ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ਘ)

ਵਿਕੀਸਰੋਤ ਤੋਂ
Jump to navigation Jump to search

ਗੋਸ਼ਾ/ ਚੁੰਡ: ਕੋਨਾ
ਕਮਰੇ ਦਾ ਗੋਸ਼ਾ ਗੋਸ਼ਾ (ਚੁੰਡਾਂ) ਛਾਣ ਮਾਰਿਅਮ।
(ਮੈਂ ਕਮਰੇ ਦਾ ਕੋਨਾ ਨਾ ਛਾਣ ਮਾਰਿਆ ਹੈ)
ਗੋਹ: ਰੀਂਗਣਾ ਕੀੜਾ
ਇਸ ਖੁੱਡ ਵਿਚ ਮੈਂ ਗੋਹ ਵੜਦੀ ਡਿਠੀ ਹੈ।
(ਇਸ ਖੁੱਡ ਵਿਚ ਮੈਂ ਗੋਹ ਵੜਦੀ ਵੇਖੀ ਹੈ)
ਗੋਲ/ਗੋਲਣ: ਲੱਭ/ਲੱਭਣ
ਞੰਞੀਚੇ ਲਾਲਾਂ ਕੂੰ ਗੋਲਣ ਗਏ, ਗੋਲ ਘਿਨਾਸਿਨ।
(ਗੁਆਚੇ ਲਾਲਾਂ ਨੂੰ ਲੱਭਣ ਗਏ, ਲੱਭ ਲਿਆਣਗੇ)
ਗੁਲਾਵਣਾ: ਲਭਾਉਣਾ
ਪੁਲਿਸ ਚੋਰੀ ਦਾ ਮਾਲ ਲਾਵਣ ਚੜ੍ਹੀ ਹੋਈ ਹੇ।
(ਪੁਲਿਸ ਚੋਰੀ ਦਾ ਮਾਲ ਲਭਾਉਣ ਲਗੀ ਹੋਈ ਹੈ)
ਗੋੜ੍ਹਾ: ਗੋਲਾ
ਪਤੰਗੀ ਡੋਰਾਂ ਦੇ ਗੋੜ੍ਹੇ ਬਣਾ ਬਣਾ ਰਖੇ ਪਏਨ।
(ਪਤੰਗੀ ਡੋਰਾਂ ਦੇ ਗੋਲੇ ਬਣਾ ਬਣਾ ਰਖੇ ਹੋਏ ਹਨ)

(ਘ)


ਘਸਵਟੀ: ਕਸੌਟੀ
ਸੂਨੇ ਦੀ ਘਸਵਟੀ ਸੁਨਿਆਰ ਕੋਲ, ਮੋਹ ਦੀ ਬਿਹੰਗਮ ਕੋਲ।
(ਸੋਨੇ ਦੀ ਕਸੌਟੀ ਸੁਨਿਆਰ ਕੋਲ ਤੇ ਮੋਹ ਦੀ ਤਿਆਗੀ ਕੋਲ)
ਘਸੋੜਨਾ ਅੜੰਗਾ ਪਾਣਾ
ਭਰਾਵਾਂ ਦੀ ਗਲ ਹੈ, ਤੂੰ ਆਪਣੀ ਟੰਗ ਨਾ ਘਸੋੜ।
(ਭਰਾਵਾਂ ਦਾ ਮਾਮਲਾ ਹੈ, ਤੂੰ ਆਪਣਾ ਅੜੰਗਾ ਨਾ ਪਾ)
ਘੱਗਾ/ਘੱਘਾ: ਘੱਚਾ
ਸੰਘ ਦੀਆਂ ਦਵਾਈਆਂ ਮੈਕੂੰ ਘੋਗਾ/ਘੱਘਾ ਕਰ ਡਿਤੈ।
(ਗਲੇ ਦੀਆਂ ਦਵਾਈਆਂ ਮੈਨੂੰ ਘੱਚਾ ਕਰ ਦਿੱਤਾ ਹੈ)
ਘੰਡੀ: ਸੰਘੀ
ਕੇਹੀ ਨਮੋਸ਼ੀ ਡਿੱਤੀ ਹਿਸ, ਜੰਮਦੀ ਦੀ ਘੰਡੀ ਨੱਪ ਸਟੀਂਦੇ।
(ਕਿੰਨੀ ਸ਼ਰਮਿੰਦਗੀ ਦੁਆਈ ਹੈ, ਜੰਮਦੀ ਦੀ ਸੰਘੀ ਘੁੱਟ ਦਿੰਦੇ)
ਘਣਾ: ਬਹੁਤ ਸੰਘਣਾ
ਡਿਲਾਹੂੰ ਬਹੂੰ ਘਣਾ ਬਦਲ ਚੜ੍ਹ ਆਇਆ ਹੇ।
(ਛਿਪਦੇ ਵਲੋਂ ਬੜਾ ਸੰਘਣਾ ਬਦਲ ਚੜ੍ਹ ਆਇਆ ਹੈ)

ਘੱਤ/ਘੱਤਣਾ: ਪਾ/ਪਾਉਣਾ
ਛੋਪ ਘੱਤ ਜੇ ਘਣਾ ਹੋਈ, ਮੈਂ ਕਤਣ ਬਾਂਹਦੀ ਹਾਂ।
(ਮੁਕਾਬਲੇ ਦੀ ਕਤਾਈ ਪਾ ਜੇ ਪਾਉਣੀ ਹੈ, ਮੈਂ ਕਤਣ ਬੈਠ ਰਹੀ ਹਾਂ)
ਘਰਕਣਾ: ਹਫ਼ਣਾ
ਬਸ ਈਹੋ ਮਾਜਰਾ ਹਿਵੀ, ਹੁਣੇ ਘਰਕਣ ਲਗੈਂ।
(ਬਸ ਏਹੀ ਬਲ ਹਈ, ਹੁਣੇ ਹਫ਼ਣ ਲਗ ਪਿਆ ਹੈਂ)
ਘਰੋੜੀ: ਆਖਰੀ ਬਾਲ
ਘਰੋੜੀ ਦੀ ਅੰਸ ਨਾਲ ਭਾਈ ਮੋਹ ਘੱਟ ਹੂੰਦੈ ਕੇ।
(ਆਖਰੀ ਬਾਲ ਨਾਲ ਕਿਤੇ ਕੋਈ ਪਿਆਰ ਘੱਟ ਹੁੰਦਾ ਹੈ)
ਘੜਾ-ਘੜੋਲੀ: ਵਿਆਹ ਤੇ ਪਾਣੀ ਭਰਨ ਦੀ ਰੀਤ
ਗਾਵਣਾਂ ਕੀ ਛਹਿਬਰ ਲਾਂਦੀਆਂ ਛੇਹਰੀਂ ਘੜਾ ਘੜੋਲੀ ਕੂੰ ਵੈਸਿਨ।
(ਗੀਤਾਂ ਦੀ ਛਹਿਬਰ ਲਾਉਂਦੀਆਂ ਕੁੜੀਆਂ ਪਾਣੀ ਭਰਨ ਦੀ ਰੀਤ
ਨੂੰ ਜਾਣਗੀਆਂ)
ਘਾਸਾ: ਆਦਤ
ਕੰਮ ਕਰੀ ਜਾਵੇ ਤਾਂ ਅੜਬੰਗ ਹਾਰੂ ਕੂੰ ਵੀ ਘਾਸਾ ਪਾਏ ਵੈਂਦੇ।
(ਕੰਮ ਕਰਦਾ ਰਹੇ ਤਾਂ ਅੜੀਅਲ ਪਸ਼ੂ ਨੂੰ ਵੀ ਆਦਤ ਪੈ ਜਾਵੇ)
ਘਾਣ: ਵੱਡਾ ਢੇਰ
ਅਕੀਦਤ ਪੱਕੀ ਰੱਖ ਕੇ ਮਨੋ ਰੋਗਾਂ ਦੇ ਘਾਣ ਮਿੰਟ ਞੰਞਿਣ।
(ਭਰੋਸਾ ਪੱਕਾ ਰੱਖ ਕੇ ਮਨ ਦੇ ਰੋਗਾਂ ਦੇ ਵੱਡੇ ਢੇਰ ਮਿੱਟ ਜਾਂਦੇ ਹਨ)
ਘਾਲ/ਘਾਲਣਾ: ਕਿਰਤ/ਮੁਸ਼ੱਕਤ
ਘਾਲ ਖਾਏ, ਲੋੜਵੰਦ ਤੂੰ ਖਵਾਏ ਤੇ ਘਾਲਣਾ ਨਾ ਛੋੜੇ।
(ਕਿਰਤ ਕਰਕੇ ਖਾਵੇ, ਲੋੜਵੰਦ ਨੂੰ ਖੁਆਏ ਤੇ ਮੁਸ਼ੱਕਤ ਨਾ ਛੱਡੇ)
ਘਾੜਤ ਬਣਾਈ ਹੋਈ ਕਹਾਣੀ
ਮੁਨਸਫ਼ ਜੀ, ਗੁਨਾਹ ਦੀ ਬਾਤ, ਕੋਰੀ ਘਾੜਤ ਹੈ।
(ਜੱਜ ਸਾਹਿਬ, ਅਪ੍ਰਾਧ ਦਾ ਮਾਮਲਾ, ਨਿਰੀ ਬਣਾਈ ਹੋਈ ਕਹਾਣੀ ਹੈ)
ਘਿਊ: ਘਿਉ
ਜੋ ਕਰੇਸੀਆ ਘਿਊ, ਪੱਕ ਜਾਣ, ਨਾ ਮਾ ਕਰੇ ਨਾ ਪਿਉ।
(ਜੋ ਕਰੂਗਾ ਘਿਉ, ਪੱਕੀ ਗਲ ਹੈ, ਨਾਂ ਮਾਂ ਕਰੇ ਨਾਂ ਪਿਉ)
ਘਿੱਚਮਿੱਚ: ਖੁਲਤ ਮਲਤ
ਲਿਖਾਈ ਕੂੰ ਇਨਾਮ ਹੈ ਜੇ ਘਿੱਚਮਿੱਚ ਨਾ ਕੀਤੀ ਹੋਵੇ।
(ਲਿਖਾਈ ਨੂੰ ਇਨਾਮ ਹੈ ਜੇ ਖ਼ਲਤ ਮਲਤ ਨਾ ਕੀਤੀ ਹੋਵੇ)
ਘਿੱਧੀ ਵੰਞ ਲਈ ਜਾ
ਸਾਥੂੰ ਸੁਨੇਹਾ ਘਿੱਧੀ ਵੰਞ ਯਾ ਈਕੂੰ ਨਾਲ ਘਿਨ ਵੰਞ।
(ਸਾਥੋਂ ਸੁਨੇਹਾ ਲਈ ਜਾ ਜਾਂ ਇਹਨੂੰ ਨਾਲ ਲੈ ਜਾ)

ਘਿਨ/ਘਿਨਾਵਣਾ/ਘਿਨਾਈ: ਲੈ/ਲਿਆਵਣਾ/ਲਿਆਈਂ
ਘਿਨ ਚਾ ਜਿੰਨਾ ਜੀ ਹੋਈ, ਘਿਨਾਵਣਾ ਹੈਂ ਹੇ ਤੇ ਵੇਲੇ ਸਿਰ ਘਿਨਾਈਂ।
(ਲੈ ਲੈ ਜਿੰਨਾ ਮਰਜ਼ੀ, ਲਿਆਣਾ ਤੋਂ ਹੈ ਤੇ ਵੇਲੇ ਸਿਰ ਲਿਆਈਂ)
ਘਿਰਣ: ਗ੍ਰਹਿਣ
ਸੂਰਜ ਤੇ ਚੰਨ ਕੂੰ ਵੀ ਘਿਰਣ ਲਗ ਵੈਂਦੇ, ਬੰਦਾ ਕੀ ਹੇ।
(ਸੂਰਜ ਤੇ ਚੰਦ ਵੀ ਗ੍ਰਹਿਣੇ ਜਾਂਦੇ ਨੇ, ਬੰਦਾ ਕੀ ਚੀਜ਼ ਹੈ)
ਘਿਰਣੀ: ਭੌਣੀ
ਘਿਰਣੀ ਘਸੀ ਪਈ ਹੈ, ਲਾਂਹ ਤਿਲਕ ਕੇ ਲਾਹੇ ਪੂੰਦੀ ਹੇ।
(ਭੌਣੀ ਘਸੀ ਹੋਈ ਹੈ, ਲਾਸ ਤਿਲਕ ਕੇ ਲਹਿ ਜਾਂਦੀ ਹੈ)
ਘਿਰਾਈਂ/ਗ੍ਰਾਸ: ਬੁਰਕੀ
ਡੁੱਖ ਭਾਰੀ ਹੈ, ਸੰਘੂੰ ਘਿਰਾਈਂ ਗ੍ਰਾਸ ਕੇ ਲੰਘਸੀ।
(ਦੁਖ ਭਾਰਾ ਹੈ, ਸੰਘੋ ਬੁਰਕੀ ਕੀ ਲੰਘੂਗੀ)
ਘੁਸਣਾ: ਵੜ ਜਾਣਾ
ਡੇਧਾ ਕੇ ਖੜੈਂ, ਪਾਲ ਵਿਚ ਘੁਸਣ ਦੀ ਕਰ।
(ਵੇਖੀ ਕੀ ਜਾਂਦੈ, ਕਤਾਰ ਵਿਚ ਵੜ ਜਾਣ ਦੀ ਕਰ)
ਘੁਸਾਉਣਾ: ਗੁਆਉਣਾ/ਟਾਲਣਾ
ਡੇਵਣ ਵਾਲੇ ਤਾਂ ਘੁਸੈਂਦੇ ਹਿਨ, ਘਿਨਣ ਵਾਲੇ ਵਾਰੀ ਨਾ ਘੁਸਾਵਿਣ।
(ਦੇਣ ਵਾਲੇ ਤਾਂ ਟਾਲਦੇ ਨੇ, ਲੈਣ ਵਾਲੇ ਵਾਰੀ ਨਾ ਗੁਆਉਣ/ਟਾਲਣ)
ਘੁੰਗਣੀਆਂ: ਬਕਲੀਆਂ
ਘੁੰਗਣੀਆਂ ਤਲ-ਭੰਨ ਕੇ ਡਿਲੱਥੇ ਦਾ ਪ੍ਰਸ਼ਾਦ ਹੋਵਣ।
(ਬਕਲੀਆਂ ਤਲ-ਭੁੰਨ ਕੇ ਆਥਣ ਦਾ ਪ੍ਰਸ਼ਾਦ ਹੁੰਦੀਆਂ ਹਨ)
ਘੁੱਚ-ਮੁੱਚ:ਬੇਥਵਾ/ਥੋਬੜਾ
ਕੁੱਤੇ ਦੀ ਨਸਲ ਤਾਂ ਸੀਲ ਹੇ ਪਰ ਬੂਥਾ ਘੁੱਚ-ਮੁੱਚ ਹੇ।
ਕੁੱਤੇ ਦੀ ਨਸਲ ਤਾਂ ਘਰੇਲੂ ਹੈ ਪਰ ਬੂਥਾ ਬੇਥਵਾ/ਥੋਬੜਾ ਹੈ)
ਘੁੱਚਰ: ਭੀੜੀ ਥਾਂ
ਘਰ ਕੇ ਵੰਡਿਆਨੇ, ਮੈਕੂੰ ਤਾਂ ਘੁੱਚਰੀਂ ਵਾੜ ਡਿੱਤਾ ਹਿਨੇ।
(ਘਰ ਕਾਹਦਾ ਵੰਡਿਐ, ਮੈਨੂੰ ਤਾਂ ਭੀੜੀ ਥਾਂ ਵਿੱਚ ਧੱਕ ਦਿਤਾ ਨੇ)
ਘੁੱਟੀ: ਬਾਲਾਂ ਲਈ ਕਾਹੜਾ
ਅੱਜ ਕਲ ਡਾਕਟਰ ਜਨਮ ਘੁੱਟੀ ਕੂੰ ਹਟਕਦੇ ਹਿਨ।
(ਅਜ ਕਲ ਡਾਕਟਰ ਜਨਮ ਘੁੱਟੀ ਦਾ ਕਾਹੜਾ ਰੋਕਦੇ ਨੇ)
ਘੁੰਡੀ: ਬੁਝਾਰਤ/ਅੜੌਣੀ
ਗਲਾਂ ਸੁਣੀਅਮ, ਮਾਮਲੇ ਦੀ ਘੁੰਡੀ ਦੀ ਸਮਝ ਨਹੀਂ ਪਈ।
(ਮੈਂ ਗਲਾਂ ਸੁਣੀਆਂ ਨੇ, ਮਾਮਲੇ ਦੀ ਅੜੌਣੀ ਦੀ ਸਮਝ ਨਹੀਂ ਆਈ)

ਘੁਣ: ਸੁਸਰੀ
ਜੀਕੂੰ ਚਣਿਆਂ ਕੂੰ ਢੋਰਾ ਤੇ ਗੰਦਮ ਕੁੰ ਘੁਣ, ਤਿਵੇਂ ਬੰਦੇ ਕੂੰ ਝੋਰਾ।
(ਜਿਵੇਂ ਛੋਲਿਆਂ ਨੂੰ ਢੋਰਾ, ਕਣਕ ਨੂੰ ਸੁਸਰੀ, ਤਿਵੇਂ ਬੰਦੇ ਨੂੰ ਝੋਰਾ)
ਘੁਣਤਰੀ: ਨੁਕਤਾਚੀਨ
ਵੱਡੇ ਵੱਡੇ ਘੁਣਤਰੀ ਵੀ ਮਾਰ ਖਾਂਦੇ ਡਿੱਠੇਨ।
(ਵੱਡੇ ਵੱਡੇ ਨੁਕਤਾਚੀਨ ਵੀ ਠੱਗੇ ਜਾਂਦੇ ਵੇਖੇ ਹਨ)
ਘੁੱਤੀ: ਗੁੱਤੀ
ਚਿੱਦਿਆਂ ਦੀ ਖੇਡ ਵਿਚ ਘੁੱਤੀ ਤਾਂ ਹੁੰਦੀ ਹੈ।
(ਬੰਟਿਆਂ ਦੀ ਖੇਡ ਵਿਚ ਗੁਤੀ ਤਾਂ ਹੁੰਦੀ ਹੈ)
ਘੁੱਥਾ: ਭੁਲਿਆ
ਘੁੱਥਾ ਡੂੰਮ ਕੜਾਹ ਤੇ ਵੰਞ ਢੱਠਾ।
(ਭੁਲਿਆ ਮਰਾਸੀ ਵੇਖੋ ਕੜਾਹ ਤੇ ਜਾ ਲੱਥਾ)
ਘੁੰਮਰ: ਵਾਵਰੋਲਾ
ਜ਼ੋਰਦਾਰ ਘੁੰਮਰ ਹਾਈ, ਛੱਪਰ ਉਡਾ ਘਿਨ ਗਿਐ।
(ਜ਼ੋਰਦਾਰ ਵਾਵਰੋਲਾ ਸੀ, ਛੱਪਰ ਉਡਾ ਲੈ ਗਿਆ ਹੈ)
ਘੁਰਕਣਾ: ਘੂਰਨਾ
ਕੁੱਤੇ ਦਾ ਘੁਰਕਣਾ ਝੱਲ ਘਿਨਸ਼ਾ ਪਰ ਤੈਂਡਾ ਮਾਰ ਘਤੇਸੀ।
(ਕੁਤੇ ਦੀ ਘੂਰ ਝੱਲ ਲਊਂ ਪਰ ਤੇਰੀ ਮਾਰ ਸੁਟੂ)
ਘੁਰਨਾ: ਲੁਕਣ ਦੀ ਥਾਂ
ਵੈਰੀਆਂ ਕੂੰ ਘੁਰਨਿਆਂ ਚੂੰ ਕੱਢ ਕੱਢ ਮਰੇਸੂੰ।
(ਦੁਸ਼ਮਣਾਂ ਨੂੰ ਲੁਕਣ ਵਾਲੀਆਂ ਥਾਵਾਂ ਤੋਂ ਕੱਢ ਕੱਢ ਮਾਰਾਂਗੇ)
ਘੂਕਰ: ਪ੍ਰਸਿੱਧੀ
ਵਰਿਆਮੇ ਦੀ ਸੂਰਮਗਤੀ ਦੀ ਘੂਕਰ ਦੂਰ ਤਕ ਗੂੰਜੀ।
(ਵਰਿਆਮੇ ਦੀ ਦਲੇਰੀ ਦੀ ਪ੍ਰਸਿੱਧੀ ਦੂਰ ਦੂਰ ਤੱਕ ਗੂੰਜੀ)
ਘੋਗੜ: ਬੁੱਧੂ
ਖਾਵੰਦ ਤਾਂ ਪਿਉ-ਭਿਰਾਵਾਂ ਅਗੂੰ ਘੋਗੜ ਥੀ ਵੈਂਦੇ।
(ਪਤੀ ਤਾਂ ਪਿਉਂ-ਭਰਾਵਾਂ ਮੂਹਰੇ ਬੁਧੂ ਹੋ ਜਾਂਦਾ ਹੈ)
ਘੋਪਣਾ: ਖਭੋਣਾ
ਚੌਧਰੀ ਕੂੰ ਸਭਨਾ ਅਗੂੰ ਢਿੱਢ ਵਿਚ ਸੇਲਾ ਘੋਪ ਮਾਰਿਆਨੇ।
(ਚੌਧਰੀ ਨੂੰ ਸਭ ਦੇ ਸਾਹਵੇ ਢਿੱਡ ਵਿਚ ਬਰਛਾ ਖਭੋ ਕੇ ਮਾਰਿਆ ਸਾਨੇ)
ਘੋਲਾ ਚਾਇਆ: ਛੱਡੋ ਪਰ੍ਹਾਂ
ਘੋਲਾ ਚਾਇਆ, ਏਡੇ ਘਮਸਾਣ ਚੂੰ ਤੂ ਤਾਂ ਬਚ ਆਇਐਂ।
(ਛੱਡੋ ਪਰਾਂ, ਐਡੇ ਉਪੱਦਰ ਵਿਚੋਂ ਤੂੰ ਤਾਂ ਬਚ ਆਇਆ)

ਘੋਲ ਘਮਾਈ/ਘੋਲੀ ਵੰਞਾ: ਮੈਂ ਕੁਰਬਾਨ ਹੋਵਾਂ
ਬਚੜੀ, ਘੋਲ ਘੁਮਾਈ/ਘੋਲੀ ਵੰਬਾਂ, ਮੈਡੀ ਤਾਂ ਇਥੇ ਕਾਈ ਸੁਣਦਾ ਨਹੀਂ।
(ਧੀਏ, ਕੁਰਬਾਨ ਹੋਵਾਂ, ਇਥੇ ਮੇਰੀ ਤੇ ਕੋਈ ਸੁਣਦਾ ਹੀਂ ਨਹੀਂ)

(ਚ)


ਚਸ: ਸੁਆਦ/ਸੀਰੇ ਦੀ ਪਕਾਈ
ਗਾਂ ਕੂੰ ਰੱਸੇ ਚਬਣ ਦੀ ਚਸ ਪੈ ਗਈ ਹੈ।
(ਗਊ ਨੂੰ ਰੱਸੇ ਚਬਣ ਦਾ ਸਵਾਦ ਹੈ।)
ਹਜੇ ਚਾਸ਼ਨੀ ਦੀ ਚੱਸ ਨਹੀਂ ਥਈ।
(ਅਜੇ ਸੀਰੇ ਦੀ ਪਕਾਈ ਪੂਰੀ ਨਹੀਂ ਹੋਈ)
ਚਸਕ: ਚਬਕ
ਪੱਟੀ ਤਾਂ ਥੀ ਗਈ ਹੈ ਪਰ ਫਟ ਦੀ ਚਸਕ ਬਾਕੀ ਹੇ।
(ਪੱਟੀ ਤਾਂ ਹੋ ਗਈ ਹੈ ਪਰ ਜ਼ਖਮ ਦੀ ਚਬਕ ਰਹਿੰਦੀ ਹੈ)
ਚਸਕਾ: ਭੈੜੀਵਾਦੀ
ਪੜ੍ਹਿਆਂ ਤੂੰ ਸਿਲਮਾ ਡੇਖਣ ਦਾ ਚਸਕਾ ਜੂਏ ਵਰਗਾ ਹੈ।
(ਵਿਦਿਆਰਥੀਆਂ ਨੂੰ ਸਿਨਮਾ ਦੇਖਣ ਦੀ ਭੈੜੀਵਾਦੀ ਜੂਏ ਜਿਹੀ ਹੈ)
ਚਸ਼ਮ: ਅੱਖ/ਨਜ਼ਰ
ਨੂਰੇ ਚਸ਼ਮ ਵਾਰੀ ਵੰਞਾਂ, ਚਸ਼ਮੇਂ ਬਦਦੂਰ।
(ਅਖੀਆਂ ਦੇ ਨੂਰ, ਕੁਰਬਾਨ, ਬੁਰੀ ਨਜ਼ਰ ਪਰੇ ਰਹੇ)
ਚਸਮਾਂ/ਚਸ਼ਮਾ: ਐਨਕ/ਝਰਨਾ
ਚਸ਼ਮਾ/ਚਸ਼ਮਾ ਚੜ੍ਹਾ ਕੇ ਚਸ਼ਮੇ ਦਾ ਹੁਸਨ ਡੇਖ।
(ਐਨਕ ਲਾ ਕੇ ਝਰਨੇ ਦਾ ਸੋਹਣਾ ਨਜ਼ਾਰਾ ਤਕ)
ਚਹਿਕ: ਖੁਸ਼ੀ ਨਾਲ ਟਹਿਕਣਾ
ਵਧਾਈਆਂ ਘਿਨਦੀ ਬੀਬੀ ਦਾ ਚਿਹਰਾ ਚਹਿਕਣ ਲਗਾ।
(ਵਧਾਈਆਂ ਲੈਂਦੀ ਬੀਬੀ ਦਾ ਮੂੰਹ ਟਹਿਕਣ ਲਗਾ)
ਚੱਕ: ਦੰਦੀ/ਖੂਹ ਦਾ ਚਕਰਾ (ਪਟਾਈ ਵੇਲੇ)
ਹਲਕੇ ਕੁੱਤੇ ਚੱਕ ਮਾਰਿਆ ਤੇ ਟੀਕੇ ਲਗੇ।
(ਹਲਕੇ ਕੁਤੇ ਦੰਦੀ ਵੱਢੀ ਤੇ ਟੀਕੇ ਲਗੇ) /ਖੂਹ ਦਾ ਚੌਕ ਪੈ ਗਿਆ ਹੈ)
ਚਕਮਾ: ਧੋਖਾ
ਵਪਾਰੀ ਅਸਤਰ ਹੂੰਦੇਨ, ਸਿੱਧੜ ਚਕਮਾ ਖਾ ਵੈਦਿਨ।
(ਵਪਾਰੀ ਤਿੱਖੇ ਹੁੰਦੇ ਹਨ, ਸਿਧੜ ਧੋਖਾ ਖਾ ਜਾਂਦੇ ਹਨ)
ਚਕੀ ਹੋੜਾ/ਚਕੀਰਾਹਾ: ਪੱਥਰ ਟੱਕਣ ਵਾਲਾ/ਇੱਕ ਪੰਛੀ, (ਲੰਮੀ ਚੁੰਝ ਵਾਲਾ)
ਪਿੰਡ ਵਿੱਚ ਚੱਕੀ ਹੋੜਾ/ਚੱਕੀ ਰਾਹਾ ਆਇਆ ਹੈ।
(ਪਿੰਡ ਵਿੱਚ ਪੱਥਰ ਟੱਕਣ ਵਾਲਾ ਆਇਆ ਫਿਰਦਾ ਹੈ)
ਉਹ ਡੇਖ ਚਕੀਰਾਹਾ ਟੱਕ ਟੱਕ ਕਰਦੈ, ਬਹੂੰ ਮਿਹਨਤੀ ਪੰਛੀ ਹੇ।
(ਔਹ ਵੇਖ ਪੰਛੀ ਟੁੱਕ ਟੁੱਕ ਕਰਦਾ, ਬੜਾ ਮਿਹਨਤੀ ਹੈ)