ ਸੀ। ਸੁਰਜੀਤ ਕੌਰ ਉਹਨੂੰ ਰੱਬ ਦੀ ਦਾਤ ਸਮਝ ਕੇ ਪਾਲਣ ਲੱਗੀ। ਉਹ ਸਾਲ ਭਰ ਦੀ ਹੋਈ ਤਾਂ ਨੰਦ ਸਿੰਘ ਜ਼ਿਲ੍ਹਾ ਕਚਹਿਰੀ ਵਿੱਚ ਜਾ ਕੇ ਸ਼ਕੁੰਤਲਾ ਨੂੰ ਆਪਣੀ ਮੁਤਬੰਨਾ ਸੰਤਾਣ ਬਣਾ ਆਇਆ। ਉਹਨਾਂ ਦੇ ਮਰਨ ਬਾਅਦ ਚੱਲ-ਅਚੱਲ ਜਾਇਦਾਦ ਦੀ ਵਾਰਸ ਹੁਣ ਸ਼ਕੁੰਤਲਾ ਸੀ।

ਜਰਨੈਲ ਸਿੰਘ ਨੇ ਜਦੋਂ ਸੁਣਿਆ, ਉਹਦੇ ਤਨ-ਬਦਨ ਨੂੰ ਅੱਗ ਲੱਗ ਗਈ। ਉਹਨੇ ਤਾਂ ਕਦੇ ਸੋਚਿਆ ਸੀ ਕਿ ਉਹਦੇ ਬੇਔਲਾਦ ਵੱਡੇ ਭਰਾ ਦਾ ਘਰ ਬਾਰ ਉਹਦੇ ਇਕੱਲੇ ਮੁੰਡੇ ਹਰਅਵਤਾਰ ਸਿੰਘ ਨੂੰ ਕਿਉਂ ਮਿਲੇ, ਮਿਲੇ ਤਾਂ ਤਿੰਨਾਂ ਮੁੰਡਿਆਂ ਨੂੰ ਮਿਲੇ। ਅਸਲ ਵਿੱਚ ਤਾਂ ਉਹ ਖ਼ੁਦ ਨੰਦ ਸਿੰਘ ਨੂੰ ਖਾ ਜਾਣਾ ਚਾਹੁੰਦਾ ਸੀ। ਏਸੇ ਤਾਕ ਵਿੱਚ ਰਹਿੰਦਾ, ਕਦੋਂ ਕਿਵੇਂ ਓਸ ਘਰ ਨੂੰ ਖੁਰਚਿਆ ਜਾਵੇ। ਉਹ ਨੰਦ ਸਿੰਘ ਤੋਂ ਹਜ਼ਾਰਾਂ ਰੁਪਏ ਉਧਾਰ ਲੈ ਲੈਂਦਾ। ਕਦੇ ਮੋੜ ਵੀ ਦਿੰਦਾ ਕੁਝ ਨਾ ਕੁਝ ਨਹੀਂ ਤਾਂ ਉਹਦੀ ਨੀਯਤ ਹੁੰਦੀ ਕਿ ਉਹਦਾ ਕੁਝ ਮੋੜਿਆ ਹੀ ਨਾ ਜਾਵੇ। ਓਧਰ ਦਰਬਾਰਾ ਸਿੰਘ ਨੇ ਟੇਢੇ ਢੰਗ ਨਾਲ ਹੱਥ-ਕੰਡੇ ਵਰਤਣੇ ਸ਼ੁਰੂ ਕਰ ਦਿੱਤੇ। ਉਹ ਆਖ ਰਿਹਾ ਸੀ ਕਿ ਉਹਦਾ ਮਕਾਨ ਭੀੜਾ ਹੈ। ਸਰਦਾ ਨਹੀਂ। ਨੰਦ ਸਿੰਘ ਆਪਣੇ ਮਕਾਨ ਦਾ ਇੱਕ ਕਮਰਾ ਉਹਨੂੰ ਸਮਾਨ ਰੱਖਣ ਲਈ ਦੇ ਦੇਵੇ। ਅਸਲ ਵਿੱਚ ਉਹਦੀ ਯੋਜਨਾ ਇਹ ਸੀ ਕਿ ਉਹ ਹੌਲੀ-ਹੌਲੀ ਮਕਾਨ ਉੱਤੇ ਕਬਜ਼ਾ ਕਰਨਾ ਸ਼ੁਰੂ ਕਰ ਦੇਵੇਗਾ। ਪਹਿਲਾਂ ਇੱਕ ਕਮਰਾ, ਫੇਰ ਹੋਰ ਕਮਰਾ। ਉਹਦੀਆਂ ਮੰਗਾਂ ਵਧਦੀਆਂ ਜਾਣੀਆਂ ਸਨ। ਪਰ ਜਦੋਂ ਇਸ ਅਵਾਰਾ ਜੰਮੀ ਕੁੜੀ ਨੂੰ ਉਹਨਾਂ ਨੇ ਮੁਤਬੰਨਾ ਬਣਾ ਲਿਆ ਤਾਂ ਸਭ ਦੀਆਂ ਆਸਾਂ ਉੱਤੇ ਪਾਣੀ ਫਿਰ ਗਿਆ।

ਸਾਂਝੀ ਮਾਰ ਉੱਤੇ ਜਰਨੈਲ ਤੇ ਦਰਬਾਰੇ ਨੇ ਸਾਂਝਾ ਮੋਰਚਾ ਬਣਾ ਲਿਆ। ਇੱਕ ਦਿਨ ਨੰਦ ਸਿੰਘ ਸ਼ਹਿਰੋਂ ਬਾਹਰ ਕਿਧਰੇ ਗਿਆ ਹੋਇਆ ਸੀ। ਘਰ ਵਿੱਚ ਸੁਰਜੀਤ ਕੌਰ ਇਕੱਲੀ ਸੀ। ਸ਼ਾਮ ਢਲ਼ੀ ਤੋਂ ਜਰਨੈਲ ਤੇ ਦਰਬਾਰਾ ਆਏ। ਉਹਨਾਂ ਨਾਲ ਦੋ ਬੰਦੇ ਹੋਰ ਵੀ ਸਨ। ਪਹਿਲਾਂ ਤਾਂ ਉਹਨਾਂ ਨੇ ਸੁਰਜੀਤ ਕੌਰ ਨੂੰ ਧੌਲ-ਧੱਫਾ ਕੀਤਾ। ਦਰਵਾਜ਼ੇ ਦਾ ਬਾਰ ਅੰਦਰੋਂ ਬੰਦ ਕਰ ਲਿਆ। ਫੇਰ ਉਹਨੂੰ ਇੱਕ ਥਮਲੇ ਨਾਲ ਨੂੜ ਦਿੱਤਾ। ਉਹਦੇ ਗਲ ਤੇ ਕੰਨਾਂ ਵਿਚੋਂ ਸੋਨੇ ਦੇ ਜ਼ੇਵਰ ਖਿੱਚ ਲਏ। ਟਰੰਕਾਂ ਤੇ ਅਲਮਾਰੀਆਂ ਦੀ ਤਲਾਸ਼ੀ ਲੈ ਲਈ। ਜਰਨੈਲ ਨੇ ਉਹਦੇ ਮੂੰਹ 'ਤੇ ਥੱਪੜ ਮਾਰ ਕੇ ਪੁੱਛਿਆ-"ਬਾਕੀ ਸੋਨਾ ਦੱਸ ਕਿੱਥੇ ਐ? ਰੁਪਿਆ ਕਿੱਥੇ ਰੱਖਿਆ ਹੋਇਆ?"

"ਰੁਪਿਆ ਘਰ ਵਿੱਚ ਕਿੱਥੇ, ਬੈਂਕਾਂ ਵਿੱਚ ਹੁੰਦੈ। ਸੋਨਾ ਵੀ ਬੈਂਕ ਵਿੱਚ...।" ਉਹਦੀ ਛਾਤੀ ਤੇ ਡੌਲ਼ਿਆਂ ਉੱਤੇ ਰੱਸਿਆਂ ਦਾ ਬਹੁਤ ਦਬਾਅ ਪੈ ਰਿਹਾ ਸੀ। ਪੀੜਾਂ ਨਾਲ ਉਹ ਕਰਾਹ ਰਹੀ ਸੀ। ਫੇਰ ਵੀ ਉਹਨੇ ਬਹੁਤ ਨੇੜੇ ਖੜ੍ਹੇ ਜਰਨੈਲ ਵੱਲ ਆਪਣੀ ਲੱਤ ਚਲਾਈ। ਉਹਦੇ ਢਿੱਡ ਵਿੱਚ ਲੱਤ ਮਾਰ ਕੇ ਉਹਨੂੰ ਪੁੱਠਾ ਡੇਗ ਦਿੱਤਾ।

ਸ਼ਕੁੰਤਲਾ ਉਸ ਸਮੇਂ ਪਤਾ ਨਹੀਂ ਕਿੱਥੇ ਸੀ। ਸ਼ਾਇਦ ਉੱਤੇ ਮਾਸਟਰਣੀ ਕੋਲ ਸੱਤੀ ਪਈ ਸੀ।

ਇੱਕ ਘਿਓ ਵਾਲੀ ਖਾਲੀ ਪੀਪੀ ਵਿਚੋਂ ਉਹਨੂੰ ਦੋ ਹਜ਼ਾਰ ਦੇ ਨੋਟਾਂ ਦੀ ਇੱਕ ਥਹੀ ਮਿਲੀ-ਬੈਂਕ ਦੀ ਓਵੇਂ-ਜਿਵੇਂ ਬੰਨ੍ਹੀ ਬੰਨ੍ਹਾਈ, ਸੂਈਆਂ ਲੱਗੀਆਂ ਹੋਈਆਂ।

ਇਹ ਸਾਰੀ ਵਾਰਦਾਤ ਉਹਨਾਂ ਨੇ ਪੰਦਰਾਂ ਕੁ ਮਿੰਟਾਂ ਵਿੱਚ ਹੀ ਕਰ ਦਿੱਤੀ ਤੇ ਫੇਰ ਔਹ ਗਏ। ਇਹ ਤਾਂ ਉੱਤੋਂ ਮਾਸਟਰਣੀ ਕਿਸੇ ਕੰਮ ਥੱਲੇ ਆਈ ਤੇ ਸੁਰਜੀਤ ਕੌਰ ਨੂੰ ਇਸ ਹਾਲਤ ਵਿੱਚ ਦੇਖ ਕੇ ਉਹਨੂੰ ਵੀ ਜਿਵੇਂ ਗਸ਼ ਪੈਣ ਵਾਲੀ ਹੋ ਗਈ ਹੋਵੇ। ਕੰਬਦੇ ਹੱਥਾਂ ਨਾਲ ਉਹਨੇ ਰੱਸੇ ਖੋਲ੍ਹੇ, ਸੁਰਜੀਤ ਕੌਰ ਧੜੰਮ ਦੇ ਕੇ ਥੱਲੇ ਡਿੱਗ ਪਈ ਤੇ ਬੇਹੋਸ਼ ਹੋ ਗਈ। ਮਾਸਟਰਣੀ ਨੇ ਉਹਦੇ ਮੂੰਹ ਵਿੱਚ ਪਾਣੀ ਪਾਇਆ। ਉਹਨੂੰ ਬੈਠਾ ਕੀਤਾ। ਤੇ ਫੇਰ ਮੰਜੇ ਉੱਤੇ ਲਿਟਾ ਦਿੱਤਾ। ਚਾਹ ਬਣਾ ਕੇ ਪਿਆਈ। ਸੁਰਜੀਤ ਕੌਰ ਤੋਂ ਕੁਝ ਵੀ ਦੱਸਿਆ ਨਹੀਂ ਜਾ ਰਿਹਾ ਸੀ। ਕੁਝ ਵੀ ਬੋਲਿਆ ਨਹੀਂ ਜਾਂਦਾ ਸੀ।

ਨੰਦ ਸਿੰਘ ਰਾਤ ਦੀ ਕਿਸੇ ਗੱਡੀ ਮੁੜਿਆ। ਦਿਨ ਚੜ੍ਹਨ ਤੱਕ ਉਹ ਸੁੱਤੇ ਨਹੀਂ। ਸੁਰਜੀਤ ਕੌਰ ਗੱਲਾਂ ਦੱਸਦੀ ਰਹੀ। ਮੁੜ-ਮੁੜ ਓਹੀ ਗੱਲਾਂ। ਕਦੇ ਨੰਦ ਸਿੰਘ ਬਹੁਤ ਗੁੱਸੇ ਵਿੱਚ ਆ ਜਾਂਦਾ ਤਾਂ ਮੂੰਹੋਂ ਥੁੱਕ ਸੁੱਟਣ ਲੱਗਦਾ। ਉਹਦੀ ਦੇਹ ਕੰਬ ਰਹੀ ਹੁੰਦੀ। ਉਹਦਾ ਸਿਰ ਹਿੱਲ ਰਿਹਾ ਹੁੰਦਾ। ਉਹ ਪੂਰੇ ਫਿਕਰੇ ਨਾ ਬੋਲ ਸਕਦਾ। ਕਦੇ ਬਹੁਤ ਉਦਾਸ ਤੇ ਚੁੱਪ। ਜਿਵੇਂ ਆਪਣੇ ਆਪ ਵਿੱਚ ਹੀ ਗੁਆਚ ਕੇ ਰਹਿ ਗਿਆ ਹੋਵੇ। ਸ਼ਕੁੰਤਲਾ ਉਹਨਾਂ ਦੀ ਆਵਾਜ਼ ਸੁਣ ਕੇ ਜਾਗ ਪੈਂਦੀ। ਰੋਣ ਲੱਗਦੀ। ਫੇਰ ਸੌਂ ਜਾਂਦੀ। ਬਿੱਲੀ ਦੇ ਬਲੂਰ ਨੂੰ ਕੀ ਪਤਾ ਸੀ, ਘਰ ਵਿੱਚ ਵਾਪਰੇ ਮਹਾਂ-ਯੁੱਧ ਦਾ। ਤੀਜੇ ਦਿਨ ਨੰਦ ਸਿੰਘ ਨੇ ਗਲੀ-ਮੁਹੱਲੇ ਦੇ ਲੋਕਾਂ ਦਾ ਇਕੱਠ ਕੀਤਾ। ਉਹ ਕਹਿ ਰਿਹਾ ਸੀ-"ਦੋਵੇਂ ਆ ਕੇ ਮਾਫੀ ਮੰਗਣ। ਜੋ ਲੈ ਗਏ ਨੇ, ਉਹ ਮੋੜ ਕੇ ਜਾਣ। ਜਿਹੜੀ ਭੰਨ ਤੋੜ ਕੀਤੀ ਹੈ, ਉਹਦਾ ਮੁਆਵਜ਼ਾ ਵੀ ਦੇਣ। ਨਹੀਂ ਤਾਂ ਮੈਂ ਪੁਲਿਸ ਨੂੰ ਕੇਸ ਦੇਣ ਚੱਲਿਆ ਹਾਂ।"

ਉਹ ਜਿਸ ਵੱਡੀ ਮਾਰ 'ਤੇ ਗਏ ਸਨ, ਉਹ ਤਾਂ ਉਹਨਾਂ ਦੇ ਹੱਥ ਨਾ ਲੱਗਿਆ। ਹੁਣ ਉਹ ਵੀ ਪਛਤਾ ਰਹੇ ਸਨ। ਲੋਕਾਂ ਦੇ ਇਕੱਠ ਵਿੱਚ ਉਹਨਾਂ ਦੇ ਬੰਦੇ ਵੀ ਸਨ। ਸਗੋਂ ਉਹਨਾਂ ਨੇ ਆਪ ਭੇਜਿਆ ਸੀ, ਉਹਨਾਂ ਨੂੰ। ਗਲ ਤੇ ਕੰਨਾਂ ਦੇ ਜ਼ੇਵਰ ਵਾਪਸ ਹੋ ਗਏ। ਨੋਟਾਂ ਦੀ ਥਹੀ ਵੀ ਪਰ ਉਹ ਆਪ ਆ ਕੇ ਮਾਫ਼ੀ ਨਹੀਂ ਮੰਗ ਰਹੇ ਸਨ। ਉਹਨਾਂ ਦੀਆਂ ਘਰ ਵਾਲੀਆਂ ਨੇ ਕਹਾ ਕੇ ਭੇਜਿਆ ਸੀ ਕਿ ਉਹ ਘਰ ਨਹੀਂ ਹਨ। ਪਤਾ ਨਹੀਂ ਕਿੱਥੇ ਨੇ। ਉਹ ਤਾਂ ਆਪ ਉਹਨਾਂ ਦਾ ਫ਼ਿਕਰ ਕਰ ਰਹੀਆਂ ਹਨ।

ਉਹਨਾਂ ਦੇ ਬੰਦੇ ਕਹਿ ਰਹੇ ਸਨ-"ਅਸੀਂ ਆਪ ਸਾਲ਼ਿਆਂ ਦੇ ਪੰਜਾਹ ਮਾਰਾਂਗੇ ਜੁੱਤੀਆਂ। ਇੱਕ ਵਾਰ ਸਾਡੇ ਸਾਹਮਣੇ ਤਾਂ ਆ ਜਾਣ। ਅਸੀਂ ਕੀ ਕੋਈ ਕਸਰ ਛੱਡਾਂਗੇ ਉਹਨਾਂ ਨਾਲ। ਨੰਦ ਸਿੰਘ ਜੀ, ਤੁਸੀਂ ਗੁੱਸੇ ਨੂੰ ਮਾਰੋ। ਪੁਲਿਸ ਤਾਂ ਪੁੱਟ ਕੇ ਖਾ ਜਾਏਗੀ ਤਿੰਨਾਂ ਘਰਾਂ ਨੂੰ।"

ਦਿਨ ਪੈਣ ਲੱਗੇ ਤੇ ਗੱਲ ਰਫ਼ਾ-ਦਫ਼ਾ ਹੋ ਗਈ। ਪਰ ਨੰਦ ਸਿੰਘ ਤੇ ਸੁਰਜੀਤ ਕੌਰ ਸੋਚਦੇ ਰਹਿੰਦੇ-"ਇੱਕ ਢਿੱਡੋਂ ਜੰਮੇਂ ਭਰਾ ਵੀ ਕੀ ਇੰਜ ਕਰ ਸਕਦੇ ਨੇ?"

ਹਰਅਵਤਾਰ ਹਾਲੇ ਵੀ ਤਾਏ ਦੇ ਘਰ ਆਉਂਦਾ ਹੈ। ਉਹਦੇ ਖਾਣ ਲਈ 'ਚੀਜ਼' ਪਹਿਲਾਂ ਵਾਂਗ ਹੀ ਰਸੋਈ ਦੀ ਜਾਲ਼ੀ ਵਿੱਚ ਰੱਖੀ ਪਈ ਰਹਿੰਦੀ ਹੈ। ਉਹ ਸ਼ਕੁੰਤਲਾ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਵੀ ਮਾਰ ਜਾਂਦਾ ਹੈ। *