ਸਮੱਗਰੀ 'ਤੇ ਜਾਓ

ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/ਕੁਝ ਸ਼ਬਦ 'ਕੋਸ਼' ਦੇ ਰਚਨਾਕਾਰ ਬਾਰੇ

ਵਿਕੀਸਰੋਤ ਤੋਂ
'ਸ਼ਬਦ ਕੋਸ਼' ਪੁਸਤਕ ਛਪਾਉਣ ਲਈ ਵਧਾਈ ਦਿੰਦਾ ਹਾਂ ਅਤੇ ਆਸ ਕਰਦਾ ਹਾਂ। ਕਿ ਸਾਡੇ ਆਪਣੇ ਘਰਾਂ ਵਿੱਚ ਖ਼ਤਮ ਹੁੰਦੀ ਜਾ ਰਹੀ ਮਾਂ ਬੋਲੀ ਨੂੰ ਬਚਾਉਣ ਲਈ ਇਹ ਪੁਸਤਕ ਮਾਰਗ ਦਰਸ਼ਕ ਦਾ ਕੰਮ ਕਰੇਗੀ।

ਮਿਤੀ 30-6-2019

-ਸੁਰਜੀਤ ਸਿੰਘ ਗੁਲਿਆਣੀ

ਜਨ; ਸਕੱਤਰ,

ਅਰੋੜਬੰਸ ਸਭਾ (ਰਜਿ:) ਕੋਟਕਪੂਰਾ

ਕੁਝ ਸ਼ਬਦ ‘ਕੋਸ਼’ ਦੇ ਬਾਰੇ

ਮਾਨਯੋਗ ਸ. ਹਰਨਾਮ ਸਿੰਘ ਹੁਰਾਂ ਦਾ ਲਹਿੰਦੇ ਪੰਜਾਬ ਦੀ ਪੰਜਾਬੀ ਨੂੰ ਮੁੜ ਜਿੰਦਾ ਕਰਨ ਦਾ ਇਹ ਉਪਰਾਲਾ ਅਤਿ ਸ਼ਲਾਘਾਯੋਗ ਕਦਮ ਹੈ, ਇਹ ਉਪ ਬੋਲੀ ਜਿਸ ਨੂੰ ਪਾਕਿਸਤਾਨ ਵਿਚ ਸਰਾਇਕੀ ਭਾਸ਼ਾ ਦੇ ਤੌਰ ਤੇ ਜਾਣਿਆ ਜਾਂਦਾ ਹੈ। ਅੱਜ ਵੀ ਉਥੇ ਬੜੇ ਧੜੱਲੇ ਨਾਲ ਬੋਲੀ ਜਾਂਦੀ ਹੈ। ਸ਼ਾਇਦ ਇਹ ਕੇਂਦਰੀ ਪੰਜਾਬੀ ਅਤੇ ਫਾਰਸੀ ਭਾਸ਼ਾ ਦੇ ਟਕਰਾਅ ਤੋਂ ਉਤਪੰਨ ਹੋਈ ਹੋਵੇ, ਅਜਿਹਾ ਲੱਗਦਾ ਹੈ। 1947 ਦੇ ਘੱਲੂਘਾਰੇ ਵੇਲੇ ਜਦੋਂ ਧਰਮ ਤੇ ਆਧਾਰ ਤੇ ਮੁਲਕ ਦੀ ਵੰਡ ਹੋਈ ਤਾਂ ਇਧਰ ਦੇ ਮੁਸਲਮਾਨ ਪਾਕਿਸਤਾਨ ਵੱਲ ਭੱਜੇ ਤਾਂ ਉਥੋਂ ਦੇ ਹਿੰਦੂ-ਸਿੱਖ ਆਪਣੀਆਂ ਜਾਨਾਂ ਦੀ ਖੈਰ ਮਨਾਉਂਦੇ ਹੋਏ, ਬਿਲਕੁਲ ਨਿਹੱਥੇ ਇਧਰਲੇ ਪੰਜਾਬ ਜਾਂ ਲਾਗਲੇ ਇਲਾਕਿਆਂ ਵਿਚ ਸਿਰ ਲੁਕਾਉਣ ਦੀ ਜਗ੍ਹਾ ਭਾਲਦੇ ਫਿਰਦੇ ਸਨ। ਜਿਥੇ ਕਿਥੇ ਜਿਸ ਨੂੰ ਕੋਈ ਯੋਗ ਟਿਕਾਣਾ ਮਿਲਿਆ, ਉਹ ਲੋਕ ਉਥੋਂ ਦੇ ਹੋ ਕੇ ਰਹਿ ਗਏ ਪਰ ਆਪਣੇ ਨਾਲ ਆਪਣੀ ਭਾਸ਼ਾ ਅਤੇ ਪਹਿਰਾਵਾ (ਚਿੱਟਾ ਕੁੜਤਾ, ਚਿੱਟੀ ਧੋਤੀ, ਚਿੱਟੀ ਪੱਗ ਅਤੇ ਪੰਜਾਬੀ ਜੁੱਤੀ) ਜ਼ਰੂਰ ਕਾਇਮ ਰਖਿਆ ਜੋ ਕਿ ਇਹਨਾਂ ਦਾ ਪਹਿਚਾਣ ਚਿੰਨ੍ਹ ਬਣ ਕੇ ਰਹਿ ਗਏ ਪਰ ਇਹ ਵੀ ਇੱਕ ਕੌੜੀ ਸਚਾਈ ਹੈ ਕਿ ਇਥੋਂ ਦੀ ਬਹੁਗਿਣਤੀ ਠੇਠ ਪੰਜਾਬੀ ਬੋਲਦੇ ਵੀਰਾਂ ਵਾਸਤੇ ਉਕਤ ਭਾਸ਼ਾ ਇਕ ਹਾਸੋਹੀਣ ਵਿਸ਼ਾ ਬਣ ਕੇ ਉਭਰੀ। ਹੌਲੀ-ਹੌਲੀ ਅਗਲੀਆਂ ਪੀੜ੍ਹੀਆਂ 'ਜੈਸਾ ਦੇਸ਼ ਵੈਸਾ ਭੇਸ' ਅਨੁਸਾਰ ਚਲਦਿਆਂ ਹੋਇਆਂ ਆਪਣੀ ਭਾਸ਼ਾ ਨੂੰ ਬੜੀ ਤੇਜ਼ੀ ਨਾਲ ਮੋੜ ਦਿੰਦਿਆਂ ਚੜ੍ਹਦੇ ਪੰਜਾਬ ਵਾਲੇ ਸ਼ਬਦ ਆਪਣੀ ਬੋਲੀ ਵਿਚ ਲਿਆਉਣੇ ਸ਼ੁਰੂ ਕਰ ਦਿੱਤੇ ਤੇ 70 ਦੇ ਦਹਾਕੇ ਤੱਕ ਸਰਾਇਕੀ ਭਾਸ਼ਾ ਪੰਜਾਬ ਵਿਚ ਲਗਭਗ ਲੁਪਤ ਹੋਣ ਦੇ ਕਗਾਰ ਤੇ ਪਹੁੰਚ ਗਈ ਭਾਵੇਂ ਹਰਿਆਣੇ ਦੇ ਕਈ ਕਸਬਿਆਂ ਵਿਚ ਅੱਜ ਵੀ ਕਾਫੀ ਹੱਦ ਤੱਕ ਜਿੰਦਾ ਹੈ। ਪਰ ਮਾਸਟਰ ਜੀ ਦੀ ਉਕਤ ਕੋਸ਼ਿਸ਼ ਸਰਾਇਕੀ ਭਾਸ਼ਾ ਦੇ ਜਗਿਆਸੂਆਂ ਲਈ ਜਿੰਨ੍ਹਾਂ ਦੇ ਵੱਡ-ਵਡੇਰੇ ਕਈ ਸਦੀਆਂ ਇਹ ਬੋਲੀ ਬੋਲਦੇ ਰਹੇ ਅਤੇ ਜਿਸ ਭਾਸ਼ਾ ਨੂੰ ਗੁਰਬਾਣੀ ਵਿਚ ਦਰਜ ਹੋਣ ਦਾ ਮਾਣ ਹਾਸਿਲ ਹੈ, ਉਨ੍ਹਾਂ ਲਈ ਇਕ ਸਾਹਿਤਕ ਖੁਰਾਕ ਦਾ ਕੰਮ ਕਰੇਗੀ।
ਦਾਸ ਵੱਲੋਂ ਲੇਖਕ ਦੇ ਇਸ ਉਪਰਾਲੇ ਦਾ ਬਹੁਤ-ਬਹੁਤ ਧੰਨਵਾਦ ਅਤੇ ਮੁਬਾਰਕਾਂ!

-ਡਾ. ਸੁਨੀਲ ਛਾਬੜਾ

ਛਾਬੜਾ ਲੈਬਾਰਟਰੀ, ਕੋਟਕਪੂਰਾ

30-6-2019

ਮੋ: 98884-56585