ਸਮੱਗਰੀ 'ਤੇ ਜਾਓ

ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/ਅਰੋੜਬੰਸ ਸਭਾ ਦੇ ਪ੍ਰਧਾਨ ਵੱਲੋਂ ਉਤਸ਼ਾਹ

ਵਿਕੀਸਰੋਤ ਤੋਂ

ਅਰੋੜਬੰਸ ਸਭਾ (ਰਜਿ:) ਕੋਟਕਪੂਰਾ

ਦਾ ਨਿਮਾਣਾ ਉਪਰਾਲਾ

ਲਹਿੰਦੀ ਪੰਜਾਬੀ ਦਾ ‘ਸ਼ਬਦ-ਕੋਸ਼’

ਇਕ ਦਹਾਕਾ ਪਹਿਲਾਂ ਆਪਣੇ ਸਥਾਪਨਾ ਦਿਵਸ ਤੋਂ ਹੀ ਸਭਾ ਸਮਾਜ ਸੇਵਾ ਲੋੜਵੰਦਾਂ ਦੀ ਸਹਾਇਤਾ, ਰੋਗ-ਰੋਕੂ ਚੇਤਨਾ ਪਸਾਰ, ਮੈਡੀਕਲ ਕੈਂਪਾਂ, ਧੀਆਂ ਦੀ ਲੋਹੜੀ, ਕੰਨਿਆਵਾਂ ਲਈ ਕੰਪਿਊਟਰ ਸਿਖਿਆ, ਸਿਲਾਈ ਸਿਖਲਾਈ, ਰਸੋਈ ਪ੍ਰਬੀਨਤਾ ਆਦਿ ਕਾਰਜਾਂ ਦੇ ਨਾਲ ਨਾਲ ਸਾਹਿਤ ਖੇਤਰ ਦੀ ਸਰਗਰਮੀ ਵਿਚ ਵੀ ਪਿਛੇ ਨਹੀਂ ਰਹੀ। ਕੋਟਕਪੂਰੇ ਦੇ ਸ਼ਾਨਦਾਰ ਇਤਿਹਾਸ, ਇਥੋਂ ਦੇ ਮਹਾਨ ਧੀਆਂ-ਪੁਤਰਾਂ ਦੇ ਸੁਹਿਰਦ ਸ਼ਬਦ-ਚਿਤਰਾਂ ਦੇ ਨਾਲ ਸੰਪਰਕ ਨੰਬਰਾਂ ਦੀ ਯਾਦਗਾਰੀ 'ਯਾਦਾਂ ਤੇ ਸਿਰਨਾਵੇਂ ' ਥੱਲੇ ਪ੍ਰਕਾਸ਼ਤ ਕਰਕੇ ਵਰਤਾਈ ਗਈ ਸੀ। ਸਾਹਿਤਕਾਰਾਂ ਦੇ ਸਨਮਾਨ ਕਰਨ ਦੇ ਨਾਲ ਬ੍ਰਾਦਰੀ ਦੇ ਹੋਣਹਾਰ ਧੀਆਂ-ਪੁਤਰਾਂ ਦੀਆਂ ਪ੍ਰਾਪਤੀਆਂ ਨੂੰ ਵੀ ਉਜਾਗਰ ਕੀਤਾ। ਨਵੀਂ ਪਨੀਰੀ ਵਿਚ ਬਿਰਧਾਂ ਪ੍ਰਤੀ ਸੰਵੇਦਨਾ ਪੈਦਾ ਕਰਨ ਖਾਤਰ ਬਿਰਧਾਂ ਦੇ ਸਨਮਾਨ ਦਾ ਸਮਾਗਮ ਵੀ ਰਚਾਇਆ। ਪੰਜਾਬੀ ਪ੍ਰੀਤਵਾਨਾਂ ਦੇ ਪੰਜਾਬੀ ਭਾਸ਼ਾਂ ਦੀ ਸੇਵਾ ਵਿਚ ਪਾਏ ਯੋਗਦਾਨ ਲਈ ਪ੍ਰਸੰਸਾ ਤੇ ਅਸੀਸ ਪਤਰ ਵੀ ਪ੍ਰਦਾਨ ਕੀਤੇ। ਹੁਣ ਹਥਲਾ ਕਿਤਾਬਚਾ ਵੀ ਇਸੇ ਦਿਸ਼ਾ ਵਿਚ ਇਕ ਉਪਰਾਲਾ ਹੈ।
ਸਭਾ ਦੇ ਮੈਂਬਰਾਂ ਦੀ ਵਡੀ ਗਿਣਤੀ ਉਨ੍ਹਾਂ ਪਰਵਾਰਾਂ ਦੀ ਹੈ ਜੋ ਦੇਸ਼-ਵੰਡ ਉਪਰੰਤ ਪਛਮੀ ਪੰਜਾਬ ਤੋਂ ਫਿਰਕੂ ਫਸਾਦਾਂ ਕਰਕੇ ਇਕ ਲੰਬੇ ਸੰਤਾਪ ਦਾ ਸ਼ਿਕਾਰ ਰਹੇ ਸਨ। ਲੰਬੀ ਜਦੋਂ ਜਹਿਦ ਤੇ ਮਿਹਨਤ ਸਦਕਾ ਤਿੰਨ ਪੀਹੜੀਆਂ ਵਿਚ ਜਾ ਕੇ ਜ਼ਿੰਦਗੀ ਲੀਹ ਤੇ ਆ ਸਕੀ। ਕਿਸੇ ਸਰਕਾਰ ਜਾਂ ਸਮਾਜੀ ਰਹਿਤਲ ਨੇ ਬਾਂਹ ਨਾ ਫੜੀ। ਸਗੋਂ 'ਫ਼ਰੂਜੀ' (ਰੀਫਿਊਜੀ) ਤੇ 'ਮੁਸਲਮਾਨਾ ਵੱਟੇ ਵਟਾਏ' ਦੇ ਤ੍ਰਿਸਕਾਰੀ ਨਾਮਾਂ ਦੇ ਠੱਪੇ ਲਾਏ ਗਏ। ਜਦ ਕਿ ਇਸ ਵੰਡ ਸਮੇਂ ਹੋਰ ਵਰਗ ਜੱਟ, ਭਾਊ ਆਦਿ ਵਡੀ ਗਿਣਤੀ ਵਿਚ ਉਜੜ ਕੇ ਆ ਵਸੇ ਸਨ ਪਰ ਇਨ੍ਹਾਂ ਵਰਗਾਂ ਦੇ ਲੋਕਾਂ ਨੂੰ ਕੋਈ ਠੱਪੇ ਨਹੀਂ ਲਾਏ ਗਏ। ਕੇਵਲ ਤੇ ਕੇਵਲ ਅਸੀਂ ਲੋਕ ਹੀ ਇਸ ਉਪਹਾਸ ਦਾ ਸ਼ਿਕਾਰ ਹੋਏ ਸੀ। ਫਿਰ ਵੀ ਸਿਦਕ ਤੇ ਸਿਰੜ ਨਾਲ ਜੀਵਨ ਨੂੰ ਸਨਮਾਨ ਪੂਰਵਕ ਢੰਗ ਨਾਲ ਜੀਵਿਆ। ਨਾ ਮੰਗ ਖਾਧਾ, ਨਾ ਚੋਰੀ-ਡਾਕੇ ਦੇ ਅਪ੍ਰਾਧੀ ਰਾਹ ਤੇ ਤੁਰੇ ਅਤੇ ਨਾ ਹੀ ਕੋਈ ਆਤਮਦਾਹ ਕੀਤਾ। ਇਸ ਸਾਰੇ ਸੰਘਰਸ਼ ਵਿਚ ਆਪਣੀ ਮਿਠੀ ਤੇ ਰਸੀਲੀ ਲਹਿੰਦੀ ਪੰਜਾਬੀ ਤੇ ਸੰਕਟ ਆਣ ਲਥਾ। ਬਾਬੇ ਫ਼ਰੀਦ ਦੀ ਬਾਣੀ ਵਾਲੀ ਭਾਸ਼ਾ ਦੇ ਗੌਲਣਯੋਗ ਸ਼ਬਦ ਵਿਸਰਦੇ ਗਏ। ਹਾਲ ਇਹ ਹੋ ਗਿਆ ਹੈ ਕਿ ਸਾਡੇ ਬਾਲ ਇਨ੍ਹਾਂ ਨਿਵੇਕਲੇ ਸ਼ਬਦਾਂ ਤੋਂ ਬੇਗਾਨੇ ਹੁੰਦੇ ਜਾ ਰਹੇ ਹਨ। ਗੁਰਬਾਣੀ ਅਤੇ ਪ੍ਰਾਚੀਨ ਸਾਹਿਤ ਵਿਚ ਆਉਂਦੇ ਇਨ੍ਹਾਂ ਸ਼ਬਦਾਂ ਦੇ ਅਨਰਥ ਕਰਕੇ ਇਨ੍ਹਾਂ ਰਚਨਾਵਾਂ ਦੇ ਮੂਲ-ਅਰਥਾਂ ਤੋਂ ਵਿਰਵੇ ਹੋ ਰਹੇ ਹਨ
ਇਸ ਅਵਸਥਾ ਦੀ ਸੰਵੇਦਨਾ ਨੇ ਇਸ ਕਿਤਾਬਚੇ ਦੇ ਲੇਖਕ ਨੂੰ 'ਲਹਿੰਦੀ ਪੰਜਾਬੀ' ਦੇ ਚੁਗਵੇਂ ਸ਼ਬਦਾਂ ਦਾ ਕੇਂਦਰੀ ਪੰਜਾਬੀ ਦੇ ਸਮਾਨ ਅਰਥੀ 'ਸ਼ਬਦ-ਕੋਸ਼'
ਤਿਆਰ ਕਰਨ ਲਈ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਦੀ ਮਿਹਨਤ ਤੇ ਸੁਹਿਰਦਤਾ ਦੀ ਸਭਾ ਕਦਰ ਕਰਦੀ ਹੈ। ਬ੍ਰਾਦਰੀ ਦੇ ਵਡੇਰੇ ਹਿੱਤਾਂ ਵਾਸਤੇ ਇਸ 'ਸ਼ਬਦ-ਕੋਸ਼` ਨੂੰ ਪ੍ਰਕਾਸ਼ਿਤ ਕਰਨ ਅਤੇ ਵੰਡਣ ਦੀ ਸਭਾ ਖੁਸ਼ੀ ਲੈਂਦੀ ਹੈ। ਇਸ ਕਾਰਜ ਵਿਚ ਸਹਾਇਤਾ ਲਈ ਸਭਾ ਸਾਰੇ ਸਹਿਯੋਗੀਆਂ ਦੀ ਧੰਨਵਾਦੀ ਹੈ।

30-6-2019

ਸਮੂਹ ਮੈਂਬਰਾਨ ਤੇ ਕਾਰਜਕਰਤਾ ਅਰੋੜਬੰਸ ਸਭਾ (ਰਜਿ:) ਕੋਟਕਪੂਰਾ

ਅਰੋੜਬੰਸ ਸਭਾ ਦਾ ਇਕ ਹੋਰ ਸਾਹਿਤਿਕ ਉਪਰਾਲਾ

ਨਵੀਂ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਲਹਿੰਦੀ ਪੰਜਾਬੀ ਨਾਲ ਜੋੜਨ ਅਤੇ ਜੋੜ ਕੇ ਰੱਖਣ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਮਾਸਟਰ ਹਰਨਾਮ ਸਿੰਘ ਜੀ ਦੀ ਇਸ ਸ਼ਬਦ-ਕੋਸ਼ ਦੀ ਤਿਆਰੀ ਅਤੇ ਅਰੋੜਬੰਸ ਸਭਾ (ਰਜਿ:) ਵੱਲੋਂ ਪ੍ਰਕਾਸ਼ਨਾ ਨਾਲ ਸਾਨੂੰ ਜਿਥੇ ਅਸੀਮ ਖੁਸ਼ੀ ਹੈ ਉਥੇ ਹੀ ਮਾਣ ਵੀ ਹੈ। ਭਾਸ਼ਾ ਦੇ ਖੇਤਰ ਵਿਚ ਲਹਿੰਦੀ ਪੰਜਾਬੀ ਦੇ ਸ਼ਬਦ ਵਿਸਰਦੇ ਜਾ ਰਹੇ ਹਨ ਅਤੇ ਕਈ ਵਾਰੀ ਅਗਿਆਨਤਾ ਵਿਚ ਇਨਾਂ ਦੇ ਠੀਕ ਅਰਥ ਨਹੀਂ ਕੀਤੇ ਜਾਂਦੇ ਹਨ। ਇਸ ਲਈ ਇਹ ਕੋਸ਼ਿਸ਼ ਲਹਿੰਦੀ ਪੰਜਾਬੀ ਦੇ ਸ਼ਬਦਾਂ ਦੇ ਠੀਕ ਅਰਥਾਂ ਨੂੰ ਜੀਵੰਤ ਕਰਦੀ ਹੈ।
ਅਰੋੜਾ ਪਰਿਵਾਰਾਂ ਦੇ ਅਨੇਕਾਂ ਸ਼ਖਸ ਇਹ ਮਹਿਸੂਸ ਕਰਦੇ ਹਨ ਕਿ ਅਗਲੀ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਦੇ ਲਹਿੰਦੀ ਪੰਜਾਬੀ ਵਾਲੇ ਰੰਗ ਨਾਲ ਇਕਸੁਰ ਕੀਤਾ ਜਾਵੇ। ਇਸ ਗੱਲ ਨੂੰ ਸ਼ਿਦਤ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਮੌਜੂਦਾ ਪੀੜ੍ਹੀ ਇਸ ਬੋਲੀ ਤੋਂ ਦੂਰ ਹੁੰਦੀ ਜਾ ਰਹੀ ਹੈ। ਜਿਸ ਨਾਲ ਇਸ ਬ੍ਰਾਦਰੀ ਦੇ ਜੀਵਨ ਦੀ ਰਹਿਤਲ ਅਣਗੌਲੀ ਹੋ ਰਹੀ ਹੈ।ਇਸ ਕਿਰਿਆ ਨਾਲ ਬ੍ਰਾਦਰੀ ਦੇ ਵੱਡੀ ਉਮਰ ਦੇ ਲੋਕਾਂ ਨੂੰ ਬੇਹੱਦ ਤਕਲੀਫ਼ ਪਹੁੰਚ ਰਹੀ ਹੈ। ਇਸ ਪਾਸੇ ਉਦਮ ਕਰਨ ਦੀ ਵੱਡੀ ਲੋੜ ਸੀ।
ਅਰੋੜਬੰਸ ਸਭਾ (ਰਜਿ:) ਨੇ ਸੁਹਿਰਦਤਾ ਨਾਲ ਇਸ ਲੋੜ ਦਾ ਨੋਟਿਸ ਲਿਆ ਹੈ। ਅਤੇ ਵੱਡੀ ਪੀੜ੍ਹੀ ਦੇ ਇਸ ਦਰਦ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ। ਇਸ ਪ੍ਰਸੰਗ ਵਿਚ ਲਹਿੰਦੀ ਬੋਲੀ ਨੂੰ ਸਜੀਵ ਕਰਨ ਲਈ ਵਿਲੱਖਣ ਸ਼ਬਦਾਂ ਨੂੰ ਇਕੱਤਰ ਕਰਕੇ ਉਨ੍ਹਾਂ ਦੇ ਪ੍ਰਮਾਣਿਕ ਅਰਥ ਦਰਜ ਕਰਨੇ ਜ਼ਰੂਰੀ ਸਨ। ਇੰਨ੍ਹਾਂ ਸ਼ਬਦਾਂ ਅਤੇ ਅਰਥਾਂ ਨੂੰ ਸਹੀ ਰੂਪ ਵਿਚ ਪ੍ਰਗਟ ਕਰਨ ਲਈ ਵਾਕਾਂ ਦੇ ਸੰਦਰਭ ਵਿਚ ਦਰਜ ਕਰਨਾ ਵੀ ਲੋੜੀਂਦਾ ਸੀ। ਸ਼ਬਦ-ਕੋਸ਼ ਦੇ ਰਚਨਾਕਾਰ ਮਾਸਟਰ ਹਰਨਾਮ 'ਹਰਲਾਜ' ਨੇ ਇਸ ਜ਼ਰੂਰਤ ਦਾ ਧਿਆਨ ਰੱਖਦੇ ਹੋਏ ਕੋਸ਼ ਵਿਚ ਅਰਥਾਂ ਦੇ ਨਾਲ ਵਾਕਾਂ ਵਿਚ ਸ਼ਬਦ ਪਰੋ ਕੇ ਉਦਮ ਨੂੰ ਸਕਾਰਥ ਕਰ ਦਿੱਤਾ ਹੈ।ਇਸ ਵਡੇਰੇ ਕਾਰਜ ਵਿਚ ਅਰੋੜਬੰਸ ਸਭਾ (ਰਜਿ:) ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਭਰਪੂਰ ਸਹਿਯੋਗ ਦਿੱਤਾ ਹੈ।ਇਸ ਉਤਮ ਯਤਨ ਲਈ ਸਾਰੇ ਸੱਜਣ ਵਧਾਈ ਦੇ ਹੱਕਦਾਰ ਹਨ। ਅਸੀਂ ਦਿਲੋਂ ਵਧਾਈਆਂ ਪੇਸ਼ ਕਰਦੇ ਹਾਂ।

ਜਗਦੀਸ਼ ਕੁਮਾਰ ਛਾਬੜਾ

ਮਾਸਟਰ ਗੋਪੀ ਚੰਦ ਛਾਬੜਾ

ਸੀਨੀਅਰ ਮੀਤ ਪ੍ਰਧਾਨ

ਸਰਪ੍ਰਸਤ,

ਅਰੋੜਬੰਸ ਸਭਾ (ਰਜਿ:) ਕੋਟਕਪੂਰਾ

ਅਰੋੜਬੰਸ ਸਭਾ (ਰਜਿ:) ਕੋਟਕਪੂਰਾ

30-6-2019