ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ਗ)

ਵਿਕੀਸਰੋਤ ਤੋਂ

ਖੋਜਾ: ਪੈੜ ਪਕੜਨ ਵਾਲਾ
ਖੋਜੇ ਕੂੰ ਘਿਨਾਏ ਤੇ ਪੈੜ ਨੱਪੀ, ਚੋਰ ਠੱਪ ਘਿੱਧਾ।
(ਪੈੜ ਫੜਨ ਵਾਲਾ ਲਿਆਏ, ਪੈੜ ਫੜੀ ਤੇ ਚੋਰ ਫੜ ਲਿਆ)
ਖੋਜੇ ਜਾਤੀ (ਹਿੰਦੂ ਜੋ ਇਸਲਾਮੀ ਹੋਏ)
ਖੋਜੇ ਮੁਸਲਮਾਨਾਂ ਵਿਚ ਹੱਜੇ ਵੀ ਹਿੰਦੂ ਰੀਤਾਂ ਹਨ।
(ਖੋਜਿਆਂ ਵਿਚ ਅਜੇ ਵੀ ਹਿੰਦੂ ਰੀਤਾਂ ਨੇ, ਮੁਸਲਮਾਨ ਹੋ ਕੇ ਵੀ)
ਖੋਦਾ: ਦਾਹੜੀ ਤੋਂ ਵਿਰਵਾ
ਖੋਦੇ ਤੂੰ ਜ਼ਨਾਨਾ ਭੂਮਕਾ ਕਰਨੀ ਸੌਖੀ ਹੁੰਦੀ ਹੈ।
(ਦਾਹੜੀ ਵਿਰਵੇ ਨੂੰ ਨਾਰੀ ਰੋਲ ਕਰਨਾ ਸੌਖਾ ਹੁੰਦਾ ਹੈ)
ਖੋਭ/ਖੋਭਾ: ਦਲਦਲ
ਬਹੂੰ ਬਰਸਿਐ, ਗੱਲੀਆਂ ਵਿਚ ਖੋਭ/ਖੋਭਾ ਥਿਆ ਪਿਐ।
(ਬਹੁਤ ਵਰ੍ਹਿਐ, ਗੱਲੀਆਂ ਵਿਚ ਦਲਦਲ ਹੋਈ ਪਈ ਹੈ)
ਖੋਰ: ਵੈਰ-ਦੇਖੋ /ਖਾਰ
ਖੌਸੜੇ/ਪੌਲੇ: ਛਿਤਰ
ਹੱਥ ਪੁਰਾਣੇ ਖੌਂਸੜੇ ਪੌਲੇ, ਡੁਪਾਹਰੇ ਵੇਲੇ ਵੱਲੇ।
(ਪੁਰਾਣੇ ਛਿਤਰ ਹੱਥ ਫੜੀ, ਦੁਪਹਿਰ ਨੂੰ ਮੁੜੇ)
ਖੋਜਣਾ: ਖੱਪਣਾ
ਜਿਤਨਾ ਮਰਜ਼ੀ ਖੌਜਦਾ ਰਾਹਿ, ਕੁਝ ਨਾ ਲੱਭਸੀ।
(ਜਿੰਨਾ ਮਰਜ਼ੀ ਖਪੀ ਜਾ, ਕੁਝ ਨਾ ਮਿਲੂ)
ਖੌਦ: ਪਤੀ-ਦੇਖੋ ਖਾਵੰਦ
ਖੌਫ: ਡਰ ਭੈਅ
ਖੌਫ ਕੋਲੂੰ ਮੈਂਡਾ ਤ੍ਰਾਹ ਨਿਕਲ ਗਿਆ।
(ਡਰ-ਭੈਅ ਕਰਕੇ ਮੇਰੀ ਰੂਹ ਕੰਬ ਗਈ)
ਖੌਲ ਉਬਾਲਾ/ਜੋਸ਼
ਜਵਾਨਾ ਦਾ ਹਿਰਖ ਖੌਲਿਆ ਪਰ ਡੁੱਧ ਦੇ ਖੋਲ ਵਰਗਾ।
(ਜੁਆਨਾਂ ਦੇ ਯੁੱਧ ਜੋਸ਼ ਮਾਰਿਆ ਪਰ ਦੁੱਧ ਦੇ ਉਬਾਲੇ ਵਰਗਾ)
ਖੁੰਬ: ਅਪਮਾਨ
ਵਿਚ ਪਰ੍ਹਾ ਖੁੰਬ ਠੱਪੀ ਤਾਂ ਉਸ ਕੂੰ ਗਲ ਨਾ ਆਈ।
(ਸੱਥ ਵਿੱਚ ਉਸਦਾ ਅਪਮਾਨ ਕੀਤਾ ਤਾਂ ਉਸ ਨੂੰ ਗਲ ਨਾ ਆਈ)

(ਗ)


ਗਸ਼/ਗ਼ਸ਼: ਬੇਹੋਸ਼ੀ
ਧੀ ਦੀ ਫੌਤ ਦੀ ਖ਼ਬਰ ਪਾ ਉਸਭੂੰ ਗਸ਼/ਗ਼ਸ਼ ਪੈ ਗਈ।
(ਧੀ ਦੀ ਮੌਤ ਦੀ ਖ਼ਬਰ ਮਿਲੀ ਤੇ ਉਹ ਬੇਹੋਸ਼ ਹੋ ਗਈ)

ਗਸ਼ਤੀ: ਫਿਰੰਦੜ
ਸਿਰ ਦਾ ਸਾਈਂ ਵੰਞਾ ਕੇ ਗਸ਼ਤੀ ਥਈ ਵਦੀ ਹੇ।
(ਪਤੀ ਗੁਆ ਕੇ ਫਿਰੰਦੜ ਹੋਈ ਫਿਰਦੀ ਹੈ)
ਗਹੀਰ: ਖ਼ਜ਼ਾਨਾ
ਤਬੀਬ ਤਾਂ ਦੇਸੀ ਟੋਟਕਿਆਂ ਦਾ ਗੁਣੀ ਗਹੀਰ ਹੈ।
(ਵੈਦ ਤਾਂ ਦੇਸੀ ਨੁਸਖਿਆਂ ਦੇ ਗੁਣਾ ਦਾ ਖਜ਼ਾਨਾ ਹੈ)
ਗੱਕੀ: ਜਫੀ
ਪੋਤਰੇ ਦੀ ਗੱਕੀ ਨਾਲ ਹਾਂ ਠਰ ਗਿਐ, ਮਿੱਠਾ ਮੇਵਾ ਹੈ।
(ਪੋਤੇ ਦੀ ਜਫੀ ਨਾਲ ਕਾਲਜਾ ਠਰ ਗਿਐ, ਮਿਠਾ ਮੇਵਾ ਹੈ)
ਗਚ: ਬੋਲ ਦਾ ਦੁਖ ਵਿਚ ਰੁਕਣਾ/ਗਲਾ ਭਰ ਜਾਣਾ/ਜ਼ੋਰਦਾਰ
ਗਹਿ ਗੱਚ ਮੁਕਾਬਲੇ ਵਿਚ ਹਾਰ ਪਿਛੈ ਗਚ ਭਰ ਗਿਆ ਹਿਸ।
(ਜ਼ੋਰਦਾਰ ਮੁਕਾਬਲੇ ਵਿਚ ਹਾਰ ਪਿਛੋਂ, ਗਲਾ ਭਰ ਗਿਆ ਹੈਸ)
ਗਜ ਕੇ: ਉਚੀ ਸੁਰ ਵਿਚ
ਭਿਰਾਵੋ, ਗਜ ਕੇ ਆਖੋ 'ਸਾਰੇ ਰਲ ਕੇ ਜੀਸੂੰ, ਰਲਕੇ ਮਰਸੂੰ
(ਭਰਾਓ, ਉਚੀ ਸੁਰ ਵਿੱਚ ਬੋਲੋ 'ਕੱਠੇ ਜੀਆਂਗੇ, ਕੱਠੇ ਮਰਾਂਗੇ)
ਗਜ ਵਜ ਕੇ: ਸ਼ਾਨ ਨਾਲ/ਜੋਸ਼ ਨਾਲ
ਕਾਨਫ੍ਰੰਸ ਵਿਚ ਜ਼ਨਾਨੀਆਂ ਗਜ ਵਜ ਕੇ ਆਈਆਂ।
(ਕਾਨਫ੍ਰੰਸ ਵਿੱਚ ਔਰਤਾਂ ਜੋਸ਼ ਨਾਲ ਆਈਆਂ)
ਗਜਾ: ਰਸਦ/ਭੋਜਨ ਮੰਗਣਾ
ਹੱਜੇ ਡੇਰੇ ਤੂੰ ਕਾਈ ਸਾਧ ਗਜਾ ਕਰਨ ਨਹੀਂ ਆਇਆ।
(ਅਜੇ ਡੇਰੇ ਤੋਂ ਕੋਈ ਸਾਧ ਰਸਦਭੋਜਨ ਮੰਗਣ ਨਹੀਂ ਆਇਆ)
ਗ਼ਜ਼ਾ/ਗਿਜ਼ਾ: ਖੁਰਾਕ
ਸੁੱਕਾ ਮੇਵਾ ਪਾੜ੍ਹੇ ਕੂੰ ਸੂਹਣੀ ਗ਼ਜ਼ਾ/ਗਿਜ਼ਾ ਹੈ।
(ਸੁੱਕਾ ਮੇਵਾ ਵਿਦਿਆਰਥੀ ਨੂੰ ਸੋਹਣੀ ਖੁਰਾਕ ਹੈ)
ਗਜ਼ਬ/ਗ਼ਜ਼ਬ: ਹਿੰਸਾ/ਗੁਨਾਹ/ਤਬਾਹੀ
ਫੌਜ ਗਜ਼ਬ ਢਾਹਿਐ, ਮਸੂੰਮ ਭੁੰਨ ਸੁਟੇ ਹਿਸ।
(ਫੌਜ ਹਿੰਸਾ/ਤਬਾਹੀ ਕੀਤੀ ਹੈ, ਮਸੂੰਮਾਂ ਨੂੰ ਗੋਲੀਆਂ ਮਾਰੀਆਂ ਨੇ)
(ਗਜ਼ਬ ਕੀਆ ਜੋ ਤੇਰੇ ਵਾਹਿਦੇ ਪੇ ਇਤਬਾਰ ਕੀਆ)
ਗਡਰੀਆਂ: ਛੇੜੂ/ਵਾਗੀ
ਗਡਰੀਏ ਢੋਲੇ ਦੀਆਂ ਗਾਂਵਦੇ ਮਲੰਗ ਹਿਨ।
(ਛੇਤੁ ਮਸਤੀ ਦੇ ਰੰਗ ਵਿਚ ਗਾਉਂਦੇ ਮਲੰਗ ਨੇ)
ਗਡੂੰਹ: ਗਧਾ/ਖੋਤਾ
ਗਡੂੰਹ ਗਰੀਬ ਗੁਰਬੇ ਦਾ ਜਹਾਜ਼ ਥਿਆ।
(ਗਧਾ ਗਰੀਬ ਗੁਰਬੇ ਦਾ ਜਹਾਜ਼ ਠਹਿਰਿਆ)

ਗਣ: ਗਿਣ
ਰਕਮ ਗਣ ਕੇ ਨਾਵ੍ਹੀ ਘਿੱਧੀ, ਘਟਦੀ ਪਈ ਹੈ।
(ਰਕਮ ਗਿਣ ਕੇ ਨਹੀਂ ਸੀ ਲਈ, ਘਟ ਰਹੀ ਹੈ)
ਗਤ: ਗਤੀ/ਕੁਟਮਾਰ
ਗਤ ਕੂੰ ਗਿਆ ਹਾਈ, ਪਾਂਡੇ ਨਾਲ ਭਿੜ ਪਿਆ,ਉਨ੍ਹਾਂ ਚੰਗੀ ਗਤ ਬਣਾਈ।
(ਗਤੀ ਕਰਾਉਣ ਗਿਆ,ਪਾਂਡੇ ਨਾਲ ਲੜ ਪਿਆ,ਉਨਾਂ ਚੰਗੀ ਕੁਟ ਚਾੜ੍ਹੀ)
ਗਦੀ: ਧਾਰਮਕ ਤਖ਼ਤ
ਡੇਰੇ ਦੀ ਗੱਦੀ ਦਾ ਬਖੇੜਾ ਕਡਣ ਮੁਕਸੀ।
(ਡੇਰੇ ਦੇ ਧਾਰਮਕ ਤਖਤ ਦਾ ਝਗੜਾ ਕਦੋਂ ਮੁਕੂ)
ਗਨੀਮਤ/ਗ਼ਨੀਮਤ: ਚੰਗੇ ਭਾਗ
ਗਨੀਮਤ/ਗ਼ਨੀਮਤ ਰਹੀ ਕਿ ਮੀਂਹ ਪਿਆ ਤੇ ਫਸਲ ਬਚ ਰਹੀ।
(ਚੰਗੇ ਭਾਗਾਂ ਨੂੰ ਮੀਂਹ ਪੈ ਗਿਆ ਤੇ ਫਸਲ ਬਚ ਰਹੀ)
ਗੱਪਲ: ਮੁੰਡੇ/ਰੋਟੀਆਂ
ਗੱਪਲ ਡੀਂਦਾ ਵੰਞ ਤੇ ਮਜੂਰਾਂ ਨੂੰ ਕੰਮ ਘਿਧੀ ਵੰਞ।
(ਮੰਡੇ ਖੁਆਈ ਜਾ ਤੇ ਮਜ਼ਦੂਰਾਂ ਤੋਂ ਕੰਮ ਲਈ ਜਾ)
ਗਫ਼ਲਤ/ਗ਼ਫ਼ਲਤ:ਲਾਪਰਵਾਹੀ
ਹਿੱਕ ਸਿਪਾਹੀ ਦੀ ਗਫਲਤ/ਗ਼ਫ਼ਲਤ ਪਿਛੁੰ ਕੰਪ ਫ਼ਨਾਹ ਥੀ ਗਿਆ।
(ਇੱਕ ਸਿਪਾਹੀ ਦੀ ਲਾਪਰਵਾਹੀ ਪਿਛੇ ਕੈਂਪ ਤਬਾਹ ਹੋ ਗਿਆ)
ਗੱਭਣ: ਜਨਮ ਦੇਣ ਯੋਗ
ਆਧੇ ਹਿਨ ਸਾਧ ਤੇ ਸਾਨ੍ਹ, ਗਭਣ ਕਰਨ 'ਚ ਮਾਹਰ ਹੁੰਦੇਨ।
(ਕਹਿੰਦੇ ਨੇ, ਸਾਧ ਤੇ ਸਾਨ੍ਹ ਜਨਮ ਦੇਣ ਯੋਗ ਕਰਨ ਨੂੰ ਮਾਹਰ ਹੁੰਦੇ ਹਨ)
ਗ੍ਰਿਫ਼ਤ/ਗਰਿਫ਼ਤ: ਪੱਕੜ
ਜਡੂੰ ਗ੍ਰਿਫ਼ਤ ਢਿਲੀ ਥੀਸੀ, ਚੋਰ ਭਜ ਨਿਕਲਸੀ।
(ਜਦੋਂ ਪਕੜ ਢਿਲੀ ਹੋਊ, ਚੋਰ ਭਜ ਨਿਕਲੂ)
ਗਰਦਸ਼: ਗੇੜੇ ਪਏ
ਡਾਢੇ ਡੀਹਾਂ ਦੀ ਗਰਦਸ਼ ਵਿਚ ਫਸੇ ਵਦੇ ਹਾਏ।
(ਬੜੇ ਔਖੇ ਦਿਨਾਂ ਦੇ ਗੇੜਿਆਂ ਵਿਚ ਫਸੇ ਹੋਏ ਹਾਂ)
ਗਰੀ: ਖੋਪਾ
ਗਰੀ ਦਾ ਤੇਲ ਦਵਾਈ ਨਾਲ ਰਲਾ ਕੇ ਮਲ।
(ਖੋਪੇ ਦਾ ਤੇਲ ਦਵਾਈ ਨਾਲ ਮਿਲਾ ਕੇ ਮਲੀਂ)
ਗ੍ਰਾਸ/ਗਰਾਸ ਬੁਰਕੀ/ਖਾਜਾ
ਪ੍ਰਾਣੀ ਜਗਤ ਕਾਲ ਦਾ ਗ੍ਰਾਸ/ਗਰਾਸ ਥਿਆ ਆਂਦੈ।
(ਜੀਵ ਜਗਤ ਸਮੇਂ ਦੀ ਬੁਰਕੀ/ਖਾਜਾ ਬਣਿਆ ਜਾ ਰਿਹਾ ਹੈ)

ਗਰੀਬਖਾਨਾ: ਬਸੇਰਾ
ਤੁਹਾਡੇ ਚਰਨ ਪਏ ਹਨ ਤੇ ਮੈਂਡੇ ਗਰੀਬਖਾਨੇ ਕੂੰ ਭਾਗ ਲਗ ਗਏ ਹਿਨ।
(ਤੁਹਾਡੇ ਚਰਨ ਪਏ ਨੇ ਤੇ ਮੇਰੇ ਬਸੇਰੇ ਦੇ ਭਾਗ ਖੁਲ੍ਹ ਗਏ ਨੇ)
ਗਰੂਰ/ਗ਼ਰੂਰ/ਮਗਰੂਰ: ਹੰਕਾਰ/ਗਰਬ/ਹੰਕਾਰੀ
ਮਗਰੂਰ ਨਾ ਥੀ, ਜਵਾਨੀ ਤੇ ਮਾਇਆ ਢਲਦੇ ਪਿਰਛਾਵੇਂ ਹਿਨ।
(ਹੰਕਾਰੀ ਨਾ ਹੋ, ਜਵਾਨੀ ਤੇ ਮਾਇਆ ਥੋੜ ਚਿਰੇ ਹਨ)
ਗਰੇਬਾਨ/ਗਾਟਾ: ਗਲਾਵਾਂ
ਜਨਾਬ, ਇੰਨ੍ਹੇ ਮੈਂਡੇ ਗਰੇਬਾਨ ਕੂੰ ਹੱਥ ਪਾ ਕੇ ਗਾਟਾ ਘੁਟਿਆ।
(ਸ਼੍ਰੀਮਾਨ, ਇਸ ਨੇ ਮੇਰੇ ਗਲਾਵੇਂ ਨੂੰ ਫੜ ਕੇ ਗਲ ਘੁੱਟਿਆ)
ਗਲਮਾ: ਕਮੀਜ਼ ਦਾ ਗਲਾ
ਦਰਜਨ ਨੇ ਰੂਹ ਨਾਲ ਇਸ ਸੂਹਣੇ ਗਲਮੇਂ ਕੂੰ ਸੀਤੈ।
(ਦਰਜਨ ਨੇ ਦਿਲ ਲਾ ਕੇ ਇਸ ਸੋਹਣੇ ਗਲੇ ਨੂੰ ਸਿਉਂਤਾ ਹੈ)
ਗਲੀਂ: ਗਲਾਂ ਵਿਚ
ਕਤਰਾ ਈਕੂੰ ਗਲੀਂ ਘੱਤ, ਮੈਂ ਮਾਲ ਕੱਢ ਘਿਨਾਵਾਂ।
(ਜ਼ਰਾ ਇਹਨੂੰ ਗਲੋਂ ਲਾ, ਮੈਂ ਮਾਲ ਕੱਢ ਲਿਆਵਾਂ)
ਗਲੂਲੀ: ਕੁਰਲੀ
ਵਡਲੇ ਵੇਲੇ ਪਹਿਨੂੰ ਗਲੂਲੀ ਕਰੀਂ, ਵਤ ਚਾਹ ਪੀਵੀਂ।
(ਸਵੇਰ ਵੇਲੇ ਪਹਿਲਾਂ ਕੁਰਲੀ ਕਰੀਂ, ਫਿਰ ਚਾਹ ਪੀਵੀਂ)
ਗਲੇ: ਕਨੇਡੂ
ਗਲੇ ਪਏ ਵੰਞਿਣ ਤਾਂ ਪਾਣੀ ਵੀ ਡੁਬੈਂਦੈ।
(ਕਨੇਡੂ ਫੁਲ ਜਾਣ ਤਾਂ ਪਾਣੀ ਲੰਘਦਾ ਵੀ ਦੁਖਦੈ)
ਗਵਾਰਾ: ਪਰਵਾਨ
ਤੋਕੂੰ ਮੈਡਾ ਬਚੜੇ ਨਾਲ ਨੇੜ ਗਵਾਰਾ ਨਿਵ੍ਹੇ।
(ਤੁਹਾਨੂੰ ਮੇਰੀ ਮੁੰਡੇ ਨਾਲ ਨੇੜਤਾ ਪ੍ਰਵਾਨ ਨਹੀਂ ਨਾ)
ਗਵਾਲਾ/ਗਵਾਲਣ: ਦੋਧੀ/ਗੁਜਰੀ
ਡੁੱਧ ਦਾ ਡੁੱਧ ਰਾਸ੍ਹੀ ਤੇ ਪਾਣੀ ਪਿਛੂੰ ਗਵਾਲਾ/ਗਵਾਲਣ ਕੂੰ ਘਾਟਾ ਪੋਸੀ।
(ਦੁੱਧ ਦਾ ਦੁੱਧ ਰਹਿ ਜੂ ਤੇ ਪਾਣੀ ਬਦਲੇ ਦੋਧੀ/ਗੁਜਰੀ ਨੂੰ ਘਾਟਾ ਪਊ)
ਗੰਢਣਾ: ਸੰਨ੍ਹ ਮੇਲਣਾ/ਟਾਕੀਆਂ ਲਾਉਣਾ
ਪਾਟੇ ਜਾਮੇ ਗੰਢੀਸ ਵੈਂਦੇਨ ਤੇ ਤ੍ਰੱਟੇ ਸਾਕ ਵੀ।
(ਪਾਟੇ ਕਮੀਜ਼ ਗੰਢੇ ਜਾਂਦੇ ਨੇ ਤੇ ਟੁੱਟੇ ਸਾਕਾਂ ਦੇ ਸੰਨ੍ਹ ਵੀ ਮੇਲ ਲਈਦੇ ਨੇ)
ਗ਼ਇਬ/ਗੈਬ: ਅਲੋਪ
ਵਿਕਾਸ ਦੇ ਪੰਧ ਤੇ ਯੁਗਾਂ ਪਿਛੂੰ ਬਣਮਾਨਸ ਦੀ ਪੂਛ ਗਾਇਬ ਥੀ ਗਈ।
(ਵਿਕਾਸ ਦੇ ਦੌਰ ਵਿਚ ਯੁਗਾਂ ਬਾਦ ਬਣਮਾਨਸ ਦੀ ਪੂਛ ਅਲੋਪ ਹੋ ਗਈ)

ਗਾਹਣੇ: ਜ਼ੇਵਰ
ਤ੍ਰੀਮਤਾਂ ਤੁੰ ਗਾਹਣੇ ਤੇ ਤ੍ਰੇਵਰਾ ਦੀ ਚਮਕ ਨਾਲ ਵਿਲਾਈ ਆਂਦੇ ਹਿਨ।
(ਔਰਤਾਂ ਨੂੰ ਜ਼ੇਵਰਾਂ ਤੇ ਕਪੜਿਆਂ ਦੀ ਚਮਕ ਨਾਲ ਵਿਰਾਈ ਆਉਂਦੇ ਨੇ)
ਗਾਜ਼ੀ: ਧਾਰਮਕ ਯੋਧਾ
ਹੂਰਾਂ ਤੇ ਸੁਰਗਾਂ ਦੇ ਲਾਰੇ ਗਾਜ਼ੀ ਪੈਦਾ ਕਰਦੇ ਹਿਨ।
(ਪਰੀਆਂ ਅਤੇ ਸੁਰਗ ਦੇ ਲਾਰੇ ਧਾਰਮਕ ਯੋਧੇ ਬਣਾਂਦੇ ਨੇ)
ਗਾਟਕੇ: ਟਿਪਰੀਆਂ
ਗੋਲ ਚਕਰ ਲਾ ਕੇ ਗਾਟਕੇ ਖੇਡਦੀ ਜਵਾਨੀ ਭਲੀ ਲਗਦੀ ਹੈ।
(ਦਾਇਰਾ ਕਰ ਕੇ ਟਿਪਰੀਆਂ ਖੇਡਦੀ ਜਵਾਨੀ ਚੰਗੀ ਲਗਦੀ ਹੈ)
ਗਾਟਾ: ਗਲਾ-ਦੇਖੋ ਗਰੇਬਾਨ
ਗਾਧੀ: ਟਿੰਡਾਂ ਵਾਲੇ ਖੂਹ ਦੇ ਵਾਹਕ ਦੀ ਥਾਂ
ਗਾਧੀ ਤੇ ਬਾਹਿ ਵੰਞ ਤੇ ਢੋਲੇ ਦੀਆਂ ਲਾ।
(ਖੂਹ ਦੀ ਗਾਂਧੀ ਤੇ ਬਹਿ ਜਾ ਤੇ ਮਸਤੀ ਦੇ ਗੀਤ ਗਾ)
ਗ਼ਾਫ਼ਲ: ਲਾਪਰਵਾਹ
ਗਾਵਲ ਬੰਦਾ ਅੱਜ ਵੀ ਲੁੱਟਿਆ ਵੈਸੀ ਤੇ ਕਲ ਵੀ।
(ਲਾਪਰਵਾਹ ਬੰਦਾ ਅਜ ਵੀ ਲੁੱਟਿਆ ਤੇ ਕਲ੍ਹ ਵੀ)
ਗਾਲਬਨ: ਸ਼ਾਇਦ
ਗਾਲਬਨ ਵਪਾਰ ਦੇ ਸਾਂਝੀਦਾਰਾਂ ਵੰਡਾਰਾ ਕਰ ਘਿਧੈ।
(ਸ਼ਾਇਦ ਵਪਾਰ ਦੇ ਹਿਸੇਦਾਰਾਂ ਵੰਡਾਰਾ ਕਰ ਲਿਆ ਹੈ)
ਗਾਲਾ: ਚੱਕੀ ਵਿਚ ਰੁਕਿਆ ਅਨਾਜ
ਆਟਾ ਘੱਟ ਤੇ ਗਾਲਾ ਵੱਧ-ਕਿੰਞ ਨਿਭਸੀ।
(ਆਟਾ ਘਟ ਹੈ ਤੇ ਚਕੀ ਵਿਚ ਰੁਕਿਆ ਅਨਾਜ ਵਧ ਹੈ, ਕਿਵੇਂ ਨਿੱਭੁਗੀ)
ਗਾਲ਼ੀ ਗਾਲਾਂ/ਗਲਾਂ
ਗਾਲ੍ਹੀ ਨਾ ਕੱਢ, ਇਹ ਗਾਈਂ ਤਾਂ ਰੱਬ ਕੀਤੀਆਂ ਹਿਨ।
(ਗਾਲਾਂ ਨਾ ਦੇ, ਇਹ ਗਲਾਂ ਤਾਂ ਰੱਬ ਦੀਆਂ ਕੀਤੀਆਂ ਨੇ)
ਗਾਵਣ: ਗੀਤ
ਵਿਆਹ ਰੱਖ ਡਿੱਤਾ ਹਿਵੇ, ਗਾਵਣ ਕਡਣ ਬਲ੍ਹੈਸੋ।
(ਵਿਆਹ ਬੰਨ੍ਹ ਲਿਆ ਜੇ, ਗੀਤ ਕਦੋਂ ਬਿਠਾਉਗੇ)
ਗਾੜ: ਨਕ ਘੁੱਟ ਕੇ, ਬੇਸਾਹਾ ਕਰਕੇ
ਇਹ ਦਵਾ ਗਾੜ ਕੇ ਪਿਲਾਵਣੀ ਪੋਸੀ।
(ਇਹ ਦਵਾਈ ਨੱਕ ਘੁੱਟ ਕੇ ਮਰੀਜ਼ ਨੂੰ ਬੇਸਾਹਾ ਕਰਕੇ ਪਿਲਾਣੀ ਪਊ)
ਗਿੱਚੀ: ਧੌਣ
ਕਤਰਾ ਮੈਂਡੀ ਗਿੱਚੀ ਮੱਲ, ਡੁਖਦੀ ਪਈ ਹੈ।
(ਜ਼ਰਾ ਮੇਰੀ ਧੌਣ ਮਲ, ਦੁਖੀ ਜਾਂਦੀ ਹੈ।

ਗਿੱਠ-ਮੁੱਠੀਆ: ਮਧਰਾ
ਹੇ ਤਾਂ ਗਿੱਠ ਮੁਠੀਆ ਜਿਹਾ ਪਰ ਚੌਡਾਂ ਸਾਲ ਟੱਪ ਗਿਐ।
(ਹੈ ਤਾਂ ਮਧਰਾ ਜਿਹਾ ਪਰ ਚੌਦਾਂ ਵਰੇ ਪਾਰ ਕਰ ਗਿਆ ਹੈ)
ਗਿਰੇ: ਮਿਣਤੀ ਦੀ ਇਕਾਈ
ਹਿੱਕ ਗਜ਼ ਵਿਚ ਸੋਲਾਂ ਗਿਰੇ ਹੁੰਦੇ ਹਨ ਤੇ ਮੀਟਰ ਤੂੰ ਛੋਟਾ ਹੇ।
(ਇੱਕ ਗਜ਼ ਵਿਚ ਸੋਲਾਂ ਗਿਰੇ ਹੁੰਦੇ ਨੇ ਤੇ ਮੀਟਰ ਤੋਂ ਛੋਟਾ ਹੈ)
ਗਿਲ੍ਹੜ: ਖੱਲੀਆਂ
ਲੰਮੀ ਭਾਂਜ ਨਾਲ ਪਿੰਞਣੀਆਂ ਵਿਚ ਗਿਲ੍ਹੜ ਥੀ ਗਏ ਹਿਨ।
(ਲੰਬੀ ਦੌੜ ਨਾਲ ਪਿੰਜਣੀਆਂ ਵਿਚ ਖੱਲੀਆਂ ਪੈ ਗਈਆਂ ਨੇ)
ਗਿੱਲਾ: ਉਲਾਹਮਾ
ਗਿੱਲਾ ਡੇਵਣ ਆਇਐਂ ਕਿ ਧਮਕੀ ਡੇਵਣ।
(ਉਲਾਹਮਾ ਦੇਣ ਆਇਐਂ ਕਿ ਡਰਾਵਾ ਦੇਣ)
ਗਿਲਾਈ: ਕਿਰਲੀ
ਲੁੰਡੀ ਗਿਲਾਈ ਡੇਖ ਨਕਲੀ ਪੂਛ ਖਸਾ ਆਈ ਹੈ।
(ਪੂਛ ਰਹਿਤ ਕਿਰਲੀ ਵੇਖ, ਨਕਲੀ ਪੂਛ ਖੁਹਾ ਆਈ ਹੈ)
ਗਿੜ: ਚਕਰ ਵਿਚ ਘੁੰਮ
ਕਬੀਲਦਾਰੀ ਦੇ ਧੰਧਿਆਂ ਵਿਚ ਗਿੜਦਾ ਵੈਂਦਾ।
(ਕਬੀਲਦਾਰੀ ਦੇ ਕੰਮਾਂ ਵਿਚ ਚਕਰਾਂ ਅੰਦਰ ਘੁੰਮ ਰਿਹਾ ਹਾਂ)
ਗਿੜਦਨਲੀ: ਅਮਲਤਾਸ ਦੀ ਫਲੀ
ਦੇਸੀ ਦਵਾਈਆਂ ਦੇ ਕਾਹੜੇ ਵਿਚ ਗਿੜਦਨਲੀ ਵੀ ਪੂੰਦੀ ਹੇ।
(ਦੇਸੀ ਦਵਾਈਆਂ ਦੇ ਉਬਲੇ ਘੋਲ ਵਿਚ ਅਮਲਤਾਸ ਦੀ ਫਲੀ ਵੀਂ ਪੈਂਦੀ ਹੈ)
ਗੁਹਾਰੇ: ਗਹੀਰੇ
ਗੁਹਾਰੇ ਡਸੀਂਦੇ ਪਏ ਹਨ ਕਿ ਮਾਲ-ਡੰਗਰ ਬਹੂੰ ਹੇ।
(ਗਹੀਰੇ ਦਸ ਰਹੇ ਨੇ ਕਿ ਮਾਲ ਡੰਗਰ ਬਹੁਤ ਹੈ)
ਗੁੰਗਲੂ: ਗੋਂਗਲੂ
ਗੁੰਗਲੂਆਂ ਨੂੰ ਮਿੱਟੀ ਲਾਹਵਣ ਵਾਲੀ ਗੱਲ ਨਾ ਕਰ।
(ਗੋਂਗਲੂਆਂ ਤੋਂ ਮਿੱਟੀ ਲਾਹੁਣ ਵਾਲੀ ਗੱਲ ਨਾ ਕਰ)
ਗੁਜ਼ਰਾਨ: ਗੁਜ਼ਾਰੇ ਜੋਗ
ਔਰਤ ਈਮਾਨ ਤੇ ਦੌਲਤ ਗੁਜ਼ਰਾਨ, ਸਬਰ ਦਾ ਜੀਵਨ।
(ਔਰਤ ਈਮਾਨ ਤੇ ਦੌਲਤ ਗੁਜ਼ਾਰੇ ਜੋਗ, ਸੰਤੋਖ ਦਾ ਜੀਵਨ)
ਗੁਜ਼ਾਰਿਸ਼: ਬੇਨਤੀ
ਮੈਂਡੀ ਤਾਂ ਗੁਜ਼ਾਰਿਸ਼ ਹੈ, ਹੁਕਮ ਤਾਂ ਤੁਸਾਂ ਡੇਵਣੈ।
(ਮੇਰੀ ਤਾਂ ਬੇਨਤੀ ਹੈ, ਹੁਕਮ ਤਾਂ ਤੁਸੀਂ ਸਾਦਰ ਕਰਨੈ)

ਗੁਝ: ਚਰਖੇ ਦੀ ਲੱਠ
ਗੁੱਝ ਤਰੁਟ ਗਈ ਹੈ ਤਾਂਹੀ ਤਾਂ ਕਤਣ ਠੱਲ ਡਿਤਮ।
(ਲੱਠ ਟੁੱਟ ਗਈ ਹੈ, ਤਾਹੀਉਂ ਮੈਂ ਕਤਣਾ ਰੋਕ ਲਿਆ ਹੈ)
ਗੁੱਝਾ: ਗੁਪਤ
ਸਾਰੀ ਗਲ ਨਾ ਉਧੇੜ, ਕੁੱਝ ਗੁੱਝਾ ਵੀ ਰਾਹਵਣ ਡੇ।
(ਸਾਰੀ ਗਲ ਨਾ ਖੋਲ੍ਹ, ਕੁਝ ਗੁਪਤ ਵੀ ਰਹਿਣ ਦੇ)
ਗੁੱਡਾ: ਲੰਗੜਾ
ਢਠੈ ਤੇ ਗੋਡਾ ਤਿੜਕ ਗਿਐ ਹੇਂ, ਗੁੱਡਾ ਥਿਆ ਬੈਠਾ।
(ਡਿਗਿਆ ਹੈ, ਗੋਡਾ ਉਤਰ ਗਿਆ, ਲੰਗੜਾ ਹੋਇਆ ਬੈਠਾ)
ਗੁਣਾ: ਚੋਣ
ਸਾਰਿਆਂ ਨੂੰ ਟੱਪ ਕੇ ਗੁਣਾ ਤਾਂ ਆ ਪਿਆਈ, ਤਕੜਾ ਥੀ।
(ਸਾਰਿਆਂ ਤੋਂ ਲੰਘ ਕੇ ਚੋਣ ਤੇਰੇ ਤੇ ਆਈ ਹੈ, ਤਕੜਾ ਹੋ)
ਗੁੱਥਲੀ: ਬੋਝੀ
ਹੁਣ ਗੁਥਲੀ ਢਿਲੀ ਕਰ,ਸੂਮ ਨਾ ਥੀ।
(ਹੁਣ ਬੋਝੀ ਖੋਲ੍ਹ ਦੇ, ਸੂਮ ਨਾ ਬਣ)
ਗੁਦਾਮ: ਬਟਨ
ਹੱਥੋ ਪਾਈ ਥੀ ਗਈ ਤੇ ਸਾਰੇ ਗੁਦਾਮ ਤਰੁਟ ਗਏ।
(ਹੱਥੋ ਪਾਈ ਹੋ ਗਈ ਤੇ ਸਾਰੇ ਬਟਨ ਟੁੱਟ ਗਏ)
ਗੁਨਾਂਹ: ਕਸੂਰ
ਮਾਰ ਭਾਵੇਂ ਰੱਖ, ਮੈਂਡਾ ਗੁਨਾਂਹ ਤਾਂ ਡੱਸ।
(ਮਾਰ ਭਾਵੇਂ ਰੱਖ, ਮੇਰਾ ਕਸੂਰ ਤਾਂ ਦੱਸ)
ਗੁਮੱਟ: ਕੁਹਾਂਡ
ਬੋਤੇ ਦਾ ਗੁਮੱਟ ਫੜੀ ਰਖ, ਮਤਾਂ ਢਾਹਿ ਪੋਵੇਂ।
(ਬੋਤੇ ਦਾ ਕੁਹਾਂਡ ਵੜੀ ਰਖ, ਕਿਤੇ ਡਿਗ ਨਾ ਪਵੀਂ)
ਗੁਮਾਸ਼ਤਾ: ਨੌਕਰ
ਮੈਕੂੰ ਗੁਮਾਸ਼ਤਾ ਬਣਾ ਕੇ ਪਾਲਿਆ ਹੇਈ, ਵੱਤ ਵੀ ਸ਼ੁਕਰ ਹੈ।
(ਮੈਨੂੰ ਨੌਕਰ ਬਣਾ ਕੇ ਪਾਲਿਆ ਹਈ, ਫਿਰ ਵੀ ਸ਼ੁਕਰ ਹੈ)
ਗੁਮਾਨ: ਹੰਕਾਰ
ਦੇਹੀ ਮਿੱਟੀ ਦੀ ਢੇਰੀ ਹੇ, ਗੁਮਾਨ ਕੇਹਾ।
(ਸਰੀਰ ਮਿੱਟੀ ਦੀ ਢੇਰੀ ਹੈ, ਹੰਕਾਰ ਕਾਹਦਾ)
ਗੁਲਬਹਾਰ: ਡੇਜ਼ੀ ਦਾ ਫੁੱਲ
ਰੁੱਤ ਹੈ, ਬਗੀਚੀ ਗੁਲਬਹਾਰ ਨਾਲ ਲੱਡੀ ਪਈ ਹੈ।
(ਮੌਸਮ ਹੈ, ਬਗੀਚੀ ਡੇਜ਼ੀ ਦੇ ਫੁੱਲਾਂ ਨਾਲ ਲਦੀ ਹੋਈ ਹੈ)

ਗੁਲਬਦਨ: ਸੁਗੰਧਿਤ ਦੇਹੀ
ਮੈਂਡੀਏ ਗੁਲਬਦਨੇ, ਤੈਕੂੰ ਸੈਂਟਾਂ ਸ਼ੈਟਾਂ ਦੀ ਕੀ ਲੋੜ ਹੇ।
(ਮੇਰੀ ਸੁਗਧਿੰਤ ਦੇਹੀ ਵਾਲੀਏ ਤੈਨੂੰ ਸੈਂਟਾਂ ਦੀ ਕੀ ਲੋੜ ਹੈ)
ਗੂਹਣੀ: ਬੋਰੀ
ਗੂਹਣੀਆਂ ਦੀ ਧਾਂਕ ਤੇ ਸੰਮ ਪੋ, ਰਾਖੀ ਰਾਹਸੀ।
(ਬੋਰੀਆਂ ਦੀ ਧਾਂਕ ਤੇ ਸੌਂ ਜਾ, ਰਾਖੀ ਰਹੂਗੀ)
ਗੂੰਦਾ: ਜੇਬ
ਗੂੰਦਾ ਸੰਭਾਲ, ਰਕਮ ਜੋੜ, ਬਹੂੰ ਖਰਚਾ ਥੀਵਣੈ।
(ਜੇਬ ਸੰਭਾਲ, ਰਕਮ ਜੋੜ, ਬਹੁਤ ਖਰਚ ਹੋਣਾ ਹੈ)
ਗੂੜ੍ਹ: ਡੂੰਘਾ
ਕਿਤਾਬ ਵਿਚੂੰ ਪੜ੍ਹਿਆ ਗੁੜ੍ਹ ਗਿਆਨ, ਪੱਲੇ ਕਾਈ ਨਹੀਂ ਪਿਆ।
(ਕਿਤਾਬ 'ਚੋਂ ਪੜਿਆ ਡੂੰਘਾ ਗਿਆਨ, ਪੱਲੇ ਕੁਝ ਨਹੀਂ ਪਿਆ)
ਗੇਝ ਘਾਸਾ/ਆਦਤ
ਫਟਕਣ ਡੇਵਿਸ, ਝਬਦੇ ਗੇਝ ਪਏ ਵੈਸੀ।
(ਫੜਕਣ ਦੇ, ਛੇਤੀ ਹੀ ਘਾਸਾ/ਆਦਤ ਪੈ ਜਾਉ)
ਗੇੜੂ: ਟਿੰਡਾਂ ਵਾਲਾ
ਗੇੜੂ ਖੂਹ ਦੀ ਜੁਗਤ, ਫਾਰਸ ਤੂੰ ਆਈ ਡਸੀਦੀ ਹੇ।
(ਟਿੰਡਾਂ ਵਾਲੇ ਖੂਹ ਦਾ ਤਰੀਕਾ ਵਾਰਸ ਤੋਂ ਆਇਆ ਦਸਦੇ ਨੇ)
ਗੈਬੀ: ਰੱਬੀ/ਅਦ੍ਰਿਸ਼
ਹੁਣ ਤਾਂ ਬਿਮਾਰ ਕੂੰ ਗੈਬੀ ਰਹਿਮਤ ਹੀ ਰਖਸੀ।
(ਹੁਣ ਤਾਂ ਰੋਗੀ ਨੂੰ ਰੱਬੀ/ਅਦ੍ਰਿਸ਼ ਕਿਰਪਾ ਹੀ ਬਚਾਊ)
ਗੈਰਤ/ਗੈਰਤਵੰਦ: ਅਣਖ/ਅਣਖੀਲਾ
ਗੈਰਤ ਪਿਛੈ ਗੈਰਤਵੰਦ ਮਰ ਮਿਟਦੇ ਹਨ।
(ਅਣਖ ਬਦਲੇ ਅਣਖੀਲੇ ਮਰ ਮਿਟਦੇ ਹਨ)
ਗੈਰਤ: ਸਾੜਾ
ਗੈਰਤ ਵੀ ਰਖਦੇ ਹੋ ਤੇ ਪਿਆਰ ਵੀ ਗੁਲੈਂਦੇ ਹੋ।
(ਸ਼ਾੜਾ ਵੀ ਕਰਦੇ ਹੋ ਤੇ ਪਿਆਰ ਵੀ ਭਾਲਦੇ ਹੋ)
ਗੋਸ਼ਤ: ਮਾਸ
ਗੋਸ਼ਤ ਖਾਣ ਵਾਲੇ ਸ਼ਖਸ ਵੀ ਤਰਸਵਾਨ ਹੋ ਸੰਗਦੇਨ।
(ਮਾਸ ਖਾਣੇ ਵੀ ਤਰਸਵਾਨ ਹੋ ਸਕਦੇ ਨੇ)
ਗੋਸ਼ਵਾਰਾ: ਖਾਤੇ ਦਾ ਵੇਰਵਾ
ਗੋਸ਼ਵਾਰੇ ਸਾਰੇ ਤਿਆਰ ਕਰ ਘਿਧੇਮ।
(ਮੈਂ ਸਾਰੇ ਖਾਤਿਆਂ ਦੇ ਵੇਰਵੇ ਤਿਆਰ ਕਰ ਲਏ ਹਨ)

ਗੋਸ਼ਾ/ ਚੁੰਡ: ਕੋਨਾ
ਕਮਰੇ ਦਾ ਗੋਸ਼ਾ ਗੋਸ਼ਾ (ਚੁੰਡਾਂ) ਛਾਣ ਮਾਰਿਅਮ।
(ਮੈਂ ਕਮਰੇ ਦਾ ਕੋਨਾ ਨਾ ਛਾਣ ਮਾਰਿਆ ਹੈ)
ਗੋਹ: ਰੀਂਗਣਾ ਕੀੜਾ
ਇਸ ਖੁੱਡ ਵਿਚ ਮੈਂ ਗੋਹ ਵੜਦੀ ਡਿਠੀ ਹੈ।
(ਇਸ ਖੁੱਡ ਵਿਚ ਮੈਂ ਗੋਹ ਵੜਦੀ ਵੇਖੀ ਹੈ)
ਗੋਲ/ਗੋਲਣ: ਲੱਭ/ਲੱਭਣ
ਞੰਞੀਚੇ ਲਾਲਾਂ ਕੂੰ ਗੋਲਣ ਗਏ, ਗੋਲ ਘਿਨਾਸਿਨ।
(ਗੁਆਚੇ ਲਾਲਾਂ ਨੂੰ ਲੱਭਣ ਗਏ, ਲੱਭ ਲਿਆਣਗੇ)
ਗੁਲਾਵਣਾ: ਲਭਾਉਣਾ
ਪੁਲਿਸ ਚੋਰੀ ਦਾ ਮਾਲ ਲਾਵਣ ਚੜ੍ਹੀ ਹੋਈ ਹੇ।
(ਪੁਲਿਸ ਚੋਰੀ ਦਾ ਮਾਲ ਲਭਾਉਣ ਲਗੀ ਹੋਈ ਹੈ)
ਗੋੜ੍ਹਾ: ਗੋਲਾ
ਪਤੰਗੀ ਡੋਰਾਂ ਦੇ ਗੋੜ੍ਹੇ ਬਣਾ ਬਣਾ ਰਖੇ ਪਏਨ।
(ਪਤੰਗੀ ਡੋਰਾਂ ਦੇ ਗੋਲੇ ਬਣਾ ਬਣਾ ਰਖੇ ਹੋਏ ਹਨ)

(ਘ)


ਘਸਵਟੀ: ਕਸੌਟੀ
ਸੂਨੇ ਦੀ ਘਸਵਟੀ ਸੁਨਿਆਰ ਕੋਲ, ਮੋਹ ਦੀ ਬਿਹੰਗਮ ਕੋਲ।
(ਸੋਨੇ ਦੀ ਕਸੌਟੀ ਸੁਨਿਆਰ ਕੋਲ ਤੇ ਮੋਹ ਦੀ ਤਿਆਗੀ ਕੋਲ)
ਘਸੋੜਨਾ ਅੜੰਗਾ ਪਾਣਾ
ਭਰਾਵਾਂ ਦੀ ਗਲ ਹੈ, ਤੂੰ ਆਪਣੀ ਟੰਗ ਨਾ ਘਸੋੜ।
(ਭਰਾਵਾਂ ਦਾ ਮਾਮਲਾ ਹੈ, ਤੂੰ ਆਪਣਾ ਅੜੰਗਾ ਨਾ ਪਾ)
ਘੱਗਾ/ਘੱਘਾ: ਘੱਚਾ
ਸੰਘ ਦੀਆਂ ਦਵਾਈਆਂ ਮੈਕੂੰ ਘੋਗਾ/ਘੱਘਾ ਕਰ ਡਿਤੈ।
(ਗਲੇ ਦੀਆਂ ਦਵਾਈਆਂ ਮੈਨੂੰ ਘੱਚਾ ਕਰ ਦਿੱਤਾ ਹੈ)
ਘੰਡੀ: ਸੰਘੀ
ਕੇਹੀ ਨਮੋਸ਼ੀ ਡਿੱਤੀ ਹਿਸ, ਜੰਮਦੀ ਦੀ ਘੰਡੀ ਨੱਪ ਸਟੀਂਦੇ।
(ਕਿੰਨੀ ਸ਼ਰਮਿੰਦਗੀ ਦੁਆਈ ਹੈ, ਜੰਮਦੀ ਦੀ ਸੰਘੀ ਘੁੱਟ ਦਿੰਦੇ)
ਘਣਾ: ਬਹੁਤ ਸੰਘਣਾ
ਡਿਲਾਹੂੰ ਬਹੂੰ ਘਣਾ ਬਦਲ ਚੜ੍ਹ ਆਇਆ ਹੇ।
(ਛਿਪਦੇ ਵਲੋਂ ਬੜਾ ਸੰਘਣਾ ਬਦਲ ਚੜ੍ਹ ਆਇਆ ਹੈ)