ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ਭ)

ਵਿਕੀਸਰੋਤ ਤੋਂ
Jump to navigation Jump to search

ਬੇ ਆਬਰੂ: ਅਪਮਾਨਿਤ
ਤੁ ਕੀ ਸ਼ਰਮ ਕਾਈ ਨਹੀਂ, ਸੱਕੇ ਬੇ ਆਬਰੂ ਕਰਕੇ ਕਢੇ ਹਿਨੀ।
(ਤੈਨੂੰ ਸ਼ਰਮ ਨਹੀਂ ਹੈ, ਕੁੜਮ ਅਪਮਾਨਿਤ ਕਰਕੇ ਤੋਰੇ ਨੇ)
ਬੇਨਜ਼ੀਰ: ਬੜੇ ਹੀ ਸੁੰਦਰ
ਹੂਰਾਂ ਦੇ ਨਕਸ਼ ਤੇ ਹੁਸਨ ਬੇਨਜ਼ੀਰ ਹੋਵਨ।
(ਹੂਰਾਂ ਦੇ ਮੁਖੜੇ ਤੇ ਹੁਸਨ ਬੜੇ ਹੀ ਸੁੰਦਰ ਹੁੰਦੇ ਹਨ)
ਬੇਲੀ: ਯਾਰ ਮਿਤਰ
ਤੂ ਤੇ ਮੈਂ ਬੇਲੀ, ਅਸਾਂ ਰੱਲਮਿਲ ਬੇੜੀ ਠੇਲ੍ਹੀ।
(ਤੂੰ ਤੇ ਮੈਂ ਯਾਰ ਮਿਤਰ ਹਾਂ, ਰਲ ਮਿਲ ਬੇੜੀ ਠੇਲ ਦਿਤੀ ਹੈ)
ਬੈੜ: ਚਰਖੇ ਦੇ ਚਕਰਾਂ ਨੂੰ ਬੰਨ੍ਹਦੀ ਡੋਰੀ
ਡਾਡੀ ਚਰਖੇ ਕੂੰ ਬੈੜ ਬਨ੍ਹੀਦੀ ਬੈਠੀ ਹਾਈ।
(ਦਾਦੀ ਚਰਖੇ ਦੇ ਚਕਰਾਂ ਦੀ ਡੋਰੀ ਬੰਨੀ ਜਾਂਦੀ ਸੀ)
ਬੋਸਕੀ ਧਾਰੀਦਾਰ ਕਪੜਾ
ਪਜਾਮਾ ਬੋਸਕੀ ਦਾ ਮਾਹੀ ਦਾ ਕੱਦ ਵਧਾਵੇ।
(ਪਜਾਮਾ ਧਾਰੀਦਾਰ ਕਪੜੇ ਦਾ, ਮਾਹੀ ਦਾ ਕੱਦ ਵਧਾਵੇ)
ਬੋਝਾ: ਜੇਬ/ਗੀਝਾ
ਬੋਝਾ ਭਰ ਖਿੱਲਾਂ ਦਾ ਘਿਨਾਇਆਂ, ਰਜ ਰਜ ਖਾ ਬਚੜਾ।
(ਜੇਬ ਭਰ ਕੇ ਖਿੱਲਾਂ ਲਿਆਇਆਂ, ਰਜ ਰਜ ਖਾਉ ਬਚੂ)
ਬੋਤੀ: ਊਠਣੀ-ਕਦਾਵਰ
ਛੋਹਿਰ ਬੋਤੀ ਬਣ ਨਿਕਲਦੀ ਪਈ ਹੇ, ਕਾਈ ਫਿਕਰ ਹੇਈ।
(ਕੁੜੀ ਬੋਤੀ ਵਾਂਗ ਕਦਾਵਰ ਹੁੰਦੀ ਪਈ ਹੈ, ਕੋਈ ਚਿੰਤਾ ਹੈ)
ਬੋੜ: ਡੋਬ
ਲੱਸੀ. ਵਿਚ ਘਿਰਾਈਆਂ ਬੋੜ ਬੋੜ ਖਾ ਘਿਨਸਾਂ, ਕੇ ਝੋਰਾ ਹੇਈ।
(ਲਸੀ ਵਿਚ ਬੁਰਕੀ ਡੋਬ ਡੋਬ ਖਾ ਲਊਂ, ਕੀ ਦੁੱਖ ਕਰੇਂ)
ਬੌਰਾ: ਝੱਲਾ
ਹੁਸੀਨ ਸੂਰਤ ਡੇਖ ਲੱਟ ਬੌਰਾ ਥਿਆ ਵੱਦੈ।
(ਸੋਹਣੀ ਸੂਰਤ ਵੇਖ ਝੱਲਾ ਹੋਇਆ ਹੋਇਆ ਹੈ)

(ਭ)


ਭਉ: ਭੈ
ਭਉ ਵਿਚੂੰ ਭਾਵ ਨਿਕਲਸਿਨ, ਭਉ ਬਣਾਈ ਰੱਖ।
(ਭੈ ਵਿਚੋਂ ਭਾਵਨਾ ਨਿਕਲੂ, ਭੈ ਬਣਾਈ ਰੱਖ)
ਭਉਂ ਭੌਂ: ਚੱਕਰ
ਚਾਅ ਚਾਅ ਵਿਚ ਕਿਕਲੀ ਪੋਂਦੀ ਕੂੰ ਭਉਂ ਭੌ ਚੜ੍ਹ ਗਏ।
(ਚਾਅ ਚਾਅ ਵਿਚ ਕਿਕਲੀ ਪੌਂਦੀ ਨੂੰ ਚਕਰ ਆ ਗਏ)

ਭਊ: ਭੂਤ
ਚੁਪ ਕਰ ਵੰਞ, ਉਡੂੰ ਭਊ ਆ ਵੈਸੀ।
(ਚੁਪ ਕਰਾ ਜਾ, ਉਧਰੋਂ ਭੂਤ ਆ ਜਾਊਗਾ)
ਭਸ ਡਿਕਾਰ: ਖੱਟੇ ਡਕਾਰ
ਹਾਜ਼ਮਾਂ ਵਿਗਿੜ ਗਿਆ ਹੇ, ਭਸ-ਡਿਕਾਰ ਆਂਦੇ ਪਾਏ ਹਿਨ।
(ਹਾਜ਼ਮਾਂ ਖਰਾਬ ਹੈ, ਖੱਟੇ ਡਕਾਰ ਆ ਰਹੇ ਨੇ)
ਭਸਮ: ਸੜ ਕੇ ਸੁਆਹ
ਬਲਵਿਆਂ ਦੀਆਂ ਲੱਗੀਆਂ ਭਾਹਾਂ ਸਭੋ ਭਸਮ ਕਰ ਡਿੱਤਾ।
(ਦੰਗਿਆਂ ਵਿਚ ਲਗੀਆਂ ਅਗਾਂ ਸਭ ਸਾੜ-ਸੁਆਹ ਕਰ ਦਿੱਤਾ)
ਭੁੱਖ/ਭੁੱਖਣ: ਕੰਸ/ਤਪਣ
ਸਰੀਰ ਭੁੱਖਣ ਲਗ ਪਿਐ, ਗਰਮ-ਸਰਦ ਥੀ ਗਿਐ।
(ਸਰੀਰ ਕੰਸ ਮੰਨ ਰਿਹੈ, ਗਰਮ-ਸਰਦ ਹੋ ਗਿਆ ਹੈ)
ਭਖਾਵਣਾ/ਭਛਾਵਣਾ: ਬਾਲਣਾ/ਭੜਕਾਉਣਾ
ਭਾਹ ਨਾਮ ਭਖਾਈ ਤੇ ਸੱਸ ਮੈਂਡੇ ਪੈ ਕੂੰ ਭਖਾਵਣ/ਭਛਾਵਣ ਲਗੀ।
(ਅਗ ਨਹੀਂ ਸੀ ਬਾਲੀ ਤੇ ਸੱਸ ਮੇਰੇ ਪਤੀ ਨੂੰ ਭੜਕਾਣ ਲਗ ਪਈ)
ਭੱਛਣਾ: ਭੜਕ ਪੈਣਾ
ਨਿੱਕੀ ਨਿੱਕੀ ਲੂਤੀ ਤੇ ਮੈਂਡਾ ਪੈ ਭਛਣ ਦਾ ਆਦੀ ਹੇ।
(ਨਿੱਕੀ ਨਿੱਕੀ ਝੂਠੀ ਸ਼ਿਕੈਤ ਤੇ ਮੇਰੇ ਪਤੀ ਦੀ ਭੜਕਣ ਦੀ ਆਦਤ ਹੈ)
ਭੰਡ: ਔਰਤ/ਬਦਨਾਮ ਕਰਨਾਂ
ਭੰਡ ਤਾਂ ਖਲਕਤ ਦੀ ਜਣਨੀ ਹੈ, ਇੰਞ ਨਾ ਭੰਡੋ।
(ਔਰਤ ਤਾਂ ਜਨ ਜਨ ਦੀ ਜਨਮਦਾਤੀ ਹੈ, ਇਸ ਤਰ੍ਹਾਂ ਬਦਨਾਮ ਨਾ ਕਰੋ)
ਭੰਡੀ: ਬੇਇਜ਼ਤੀ/ਬਦਨਾਮੀ
ਇੰਞ ਭੰਡੀ ਕਰੇਸੇਂ, ਤੈਕੂੰ ਕੇ ਲਭਸੀ, ਕਮਲਾ ਆਖਸਿਨ।
(ਇਊਂ ਬੇਇਜ਼ਤੀ/ਬਦਨਾਮੀ ਕਰੇਂਗਾ, ਤੈਨੂੰ ਕੀ ਮਿਲੂ, ਕਮਲਾ ਸਦਣਗੇ)
ਭਣੇਵਾਂ: ਭਾਣਜਾ
ਮਾਸੀਆਂ-ਮਾਮੀਆਂ ਭਣੇਵੇਂ ਦੀਆਂ ਡੂਝੀਆਂ ਮਾਵਾਂ ਹੋਵਿਨ।
(ਮਾਸੀਆਂ-ਮਾਮੀਆਂ ਭਾਣਜੇ ਦੀਆਂ ਦੂਜੀਆਂ ਮਾਵਾਂ ਹੋਣ)
ਭੱਤ: ਭਾਤ
ਰੋਟੀਆਂ ਬੇਹੀਆਂ ਥੀ ਗਈਆਂ ਹਿਨ, ਸੱਟ ਨਹੀਂ, ਭੱਤ ਬਣਾ।
(ਰੋਟੀਆਂ ਬੇਹੀਆਂ ਹੋ ਗਈਆਂ ਨੇ, ਸਿਟ ਨਾ, ਭਾਤ ਬਣਾ ਦੇ)
ਭੰਨ ਤੋੜ
ਹੇ ਡੋਲਾ ਬਹੁੰ ਗੰਦਾ ਥੀ ਗਿਆ ਹੈ, ਭੰਨ ਸੱਟ।
(ਇਹ ਕੁੱਜਾ ਬੜਾ ਗੰਦਾ ਹੋ ਗਿਆ ਹੈ, ਤੋੜ ਦੇ)
ਭਰਾਈ: ਭਰਾਵਾਂ ਵਾਲੀ
ਹੇ ਬਾਲੜੀ ਭਾਗਾਂ ਆਲੀ ਹੇ, ਸਤ ਭਰਾਈ ਥੀਸੀ।
(ਇਹ ਬਚੀ ਭਾਗਾਂ ਵਾਲੀ ਹੈ, ਸਤਾਂ ਭਰਾਵਾਂ ਦੀ ਭੈਣ ਹੋਊ)

ਭਰੀਚੇ: ਭਰ ਜਾਵੇ
ਘੜਾ ਭਰੀਚੇ ਤਾਂ ਸਹੀ, ਚਾ ਚਾ ਕਰੀਂਦਾ ਖੜੈਂ।
(ਘੜਾ ਭਰੇ ਤਾਂ ਸਹੀ, ਚੁੱਕ ਚੁੱਕ ਕਹੀ ਜਾਂਦਾ ਹੈਂ)
ਭੰਵ ਗਿਆ/ਭੌਂ ਗਿਆ: ਘੁੰਮ ਗਿਆ
ਸਿਰ ਦੀ ਸੱਟ ਨਾਲ ਉਹ ਕਾ ਭੇਜਾ ਭੰਵ/ਭੌ ਗਿਆ ਹੇ।
(ਸਿਰ ਦੀ ਸੱਟ ਨਾਲ ਉਹਦਾ ਦਿਮਾਗ ਘੁੰਮ ਗਿਆ ਹੈ)
ਭੜ ਭੂਜਾ: ਦਾਣੇ ਭੁੰਨਣ ਵਾਲਾ
ਭੜਭੂੰਜੇ ਹੁਣ ਤਾਂਈ ਭਠੀ ਬਾਲ ਡਿਤੀ ਹੋਸੀ।
(ਦਾਣੇ ਭੁੰਨਣ ਵਾਲੇ ਨੇ ਹੁਣ ਤਕ ਭਠੀ ਬਾਲ ਲਈ ਹੋਊ)
ਭੜੋਲਾ/ਭੜੋਲੀ: ਮਿੱਟੀ ਦੇ ਢੋਲ/ਢੋਲੀਆਂ
ਢਿਗ ਫਸਲ ਥਈ ਹੇ, ਸਭੋ ਭੜੋਲੇ-ਭੜੋਲੀਆਂ ਭਰ ਵੈਸਿਨ।
(ਬਹੁਤ ਫਸਲ ਹੋਈ ਹੈ, ਸਭ ਮਿੱਟੀ ਦੇ ਢੋਲ-ਢੋਲੀਆਂ ਭਰ ਜਾਣਗੇ)
ਭਾਉ: ਪਿਆਰ/ਭਾਵਨਾ/ਮੋਹ
ਭਗਤੀ ਦਾ ਭਾਓ ਬੰਦੇ ਕੂੰ ਹੰਕਾਰ ਚੂੰ ਕਢ ਸਕਨੈ।
(ਭਗਤੀ ਦਾ ਪਿਆਰ/ਭਾਵਨਾ ਮੋਹ, ਬੰਦੇ ਨੂੰ ਹੰਕਾਰ ਵਿਚੋਂ ਕਢ ਸਕਦਾ ਹੈ)
ਭਾਅ/ਭਾ: ਮੁਲ
ਭਾਅ/ਭਾ ਡਸੇਸੇਂ ਤਾਂ ਮੈਂ ਡੇਖਸਾਂ, ਘਿੰਨਾ ਕੇ ਨਾ।
(ਮੁੱਲ ਦਸੋਗੇ ਤਾਂ ਮੈਂ ਵੇਖੂੰ, ਖ੍ਰੀਦਾਂ ਕਿ ਨਹੀਂ)
ਭਾਈ ਜੀ/ਭਾਈਆ ਜੀ: ਗ੍ਰੰਥੀ/ਜੀਜਾ/ਜੇਠ/ਭਰਾ ਜੀ
ਭਾਈ ਜੀ/ਭਾਈਆ ਜੀ, ਵੰਞੋ ਭਾਈ ਜੀ ਸੱਡ ਘਿਨਾਵੋ।
(ਵੀਰ ਜੀ/ਜੀਜਾ ਜੀ/ਜੇਠ ਜੀ ਜਾਓ, ਗ੍ਰੰਥੀ ਬੁਲਾ ਲਿਆਉ)
ਭਾਹ: ਅੱਗ
ਡੇਖੋ ਭਾਹ ਭੱਖ ਪਈ ਹੇ, ਬਾਲਣ ਘਤੋ, ਬੁਝ ਨਾ ਵੰਞੇਂ।
(ਵੇਖੋ, ਅੱਗ ਬਲ ਪਈ ਹੈ, ਬਾਲਣ ਪਾਓ, ਕਿਤੇ ਬੁਝੇ ਨਾ ਜਾਏ)
ਭਾਖਿਆ: ਬੋਲੀ
ਏਡਾ ਜਹਾਨ ਹੇ ਤੇ ਭਾਖਿਆ ਭਾਉ ਅਪਾਰ ਹਿਨ।
(ਏਡਾ ਸੰਸਾਰ ਹੈ, ਬੋਲੀਆਂ ਤੇ ਭਾਵਨਾਵਾਂ ਬੇਅੰਤ ਨੇ)
ਭਾਗਵਾਨ: ਭਾਗਾਂ ਵਾਲੀਏ (ਪਤਨੀ ਲਈ)
ਭਾਗਵਾਨੇ, ਹਰ ਵੇਲੇ ਭੁੱਖ ਨਾ ਡਿਖਾਇਆ ਕਰ।
(ਭਾਗਾਂ ਵਾਲੀਏ, ਹਰ ਵੇਲੇ ਤਮੰਨਾ ਨਾ ਦਿਖਾਈ ਜਾ)
ਭਾਜਾ: ਭੱਜ ਕੇ ਆ ਜਾ
ਭਾਜਾ ਜੁਲੂੰ, ਢਿੱਲ ਕਰੇਸੂੰ ਤਾਂ ਪਿਛਾ ਰਹਿ ਵੈਸੂੰ।
(ਭਜ ਕੇ ਆਜਾ, ਚਲੀਏ, ਦੇਰ ਹੋਈ ਤਾਂ ਪਿਛੇ ਰਹਿ ਜਾਵਾਂਗੇ)
ਭਾਜੀ/ਵੱਡੀ ਭਾਜੀ: ਵਿਆਹ ਦੀ ਮਿਠਾਈ/ਸਬਜ਼ੀ/ਮੀਟ
ਭਾਭੀ, ਮਾਸੜ ਭਾਜੀ ਡੇਵਣ ਆਏ, ਭਾਜੀ ਚਾੜ੍ਹੀ ਕਿ ਵੱਡੀ ਭਾਜੀ।
(ਅੰਮਾਂ, ਮਾਸੜ ਵਿਆਹ ਦੀ ਮਿਠਾਈ ਦੇਣ ਆਇਐ, ਸਬਜ਼ੀ ਧਰਾਂ ਕਿ ਮੀਟ)


ਭਾਂਡਾ ਛੇਕਣਾ: ਵਰਤਣਾ ਛੱਡਣਾ
ਭੈੜੇ ਟੱਬਰ ਨਵ-ਜਨਮੀ ਦਾ ਘਾਤ ਕੀਤੈ। ਭਾਂਡਾ ਛੇਕੋ।
(ਮਾੜੇ ਟੱਬਰ ਨਵਜੰਮੀ ਨੂੰ ਮਾਰਿਐ, ਵਰਤਣਾ ਛੱਡ ਦਿਉ)
ਭਾਣ ਭੱਜੀ: ਬੇੜਾ ਬੈਠੀ
ਭਾਣ ਭੱਜੀ, ਪਿਊ ਤੇ ਹੱਥ ਚੈਂਦੇ ਕੂੰ ਲਜ ਨਾ ਆਈ।
(ਬੇੜਾ ਬੈਠੀ, ਪਿਉ ਤੇ ਹੱਥ ਚੁਕਦੇ ਨੂੰ ਸ਼ਰਮ ਨਾ ਆਈ)
ਭਾਦਰੂੰ/ਭਦਰੂ: ਭਾਦੋਂ-ਦੇਖੋ 'ਬਦਰੂੰ'
ਭਾਨਮਤੀ: ਤਮਾਸ਼ਾਗੀਰ
ਕਿਡਾਹੂੰ ਇੱਟ ਕਿਡਾਹੂੰ ਰੋੜਾ, ਇਹੀਐ ਭਾਨਮਤੀ ਦਾ ਕੁਨਬਾ।
(ਕਿਤੋਂ ਇੱਟ, ਕਿਧਰੋਂ ਰੋੜਾ, ਤਮਾਸ਼ਗੀਰ ਦਾ ਇਹੀ ਲਾਣਾ ਹੈ)
ਭਾਂਪ ਬੁੱਝ
ਮੈਂ ਭਾਂਪ ਘਿਧੈ, ਚੁਗਲੀ ਤੁੱਧ ਕੀਤੀ ਹੋਸੀ।
(ਮੈਂ ਬੁੱਝ ਲਿਆ ਹੈ, ਚੁਗਲੀ ਤੂੰ ਕੀਤੀ ਹੋਵੇਗੀ)
ਭਾਮੇ: ਭਾਵੇਂ
ਭਾਮੇ ਕੁਝ ਆਖੀ ਵੰਞ, ਤੈਂ ਕਾ ਝੂਠ ਸਾਹਮਣੇ ਥੀ ਗਿਐ।
(ਭਾਵੇਂ ਕੁਝ ਆਖੀ ਜਾ, ਤੇਰਾ ਝੂਠ ਸਾਹਮਣੇ ਆ ਗਿਆ ਹੈ)
ਭਾਵੀ ਹੋਣੀ
ਕਾਈ ਭਾਵੀ ਦਾ ਫੇਰ ਹੈ, ਖਲਕਤ ਤ੍ਰਾਹੀ ਤ੍ਰਾਹੀ ਕਰੀਂਦੀ ਪਈ ਹੇ।
(ਕੋਈ ਹੋਣੀ ਦਾ ਚਕਰ ਹੈ, ਲੋਕਾਂ ਵਿਚ ਹਾ ਹਾ ਕਾਰ ਮਚੀ ਹੋਈ ਹੈ)
ਭਾੜਾ: ਹਿੱਸਾ
ਭਠਿਆਰਣ ਆਪਣਾ ਭਾੜਾ ਪਹਿਲੂੰ ਕਢ ਘਿਨਦੀ ਹੇ।
(ਭੱਠੀ ਵਾਲੀ ਆਪਣਾ ਹਿੱਸਾ ਪਹਿਲੋਂ ਹੀ ਕਢ ਲੈਂਦੀ ਹੈ)
ਭਿੱਛਿਆ: ਭੀਖ
ਬਿਆ ਕੌਣ, ਫਕੀਰ ਹੋਸੀ, ਭਿੱਛਿਆ ਮੰਗਦੈ। ਪਾ ਡੇਵਿਸ।
(ਹੋਰ ਕੌਣ, ਫਕੀਰ ਹੋਉ, ਭੀਖ ਮੰਗਦੈ। ਪਾ ਦੇ)
ਭਿੱੱਟ: ਛੂਤ ਮੰਨਣੀ
ਭੰਗੀਆਂ ਤੂੰ ਕੰਮ ਤਾਂ ਕਰੈਂਦੇਨ, ਨਾਲ ਲਗਵੰਞੇ ਤਾਂ ਭਿੱਟ ਵੈਂਦੇਨ।
(ਸਫਾਈ ਵਾਲੇ ਤੋਂ ਕੰਮ ਤਾਂ ਕਰਾਉਂਦੇ ਨੇ, ਛੂਹ ਜਾਵੇ ਤਾਂ ਛੂਤ ਮੰਨਦੇ ਨੇ)
ਭਿੱਤ: ਬੂਹੇ ਦੇ ਪੱਲੇ
ਹਰ ਵੇਲੇ ਭਿੱਤ ਭੇੜੀ ਰਖਨੈ, ਕਈ ਚੋਰ ਪੈ ਪੂੰਦੇਨ।
(ਹਰ ਵੇਲੇ ਪੱਲੇ ਭੇੜੀ ਰੱਖਦੈ, ਕੋਈ ਚੋਰ ਲਗਦੇ ਪਏ ਨੇ)
ਭਿੰਨਾ/ਰਸ ਭਿੰਨਾ: ਸਰੋਦੀ/ਰਸਦਾਇਕ
ਰਸ ਭਿੰਨਾ ਗਾਵਣ ਸੁਣ ਕੇ ਰੂਹ ਨਿਹਾਲ ਥੀ ਗਈ।
(ਸਰੋਦੀ/ਰਸਦਾਇਕ ਗੀਤ ਸੁਣ ਕੇ ਰੂਹ ਨਿਹਾਲ ਹੋ ਗਈ)
ਭਿਰਾ: ਭਰਾ
ਭਿਰਾ ਭਿਰਾ ਹੋ, ਹਿੱਕੋ ਰੱਤ ਹੇ, ਕਿਉਂ ਭਿੜਦੇ ਹੋ।
(ਭਰਾ ਭਰਾ ਹੋ, ਇੱਕੋ ਖੂਨ ਹੈ, ਕਾਹਤੋਂ ਲੜਦੇ ਹੋ)


ਭਿੜਨਾ: ਝਗੜਾ ਕਰਨਾ
ਹਰ ਵੇਲੇ ਭਿੜਦੀ ਰਾਂਧੀ ਹੇ, ਕਡਾਹੀਂ ਤਾਂ ਮੋਹ ਨਾਲ ਬੋਲੇ।
(ਹਰ ਵੇਲੇ ਝਗੜਦੀ ਰਹਿੰਦੀ ਹੈ, ਕਦੇ ਤਾਂ ਮੋਹ ਨਾਲ ਬੋਲੇ)
ਭੀਚ: ਬੰਦ ਕਰ
ਸੀ ਨਾ ਕਰ ਹੋਂਠ ਭੀਚ ਚਾ, ਆਪੂੰ ਸ਼ਰਮ ਆਵਸਿਸ।
(ਸੀ ਨਾ ਕਰ, ਹੋਂਟ ਬੰਦ ਕਰ ਲੈ, ਆਪੇ ਸ਼ਰਮ ਆਵੇਗੀਸ)
ਭਿਡਵਾਲ: ਭੇਡਾਂ ਪਾਲਣ ਵਾਲੇ
ਪਹਾਰੂ ਪਾਲਣ ਦੇ ਕੰਮ ਚੂੰ, ਭਿਡਵਾਲੀ ਸਭੋ ਕੋਲੂੰ ਸੌਖੀ ਹੇ।
(ਡੰਗਰ ਪਾਲਣ ਵਿਚੋਂ, ਭੇਡਾਂ ਪਾਲਣ ਦਾ ਕੰਮ ਸਭ ਤੋਂ ਸੌਖਾ ਹੈ)
ਭੁਆ ਕੇ: ਮੋੜ ਕੇ
ਗਾਲ੍ਹੀਂ ਕੂੰ ਭੁਆ ਕੇ ਡੋੜੀਆਂ ਗਾਲ੍ਹੀਂ ਮਿਲਸਿਨ।
(ਗਾਲਾਂ ਨੂੰ ਮੋੜ ਕੇ ਦੁਗਣੀਆਂ ਗਾਲਾਂ ਮਿਲਣਗੀਆਂ)
ਭੂਸ ਆਦਤ
ਅਵਾਰਾ ਫੰਡਰ ਤੂੰ ਹਿਸੇ ਖੁਰਲੀ ਤੇ ਮੂੰਹ ਮਾਰਨ ਦਾ ਭੁੱਸ ਹੇ।
(ਅਵਾਰਾ ਫੰਡਰ ਨੂੰ ਏਸੇ ਖੁਰਲੀ ਤੇ ਮੂੰਹ ਮਾਰਨ ਦੀ ਆਦਤ ਹੈ)
ਭੁਜ: ਮੱਚ
ਮੰਦਾ ਕੀਤੋਸ। ਜੇ ਮਿਹਣਾ ਮਿਲਿਆ ਤਾਂ ਭੁਜ ਗਈ।
(ਮੰਦਾ ਕੀਤਾ ਹੈ। ਜੇ ਮਿਹਣਾ ਮਿਲਿਆ ਤਾਂ ਮੱਚ ਗਈ)
ਭੁਜੰਗ/ਭੁਜੰਗੀ: ਸਰਪ/ਫੁਰਤੀਲਾ ਪੁੱਤਰ
ਸਿੰਘਾਂ ਦੇ ਭੁਜੰਗੀ ਦਲੇਰ ਨੇ, ਭੁਜੰਗਾਂ ਤੂੰ ਕੇ ਡਰਸਿਨ।
(ਸਿੰਘਾਂ ਦੇ ਫੁਰਤੀਲੇ ਪੁੱਤਰ ਬਹਾਦਰ ਹਨ, ਸਰਪਾਂ ਤੋਂ ਕੀ ਡਰਨਗੇ।)
ਭੁੱਬਲ ਕੇਰੀ
ਹੱਜੇ ਜੇ ਭੁੱਬਲ ਤੱਤੀ ਹੇ, ਹਥਾਂ ਨਾਲ ਨਹੀਂ ਫੌੜ੍ਹੀ ਨਾਲ ਮੇਲ।
(ਅਜੇ ਇਹ ਕੇਰੀ ਗਰਮ ਹੈ, ਹੱਥਾਂ ਨਾਲ ਨਹੀਂ ਫਹੁੜੀ ਨਾਲ ਹੂੰਝ)
ਭੁਰਨਾ: ਖੁਰਨਾ
ਪੁਰਾਣੀਆਂ ਕੰਧਾਂ ਹਿਨ, ਹੇਠੂੰ ਭੁਰਨ ਲਗੀਆਂ ਹਿਨ।
(ਪੁਰਾਣੀਆਂ ਕੰਧਾਂ ਨੇ, ਹੇਠੋਂ ਖੁਰਨ ਲਗੀਆਂ ਹਨ)
ਭੁਲ ਵੈਸਿਨ: ਭੁਲ ਜਾਣਗੇ
ਰਕਮਾਂ ਲਿੱਖ ਕੇ ਰੱਖ ਛੋੜ, ਨਹੀਂ ਤਾਂ ਭੁਲ ਵੈਸਿਨ।
(ਰਕਮਾਂ ਲਿਖ ਕੇ ਰੱਖ ਛੱਡ, ਨਹੀਂ ਤਾਂ ਭੁਲ ਜਾਣਗੀਆਂ)
ਭੂੰ/ਭੂਸਾ: ਤੂੜੀ
ਕੋਠਾ ਭੂੰ/ਭੂਸੇ ਦਾ ਭਰ ਰਖਿਅਮ, ਸਿਆਲ ਲੰਘ ਵੈਸੀ।
(ਕੋਠਾ ਤੂੜੀ ਦਾ ਮੈਂ ਭਰ ਛੱਡਿਆ ਹੈ, ਸਿਆਲ ਲੰਘ ਜਾਉ)
ਭੂਕਾਂ: ਗੰਢਿਆਂ ਦੇ ਪੱਤੇ
ਭੂਕਾਂ ਸਣੇ ਹਰੇ ਗੰਢੇ ਹਿਨ, ਚਟਣੀ ਦੇ ਕੰਮ ਆਸਿਨ।
(ਪੱਤਿਆਂ ਸਮੇਤ ਹਰੇ ਗੰਢੇ ਨੇ, ਚਟਣੀ ਦੇ ਕੰਮ ਆਣਗੇ)

ਭੂਤਨਾ/ਭੂਤਨੀ: ਡਰਾਉਣੀਆਂ ਸੂਰਤਾਂ
ਧਾਂਦੇ ਧੂੰਦੇ ਹਿਨ ਕਾਈ ਨਾ, ਭੂਤਨੇ ਬਣੇ ਰਾਂਧੇਨ।
(ਨਹਾਂਦੇ ਨਹੂੰਦੇ ਹੈਨ ਨਹੀਂ, ਡਰਾਉਣੀਆਂ ਸੂਰਤਾਂ ਬਣੇ ਰਹਿੰਦੇ ਨੇ)
ਭੂਮੀਆਂ: ਧਰਤੀ ਦਾ ਵਾਸੀ (ਸੱਪ)/ਜ਼ਿੰਮੀਦਾਰ
ਭੂਮੀਆਂ ਸਾਰੀਆਂ ਤੂੰ ਕੰਮ ਘਿਨਦੈ ਜਿਹੜੇ ਭੂਮੀਆਂ ਦੀਆਂ ਸਿਰੀਆਂ ਨੱਪਣ।
(ਜ਼ਿੰਮੀਦਾਰ ਸੀਰੀਆਂ ਤੋਂ ਕੰਮ ਲੈਂਦੈ ਜੋ ਸਪਾਂ ਦੇ ਸਿਰ ਮਿਧਣ)
ਭੂਰ: ਫੁਹਾਰ-ਦੇਖੋ ਫੂਰ
ਭੇਖ: ਪਖੰਡੀ ਵੇਸ:
ਸਾਧਾਂ ਸੰਤਾਂ ਦੇ ਭੇਖ ਕਰਕੇ ਬਹੂੰ ਪਾਪ ਪਏ ਕਰੀਂਦੇਨ।
(ਸਾਧਾਂ ਸੰਤਾਂ ਦੇ ਪਖੰਡੀ ਵੇਸ ਕਰਕੇ ਬੜੇ ਪਾਪ ਕਰ ਰਹੇ ਨੇ)
ਭੇਟਾ ਚੜ੍ਹਾਵਾ
ਸ਼ਰਧਾਲੂਆਂ ਦੀਆਂ ਭੇਟਾਵਾਂ ਕਿਤੇ ਇੰਞੇ ਪੱਚਦੀਆਂ ਨੇ।
(ਸ਼ਰਧਾਲੂਆਂ ਦੇ ਚੜ੍ਹਾਵੇ ਕਿਤੇ ਐਵੇਂ ਪਚ ਜਾਂਦੇ ਨੇ)
ਭੋਛਣੀ: ਚੁੰਨੀ
ਕੇਹੀ ਹਨੇਰੀ ਚਲੀ ਹੇ, ਭੋਛਣੀਆਂ ਲਾਂਹਦੀਆਂ ਤੇ ਬੇਪੱਤ ਹੋਵਨ ਪਈਆਂ।
(ਕੈਸੀ ਹਨੇਰੀ ਚਲੀ ਹੈ, ਚੁੰਨੀਆਂ ਲਹਿੰਦੀਆਂ ਤੇ ਬੇਪਤ ਹੋ ਰਹੀਆਂ ਹਨ)
ਭੋਜ/ਭਵਜਲ: ਸੰਸਾਰੀ ਜੀਵਨ ਦਾ ਸਾਗਰ
ਧਰਮੀ ਬੰਦੇ ਭੋਜਨ/ਭਵਜਲ ਤੂੰ ਪਾਰ ਥੀਵਣ ਦੇ ਆਹਰ ਵਿਚ ਹਿਨ।
(ਧਰਮੀ ਬੰਦੇ ਸੰਸਾਰੀ ਜੀਵਨ ਸਾਗਰੋਂ ਪਾਰ ਹੋਣ ਦੇ ਯਤਨ ਵਿਚ ਹਨ)
ਭੋਥਾ: ਚਾਦਰਾ
ਸਰਕਾਰੂੰ ਅੰਨ ਮਿਲੇ ਜਾਂ ਤੇਲ, ਭੋਥੇ 'ਚ ਪਵਾ ਘਿਨੂੰ।
(ਸਰਕਾਰੋਂ ਅੰਨ ਮਿਲੇ ਜਾਂ ਤੇਲ, ਚਾਦਰੇ ਵਿਚ ਪਵਾ ਲਈਏ)
ਭੋਰ: ਚੂਰਾ
ਰੋਟੀਆਂ ਭੋਰ ਭੋਰ ਕੇ ਅੰਮਾਂ ਚਿੜੀਆਂ ਕੂੰ ਘੱਤੇ।
(ਰੋਟੀਆਂ ਚੂਰਾ ਕਰਕੇ ਬੇਬੇ ਚਿੜੀਆਂ ਨੂੰ ਪਾਵੇ)
ਭੋਲ ਭੰਨੇ: ਭੋਲੇ ਭਾ
ਨਿੱਕੇ ਨਿਆਣੇ ਭੋਲ ਭੰਨੇ ਸਾਰੀ ਗਲ ਕਢ ਡੀਂਦੇ ਹਿਨ।
(ਨਿਕੇ ਨਿਆਣੇ ਭੋਲੇ ਭਾਅ ਹੀ ਸਾਰਾ ਭੇਦ ਕਢ ਦੇਵਣ)
ਭੌ:ਚਕਰ-ਦੇਖੋ "ਭਉਂ"
ਭੌਂ ਕੇ: ਮੁੜਕੇ
ਹਿੱਕ ਵਾਰੀ ਜਗੋਂ ਗਿਆ, ਭੌਂ ਕੇ ਨਹੀਂ ਵੱਲਿਆ।
(ਇੱਕ ਵਾਰੀ ਸੰਸਾਰੋਂ ਗਿਆ, ਮੁੜ ਕੇ ਵਾਪਸ ਨਹੀਂ ਆਇਆ)

(ਮ)


ਮਊ: ਹੇ ਮਾਂ
ਮਊ, ਡਸੀ ਵੰਞ, ਮੈਕੁੰ ਛੋੜ ਕਿੱਡੇ ਜੁਲੀ ਹੇ।
(ਹੇ ਮਾਂ, ਦਸਦੀ ਜਾ, ਮੈਨੂੰ ਛੱਡ ਕਿਥੇ ਚਲੀ ਹੈਂ)