ਸਮੱਗਰੀ 'ਤੇ ਜਾਓ

ਰੇਤ ਦੇ ਘਰ/ਰੇਗਿਸਤਾਨ ਦੇ ਹੰਝੂ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
49597ਰੇਤ ਦੇ ਘਰ — ਰੇਗਿਸਤਾਨ ਦੇ ਹੰਝੂਪਰਮਜੀਤ ਮਾਨ

ਰੇਗਿਸਤਾਨ ਦੇ ਹੰਝੂ

ਕਈ ਵਾਰ ਪੁਰਾਣੀ ਗੱਲ ਵੀ ਇੰਝ ਲੱਗਣ ਲੱਗ ਪੈਂਦੀ ਹੈ, ਜਿਵੇਂ ਕੱਲ੍ਹ ਦੀ ਗੱਲ ਹੋਵੇ। ਮੈਨੂੰ ਕਿਰਾਏ ’ਤੇ ਰਹਿਣ ਲਈ ਜਗ੍ਹਾ ਦੀ ਲੋੜ ਸੀ। ਇੱਕ ਸਾਂਝੇ ਮਿੱਤਰ ਰਾਹੀਂ ਵਿਜੈ ਨਾਲ ਜਾਣ-ਪਹਿਚਾਣ ਹੋਈ ਤੇ ਮੈਂ ਕਿਰਾਏਦਾਰ ਬਣ ਕੇ ਵਿਜੈ ਦੇ ਮਕਾਨ ਵਿੱਚ ਰਹਿਣ ਲੱਗਾ। ਇਕੱਠੇ ਰਹਿੰਦਿਆਂ ਇਹ ਜਾਣ-ਪਹਿਚਾਣ ਵਧਦੀ ਗਈ ਤੇ ਗੂੜ੍ਹੀ ਮਿੱਤਰਤਾ ਵਿੱਚ ਬਦਲ ਗਈ।

ਵਿਜੈ ਨਰਮ ਦਿਲ ਨੇਕ ਇਨਸਾਨ ਸੀ। ਸਮਝਦਾਰ, ਸਿਆਣਾ ਤੇ ਦੁੱਖ-ਸੁੱਖ ’ਚ ਕੰਮ ਆਉਣ ਵਾਲਾ। ਉਸ ਨਾਲ ਰਹਿਣਾ ਮੈਨੂੰ ਚੰਗਾ ਲੱਗਾ। ਮਾਲਕ-ਮਕਾਨ ਵਾਲੀ ਉਸ ਅੰਦਰ ਕੋਈ ਟੈਂਅ ਨਹੀਂ ਸੀ। ਅਸੀਂ ਜਲਦੀ ਹੀ ਘੁਲ-ਮਿਲ ਗਏ। ਖੁੱਲ੍ਹ ਕੇ ਗੱਲਾਂ-ਬਾਤਾਂ ਕਰਨ ਲੱਗੇ। ਜਦ ਵੀ ਦੋਵਾਂ ਨੂੰ ਵਿਹਲ ਹੁੰਦੀ, ਸ਼ਾਮ ਨੂੰ ਇਕੱਠੇ ਬੈਠ ਗੱਲਾਂ ਕਰਦੇ ਰਹਿੰਦੇ। ਹੌਲੀ-ਹੌਲੀ ਪੈੱਗ ਵੀ ਲਾਉਣ ਲੱਗ ਪਏ। ਪੈੱਗ ਦੀ ਸਾਂਝ ਬਣਨ ਤੋਂ ਬਾਅਦ ਗੱਲਾਂ ਦਾ ਘੇਰਾ ਹੋਰ ਵਧਦਾ ਗਿਆ।

ਕਦੇ-ਕਦੇ ਉਹ ਦੋ-ਤਿੰਨ ਪੈੱਗ ਲਾਉਣ ਤੋਂ ਬਾਅਦ, ਸਤਿਬੀਰ ਤੇ ਕੁਲਜੀਤ ਦੀਆਂ ਗੱਲਾਂ ਕਰਨ ਲੱਗਦਾ। ਇੱਕ ਦਿਨ ਪੂਰੇ ਸਰੂਰ ’ਚ ਆ ਕੇ ਉਸ ਕਿਹਾ, “ਇੰਦਰ, ਤੇਰੇ ਤੇ ਸਤਿਬੀਰ ’ਚ ਕੋਈ ਫ਼ਰਕ ਨੀ ਲੱਗਦਾ। ਭਰਜਾਈ ਵੀ ਬਿਲਕੁਲ ਕੁਲਜੀਤ ਵਰਗੀ ਐ। ਕਦੇ-ਕਦੇ ਤੁਸੀਂ ਦੋਵੇਂ ਮੈਨੂੰ ਸਤਿਬੀਰ ਤੇ ਕੁਲਜੀਤ ਦੇ ਡੁਪਲੀਕੇਟ ਲੱਗਣ ਲੱਗ ਪੈਂਦੇ ਹੋ?” ਉਹ ਮਨ ਦੀ ਕਿਸੇ ਡੂੰਘ ਵਿੱਚ ਉੱਤਰ ਗਿਆ ਲੱਗਾ।

‘ਭਰਜਾਈ ਵੀ ਬਿਲਕੁਲ ਕੁਲਜੀਤ ਵਰਗੀ ਐਂ ਗੱਲ ਮਨ ਨੂੰ ਕੁੱਝ ਚੁਭੀ। ‘ਵਿਜੈ ਇਹ ਕੀ ਗੱਲਾਂ ਕਰਨ ਲੱਗ ਪਿਆ।’ ਫਿਰ ਸੋਚਿਆ, ‘ਛੱਡੋ ਪਰੇ। ਵਿਜੈ ਦਾ ਕੋਈ ਜਾਣ-ਪਹਿਚਾਣ ਵਾਲਾ ਪਰਿਵਾਰ ਹੋਣੈ। ਜਿਨ੍ਹਾਂ ਨਾਲ ਜ਼ਿਆਦਾ ਨੇੜਤਾ ਹੁੰਦੀ ਹੈ, ਆਪਾਂ ਕਿਸੇ ਬਹਾਨੇ ਯਾਦ ਕਰ ਹੀ ਲੈਂਦੇ ਹਾਂ।’ ਤੇ ਅੱਗੇ ਮੈਂ ਗੱਲ ਦੀ ਬਹੁਤੀ ਗੌਰ ਨਾ ਕੀਤੀ।

ਇੱਕ ਦਿਨ ਫਿਰ ਉਹ ਸਤਿਬੀਰ ਤੇ ਕੁਲਜੀਤ ਦੀਆਂ ਗੱਲਾਂ ਕਰਨ ਲੱਗਾ। ਗੱਲਾਂ ਕਰਦਾ ਬਹੁਤਾ ਹੀ ਭਾਵੁਕ ਹੋ ਗਿਆ। ਮੈਂ ਮਹਿਸੂਸ ਕੀਤਾ, ਕੁਲਜੀਤ ਬਾਰੇ ਸੋਚ ਕੇ ਉਸਦਾ ਮਨ ਬਹੁਤ ਹੀ ਦੁਖੀ ਤੇ ਉਦਾਸ ਸੀ। ਪਤਾ

ਨੀ ਨਸ਼ੇ ਦਾ ਲੋਰ ਸੀ ਕਿ ਮਨ ਦਾ ਵੈਰਾਗ, ਉਹ ਇੰਝ ਬੋਲ ਰਿਹਾ ਸੀ, ਜਿਵੇਂ ਹਵਾ ਨਾਲ ਗੱਲਾਂ ਕਰ ਰਿਹਾ ਹੋਵੇ।

“ਕੁਲਜੀਤ ਜਿਸ ਦਿਨ ਏਥੋਂ ਗਈ, ਬੜੀ ਉਦਾਸ ਸੀ। ਬੜੇ ਦੁਖੀ ਮਨ ਨਾਲ ਗਈ। ਗਈ ਕੀ, ਮੈਂ ਹੀ ਨੀ ਰੋਕਿਆ, ਉਹ ਤਾਂ ਸ਼ਾਇਦ ਰੁਕ ਜਾਂਦੀ। ਕਿੰਨਾ ਬੁਜ਼ਦਿਲ ਨਿਕਲਿਆ ਮੈਂ ਪਰ ਰੋਕਦਾ ਵੀ ਕਿਵੇਂ, ਕੀ ਰਿਸ਼ਤਾ ਸੀ। ਕਿਹੜੇ ਰਿਸ਼ਤੇ ਦੇ ਦਮ ਰੋਕਦਾ....। ਰਿਸ਼ਤਾ ਵੀ ਕੋਈ ਨਹੀਂ, ਮਨ ’ਚੋਂ ਵੀ ਨੀ ਜਾਂਦੀ। ਯਾਦ ਵੀ ਬਹੁਤ ਆਉਂਦੀ ਹੈ, ਵਾਰ-ਵਾਰ ਆਉਂਦੀ ਹੈ। ਕਾਸ਼ ਇਸ ਰਿਸ਼ਤੇ ਦਾ ਕੋਈ ਨਾਂ ਹੁੰਦਾ। ਮੈਂ ਹੀ ਕੋਈ ਨਾਂ ਦੇ ਲੈਂਦਾ। ਪਤਾ ਨੀ ਹੁਣ ਕਿੱਥੇ ਹੋਵੇਗੀ। ਕਿਸ ਹਾਲ ’ਚ ਹੋਵੇਗੀ। ਕਿਵੇਂ ਦਿਨ ਕੱਟ ਰਹੀ ਹੋਵੇਗੀ। ਉਸ ’ਤੇ ਕੀ ਬੀਤ ਰਹੀ ਹੋਵੇਗੀ। ਉਹ ਬੜਾ ਕੁੱਝ ਬੋਲੀ ਜਾ ਰਿਹਾ ਸੀ।

ਮੈਂ ਹੈਰਾਨ, ਨਾਲੇ ਵਿਜੈ ਦੇ ਮੂੰਹ ਵੱਲ ਦੇਖੀ ਜਾਵਾਂ ਤੇ ਨਾਲੇ ਉਸ ਦੀਆਂ ਗੱਲਾਂ ਸੁਣੀ ਜਾਵਾਂ। ‘ਹੈਂਅ! ਇਹ ਕੁਲਜੀਤ ਨੂੰ ਐਨੀ ਸ਼ਿੱਦਤ ਨਾਲ ਕਿਉਂ ਯਾਦ ਕਰ ਰਿਹੈ। ਕੌਣ ਹੈ ਕੁਲਜੀਤ, ਕੌਣ ਹੈ ਸਤਿਬੀਰ ਤੇ ਕੁਲਜੀਤ?’ ਮੈਨੂੰ ਲੱਗਿਆ, ਜ਼ਰੂਰ ਕੋਈ ਗੱਲ ਹੈ ਪਰ ਉਸ ਵਕਤ ਮੈਂ ਪੁੱਛਣ ਦੀ ਹਿੰਮਤ ਨਾ ਕਰ ਸਕਿਆ। ਗੱਲ ਮੇਰੇ ਮਨ ’ਚ ਹੀ ਅਟਕੀ ਰਹਿ ਗਈ।

ਇੱਕ ਦਿਨ ਫੇਰ ਬੈਠੇ ਪੈੱਗ ਸਾਂਝਾ ਕਰ ਰਹੇ ਸੀ। ਅੱਜ ਵਿਜੈ ਪੂਰਾ ਖ਼ੁਸ਼ ਵੀ ਸੀ। ਗੱਲਾਂ-ਗੱਲਾਂ ’ਚ ਮੈਂ ਵਿਜੈ ਨੂੰ ਪੁੱਛ ਹੀ ਲਿਆ, “ਵੀਰ ਜਿਸ ਪਰਿਵਾਰ ਦੀਆਂ ਕਈ ਵਾਰ ਤੁਸੀਂ ਗੱਲਾਂ ਕਰਦੇ ਰਹਿੰਦੇ ਹੋ, ਉਨ੍ਹਾਂ ਬਾਰੇ ਮੈਨੂੰ ਵੀ ਕੋਈ ਜਾਣਕਾਰੀ ਤਾਂ ਮਿਲੇ। ਗੱਲਾਂ ਕਰਦੇ-ਕਰਦੇ ਤੁਸੀਂ ਭਾਵੁਕ ਵੀ ਹੋ ਜਾਂਦੇ ਹੋ। ਸਾਰੀਆਂ ਗੱਲਾਂ ਮੇਰੇ ਤਾਂ ਸਿਰ ਉੱਪਰ ਦੀ ਹੀ ਲੰਘ ਜਾਂਦੀਆਂ ਨੇ। ਸਤਿਬੀਰ ਤੇ ਕੁਲਜੀਤ ਕੌਣ ਹਨ, ਬੁਰਾ ਨਾ ਮੰਨੋ ਤਾਂ ਇਸ ਬਾਰੇ ਮੈਨੂੰ ਵੀ ਤਾਂ ਕੁੱਝ ਖੁੱਲ੍ਹ ਕੇ ਦੱਸੋ।”

ਕੁੱਝ ਚਿਰ ਚੁੱਪ ਛਾਈ ਰਹੀ। ਵਿਜੈ ਦੇ ਚਿਹਰੇ ਦੇ ਹਾਵ-ਭਾਵ ਬਦਲਦੇ ਰਹੇ। ਲੱਗਦਾ ਸੀ ਕੁੱਝ ਸੋਚ ਰਿਹਾ ਹੈ। ਫਿਰ ਉਹ ਬੋਲਿਆ, “ਛੱਡ ਇੰਦਰ, ਕੀ ਦੱਸਾਂ, ਹੁਣ ਇਹ ਗੱਲ ਗੱਲ ਨੀ ਰਹੀ। ਇੱਕ ਨਾਸੂਰ ਬਣ ਗਿਆ ਹੈ, ਨਾਸੂਰ। ਬੱਸ ਐਵੇਂ ਕਦੇ-ਕਦੇ ਰਿਸਣ ਲੱਗ ਪੈਂਦੈ। ਅੱਗੇ ਤੋਂ ਨੀ ਇਸ ਬਾਰੇ ਗੱਲ ਕਰਦੇ।” ਉਹ ਕਹਿ ਤਾਂ ਗਿਆ ਪਰ ਐਨਾ ਭਾਵੁਕ ਹੋ ਗਿਆ ਕਿ ਅੱਖਾਂ ’ਚ ਪਾਣੀ ਤੈਰਨ ਲੱਗਾ।

ਦੇਖ ਕੇ ਮੈਂ ਵੀ ਪ੍ਰੇਸ਼ਾਨ, ‘ਕਾਹਨੂੰ ਪੁੱਛਣਾ ਸੀ ਯਾਰ’ ਪਰ ਮੈਨੂੰ ਇਹ ਯਕੀਨ ਪੱਕਾ ਹੋ ਗਿਆ ਕਿ ਮਸਲਾ ਕੋਈ ਗੰਭੀਰ ਹੈ, ਅੱਗੇ ਵਧਾਂ ਕਿ ਨਾ। ਮੈਂ ਵਿਜੈ ਦੀ ਬਹੁਤ ਇੱਜ਼ਤ ਕਰਦਾ ਸੀ। ਕਿਸੇ ਵੀ ਤਰ੍ਹਾਂ ਦੇ ਅਹਮ ਨੂੰ ਕੋਈ ਚੋਟ ਨੀ ਸੀ ਪਹੁੰਚਾਉਣਾ ਚਾਹੁੰਦਾ। ਕੀ ਕਰਾਂ? ਅਖ਼ੀਰ ਫੈਸਲਾ ਕੀਤਾ, ਜੋ ਵੀ ਹੈ, ਗੱਲ ਵਿਜੈ ਦੇ ਮਨ ’ਚੋਂ ਬਾਹਰ ਲੈ ਆਉਣੀ ਚਾਹੀਦੀ ਹੈ। ਸ਼ਾਇਦ ਉਸਨੂੰ ਵੀ ਸਕੂਨ ਮਿਲੇ। ਮੈਂ ਵਿਜੈ ’ਤੇ ਆਪਣਾ ਹੱਕ ਜਤਾਉਂਦੇ ਹੋਏ ਕਿਹਾ, “ਵੀਰ ਤੇਰੀਆਂ ਭਾਵਨਾਵਾਂ ਦੀ ਕਦਰ ਕਰਦਾ ਹਾਂ ਪਰ ਸਮਝਦਾ ਹਾਂ ਮਨ ਤੇ ਬੋਝ ਨਹੀਂ ਰੱਖਣਾ ਚਾਹੀਦਾ। ਕੀ ਗੱਲ ਹੈ ਖੁੱਲ੍ਹ ਕੇ ਦੱਸ, ਸ਼ਾਇਦ ਮੈਂ ਕੋਈ ਮੱਦਦ ਕਰ ਸਕਾਂ।”

ਉਹਨੇ ਕੁੱਝ ਚਿਰ ਸੋਚਿਆ, ਚਿਹਰੇ ਦੀ ਗੰਭੀਰਤਾ ਨੂੰ ਛੰਡਿਆ ਤੇ ਬੋਲਿਆ, “ਠੀਕ ਹੈ ਇੰਦਰ ਲੈ ਸੁਣ। ਸਾਰੀ ਕਹਾਣੀ ਹੀ ਸੁਣ। ਤੂੰ ਮੇਰੀ ਘਰਵਾਲੀ ਕਮਲੇਸ਼ ਨੂੰ ਤਾਂ ਹੁਣ ਚੰਗੀ ਤਰ੍ਹਾਂ ਜਾਣਦਾ ਹੀ ਹੈਂ।” ਐਨਾ ਕਹਿ ਕੇ ਉਹ ਅਚਾਨਕ ਚੁੱਪ ਹੋ ਗਿਆ।

ਮੈਂ ਸੋਚਿਆ, ਲੈ ਬਈ ਹੋ ਗਈ ਉਹੀ ਗੱਲ। ਮੈਨੂੰ ਇਸ ਘਰ ਵਿੱਚ ਜਿਹੜੀ ਇੱਕੋ ਗੱਲ ਪ੍ਰੇਸ਼ਾਨ ਕਰਦੀ ਤੇ ਖਟਕਦੀ ਸੀ, ਉਹ ਸੀ ਕਮਲੇਸ਼ ਦਾ ਸੁਭਾਅ। ਅੰਦਰ ਹੀ ਅੰਦਰ ਮੇਰਾ ਮਨ ਡਰਦਾ ਰਹਿੰਦਾ ਕਿ ਕਿਸੇ ਗੱਲ ਕਰਕੇ ਮੇਰੀ ਮੈਡਮ ਤੇ ਕਮਲੇਸ਼ ਦਾ ਕਿਸੇ ਗੱਲ ’ਤੇ ਪੇਚਾ ਨਾ ਪੈ ਜਾਵੇ। ਵਿਜੈ ਵੀਰ ਨਾਲ ਬਣੇ ਸਬੰਧ ਖ਼ਰਾਬ ਨਾ ਹੋ ਜਾਣ। ਪਹਿਲਾਂ-ਪਹਿਲ ਮੈਂ ਸੋਚਿਆ, ਸ਼ਾਇਦ ਕਮਲੇਸ਼ ਨੂੰ ਕੋਈ ਮਾਨਸਿਕ ਬਿਮਾਰੀ ਹੋ ਸਕਦੀ ਹੈ ਪਰ ਮੈਂ ਇਸ ਵਿਸ਼ੇ ’ਤੇ ਚੁੱਪ ਵੱਟੀ ਰੱਖੀ। ਜਿਸ ਮਿੱਤਰ ਰਾਹੀਂ ਵਿਜੈ ਨਾਲ ਜਾਣ-ਪਹਿਚਾਣ ਹੋਈ, ਉਹ ਵੀ ਅਜਿਹਾ ਸੋਚਦਾ ਸੀ। ਜਦ ਮੈਂ ਕਮਲੇਸ਼ ਬਾਰੇ ਉਸ ਨਾਲ ਗੱਲ ਕੀਤੀ ਸੀ ਤਾਂ ਕਹਿਣ ਲੱਗਾ, “ਇੰਦਰ, ਤੂੰ ਕਮਲੇਸ਼ ਦੇ ਸੁਭਾਅ ਤੋਂ ਕੀ ਲੈਣਾ। ਵਿਜੈ ਤੱਕ ਮਤਲਬ ਰੱਖ। ਵਿਜੈ ਬਾਰੇ ਕੋਈ ਤਕਲੀਫ਼ ਹੈ ਤਾਂ ਦੱਸ। ਬਾਕੀ ਮੈਨੂੰ ਲੱਗਦੈ ਉਹ ਬਿਮਾਰ ਰਹਿੰਦੀ ਹੈ।”

“ਚਲੋ, ਗੱਲ ਆਈ-ਗਈ ਹੋ ਗਈ। ਮੈਂ ਚੁੱਪ ਵੱਟ ਲਈ। ਹੁਣ ਵਿਜੈ ਦਾ ਇਹ ਕਹਿਣਾ, ‘ਤੂੰ ਮੇਰੀ ਘਰਵਾਲੀ ਕਮਲੇਸ਼ ਨੂੰ ਤਾਂ ਚੰਗੀ ਤਰ੍ਹਾਂ ਜਾਣਦਾ ਹੀ ਹੈ। ਸੁਣ ਮੇਰੇ ਅੱਗੇ ਕਈ ਸੁਆਲ ਖੜ੍ਹੇ ਹੋ ਗਏ। ਸੋਚਣ ਲੱਗਾ ਕਮਲੇਸ਼ ਬਾਰੇ ਜੋ ਗੰਢ ਮੇਰੇ ਮਨ ਵਿੱਚ ਬਣੀ ਹੋਈ ਹੈ, ਸ਼ਾਇਦ ਐਸੀ ਕੋਈ ਗੰਢ ਵਿਜੈ ਦੇ ਮਨ ਵਿੱਚ ਵੀ ਹੈ। ਹੁਣ ਕੀ ਕੀਤਾ ਜਾਵੇ। ਫੇਰ ਸੋਚਿਆ ਕਿੰਨਾ ਕੁ ਚਿਰ ਬਚਦੇ ਰਹਾਂਗੇ। ਵਿਜੈ ਨੇ ਗੱਲ ਛੇੜ ਹੀ ਲਈ ਹੈ ਤਾਂ ਕਿਉਂ ਨਾ ਖੋਲ੍ਹ ਹੀ ਲਈ ਜਾਵੇ। ਸੋ ਮੈਂ ਕਿਹਾ, “ਹਾਂ ਵੀਰ ਜਾਣਦਾ ਤਾਂ ਹਾਂ। ਭਾਬੀ ਜੀ ਜ਼ਿਆਦਾ ਚੁੱਪ ਜੇ ਰਹਿੰਦੇ ਨੇ ਪਰ ਇਹ ਸੁਭਾਅ ਪਹਿਲਾਂ ਤੋਂ ਹੈ ਜਾਂ ਸ਼ਾਦੀ ਤੋਂ ਬਾਅਦ ਇਹ ਤਾਂ....?” ਐਨਾ ਕਹਿ ਮੈਂ ਗੱਲ ਵਿੱਚੇ ਹੀ ਅਧੂਰੀ ਛੱਡ ਦਿੱਤੀ।

ਵਿਜੈ ਨੇ ਗੌਰ ਨਾਲ ਮੇਰੇ ਵੱਲ ਦੇਖਿਆ। ਕੁੱਝ ਦੇਰ ਚੁੱਪ ਰਿਹਾ। ਫਿਰ ਉਹ ਖੁੱਲ੍ਹ ਪਿਆ, “ਇੰਦਰ ਗੱਲ ਇਹ ਹੈ, ਮੇਰੇ ਪਿਤਾ ਜੀ ਤੇ ਕਮਲੇਸ਼ ਦੇ ਪਿਤਾ ਜੀ ਗੁੜ੍ਹੇ ਮਿੱਤਰ ਸਨ। ਦੋਵਾਂ ਨੇ ਇਹ ਰਿਸ਼ਤਾ ਉਸ ਵਕਤ ਤੈਅ ਕਰ ਲਿਆ ਸੀ, ਜਦੋਂ ਅਸੀਂ ਅਜੇ ਬੱਚੇ ਸਾਂ। ਵੱਡਾ ਹੋ ਕੇ ਮੈਂ ਇਸ ਸ਼ਾਦੀ ਲਈ ਤਿਆਰ ਨਹੀਂ ਸੀ। ਮੈਂ ਕਮਲੇਸ਼ ਦੇ ਸੁਭਾਅ ਬਾਰੇ ਸਭ ਜਾਣਦਾ ਸੀ ਪਰ ਪਿਤਾ ਜੀ ਦਾ ਦਬਾਅ ਕਹਿ ਲਵੋ ਜਾਂ ਪਿਤਾ ਜੀ ਦੀ ਜ਼ੁਬਾਨ ਰੱਖਣ ਲਈ, ਮੈਂ ਸ਼ਾਦੀ ਲਈ ਰਾਜ਼ੀ ਹੋ ਗਿਆ। ਸੋਚਿਆ, ਸ਼ਾਇਦ ਸ਼ਾਦੀ ਤੋਂ ਬਾਅਦ ਕਮਲੇਸ਼ ਬਦਲ ਜਾਵੇ।

ਗੱਲ ਸੁਣ ਕੇ ਮੈਂ ਹੈਰਾਨ, “ਵੀਰ ਤੁਹਾਡੇ ਮਨ ਵਿੱਚ ਜੋ ਕੁੱਝ ਵੀ ਸੀ, ਕੀ ਕਮਲੇਸ਼ ਨੂੰ ਇਸ ਬਾਰੇ ਪਤਾ ਸੀ? ਉਸਦਾ ਸ਼ਾਦੀ ਬਾਰੇ ਕੀ ਨਜ਼ਰੀਆ ਸੀ। ਇਸ ਬਾਰੇ ਖੁੱਲ੍ਹ ਕੇ ਤੁਹਾਡੀ ਕੋਈ ਗੱਲ ਤਾਂ ਹੋਈ ਹੋਵੇਗੀ?”

“ਨਹੀਂ....ਅਸੀਂ ਆਪਸ 'ਚ ਕਦੇ ਗੱਲ ਨਹੀਂ ਸੀ ਕੀਤੀ। ਇਹ ਸਾਡੇ ਪਰਿਵਾਰਾਂ ਦਾ ਫੈਸਲਾ ਸੀ। ਬਾਕੀ ਕਮਲੇਸ਼ ਦੀ ਮਾਂ ਦੇ ਗੁਜ਼ਰ ਜਾਣ ਤੋਂ ਬਾਅਦ ਉਹ ਹੋਰ ਚੁੱਪ-ਚਾਪ ਰਹਿਣ ਲੱਗ ਪਈ। ਕਿਸੇ ਨਾਲ ਵੀ ਖੁੱਲ੍ਹ ਕੇ ਗੱਲ ਨਹੀਂ ਸੀ ਕਰਦੀ। ਫਿਰ ਸ਼ਾਦੀ ਬਾਰੇ ਤਾਂ ਕਰਨੀ ਹੀ ਕੀ ਸੀ। ਸ਼ਾਦੀ ਹੋ ਗਈ। ਸ਼ਾਦੀ ਤੋਂ ਬਾਅਦ ਮੈਂ ਕਮਲੇਸ਼ ਦੇ ਦਿਲ ਵਿੱਚ ਪਿਆਰ ਦੇ ਰੰਗ ਭਰਨ ਦੀ ਕੋਸ਼ਿਸ਼ ਕੀਤੀ। ਬੜੇ ਚਾਅ ਸੀ ਮਨ ਅੰਦਰ ....ਆਹ ਕਰਾਂਗੇ, ਵਾਹ ਕਰਾਂਗੇ, ਇੰਝ ਕਰਾਂਗੇ, ਵਗੈਰਾ-ਵਗੈਰਾ। ਤੈਨੂੰ ਪਤਾ ਹੀ ਹੈ ਕਿ ਜਵਾਨ ਮੁੰਡੇ ਵਿਆਹ ਬਾਰੇ ਕੀ-ਕੀ ਸੁਪਨੇ ਦੇਖਦੇ ਨੇ। ਮੈਂ ਵੀ ਦੇਖਦਾ ਸੀ ਪਰ ਹਰ ਗੱਲ ਬੇ-ਮਾਅਨਾ ਹੀ ਰਹੀ। ਉਸਦਾ ਇੱਕੋ ਜਵਾਬ ਹੁੰਦਾ, ‘ਛੱਡੋ ਜੀ, ਮੈਨੂੰ ਇਹ ਸਭ ਚੰਗਾ ਨੀ ਲੱਗਦਾ।’ ਫੇਰ ਤਾਂ ਬੱਸ ਸਭ ਕੁੱਝ ਖ਼ੁਸ਼ਕ ਰੁਟੀਨ ਜਿਹਾ ਬਣਿਆ ਰਿਹਾ। ਬੱਚੇ ਪੈਦਾ ਹੋ ਗਏ। ਫੇਰ ਉਹ ਬੱਚਿਆਂ ’ਚ ਰੁੱਝੀ ਰਹਿਣ ਲੱਗੀ, ਹੁਣ ਤਾਂ ਬਹਾਨਾ ਵੀ ਸੀ। ਸੋ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ।”

ਇਹ ਗੱਲਾਂ ਸੁਣ ਮੇਰੀ ਹਮਦਰਦੀ ਵਿਜੈ ਨਾਲ ਹੋਰ ਵਧਣ ਲੱਗੀ, “ਦੇਖੋ ਯਾਰ ਸਭ ਕੁੱਝ ਜਾਣਦੇ ਹੋਏ, ਆਪਣੇ ਪਿਤਾ ਜੀ ਦੀ ਜ਼ੁਬਾਨ ਰੱਖਣ ਲਈ ਐਨਾ ਵੱਡਾ ਸਬਰ ਦਾ ਘੁੱਟ ਭਰ ਲਿਆ।” ਪਰ ਸਤਿਬੀਰ ਤੇ ਕੁਲਜੀਤ ਵਾਲੀ ਗੱਲ ਅਜੇ ਵੀ ਉੱਥੇ ਦੀ ਉੱਥੇ ਖੜੀ ਮਨ 'ਚ ਖਟਕ ਰਹੀ ਸੀ। ਇਨ੍ਹਾਂ ਗੱਲਾਂ ਦਾ ਉਸ ਪਰਿਵਾਰ ਨਾਲ ਕੀ ਸਬੰਧ ਹੋਇਆ। ਮੈਂ ਪੁੱਛਿਆ ਤਾਂ ਕੁਲਜੀਤ ਹੁਰਾਂ ਬਾਰੇ ਸੀ ਪਰ ਵਿਜੈ ਨੇ ਗੱਲ ਕਮਲੇਸ਼ ਵੱਲ ਘੁੰਮਾ ਦਿੱਤੀ, ਗੱਲ ਕਿੱਧਰ ਨੂੰ ਗਈ।

ਮਨ ਦੀ ਬੇਚੈਨੀ ਵਧਦੀ ਜਾ ਰਹੀ ਸੀ। ਮੈਂ ਬਹੁਤਾ ਚਿਰ ਸਬਰ ਨਾ ਕਰ ਸਕਿਆ। ਬੜਾ ਬੇਬਾਕ ਹੋ ਕੇ ਮੈਂ ਕਿਹਾ, “ਵੀਰ ਇਹ ਤਾਂ ਸਭ ਠੀਕ ਹੈ ਪਰ ਮੈਂ ਤਾਂ ਸਤਿਬੀਰ ਤੇ ਕੁਲਜੀਤ ਹੋਰਾਂ ਬਾਰੇ ਪੁੱਛ ਰਿਹਾ ਸੀ।”

“ਹਾਂ! ਕੁਲਜੀਤ।” ਉਹ ਇੰਝ ਬੋਲਿਆ, ਜਿਵੇਂ ਕੁੱਝ ਭੁੱਲਿਆ ਯਾਦ ਆਇਆ ਹੋਵੇ।

“ਲੈ ਸੁਣ ਫੇਰ ....ਉਹ ਕਹਾਣੀ ਵੀ ਸੁਣ। ਤੁਹਾਡੇ ਵਾਂਗ ਹੀ ਸਤਿਬੀਰ ਤੇ ਕੁਲਜੀਤ ਵੀ ਇਸ ਮਕਾਨ ਵਿੱਚ ਕਿਰਾਏ ’ਤੇ ਰਹੇ ਸੀ। ਸਤਿਬੀਰ ਨੇਵੀ ’ਚ ਕੰਮ ਕਰਦਾ ਸੀ, ਇੰਜਨੀਅਰ ਸੀ ਕੋਈ। ਬੜਾ ਜਵਾਨ ਤੇ ਪਿਆਰਾ ਇਨਸਾਨ, ਬਿਲਕੁਲ ਤੇਰੇ ਵਰਗਾ। ਕੁਲਜੀਤ ਉਸਦੇ ਘਰਵਾਲੀ ਸੀ। ਉਹ ਵੀ ਬਹੁਤ ਨੇਕ ਸੁਭਾਅ ਦੀ ਔਰਤ ਸੀ, ਬੜੀ ਸਮਝਦਾਰ ਤੇ ਸਿਆਣੀ। ਸੋਹਣੀ ਵੀ ਬਹੁਤ ਸੀ। ਦੋਵਾਂ ਦੀ ਬੜੀ ਕਮਾਲ ਦੀ ਜੋੜੀ ਸੀ। ਜਿਵੇਂ ਕਹਾਵਤ ਹੈ, ‘ਜੋੜੀਆਂ ਜੱਗ ਥੋੜੀਆਂ, ਸਿਰ ਨਰੜ ਬਥੇਰੇ’। ਦੋਵਾਂ ’ਚ ਪਿਆਰ ਵੀ ਬਹੁਤ ਸੀ। ਫੇਰ ਪਤਾ ਨੀ ਰੱਬ ਨੂੰ ਕੀ ਮਨਜ਼ੂਰ ਸੀ, ਅਚਾਨਕ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਕੀ ਹੋਇਆ, ਕਿਵੇਂ ਹੋਇਆ, ਕੋਈ ਪਤਾ ਨੀ। ਦੱਸਿਆ ਇਹੀ ਗਿਆ ਕਿ ਜਹਾਜ਼ ’ਚ ਕੋਈ ਐਕਸੀਡੈਂਟ ਹੋਇਆ ਤੇ ਸਤਿਬੀਰ ਦੀ ਮੌਤ ਹੋ ਗਈ। ਉਹ ਹੋ....ਅ....ਅ। ਉਹਦੀ ਮੌਤ ਦੀ ਖ਼ਬਰ ਕੀ ਆਈ, ਬਸ ਕਹਿਰ ਹੀ ਟੁੱਟ ਪਿਆ। ਪੁੱਛ ਨਾ ਇੰਦਰ ਫੇਰ ਤਾਂ ਕੀ ਬੀਤੀ। ਰੱਬ ਕਿਸੇ ਨੂੰ ਐਸਾ ਵਕਤ ਨਾ ਦਿਖਾਵੇ।”

ਵਿਜੈ ਚੁੱਪ ਹੋ ਗਿਆ। ਅੱਖਾਂ ਵਿੱਚ ਪਾਣੀ ਤੈਰਨ ਲੱਗਾ। ਸੁਣ ਕੇ ਮੈਂ ਵੀ ਸੁੰਨ ਹੋ ਗਿਆ, “ਹੈਂਅ! ਜਿਸ ਸਤਿਬੀਰ ਦਾ ਵਿਜੈ ਅਕਸਰ ਜ਼ਿਕਰ ਕਰਦਾ ਰਹਿੰਦਾ ਹੈ, ਉਹ ਮਰ ਚੁੱਕਾ ਹੈ।” ਕਾਫ਼ੀ ਦੇਰ ਤੱਕ ਮੈਂ ਸੁੰਨ ਜਿਹਾ ਬੈਠਾ ਰਿਹਾ।

ਕੁੱਝ ਚਿਰ ਬਾਅਦ ਮੈਂ ਥੋੜ੍ਹਾ ਹੌਸਲਾ ਕੀਤਾ। ਆਪਣਾ ਸੱਜਾ ਹੱਥ ਉਦਾਸ ਬੈਠੇ ਵਿਜੈ ਦੇ ਮੋਢੇ 'ਤੇ ਰੱਖਿਆ। ਵਿਜੈ ਦੀਆਂ ਪਲਕਾਂ ਬੰਦ ਹੋ ਗਈਆਂ। ਰੁਕੇ ਹੋਏ ਹੰਝੂ ਵਹਿ ਤੁਰੇ। ਸਿਰ ਏਧਰ-ਓਧਰ ਹਿੱਲਣ ਲੱਗਾ। ਕੋਈ ਗਹਿਰੀ ਪੀੜ ਉਸਦੇ ਚਿਹਰੇ ’ਤੇ ਸਾਫ਼ ਦਿਖਾਈ ਦੇ ਰਹੀ ਸੀ।

ਕੁੱਝ ਚਿਰ ਚੁੱਪ ਵਰਤੀ ਰਹੀ। ਦੋਵੇਂ ਚੁੱਪ ਬੈਠੇ ਰਹੇ। ਫਿਰ ਸਾਹਮਣੇ ਪਏ ਗਿਲਾਸ ’ਚੋਂ ਵਿਜੈ ਨੇ ਦੋ ਘੁੱਟ ਭਰੇ, ਗਲਾ ਸਾਫ਼ ਕੀਤਾ ਤੇ ਅੱਗੇ ਦੱਸਣ ਲੱਗਾ, “ਮੌਤ ਦੀ ਖ਼ਬਰ ਕੁਲਜੀਤ ’ਤੇ ਕਹਿਰ ਬਣ ਕੇ ਆਈ। ਉਸਨੇ ਰੋ-ਰੋ ਉਹ ਬੁਰਾ ਹਾਲ ਕਰ ਲਿਆ। ਘਰ ’ਚ ਕੁਹਰਾਮ ਮੱਚ ਗਿਆ। ਚੀਕਾਂ ਮਾਰ-ਮਾਰ ਰੋਂਦੀ ਉਹ ਝੱਲੀ ਨਾ ਜਾਂਦੀ। ਉਸਦੇ ਸਾਹਮਣੇ ਹੁੰਦਾ ਤਾਂ ਉਹ ਹੋਰ ਧਾਹਾਂ ਮਾਰਨ ਲੱਗ ਜਾਂਦੀ। ‘ਹਾਏ ਭਾਅ ਜੀ ਤੁਹਾਡਾ ਦੋਸਤ ਮੈਨੂੰ ’ਕੱਲੀ ਨੂੰ ਛੱਡ ਗਿਆ....ਮੈਂ ਕੀਹਦੇ ਆਸਰੇ ਜੀਵਾਂਗੀ... ਕਿਵੇਂ ਜੀਵਾਂਗੀ....ਹਾੜ੍ਹਾ ਉਸਨੂੰ ਲੱਭ ਲਿਆਓ ... ਹਾੜ੍ਹਾ ਓਨ੍ਹਾਂ ਨੂੰ ਮੋੜ ਕੇ ਲਿਆਓ....ਹਾਇ ਮੈਂ ਸਤਿਬੀਰ ਬਿਨਾਂ ਨਹੀਂ ਜੀ ਸਕਦੀ।’....ਉਹ ਬਹੁਤ ਕੁੱਝ ਬੋਲਦੀ ਜਾਂਦੀ। ਰੋਈ ਜਾਂਦੀ, ਬੋਲਦੀ ਜਾਂਦੀ। ਉਸਦੇ ਦਰਦ ਭਰੇ ਬੋਲ ਸੁਣ-ਸੁਣ ਮੇਰਾ ਵੀ ਰੋਣ ਨਿਕਲ ਜਾਂਦਾ।”

“ਜਦੋਂ ਇਹ ਮਾੜੀ ਖ਼ਬਰ ਮਿਲੀ, ਉਸ ਵਕਤ ਘਰ ਵਿੱਚ ਮੈਂ ਸਾਂ, ਕਮਲੇਸ਼ ਸੀ ਤੇ ਸਾਡੇ ਬੱਚੇ ਸਨ। ਓਧਰ ਕੁਲਜੀਤ ਸੀ ਤੇ ਉਸਦਾ ਬੱਚਾ ਸੀ। ਬੱਚੇ ਤਾਂ ਛੋਟੇ ਸਨ, ਕਮਲੇਸ਼ ਜੀਹਨੇ ਇਸ ਹਾਲਤ ’ਚ ਕੁਲਜੀਤ ਨੂੰ ਦਿਲਾਸਾ ਦੇਣਾ ਸੀ, ਸਾਂਭਣਾ ਸੀ, ਉਹ ਉੱਕਾ ਹੀ ਚੁੱਪ ਹੋ ਗਈ। ਕੁਲਜੀਤ ਕੋਲ ਬੈਠੇ, ਕੋਈ ਗੱਲ ਕਰੇ, ਉਸਨੂੰ ਚੁੱਪ ਕਰਾਵੇ, ਦਿਲਾਸਾ ਦੇਵੇ....ਕੁੱਝ ਵੀ ਨਹੀਂ। ਦੂਰ-ਦੂਰ ਫਿਰਦੀ ਰਹਿੰਦੀ। ਬੜਾ ਅਜੀਬ ਲੱਗਦਾ....ਕੈਸੀ ਔਰਤ ਹੈ? ਔਰਤ ਹੋ ਕੇ ਵੀ ਦੂਸਰੀ ਔਰਤ ਦੇ ਦੁੱਖ ਨੂੰ ਨਹੀਂ ਸਮਝਦੀ? ਫਿਰ ਦੁੱਖ ਵੀ ਕੋਈ ਛੋਟਾ ਨਹੀਂ ਸੀ। ਪਹਾੜ ਜਿੱਡਾ ਦੁੱਖ ਸੀ। ਭਾਵੇਂ ਮੈਂ ਕਮਲੇਸ਼ ਦੇ ਸੁਭਾਅ ਨੂੰ ਜਾਣਦਾ ਸੀ, ਫਿਰ ਵੀ ਚਾਹੁੰਦਾ ਸੀ ਕਿ ਇਸ ਦੁੱਖ ਦੀ ਘੜੀ ’ਚ ਉਹ ਕੁੱਝ ਹਮਦਰਦੀ ਜ਼ਰੂਰ ਦਿਖਾਵੇ....ਪਰ ਨਾ।”

“ਹਮਦਰਦੀ ਵਜੋਂ ਜਦੋਂ ਮੈਂ ਕੁਲਜੀਤ ਕੋਲ ਜਾ ਬੈਠਦਾ, ਕਮਲੇਸ਼ ਨੂੰ ਇਹ ਵੀ ਬੁਰਾ ਲੱਗਦਾ। ਬੜਾ ਹੈਰਾਨ ਤੇ ਪ੍ਰੇਸ਼ਾਨ। ਮਨ ਹੀ ਮਨ ਸੋਚਦਾ, ‘ਜਲਦੀ ਕੁਲਜੀਤ ਦਾ ਪਰਿਵਾਰ ਆ ਜਾਵੇ ਤੇ ਇਸਨੂੰ ਸੰਭਾਲੇ।’ ਘਰ ਵਿੱਚ ਬੜਾ ਅਜੀਬ ਮਾਹੌਲ ਸੀ। ਉਸਦਾ ਬੱਚਾ ਐਨਾ ਛੋਟਾ ਸੀ ਕਿ ਉਸਨੂੰ ਪਤਾ ਹੀ ਨਹੀਂ ਸੀ, ਇਹ ਸਭ ਕੀ ਹੋ ਰਿਹਾ ਹੈ। ਪਹਿਲਾਂ ਉਹ ਮੇਰੇ ਬੱਚਿਆਂ ਨਾਲ ਖੇਡ ਲੈਂਦਾ ਸੀ। ਹੁਣ ਉਹ ਗੁੰਮ-ਸੁੰਮ ਹੋਇਆ ਮੰਮੀ ਕੋਲ ਹੀ ਬੈਠਾ ਰਹਿੰਦਾ। ਕਹਿਣ ’ਤੇ ਵੀ ਮੇਰੇ ਬੱਚਿਆਂ ਕੋਲ ਨਾ ਜਾਂਦਾ। ਮੈਨੂੰ ਬੜਾ ਤਰਸ ਆਉਂਦਾ। ਬੜਾ ਮੋਹ ਆਉਂਦਾ। ਮੈਂ ਉਸ ਨੂੰ ਗੋਦ ਵਿੱਚ ਬਿਠਾ ਲੈਂਦਾ ਤੇ ਆਪਣੀ ਛਾਤੀ ਨਾਲ ਘੁੱਟ ਲੈਂਦਾ। ਉਸ ਨਾਲ ਪਿਆਰ ਕਰਦਾ। ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦਾ।”

ਕਮਲੇਸ਼ ਦਾ ਵਿਵਹਾਰ ਵੇਖ ਮੈਨੂੰ ਖਿਝ ਉਠਦੀ। ਜੀਅ ਕਰਦਾ ਚੀਕ-ਚੀਕ ਕੇ ਕਮਲੇਸ਼ ਨੂੰ ਪੁੱਛਾਂ, ‘ਤੂੰ ਔਰਤ ਹੈਂ ਜਾਂ ਡਾਇਣ?’ ਮਨ ਹੀ ਮਨ ਬੜਾ ਤੜਫ਼ਦਾ ਤੇ ਕਮਲੇਸ਼ ਨੂੰ ਬੁਰਾ-ਭਲਾ ਬੋਲਦਾ ਪਰ ਅਸਲ ’ਚ ਮੈਂ ਚੁੱਪ-ਚਾਪ ਬੈਠਾ ਹੁੰਦਾ। ਉੱਚੀ ਬੋਲ ਕੇ ਕੁੱਝ ਕਹਾਂ....ਮੇਰੀ ਹਿੰਮਤ ਨਹੀਂ ਸੀ ਪੈਂਦੀ। ਆਪਣੇ ਆਪ ’ਤੇ ਖਿਝ ਆਉਣ ਲੱਗ ਪਈ। ਇਸ ਸਾਰੇ ਵਰਤਾਰੇ ਦੌਰਾਨ ਕੁਲਜੀਤ ਪ੍ਰਤੀ ਮੇਰੀ ਹਮਦਰਦੀ ਵਧਦੀ-ਵਧਦੀ ਬੱਸ ਵਧਦੀ ਹੀ ਗਈ।

ਕੁੱਝ ਦਿਨਾਂ ਬਾਅਦ ਉਸਦੀ ਮਾਂ ਤੇ ਭਰਾ ਉਸਨੂੰ ਲੈਣ ਆ ਗਏ ਤੇ ਮੈਂ ਸ਼ੁਕਰ ਮਨਾਇਆ। ਮੈਂ ਵੀ ਚਾਹੁੰਦਾ ਸੀ ਉਹ ਪੰਜਾਬ ਆਪਣੇ ਪਰਿਵਾਰ ਵਿੱਚ ਚਲੀ ਜਾਵੇ। ਆਪਣਿਆਂ ਵਿੱਚ ਬੈਠ, ਗੱਲਾਂ ਕਰਕੇ ਮਨ ਹੌਲਾ ਕਰ ਸਕੇ। ਐਸੀ ਹਾਲਤ ਵਿੱਚ ਉਸਦਾ ਆਪਣੇ ਪਰਿਵਾਰ ਦੇ ਜੀਆਂ ’ਚ ਹੋਣਾ ਬਹੁਤ ਜ਼ਰੂਰੀ ਸੀ। ਬੱਚੇ ਨੂੰ ਸਕੂਲ ਤੋਂ ਪੰਦਰਾਂ ਦਿਨ ਦੀਆਂ ਛੁੱਟੀਆਂ ਲੈ ਮੈਂ ਉਨ੍ਹਾਂ ਨੂੰ ਪੰਜਾਬ ਲਈ ਗੱਡੀ ਚੜ੍ਹਾ ਦਿੱਤਾ।

ਕੁਲਜੀਤ ਹੁਰਾਂ ਦੇ ਜਾਣ ’ਤੇ ਮੈਂ ਸੁੱਖ ਦਾ ਸਾਹ ਲਿਆ, ‘ਚਲੋ ਹੁਣ ਮਨ ਨੂੰ ਸ਼ਾਂਤੀ ਮਿਲੇਗੀ’ ਪਰ ਕਿੱਥੇ, ਉਸੇ ਰਾਤ ਉਨ੍ਹਾਂ ਦੀਆਂ ਯਾਦਾਂ ਫੇਰ ਘੇਰ ਕੇ ਬੈਠ ਗਈਆਂ। ਸੋਚੀ ਜਾਵਾਂ, ਸੋਚੀ ਜਾਵਾਂ....ਕਿੰਨਾ ਖੁੱਲ੍ਹਾ ਤੇ ਹਸਮੁੱਖ ਸੁਭਾਅ ਸੀ ਦੋਵਾਂ ਦਾ। ਕੁਲਜੀਤ ਹਰ ਵਕਤ ਹੱਸਦੀ ਦੀ ਹੱਸਦੀ। ਗੱਲਾਂ ਕਰਦੀ, ਜਿਵੇਂ ਮੂੰਹ ’ਚੋਂ ਮੋਤੀ ਕਿਰਦੇ ਹੋਣ। ਮੁਸਕਰਾਹਟ ਵਿੱਚ ਐਸਾ ਜਾਦੂ ਕਿ ਗੰਭੀਰ ਤੋਂ ਗੰਭੀਰ ਮਾਹੌਲ ਨੂੰ ਵੀ ਖ਼ੁਸ਼ਗਵਾਰ ਬਣਾ ਦਿੰਦੀ। ਆਉਂਦੀ ਹੀ ਇਸ ਤਰ੍ਹਾਂ ਘੁਲ-ਮਿਲ ਗਈ, ਜਿਵੇਂ ਚਿਰਾਂ ਤੋਂ ਸਭ ਨੂੰ ਜਾਣਦੀ ਹੋਵੇ। ਪਹਿਲੀ ਵਾਰ ਇਹ ਘਰ ਪਿਆਰਾ ਲੱਗਣ ਲੱਗਾ ਸੀ। ਨਫ਼ਰਤ ਭਰੇ ਰੁੱਖੇ-ਰੁੱਖੇ ਬੋਲ ਸੁਣਸੁਣ ਕੇ, ਬੇ-ਜਾਨ ਹੋਈਆਂ ਪਈਆਂ ਕੰਧਾਂ ਉੱਪਰ ਵੀ ਰੌਕਣ ਤੇ ਚਮਕ ਆ ਗਈ ਸੀ। ਕੁਲਜੀਤ ਤੇ ਸਤਿਬੀਰ ਤਾਂ ਬਣੇ ਹੀ ਇੱਕ-ਦੂਜੇ ਲਈ ਸੀ। ਹੁਣ ‘ਕੱਲੀ ਕੁਲਜੀਤ ਜ਼ਿੰਦਗੀ ਦਾ ਇਹ ਸਫ਼ਰ ਕਿਵੇਂ ਤੈਅ ਕਰੇਗੀ। ਕਿਸ ਸਹਾਰੇ ਤੈਅ ਕਰੇਗੀ....?’ ਤੇ ਮੇਰਾ ਗੱਚ ਭਰ ਆਉਂਦਾ।

“ਇੰਦਰ, ਸੱਚ ਕਹਾਂ, ਸ਼ੁਰੂ ਚ ਇਨ੍ਹਾਂ ਦਾ ਪਿਆਰ ਦੇਖ ਮੈਨੂੰ ਇਸ ਜੋੜੀ ’ਤੇ ਰਸ਼ਕ ਵੀ ਹੋਈ, ‘ਰੱਬਾ ਮੇਰੇ ਨਾਲ ਤੂੰ ਅਜਿਹਾ ਕਿਉਂ ਕੀਤਾ, ਇਸ ਵਿਜੈ ਨੇ ਤੇਰਾ ਕੀ ਮਾੜਾ ਕੀਤਾ ਸੀ। ਕੀ ਵਿਗਾੜਿਆ ਸੀ। ਸਾਡੀ ਆਹ ਕੀ ਜੋੜੀ ਬਣਾ ਧਰੀ। ਇਹ ਕੀ ਇਨਸਾਫ਼ ਐ ਤੇਰਾ। ਇਹ ਤਾਂ ਸਰਾਸਰ ਬੇਇਨਸਾਫ਼ੀ ਹੈ।’... ਬੜਾ ਗੁੱਸਾ ਆਇਆ ਰੱਬ ’ਤੇ। ਫੇਰ ਆਪ ਹੀ ਸੋਚਿਆ, ‘ਓ ਕੰਜਰ ਮਨਾਂ, ਕੀ ਪੁੱਠੀਆਂ-ਸਿੱਧੀਆਂ ਗੱਲਾਂ ਸੋਚੀ ਜਾਨੈਂ।’ ਆਪ ਨੂੰ ਲਾਅਨਤ ਪਾਈ ਪਰ ਇਹ ਹਉਕਾ ਫਿਰ ਵੀ ਨਾ ਰੋਕ ਸਕਿਆ, ‘ਕਾਸ਼! ਰੱਬ ਮੈਨੂੰ ਵੀ ਕੋਈ ਕੁਲਜੀਤ ਵਰਗੀ ਔਰਤ ਦੇ ਦਿੰਦਾ’।”

ਪਤਾ ਹੀ ਨਾ ਲੱਗਾ ਕਿ ਦਿਨ ਕਿਵੇਂ ਲੰਘ ਗਏ। ਮਹੀਨੇ ਬਾਅਦ ਕੁਲਜੀਤ ਪੰਜਾਬ ਤੋਂ ਵਾਪਸ ਆ ਗਈ। ਮੈਨੂੰ ਖ਼ੁਸ਼ੀ ਹੋਈ ਤੇ ਹੈਰਾਨੀ ਵੀ। ਹੈਰਾਨੀ ਕਿ ਉਹ ਇਕੱਲੀ ਵਾਪਿਸ ਆਈ ਸੀ। ‘ਹੈਂਅ! ਇਹ ਇਕੱਲੀ ਕਿਉਂ? ਇਸ ਵਾਰ ਕੋਈ ਨਾਲ ਕਿਉਂ ਨੀ ਆਇਆ। ਕੋਈ ਭਰਾ, ਦਿਉਰ, ਜੇਠ, ਕੋਈ ਹੋਰ, ਕੋਈ ਵੀ ਨਾਲ ਨੀ ਆਇਆ। ਸ਼ੱਕ ਹੋਇਆ ਜ਼ਰੂਰ ਕੋਈ ਗੱਲ ਹੈ ਪਰ ਮੈਂ ਪੁੱਛਣਾ ਠੀਕ ਨਾ ਸਮਝਿਆ। ਕੀ ਪੁੱਛਦਾ, ਕਿਵੇਂ ਪੁੱਛਦਾ। ਖ਼ੈਰ, ਜੋ ਵੀ ਸੀ, ਮੈਨੂੰ ਇਸ ਗੱਲ ਦੀ ਤਸੱਲੀ ਸੀ ਕਿ ਕੁਲਜੀਤ ਵਾਪਸ ਆ ਗਈ। ਘਰ ਆ ਕੇ ਉਹ ਕਮਲੇਸ਼ ਨੂੰ ਮਿਲੀ ਤੇ ਗੱਲਾਂ ਕਰਨ ਲੱਗੀ। ਕਮਲੇਸ਼ ਥੋੜ੍ਹਾ ਹਾਂ-ਹੂੰ ਕਰਦੀ ਰਹੀ ਪਰ ਘਰ-ਪਰਿਵਾਰ ਜਾਂ ਸਤਿਬੀਰ ਬਾਰੇ, ਕੁਲਜੀਤ ਨਾਲ ਕੋਈ ਗੱਲ ਨਾ ਕੀਤੀ, ਨਾ ਪੁੱਛੀ। ਕੁਲਜੀਤ ਇਕੱਲੀ ਕਿੰਨਾ ਕੁ ਚਿਰ ਬੋਲਦੀ। ਕੁੱਝ ਚਿਰ ਬਾਅਦ ਉਹ ਵੀ ਚੁੱਪ ਕਰਕੇ ਆਪਣੇ ਕਮਰੇ ਵਿੱਚ ਚਲੀ ਗਈ। ਉਸ ਵਕਤ ਮੈਂ ਵੀ ਐਨਾ ਪੁੱਛ ‘ਹੋਰ ਘਰ ਤਾਂ ਸਭ ਠੀਕ ਹੈ?’ ਚੁੱਪ ਕਰ ਗਿਆ।

ਕਈ ਸ਼ੱਕ ਮਨ ’ਚ ਪੈਦਾ ਹੋਏ, ‘ਹੋ ਸਕਦੈ ਸਹੁਰੇ ਘਰ ਪਹੁੰਚਣ ’ਤੇ ਉਨ੍ਹਾਂ ਸਤਿਬੀਰ ਦੀ ਮੌਤ ਲਈ ਕੁਲਜੀਤ ਨੂੰ ਹੀ ਜ਼ਿੰਮੇਵਾਰ ਠਹਿਰਾ ਦਿੱਤਾ ਹੋਵੇ। ਹੋ ਸਕਦੈ, ਮੁਆਵਜ਼ੇ ਵਜੋਂ ਮਿਲਣ ਵਾਲੀ ਰਕਮ ਬਾਰੇ ਘਰ ’ਚ ਗੱਲਬਾਤ ਹੋਈ ਹੋਵੇ ਤੇ ਰੌਲਾ ਪਿਆ ਹੋਵੇ। ਹੋ ਸਕਦੈ ਭਰਾ-ਭਰਜਾਈ ’ਚ ਕੁਲਜੀਤ ਬਾਰੇ ਕੋਈ ਗੱਲ ਹੋਈ ਹੋਵੇ। ਹੋਰ ਵੀ ਕੋਈ ਗੱਲ ਹੋ ਸਕਦੀ ਹੈ, ਜਿਸ ਕਰਕੇ ਕੋਈ ਕਲੇਸ਼ ਹੋਇਆ ਹੋਵੇ। ਇਸੇ ਲਈ ਇਕੱਲੀ ਆ ਗਈ, ਨਹੀਂ ਤਾਂ ਜ਼ਰੂਰ ਕੋਈ ਨਾਲ ਆਉਂਦਾ।’

“ਇੰਦਰ ਤੈਨੂੰ ਪਤੈ ਪੰਜਾਬ 'ਚ ਅਜਿਹੇ ਕਲੇਸ਼ ਆਮ ਨੇ। ਫੌਜ ਜਾਂ ਹੋਰ ਕਿਧਰੇ ਵੀ ਮੌਤ ਹੋ ਜਾਵੇ, ਵਿਧਵਾ ਔਰਤ ਦੇ ਤਾਂ ਉਸ ਟਾਇਮ ਹੋਸ਼ ਉੱਡੇ ਪਏ ਹੁੰਦੇ ਨੇ। ਸਹੁਰਾ ਤੇ ਪੇਕਾ ਪਰਿਵਾਰਾਂ ਨੂੰ ਵੱਧ ਫ਼ਿਕਰ ਮੁਆਵਜ਼ੇ ਦੇ ਪੈਸੇ ਵੰਡਣ ਦਾ ਹੋ ਜਾਂਦੈ। ਇਹ ਤਾਂ ਸਾਡੀ ਮਾਨਸਿਕਤਾ ਬਣ ਚੁੱਕੀ ਹੈ। ਅੱਜ ਪੈਸਾ ਵੱਡੀ ਚੀਜ਼ ਬਣ ਗਈ ਹੈ, ਬਾਕੀ ਸਭ ਰਿਸ਼ਤੇ ਬਾਅਦ ’ਚ। ਕੀ ਅਮੀਰ, ਕੀ ਗਰੀਬ, ਪੈਸਾ ਹਰ ਮਨ ’ਤੇ ਭਾਰੂ ਹੈ। ਦੁਖੀ ਔਰਤ ਦੇ ਮਨ ਦੀ ਪੀੜ ਨੂੰ ਕੌਣ ਸਮਝੇ। ਕਿਸ ਨੂੰ ਪ੍ਰਵਾਹ। ਮੁਆਵਜ਼ੇ ’ਚ ਮਿਲਣ ਵਾਲੇ ਲੱਖਾਂ ਦੇ ਨੋਟਾਂ ਦੀਆਂ ਗੁੱਟੀਆਂ, ਦਿਮਾਗ ਚੱਕ ਦਿੰਦੀਆਂ ਨੇ। ਮਾਂ-ਬਾਪ ਦਾ ਦਿਲ ਧੀ ਲਈ ਜ਼ਰੂਰ ਕਲਪਦੈ।

ਕਾਫ਼ੀ ਦੇਰ ਚੁੱਪ ਰਹਿਣ ਤੋਂ ਬਾਅਦ ਕੁਲਜੀਤ ਨੇ ਮੇਰੀ ਗੱਲ ਦਾ ਜਵਾਬ ਦਿੱਤਾ, “ਹਾਂ, ਸਭ ਠੀਕ ਨੇ ਵੀਰ ਜੀ। ਹੁਣ ਤਾਂ ਮੈਂ ਆਪਣਾ ਸਮਾਨ ਲੈਣ ਆਈ ਹਾਂ। ਹੋਰ ਤਾਂ ਸਭ ਕੁੱਝ ਲੁੱਟ-ਪੁੱਟ ਗਿਆ। ਸੋਚਿਆ ਸਮਾਨ ਤਾਂ ਲੈ ਆਵਾਂ। ਹਰ ਚੀਜ਼ ਨਾਲ ਉਨ੍ਹਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ।” ਹੌਲੀ-ਹੌਲੀ ਗੱਲਾਂ ਕਰਦੀ ਕੁਲਜੀਤ ਦੀਆਂ ਅੱਖਾਂ ਦੀਆਂ ਪਲਕਾਂ ਬੰਦ ਹੋ ਗਈਆਂ ਤੇ ਉਹ ਚੁੱਪ ਹੋ ਗਈ।

“ਹੌਸਲਾ ਰੱਖ ਕੁਲਜੀਤ। ਪ੍ਰਮਾਤਮਾ ਭਲੀ ਕਰੇਗਾ।” ਇਹ ਕਹਿ ਕੇ ਮੈਂ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ।

ਕਹਿਣ ਲੱਗੀ, “ਹਾਂ, ਹੌਸਲਾ। ਹੋਰ ਹੁਣ ਕਰ ਵੀ ਕੀ ਸਕਦੀ ਹਾਂ ਵੀਰ ਜੀ। ਪ੍ਰਮਾਤਮਾ ਨੇ ਪਹਿਲਾਂ ਹੀ ਕਸਰ ਨਹੀਂ ਛੱਡੀ। ਪਤਾ ਨੀ ਅਜੇ ਹੋਰ ਕੀ-ਕੀ ਹੋਣਾ ਹੈ। ਮਾਂ ਤੇ ਭਰਾ ਨਾਲ ਪਹਿਲਾਂ ਸਿੱਧੀ ਪੇਕੇ ਘਰ ਪਹੁੰਚੀ। ਰੋਣ-ਧੋਣ ਤੇ ਫਿਰ ਗੱਲਾਂ-ਬਾਤਾਂ। ਗਲੀ-ਗੁਆਂਢ ਸਭ ਨੇ ਆ-ਆ ਕੇ ਦੁੱਖ ਵੰਡਾਇਆ। ਚਾਰ ਕੁ ਦਿਨ ਬੀਤੇ ਕਿ ਨੀਂਦ ਨੀ ਸੀ ਆ ਰਹੀ। ਵੈਸੇ ਅਜੇ ਬਹੁਤੀ ਰਾਤ ਵੀ ਨਹੀਂ ਸੀ ਹੋਈ। ਮਾਂ ਵਾਲੇ ਕਮਰੇ ’ਚੋਂ ਉੱਠ ਬਾਹਰ ਵਿਹੜੇ 'ਚ ਘੁੰਮਣ ਲੱਗੀ। ਬਰਾਂਡੇ ਦੀ ਨੁੱਕਰ ਵਾਲੇ ਭਰਾ-ਭਰਜਾਈ ਦੇ ਕਮਰੇ ’ਚੋਂ ਆਵਾਜ਼ ਆ ਰਹੀ ਸੀ। ਹੌਲੀ ਜਿਹੇ ਬੰਦ ਖਿੜਕੀ ਕੋਲ ਨੂੰ ਹੋ ਗਈ....ਦੇਖੋ ਜੀ, ਭੈਣ ਜੀ ਨਾਲ ਬਹੁਤ ਬੁਰਾ ਹੋਇਆ। ਅਗਲੇ ਹਫ਼ਤੇ ਵੀਰ ਜੀ ਦੀ ਲਾਸ਼ ਆ ਜਾਣੀ ਹੈ। ਹੋਰ ਦੋ ਦਿਨਾਂ ਨੂੰ ਭੈਣ ਜੀ ਨੂੰ ਸਹੁਰੇ ਘਰ ਜਾਣਾ ਪੈਣਾ ਹੈ। ਸਭ ਕ੍ਰਿਆ-ਕਰਮ ਵੀ ਹੋ ਜਾਣਗੇ। ਹੁਣ ਸਹੁਰਿਆਂ ਨਾਲ ਸਾਰੀ ਗੱਲ ਕਰ ਲੈਣਾ। ਆਪਣੀ ਕਬੀਲਦਾਰੀ ਦਾ ਪਤਾ ਹੀ ਐ। ਭੈਣ ਜੀ ਦਾ ਸਮਾਨ ਤੇ ਬੱਚਾ ਘਰ ਲਿਆਉਣ ਵਾਲੀ ਗਲਤੀ ਨਾ ਕਰਿਓ ....।’ ਇਹ ਭਾਬੀ ਦੀ ਆਵਾਜ਼ ਸੀ।

‘ਓ ਅਜੇ ਲਾਸ਼ ਆਈ ਨੀ। ਸਸਕਾਰ ਹੋਇਆ ਨੀ। ਭੋਗ ਪਿਆ ਨੀ। ਤੂੰ ਆਹ ਹੋਰ ਈ ਸੁਣਾਉਣ ਬਹਿਗੀ। ਪੈ ਜਾ ਚੁੱਪ ਕਰਕੇ।’ ਇਹ ਭਰਾ ਦੀ ਆਵਾਜ਼ ਸੀ।

‘ਆਹੋ ਜੀ ਮੇਰੀ ਗੱਲ ਸੋਨੂੰ ਕਿੱਥੇ ਚੰਗੀ ਲੱਗਦੀ ਐ। ਕੁਝ ਬੁੜ-ਬੁੜ ਤੇ ਭਾਬੀ ਚੁੱਪ....।’ ਵੀਰ ਜੀ ਇਹ ਸੁਣ ਕੇ ਚੁੱਪ-ਚਾਪ ਮੈਂ ਮਾਂ ਵਾਲੇ ਕਮਰੇ ’ਚ ਵਾਪਸ ਆ ਗਈ ਤੇ ਕਿੰਨਾ ਚਿਰ ਬੈਠੀ ਸੋਚਦੀ ਰਹੀ, ‘ਚਲੋ, ਜੋ ਰੱਬ ਨੂੰ ਮਨਜ਼ੂਰ।’ ਇਹ ਘਰ ਦਾ ਹਾਲ ਸੀ।

ਦੋ ਦਿਨ ਬਾਅਦ ਪਰਿਵਾਰ ਸਮੇਤ ਸਹੁਰੇ ਘਰ ਪਹੁੰਚੀ। ਅਜੇ ਤਿੰਨ ਦਿਨ ਬਾਅਦ ਸਤਿਬੀਰ ਦੀ ਲਾਸ਼ ਆਉਣੀ ਸੀ। ਸੱਸ ਤਾਂ ਜਿਵੇਂ ਪਹਿਲਾਂ ਹੀ ਭਰੀ-ਪੀਤੀ ਪਈ ਸੀ। ਨਾ ਬੁੱਕਲ ’ਚ ਲਿਆ, ਨਾ ਪੈਰਾਂ ’ਚ ਰੱਖੀ ਚੁੰਨੀ ਨੂੰ ਕੁੱਝ ਸਮਝਿਆ। ਦੇਖਣ ਸਾਰ ਦੁਹੱਥੜਾ ਮਾਰ ਹੋ ਗਈ ਸ਼ੁਰੂ, ‘ਨੀ ਤੂੰ ’ਕੱਲੀ ਘਰੇ ਆ ਵੜੀ ਨੀ... ਕਿੱਥੇ ਖਪਾ ਆਈ ਮੇਰੇ ਪੁੱਤ ਨੂੰ ਨੀ.... ਨੀ ਡਾਇਣੇ ਮੇਰਾ ਕੜੀ ਵਰਗਾ ਪੁੱਤ ਖਾ ਗੀ ਨੀ....' ਤੇ ਬੜਾ ਕੁੱਝ ਹੋਰ ਬੋਲਣ ਲੱਗੀ।”

ਵੀਰ ਜੀ ਕੀ ਕਰਦੀ? ਆਪਣੇ ਪਰਿਵਾਰ ’ਚ ਬੈਠ ਮੈਂ ਰੋਣ ਲੱਗੀ। ਸਹੁਰਾ ਪਰਿਵਾਰ ਅੱਡ ਸੱਸ ਦੁਆਲੇ ਬੈਠਾ ਸੀ। ਹੌਲੀ-ਹੌਲੀ ਸਿਆਣੀਆਂ ਔਰਤਾਂ ਨੇ ਸਭ ਨੂੰ ਚੁੱਪ ਕਰਾਇਆ ਤੇ ਗੱਲਾਂ ਕਰਨ ਲੱਗੇ। ਸਹੁਰੇ ਪਰਿਵਾਰ ਦੇ ਕਿਸੇ ਜੀਅ ਨੇ ਮੇਰੇ ਨਾਲ ਕੋਈ ਗੱਲ ਨਾ ਕੀਤੀ, ਨਾ ਬੁਲਾਇਆ।” ਕੁਲਜੀਤ ਐਨਾ ਕੁੱਝ ਇਸ ਤਰ੍ਹਾਂ ਬੋਲ ਗਈ, ਜਿਵੇਂ ਮੇਰੇ ਨਾਲ ਨਹੀਂ, ਕਿਸੇ ਖਲਾਅ ਨਾਲ ਗੱਲਾਂ ਕਰ ਰਹੀ ਹੋਵੇ। ਉਸਦੀਆਂ ਅੱਖਾਂ ’ਚੋਂ ਅੱਥਰੂ ਵਹਿ ਰਹੇ ਸਨ। ਮੈਂ ਚੁੱਪ ਤੇ ਹੈਰਾਨ ਉਸ ਵੱਲ ਦੇਖੀ ਜਾ ਰਿਹਾ ਸੀ।

ਅਚਾਨਕ ਉਹ ਆਲੇ-ਦੁਆਲੇ ਦੇਖਣ ਲੱਗੀ। ਮੇਰੇ ਮੂੰਹ ਵੱਲ ਦੇਖਣ ਲੱਗੀ। ਕੁੱਝ ਪ੍ਰੇਸ਼ਾਨ ਹੋਈ। ਫੇਰ ਕਹਿੰਦੀ, “ਵੀਰ ਜੀ, ਮੁਆਫ਼ ਕਰਨਾ, ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਕੀ ਬੋਲ ਰਹੀ ਸੀ। ਮੈਂ ਤਾਂ ਸਮਾਨ ਲੈ ਕੇ ਵਾਪਸ ਪੰਜਾਬ ਚਲੀ ਜਾਣਾ ਹੈ। ਬੱਚਾ ਅਜੇ ਮੇਰੇ ਮੰਮੀ-ਡੈਡੀ ਕੋਲ ਹੈ। ਕੁੱਝ ਚਿਰ ਮੈਨੂੰ ਵੀ ਉਨ੍ਹਾਂ ਕੋਲ ਰਹਿਣਾ ਪੈਣਾ ਹੈ ਪਰ ਜਲਦੀ ਕੁੱਝ ਤਾਂ ਕਰਨਾ ਹੀ ਪਏਗਾ। ਬਾਕੀ ਅੱਗੇ ਦੇਖਾਂਗੀ ਕੀ ਬਣਦਾ ਹੈ।”

ਮੈਂ ਸਮਝ ਗਿਆ। ਕੁਲਜੀਤ ਤਾਂ ਦਿਲ ’ਤੇ ਕੋਈ ਵੱਡਾ ਪੱਥਰ ਲੈ ਕੇ ਵਾਪਿਸ ਆਈ ਹੈ। ਦੁੱਖਾਂ ਦੀ ਝੰਬੀ ਸ਼ਾਇਦ ਬੇਧਿਆਨੇ ’ਚ ਹੀ ਸਭ ਗੱਲਾਂ ਕਰ ਗਈ। ਇੰਦਰ, ਆਹ ਸਾਰਾ ਕੁੱਝ ਕੁਲਜੀਤ ਨੇ ਪੰਜਾਬ ਤੋਂ ਆ ਕੇ ਮੈਨੂੰ ਦੱਸਿਆ। ਮੇਰਾ ਸ਼ੱਕ ਹੋਰ ਪੱਕਾ ਹੋਣ ਲੱਗਾ ਕਿ ਗੱਲ ਕੋਈ ਹੈ ਵੀ ਜ਼ਰੂਰ ਤੇ ਹੈ ਵੀ ਗੰਭੀਰ।

ਐਨੀ ਲੰਬੀ ਗੱਲ ਦੱਸਣ ਤੋਂ ਬਾਅਦ ਹੁਣ ਵਿਜੈ ਚੁੱਪ ਸੀ। ਸੁਣ ਕੇ ਮੈਂ ਹੈਰਾਨ ਤਾਂ ਹੁੰਦਾ ਰਿਹਾ ਪਰ ਕਿਤੇ ਵੀ ਟੋਕਿਆ ਨਾ। ਸੋਚਿਆ, ਮਨਾ ਇਹ ਤਾਂ ਬਹੁਤ ਵੱਡਾ ਬੋਝ ਮਨ ’ਤੇ ਲਈ ਫਿਰਦੈ, ਕੱਢ ਲੈਣ ਦੇ ਸਾਰੀ ਭੜਾਸ। ਇਹਦਾ ਮਨ ਹੌਲਾ ਹੋ ਸਕੇ।

ਹੁਣ ਅਸੀਂ ਦੋਵਾਂ ਨੇ ਆਪਣੇ-ਆਪਣੇ ਗਿਲਾਸ ਚੁੱਕੇ ਤੇ ਖਾਲੀ ਕਰ ਦਿੱਤੇ। ਮੈਂ ਹਲਕਾ-ਹਲਕਾ ਪੈੱਗ ਹੋਰ ਪਾਉਣ ਲੱਗਾ। ਵਿਜੈ ਦੇ ਗਿਲਾਸ ’ਚ ਪੈੱਗ ਪਾਉਣ ਵੇਲੇ ਮੈਂ ਬਿਨਾਂ ਬੋਲੇ ਉਸ ਵੱਲ ਦੇਖਿਆ। ਉਹ ਚੁੱਪ ਹੀ ਰਿਹਾ ਤੇ ਨਾ ਕੋਈ ਇਸ਼ਾਰਾ ਕਰਕੇ ਪੈੱਗ ਪਾਉਣ ਤੋਂ ਰੋਕਿਆ। ਉਸਦੀ ਸਹਿਮਤੀ ਸਮਝ ਮੈਂ ਹੌਲੇ-ਹੌਲੇ ਪੈੱਗ ਹੋਰ ਪਾ ਲਏ ਤੇ ਸਿੱਧਾ ਹੋ ਕੇ ਬੈਠ ਗਿਆ।

ਵਿਜੈ ਨੇ ਚਿੱਤ ਕਰਾਰਾ ਕੀਤਾ ਤੇ ਫਿਰ ਦੱਸਣ ਲੱਗਾ, “ਕੁਲਜੀਤ ਦੇ ਆਉਣ ’ਤੇ ਅਗਲੇ ਦਿਨ ਤੋਂ ਮੈਂ ਉਹਦੇ ਨਾਲ ਤਿਆਰੀ ਕਰਵਾਉਣ ਲੱਗ ਪਿਆ। ਕੰਪਨੀ ਦਫ਼ਤਰ ਜਾਣਾ, ਸਤਿਬੀਰ ਦੀ ਮੌਤ ਬਾਰੇ ਹੋਰ ਜਾਣਕਾਰੀ ਲੈਣਾ, ਉਸਦੇ ਜਹਾਜ਼ ਵਿਚਲੇ ਨਿੱਜੀ ਸਮਾਨ ਬਾਰੇ ਪਤਾ ਕਰਨਾ, ਮੁਆਵਜ਼ੇ ਦੀ ਗੱਲ ਕਰਨਾ ਆਦਿ। ਫਿਰ ਸਕੂਲ ਜਾ ਕੇ ਬੱਚੇ ਦਾ ਨਾਮ ਕਟਵਾਉਣਾ, ਸਕੂਲ ਛੱਡਣ ਦਾ ਸਰਟੀਫਿਕੇਟ ਲੈਣਾ, ਛੋਟੀ-ਮੋਟੀ ਖਰੀਦਦਾਰੀ ਕਰਨੀ, ਸਮਾਨ ਦੀ ਪੈਕਿੰਗ ਆਦਿ ਕਈ ਕੰਮ ਸਨ, ਜੋ ਕਰਨੇ ਸਨ। ਸ਼ੁਰੂ ਵਿੱਚ ਮੈਂ ਚਾਹਿਆ ਸੀ ਕਿ ਕਮਲੇਸ਼ ਨਾਲ ਰਹੇ ਤੇ ਮੱਦਦ ਕਰੇ ਪਰ ਉਸਦਾ ਵਤੀਰਾ ਵੇਖ ਮੈਂ ਚੁੱਪ ਕਰ ਗਿਆ। ਹੁਣ ਮੈਂ ਵੀ ਬਹੁਤੀ ਪ੍ਰਵਾਹ ਨਹੀਂ ਸੀ ਕਰਦਾ ਤੇ ਕੁਲਜੀਤ ਦੀ ਹਰ ਤਰ੍ਹਾਂ ਦੀ ਮੱਦਦ ਕਰਨਾ ਮੈਂ ਆਪਣਾ ਫ਼ਰਜ਼ ਸਮਝਦਾ ਸੀ। ਉਸ ਵਿਚਾਰੀ ਦਾ ਹੋਰ ਬੰਬਈ ਵਿੱਚ ਹੈ ਵੀ ਕੌਣ ਸੀ?

ਤੁਰੇ ਫਿਰਦੇ ਅਸੀਂ ਕੰਮ ਦੇ ਨਾਲ-ਨਾਲ ਗੱਲਾਂ ਵੀ ਕਰਦੇ ਰਹਿੰਦੇ। ਗੱਲਾਂ-ਗੱਲਾਂ ਵਿੱਚ ਕੁਲਜੀਤ ਨੇ ਦੱਸਿਆ, “ਭਾਅ ਜੀ, ਸ਼ਾਇਦ ਉਨ੍ਹਾਂ ਵੀਜ਼ੇ ਸਬੰਧੀ ਕਿਸੇ ਨਾਲ ਕੋਈ ਗੱਲ ਕਰ ਲਈ ਸੀ। ਉਨ੍ਹਾਂ ਨੇ ਸਾਨੂੰ ਕੈਨੇਡਾ ਸੈੱਟ ਕਰਨ ਬਾਰੇ ਮੈਨੂੰ ਦੱਸਿਆ ਸੀ। ਭਾਅ ਜੀ ਅਸੀਂ ਸਭ ਨੇ ਕੈਨੇਡਾ ਚਲੇ ਜਾਣਾ ਸੀ। ਆਹ ਤਾਂ ਕਿਧਰੇ ਚਿੱਤ-ਚੇਤੇ ਵੀ ਨਹੀਂ ਸੀ।” ਗੱਲਾਂ ਕਰਦੀ-ਕਰਦੀ ਕੁਲਜੀਤ ਦਾ ਮਨ ਭਰ ਆਉਂਦਾ। ਉਸਦੀਆਂ ਗੱਲਾਂ ਸੁਣ ਮੇਰਾ ਮਨ ਵੀ ਭਰ ਆਉਂਦਾ।

ਕੁਲਜੀਤ ਦੇ ਪੰਜਾਬ ਜਾਣ ਦੀ ਸਾਰੀ ਤਿਆਰੀ ਹੋ ਚੁੱਕੀ ਸੀ। ਬੁੱਕ ਕਰਨ ਵਾਲਾ ਸਾਰਾ ਸਮਾਨ ਬੁੱਕ ਕਰਵਾ ਦਿੱਤਾ। ਨਾਲ ਲਿਜਾਣ ਵਾਲਾ ਸਮਾਨ ਪੈਕ ਕਰ ਦਿੱਤਾ। ਸੀਟ ਪਹਿਲਾਂ ਹੀ ਰਿਜ਼ਰਵ ਕਰਵਾ ਲਈ ਸੀ। ਨਿਸ਼ਚਿਤ ਦਿਨ ’ਤੇ ਮੈਂ ਕੁਲਜੀਤ ਨੂੰ ਗੱਡੀ ਚੜ੍ਹਾਉਣ ਸਟੇਸ਼ਨ ’ਤੇ ਜਾਣਾ ਸੀ। ਭਾਵੇਂ ਕਈ ਦਿਨਾਂ ਤੋਂ ਮੈਂ ਤੇ ਕੁਲਜੀਤ ਇਕੱਠੇ ਸਾਂ। ਢੇਰ ਸਾਰੀਆਂ ਗੱਲਾਂ ਵੀ ਕੀਤੀਆਂ ਸਨ ਪਰ ਮੈਨੂੰ ਲੱਗਾ, ਜਿਵੇਂ ਕੁਲਜੀਤ ਹੁਣੇ ਹੀ ਆਈ ਸੀ ਤੇ ਹੁਣੇ ਜਾ ਵੀ ਰਹੀ ਹੈ। ਉਸ ਰਾਤ ਮਨ ਬੜਾ ਬੇਚੈਨ ਰਿਹਾ। ਕਦੀ ਮਨ ’ਚ ਆਵੇ, ਕੁਲਜੀਤ ਨੂੰ ਕਹਾਂ, ‘ਤੂੰ ਕਿਤੇ ਨੀ ਜਾਣਾ, ਚੱਲ ਪੰਜਾਬ ਤੋਂ ਬੱਚੇ ਨੂੰ ਲੈ ਕੇ ਆਈਏ ਤੇ ਉਹ ਇੱਥੇ ਹੀ ਪੜ੍ਹੇਗਾ। ਕਦੀ ਸੋਚਾਂ, ਕਮਲੇਸ਼ ਤੇ ਕੁਲਜੀਤ ਦੋਵੇਂ ਇਸ ਘਰ ਵਿੱਚ ਭੈਣਾਂ ਬਣ ਰਹੀ ਜਾਣ ਤਾਂ ਕਿੰਨਾ ਚੰਗਾ ਹੋਵੇ। ਕਦੀ ਮਨ ’ਚ ਆਵੇ, ਹੁਣੇ ਕਮਲੇਸ਼ ਨੂੰ ਕਹਿ ਦੇਵਾਂ, ਕੁਲਜੀਤ ਕਿਤੇ ਨਹੀਂ ਜਾ ਰਹੀ, ਉਹ ਵੀ ਇੱਥੇ ਹੀ ਰਹੇਗੀ। ਕਦੇ ਕੁੱਝ ਤੇ ਕਦੇ ਕੁੱਝ।’ ਤਰ੍ਹਾਂ-ਤਰ੍ਹਾਂ ਦੇ ਵਿਚਾਰ ਮਨ ਅੰਦਰ ਪਨਪਦੇ ਰਹੇ ਤੇ ਤੜਫ਼-ਤੜਫ਼ ਦਮ ਤੋੜਦੇ ਰਹੇ। ਮੈਂ ਚੁੱਪ ਸੀ....ਬੱਸ ਚੁੱਪ। ਕਿਸੇ ਨੂੰ ਵੀ ਕੋਈ ਗੱਲ ਕਹਿਣ ਦੀ ਹਿੰਮਤ ਨਾ ਕਰ ਸਕਿਆ। ਫਿਰ ਵੀ ਵਾਰ-ਵਾਰ ਮਨ ਵਿੱਚ ਆਵੇ ਕਿ ਮੈਨੂੰ ਕੁਲਜੀਤ ਲਈ ਕੁੱਝ ਕਰਨਾ ਚਾਹੀਦਾ ਹੈ ....ਪਰ ਕੀ? ਮੈਨੂੰ ਕੁੱਝ ਸਮਝ ਨਹੀਂ ਸੀ ਆ ਰਿਹਾ।

ਦੂਸਰੇ ਦਿਨ ਤਿਆਰ ਹੋ ਸਟੇਸ਼ਨ ’ਤੇ ਪਹੁੰਚ ਗਏ। ਦੋਵੇਂ ਚੁੱਪ, ਦੋਵੇਂ ਉਦਾਸ। ਕੋਈ ਗੱਲ ਹੀ ਨਹੀਂ ਸੀ ਔੜ ਰਹੀ। ਅਖ਼ੀਰ ਕੁਲਜੀਤ ਨੇ ਹੀ ਚੁੱਪ ਨੂੰ ਤੋੜਿਆ ਤੇ ਕਹਿਣ ਲੱਗੀ, “ਭਾਅ ਜੀ, ਤੁਸੀਂ ਮੇਰੀ ਬਹੁਤ ਮੱਦਦ ਕੀਤੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਵਰਨਾ ਮੈਂ ਇਕੱਲੀ ਨੇ ਬੜਾ ਪ੍ਰੇਸ਼ਾਨ ਹੋਣਾ ਸੀ।”

ਮੈਂ ਹੈਰਾਨ, ਇਹ ਐਨੇ ਸ਼ਬਦ ਬੋਲ ਕਿਵੇਂ ਗਈ? ਮੇਰੀ ਤਾਂ ਜੀਭ ਨੂੰ ਕੋਈ ਜਿੰਦਰਾ ਅੜਿਆ ਪਿਆ ਸੀ। ਸ਼ਬਦ ਜਿਵੇਂ ਗਲ ਵਿੱਚ ਹੀ ਫ਼ਸ ਗਏ ਹੋਣ ਤੇ ਉਹ ਮੇਰਾ ਧੰਨਵਾਦ ਕਰ ਰਹੀ ਸੀ। ਉਸਨੂੰ ਕਿਵੇਂ ਦੱਸਦਾ ਕਿ ਮੇਰੇ ਦਿਲ ਨੂੰ ਤਾਂ ਡੋਬੂ ਪੈ ਰਹੇ ਨੇ। ਅੰਦਰ ਹੀ ਅੰਦਰ ਕੁੱਝ ਮੱਚ ਰਿਹਾ ਹੈ। ਉਹ ਸੇਕ ਮੈਨੂੰ ਤੜਫ਼ਾ ਰਿਹਾ ਹੈ। ਜੀਅ ਕਰਦਾ ਸੀ, ਹੁਣੇ ਇਹਦੀ ਬਾਂਹ ਫੜਾਂ ਤੇ ਵਾਪਸ ਘਰ ਲੈ ਜਾਵਾਂ। ਕਹਿ ਦੇਵਾਂ ਕੁਲਜੀਤ ਤੂੰ ਕਿਤੇ ਨੀ ਜਾਣਾ।

ਪਰ ਫਿਰ ਉਹੀ ਗੱਲ, ਬਾਂਹ ਤਾਂ ਕੀ ਫੜਨੀ ਸੀ, ਇੰਨਾ ਕਹਿ ਪਾਇਆ, “ਤੂੰ ਕਿਸ ਗੱਲ ਦਾ ਧੰਨਵਾਦ ਕਰਦੀ ਐਂ ਕੁਲਜੀਤ, ਮੈਂ ਤਾਂ ਤੇਰੇ ਲਈ ਕੁੱਝ ਵੀ ਨਹੀਂ ਕੀਤਾ। ਜਦ ਸਤਿਬੀਰ ਤੈਨੂੰ ਬੰਬਈ ਲੈ ਕੇ ਆਇਆ ਸੀ, ਤੇਰੇ ਚੰਨ ਵਰਗੇ ਹਸੂੰ-ਹਸੂੰ ਕਰਦੇ ਚਿਹਰੇ ’ਤੇ ਖੁਸ਼ੀਆਂ ਤੇ ਰੌਣਕਾਂ ਸਨ। ਤੂੰ ਇੱਥੋਂ ਦੇ ਖ਼ੁਸ਼ਕ ਤੇ ਰੁਆਂਸੇ ਮਾਹੌਲ ਵਿੱਚ ਖ਼ੁਸ਼ੀਆਂ ਹੀ ਬਿਖੇਰੀਆਂ। ਅੱਜ ਮੈਨੂੰ ਤਾਂ ਇੰਝ ਲੱਗ ਰਿਹਾ ਹੈ ਕਿ ਤੇਰੀਆਂ ਸਾਰੀਆਂ ਖੁਸ਼ੀਆਂ ਖੋਹ ਕੇ, ਮੈਂ ਤੈਨੂੰ ਕਿਸੇ ਡੂੰਘੀ ਹਨ੍ਹੇਰੀ ਖਾਈ ਵੱਲ ਧੱਕਾ ਦੇਣ ਆਇਆ ਹੋਵਾਂ। ਕਾਸ਼! ਮੈਂ ਤੈਨੂੰ ਤੇਰੀ ਉਹੀ ਮੁਸਕਰਾਹਟ ਮੋੜ ਸਕਦਾ, ਕਿੰਨਾ ਮਜ਼ਬੂਰ ਹਾਂ ਮੈਂ।” ਤੇ ਇੰਦਰ ਹੋਰ ਕਮਾਲ ਦੇਖ, ਇਹ ਸਭ ਗੱਲਾਂ ਵੀ ਮੈਂ ਆਪਣੇ ਮਨ ਹੀ ਮਨ ਵਿੱਚ ਕਹੀਆਂ। ਮੈਥੋਂ ਤਾਂ ਇਹ ਵੀ ਬੋਲ ਕੇ ਨਾ ਕਹਿ ਹੋਈਆਂ। ਸੋਚ ਮੇਰੀ ਕੀ ਹਾਲਤ ਸੀ। ਕੀ ਸੋਚਦੀ ਹੋਵੇਗੀ ਕੁਲਜੀਤ।

ਇੱਕ ਵਾਰ ਮਨ ’ਚ ਖ਼ਿਆਲ ਆਇਆ, ਨਹੀਂ, ਮੇਰਾ ਭੁਲੇਖਾ ਹੈ। ਗੱਲਾਂ ਤਾਂ ਮੈਂ ਚੀਕ-ਚੀਕ ਕੇ ਕਹੀਆਂ ਨੇ। ਕੁਲਜੀਤ ਨੇ ਜ਼ਰੂਰ ਸੁਣ ਲਈਆਂ ਹੋਣਗੀਆਂ। ਸੁਣ ਕੇ ਉਸਦੇ ਮਨ ਨੂੰ ਸਕੂਨ ਪਹੁੰਚਿਆ ਹੋਵੇਗਾ।

ਪਰ ਕਿੱਥੇ, ਅਹਿਸਾਸ ਨੇ ਫਿਰ ਪਲਟਾ ਲਿਆ। ਦੇਖਿਆ, ਹੈਂਅ, ਮੈਂ ਤਾਂ ਚੁੱਪ-ਚਾਪ ਖਿੜਕੀ ਨਾਲ ਲੱਗਾ ਖੜ੍ਹਾ ਹਾਂ। ਕੁੱਝ ਬੋਲ ਹੀ ਨੀ ਰਿਹਾ। ਕੋਈ ਗੱਲ ਹੀ ਨੀ ਕਰ ਰਿਹਾ। ਕੁਲਜੀਤ ਕਿੰਨੀਆਂ ਉਦਾਸ ਨਜ਼ਰਾਂ ਨਾਲ ਮੇਰੇ ਵੱਲ ਦੇਖ ਰਹੀ ਹੈ। ਉਹ ਚਾਹੁੰਦੀ ਸੀ ਮੈਂ ਕੁੱਝ ਤਾਂ ਬੋਲਾਂ ਪਰ ਮੈਂ... ਪੁੱਛ ਨਾ ਵੀਰ ਬੜੀ ਬੁਰੀ ਹਾਲਤ ਸੀ। ਤੜਫ਼ ਸੀ, ਪਛਤਾਵਾ ਸੀ, ਕੋਈ ਦਰਦ ਸੀ ਤੇ ਬੜਾ ਕੁੱਝ ਹੋਰ ....।

ਇੰਜਣ ਦੀ ਲੰਮੀ ਸੀਟੀ ਵੱਜੀ। ਅਸੀਂ ਝੰਜੋੜੇ ਗਏ। ਹੁਣ ਮੈਂ ਮੂੰਹ ਉਠਾ ਕੇ ਉਦਾਸ ਨਜ਼ਰਾਂ ਨਾਲ ਕੁਲਜੀਤ ਦੇ ਚਿਹਰੇ ਵੱਲ ਦੇਖਿਆ। ਅੰਦਰ ਹੀ ਅੰਦਰ ਕੁੱਝ ਭੁਰਿਆ, ਕੁੱਝ ਟੁੱਟਿਆ ਤੇ ਮੇਰਾ ਮਨ ਭਰ ਆਇਆ। ਬੜੀ ਮੁਸ਼ਕਿਲ ਨਾਲ ਕਹਿ ਪਾਇਆ, ‘ਕੁਲਜੀਤ, ਕਾਸ਼! ਮੈਂ ਤੁਹਾਨੂੰ ਏਅਰਪੋਰਟ ਤੋਂ ਕੈਨੇਡਾ ਲਈ ਵਿਦਾ ਕਰਦਾ’....ਪਤਾ ਨਹੀਂ ਇਹ ਵੀ ਕਿਵੇਂ ਬੋਲ ਹੋ ਗਿਆ।

ਸੁਣ ਕੇ ਕੁਲਜੀਤ ਹੋਰ ਭਾਵੁਕ ਹੋ ਗਈ। ਅੱਖਾਂ ’ਚ ਪਾਣੀ ਭਰ ਆਇਆ। ਬੁੱਲ੍ਹ ਥੋੜ੍ਹੇ ਹਿੱਲੇ ਪਰ ਉੱਥੇ ਹੀ ਘੱਟ ਹੋ ਗਏ। ਕੁੱਝ ਬੋਲ ਨਾ ਹੋਇਆ, ਅੱਖਾਂ ਬੰਦ ਹੋ ਗਈਆਂ। ਮੈਂ ਦੇਖਿਆ, ਉਸ ਨੇ ਗਲ 'ਚ ਕੋਈ ਘੁੱਟ ਜਿਹੀ ਭਰੀ। ਅੰਦਰ ਕੁੱਝ ਲੰਘਾਇਆ ਪਰ ਕੀ... ਕੋਈ ਜ਼ਹਿਰ ਦੀ ਘੱਟ ਹੀ ਲੰਘਾਈ ਹੋਵੇਗੀ, ਹੋਰ ਕੀ। ਉਸਦੇ ਮਨ ਅੰਦਰ ਕੀ ਯੁੱਧ ਚੱਲ ਰਿਹਾ ਸੀ, ਕੌਣ ਜਾਣੇ।

ਫਿਰ ਪਤਾ ਨਹੀਂ ਕਦ ਤੇ ਕਿਵੇਂ ਮੈਂ ਕੁਲਜੀਤ ਦਾ ਕੂਲਾ ਜਿਹਾ ਹੱਥ, ਆਪਣੇ ਹੱਥਾਂ ਵਿੱਚ ਲੈ ਕੇ ਘੁੱਟ ਲਿਆ। ਉਹ ਸਾਰੀ ਦੀ ਸਾਰੀ ਸੁੰਗੜੀ ਤੇ ਆਪਣੇ ਹੱਥ ਨੂੰ ਮੇਰੇ ਹੱਥਾਂ ਵਿੱਚ ਢਿੱਲਾ ਛੱਡ ਦਿੱਤਾ। ਉਸਦੀਆਂ ਸਿੱਲੀਆਂ ਅੱਖਾਂ ਵਿੱਚੋਂ ਮੋਤੀਆਂ ਵਰਗੇ ਹੰਝੂ ਬਾਹਰ ਵਹਿ ਤੁਰੇ, ਜਿਨ੍ਹਾਂ ਨੂੰ ਪਤਾ ਨਹੀਂ ਉਸਨੇ ਕਿੰਨੀ ਪੀੜ ਜਰ-ਜਰ ਕੇ ਕੋਇਆਂ ਵਿੱਚ ਰੋਕਿਆ ਹੋਇਆ ਸੀ।

ਮੇਰੀ ਵੀ ਭੁੱਬ ਨਿਕਲ ਗਈ। ਅੱਖਾਂ 'ਚੋਂ ਅੱਥਰੂ ਵਗਣ ਲੱਗੇ। ਕੁਲਜੀਤ ਕੁੱਝ ਕਹਿਣਾ ਚਾਹੁੰਦੀ ਸੀ ਪਰ ਮੇਰੇ ਵੱਲ ਵੇਖ ਉਹ ਬੱਸ ਡੁਸਕਣਾ ਹੀ ਲੱਗ ਪਈ। ਕੁਲਜੀਤ ਦਾ ਹੱਥ ਅਜੇ ਵੀ ਮੇਰੇ ਹੱਥਾਂ ਵਿੱਚ ਸੀ। ਮੈਂ ਦੇਖਿਆ, ਉਸ ਦੀਆਂ ਅੱਖਾਂ ’ਚੋਂ ਰਿਸਕ ਕੇ ਕੋਇਆਂ ਰਾਹੀਂ ਬਾਹਰ ਆ ਰਹੇ ਹੰਝੂ ਮੇਰੇ ਹੱਥ ਉੱਪਰ ਡਿੱਗ ਰਹੇ ਸਨ ਤੇ ਉਹ ਰੇਗਿਸਤਾਨ ਵਾਂਗ ਖ਼ੁਸ਼ਕ ਪਈਆਂ ਕੁਲਜੀਤ ਦੀਆਂ ਗੋਰੀਆਂ ਗੱਲ੍ਹਾਂ ਤੋਂ ਦੀ ਤੈਰਦੇ ਹੋਏ, ਆਪਣੇ ਸਫ਼ਰ ਦੇ ਪੂਰੇ ਨਿਸ਼ਾਨ ਪਿੱਛੇ ਛੱਡ ਆਏ ਸਨ।”