ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/ਕੁਝ ਸ਼ਬਦ ‘ਕੋਸ਼’ ਦੇ ਬਾਰੇ

ਵਿਕੀਸਰੋਤ ਤੋਂ

ਸ਼ਬਦ 'ਕੋਸ਼' ਇੱਕ ਪ੍ਰਸੰਸਾਮਈ ਉਦਮ


ਦੇਸ਼ ਦੀ 1947 ਦੀ ਵੰਡ ਵਿੱਚ ਪਰਿਵਾਰਾਂ ਦੇ ਵਿਛੋੜੇ, ਕਤਲੋਗਾਰਤ, ਰਾਜਿਆਂ ਦੇ ਫਕੀਰ ਹੋਣ ਅਤੇ ਗਰੀਬਾਂ ਦੇ ਰਜਵਾੜੇ ਬਣਨ ਦੇ ਨਾਲ-ਨਾਲ ਇਕ ਪਾਸੇ ਪਰਿਵਾਰ ਦੇ ਮੈਂਬਰਾਂ ਦਾ ਅੱਖਾਂ ਸਾਹਮਣੇ ਕਤਲ ਬਰਦਾਸ਼ਤ ਕਰਨ ਲਈ ਹੌਸਲੇ ਦੀ ਤਲਾਸ਼ ਅਤੇ ਕਾਹਲ ਕਾਹਲ 'ਚ ਪਰਿਵਾਰਕ ਮੈਂਬਰਾਂ ਨੂੰ ਦੂਰ ਛੱਡ ਆਇਆਂ ਦੀ ਤਨਹਾਈ ਜਾਂ ਵਿਯੋਗ ਦਾ ਸੰਤਾਪ ਪਰ ਦੂਜੇ ਪਾਸੇ ਸਮੇਂ ਦੇ ਹਾਕਮਾਂ ਵਲੋਂ ਦੇਸ਼ ਦੀ ਅਖੌਤੀ ਅਜ਼ਾਦੀ ਦੇ ਨਾਮ 'ਤੇ ਜਸ਼ਨ ਮਨਾਉਣ ਦੀਆਂ
ਕਿਤਾਬਾਂ ਤਾਂ ਬਹੁਤ ਪੜਨ ਨੂੰ ਮਿਲੀਆਂ ਪਰ ਕਿਸੇ ਅਲੋਪ ਹੁੰਦੀ ਜਾ ਰਹੀ ਬੋਲੀ ‘ਲਹਿੰਦੀ ਪੰਜਾਬੀ’ ਬਾਰੇ ਮਾ. ਹਰਨਾਮ ਸਿੰਘ ਜੀ ਵਲੋਂ ਇਸ ਉਮਰ 'ਚ ਵੀ ਮਿਹਨਤ ਕਰਕੇ ਨਵੀਂ ਪੀੜ੍ਹੀ ਲਈ ਇਕ ਦਸਤਾਵੇਜ਼ ਦੇ ਤੌਰ 'ਤੇ ਸਾਂਭਣਯੋਗ ਪੁਸਤਕ ਦੀ ਰਚਨਾ ਕਰਨਾ ਬਹੁਤ ਹੀ ਪ੍ਰਸੰਸਾਯੋਗ ਉਪਰਾਲਾ ਹੈ। ਲਹਿੰਦੀ ਪੰਜਾਬੀ ਬਾਰੇ ਪਾਕਿਸਤਾਨ ਦੀਆਂ ਫ਼ਿਲਮਾਂ, ਨਾਟਕਾਂ, ਕਾਮੇਡੀ ਵਾਲੇ ਚੁਟਕਲਿਆਂ ਜਾਂ ਸੀਰੀਅਲਾਂ 'ਚ ਤਾਂ ਦੇਖਣ ਅਤੇ ਸੁਣਨ ਨੂੰ ਮਿਲ ਜਾਂਦਾ ਸੀ
ਪਰ ਲਹਿੰਦੀ ਪੰਜਾਬੀ ਸਬੰਧੀ 'ਸ਼ਬਦਕੋਸ਼' ਸ਼ਾਇਦ ਇਹ ਪਹਿਲੀ ਹੀ ਹੋਵੇਗੀ, ਇਸ ਨੂੰ ਨਵੀਂ ਪੀੜ੍ਹੀ ਲਈ ਇਕ ਸਾਂਭਣਯੋਗ ਖਜ਼ਾਨਾ ਵੀ ਮੰਨਿਆ ਜਾਵੇਗਾ। ਸਾਹਿਤਕ ਹਲਕਿਆਂ ਨਾਲ ਜੁੜੇ ਉਹ ਲੋਕ, ਜਿੰਨ੍ਹਾਂ ਦਾ ਦੂਰੋਂ ਨੇੜਿਉਂ ਪਾਕਿਸਤਾਨ ਨਾਲ ਸਬੰਧ ਜੁੜਿਆ ਰਿਹਾ ਹੈ, ਉਹ ਹਰ ਖੁਸ਼ੀ ਦੇ ਮੌਕੇ ਇਸ ਕਿਤਾਬ ਨੂੰ ਸਬੰਧਤ ਪਰਿਵਾਰ ਲਈ ਸ਼ਗਨ ਦੇ ਤੌਰ 'ਤੇ ਦੇ ਕੇ ਖੁਸ਼ੀ ਮਹਿਸੂਸ ਕਰਿਆ ਕਰਨਗੇ।
ਅਜੋਕੇ ਯੁੱਗ ਵਿੱਚ ਮਨੁੱਖ ਨੇ ਜ਼ਿੰਦਗੀ ਦੇ ਹਰ ਖੇਤਰ 'ਚ ਜੋ ਪ੍ਰਾਪਤੀਆਂ ਕੀਤੀਆਂ ਹਨ, ਇਹ ਉਸਦੇ ਬੌਧਿਕ ਵਿਕਾਸ ਦਾ ਪ੍ਰਮਾਣ ਹਨ। ਇਸ ਵਿਕਾਸ ਸਦਕਾ ਸੱਭਿਆਚਾਰ ਵਿੱਚ ਵੀ ਨਿਰੰਤਰ ਪਰਿਵਰਤਨ ਆਉਂਦਾ ਰਿਹਾ ਹੈ। ਨਿਰਸੰਦੇਹ ਪਰਿਵਰਤਨ ਜ਼ਿੰਦਗੀ ਦੀ ਗਤੀਸ਼ੀਲਤਾ ਦਾ ਸੂਚਕ ਹੈ। ਪਰ ਕਈ ਵਾਰ ਪਰਿਵਰਤਨ ਦੀ ਅਤਿ-ਤੀਖਣਗਤੀ ਲੰਮੇਂ ਸਮੇਂ ਵਿੱਚ ਬਣੀ ਵਿਸ਼ੇਸ਼ ਮਨੁੱਖੀ ਜੀਵਨ ਜਾਂਚ ਦੇ ਮੁਹਾਂਦਰੇ ਨੂੰ ਬੇਪਛਾਣ ਕਰ ਦਿੰਦੀ ਹੈ।ਹਿੰਦ-ਪਾਕਿ ਵੰਡ ਅਰਥਾਤ 1947 ਦੀ ਅਜ਼ਾਦੀ ਤੋਂ 73 ਸਾਲ ਬਾਅਦ

ਲਹਿੰਦੀ ਪੰਜਾਬੀ ਬਾਰੇ ਲਿਖਣਾ ਠੀਕ ਹੈ ਜਾਂ ਗਲਤ? ਇਹ ਇਕ ਵੱਖਰੀ ਬਹਿਸ ਦਾ ਮੁੱਦਾ ਹੈ। ਇਸ ਬਾਰੇ ਨਿਰਣਾ ਦੇਣਾ ਉਲਾਰੂ ਜਾਂ ਪੱਖਪਾਤੀ ਸੋਚ ਦਾ ਪ੍ਰਮਾਣ ਹੋਵੇਗਾ। ਕਿਸੇ ਇਕ ਪੀੜ੍ਹੀ ਲਈ ਹਰ ਖੇਤਰ ਵਿੱਚ ਉਪਲੱਬਧ ਨਵੀਨ ਸਾਧਨ ਜੇ
ਬੇਹੱਦ ਆਕਰਸ਼ਕ ਹਨ ਤਾਂ ਦੂਜੇ ਪਾਸੇ ਮੌਜੂਦਾ ਸਮੇਂ ਵਿੱਚ ਜ਼ਿੰਦਗੀ ਦੇ ਪੰਜਾਹਵਿਆਂ ਜਾਂ ਇਸ ਤੋਂ ਵੱਧ ਉਮਰ ਵਾਲੀ ਪੀੜ੍ਹੀ ਲਈ ਨਵੀਨ ਸਾਧਨਾ ਸਦਕਾ ਖਤਮ ਹੋ ਰਿਹਾ ਵਿਰਸਾ ਮਾਨਸਿਕ ਸੰਤਾਪ ਨਹੀਂ ਤਾਂ ਘੱਟੋ ਘੱਟ ਹੇਰਵਾਂ ਜ਼ਰੂਰ ਹੈ। ਲਹਿੰਦੀ ਪੰਜਾਬੀ ਬਾਰੇ ਮਾ. ਹਰਨਾਮ ਸਿੰਘ ਜੀ ਵਲੋਂ ਪੁਸਤਕ ਤਿਆਰ ਕਰਨ ਦੇ ਫੈਸਲੇ ਨੂੰ ਇੰਝ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਇਸ ਉਮਰ ਵਿੱਚ ਪਹੁੰਚ ਕੇ ਵੀ ਉਕਤ ਬੋਲੀ ਉਨ੍ਹਾਂ ਦੇ ਚੇਤਿਆਂ ਵਿੱਚੋਂ ਨਹੀਂ ਵਿਸਰੀ ਤੇ ਉਹ ਚਾਹੁੰਦੇ ਹਨ ਕਿ ਇਸ ਬੋਲੀ ਨਾਲ ਆਪਣੇ ਹਮਉਮਰ ਦੇ ਵਿਅਕਤੀਆਂ ਨੂੰ ਅਹਿਸਾਸ ਕਰਵਾਇਆ ਜਾਵੇ ਅਤੇ ਨਵੀਂ ਪੀੜ੍ਹੀ ਨੂੰ ਇਹ ਦੱਸਿਆ ਜਾਵੇ ਕਿ ਉਨ੍ਹਾਂ ਦੇ ਵੱਡ ਵਡੇਰੇ ਲਹਿੰਦੀ ਪੰਜਾਬੀ ਨੂੰ ਕਿਵੇਂ ਆਪਣੇ ਰੋਮ ਰੋਮ ਵਿੱਚ ਵਸਾ ਕੇ ਰੱਖਦੇ ਸਨ। ਭਾਵੇਂ ਇਸ ਪੁਸਤਕ ਵਿੱਚੋਂ ਸਾਡੇ ਚੌਧਰੀਆਂ ਅਤੇ ਅਖੌਤੀ ਆਲੋਚਕਾਂ ਨੂੰ ਨੁਕਸ ਕੱਢਣ ਦਾ ਮੌਕਾ ਵੀ ਮਿਲੇਗਾ ਪਰ ਮਾ. ਹਰਨਾਮ ਸਿੰਘ ਜੀ ਦਾ ਨਿਸਚਾ ਇਹੀ ਹੈ ਕਿ 1947 ਦੇ ਦਰਦ ਦੇ ਇਕ ਹਿੱਸੇ ਨੂੰ ਅਜਿਹੀ ਸ਼ਿੱਦਤ ਨਾਲ ਬਿਆਨ ਕੀਤਾ ਜਾਵੇ, ਜੋ ਪਹਿਲਾਂ ਕਿਸੇ ਨੇ ਵੀ ਕਰਨ ਦੀ ਜ਼ਰੂਰਤ ਨਾ
ਸਮਝੀ ਜਾਂ ਉਨਾਂ ਦੇ ਧਿਆਨ 'ਚ ਲਹਿੰਦੀ ਪੰਜਾਬੀ ਬਾਰੇ ਕੁਝ ਲਿਖਣ ਦਾ ਖਿਆਲ ਨਾ ਆਇਆ। ਮਾ. ਹਰਨਾਮ ਸਿੰਘ ਜੀ ਨੂੰ ਉਨਾਂ ’ਤੇ ਮਿਹਰਬਾਨ ਰੱਬ ਨੇ, ਦਰਦਾਂ ਅੰਦਰਲੀ ਦਰਦ ਨੂੰ ਮਹਿਸੂਸ ਕਰਨ ਦੀ ਅਤੇ ਅਨੇਕਾਂ ਪਰਤਾਂ ਹੇਠ ਛੁਪੀ ਸੱਚਾਈ ਨੂੰ ਲੱਭਣ ਦੀ ਜੋ ਸੂਝ ਦਿੱਤੀ ਹੈ, ਉਹ ਆਪਣੀ ਮਿਸਾਲ ਆਪ ਹੈ। ਇਸ ਲਈ ਮੈਂ ਚਾਹਾਂਗਾ ਕਿ ਇਹ 'ਸ਼ਬਦਕੋਸ਼ ਵੀ ਹਰ ਗੰਭੀਰ ਪੰਜਾਬੀ ਪ੍ਰੇਮੀ ਦੇ
ਪੁਸਤਕ ਭੰਡਾਰ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ। ਮਾਸਟਰ ਜੀ ਲਈ ਤਾਂ ਹੋਰ ਕਿਸੇ ਦੁਆ ਦੀ ਲੋੜ ਹੀ ਨਹੀਂ ਜਾਪਦੀ।

-ਗੁਰਿੰਦਰ ਸਿੰਘ ਕੋਟਕਪੂਰਾ

ਪੱਤਰਕਾਰ-ਜ਼ਿਲਾ ਇੰਚਾਰਜ 'ਸਪੋਕਸਮੈਨ

ਮੋ: 98728-10153

30-6-2019