ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ਚ)

ਵਿਕੀਸਰੋਤ ਤੋਂ
Jump to navigation Jump to search

ਘੋਲ ਘਮਾਈ/ਘੋਲੀ ਵੰਞਾ: ਮੈਂ ਕੁਰਬਾਨ ਹੋਵਾਂ
ਬਚੜੀ, ਘੋਲ ਘੁਮਾਈ/ਘੋਲੀ ਵੰਬਾਂ, ਮੈਡੀ ਤਾਂ ਇਥੇ ਕਾਈ ਸੁਣਦਾ ਨਹੀਂ।
(ਧੀਏ, ਕੁਰਬਾਨ ਹੋਵਾਂ, ਇਥੇ ਮੇਰੀ ਤੇ ਕੋਈ ਸੁਣਦਾ ਹੀਂ ਨਹੀਂ)

(ਚ)


ਚਸ: ਸੁਆਦ/ਸੀਰੇ ਦੀ ਪਕਾਈ
ਗਾਂ ਕੂੰ ਰੱਸੇ ਚਬਣ ਦੀ ਚਸ ਪੈ ਗਈ ਹੈ।
(ਗਊ ਨੂੰ ਰੱਸੇ ਚਬਣ ਦਾ ਸਵਾਦ ਹੈ।)
ਹਜੇ ਚਾਸ਼ਨੀ ਦੀ ਚੱਸ ਨਹੀਂ ਥਈ।
(ਅਜੇ ਸੀਰੇ ਦੀ ਪਕਾਈ ਪੂਰੀ ਨਹੀਂ ਹੋਈ)
ਚਸਕ: ਚਬਕ
ਪੱਟੀ ਤਾਂ ਥੀ ਗਈ ਹੈ ਪਰ ਫਟ ਦੀ ਚਸਕ ਬਾਕੀ ਹੇ।
(ਪੱਟੀ ਤਾਂ ਹੋ ਗਈ ਹੈ ਪਰ ਜ਼ਖਮ ਦੀ ਚਬਕ ਰਹਿੰਦੀ ਹੈ)
ਚਸਕਾ: ਭੈੜੀਵਾਦੀ
ਪੜ੍ਹਿਆਂ ਤੂੰ ਸਿਲਮਾ ਡੇਖਣ ਦਾ ਚਸਕਾ ਜੂਏ ਵਰਗਾ ਹੈ।
(ਵਿਦਿਆਰਥੀਆਂ ਨੂੰ ਸਿਨਮਾ ਦੇਖਣ ਦੀ ਭੈੜੀਵਾਦੀ ਜੂਏ ਜਿਹੀ ਹੈ)
ਚਸ਼ਮ: ਅੱਖ/ਨਜ਼ਰ
ਨੂਰੇ ਚਸ਼ਮ ਵਾਰੀ ਵੰਞਾਂ, ਚਸ਼ਮੇਂ ਬਦਦੂਰ।
(ਅਖੀਆਂ ਦੇ ਨੂਰ, ਕੁਰਬਾਨ, ਬੁਰੀ ਨਜ਼ਰ ਪਰੇ ਰਹੇ)
ਚਸਮਾਂ/ਚਸ਼ਮਾ: ਐਨਕ/ਝਰਨਾ
ਚਸ਼ਮਾ/ਚਸ਼ਮਾ ਚੜ੍ਹਾ ਕੇ ਚਸ਼ਮੇ ਦਾ ਹੁਸਨ ਡੇਖ।
(ਐਨਕ ਲਾ ਕੇ ਝਰਨੇ ਦਾ ਸੋਹਣਾ ਨਜ਼ਾਰਾ ਤਕ)
ਚਹਿਕ: ਖੁਸ਼ੀ ਨਾਲ ਟਹਿਕਣਾ
ਵਧਾਈਆਂ ਘਿਨਦੀ ਬੀਬੀ ਦਾ ਚਿਹਰਾ ਚਹਿਕਣ ਲਗਾ।
(ਵਧਾਈਆਂ ਲੈਂਦੀ ਬੀਬੀ ਦਾ ਮੂੰਹ ਟਹਿਕਣ ਲਗਾ)
ਚੱਕ: ਦੰਦੀ/ਖੂਹ ਦਾ ਚਕਰਾ (ਪਟਾਈ ਵੇਲੇ)
ਹਲਕੇ ਕੁੱਤੇ ਚੱਕ ਮਾਰਿਆ ਤੇ ਟੀਕੇ ਲਗੇ।
(ਹਲਕੇ ਕੁਤੇ ਦੰਦੀ ਵੱਢੀ ਤੇ ਟੀਕੇ ਲਗੇ) /ਖੂਹ ਦਾ ਚੌਕ ਪੈ ਗਿਆ ਹੈ)
ਚਕਮਾ: ਧੋਖਾ
ਵਪਾਰੀ ਅਸਤਰ ਹੂੰਦੇਨ, ਸਿੱਧੜ ਚਕਮਾ ਖਾ ਵੈਦਿਨ।
(ਵਪਾਰੀ ਤਿੱਖੇ ਹੁੰਦੇ ਹਨ, ਸਿਧੜ ਧੋਖਾ ਖਾ ਜਾਂਦੇ ਹਨ)
ਚਕੀ ਹੋੜਾ/ਚਕੀਰਾਹਾ: ਪੱਥਰ ਟੱਕਣ ਵਾਲਾ/ਇੱਕ ਪੰਛੀ, (ਲੰਮੀ ਚੁੰਝ ਵਾਲਾ)
ਪਿੰਡ ਵਿੱਚ ਚੱਕੀ ਹੋੜਾ/ਚੱਕੀ ਰਾਹਾ ਆਇਆ ਹੈ।
(ਪਿੰਡ ਵਿੱਚ ਪੱਥਰ ਟੱਕਣ ਵਾਲਾ ਆਇਆ ਫਿਰਦਾ ਹੈ)
ਉਹ ਡੇਖ ਚਕੀਰਾਹਾ ਟੱਕ ਟੱਕ ਕਰਦੈ, ਬਹੂੰ ਮਿਹਨਤੀ ਪੰਛੀ ਹੇ।
(ਔਹ ਵੇਖ ਪੰਛੀ ਟੁੱਕ ਟੁੱਕ ਕਰਦਾ, ਬੜਾ ਮਿਹਨਤੀ ਹੈ)

ਜ਼ਖ਼ਮਖੀਆਂ: ਹਲਕੀਆਂ ਫੁਲਕੀਆਂ ਯਭਲੀਆਂ
ਕਾਈ ਥਿੱਤ ਦੀ ਗਲ ਤਾਂ ਕਰੀਂਦਾ ਨਹੀਂ, ਚਖਮਖੀਆਂ ਕਰਦਾ ਰਾਂਧੈ।
(ਕੋਈ ਪਤੇ ਦੀ ਗਲ ਤਾਂ ਕਰਦਾ ਨਹੀਂ, ਯਭਲੀਆਂ ਮਾਰਦੈ)
ਚਖ਼ਾ: ਫਿਟੇ ਮੂੰਹ/ਦੁਰ ਫਿਟੇ/ਦਫ਼ਾ ਕਰ
ਉਸ ਕੰਜਰੀ ਤੂੰ ਚਖਾ ਕਰ, ਨਹੀਂ ਮੰਨੀਂਦੀ ਚਖਾ ਕਰੇਸ।
(ਉਸ ਕੰਜਰੀ ਨੂੰ ਦਫਾ ਕਰ, ਨਹੀਂ ਮੰਨਦੀ ਤਾਂ ਦੁਰ ਫਿਟੇ ਕਰ)
ਚਗ਼ਲ: ਦੁਰਾਚਾਰੀ
ਕਿਹੜੇ ਚਗਲਾਂ ਨਾਲ ਯਾਰੀ ਗੰਢੀ ਹੋਈ, ਖਤਾ ਖਾਸੇਂ।
(ਕਿਹੜੇ ਦੁਰਾਚਾਰੀਆਂ ਨਾਲ ਯਾਰੀ ਲਾਈ ਹੋਈ, ਧੋਖਾ ਖਾਏਂਗਾ)
ਚਗਲਣਾ: ਵਾਰ ਵਾਰ ਚੱਬਣਾ
ਛੰਦ ਤਾਂ ਹਿਸ ਕਾਈ ਨਹੀਂ, ਚਗਲਣ ਨਾਲ ਹੀ ਖਾ ਸੰਗਦੈ।
(ਦੰਦ ਤਾਂ ਹੈਨ ਕੋਈ ਨਹੀਂ, ਵਾਰ ਵਾਰ ਚੱਬ ਕੇ ਹੀ ਖਾ ਸਕਦਾ ਹੈ)
ਚੱਟ: ਲੱਕਣਾ/ਖ਼ਤਮ/ਮੁਨਾਉਣਾ
ਕੌਲੀ ਚੱਟ ਗਭਰੂ ਮਾਲ ਚੱਟ ਕੇ ਹੁਣ ਸਿਰ ਵੀ ਸਫਾ ਚੱਟ ਕਰਾਈ ਹੇ।
(ਜੂਠ ਲੱਕਣਾ ਜੁਆਨ, ਮਾਲ ਖ਼ਤਮ ਕਰ ਹੁਣ ਸਿਰ ਮੁਨਾਈ ਫਿਰਦੈ)
ਚਟਕਾਰੇ/ਚਟਖਾਰੇ: ਮਜ਼ੇ ਨਾਲ ਲੱਪ ਲੱਪ ਕਰਨਾ
ਖਾਣਾ ਇਡਾ ਲਜ਼ੀਜ਼, ਮਿਜ਼ਮਾਨਾ ਚਟਕਾਰੇ/ਚਟਖਾਰੇ ਲਾ ਲਾ ਖਾਧਾ।
(ਖਾਣਾ ਏਡਾ ਸਵਾਦ, ਮਹਿਮਾਨਾ ਮਜ਼ੇ ਨਾਲ ਲੱਪਕਿਆ)
ਚੱਟੀ: ਜੁਰਮਾਨਾ/ਹਰਜਾ/ਮਜਬੂਰੀ
ਮੈਕੂੰ ਕਿਹੀ ਚੱਟੀ ਪਈ ਹੈ ਕਿ ਕੈਂਡੀ ਚੱਟੀ ਭਰਾਂ।
(ਮੇਰੀ ਕੀ ਮਜਬੂਰੀ ਹੈ ਕਿ ਤੇਰਾ ਜੁਰਮਾਨਾ/ਹਰਜਾ ਭਰਾਂ)
ਚਟੂਰਾ: ਮੱਟਕਾ
ਗੁਮਾਸ਼ਤਾ ਤਾਂ ਖਾਵਣ ਦਾ ਚਟੂਰਾ, ਆਪ ਸਾਂਭ, ਚਟੂਰੇ ਦਾ ਰਿੜਕਣਾ।
(ਨੌਕਰ ਤਾਂ ਖਾਣ ਨੂੰ ਮੱਟਕਾ ਹੈ, ਆਪ ਸਾਂਭ, ਮੱਟਕੇ ਦਾ ਰਿੜਕਣਾ)
ਚੱਡਾ/ਚੱਡੇ: ਲੇਵਾ, ਲੱਤਾਂ ਦਾ ਜੋੜ
ਗਾਂ ਦੇ ਭਰਵੇਂ ਚੱਡੇ ਨਜ਼ਰ ਲਾਈ ਤਾਂ ਚੱਡੇ ਪਾੜ ਸਟੇਸਾਂਈਂ।
(ਗਾਂ ਦੇ ਭਾਰੇ ਲੇਵੇ ਨੂੰ ਨਜ਼ਰ ਲਾਈ ਤਾਂ ਲੱਤਾਂ ਚੀਰ ਦੇਸ਼ਾਂ)
ਚੰਡ: ਨਿਸ਼ਾਨ/ਚਪੇੜ
ਏਡੀ ਚੰਡ ਮਾਰੀਸ ਕਿ ਗਲਾਂ ਤੇ ਚੰਡ ਪਏ ਡਿਸਦੇਨ।
(ਐਨੀ ਚਪੇੜ ਮਾਰੀ ਹੈ, ਕਿ ਗਲ੍ਹਾਂ ਤੇ ਨਿਸ਼ਾਨ ਦਿਸਦੇ ਪਏ ਨੇ)
ਚੰਡਣਾ: ਤਿੱਖਾ ਕਰਨਾ, ਠੋਕਰ ਕੇ
ਛੋਹਰ ਤੇ ਕਹੀਆਂ ਚੰਡੋ ਤਾਂ ਤਿੱਖੇ ਥੀਂਦੇਨ।
(ਮੁੰਡੇ ਤੇ ਕਹੀਆਂ ਠੋਕਰਕੇ ਹੀ ਤੇਜ਼ ਹੁੰਦੇ ਹਨ)

ਚੰਡੋਲ: ਸਜਾਵਟੀ ਰੋਸ਼ਨੀ ਵਾਲੇ ਖਟੋਲੇ
ਡਿਵਾਲੀ ਤੇ ਵੰਨੀ ਵੰਨੀ ਦੇ ਚੰਡੋਲ ਜਗੈਂਦੇ ਹਿਨ।
(ਦਿਵਾਲੀ ਤੇ ਤਰ੍ਹਾਂ ਤਰ੍ਹਾਂ ਦੇ ਸਜਾਵਟੀ ਰੌਸ਼ਨ ਖਟੋਲੇ ਜਗਾਂਦੇ ਨੇ)
ਚੰਦਰਭਾਨ: ਚੰਦਰਾ
ਪਹਿਲੂ ਹੀ ਸਰਾਪੇ ਜੋੜੇ ਘਰ ਇਹ ਚੰਦਰਭਾਨ ਜੰਮ ਪਿਐ।
(ਪਹਿਲਾਂ ਦੀ ਦੁੱਖੀ ਜੋੜੇ ਘਰ ਇਹ ਚੰਦਰਾ ਜੰਮ ਪਿਆ ਹੈ)
ਚਣੇ: ਛੋਲੇ
ਚਣੇ ਚੰਗੇ ਥੀਂਦੇ ਪਏ ਹਨ ਤੇ ਚਾਨਣੀ ਡੰਡੇ ਮਾਰ ਗਈ।
(ਛੋਲੇ ਵਾਹਵਾ ਹੋ ਰਹੇ ਸੀ ਕਿ ਚਾਨਣੀ ਨੇ ਟਾਟਾਂ ਮਾਰ ਦਿਤੀਆਂ)
ਚੱਪਾ: ਚਾਰ ਉਂਗਲਾ ਜਿੰਨਾ
ਚੱਪਾ ਕ ਰੋਟੀ ਡੀਂਦੇ ਹਿਨ ਤੇ ਹੱਡ ਭੰਨਵੀਂ ਕਾਰ ਕਰੈਂਦੇ ਹਨ।
(ਚਾਰ ਉਂਗਲ ਜਿੰਨੀ ਰੋਟੀ ਦਿੰਦੇ ਨੇ ਤੇ ਹੱਡ ਭੰਨਵਾਂ ਕੰਮ ਲੈਂਦੇਨ)
ਚਬੀਨਾ: ਚਬਣਯੋਗ ਨਿਕਸੁਕ
ਮਰੂੰਡਾਂ ਤੇ ਫੁੱਲੇ ਲਾਹੀਂ ਚਬੀਨੇ ਦੇ ਕੰਮ ਆਸਿਨ।
(ਮਰੂੰਡਾ ਤੇ ਫੁੱਲੇ ਆਥਣੇ ਚਬਣ ਦਾ ਨਿਕਲੂਕ ਬਣਨਗੇ)
ਚੰਮਜੂ: ਚਮੜੀ ਦੀ ਜੂੰ
ਆਲਸੀ ਨਾਂ ਧਾਂਧੈ, ਨਾ ਧੂੰਧੈ. ਚੰਮ ਜੂੰਆਂ ਦਾ ਭਰਿਆ ਪਿਐ।
(ਸੁਸਤ ਜਣਾ ਨਾ ਨਹਾਵੇ ਨਾ ਧੋਵੇ, ਚਮੜੀ ਤੇ ਜੂੰਆਂ ਭਰੀਆਂ ਪਈਆਂ ਨੇ)
ਚਮਰਸ: ਜੁਤੀ ਦੀ ਲਾਗ
ਅੰਗੂਠੇ ਦੀ ਚਮਰਸ ਤੇ ਤੇਲ ਤੇ ਚਮੜੇ ਦਾ ਸਾੜ ਲਾ ਲੈ।
(ਅੰਗੂਠੇ ਦੀ ਜੁਤੀ ਲਾਗ ਤੇ ਤੇਲ ਤੇ ਚੰਮ-ਸੁਆਹ ਮਲ ਲੈ)
ਚਮਚੜਿਕ/ਚਮਚਿੱਠ: ਚਮਗਿਦੜ
ਬੂਹੇ ਢੋਏ ਰਹੇ ਤੇ ਚਾਮਚੜਿਕਾਂ/ਚਮਚਿੱਠਾਂ ਘਰ ਮਲ ਘਿਧੀ।
(ਬੂਹੇ ਬੰਦ ਰਹੇ ਤੇ ਚਮਗਿਦੜਾਂ ਘਰ ਮਲ ਲਿਆ ਹੈ)
ਚਮਰੱਖ/ਚਰਮੁੱਖ: ਤੱਕਲੇ ਦੀ ਚਮ ਦੀ ਠੱਲ੍ਹ
ਚਰਖਾ ਘਤਣ ਤੂੰ ਕੱਢਿਆ ਹੇ, ਚਰਖਾਂ/ਚਰਮਖਾਂ ਕਾਈ ਨਿਨ੍ਹ।
(ਚਰਖਾ ਕੱਤਣ ਨੂੰ ਕੱਢਿਆ ਹੈ, ਤੱਕਲੇ ਦੀਆਂ ਠਲਾਂ ਕੋਈ ਨਹੀਂ ਹਨ)
ਚਮਾਠ/ਚਾਟ: ਥੱਪੜ/ਚਪੇੜ
ਨਿਕੇ ਬਾਲਾਂ ਨੁੰ ਕੋਈ ਏਡੀ ਚਮਾਠ/ਚਾਟ ਕਡੋਂ ਮਾਰੀਦੀ ਹੈ।
(ਨਿਕੇ ਬਾਲਾਂ ਨੂੰ ਏਨਾਂ ਥੱਪੜ ਕਦ ਮਾਰੀਦਾ ਹੈ)
ਚਮੂਠੀ: ਚੂੰਢੀ
ਵੇ ਭੈੜਿਆ, ਕੂਲੇ ਮਾਸ ਦੇ ਚਮੂਠੀ ਮਾਰ ਕੇ ਲਹੁ ਕਢ ਡਿੱਤਈ।
(ਅੜਿਆ, ਕੂਲੇ ਮਾਸ ਤੇ ਚੂੰਢੀ ਵੱਡ ਕੇ ਲਹੂ ਕੱਢ ਦਿਤਾ ਹੈ)

ਚਮੂਣੇ: ਚਲੂਣੇ
ਬਾਲ ਜੋ ਰੂੰਦੇ, ਇਕੂੰ ਚਮੂਣੇ ਪੀਟੀਂਦੇ ਹੋਸਿਨ।
(ਜੁਆਕ ਜੋ ਰੋਂਦੈ, ਇਹਨੂੰ ਚਲੂਣੇ ਲੜਦੇ ਹੋਣਗੇ)
ਚਰਖਾ: ਖੋਤਾ/ਖਰਕਾ
ਵੇ ਮੁਨਸ਼ੀ ਹਿਸ ਛੂਹਰ ਨੂੰ ਪੜ੍ਹਾ, ਨਿਰਾ ਚਰਖਾ ਹੇ।
(ਵੇ ਮਾਸਟਰ, ਇਸ ਛੋਹਰ ਨੂੰ ਪੜ੍ਹਾ, ਨਿਰਾ ਖੋਤਾ/ਖਰਕਾ ਹੈ)
ਚਰਖੀ: ਭੌਣੀ
ਖੂਹ ਦੀ ਚਰਖੀ ਘਸੀ ਪਈ ਹੈ, ਤੁਟੀ ਤਾਂ ਡੋਲ ਵੰਞੈਂਸੀ।
(ਖੂਹ ਦੀ ਭੌਣੀ ਘਸੀ ਹੋਈ ਹੈ, ਟੁੱਟੀ ਤਾਂ ਡੋਲ ਗੁਆਉ)
ਚਰਨਾਮ੍ਰਿਤ: ਚਰਨ ਧੋ
ਬਾਬਿਆਂ ਦੇ ਚਰਨਾਮ੍ਰਿਤ ਕੂੰ ਡੁੱਧ, ਡਹੀਂ, ਸ਼ਕਰ, ਘਿਉ ਘਿਨਾਓ।
(ਸੰਤਾਂ ਦੇ ਚਰਨਧੋ ਵਾਸਤੇ ਦੁੱਧ, ਦਹੀਂ, ਸ਼ਕਰ, ਘਿਉ ਲਿਆਓ)
ਚਰਨੀ ਲਗਣਾ: ਗ੍ਰੰਥ ਸਾਹਿਬ ਦਾ ਪਾਠ ਸ਼ੁਰੂ ਕਰਨਾ
ਗੁਰਸਿੱਖ ਬਣ, ਕੇਸ ਰੱਖ,ਬਾਣੀ ਪੜ੍ਹਨ ਤੂੰ ਚਰਨੀਂ ਲਗ।
(ਗੁਰਸਿੱਖ ਹੋ, ਕੇਸ ਸੰਭਾਲ,ਬਾਣੀ ਪੜ੍ਹਨ ਨੂੰ ਗੁਰੂ ਗ੍ਰੰਥ ਦਾ ਪਾਠ ਸ਼ੁਰੂ ਕਰ)
ਚਰੈਤਾ: ਕੌੜੀ ਦੇਸੀ ਬੂਟੀ ਦਾ ਫ਼ਲ
ਕਾੜ੍ਹੇ ਵਿਚ ਚਰੈਤਾ ਢੇਰ ਪੈ ਗਿਆ, ਬਹੁ ਕੌੜਾ ਹੇ।
(ਕਾੜ੍ਹੇ ਵਿੱਚ ਕੌੜੀ ਬੂਟੀ-ਚਰੈਤਾ ਜ਼ਿਆਦਾ ਹੈ, ਬਹੁਤ ਕੌੜਾ ਹੈ)
ਚਲਿਤ੍ਰ: ਫਰੇਬ
ਤ੍ਰੀਮਤਾਂ ਚਲਿੱਤ੍ਰ ਪਿਛੁੰ ਬਦਨਾਮ ਹਿਨ, ਘਟ ਬੰਦੇ ਵੀ ਨਿੰਨ੍ਹ।
(ਫਰੇਬਾਂ ਪਿੱਛੇ ਔਰਤਾ ਬਦਨਾਮ ਨੇ, ਘੱਟ ਆਦਮੀ ਵੀ ਨਹੀਂ ਨਾ)
ਚਲੀਹਾ: ਚਾਲੀ ਦਿਨਾਂ ਦਾ ਵਰਤ
ਕੇਈ ਚਲੀਹੇ ਕੱਟ ਬੈਠੀ ਹਾਂ, ਰੱਬ ਵੱਲੇ ਤਾਂ ਨਾ।
(ਕਈ ਚਾਲੀ ਦਿਨੇ ਵਰਤ ਰੱਖ ਚੁਕੀ ਹਾਂ, ਰੱਬ ਬਹੁੜੇ ਤਾਂ ਨਾ)
ਚਵਾ ਬਾਸੂੰ: ਚੁਕਾ ਬੈਠਾਂਗੇ
ਉਚੱਕੇ ਬਹੂੰ ਵੱਦੇਨ, ਧਿਆਨ ਕਰ ਮਤਾਂ ਸ਼ੈ ਚਵਾ ਬਵ੍ਹਾਏ।
(ਉਚੱਕੇ ਬਹੁਤ ਫਿਰਦੇ ਨੇ, ਧਿਆਨ ਰੱਖ, ਕੁਝ ਚੁੱਕਾ ਨਾ ਬੈਠੀਏ)
ਚੜ੍ਹਤ: ਚੜ੍ਹਾਈ/ਚੜ੍ਹਾਵਾ
ਡੇਰੇ ਦੀ ਚੜ੍ਹਤ ਤਾਂ ਡੇਖ, ਚੜ੍ਹਤ ਦੀ ਰਕਮ ਸੰਭਾਲੀ ਨਿਨ੍ਹੇ ਵੈਂਦੀ।
(ਡੇਰੇ ਦੀ ਚੜ੍ਹਾਈ ਤਾਂ ਤੱਕ, ਚੜ੍ਹਾਵੇ ਰਕਮ ਸੰਭਾਲੀ ਨਹੀਂ ਜਾ ਰਹੀ)
ਚਾ/ਚਾਅ ਘਿਨ/ਚਾਈ ਵੰਞ: ਚੁੱਕ/ਚੁੱਕ ਲੈ ਚੁੱਕੀ ਜਾਈਂ
ਆਪਣੀ ਤ੍ਰਪਤੀ ਚਾ, ਸੀਦਾ ਚਾਅ ਘਿਨ ਤੇ ਘਰ ਤਾਈਂ ਚਾਈ ਵੰਞ।
(ਆਪਣੀ ਤਪੜੀ ਚੁੱਕ, ਰਸਦ ਲੈ ਲੈ ਤੇ ਘਰ ਤਾਈਂ ਚੁੱਕੀ ਜਾਈਂ)

ਚਾਸਕੂ: ਦੇਸੀ ਬੂਟੀ ਦਾ ਬੀਜ
ਅੱਖਾਂ ਦੇ ਦਾਰੂ ਤੂੰ ਬਿਨਾ ਚਾਸਕੂ ਕੇਈ ਦਵਾਈਆਂ ਵਿਚ ਪੂੰਦੈ।
(ਅੱਖਾਂ ਦੀ ਦਵਾ ਤੋਂ ਬਿਨਾਂ ਚਾਸਕੂ ਬੀਜ ਕਈ ਦੁਆਈਆਂ ਵਿੱਚ ਪੈਂਦਾ ਹੈ)
ਚਾਕ: ਕਾਜ/ਵਾਗੀ
ਗਲਮੇਂ ਦੇ ਚਾਕ ਵੱਡੇ, ਗੁਦਾਮ ਨਿੱਕੇ। (ਗਲੇ ਦੇ ਕਾਜ ਖੁਲੇ, ਬਟਨ ਛੋਟੇ)
ਰਾਂਝਾਂ ਚਾਕ ਥਿਆ, ਹੀਰ ਖੱਟ ਘਿਧੀ। (ਰਾਂਝੇ ਚਾਕ ਬਣ ਹੀਰ ਖੱਟੀ ਸੀ)
ਚਾਕੀ: ਟਿੱਕੀ
ਸਾਬੂਣ ਦੀ ਹਿੱਕਾ ਚਾਕੀ ਘਸੈਸਾਂ।
(ਸਾਬਣ ਦੀ ਇੱਕੋ ਟਿੱਕੀ ਘਸਾਉਂਗੀ)
ਚਾਟ: ਚਪੇੜ-ਦੇਖੋ 'ਚੁਮਾਠ
ਚਾਟੜਾ ਚੇਲਾ
ਡੇਰੇ ਚੂੰ ਸੀਦਾ ਮੁੱਕਾ ਤਾਂ ਚਾਟੜੇ ਚੰਪਤ।
(ਡੇਰੇ ਵਿਚੋਂ ਰਾਸ਼ਨ ਖਤਮ ਤਾਂ ਚੇਲੇ ਉੜੰਤ)
ਚਾਟੀ: ਰਿੜਕਣਾ
ਚਾਟੀਆਂ ਕਿਥੋਂ ਗੁਲੈਂਦੈ, ਸੋਕੇ ਸਭ ਨਾਸ ਕਰ ਡਿੱਤੈ।
(ਰਿੜਕਣੇ ਕਿਥੋਂ ਭਾਲਦੈ, ਕਾਲ ਨੇ ਸਭ ਨਸ਼ਟ ਕਰ ਦਿਤਾ ਹੈ)
ਚਾਦਰ ਪਾਵਣੀ: ਕਰੇਵਾ ਕਰਨਾ
ਸੱਕਾ ਭਿਰਾ ਤੇ ਸਵਰਗੀ ਦਾ ਕੋਈ ਨਹੀਂ, ਚਚੇਰੇ ਤੇ ਚਾਦਰ ਪੈਸਿਨ।
(ਗੁਜ਼ਰ ਗਏ ਦਾ ਸਕਾ ਭਰਾ ਤਾਂ ਹੈ ਨਹੀਂ, ਚਚੇਰੇ ਨਾਲ ਕਰੇਵਾ ਕਰਨਗੇ)
ਚਾਪੜ: ਖਲੋਪੜ
ਗਰੀਬੀ ਬੇ ਬਹਾ ਹੇ, ਕੰਧਾਂ ਤੂੰ ਚਾਪੜ ਪੈ ਢਾਂਹਦੇ ਹਿਨ।
(ਗਰੀਬੀ ਦੀ ਇੰਤਹਾ ਹੈ, ਕੰਧਾਂ ਤੋਂ ਖਲੇਪੜ ਡਿੱਗ ਰਹੇ ਨੇ)
ਚਾਮਚੜਿਕ: ਚਮਗਿੱਦੜ -ਦੇਖੋ 'ਚਮਚਿਠ
ਚਾਰਖਾਨਾਂ: ਡੱਬੀਆਂ ਵਾਲਾ ਕਪੜਾ
ਚਾਰਖਾਨੇ ਦਾ ਅੰਗੋਛਾ ਵਲ੍ਹੇਟ, ਪਰ੍ਹੇ ਵਿਚ ਆਣ ਬੈਠਿਐ।
(ਡੱਬੀਆਂ ਵਾਲੇ ਕਪੜੇ ਦਾ ਸਾਫ਼ਾ ਵਲੇਟ, ਸੱਥ ਵਿਚ ਆ ਬੈਠੈ)
ਚਾਰਾ: ਯਤਨ / ਹੀਲਾ
ਗਲ ਵਿਗੜਦੀ ਦੇਂਦੀ ਹੇ, ਕਾਈ ਚਾਰਾ ਤਾਂ ਕਰਾਂਈਂ।
(ਮਾਮਲਾ ਵਿਗੜ ਰਿਹੈ, ਕੋਈ ਹੀਲਾ/ਯਤਨ ਤਾਂ ਕਰੀਏ)
ਚਾਰੇ ਬੰਨੇ: ਮਜਬੂਰੀ ਵਿੱਚ
ਗਲ ਨਿਬੇੜਨ ਕੂੰ, ਸਾਕੂੰ ਚਾਰੇ ਬੰਨੇ ਇਹੀ ਰਾਹ ਡਿਸਿਆ।
(ਮਾਮਲਾ ਨਿਬੇੜਨ ਨੂੰ, ਸਾਨੂੰ ਮਜਬੂਰੀ ਵਿਚ ਇਹੀ ਰਾਹ ਦਿਸਿਆ)

ਚਾਵੜ/ਕਾਵੜ: ਗੁਸਾ
ਅਗੂੰ ਨਾ ਬੋਲ, ਪੀਊ ਕੂੰ ਚਾਵੜ/ਕਾਵੜ ਚੜ੍ਹ ਵੈਸੀਆ।
(ਅਗੋਂ ਨਾ ਬੋਲ, ਪਿਉ ਨੂੰ ਗੁਸਾ ਚੜ ਜਾਊ)
ਚਾਲੇ: ਵਿਹਾਰ/ਲੱਛਣ
ਸੰਭਿਲ ਵੰਞ, ਸ਼ੌਹਰ ਦੇ ਚਾਲੇ ਚੰਗੇ ਨਿਨ੍ਹੀਂ।
(ਸੰਭਲ ਜਾ, ਘਰ ਵਾਲੇ ਦੇ ਲੱਛਣ/ਵਿਹਾਰ ਚੰਗੇ ਨਹੀਂ ਨੇ)
ਚਾੜ੍ਹਨਾ: ਧਰਨਾ
ਗਵਾਂਢੀਆਂ ਕੁੱਕੜ ਚੜ੍ਹਿਐ, ਮੈਂ ਬੋਤਲ ਪੱਟਾਂ।
(ਗੁਆਂਢੀਆਂ ਮੁਰਗਾ ਧਰਿਆ ਹੈ, ਮੈਂ ਬੋਤਲ ਦਾ ਡਾਟ ਪੱਟਾਂ)
ਚਾਪਾਂ: ਸੀਨੇ ਦੀਆਂ ਸੀਖਾਂ
ਏਡਾ ਤਫ਼ਰਕਾ, ਮੈਂਡੀ ਕੌਲੀ ਚਾਪਾਂ ਤੇ ਪੁੱਤਰ ਕੂੰ ਕਲੇਜੀ।
(ਏਨਾ ਵਿਤਕਰਾ, ਮੇਰੀ ਕੌਲੀ ਵਿਚ ਸੀਖਾਂ ਤੇ ਪੁਤਰ ਨੂੰ ਕਲੇਜੀ)
ਚਾਵਾਂ: ਚਕਵਾਂ
ਭਾਈ ਘਰ ਘਾਟ ਤਾਂ ਹਿਸ ਕੋਈ ਨਾ, ਚਾਵਾਂ ਚੁਲ੍ਹਾ ਹੇ।
(ਕੋਈ ਘਰ ਘਾਟ ਤਾਂ ਉਸ ਦਾ ਹੈ ਨਹੀਂ, ਚਕਵਾਂ ਚੁਲ੍ਹਾ ਹੈ)
ਚਾਂਵਰ: ਪ੍ਰਾਂਦੀ
ਸ਼ਾਹਰੂੰ ਮੈਕੂੰ ਘੁੰਗਰੀਆਂ ਆਲੀ ਚਾਂਵਰ ਘਿਨਾ ਡਿੱਤੀਸ।
(ਸ਼ਹਿਰੋਂ ਮੈਨੂੰ ਘੁੰਗਰੀਆਂ ਵਾਲੀ ਪ੍ਰਾਂਦੀ ਲਿਆ ਦਿਤੀ ਹੈ)
ਚਿੱਚੜ / ਲੁੱਧੜੀ: ਚਿੰਬੜਿਆ ਹੋਇਆ
ਵਾਸਤੇ ਕੇਈ ਪਾਏ ਹਿਮ, ਪਰ ਇਹ ਚਿਚੜ/ਲੁਧੜੀ ਪਿੱਛੇ ਨਹੀਂ ਲੱਧਾ।
(ਤਰਲੇ ਮੈਂ ਕੀਤੇ ਨੇ, ਪਰ ਇਹ ਚਿੰਬੜਿਆ ਹੈ, ਮਗਰੋਂ ਨਹੀਂ ਲਹਿੰਦਾ)
ਚਿੱਟੇ ਡੀਂਹ: ਦਿਨ ਦਿਹਾੜੇ
ਬਲਾਤਕਾਰ ਤੇ ਬੇਹੁਰਮਤੀਆਂ ਚਿੱਟੇ ਮੀਂਹ ਥੀਵਨ, ਕੋਈ ਤਾਂ ਡੱਕੋ।
(ਬੇਪਤੀਆਂ ਦਿਨ ਦਿਹਾੜੇ ਹੋਵਨ, ਕੋਈ ਤਾਂ ਰੋਕੋ)
ਚਿੱਠਾ: ਲਿਖਤੀ ਵੇਰਵਾ
ਪਾਪੀਆ, ਪਾਪਾਂ ਦਾ ਕੱਚਾ ਚਿੱਠਾ ਤਿਆਰ ਹੈ, ਹਿਸਾਬ ਤਾਂ ਹੋਸੀ।
(ਪਾਪੀਆ, ਪਾਪਾਂ ਦਾ ਵੇਰਵਾ ਲਿਖਿਆ ਗਿਆ ਹੈ, ਲੇਖਾ ਤਾਂ ਹੋਊ)
ਚਿੱਠੀ ਰਸਾਨ: ਡਾਕੀਆ
ਪਿੰਡ ਜੋ ਥੀਆ, ਚਿੱਠੀ ਰਸਾਨ ਕਿੰਨ੍ਹਾਂ ਡਿਹਾੜਿਆਂ ਪਿਛੂੰ ਵਲਸੀ।
(ਪਿੰਡ ਜੋ ਹੋਇਆ, ਡਾਕੀਆ ਕਈ ਦਿਨਾਂ ਪਿਛੋਂ ਮੁੜੁ)
ਚਿਤਾਵਣਾ: ਮਿਹਣੇ ਨਾਲ ਕਹਿਣਾ
ਵਲਾ ਵਲਾ ਕੇ ਚਿਤੈਂਦੀਏਂ, ਮੈਕੂੰ ਕਾਈ ਭੁੱਲ ਹੈ।
(ਵਾਰੀ ਵਾਰੀ ਮਿਹਣੇ ਨਾਲ ਆਖਦੀ ਹੈਂ, ਮੈਥੋਂ ਕੁਝ ਭੁੱਲਿਆ ਹੈ)

ਚਿੱਥ ਕੇ: ਜਤਾ ਕੇ
ਸ਼ਰੀਕ ਜੋ ਥਏ, ਚਿੱਥ ਚਿੱਥ ਕੇ ਤਾਂ ਗਲਾਂ ਕਰੇਸਿਨ।
(ਸ਼ਰੀਕ ਜੋ ਹੋਏ, ਜਤਾ ਜਤਾ ਕੇ ਗਲਾਂ ਕਰਨਗੇ ਹੀ)
ਚਿੱਦੇ: ਬੰਟੇ
ਚਿੱਦੇ ਖੇਡਣ ਦੇ ਡੀਂਹ ਹਿਸ, ਗਿਣ-ਗਿਣ ਰਖਦਾ ਰਾਂਧੈ।
(ਬੰਟੇ ਖੇਡਣ ਦੀ ਇਹਦੀ ਉਮਰ ਹੈ, ਗਿਣ ਗਿਣ ਕੇ ਰਖਦਾ ਰਹਿੰਦੈ)
ਚਿੱਪ/ਚਿੱਭ: ਹਰਖ
ਮੈਂ ਬੋਲਾਂ ਤਾਂ ਤੈਨੂੰ ਚਿੱਪ/ਚਿੰਭ ਜੋ ਚੜ੍ਹ ਪੂੰਦੀ ਹੈ।
(ਮੈਂ ਬੋਲਾਂ ਤਾਂ ਤੈਨੂੰ ਹਰਖ ਜੋ ਚੜ੍ਹ ਜਾਂਦਾ ਹੈ)
ਚਿਲਕਣਾ: ਤਿੱਖੀ ਸੁਰ ਵਿਚ ਚੀਕਣਾ
ਠਰੰਮੇ ਨਾਲ ਵੀ ਗਲ ਥੀ ਸੰਗਦੀ ਹੇ, ਚਿਲਕਣ ਦੀ ਕੀ ਲੋੜ ਹੈ।
(ਠਰੰਮੇ ਨਾਲ ਵੀ ਗਲ ਹੋ ਸਕਦੀ ਹੈ, ਤਿਖਾ ਚੀਕਣ ਦੀ ਕੀ ਲੋੜ ਹੈ)
ਚੀਚ: ਸੂਹੀ ਭੂੰਡੀ
ਰੰਗ ਗੋਰਾ ਤੇ ਚੀਰੇ ਰੱਤੇ, ਚੀਚ ਵਹੁਟੀ! ਕਿੱਡੇ ਵੈਸੇਂ।
(ਗੋਰਾ ਰੰਗ ਤੇ ਸੂਹੇ ਲੀੜੇ, ਸੂਹੀ ਭੂੰਡੀਏ! ਕਿਥੇ ਜਾਏਂਗੀ)
ਚੀਚਕੇ: ਮਤੀਰੇ ਦੇ ਬੀਜ
ਚੀਚਕੇ ਭੁੰਨ ਰੱਖ, ਡਿਲਾਹੇਂ ਚਬੀਣੇ ਵਿਚ ਰਲੈਸੂੰ।
(ਮਤੀਰੇ ਦੇ ਬੀਜ ਭੁੰਨ ਰੱਖ, ਆਥਣ ਦੇ ਨਿੱਕਸੁਕ ਵਿਚ ਮਿਲਾਵਾਂਗੇ)
ਚੀਰ/ਚੀਰਾ: ਵਾਹੇ ਵਾਲ/ਪਾੜ/ਕਟਣਾ/ਪਗੜੀ
ਚੀਰਾ ਕੱਢ ਕੇ ਸਜਦੀ ਡਿਸੇ, ਚੀਰੇ ਵਾਲੇ ਆਵਣਾ ਹੋਸੀ।
(ਵਾਲ ਵਾਹ ਕੇ ਫਬਦੀ ਦਿਸੇ, ਪਗੜੀ ਵਾਲੇ-ਪਤੀ-ਨੇ ਆਉਣਾ ਹੋਊ)
(ਚੀਰ ਪਾ ਕੇ ਫਾਂਕੜਾ ਕੀਤੇ, ਤਿਖੇ ਆਰੇ ਦੇ ਦੰਦੇ)
(ਚੀਰਾ ਦੇ ਕੇ ਪਾਕ ਸਭ ਕਢਤੀ, ਚੀਸ ਭੋਰਾ ਘਟ ਹੀ ਗਈ)
ਚੀਲ੍ਹ: ਇੱਲ
ਜੇ ਮੁਰਦਾਰ ਢੇਰ ਹਨ ਤਾਂ ਚੀਲ੍ਹਾਂ ਦੀ ਕਿਹੜੀ ਘਾਟ ਹੈ।
(ਮੁਰਦੇ ਬਹੁਤ ਹਨ ਤਾਂ ਇੱਲਾਂ ਦੀ ਕਿਹੜੀ ਕਮੀ ਹੈ)
ਚੀੜ੍ਹ: ਗੂੰਦ
ਕਿੱਕਰਾਂ ਤੂੰ ਬਹੂੰ ਚੀੜ੍ਹ ਲਹੇਸੂੰ, ਤੈਕੂੰ ਮਿਲ ਵੈਸੀ।
(ਕਿਕਰਾਂ ਤੋਂ ਬਹੁਤ ਗੂੰਦ ਲਾਹਵਾਂਗੇ, ਤੈਨੂੰ ਮਿਲ ਜਾਊਗੀ)
ਚੀੜ੍ਹਾ: ਕੰਜੂਸ/ਕਸੇ ਜਾਣਾ
ਸੇਠ ਡਾਢਾ ਚੀੜ੍ਹਾ ਹੈ ਤਾਂ ਵਸਣੀ ਕੂੰ ਚੀੜ੍ਹੀ ਗੰਢ ਮਾਰੀ ਹਿੱਸ।
ਸੇਠ ਬੜਾ ਕੰਜੂਸ ਹੈ ਤੇ ਬੁਗਚੀ ਨੂੰ ਕਸਕੇ ਗੰਢ ਮਾਰੀ ਹੈਸ)

ਚੁਆਤੀ: ਬਲਦੀ ਲਕੜੀ/ਲੜਾਈ ਪੁਆਣੀ
ਚੁਆਤੀ ਡੇਖ ਭੂਤਣੀ ਚੌਂ ਗਈ।/ ਬਿਲਾਣੀ ਬਣ ਚੁਆਤੀ ਲਾ ਗਈ।
(ਬਲਦੀ ਲੱਠ ਦੇਖ ਭੂਤਨੀ ਮੁੜ ਗਈ)/(ਸਹੇਲੀ ਬਣ ਫੁੱਟ ਪਾ ਗਈ)
ਚੁਹੱਟਾ/ਚੁਹੱਟਾ: ਚਾਰ ਗੇੜੂ ਖੂਹ
ਸਾਰੇ ਭਰਾਵਾਂ ਰੱਲਮਿੱਲ ਜ਼ਮੀਨਾਂ ਵਿਚ ਚੁਹੱਟਾ/ਚੁਰਹਟਾ ਲਵਾ ਘਿੱਧਾ।
(ਸਾਰੇ ਭਰਾਵਾਂ ਮਿਲਕੇ ਜ਼ਮੀਨਾਂ ਵਿਚ ਚਾਰ ਗੇੜੂ ਖੂਹ ਪੁਟਾ ਲਏ)
ਚੁੰਗ/ਚੁੰਗੀ: ਹਿੱਸਾ /ਟੈਕਸ
ਭਠੇਰਨ ਦੀ ਚੁੰਗ ਇਕ ਵਜ਼ਾ ਨਾਲ ਚੰਗੀ ਹੀ ਹੋਈ।
(ਭੱਠੀ ਵਾਲੀ ਦਾ ਹਿੱਸਾ ਇਕ ਤਰ੍ਹਾਂ ਦਾ ਟੈਕਸ ਹੀ ਹੋਇਆ)
ਚੁਗੱਤਾ: ਇਕ ਤੁਰਕ ਜਾਤੀ
ਪੋਠੋਹਾਰ ਵਿਚ ਕੋਈ ਚੁਗੱਤਿਆਂ ਦੇ ਟੱਬਰ ਵਸਦੇ ਆਹੇ।
(ਪੋਠੋਹਾਰ ਵਿਚ ਕਈ ਚੁਗਤਾ ਜਾਤੀ ਦੇ ਟੱਬਰ ਵਸਦੇ ਸਨ)
ਚੁੰਘਾਵੀ/ਚੁੰਘਿਆਵੀ ਦੁੱਧ ਚੁੰਘਾਣ ਵਾਲੀ
ਵਿਅੰਮ ਸਮੇਂ ਮਰ ਗਈ ਮਾਂ ਦੇ ਬਾਲ ਕੂੰ ਚੁੰਘਾਵੀਂ/ਚੁੰਘਿਆਵੀ ਪਾਲਿਆ।
(ਜਣੇਪੇ ਤੇ ਮਰ ਗਈ ਮਾਂ ਦੇ ਬਾਲ ਨੂੰ ਦੁਧ ਚੁੰਘਾਣ ਵਾਲੀ ਨੇ ਹੀ ਪਾਲਿਆ)
ਚੁੱਚਾ: ਚੁੰਨ੍ਹੀਆਂ ਅਖਾਂ ਵਾਲਾ ਬਾਲ
ਜਡੂੰ ਜੰਮਿਆਂ ਹਾਂਏਂ, ਚੂੱਚਾ ਹਾਂਈਂ, ਸੁਖ ਨਾਲ ਗਭਰੁ ਥੀ ਗਿਐ।
(ਜਦੋਂ ਜੰਮਿਆ ਸੀ, ਚੁੰਨੀਆਂ ਅਖਾਂ ਸੀ, ਸੁਖ ਰਹੀ, ਜੁਆਨ ਹੋ ਗਿਆ ਹੈਂ)
ਚੁੰਝ: ਨੋਕ
ਸੂਈ ਦੀ ਚੁੰਝ ਘਸ ਗਈ ਹੈ, ਧਾਗਾ ਤੁਰੜੇਂਦੀ ਹੈ।
(ਸੁਈ ਦੀ ਨੋਕ ਘਸ ਗਈ ਹੈ, ਧਾਗਾ ਤੋੜਦੀ ਹੈ)
ਚੁੱਡ: ਔਰਤ ਦੀ ਸੂ
ਜਣੇਪੇ ਪਿਛੁ ਹੌਲੇ ਹੌਲੇ ਚੁੰਡਦੀ ਪੀੜ ਘਟਣ ਲਗਦੀ ਹੈ।
(ਜਣੇਪੇ ਬਾਦ ਹੌਲੀ ਹੌਲੀ ਸੂ ਦੀ ਪੀੜ ਘਟਣ ਲਗਦੀ ਹੈ)
ਚੁਥਾਇਆ: ਮੌਤ ਬਾਦ ਚੌਥਾ
ਚਿਤਾ ਦੀ ਅਗਨੀ ਬੁਝ ਵੰਞੇ, ਚਾਰ ਡੀਂਹ ਤੂੰ ਤੇ ਚੁਥਾਇਆ ਥੀਵੇ।
ਚਿਤਾ ਦੀ ਅਗਨੀ ਚਾਰ ਦਿਨਾਂ ਨੂੰ ਬੁਝੇ ਤੇ ਚੌਥਾ ਕੀਤਾ ਜਾਵੇ)
ਚੁੰਡ: ਨੁਕਰ / ਕੁੰਟ
ਚਾਰੇ ਚੂੰਡਾਂ ਫੋਲ ਬੈਠੀ ਹਾਂ, ਕਿੱਡੇ ਛਪਨ ਥੀ ਗਿਆ ਹੈ।
(ਚਾਰੇ ਨੁਕਰਾਂ/ਕੂੰਟਾਂ ਭਾਲ ਬੈਠੀ ਹਾਂ, ਕਿਧਰੇ ਅਲੋਪ ਹੋ ਗਿਆ ਹੈ)
ਚੁਪੱਟ/ਚੌਪਟ (ਚੌੜ ਚਪਟ): ਖੁਲ੍ਹੇ ਦਰ (ਵਿਗੜੈਲ)
ਬਾਬੇ ਦੇ ਦਰ ਚੁਪੱਟ/ਚੌਪਟ ਖੁਲ੍ਹੇ ਹਿਨ, ਚੌੜ ਚਪੱਟਾਂ ਕੂੰ ਵੀ।
(ਬਾਬੇ ਦੇ ਦਰ ਖੁਲ੍ਹੇ ਨੇ, ਵਿਗੜੈਲਾਂ ਨੂੰ ਵੀ)

ਚੁਫਾਲ: ਸਿੱਧਾ ਸਪਾਟ
ਨਸ਼ੇ ਦੀ ਲੋਰ ਵਿਚ ਅਮਲੀ ਥੁੱਡਾ ਖਾ ਕੇ ਚੁਫਾਲ ਢਹਿ ਪਿਆ।
(ਨਸ਼ੇ ਦੀ ਲੋਰ ਵਿਚ ਅਮਲੀ, ਠੇਡਾ ਖਾ ਕੇ, ਸਿੱਧਾ ਸਪਾਟ ਡਿਗ ਪਿਆ)
ਚੁਮਾਸਾ: ਮੀਹਾਂ ਦੇ ਚਾਰ ਮਹੀਨੇ
ਚੁਮਾਸਾ ਲਗਾ ਲੈਂਦੇ ਤਾਂ ਮਜੂਰਾਂ ਦੀਆਂ ਡਿਹਾੜੀਆਂ ਮਰ ਵੈਂਦੀਅਨ।
(ਬਰਸਾਤੀ ਚਾਰ ਮਹੀਨੇ ਲਗਣ ਤੇ ਮਜ਼ਦੂਰਾਂ ਦੀ ਕਮਾਈ ਮਰ ਜਾਂਦੀ ਹੈ)
ਚੁਲ੍ਹ ਚੁਲ੍ਹਾ
ਗਰੀਬ ਦੀ ਚੁਲ੍ਹ ਵਿਚ ਪਾਣੀ ਤਾਂ ਵਾਕਾ ਮਸਤੀ ਆਣੀ।
(ਗਰੀਬ ਦੇ ਚੁਲੇ ਗਿਲੇ, ਤਾਂ ਫਾਕੇ ਹੋਣ ਖੁਲ੍ਹੇ)
ਚੁਲੀ: ਕੁਰਲੀ/ਚੁਲੁ
ਘਰ ਵਿਚ ਚੁਲੀ ਕਰਨ ਕੂੰ ਚੁਲੀ ਭਰ ਪਾਣੀ ਕੋਈ ਨਾ।
(ਘਰ ਵਿਚ ਕੁਰਲੀ ਕਰਨ ਨੂੰ ਚਲੁ ਭਰ ਪਾਣੀ ਵੀਂ ਨਹੀਂ ਹੈ)
ਚੜ੍ਹ ਚੜ੍ਹ ਕੇ ਤੜਫ਼ ਤੜਫ਼ ਕੇ
ਜ਼ੁਲਮ ਕੀਤਈ, ਰੱਬ ਡੇਥੈ, ਚੜ੍ਹ ਚੁੜ੍ਹ ਮਰਸੇਂ।
(ਤੂੰ ਜ਼ੁਲਮ ਕੀਤਾ ਹੈ, ਰੱਬ ਵੇਖਦਾ ਪਿਐ, ਤੜਫ਼ ਤੜਫ਼ ਮਰੇਂਗਾ)
ਚੂਹੜਾ: ਮੁਰਦੇ ਢੋਣ ਵਾਲਾ
ਮੁਰਦਾਰ ਪਹਾਰੂ ਕੁੰ ਚੂਹੜੇ ਚਾ ਘਿਨ ਵੈਸਿਨ।
(ਮਰੇ ਪਸ਼ੂ ਨੂੰ ਮੁਰਦੇ ਢੋਣ ਵਾਲੇ ਚੁਕ ਲੈ ਜਾਣਗੇ)
ਚੂਕ ਚੂੰ ਚੂੰ ਕਰਨਾ
ਚਿੜੀ ਚੂਕੇ ਤੇ ਮੀਂਹ ਉਭਰੇ, ਜੁਲੋ ਟੁਰ ਪਵਾਹੇਂ।
(ਚਿੜੀ ਚੀਂ ਚੀਂ ਕਰੇ, ਦਿਨ ਨਿਕਲੇ ਤੇ ਚਲੋ ਤੁਰ ਪਈਏ)
ਚੂਚੀ: ਦੁੱਧੀਆਂ ਦੇ ਸਿਰੇ
ਡੰਦ ਕਢ ਘਿਧੇ ਹਿਸ, ਚੂਚੀਆਂ ਟੁੱਕਦੈ, ਡੁੱਧ ਛੁੜੈਂਦੀ ਹਾਂ।
(ਦੰਦ ਕੱਢ ਲਏ ਹਨ, ਦੂਧੀ ਦੇ ਸਿਰੇ ਚੱਕ ਮਾਰਦੈ, ਦੁੱਧ ਛੁੜਾ ਦਿਨੀ ਹਾਂ)
ਚੂੰਡ/ਚੁੰਢ: ਖੁਰਚ ਖਾਣਾ
ਧਨ ਦੇ ਜ਼ੋਰ ਤੇ ਮਜੂਰਾਂ ਦੇ ਹੱਡ ਚੂੰਡ/ਚੁੰਢ ਖਾਣਾ ਕਾਈ ਰਾਜ ਹੇ।
(ਸਰਮਾਏ ਸਿਰ ਮਜ਼ਦੂਰਾਂ ਦੀ ਸ਼ਕਤੀ ਖੁਰਚ ਖਾਣਾ ਕੋਈ ਰਾਜ ਹੈ)
ਚੂੰਢੀ: ਚੁਟਕੀ
ਹਾਰਿਆ ਹੁੱਟਿਆ ਸੋਚੇ-ਚੂੰਢੀ ਵਿਹੁ ਦੀ ਮੈਂਡਾ ਡੁੱਖ ਕਟੇਸੀ।
(ਹਾਰਿਆ ਹੁੱਟਿਆ ਸੋਚਦੈ-ਚੁਟਕੀ ਜ਼ਹਿਰ ਮੇਰਾ ਦੁਖ ਕਟੁ)
ਚੂਆ: ਭੁਰੀਆਂ ਰੋਟੀਆਂ ਦੀ ਪੰਜੀਰੀ
ਗਰੀਬ ਪਾੜ੍ਹੇ ਤੂੰ ਮਾ ਦਾ ਡਿੱਤਾ ਚੂਆ ਹੀ ਪੰਜੀਰੀ ਹੈ।
(ਗਰੀਬ ਪਾੜ੍ਹੇ ਨੂੰ ਮਾਂ ਦੀ ਦਿਤੀ ਭੁਰੀਆਂ ਰੋਟੀ ਵਾਲੀ ਭੋਰ ਹੀ ਪੰਜੀਰੀ ਹੈ)

ਚੇਠ ਕਰਨੀ: ਉਚੇਚ ਨਾਲ ਕਹਿਣਾ
ਤੁਹਾਡੇ ਸੱਕਿਆਂ ਚੇਠ ਕੀਤੀ ਹਾਈ, ਤੁਸੀਂ ਜ਼ਰੂਰ ਅਵਿਆਏ।
(ਤੁਹਾਡੇ ਕੁੜਮਾਂ ਉਚੇਚ ਨਾਲ ਕਿਹਾ ਕਿ ਤੁਸੀਂ ਜ਼ਰੂਰ ਆਇਆ ਜੇ)
ਚੇਤਾ/ਚਿਤਾਵਣਾ: ਯਾਦ ਸ਼ਕਤੀ/ਯਾਦ ਕਰਾਣਾ
ਬਿਰਧ ਦਾ ਚੇਤਾ ਘਟ ਗਿਆ, ਤੋਕੂੰ ਚਿਤਾਵਣਾ ਪੋਸੀ।
(ਬਿਰਧ ਦੀ ਯਾਦ ਘਟ ਗਈ ਹੈ, ਤੁਹਾਨੂੰ ਯਾਦ ਕਰਾਣਾ ਪਊ)
ਚੈਂਦਾ: ਚੁਕਦਾ ਲੈਂਦਾ
ਮਾਲ ਕੌਣ ਚੈਂਦੈ, ਮੈਂ ਨਾਂ ਨਹੀਂ ਚੈੰਦਾ।
(ਮਾਲ ਕੌਣ ਚੁਕਦਾ ਹੈ, ਮੈਂ ਨਾਂ ਨਹੀਂ ਲੈਂਦਾ)
ਚੋਕਰ/ਭੂੰ ਘੁੰਡੀਆਂ/ਤੂੜੀ
ਦਾਣਾ ਮੰਡੀ ਵਿਚੂੰ ਚੋਕਰ ਲਭਸੀ, ਭੂੰ ਰਹਿ ਗਿਆ ਪਿੜ ਤੇ।
(ਦਾਣਾ ਮੰਡੀ ਘੁੰਡੀਆਂ ਲਭਣ, ਤੂੜੀ ਰਹਿ ਗਈ ਪਿੜ ਤੇ)
ਚੋਖਾ: ਕਾਫ਼ੀ
ਚੋਖਾ ਸਾਰਾ ਘਿਉ ਲਗਸੀ ਟਿਕੜਿਆਂ ਤੇ।
(ਮੱਠੀਆਂ ਤੇ ਕਾਫੀ ਘਿਉ ਲਗ ਜਾਵੇਗਾ)
ਚੋਟੀ: ਚੋਰਨੀ/ਗੁੱਤ
ਰੰਨ ਚੋਟੀ ਨਿਕਲੀ, ਪਰੇ ਵਿਚ ਇਸ ਕੀ ਚੋਟੀ ਕੱਪੋ।
(ਜ਼ਨਾਨੀ ਚੋਰ ਨਿਕਲੀ, ਸੱਥ ਵਿਚ ਇਸ ਦੀ ਗੁੱਤ ਕੱਟੋ)
ਚੋਤਾ: ਘੋਲ
ਪਹਿਲਵਾਨਾਂ ਦਾ ਚੇਤਾ ਡੇਖਣ ਸਾਰਾ ਪਿੰਡ ਆਣਾ ਲੱਥਾ।
(ਪਹਿਲਵਾਨਾਂ ਦਾ ਘੋਲ ਵੇਖਣ ਸਾਰਾ ਪਿੰਡ ਆ ਜੁੜਿਆ)
ਚੋਤਾ ਵਟਣਾ: ਲੜਨ ਨੂੰ ਉਤਾਰੂ
ਪਾਸਾ ਵਟੀ ਰਖ, ਲੰਡਰ ਛੋਹਰ ਚੋਤਾ ਵਟੀ ਵਦੇ ਹਿਨ।
(ਟਲਿਆ ਰਹੁ, ਲੁੱਚੇ ਮੁੰਡੇ ਲੜਨ ਨੂੰ ਉਤਾਰੂ ਹਨ)
ਚੋਬਦਾਰ: ਛੱਤਰ ਚੁਕਣ ਵਾਲੇ/ਦਰ ਤੇ ਖਲਾਰੇ ਬਰਛੇ ਵਾਲੇ
ਰਾਜਿਆਂ ਨਵਾਬਾਂ ਸ਼ਾਨ ਤੂੰ ਚੋਬਦਾਰ ਰੱਖੇ ਹਿਨ।
(ਰਾਜਿਆਂ ਨਵਾਬਾਂ ਸ਼ਾਨ ਨੂੰ ਛੱਤਰ ਚੁਣੇ ਤੇ ਬਰਛੇ ਵਾਲੇ ਰਖੇ ਹੋਏ ਹਨ)
ਚੋਂਭਲਣਾ: ਚੁੰਧਿਆਣਾ
ਧੁੱਪ ਡਾਢੀ ਤਿਖੀ ਹੈ, ਅਖਾਂ ਪਈ ਚੌਂਭਲਦੀ/ਚੁਭਲੇਂਦੀ ਹੈ।
(ਧੁੱਪ ਬੜੀ ਤਿੱਖੀ ਹੈ, ਅਖਾਂ ਚੁੰਧਿਆ ਰਹੀ ਹੈ)
ਚੋੜ੍ਹਾ ਪਵੀ: ਤੜਫਦੀ ਰਹੇਂ
ਤੈਕੂੰ ਚੋੜ੍ਹਾ ਪੋਵੇ ਜਿਨ੍ਹ ਮੈਂਡੇ ਘਰ ਭਾਅ ਲਾਈ ਹੇ।
(ਤੈਨੂੰ ਤੜਫਣੀ ਪਊਗੀ ਜਿਸ ਮੇਰੇ ਘਰ ਵਿਚ ਕਲੇਸ਼ ਪਾਇਆ ਹੈ)

ਚੌਡਾਂ: ਚੌਦਾਂ
ਖੋਟੇ ਰੁਪਈਏ ਦੀ ਕੋਈ ਡੁਆਨੀ ਨਾ ਡੇਸੀ, ਤੂੰ ਚੌਂਡਾਂ ਆਨੇ ਆਧੈਂ।
(ਖੋਟੇ ਰੁਪਏ ਦੀ ਕਿਸੇ ਦੁਆਨੀਂ ਨਹੀਂ ਦੇਣੀ, ਤੂੰ ਚੌਦਾਂ ਆਨੇ ਭਾਲਦਾ ਹੈਂ)
ਚੌੜ/ਚੌੜ ਚਪੱਟ: ਵਿਗੜੈਲ/ਲਗਾੜੇ
ਬਚੜਾ ਆਪ ਪਹਿਲੂੰ ਚੌੜ ਹਾਈ, ਉਤੂੰ ਚੌੜ ਚਪਟਾਂ ਵਿਚ ਵੰਞ ਵੜਿਐ)
(ਛੋਹਰ ਪਹਿਲਾਂ ਆਪ ਵਿਗੜੈਲ ਸੀ, ਉਤੋਂ ਲਗਾੜਿਆਂ ਵਿਚ ਜਾ ਰਲਿਐ)

(ਛ)


ਛੱਛ ਲੂਣੇ ਪਰਬਤ ਦੀ ਤਲਹਟੀ
ਰੇਤਲੇ ਭਾਗ ਕੋਲੂੰ ਇਸ ਛੱਛ ਵਿਚ ਪੈਦਾਵਰ ਵਧ ਹੇ।
(ਰੇਤਲੇ ਇਲਾਕੇ ਨਾਲੋਂ ਇਸ ਲੂਣੀ ਤਲਹਟੀ ਦੀ ਪੈਦਾਵਾਰ ਵੱਧ ਹੈ)
ਛੱਜ ਵਿਚ ਛਟਣਾ: ਅਪਮਾਨ ਕਰਨਾ
ਜਡੂੰ ਛੱਜ 'ਚ ਪਾਕੇ ਛੁਟਸੀਂ ਤਾਂ ਉਹ ਮਰਸੀ, ਬਿਆ ਕੇ।
(ਜਦੋਂ ਤੂੰ ਉਸ ਦਾ ਅਪਮਾਨ ਕਰੇਗੇਂ ਤਾਂ ਮਰੂ ਹੀ, ਹੋਰ ਕੀ)
ਛੱਟਣ: ਫੋਕਟ
ਇਸ ਗੰਦਮ ਵਿਚ ਛੱਟਣ ਬਹੂੰ ਹੇ।
(ਇਸ ਕਣਕ ਵਿਚ ਫੋਕਟ ਬਹੁਤ ਹੈ)
ਛੱਟੀ: ਛੇਵੇਂ ਦਿਨ ਦੀ ਰੀਤ
ਪੁਤਰ ਦੀ ਛੱਟੀ ਕਰਨੀ ਹਿਸ, ਹੁਧਾਰ ਮੰਗਦੈ।
(ਪੁਤਰ ਦੇ ਜਨਮ ਦੇ ਛੇਵੇਂ ਦਿਨ ਦੀ ਰੀਤ ਕਰਨੀ ਹੈ, ਉਧਾਰ ਮੰਗਦੈ)
ਛੱਡ ਛਡਾ: ਤੋੜ ਵਿਛੋੜਾ
ਵੱਡੀ ਬਿਮਾਰੀ ਦਾ ਪਤਾ ਲਗਾ ਤਾ ਛਡ ਛਡਾ ਥੀ ਗਿਆ।
(ਵਡੀ ਬਿਮਾਰੀ ਦਾ ਪਤਾ ਲਗਾ ਤਾਂ ਤੋੜ ਵਿਛੋੜਾ ਹੋ ਗਿਆ)
ਛੰਡਣਾ ਝਾੜਨਾ
ਤ੍ਰਿਮਦੇ ਕਪੜੇ ਛੰਡ ਕੇ ਸੁਕਣੇ ਪਾਵੇਂ।
(ਚਿਉਂਦੇ ਕਪੜੇ ਝਾੜ ਕੇ ਸੁਕਣੇ ਪਾਈਂ)
ਛੱਣ: ਪਲ
ਇਥੂੰ ਇਸੇ ਛਣ ਭਜ ਵੰਞ, ਮਾਰ ਸਟੇਸਨੀਆ।
(ਇਥੋਂ ਇਸੇ ਪਲ ਦੌੜ ਜਾ, ਮਾਰ ਸਿਟਣਗੇ)
ਛਣਕਣੇ /ਛਣਕਾਰ: ਖਿਡੌਣੇ ਸੰਗੀਤ
ਡੀਂਹ ਡਿਹਾੜੇ ਤਾਂ ਛਣਕਣੇ ਘਿਨਾਡੇ, ਛਣਕਾਰ ਤੇ ਵਿਲਾ ਡੇਸਾਂ।
(ਵਾਰ ਤਿਉਹਾਰ ਤੇ ਤਾਂ ਖਿਡੌਣੇ ਲਿਆਦੇ, ਸੰਗੀਤ ਤੇ ਵਿਰਾ ਲਊਂਗੀ)