ਸਮੱਗਰੀ 'ਤੇ ਜਾਓ

ਰੇਤ ਦੇ ਘਰ/ਨੀਲਮਾ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
49596ਰੇਤ ਦੇ ਘਰ — ਨੀਲਮਾਪਰਮਜੀਤ ਮਾਨ

ਨੀਲਮਾ

ਉਹ ਆਪਣੇ ਕੁਆਟਰ ਵੱਲ ਜਾ ਰਹੀ ਸੀ। ਅਚਾਨਕ ਉਸਦੀ ਨਜ਼ਰ ਸਾਹਮਣੇ ਤੋਂ ਆ ਰਹੇ ਇੱਕ ਆਦਮੀ ’ਤੇ ਪਈ।

“ਹੈਂਅ! ਇਹ ਤਾਂ ਕੋਈ ਬਲਵੰਤ ਵਰਗਾ ਜਾਪਦੈ।” ਉਹ ਕੁੱਝ ਹੋਰ ਨੇੜੇ ਹੋਏ ਤਾਂ ਉਸ ਝੱਟ ਪਹਿਚਾਣ ਲਿਆ, “ਇਹ ਤਾਂ ਬਲਵੰਤ ਹੀ ਹੈ। ਜਦ ਉਹ ਬਿਲਕੁਲ ਨਜ਼ਦੀਕ ਆ ਗਿਆ ਤਾਂ ਉਹ “ਵੀਰ ਜੀ ਸਤਿ ਸ੍ਰੀ ਅਕਾਲ” ਕਹਿ ਕੇ ਉਸਦੇ ਸਾਹਮਣੇ ਖੜ੍ਹੀ ਹੋ ਗਈ।

ਬਲਵੰਤ ਆਪਣੇ ਹੀ ਖ਼ਿਆਲਾਂ 'ਚ ਗੁਆਚਿਆ ਤੁਰਿਆ ਆ ਰਿਹਾ ਸੀ। ਅਚਾਨਕ ਕਿਸੇ ਔਰਤ ਦਾ ਇਸ ਤਰ੍ਹਾਂ ਸਾਹਮਣੇ ਖੜ੍ਹਾ ਹੋ ਜਾਣਾ ਅਜੀਬ ਲੱਗਾ। ਉਹ ਇਕਦਮ ਥਾਏਂ ਰੁਕ ਗਿਆ। ਸਾਹਮਣੇ ਖੜ੍ਹੀ ਔਰਤ ਨੂੰ ਦੇਖ ਕੇ ਉਹ ਹੈਰਾਨ ਸੀ ਪਰ “ਜੀ....ਅ... ਅ ....! ਸਤਿ....ਸ੍ਰੀ....ਅਕਾਲ” ਦੇ ਲਮਕੇ ਜਿਹੇ ਬੋਲ ਆਪ-ਮੁਹਾਰੇ ਉਸਦੇ ਮੂੰਹ ਵਿੱਚੋਂ ਤਿਲ੍ਹਕ ਚੁੱਕੇ ਸਨ। ਹੱਥ ਵੀ ਜੁੜ ਗਏ ਸਨ।

ਹੈਰਾਨ-ਪ੍ਰੇਸ਼ਾਨ ਖੜ੍ਹੇ ਦੇ ਮਨ ’ਚ ਖ਼ਿਆਲ ਆਇਆ, ‘ਕੀ ਇਸ ਔਰਤ ਨੇ ਮੈਨੂੰ ਹੀ ਸੰਬੋਧਨ ਕੀਤਾ ਹੈ, ਕਿਤੇ ਕਿਸੇ ਹੋਰ ਨੂੰ ਤਾਂ ਨਹੀਂ?’ ਤਸੱਲੀ ਕਰਨ ਲਈ ਉਸ ਆਲੇ-ਦੁਆਲੇ ਵੇਖਿਆ। ਨਜ਼ਦੀਕ ਕੋਈ ਨਹੀਂ ਸੀ ਤੇ ਉਹ ਔਰਤ ਉਸਦੇ ਹੀ ਚਿਹਰੇ ਵੱਲ ਵੇਖ ਰਹੀ ਸੀ। ਸਿਰ ਦੇ ਵਾਲ ਕੁਝ-ਕੁਝ ਪੱਕੇ ਹੋਏ ਸਨ।

ਬਲਵੰਤ ਦੀ ਪ੍ਰੇਸ਼ਾਨੀ ਨੂੰ ਸਮਝਦਿਆਂ ਉਹ ਆਪ ਹੀ ਬੋਲ ਪਈ, “ਤੁਸੀਂ ਸ਼ਾਇਦ ਮੈਨੂੰ ਪਹਿਚਾਣਿਆ ਨਹੀਂ ਪਰ ਮੈਂ ਤੁਹਾਨੂੰ ਪਹਿਚਾਣ ਲਿਆ।”

ਬਲਵੰਤ ਨੂੰ ਆਵਾਜ਼ ਜਾਣੀ-ਪਹਿਚਾਣੀ ਲੱਗੀ। ਚਿਹਰੇ ਤੇ ਅੱਖਾਂ ਨੂੰ ਗਹੁ ਨਾਲ ਵੇਖਿਆ। ਲੱਗਦਾ ਸੀ ਇਨ੍ਹਾਂ ਦੀ ਗਹਿਰਾਈ ਵਿੱਚ ਕੋਈ ਪੁਰਾਣੀ ਯਾਦ ਅਟਕੀ ਪਈ ਹੈ। ਬਲਵੰਤ ਦੀਆਂ ਆਪਣੀਆਂ ਯਾਦਾਂ ਨੇ ਕੋਈ ਰਾਹ ਨਾ ਦਿੱਤਾ। ਅਖ਼ੀਰ ਉਸਨੂੰ ਕਹਿਣਾ ਪਿਆ, “ਜੀ ਮੁਆਫ਼ ਕਰਨਾ....ਮੈਨੂੰ ਕੁਝ ਵੀ ਯਾਦ ਨਹੀਂ ਆ ਰਿਹਾ।”

“ਅੱਛਾ! ਜ਼ਰਾ ਤੀਹ ਕੁ ਸਾਲ ਪਿੱਛੇ ਜਾਓ ਤੇ ਆਪਣੀ ਸੋਚ ਨੂੰ ਕਾਲਜ ਦਾ ਇੱਕ ਚੱਕਰ ਲਗਵਾਓ।” ਬੜੇ ਹੀ ਸਹਿਜ ਭਾਵ ਉਹ ਬੋਲੀ।

ਕਾਲਜ ਦਾ ਨਾਮ ਸੁਣਦੇ ਹੀ ਬਲਵੰਤ ਨੂੰ ਇਕਦਮ ਸਭ ਕੁੱਝ ਯਾਦ ਆ ਗਿਆ। ਉਹ ਚੌਂਕਿਆ, “ਓ ਮਾਈ ਗਾਡ! ਨੀਲਮਾ! ਭਾਬੀ ਜੀ ਤੁਸੀਂ। ਏਥੇ ਕੋਈ ਕਾਲਜ ਦਾ ਸਾਥੀ ਮਿਲ ਪਵੇਗਾ, ਮੈਂ ਤਾਂ ਕਦੇ ਸੋਚ ਵੀ ਨਹੀਂ ਸੀ ਸਕਦਾ।” ਬਲਵੰਤ ਚਹਿਕਿਆ ਤੇ ਹੁਣ ਉਸਦੇ ਚਿਹਰੇ ’ਤੇ ਖੁਸ਼ੀ ਸੀ।

“ਹਾਂ ਨੀਲਮਾ! ਉਹੀ ਨੀਲਮਾ, ਦੇਖ ਲੈ ਮੈਂ ਦੂਰੋਂ ਹੀ ਪਹਿਚਾਣ ਲਿਆ। ਤੁਹਾਨੂੰ ਤੁਰੇ ਆਉਂਦਿਆਂ ਨੂੰ ਵੇਖ, ਪਹਿਲਾਂ ਮੈਂ ਵੀ ਹੈਰਾਨ ਹੋਈ। ਮਨ ’ਚ ਆਇਆ, ਕੋਈ ਬਲਵੰਡ ਵਰਗਾ ਲਗਦੈ। ਫੇਰ ਨੇੜੇ ਆਉਂਦੇ ਹੀ ਝੱਟ ਪਹਿਚਾਣ ਲਿਆ।”

“ਆਹ ਤਾਂ ਤੁਸੀਂ ਬਹੁਤ ਚੰਗਾ ਕੀਤਾ, ਵਰਨਾ ਮੈਂ ਤਾਂ ਆਪਣੇ ਹੀ ਧਿਆਨ ’ਚ ਕੋਲ ਦੀ ਲੰਘ ਜਾਣਾ ਸੀ। ਮੈਨੂੰ ਪਤਾ ਵੀ ਨਹੀਂ ਸੀ ਲੱਗਣਾ। ਹੋਰ ਸੁਣਾਓ, ਕੀ ਹਾਲ ਹੈ? ਅਮਰੀਕ ਦਾ ਕੀ ਹਾਲ ਹੈ, ਏਥੇ ਕਿਵੇਂ?” ਬਲਵੰਤ ਨੂੰ ਆਪਣੇਪਣ ਦਾ ਅਹਿਸਾਸ ਹੋਣ ਲੱਗਾ।

ਅਮਰੀਕ ਦਾ ਨਾਮ ਸੁਣ ਉਹ ਇਕਦਮ ਪ੍ਰੇਸ਼ਾਨ ਜਿਹੀ ਹੋ ਗਈ। ਚਿਹਰਾ ਗੰਭੀਰ ਹੋ ਗਿਆ। ਫਿਰ ਆਪਣੇ ਆਪ ਨੂੰ ਸੰਭਾਲਦਿਆਂ ਉਹ ਬੋਲੀ, “ਤੁਹਾਨੂੰ ਨਹੀਂ ਪਤਾ ਲੱਗਾ?” ਨੀਲਮਾ ਦਾ ਚਿਹਰਾ ਉਦਾਸ ਸੀ।

“ਕਾਹਦਾ?” ਹੁਣ ਬਲਵੰਤ ਦਾ ਚਿਹਰਾ ਵੀ ਗੰਭੀਰ ਸੀ।

“ਅਮਰੀਕ ਬਾਰੇ।”

“ਕੀ....ਨਹੀਂ ਤਾਂ।” ਬਲਵੰਤ ਨੂੰ ਸ਼ੱਕ ਹੋਇਆ, “ਕੋਈ ਗੱਲ ਹੈ?”

ਉਹ ਕੁਝ ਚਿਰ ਚੁੱਪ ਰਹੀ। ਪ੍ਰੇਸ਼ਾਨ ਖੜਾ ਬਲਵੰਤ ਉਸ ਵੱਲ ਦੇਖ ਰਿਹਾ ਸੀ। ਫਿਰ ਉਹ ਬੋਲੀ, “ਉਹ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ।” ਉਸ ਬੜੇ ਭਰੇ ਮਨ ਨਾਲ ਐਨੀ ਗੱਲ ਕਹੀ ਤੇ ਅੱਖਾਂ ਭਰ ਆਈਆਂ।

“ਹੈਂਅ....ਓ ਮਾਈ ਗਾਡ।” ਬਲਵੰਡ ਨੂੰ ਝਟਕਾ ਲੱਗਾ। ਸੁਣ ਕੇ ਸੁੰਨ ਜਿਹਾ ਹੋ ਗਿਆ।

ਦੋਵੇਂ ਚੁੱਪ....ਹੁਣੇ-ਹੁਣੇ ਬਲਵੰਤ ਨੂੰ ਜੋ ਖ਼ੁਸ਼ੀ ਮਿਲੀ ਸੀ, ਇਕਦਮ ਅਫ਼ਸੋਸ ਤੇ ਗ਼ਮ ’ਚ ਬਦਲ ਗਈ। ਫਿਰ ਨੀਲਮ ਸੰਭਲੀ ਤੇ ਚੁੱਪ ਨੂੰ ਤੋੜਦਿਆਂ ਬੋਲੀ, “ਤੁਹਾਨੂੰ ਵੇਖਦੇ ਹੀ ਜ਼ਿੰਦਗੀ ਦੇ ਪਿਛਲੇ ਸਾਲ ਇੱਕ ਫ਼ਿਲਮੀ ਰੀਲ੍ਹ ਦੀ ਤਰਾਂ ਅੱਖਾਂ ਦੇ ਸਾਹਮਣੇ ਦੀ ਘੁੰਮ ਗਏ। ਕਾਲਜ ਦੇ ਖ਼ੁਸ਼ੀਆਂ ਭਰੇ ਉਹ ਦਿਨ, ਪਿਆਰ ਭਰੀਆਂ ਯਾਦਾਂ, ਸਾਡੀ ਸ਼ਾਦੀ, ਆਪਣਿਆਂ ਵੱਲੋਂ ਦਿੱਤੇ ਜ਼ਖ਼ਮ, ਪਿਆਰੇ-ਪਿਆਰੇ ਬੱਚੇ ਤੇ ਵੀਰਾਨ ਜ਼ਿੰਦਗੀ ਦੇ ਇਹ ਸਾਲ।” ਭਰੀਆਂ ਅੱਖਾਂ ਨਾਲ ਨੀਲਮਾ ਤਾਂ ਜਿਵੇਂ ਹਵਾ ਨਾਲ ਗੱਲਾਂ ਕਰ ਰਹੀ ਸੀ।

ਬਲਵੰਤ ਤੇ ਅਮਰੀਕ ਇੱਕੋ ਕਾਲਜ ’ਚ ਪੜ੍ਹਦੇ ਸਨ। ਅਮਰੀਕ ਫੁੱਟਬਾਲ ਦਾ ਚੋਟੀ ਦਾ ਖਿਡਾਰੀ ਸੀ ਤੇ ਕਾਲਜ ਟੀਮ ਦਾ ਕਪਤਾਨ। ਟੀਮ ਦਾ ਇਲਾਕੇ ਵਿੱਚ ਬੜਾ ਨਾਮ ਸੀ। ਜਿੱਥੇ ਵੀ ਖੇਡਣ ਜਾਂਦੀ, ਜਿੱਤ ਕੇ ਹੀ ਆਉਂਦੀ। ਅਮਰੀਕ ਸੁਭਾਅ ਪੱਖੋਂ ਬਹੁਤ ਹੀ ਨਿੱਘਾ, ਹਰ ਇੱਕ ਦੇ ਕੰਮ ਆਉਣ ਵਾਲਾ ਤੇ ਯਾਰਾਂ ਦਾ ਯਾਰ ਸੀ। ਸਾਰਾ ਸਟਾਫ਼ ਉਸਨੂੰ ਬੜਾ ਪਿਆਰ ਕਰਦਾ ਸੀ। ਫੁੱਟਬਾਲ ਕਰਕੇ ਉਹ ਸਾਰੇ ਕਾਲਜ ਦਾ ਹੀਰੋ ਸੀ। ਇੱਕ ਵਾਰ ਲਾਗਲੇ ਸ਼ਹਿਰ 'ਚੋਂ ਉਸ ਕਾਲਜ ਦੀ ਟੀਮ ਨੇ ਮੈਚ ਖੇਡਣ ਆਉਣਾ ਸੀ। ਟੀਮ ਉਹ ਵੀ ਤਕੜੀ ਸੀ। ਕਾਲਜ ’ਚ ਤੇ ਪੂਰੇ ਸ਼ਹਿਰ 'ਚ ਇਸ ਮੈਚ ਦੀ ਬਹੁਤ ਚਰਚਾ ਸੀ। ਮੈਚ ਵਾਲੇ ਦਿਨ ਸਾਰਾ ਕਾਲਜ ਤੇ ਸ਼ਹਿਰ ਦੇ ਲੋਕ, ਮੈਦਾਨ ਦੇ ਚਾਰ ਚੁਫ਼ੇਰੇ ਘੇਰਾ ਘੱਤੀ ਬੈਠੇ ਸਨ। ਬਹੁਤੇ ਲੋਕ ਖੜ੍ਹੇ ਵੀ ਸਨ।

ਦੋਵੇਂ ਟੀਮਾਂ ਆਹਮੋ-ਸਾਹਮਣੇ ਗੋਲ ਵਾਲੇ ਪਾਸਿਆਂ ਤੋਂ ਮੈਦਾਨ ਵਿੱਚ ਉੱਤਰੀਆਂ। ਚਾਰ-ਚੁਫੇਰੇ ਤਾੜੀਆਂ ਹੀ ਤਾੜੀਆਂ। ਮੈਚ ਸ਼ੁਰੂ ਤੇ ਸਾਨ੍ਹਾਂ ਦੇ ਭੇੜ ਵਾਂਗ ਦੋਵੇਂ ਟੀਮਾਂ ਮੈਦਾਨ ਵਿੱਚ ਡਟੀਆਂ ਹੋਈਆਂ। ਅੱਧਾ ਟਾਈਮ ਲੰਘ ਗਿਆ ਪਰ ਕਿਸੇ ਟੀਮ ਤੋਂ ਗੋਲ ਨਾ ਹੋਇਆ। ਮੁਕਾਬਲਾ ਪੂਰਾ ਸਖ਼ਤ ਸੀ।

ਮੈਚ ਦੁਬਾਰਾ ਸ਼ੁਰੂ। ਸਾਰਾ ਕਾਲਜ ਸੰਘ ਪਾੜ-ਪਾੜ ਚਿੱਲਾਉਣ ਲੱਗਾ। ਮੀਕਿਆ...ਮੀਕਿਆ....ਦੀਆਂ ਆਵਾਜ਼ਾਂ ਆਉਣ ਲੱਗੀਆਂ। ਸਭ ਦੀ ਜ਼ੁਬਾਨ ’ਤੇ ਮੀਕਾ, “ਮੀਕਿਆ ਚੱਕ ਦੇ ਫੱਟੇ ਓਏ.....ਮੀਕਿਆ ਠੋਕਦੇ ਇੱਕ ਤਾਂ ਓਏ....ਕੰਜਰਾ ਮਰ ਜਾ ਓਏ....ਘਰੇ ਆ ਕੇ ਨਾ ਨੱਕ ਵੱਢ ਜਾਣ ਓਏ....” ਕੋਈ ਕੁੱਝ ਤੇ ਕੋਈ ਕੁੱਝ।

ਜਿਉਂ-ਜਿਉਂ ਮੈਚ ਖ਼ਤਮ ਹੋਣ ਦੇ ਨਜ਼ਦੀਕ ਆ ਰਿਹਾ ਸੀ, ਸ਼ੋਰ ਵਧ ਰਿਹਾ ਸੀ। ਸਭ ਦੀ ਜ਼ੁਬਾਨ ’ਤੇ ਅਮਰੀਕ ਦਾ ਹੀ ਨਾਮ, ਜਿਵੇਂ ਗੋਲ ਕਰਨਾ ਹੈ ਤਾਂ ਬੱਸ ਅਮਰੀਕ ਨੇ ਹੀ ਕਰਨਾ ਹੈ। ਬਾਕੀ ਤਾਂ ਖਾਨਾ-ਪੂਰਤੀ ਲਈ ਹਨ। ਚਾਰੇ ਪਾਸੇ ਰੌਲਾ-ਰੱਪਾ, ਸੀਟੀਆਂ ਤੇ ਲਲਕਾਰੇ ਵੱਜ ਰਹੇ ਸਨ। ਕੀ ਖਿਡਾਰੀ ਤੇ ਕੀ ਦਰਸ਼ਕ, ਪੂਰੇ ਭਖੇ ਪਏ ਸਨ। ਦੋਵੇਂ ਰੈਫ਼ਰੀ ਬੜੇ ਚੁਕੰਨੇ ਤੇ ਬੁਰੀ ਤਰ੍ਹਾਂ ਸਾਹ ਚੜ੍ਹਿਆ ਹੋਇਆ।

ਮੈਚ ਖ਼ਤਮ ਹੋਣ ਦੇ ਨੇੜੇ ਸੀ ਕਿ ਬਾਲ ਫਿਰ ਅਮਰੀਕ ਦੇ ਕਬਜ਼ੇ ’ਚ ਆ ਗਈ। ਸਾਰਾ ਕਾਲਜ ਇਕ ਆਵਾਜ਼ ਹੋ ਚਿੱਲਾਇਆ। ਅਮਰੀਕ ਨੇ ਬੜੀ ਚੁਸਤੀ ਨਾਲ ਦੋ ਵਿਰੋਧੀ ਖਿਡਾਰੀਆਂ ਨੂੰ ਕੱਟ ਕੀਤਾ ਤੇ ਐਸੀ ਹਿੱਟ ਜਮਾਈ ਕਿ ਬਾਲ ਸਿੱਧੀ ਗੋਲ ਦੇ ਅੰਦਰ।

ਬੱਸ ਫੇਰ ਕੀ ਸੀ। ਓਧਰ ਗੋਲ-ਕੀਪਰ ਸਿਰ ਫੜੀ ਬੈਠਾ ਸੀ ਤੇ ਏਧਰ ਸਾਰਾ ਕਾਲਜ ਭੰਗੜਾ ਪਾ ਰਿਹਾ ਸੀ। ਸੀਟੀਆਂ ਵੱਜ ਰਹੀਆਂ ਸੀ। ਬੱਕਰੇ ਬੁਲਾਏ ਜਾ ਰਹੇ ਸਨ। ਮੈਚ ਦੁਬਾਰਾ ਸ਼ੁਰੂ ਹੋਇਆ ਪਰ ਹੁਣ ਮੈਚ ਵੱਲ ਧਿਆਨ ਘੱਟ ਹੀ ਸੀ। ਝੱਟ ਹੀ ਲੰਬੀ ਸੀਟੀ ਤੇ ਮੈਚ ਖ਼ਤਮ। ਅਮਰੀਕ ਹੋਰ ਵੱਡਾ ਹੀਰੋ ਬਣ ਗਿਆ। ਮੁੰਡੇ ਉਸਨੂੰ ਮੋਢਿਆਂ ’ਤੇ ਚੁੱਕ ਭੰਗੜਾ ਪਾਉਣ ਲੱਗੇ। ਨੀਲਮਾ ਵੀ ਉਸੇ ਕਾਲਜ 'ਚ ਅਮਰੀਕ ਤੋਂ ਇੱਕ ਕਲਾਸ ਪਿੱਛੇ ਪੜ੍ਹਦੀ ਸੀ। ਮੈਚ ਦੇ ਆਖ਼ਰੀ ਮਿੰਟਾਂ ਵਿੱਚ ਅਮਰੀਕ ਦੀ ਹਿੱਟ ਨਾਲ ਜਿਉਂ ਹੀ ਬਾਲ ਵਿਰੋਧੀ ਗੋਲ ’ਚ ਦਾਖ਼ਲ ਹੋਈ, ਨੀਲਮਾ ਬੁੜ੍ਹਕ ਉੱਠੀ। ਓਧਰ ਬਾਲ ਵਿਰੋਧੀ ਗੋਲ ’ਚ ਦਾਖ਼ਲ ਤੇ ਅਮਰੀਕ ਨੀਲਮਾ ਦੇ ਦਿਲ ’ਚ ਦਾਖ਼ਲ। ਉਹ ਚਹਿਕ ਉੱਠੀ ਤੇ ਆਪ-ਮੁਹਾਰੇ ਹੀ ਨੱਚਣ ਲੱਗੀ।

ਜਲਦੀ ਹੀ ਨੀਲਮਾ ਨੇ ਇਸ ਦਾਖ਼ਲੇ ਦੀ ਖ਼ਬਰ ਅਮਰੀਕ ਨੂੰ ਜ਼ਾਹਰ ਕਰ ਦਿੱਤੀ। ਬੱਸ ਫੇਰ ਕੀ ਸੀ, ਦੋਵੇਂ ਇੱਕ-ਦੂਜੇ ਉੱਪਰ ਲੱਟੂ ਹੋਣ ਲੱਗ ਪਏ। ਇਕ-ਦੋ ਦਿਨ ਬਾਅਦ ਮੈਚ ਦੀ ਚਰਚਾ ਤਾਂ ਮੱਠੀ ਪੈ ਗਈ ਪਰ ਦੋਵਾਂ ਦੇ ਪਿਆਰ ਦੀ ਨਵੀਂ ਚਰਚਾ ਜ਼ੋਰ ਫੜਨ ਲੱਗੀ। ਜਿਉਂ-ਜਿਉਂ ਦੋਵਾਂ ਦਾ ਇਸ਼ਕ ਬਲਵਾਨ ਹੁੰਦਾ ਗਿਆ, ਤਿਉਂ-ਤਿਉਂ ਚਰਚਾ ਵੀ ਬਲਵਾਨ ਹੁੰਦੀ ਗਈ। ਫਿਰ ਇਹ ਚਰਚਾ ਕਾਲਜ ਦੀਆਂ ਦੀਵਾਰਾਂ ਵੀ ਟੱਪ ਗਈ।

ਇਸ਼ਕ ਦੇ ਇਸ ਕਿੱਸੇ ਬਾਰੇ ਇੱਕ ਦਿਲਚਸਪ ਗੱਲ ਹੋਰ ਵੀ ਸੀ, ਜੋ ਇਸ ਨੂੰ ਵੱਧ ਚਰਚਿਤ ਕਰ ਰਹੀ ਸੀ। ਅਮਰੀਕ ਦੇਖਣ ਨੂੰ ਭਾਵੇਂ ਬੜਾ ਹੀ ਦਰਸ਼ਨੀ ਜੁਆਨ ਸੀ ਪਰ ਮੁੰਡਾ ਝਿਉਰਾਂ ਦਾ ਸੀ। ਕਣਕ-ਵੰਨੇ ਰੰਗ ਦੀ ਨੀਲਮਾ, ਅਗਰਵਾਲ ਬਾਣੀਆਂ ਦੀ ਕੁੜੀ ਸੀ। ਐਵੇਂ ਥੋੜ੍ਹਾ ਕਹਿੰਦੇ ਨੇ ਕਿ ਇਸ਼ਕ ਅੰਨ੍ਹਾ ਹੁੰਦਾ ਹੈ। ਅਮਰੀਕ ਤੇ ਨੀਲਮਾ ਦਾ ਪਿਆਰ ਰੰਗ, ਜਾਤ, ਧਰਮ ਦੇ ਬੰਧਨਾਂ ਨੂੰ ਕੋਹਾਂ ਪਿੱਛੇ ਛੱਡ ਗਿਆ। ਬੜਾ ਰੌਲਾ ਪਿਆ। ਮਾਪੇ ਅੱਡ ਪ੍ਰੇਸ਼ਾਨ। ਅਮਰੀਕ ਦਾ ਬਾਪ ਕਹੇ “ਸਾਲੇ ਦੀਆਂ ਲੱਤਾਂ ਤੋੜ ਦੂੰ, ਐਂ ਕਿਵੇਂ ਵਿਆਹ ਕਰਾ ਲੂ।” ਉਹ ਨਾਮੀ ਪੁੱਤ ਨੂੰ ਆਪਣੀ ਬਰਾਦਰੀ ਵਿੱਚ ਵਿਆਹ ਕੇ ਸਿਰ ਉੱਚਾ ਰੱਖਣਾ ਚਾਹੁੰਦਾ ਸੀ।

ਓਧਰ ਨੀਲਮਾ ਦੇ ਮਾਪੇ ਹੋਰ ਵੀ ਔਖੇ। ਉਹ ਕਦੇ ਵੀ ਬਰਦਾਸ਼ਤ ਨੀ ਸੀ ਕਰ ਸਕਦੇ ਉਨ੍ਹਾਂ ਦਾ ਜਵਾਈ ਝਿਊਰਾਂ ਦਾ ਮੁੰਡਾ ਹੋਵੇ, ਭਾਵੇਂ ਕਿੱਡਾ ਹੀ ਸੋਹਣਾ ਤੇ ਜੁਆਨ ਕਿਉਂ ਨਾ ਹੋਵੇ। ਉਹ ਨੀਲਮਾ ਨੂੰ ਕੁਦ-ਕੁਦ ਪੈਂਦੇ, “ਤੈਨੂੰ ਕੋਈ ਸ਼ਰਮ ਹੈ ਕਿ ਨਹੀਂ।” ਹੋਰ ਵੀ ਬੜਾ ਕੁੱਝ ਬੋਲਦੇ।

ਬੜਾ ਘਸਮਾਣ ਪਿਆ। ਅਮਰੀਕ ਤੇ ਨੀਲਮਾ ਨੇ ਵੀ ਜ਼ਿੱਦ ਹੀ ਫੜ ਲਈ। ਮਰਨਾ ਮਨਜ਼ੂਰ, ਹੁਣ ਅੱਡ ਨੀ ਹੋਣਾ। ਜ਼ਿਆਦਾ ਔਖਾ ਤਾਂ ਨੀਲਮਾ ਲਈ ਸੀ। ਅਗਾਂਹਵਧੂ ਵਿਚਾਰਾਂ ਦੇ ਧਾਰਨੀ ਪ੍ਰੋਫੈਸਰ ਰਾਜ ਕੁਮਾਰ ਦੀਆਂ ਗੱਲਾਂ ਦਾ ਉਸ ਉੱਪਰ ਬਹੁਤ ਅਸਰ ਸੀ। ਉਹ ਬੱਚਿਆਂ ਨੂੰ ਹਮੇਸ਼ਾ ਕਿਹਾ ਕਰਦਾ, “ਅਗਰ ਪੜ੍ਹ-ਲਿਖ ਕੇ ਵੀ ਅਸੀਂ ਜਾਤਾਂ-ਧਰਮਾਂ ਦੇ ਬੰਧਨਾਂ ਤੋਂ ਬਾਹਰ ਨਾ ਨਿਕਲੇ, ਫਿਰ ਬਾਕੀ ਸਮਾਜ ਤੋਂ ਕੀ ਆਸ। ਸਾਨੂੰ ਖ਼ੁਦ ਆਦਰਸ਼ ਬਣਨਾ ਚਾਹੀਦਾ ਹੈ। ਫੇਰ ਹੀ ਸਮਾਜ ਦਾ ਮਾਰਗ ਦਰਸ਼ਨ ਕਰ ਸਕਦੇ ਹਾਂ। ਵਰਨਾ ਸਮਾਜ ਨੂੰ ਕੀ ਸਵਾਹ ਬਦਲਾਂਗੇ।” ਇਨ੍ਹਾਂ ਗੱਲਾਂ ਨੇ ਨੀਲਮਾ ਦੇ ਮਨ ਨੂੰ ਬਹੁਤ ਉਤਸ਼ਾਹ ਤੇ ਹਿੰਮਤ ਬਖ਼ਸ਼ੀ ਸੀ।

ਉਸ ਵਕਤ ਪ੍ਰੋਫੈਸਰ ਰਾਜ ਕੁਮਾਰ ਨੇ ਦੋਵਾਂ ਨੂੰ ਸਮਝਾਇਆ, “ਦੇਖੋ, ਜਜ਼ਬਾਤੀ ਹੋ ਕੇ ਕੋਈ ਕਦਮ ਨਾ ਪੁੱਟ ਲੈਣਾ। ਹਾਂ, ਅਗਰ ਸੱਚੇ ਦਿਲੋਂ ਇੱਕ-ਦੂਜੇ ਨੂੰ ਪਿਆਰ ਕਰਦੇ ਹੋ ਤਾਂ ਜਾਤਾਂ-ਧਰਮਾਂ ਦੇ ਚੱਕਰ ਨੂੰ ਛੱਡ ਆਪਣੇ ਮਾਤਾ-ਪਿਤਾ ਨੂੰ ਦਿਲ ਦੀ ਗੱਲ ਖੁੱਲ੍ਹ ਕੇ ਦੱਸੋ।”

ਗੱਲ ਦੱਸੀ ਪਰ ਮਾਂ-ਬਾਪ ’ਤੇ ਕੋਈ ਅਸਰ ਨਾ ਹੋਇਆ। ਫਿਰ ਦੋਵਾਂ ਨੇ ਸ਼ਾਦੀ ਤਾਂ ਕਰ ਲਈ ਪਰ ਉਹ ਮਾਂ-ਬਾਪ ਦੇ ਪਿਆਰ, ਆਸ਼ੀਰਵਾਦ ਤੇ ਸਹਾਰੇ ਤੋਂ ਵਾਂਝੇ ਹੋ ਗਏ।

ਐਨੇ ਸਾਲਾਂ ਬਾਅਦ ਨੀਲਮਾ ਦੀਆਂ ਭਰੀਆਂ ਅੱਖਾਂ ਦੇਖ ਬਲਵੰਤ ਦਾ ਮਨ ਵੀ ਭਰ ਆਇਆ। ਉਹ ਪੁੱਛਣ ਲੱਗਾ, “ਪਰ ਭਾਬੀ ਜੀ, ਹੋਇਆ ਕੀ ਤੇ ਤੁਸੀਂ ਇੱਥੇ ਕਿਸ ਤਰ੍ਹਾਂ?”" ਇਹ ਗੱਲ ਕਰਦੇ ਬਲਵੰਤ ਦੇ ਮਨ ’ਚ ਕੋਈ ਪੀੜ ਜਿਹੀ ਉੱਠੀ।

ਨੀਲਮਾ ਨੇ ਵੀ ਆਪਣੇ ਆਪ ’ਤੇ ਕਾਬੂ ਪਾਇਆ ਤੇ ਦੱਸਣ ਲੱਗੀ, “ਉਹ ਅਕੈਡਮੀ ਵਿੱਚ ਟੀਚਰ ਹੈ। ਅੰਦਰ ਹੀ ਰਿਹਾਇਸ਼ ਮਿਲੀ ਹੋਈ ਹੈ। ਬੜੇ ਚਿਰਾਂ ਬਾਅਦ ਕੋਈ ਕਾਲਜ ਦਾ ਸਾਥੀ ਮਿਲਿਆ ਹੈ। ਜੇਕਰ ਜ਼ਿਆਦਾ ਜਲਦੀ ’ਚ ਨਹੀਂ ਤਾਂ ਆਓ, ਕਵਾਟਰ ਵਿੱਚ ਚਲਦੇ ਹਾਂ। ਆਰਾਮ ਨਾਲ ਗੱਲਾਂ ਕਰਾਂਗੇ।”

“ਠੀਕ ਹੈ, ਕੋਈ ਜਲਦੀ ਨਹੀਂ।”

ਕਵਾਟਰ ’ਚ ਪਹੁੰਚ ਕੇ ਪਾਣੀ ਦੇ ਗਿਲਾਸ ਵਾਲੀ ਟਰੇਅ ਬਲਵੰਤ ਦੇ ਅੱਗੇ ਕਰਦਿਆਂ ਨੀਲਮਾ ਨੇ ਪੁੱਛਿਆ, “ਤੁਸੀਂ ਅੱਜ ਏਧਰ ਕਿਸ ਤਰ੍ਹਾਂ ਆ ਗਏ?”

ਬਲਵੰਤ ਨੇ ਗਿਲਾਸ ਚੁਕਿਆ, ਪਾਣੀ ਪੀਤਾ, ਖਾਲੀ ਗਿਲਾਸ ਟਰੇਅ ਵਿੱਚ ਰੱਖਿਆ ਤੇ ਬੋਲਿਆ, “ਤੁਹਾਨੂੰ ਪਤਾ ਹੀ ਹੈ, ਕਾਲਜ ਤੋਂ ਬਾਅਦ ਮੈਨੂੰ ਨੇਵੀ ਵਿੱਚ ਨੌਕਰੀ ਮਿਲ ਗਈ ਸੀ ਤੇ ਮੈਂ ਬੰਬਈ ਚਲਾ ਗਿਆ ਸੀ। ਨੇਵੀ ਛੱਡਣ ਤੋਂ ਬਾਅਦ ਬੰਬਈ ’ਚ ਹੀ ਨੌਕਰੀ ਕਰਨ ਲੱਗਾ। ਹੁਣ ਵੀ ਉੱਥੇ ਹੀ ਵਧੀਆ ਸੈਂਟ ਹਾਂ। ਐਨੇ ਸਾਲਾਂ ਤੋਂ ਬੰਬਈ ਚ ਰਹਿ ਤਾਂ ਰਿਹਾਂ ਪਰ ਮਨ ਅਸ਼ਾਂਤ ਹੈ।”

“ਅੱਛਾ, ਮੈਂ ਇੱਕ-ਇੱਕ ਕੱਪ ਚਾਹ ਬਣਾ ਲਵਾਂ। ਮੇਰੇ ਮਨ ’ਚ ਵੀ ਬੜੀਆਂ ਗੱਲਾਂ ਨੇ, ਫੇਰ ਆਰਾਮ ਨਾਲ ਗੱਲਾਂ ਕਰਦੇ ਹਾਂ।” ਤੇ ਉਹ ਟਰੇਅ ਚੁੱਕ ਰਸੋਈ ਵੱਲ ਚਲੀ ਗਈ।

ਬੈਠਾ-ਬੈਠਾ ਬਲਵੰਤ ਸੋਚਣ ਲੱਗਾ, “ਕਿਵੇਂ ਉਹ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਨਾਲੋਂ ਟੁੱਟ ਕੇ ਬੰਬਈ ਦੀ ਮਸ਼ੀਨੀ ਜ਼ਿੰਦਗੀ ਦੀ ਮਸ਼ੀਨ ਦਾ ਇੱਕ ਪੁਰਜਾ ਬਣ ਕੇ ਰਹਿ ਗਿਆ ਹੈ। ਫਲੈਟ ਦਾ ਦਰਵਾਜ਼ਾ ਸਿਰਫ਼ ਅੰਦਰ ਜਾਂ ਬਾਹਰ ਆਉਣ ਵੇਲੇ ਖੁਲ੍ਹਦਾ ਹੈ। ਅਗਰ ਨੀਲਮਾ ਉਸਨੂੰ ਬੰਬਈ ਵਿੱਚ ਅਚਾਨਕ ਕਿਸੇ ਬੱਸ ਸਟਾਪ ਜਾਂ ਰੇਲਵੇ ਸਟੇਸ਼ਨ ’ਤੇ ਮਿਲ ਪੈਂਦੀ, ਸ਼ਾਇਦ ਉਹ ‘ਹੈਲੋਂ’ ਕਹਿ ਕੇ, ਭੱਜ ਕੇ ਗੱਡੀ ਜਾਂ ਬੱਸ ’ਤੇ ਚੜ੍ਹ ਜਾਂਦਾ। ਫਿਰ ਭੀੜ 'ਚ ਧੱਕਾ-ਮੁੱਕੀ ਹੁੰਦਾ-ਹੁੰਦਾ, ਦਫ਼ਤਰ ਪਹੁੰਚਣ ਤੱਕ ਇਹ ਵੀ ਭੁੱਲ ਜਾਂਦਾ ਕਿ ਉਸਨੂੰ ਕੋਈ ਜਾਣਨ ਵਾਲਾ ਮਿਲਿਆ ਸੀ।’

“ਕਿਹੜੀਆਂ ਸੋਚਾਂ ਵਿੱਚ ਪੈ ਗਏ?” ਚਾਹ ਵਾਲੀ ਟਰੇਅ ਟੇਬਲ ’ਤੇ ਰੱਖਦਿਆਂ ਨੀਲਮਾ ਬੋਲੀ।

“ਕੁੱਝ ਵੀ ਨਹੀਂ। ਬੱਸ ਐਵੇਂ ਹੀ ਏਧਰ-ਓਧਰ ਦੇ ਖ਼ਿਆਲ ਮਨ 'ਚ ਚੱਕਰ ਕੱਟ ਰਹੇ ਸਨ।”

“ਲਓ, ਚਾਹ ਲਓ। ਇਹ ਖ਼ਿਆਲ ਹੀ ਤਾਂ ਨੇ ਜੋ ਕਦੇ ਮਨ ਨੂੰ ਅਸ਼ਾਂਤ ਕਰ ਦਿੰਦੇ ਨੇ ਤੇ ਕਦੇ ਕੋਈ ਚੰਗਾ ਖ਼ਿਆਲ ਆਉਣ ’ਤੇ ਮਨ ’ਚ ਲੱਡੂ ਫੁੱਟਣ ਲੱਗ ਪੈਂਦੇ ਨੇ। ਅਸੀਂ ਪੜ੍ਹ-ਲਿਖ ਵੀ ਗਏ, ਤਰੱਕੀ ਵੀ ਬਹੁਤ ਹੋ ਗਈ। ਨਾਲ-ਨਾਲ ਬਿਮਾਰੀਆਂ, ਫ਼ਿਕਰ ’ਤੇ ਝੋਰੇ ਵੀ ਵਧ ਗਏ।" ਨੀਲਮਾ ਬਲਵੰਤ ਦੀਆਂ ਅੱਖਾਂ ’ਚ ਵੇਖ ਰਹੀ ਸੀ।”

“ਠੀਕ ਕਿਹਾ ਨੀਲਮਾ....ਫ਼ਿਕਰ-ਭੌਰਿਆਂ ਦੀ ਹੀ ਗੱਲ ਹੈ ਕਿ ਮੈਂ ਏਧਰ ਗੇੜਾ ਮਾਰਨ ਆਇਆਂ ਹਾਂ। ਉਸ ਵਕਤ ਪੰਜਾਬ ਦੇ ਖ਼ਰਾਬ ਮਾਹੌਲ ਨੂੰ ਵੇਖਦੇ ਮੈਂ ਬੰਬਈ ਸੈਂਟ ਹੋ ਗਿਆ। ਸੋਚਿਆ ਅੱਗੇ ਬੱਚਿਆਂ ’ਤੇ ਕੋਈ ਅਸਰ ਨਾ ਪਵੇ ਪਰ ਦੇਖਿਆ ਉੱਥੇ ਵੀ ਇਹੀ ਹਾਲ ਹੈ। ਐਨੇ ਸਾਲ ਹੋ ਗਏ ਰਹਿੰਦਿਆਂ ਪਰ ਉਹ ਸਾਨੂੰ ਬਾਹਰਲਾ ਹੀ ਸਮਝਦੇ ਨੇ। ਉੱਥੇ ਸਮੱਸਿਆ ਹੈ, ਇਹ ਮਰਾਠੀ, ਇਹ ਪੰਜਾਬੀ, ਇਹ ਬਿਹਾਰੀ, ਇਹ ਦੱਖਣ ਭਾਰਤੀ, ਇਹ ਬੰਗਾਲੀ, ਇਹ ਫਲਾਣਾ, ਇਹ ਢੀਂਗੜਾ, ਪੁੱਛੋ ਨਾ। ਸਹਿਣਸ਼ੀਲਤਾ ਤਾਂ ਅੱਜਕੱਲ੍ਹ ਗੁੰਮ ਹੀ ਹੋ ਗਈ। ਸੰਵੇਦਨਾ ਰਹੀ ਕੋਈ ਨੀ। ਮਾੜੀ-ਮਾੜੀ ਗੱਲ ’ਤੇ ਬਹਿਸਾਂ, ਝਗੜੇ ਤੇ ਲੜਾਈਆਂ। ਲੋਕ ਤਾਂ ਬੱਸ ਜਿਵੇਂ ਲੜਾਈ ਦਾ ਬਹਾਨਾ ਹੀ ਭਾਲਦੇ ਹਨ। ਉੱਪਰੋਂ ਸਰਕਾਰਾਂ ਦੇ ਕਾਰੇ ਦੇਖ ਲੋ, ਪਾਣੀ ਛਿੜਕਣ ਦੀ ਥਾਂ ਤੇਲ ਛਿੜਕਦੀਆਂ ਨੇ।”

“ਜਿੱਥੇ ਮੈਂ ਰਹਿੰਨਾ, ਬਹੁਤ ਵਧੀਆ ਪੜ੍ਹੇ-ਲਿਖੇ ਲੋਕਾਂ ਦਾ ਇਲਾਕਾ ਹੈ ਪਰ ਹਮੇਸ਼ਾ ਮਨ ’ਚ ਇੱਕ ਘੁਟਣ ਜਿਹੀ ਰਹਿੰਦੀ ਹੈ। ਉਹ ਸਾਨੂੰ ਆਪਣੇ ਸਮਾਜ ਦਾ ਅੰਗ ਨਹੀਂ, ਸਿਰਫ਼ ਪੰਜਾਬੀ ਸਮਝਦੇ ਨੇ। ਗੱਲ-ਗੱਲ ’ਤੇ ਓਹ ਪੰਜਾਬੀਆਂ ਦਾ ਪਰਿਵਾਰ, ਓਹ ਪੰਜਾਬੀਆਂ ਦਾ ਮੁੰਡਾ, ਓਹ ਪੰਜਾਬੀਆਂ ਦੀ ਕੁੜੀ ਆਦਿ। ਕਿਤੇ ਵੀ ਸਾਨੂੰ ਆਪਣੇ ਸਮਾਜ ਦਾ ਹਿੱਸਾ ਨਹੀਂ ਸਮਝਦੇ। ਹਰ ਗੱਲ ’ਚ ਅੱਡ ਜਿਹਾ ਰੱਖਦੇ ਨੇ। ਸੋਚਿਆ, ਮਨਾਂ ਜਿੱਥੇ ਜਾਓ, ਵੱਜਾਂਗੇ ਤਾਂ ਪੰਜਾਬੀ, ਇਹਦੇ ਨਾਲੋਂ ਆਪਣਾ ਇਲਾਕਾ ਹੀ ਠੀਕ ਹੈ। ਆਪਣੇ ਇਲਾਕੇ ਨਾਲ ਮੇਲ-ਜੋਲ ਤਾਂ ਰੱਖੀਏ। ਆਪਣਿਆਂ ਦਾ ਨਿੱਘ ਹੀ ਹੋਰ ਹੈ। ਇਸ ਅਕੈਡਮੀ ਦਾ ਬੜਾ ਨਾਮ ਸੁਣੀਦਾ ਸੀ। ਏਸੇ ਬਾਰੇ ਪਤਾ ਕਰਨ ਆਇਆ ਸੀ, ਅੱਗੋਂ ਤੁਸੀਂ ਮਿਲ ਗਏ। ਹੋਰ ਵੀ ਖ਼ੁਸ਼ੀ ਹੋਈ। ਮੈਂ ਆਪਣੇ ਪੋਤਰੇ ਨੂੰ ਏਧਰ ਦਾਖ਼ਲ ਕਰਵਾਉਣ ਬਾਰੇ ਸੋਚ ਰਿਹਾ ਸੀ। ਬਈ ਨਾਲੇ ਬਹਾਨੇ ਨਾਲ ਗੇੜਾ ਵੱਜਦਾ ਰਹੇਗਾ।”

ਬਲਵੰਡ ਦੀਆਂ ਗੱਲਾਂ ’ਚੋਂ ਮਨ ਦਾ ਕੋਈ ਡਰ, ਕੋਈ ਦੁੱਖ, ਕੋਈ ਚਿੰਤਾ, ਕੋਈ ਹੇਰਵਾ ਝਲਕਦਾ ਸੀ। ਇਹੀ ਪੀੜ ਨੀਲਮਾ ਦੇ ਮਨ ਵਿੱਚ ਸੀ। ਬਲਵੰਤ ਦੀਆਂ ਗੱਲਾਂ ਸੁਣ ਉਹ ਬੋਲੀ, “ਅਸੀਂ ਜੋ ਮਰਜ਼ੀ ਕਹੀ ਜਾਈਏ, ਆਹ ਤਰੱਕੀ ਕਰ ਲਈ, ਆਹ ਵਿਕਾਸ ਕਰ ਲਿਆ ਪਰ ਏਸ ਮਾਮਲੇ ’ਚ ਅੱਗੇ ਜਾਣ ਦੀ ਥਾਂ ਅਸੀਂ ਪਿੱਛੇ ਨੂੰ ਹੀ ਜਾ ਰਹੇ ਹਾਂ। ਇਹ ਜਾਤ-ਪਾਤ ਦਾ ਕੋਹੜ, ਸਮਾਜਿਕ ਵਖਰੇਵਾਂ, ਧਰਮਾਂ ਦੇ ਨਾਮ ਦੀ ਨਫ਼ਰਤ, ਕਈ ਹੋਰ ਬੇੜੀਆਂ ਤੇ ਸੰਗਲ, ਅਜੇ ਵੀ ਸਾਡੇ ਪੈਰਾਂ ’ਚ ਜਿਉਂ ਦੀਆਂ ਤਿਉਂ ਹਨ। ਇਹ ਸੰਗਲ ਸਾਨੂੰ ਜਕੜੀ ਬੈਠੇ ਹਨ। ਇਸੇ ਗੱਲ ਨੇ ਹੀ ਅਮਰੀਕ ਦੀ ਜਾਨ ਲਈ ਸੀ। ਦੱਸੋ ਇਸ ਵਿਕਾਸ ਤੇ ਤਰੱਕੀ ਨੂੰ ਕੀ ਚੱਟੀਏ।”

“ਅੱਛਾ! ਕੀ ਹੋਇਆ ਸੀ ਅਮਰੀਕ ਨੂੰ?” ਬਲਵੰਤ ਨੇ ਮਹਿਸੂਸ ਕੀਤਾ, ਉਸਨੇ ਅਮਰੀਕ ਵਾਲੀ ਗੱਲ ਤਾਂ ਜਾਣੀ ਹੀ ਨਹੀਂ। ਨਾ ਚੱਜ ਨਾਲ ਨੀਲਮਾ ਨਾਲ ਅਫ਼ਸੋਸ ਕੀਤਾ ਤੇ ਆਪਣੀ ਹੀ ਰਾਮ-ਕਹਾਣੀ ਲੈ ਬੈਠਾ।

“ਕੀ ਦੱਸਾਂ ਤੇ ਕੀ ਨਾ ਦੱਸਾਂ, ਤੁਹਾਨੂੰ ਐਨਾ ਕੁ ਤਾਂ ਪਤਾ ਹੀ ਹੈ। ਕਿ ਸਾਡੀ ਸ਼ਾਦੀ ਤੇ ਸਾਰੇ ਨਾਰਾਜ਼ ਸਨ। ਅਸੀਂ ਮਨਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਕੋਈ ਹੁੰਗਾਰਾ ਨਾ ਮਿਲਿਆ। ਦੋਵੇਂ ਪਾਸੇ ਜਾਤੀ ਹੰਕਾਰ ਦਾ ਨਾਗ ਕਹੋ, ਸੰਗਲ ਕਹੋ, ਪੈਰਾਂ ਨੂੰ ਬੁਰੀ ਤਰ੍ਹਾਂ ਵਲੇਟਾ ਮਾਰੀ ਬੈਠਾ ਸੀ। ਫਿਰ ਅਚਾਨਕ ਉਨ੍ਹਾਂ ਦੀ ਮੌਤ ਹੋ ਗਈ। ਮੈਨੂੰ ਬੁਰੀ ਤਰ੍ਹਾਂ ਝੰਜੋੜ ਤੇ ਤੋੜ ਦਿੱਤਾ। ਏਸ ਦੁੱਖ ਦੀ ਘੜੀ ਚ ਜਿਨ੍ਹਾਂ ਨੇ ਸਹਾਰਾ ਦੇਣਾ ਸੀ, ਅੰਦਰੋ-ਅੰਦਰੀ ਖ਼ੁਸ਼ ਹੋਣ ਲੱਗੇ, ‘ਹੁਣ ਪਤਾ ਲੱਗੂ, ਇਸ ਨਾਲ ਏਦਾਂ ਹੀ ਹੋਣੀ ਚਾਹੀਦੀ ਸੀ’, ਪੁੱਛੋ ਨਾ ਬਸ।”

“ਗੱਲ ਇਹ ਹੋਈ, ਇੱਕ ਦਿਨ ਕੁੱਝ ਬੰਦੂਕ-ਧਾਰੀਆਂ ਨੇ ਸਾਰੇ ਬਾਜ਼ਾਰ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਕੁੱਝ ਆਦਮੀ ਥਾਂ ’ਤੇ ਮਰ ਗਏ ਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ। ਭਗਦੜ ਮੱਚ ਗਈ ਤੇ ਜੰਗਲ ਦੀ ਅੱਗ ਵਾਂਗੂੰ ਮਿੰਟਾਂ ਵਿੱਚ ਖ਼ਬਰ ਸਾਰੇ ਸ਼ਹਿਰ ਵਿੱਚ ਫੈਲ ਗਈ। ਰੱਬ ਜਾਣੇ, ਗੋਲੀ ਚਲਾਉਣ ਵਾਲੇ ਕੌਣ ਸਨ। ਉਹ ਜਾ ਚੁੱਕੇ ਸਨ। ਲੋਕ ਗ਼ਮ ਤੇ ਸੋਗ ਵਿੱਚ ਸਨ। ਭੀੜ ਜਮ੍ਹਾਂ ਹੋਣੀ ਸ਼ੁਰੂ ਹੋ ਗਈ। ਮੌਕਾ-ਪ੍ਰਸਤਾਂ ਨੂੰ ਤਾਂ ਮਸਾਂ ਮੌਕਾ ਮਿਲਿਆ। ਜ਼ਖ਼ਮੀਆਂ ਦੀ ਕੋਈ ਫ਼ਿਕਰ ਨਹੀਂ ਕੌਣ ਕਿੱਥੇ ਤੜਫ਼ ਰਿਹੈ, ਲੱਗੇ ਆਪਣੀ ਲੀਡਰੀ ਚਮਕਾਉਣ ਤੇ ਨਾਅਰੇਬਾਜ਼ੀ ਸ਼ੁਰੂ। ਜ਼ਹਿਰ ਉਗਲਣ ਲੱਗੇ। ਇੱਕ ਫਿਰਕੇ ਦੀਆਂ ਦੁਕਾਨਾਂ ਦੀ ਭੰਨ-ਤੋੜ ਸ਼ੁਰੂ ਕਰਵਾ ਦਿੱਤੀ। ਲੁਟੇਰੇ ਤੇ ਹੋਰ ਸਮਾਜ ਵਿਰੋਧੀ ਅਨਸਰ ਵੀ ਨਾਲ ਆ ਰਲੇ ਤੇ ਹੱਥ ਰੰਗਣ ਲੱਗੇ। ਪੁਲਿਸ ’ਤੇ ਪਥਰਾ ਕਰਵਾ ਦਿੱਤਾ।”

“ਇਹ ਉਸ ਦਿਨ ਘਰ ਹੀ ਸਨ ਤੇ ਨਹਾ ਕੇ ਵਾਲ ਸੁਕਾ ਰਹੇ ਸਨ। ਜਿਉਂ ਹੀ ਘਟਨਾ ਦਾ ਪਤਾ ਲੱਗਾ ਤਾਂ ਝੱਟ ਵਾਲ ’ਕੱਠੇ ਕੀਤੇ ਤੇ ਪੱਗ ਵਲੇਟ ਲਈ। ਸਾਈਕਲ ਚੁੱਕ ਮੈਨੂੰ ਕਹਿਣ ਲੱਗੇ, “ਮੈਂ ਹਸਪਤਾਲ ਜਾ ਰਿਹਾਂ, ਕੀ ਪਤਾ ਮੇਰੇ ਦਿੱਤੇ ਖ਼ੂਨ ਨਾਲ ਕਿਸੇ ਨਿਰਦੋਸ਼ ਦੀ ਜਾਨ ਹੀ ਬਚ ਜੇ। ਮੈਂ ਜਲਦੀ ਨਾ ਵੀ ਮੁੜਿਆ ਤਾਂ ਫ਼ਿਕਰ ਨਾ ਕਰੀਂ।” ਮੈਂ ਅੱਗੇ ਹੋ ਕੇ ਰੋਕਿਆ ਕਿ ਜਲਦਬਾਜ਼ੀ ਨਾ ਕਰੋ। ਗੁਆਂਢਣ ਦੱਸਦੀ ਸੀ ਮਾਹੌਲ ਠੀਕ ਨਹੀਂ, ਹਜ਼ੂਮ ਗੁੱਸੇ ਤੇ ਭੜਕਾਹਟ ਵਿੱਚ ਹੈ। ਪੁਲਿਸ ’ਤੇ ਪਥਰਾ ਹੋਇਐ। ਦੁਕਾਨਾਂ ਦੀ ਭੰਨ-ਤੋੜ ਤੇ ਲੁੱਟ-ਮਾਰ ਹੋ ਰਹੀ ਹੈ। ਤੁਹਾਡੇ ਸਿਰ ’ਤੇ ਪੱਗ ਹੈ। ਹਸਪਤਾਲ ਲਈ ਬਾਜ਼ਾਰ ’ਚੋਂ ਦੀ ਜਾਣਾ ਪੈਣਾ। ਤੁਸੀਂ ਅਜੇ ਥੋੜ੍ਹੀ ਦੇਰ ਘਰ ਰੁਕੋ। ਮੈਂ ਪੂਰੀ ਖ਼ਬਰ ਲੈ ਕੇ ਆਉਂਦੀ ਹਾਂ ਪਰ ਕਿੱਥੇ, ਮੇਰੀ ਬਾਂਹ ਫੜ ਕੇ ਮੈਨੂੰ ਇੱਕ ਪਾਸੇ ਕਰਤਾ ਤੇ ਕਹਿੰਦੇ, ‘ਤੂੰ ਬਾਣੀਆਂ ਵਾਲੀਆਂ ਗੱਲਾਂ ਅਜੇ ਤੱਕ ਨੀ ਛੱਡਦੀ। ਪੱਗ ਕੀ ਕਹਿੰਦੀ ਐਂ, ਰੋਕਦੀ-ਰੋਕਦੀ ਤੋਂ ਸਾਈਕਲ ਘਰੋਂ ਬਾਹਰ ਤੇ ਹਸਪਤਾਲ ਨੂੰ ਤੁਰ ਗਏ। ਬੱਚਿਆਂ ਨੂੰ ਛੱਡ ਨਾ ਮਗਰ ਜਾਣ ਜੋਗੀ, ਨਾ ਦੋਵਾਂ ਨੂੰ ਨਾਲ ਲੈ ਕੇ ਤੁਰਨ ਜੋਗੀ। ਗੁਆਂਢਣ ਨੂੰ ਆਵਾਜ਼ ਮਾਰ ਉਸਨੂੰ ਸਾਰੀ ਗੱਲ ਦੱਸੀ।”

“ਅਜੇ ਵੀਹ-ਪੰਝੀ ਮਿੰਟ ਮਸਾਂ ਹੋਏ ਹੋਣਗੇ, ਕੀ ਦੇਖਦੇ ਹਾਂ ਕਿ 9-10 ਬੰਦੇ ਉਨ੍ਹਾਂ ਨੂੰ ਚੁੱਕੀ ਆਉਣ। ਉਨ੍ਹਾਂ ਨੂੰ ਲਹੂ-ਲੁਹਾਣ ਦੇਖ ਮੇਰੇ ਤਾਂ ਹੋਸ਼ ਹੀ ਉੱਡ ਗਏ। ਗੁਆਂਢੀ ਕੋਲ ਗੱਡੀ ਸੀ ਆਪਣੀ ਟੈਕਸੀ, ਵਿਚਾਰਾ ਫੱਟ ਸਟਾਰਟ ਕਰ ਲਿਆਇਆ। ਗੱਡੀ ’ਚ ਪਾ ਲਿਆ ਤੇ ਰੋਂਦੀ-ਰੋਂਦੀ ਮੈਂ ਵੀ ਨਾਲ ਬੈਠ ਗਈ। ਖ਼ੂਨ ਵਗਦਾ ਦੇਖ ਹੌਲ ਪੈ ਰਹੇ ਸਨ ਤੇ ਛੋਟੇ ਬੱਚੇ ਵਾਂਗੂੰ ਉਨ੍ਹਾਂ ਦਾ ਸਿਰ ਬਾਹਾਂ ਵਿੱਚ ਫੜੀ ਬੈਠੀ ਸਾਂ। ਉਨ੍ਹਾਂ ਆਪਣੇ ਇੱਕ ਹੱਥ ਨਾਲ ਮੇਰਾ ਹੱਥ ਫੜਿਆ ਹੋਇਆ ਸੀ ਤੇ ਹੌਲੀ-ਹੌਲੀ ਕੁੱਝ ਬੋਲ ਰਹੇ ਸਨ। ਕੀ ਕਹਿ ਰਹੇ ਸਨ, ਕੁਝ ਸਮਝ ਨਾ ਆਇਆ। ਮੈਨੂੰ ਸੁਣਨ-ਸਮਝਣ ਦੀ ਸੁਰਤ ਹੀ ਕਿੱਥੇ ਸੀ। ਹਸਪਤਾਲ ਕੋਲ ਪਹੁੰਚੇ ਹੀ ਸੀ ਕਿ ਉਨ੍ਹਾਂ ਦੇ ਹੱਥ ਦਾ ਕਸ ਵਧਣ ਲੱਗਾ। ਰੋਂਦੀ-ਰੋਂਦੀ ਨੇ ਉਨ੍ਹਾਂ ਦੇ ਮੂੰਹ ਵੱਲ ਵੇਖਿਆ ਤੇ ਸਿਰ ਨੂੰ ਹੋਰ ਘੁੱਟ ਕੇ ਹਿੱਕ ਨਾਲ ਲਾ ਲਿਆ। ਮੇਰਾ ਹੱਥ ਉਨ੍ਹਾਂ ਪੂਰੀ ਜ਼ੋਰ ਦੀ ਘੁੱਟ ਲਿਆ ਤੇ ਫੇਰ ਉਨ੍ਹਾਂ ਦੀਆਂ ਅੱਖਾਂ ਟੱਡੀਆਂ ਗਈਆਂ। ਵੇਖਦੇ ਹੀ ਵੇਖਦੇ, ਉਨ੍ਹਾਂ ਆਖ਼ਰੀ ਸਾਹ ਲਿਆ ਤੇ ਪ੍ਰਾਣ ਤਿਆਗ ਦਿੱਤੇ। ਮੈਂ ਵੀ ਬੇਹੋਸ਼ ਹੋ ਗਈ। ਬੱਸ ਵੀਰ ਜੀ, ਹੁਣ ਮੈਂ ਇਕ ਵਿਧਵਾ ਸਾਂ ਤੇ ਬੱਚੇ ਅਨਾਥ।” ਐਨੀਆਂ ਗੱਲਾਂ ਕਰਦੀ ਨੀਲਮਾ ਦੀਆਂ ਅੱਖਾਂ ’ਚੋਂ ਹੰਝੂ ਵਹਿ ਤੁਰੇ।

ਇਹ ਦਰਦ ਕਹਾਣੀ ਸੁਣ ਕੇ ਬਲਵੰਤ ਦਾ ਵੀ ਮਨ ਭਰ ਆਇਆ ਪਰ ਉਸਨੇ ਨੀਲਮਾ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਸਨੂੰ ਆਪਣਾ ਮਨ ਹੌਲਾ ਕਰਨ ਦਿੱਤਾ, ‘ਕੀ ਪਤਾ ਕਿੰਨੇ ਚਿਰਾਂ ਤੋਂ ਇਹ ਹੰਝੂ ਰੋਕੇ ਹੋਏ ਸਨ ਤੇ ਏਥੇ ਕਿਸ ਕੋਲ ਆਪਣਾ ਮਨ ਹੌਲਾ ਕਰ ਸਕਦੀ ਸੀਂ।’

ਕੁੱਝ ਦੇਰ ਚੁੱਪ ਛਾਈ ਰਹੀ। ਫਿਰ ਬਲਵੰਤ ਬੋਲਣ ਲੱਗਾ, “ਕਿੰਨੀ ਅਜੀਬ ਵਿਡੰਬਣਾ ਹੈ ਕਿ ਜੋ ਇਨਸਾਨ ਹਮੇਸ਼ਾ ਲੋਕਾਂ ਲਈ ਸੋਚਦਾ ਰਿਹਾ, ਉਨ੍ਹਾਂ ਦੇ ਕੰਮ ਆਉਂਦਾ ਰਿਹਾ, ਇਹੀ ਲੋਕ ਪੱਖੀ ਸੋਚ ਉਸਦੀ ਮੌਤ ਦਾ ਕਾਰਨ ਬਣ ਗਈ।”  ਕੁੱਝ ਕੁ ਸੰਭਲ ਨੀਲਮਾ ਹੋਰ ਦੱਸਣ ਲੱਗੀ, “ਆਪਣੇ ਤਾਂ ਪਹਿਲਾਂ ਹੀ ਪਾਸਾ ਵੱਟੀ ਬੈਠੇ ਸਨ, ਵੀਰ ਜੀ ਕਿਸੇ ਲੀਡਰ, ਕਿਸੇ ਸਰਕਾਰ ਨੇ, ਕੋਈ ਸਾਰ ਨਹੀਂ ਲਈ। ਸਿਰਫ਼ ਗੱਲਾਂ ਤੇ ਫੋਕੇ ਵਾਅਦੇ। ਇਹ ਤਾਂ ਭਲਾ ਹੋਵੇ ਪ੍ਰੋਫੈਸਰ ਰਾਜ ਕੁਮਾਰ ਜੀ ਦਾ, ਜਿਨ੍ਹਾਂ ਸਾਡੀ ਬਾਂਹ ਫੜੀ ਤੇ ਅਕੈਡਮੀ ਵਿੱਚ ਨੌਕਰੀ ਦਿਵਾਈ। ਰਹਿਣ ਦਾ ਪ੍ਰਬੰਧ ਵੀ ਹੋ ਗਿਆ ਤੇ ਬੱਚੇ ਵੀ ਪੜ੍ਹ ਗਏ।”

“ਦੁੱਖ ਆਪ ਹੀ ਇਨਸਾਨ ਨੂੰ ਅਕਲ ਵੀ ਦੇ ਦਿੰਦੈ ਤੇ ਸਮਝ ਵੀ। ਇਸ ਪਹਾੜ ਜਿੱਡੇ ਦੁੱਖ ਨੇ ਜਿੱਥੇ ਮੈਨੂੰ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ, ਉੱਥੇ ਨਾਲ ਹੀ ਇਹ ਅਹਿਸਾਸ ਵੀ ਕਰਵਾਇਆ, ‘ਨੀਲਮਾ, ਤੈਨੂੰ ਜਿਉਣਾ ਪੈਣੈ, ਆਪਣੇ ਅਮਰੀਕ ਦੀ ਖ਼ਾਤਰ, ਉਨ੍ਹਾਂ ਅਸੂਲਾਂ ਤੇ ਆਦਰਸ਼ਾਂ ਖ਼ਾਤਰ ਅਤੇ ਇਹ ਪਿਆਰ ਦੀਆਂ ਦੋ ਨਿਸ਼ਾਨੀਆਂ ਖ਼ਾਤਰ, ਤੈਨੂੰ ਜਿਉਣਾ ਹੀ ਪੈਣੈ। ਜੇ ਤੂੰ ਹੀ ਢੇਰੀ ਢਾਹ ਕੇ ਬੈਠ ਗਈ, ਤੈਨੂੰ ਵੀ ਸਮਾਜ ਨੇ ਜਿਉਣ ਨੀ ਦੇਣਾ। ਇਹ ਸਮਾਜ ਜੇ ਰਹਿਮ ਦਿਲ ਹੈ ਤਾਂ ਬੜਾ ਬੇਰਹਿਮ ਵੀ। ਤੇਰਾ ਤੇ ਤੇਰੇ ਬੱਚਿਆਂ ਦਾ ਸ਼ੋਸ਼ਣ ਕਰਨ ਲੱਗਿਆਂ ਵੀ ਦੇਰ ਨੀ ਲਾਉਣੀ।’ ਫੇਰ ਤਾਂ ਵੀਰ ਜੀ, ਇਸਨੂੰ ਪਾਗਲਪਣ ਕਹੋ ਜਾਂ ਹਿੰਮਤ, ਮਨ ’ਤੇ ਪੱਥਰ ਧਰ ਲਿਆ। ਸੋਚਿਆ, ਕਿਸੇ ਅੱਗੇ ਹੱਥ ਨੀ ਅੱਡਣੇ। ਇਨ੍ਹਾਂ ਬੱਚਿਆਂ ਨੂੰ ਮਾਂ ਤੇ ਬਾਪ, ਦੋਵੇਂ ਬਣ ਕੇ ਪਾਲਾਂਗੀ। ਇਸ ਹਨ੍ਹੇਰ-ਗਰਦੀ ਵਿੱਚ ਬਥੇਰੇ ਘਰ ਤਬਾਹ ਹੋਏ ਨੇ। ਬੜੀਆਂ ਮਾਵਾਂ ਦੇ ਪੁੱਤ ਮਰੇ ਨੇ। ਬੜੀਆਂ ਦੇ ਸੁਹਾਗ ਉੱਜੜੇ ਨੇ। ਉਹ ਵੀ ਤਾਂ ਜੀਅ ਰਹੀਆਂ ਨੇ। ਬੱਸ ਇਸੇ ਧੀਰਜ ਨੇ ਮੈਨੂੰ ਹੌਸਲਾ ਦਿੱਤਾ ਤੇ ਮੇਰੇ ਅੰਦਰ ਜੀਣ ਦੀ ਚਿੰਗਾਰੀ ਧੁਖਦੀ ਰਹੀ....।” ਤੇ ਬੋਲਦੀ-ਬੋਲਦੀ ਉਹ ਚੁੱਪ ਹੋ ਗਈ।

ਨੀਲਮਾ ਦੇ ਦੁੱਖ ਨੇ ਬਲਵੰਤ ਨੂੰ ਬੁਰੀ ਤਰਾਂ ਝੰਜੋੜ ਦਿੱਤਾ। ਫਿਰ ਨਾਲ ਉਸਦਾ ਆਪਣਾ ਦੁੱਖ ਵੀ ਇਸ 'ਚ ਰਲ-ਗੰਡ ਹੋ ਗਿਆ। ਸੋਚਣ ਲੱਗਾ, ‘ਨਹੀਂ... ਇਹ ਇਕੱਲੀ ਨੀਲਮਾ ਦਾ ਦੁੱਖ ਨਹੀਂ। ਇਕੱਲੇ ਬਲਵੰਡ ਦਾ ਦੁੱਖ ਵੀ ਨਹੀਂ। ਇਹ ਤਾਂ ਮੁਲਕ ਦੇ ਆਮ ਲੋਕਾਂ ਦਾ ਦੁੱਖ ਹੈ। ਇਹ ਤਾਂ ਸਾਰੇ ਮੁਲਕ ਦਾ ਦੁੱਖ ਹੈ।’

ਅਚਾਨਕ ਉਹ ਆਮ ਨਾਲੋਂ ਉੱਚੀ ਆਵਾਜ਼ ’ਚ ਬੋਲਣ ਲੱਗਾ, “ਨੀਲਮਾ ਤੇਰੇ ਹੌਸਲੇ ਨੂੰ ਸਲਾਮ...ਜੋ ਉਸ ਵਕਤ ਵੀ ਬੁਲੰਦ ਸੀ ਤੇ ਮੈਂ ਵੇਖ ਰਿਹਾਂ ਅੱਜ ਵੀ ਬੁਲੰਦ ਹੈ, ਪਰ ਗੱਲ ਤਾਂ ਇਹ ਹੈ ਕਿ ਕੱਟੜਵਾਦ ਤੇ ਸੌੜੀ ਸੋਚ ਦੀ ਇਹ ਚੱਕੀ ਕਦ ਤੱਕ ਗਿੜਦੀ ਰਹੇਗੀ। ਮਨੁੱਖੀ ਜਿਸਮ ਤੇ ਪਿੰਜਰ ਕਦ ਤੱਕ ਇਸ ਵਿੱਚ ਪਿਸਦੇ ਰਹਿਣਗੇ। ਕਦ ਤੱਕ ਬੇਦੋਸ਼ਿਆਂ ਦਾ ਖ਼ੂਨ ਇੰਝ ਹੀ ਵਹਿੰਦਾ ਰਹੇਗਾ। ਕਿੰਨੀਆਂ ਹੋਰ ਕੁਰਬਾਨੀਆਂ ਭਾਲਦੇ ਨੇ ਏਹ।”

“ਤੁਹਾਡੇ ਵਾਂਗ ਕਿੰਨੀਆਂ ਹੋਰ ਨੀਲਮਾ ਨੂੰ ਅਜਿਹੇ ਕਠਿਨ ਇਮਤਿਹਾਨਾਂ ’ਚੋਂ ਗੁਜ਼ਰਨਾ ਪਵੇਗਾ? ਕਿੰਨੇ ਹੋਰ ਪ੍ਰੋਫੈਸਰ ਰਾਜ ਕੁਮਾਰ ਪੈਦਾ ਕਰਨੇ ਪੈਣਗੇ? ਕਿੰਨੇ ਹੋਰ ਬੱਚੇ-ਬੱਚੀਆਂ ਨੂੰ ਨਫ਼ਰਤ ਦੀ ਇਸ ਅੱਗ ਦਾ ਸੇਕ ਸਹਿੰਦੇ ਰਹਿਣਾ ਪਵੇਗਾ? ਕਦ ਤੱਕ ਅਸੀਂ ਆਪਣੇ ਹੀ ਮੁਲਕ ਵਿੱਚ ਬਿਗਾਨਿਆਂ ਵਾਂਗ ਡਰ ਤੇ ਸਹਿਮ ਦੇ ਸਾਏ ਹੇਠ ਜੀਵਨ ਜਿਉਂਦੇ ਰਹਾਂਗੇ? ਅਸਲ ਸਵਾਲ ਤਾਂ ਇਹ ਹੈ ਕਿ ਇਸ ਹਨੇਰ-ਗਰਦੀ ਨੂੰ ਰੋਕੇਗਾ ਕੌਣ? ਇਹ ਕਦ ਰੁਕੇਗੀ? ਅਮਰੀਕ ਤੇ ਉਸ ਵਰਗੇ ਹੋਰ ਸਮਾਜ ਸੇਵੀ ਯੋਧਿਆਂ ਦੀ ਕੁਰਬਾਨੀ ਕਦ ਰੰਗ ਲੈ ਕੇ ਆਏਗੀ? ਇਹ ਸਰਕਾਰਾਂ ਕਦ ਜਾਗਣਗੀਆਂ? ਜਾਗਣਗੀਆਂ ਵੀ ਕਿ ਨਹੀਂ।”