ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ਮ)

ਵਿਕੀਸਰੋਤ ਤੋਂ
Jump to navigation Jump to search

ਭੂਤਨਾ/ਭੂਤਨੀ: ਡਰਾਉਣੀਆਂ ਸੂਰਤਾਂ
ਧਾਂਦੇ ਧੂੰਦੇ ਹਿਨ ਕਾਈ ਨਾ, ਭੂਤਨੇ ਬਣੇ ਰਾਂਧੇਨ।
(ਨਹਾਂਦੇ ਨਹੂੰਦੇ ਹੈਨ ਨਹੀਂ, ਡਰਾਉਣੀਆਂ ਸੂਰਤਾਂ ਬਣੇ ਰਹਿੰਦੇ ਨੇ)
ਭੂਮੀਆਂ: ਧਰਤੀ ਦਾ ਵਾਸੀ (ਸੱਪ)/ਜ਼ਿੰਮੀਦਾਰ
ਭੂਮੀਆਂ ਸਾਰੀਆਂ ਤੂੰ ਕੰਮ ਘਿਨਦੈ ਜਿਹੜੇ ਭੂਮੀਆਂ ਦੀਆਂ ਸਿਰੀਆਂ ਨੱਪਣ।
(ਜ਼ਿੰਮੀਦਾਰ ਸੀਰੀਆਂ ਤੋਂ ਕੰਮ ਲੈਂਦੈ ਜੋ ਸਪਾਂ ਦੇ ਸਿਰ ਮਿਧਣ)
ਭੂਰ: ਫੁਹਾਰ-ਦੇਖੋ ਫੂਰ
ਭੇਖ: ਪਖੰਡੀ ਵੇਸ:
ਸਾਧਾਂ ਸੰਤਾਂ ਦੇ ਭੇਖ ਕਰਕੇ ਬਹੂੰ ਪਾਪ ਪਏ ਕਰੀਂਦੇਨ।
(ਸਾਧਾਂ ਸੰਤਾਂ ਦੇ ਪਖੰਡੀ ਵੇਸ ਕਰਕੇ ਬੜੇ ਪਾਪ ਕਰ ਰਹੇ ਨੇ)
ਭੇਟਾ ਚੜ੍ਹਾਵਾ
ਸ਼ਰਧਾਲੂਆਂ ਦੀਆਂ ਭੇਟਾਵਾਂ ਕਿਤੇ ਇੰਞੇ ਪੱਚਦੀਆਂ ਨੇ।
(ਸ਼ਰਧਾਲੂਆਂ ਦੇ ਚੜ੍ਹਾਵੇ ਕਿਤੇ ਐਵੇਂ ਪਚ ਜਾਂਦੇ ਨੇ)
ਭੋਛਣੀ: ਚੁੰਨੀ
ਕੇਹੀ ਹਨੇਰੀ ਚਲੀ ਹੇ, ਭੋਛਣੀਆਂ ਲਾਂਹਦੀਆਂ ਤੇ ਬੇਪੱਤ ਹੋਵਨ ਪਈਆਂ।
(ਕੈਸੀ ਹਨੇਰੀ ਚਲੀ ਹੈ, ਚੁੰਨੀਆਂ ਲਹਿੰਦੀਆਂ ਤੇ ਬੇਪਤ ਹੋ ਰਹੀਆਂ ਹਨ)
ਭੋਜ/ਭਵਜਲ: ਸੰਸਾਰੀ ਜੀਵਨ ਦਾ ਸਾਗਰ
ਧਰਮੀ ਬੰਦੇ ਭੋਜਨ/ਭਵਜਲ ਤੂੰ ਪਾਰ ਥੀਵਣ ਦੇ ਆਹਰ ਵਿਚ ਹਿਨ।
(ਧਰਮੀ ਬੰਦੇ ਸੰਸਾਰੀ ਜੀਵਨ ਸਾਗਰੋਂ ਪਾਰ ਹੋਣ ਦੇ ਯਤਨ ਵਿਚ ਹਨ)
ਭੋਥਾ: ਚਾਦਰਾ
ਸਰਕਾਰੂੰ ਅੰਨ ਮਿਲੇ ਜਾਂ ਤੇਲ, ਭੋਥੇ 'ਚ ਪਵਾ ਘਿਨੂੰ।
(ਸਰਕਾਰੋਂ ਅੰਨ ਮਿਲੇ ਜਾਂ ਤੇਲ, ਚਾਦਰੇ ਵਿਚ ਪਵਾ ਲਈਏ)
ਭੋਰ: ਚੂਰਾ
ਰੋਟੀਆਂ ਭੋਰ ਭੋਰ ਕੇ ਅੰਮਾਂ ਚਿੜੀਆਂ ਕੂੰ ਘੱਤੇ।
(ਰੋਟੀਆਂ ਚੂਰਾ ਕਰਕੇ ਬੇਬੇ ਚਿੜੀਆਂ ਨੂੰ ਪਾਵੇ)
ਭੋਲ ਭੰਨੇ: ਭੋਲੇ ਭਾ
ਨਿੱਕੇ ਨਿਆਣੇ ਭੋਲ ਭੰਨੇ ਸਾਰੀ ਗਲ ਕਢ ਡੀਂਦੇ ਹਿਨ।
(ਨਿਕੇ ਨਿਆਣੇ ਭੋਲੇ ਭਾਅ ਹੀ ਸਾਰਾ ਭੇਦ ਕਢ ਦੇਵਣ)
ਭੌ:ਚਕਰ-ਦੇਖੋ "ਭਉਂ"
ਭੌਂ ਕੇ: ਮੁੜਕੇ
ਹਿੱਕ ਵਾਰੀ ਜਗੋਂ ਗਿਆ, ਭੌਂ ਕੇ ਨਹੀਂ ਵੱਲਿਆ।
(ਇੱਕ ਵਾਰੀ ਸੰਸਾਰੋਂ ਗਿਆ, ਮੁੜ ਕੇ ਵਾਪਸ ਨਹੀਂ ਆਇਆ)

(ਮ)


ਮਊ: ਹੇ ਮਾਂ
ਮਊ, ਡਸੀ ਵੰਞ, ਮੈਕੁੰ ਛੋੜ ਕਿੱਡੇ ਜੁਲੀ ਹੇ।
(ਹੇ ਮਾਂ, ਦਸਦੀ ਜਾ, ਮੈਨੂੰ ਛੱਡ ਕਿਥੇ ਚਲੀ ਹੈਂ)

ਮਈਅਤ ਮੁਰਦਾ ਦੇਹੀ।ਮ੍ਰਿਤਕ
ਜ਼ਾਲ ਤਾਂ ਮਈਅਤ ਕੂੰ ਵਿਲ੍ਹੜ ਵਿਲ੍ਹੜ ਪਵੇ;, ਮਸਾਂ ਪਰਾਂ ਕੀਤੀ।
(ਪਤਨੀ ਤਾਂ ਮ੍ਰਿਤਕ ਨੂੰ ਚਿੰਬੜਦੀ ਰਹੀ, ਮਸਾਂ ਹਟਾਈ)
ਮਸ/ਸ਼ਾਹੀ: ਸਿਆਹੀ/ਲਗਨ
ਮਸ ਨਾਲ ਲਿਖ ਸੰਗਦੈ ਕਿ ਉਸ ਕੂੰ ਗਾਵਣ ਦਾ ਮਸ ਹੇ।
(ਸਿਆਹੀ ਨਾਲ ਲਿਖ ਸਕਦਾ ਹੈ ਕਿ ਉਸ ਨੂੰ ਗਾਉਣ ਦੀ ਲਗਨ ਹੈ)
ਮਸ਼ਕ/ਮਾਸ਼ਕੀ ਅਭਿਆਸ/ਬੋਕਾ/ਬੋਕੇ ਨਾਲ ਪਾਣੀ ਢੋਣ ਵਾਲਾ
ਮਸ਼ਕ ਨਾਲ ਮਾਸ਼ਕੀ ਦਾ ਛੁਹਰ ਭਾਰੀ ਮੁਸ਼ਕ ਚਾਣ ਲਗ ਪਿਐ।
(ਅਭਿਆਸ ਨਾਲ ਮਾਸ਼ਕੀ ਦਾ ਮੁੰਡਾ ਭਾਰੀ ਬੋਕਾ ਚੁਕਣ ਲਗਾ ਹੈ)
ਮਸਕੀਨ: ਸਨਿੰਮਰ
ਸਿਖਾਂਦਰੂ ਕੂੰ ਮਸਕੀਨ ਵਿਹਾਰ ਰਖਣਾ ਬਣਦੈ।
(ਸਿਖਾਂਦਰੂ ਨੂੰ ਸਨਿਮਰ ਵਿਹਾਰ ਰਖਣਾ ਠੀਕ ਹੁੰਦਾ ਹੈ)
ਮਸ਼ਕਰੀ: ਮਖੌਲ
ਭਾਈਆ ਜੀ, ਛੋਟੀ ਸਾਲੀ ਨਾਲ ਮਿੱਠੀ ਮਸ਼ਕਰੀ ਕਰਦੈ।
(ਜੀਜਾ ਜੀ, ਛੋਟੀ ਸਾਲੀ ਨਾਲ ਮਿੱਠੇ ਮਖੌਲ ਕਰਦੇ ਨੇ)
ਮਸ਼ਕੂਕ; ਸ਼ੱਕੀ
ਵਾਰਦਾਤ ਦੇ ਸਾਰੇ ਮਸ਼ਕੂਕ ਹਿਰਾਸਤ ਵਿਚ ਹਿਨ।
(ਘਟਨਾਂ ਦੇ ਸਾਰੇ ਸ਼ੱਕੀ ਪਕੜੇ ਹੋਏ ਹਨ)
ਮਸ਼ਕੂਰ: ਸ਼ੁਕਰਗੁਜ਼ਾਰ/ਧੰਨਵਾਦੀ
ਡਾਢੇ ਵੇਲੇ ਤੇ ਆਣ ਪਕਰੇ ਹੋ, ਮਸ਼ਕੂਰ ਹਾਂਏਂ।
(ਬੜੇ ਵੇਲੇ ਤੇ ਆ ਸਹਾਈ ਹੋਏ ਹੋ, ਸ਼ੁਕਰਗੁਜ਼ਾਰ ਹਾਂ)
ਮਸਤੋਰਾ: ਸੁਣਨੋਂ ਲਾਪਰਵਾਹ
ਤੂ ਡੋਰਾ ਨਹੀਂ ਮਸਤੋਰਾ ਹੈਂ, ਆਖਿਆ ਕੰਨ ਨਹੀਂ ਧਰਦਾ।
(ਤੂੰ ਬੋਲਾ ਨਹੀਂ, ਸੁਣਨੋਂ ਲਾਪਰਵਾਹ ਹੈ, ਆਖੇ ਨੂੰ ਗੌਲਦਾ ਹੀ ਨਹੀਂ)
ਮਸ਼ਕੂਲਾ/ਮਸ਼ਗੂਲਾ: ਦਿਲ ਲਗੀਆਂ
ਯਾਰ ਮਿਲੇ ਹਿਨ। ਰਾਤ ਭਰ ਮਸ਼ਕੂਲੇ/ਮਸ਼ਗੂਲੇ ਕਰੇਸਿਨ।
(ਮਿੱਤਰ ਮਿਲੇ ਨੇ। ਰਾਤ ਭਰ ਦਿਲ ਲਗੀਆਂ ਕਰਨਗੇ)
ਮਸਨੂਈ: ਬਨਾਵਟੀ
ਮਸਨੂਈ ਮੁਸਕਾਨ ਤੇ ਨਾ ਵੰਞ, ਢਿਢੂੰ ਖੋਟ ਹੈ।
(ਬਨਾਵਟੀ ਮੁਸਕਣੀ ਤੇ ਨਾਂ ਜਾ, ਢਿੱਡੋਂ ਖੋਟ ਹੈ)
ਮਸਰੂਫ਼ ਰੁੱਝਾ ਹੋਇਆ
ਬਹੂੰ ਮਸਰੂਫ ਰਾਂਧੇ ਹੋ, ਕੇ ਕਰੀਂਦੇ ਵੱਦੇ ਹੋ।
(ਬੜੇ ਰੁੱਝੇ ਰਹਿੰਦੇ ਹੋ, ਕੀ ਕਰਦੇ ਫਿਰਦੇ ਹੋ)
ਮਸਲਤ/ਮਸ਼ਵਰਾ: ਸਲਾਹ
ਬਾਹਿ ਰਕੀਬਾਂ ਮਸਲਤ/ਮਸ਼ਵਰਾ ਕੀਤਾ, ਕਿਵੇਂ ਕੀਤਾ ਵੰਞੇ।
(ਸ਼ਰੀਕਾਂ ਬੈਠ ਕੇ ਸਲਾਹ ਬਣਾਈ, ਕਿਵੇਂ ਕੀਤਾ ਜਾਵੇ)

ਮਸਲਨ: ਮਿਸਾਲ ਵਜੋਂ
ਦਲੇਰ ਗਭਰੂ ਉਠੀਚੋ, ਮਸਲਨ ਤੁਸੀਂ, ਤੂੰ ਤੇ ਔਹ।
(ਦਲੇਰ ਗਭਰੂਓ ਉਠੋ, ਮਿਸਾਲ ਵਜੋਂ ਤੁਸੀਂ, ਤੂੰ ਤੇ ਉਹ)
ਮਸਵਾਣੀ: ਦੁਆਤ
ਪਹਿਲੂੰ ਮਿੱਟੀ ਦੀਆਂ ਤੇ ਪਿਛੂੰ ਟੀਨ ਦੀਆਂ ਮਸਵਾਣੀਆਂ ਚਲ ਪਈਆਂ।
(ਪਹਿਲੋਂ ਮਿੱਟੀ ਦੀਆਂ ਤੇ ਮਗਰੋਂ ਟੀਨ ਦੀਆਂ ਦੁਆਤਾਂ ਚਲ ਪਈਆਂ)
ਮਸਾ: ਕਾਲਾ ਤਿਣ/ਤਿਲ
ਮੂੰਹ ਬਧਾ ਹੋਇਆ ਹਾਈ ਪਰ ਨੱਕ ਤੇ ਮਸਾ ਡਿਸਦਾ ਪਿਆ ਹਾਈ।
(ਮੂੰਹ ਬੰਨ੍ਹਿਆ ਹੋਇਆ ਸੀ, ਪਰ ਨੱਕ ਤੇ ਕਾਲਾ ਤਿਲ ਦਿਸ ਰਿਹਾ ਸੀ)
ਮਸਾਣ: ਸ਼ਮਸਾਨ
ਉਜਾੜ ਸੁੱਟੀ ਵਸਤੀ ਵਿਚ ਮਸਾਣਾਂ ਦੀ ਸੁੰਞ ਹੇ।
(ਉਜਾੜ ਦਿਤੀ ਬਸਤੀ ਵਿਚ ਸ਼ਮਸ਼ਾਨਾਂ ਵਾਲੀ ਸੁੰਨ ਹੈ)
ਮਸਾਂ: ਔਖਾ ਹੋ ਕੇ
ਰਾਹ ਡਾਢਾ ਬਿਖੜਾ ਹਾਈ, ਮਸਾਂ ਅਪੜੇ ਹਾਂ।
(ਰਾਹ ਬਿਖੜਾ ਸੀ, ਔਖੇ ਹੋ ਕੇ ਅਪੜੇ ਹਾਂ)
ਮਸੀ: ਜੁਰਾਬ
ਮਸੀਆਂ ਚੂੰ ਡਾਢਾ ਮੁਸ਼ਕ ਆਂਦਾ ਹੇ। ਧੋ ਡੇ।
(ਜੁਰਾਬਾਂ ਵਿਚੋਂ ਬੜਾ ਮੁਸ਼ਕ ਮਾਰਦਾ ਹੈ। ਧੋ ਦੇ)
ਮਸਿਹੋਰਾ/ਮਾਸਿਹਸ: ਮਾਸੜ ਸਹੁਰਾ/ਮਾਸੀ ਸੱਸ
ਕਲ੍ਹ ਹੀ ਮਸਿਹੋਰਾ ਤੇ ਮਾਸਿਹਸ ਮਿਲ ਕੇ ਵੱਲੇ ਹਿਨ।
(ਮਾਸੜ ਸਹੁਰਾ ਤੇ ਮਾਸੀ ਸੱਸ ਕਲ੍ਹ ਹੀ ਮਿਲ ਕੇ ਮੁੜੇ ਹਨ)
ਮਸੌਦਾ ਖਰੜਾ
ਕਿਤਾਬ ਦਾ ਮਸੌਦਾ ਤਿਆਰ ਹੇ।
(ਕਿਤਾਬ ਦਾ ਖਰੜਾ ਤਿਆਰ ਹੈ)
ਮਹਾਸ਼ਾ: ਪਤਵੰਤਾ
ਗਵਾਂਢ ਵਿਚ ਹਿੱਕ ਮਹਾਸ਼ਾ ਪਰਵਾਰ ਰਾਂਧੈ।
(ਗੁਆਂਢ ਵਿਚ ਇੱਕ ਪਤਵੰਤਾ ਪਰਵਾਰ ਰਹਿੰਦਾ ਹੈ)
ਮਹਾਜਨ: ਸ਼ਾਹ
ਬੈਂਕਾਂ ਦੇ ਪਸਾਰੇ ਤੇ ਮਹਾਜਨਾਂ ਦਾ ਕਾਰੋਬਾਰ ਮੰਦਾ ਥੀ ਗਿਐ।
(ਬੈਂਕਾਂ ਦੇ ਵਿਸਤਾਰ ਨਾਲ ਸ਼ਾਹਾਂ ਦਾ ਧੰਧਾ ਮੰਦਾ ਪੈ ਗਿਆ ਹੈ)
ਮਹਾਂਪ੍ਰਸ਼ਾਦ: ਮਾਸ ਦਾ ਪਕਵਾਨ
ਐਂਤ ਦੇ ਐਂਤ ਸਾਡੇ ਘਰ ਮਹਾਂ ਪ੍ਰਸ਼ਾਦ ਬਣਦਾ ਹੇ।
(ਐਤ ਦੇ ਐਤ ਸਾਡੇ ਘਰ ਮਾਸ ਦਾ ਪਕਵਾਨ ਪਕਦਾ ਹੈ)
ਮਹਿਤਾ: ਲਿਖਤਕਾਰ
ਪਿੰਡ ਇਚ ਹਿੱਕ ਡੁ ਪੜ੍ਹੇ ਹਿਨ ਤੇ ਮਹਿਤਾ ਕਰਮ ਊਹੇ ਕਰੀਂਦੇਨ।
(ਪਿੰਡ ਵਿਚ ਇਕ ਦੋ ਪੜ੍ਹੇ ਹਨ ਤੇ ਲਿਖਤਕਾਰੀ ਉਹੀ ਕਰਦੇ ਹਨ)

ਮਹਿਰਾਬ: ਡਾਟ
ਵਰਾਂਡੇ ਦੀ ਮਹਿਰਾਬ ਡਾਢੀ ਮਜ਼ਬੂਤ ਪਾਂਵੇਂ।
(ਬਰਾਂਡੇ ਦੀ ਡਾਟ ਚੰਗੀ ਮਜ਼ਬੂਤ ਪਾਈਂ)
ਮਹਿਰਮ ਭੇਤੀ/ਦਿਲਦਾਰ
ਮਹਿਰਮ ਦਿਲਾਂ ਦਾ ਮਾਹੀ, ਮੋੜੂ ਕਡਣ ਮੁਹਾਰਾਂ।
(ਦਿਲਾਂ ਦਾ ਭੇਤੀ ਦਿਲਦਾਰ, ਕਦੋਂ ਵਾਪਸ ਮੁੜੇਗਾ)
ਮਹੋਰ: ਦੁਰ ਫਿਟੇ
ਮਹੋਰ, ਵਲਾ ਵਲਾ ਸਡ ਕੇ ਮੈਕੂੰ ਅਰਾਮ ਨਾ ਕਰਨ ਡੇਵੇਂ।
(ਦੁਰ ਫਿਟੇ ਹੀ, ਮੁੜ ਮੁੜ ਬੁਲਾ ਕੇ ਮੈਨੂੰ ਅਰਾਮ ਨਾ ਕਰਨ ਦੇ)
ਮਕਸਦ ਉਦੇਸ਼
ਸਾਡੀ ਗਲਬਾਤ ਦਾ ਮਕਸਦ ਯਕਜਹਿਤੀ ਕਰਨਾ ਹਾਈ।
(ਸਾਡੀ ਗਲਬਾਤ ਦਾ ਉਦੇਸ਼ ਏਕਤਾ ਕਰਨਾ ਸੀ)
ਮਕਤਬ: ਸਕੂਲ
ਬਸਤਾ ਚਾਈ ਮਕਤਬ ਵੱਲ ਵੈਦੇ ਬਾਲ ਹਸਦੇ ਖਿਲਦੇ ਵੰਞਿਣ।
(ਬਸਤਾ ਚੁੱਕੀ ਸਕੂਲ ਜਾਂਦੇ ਬਚੇ ਹਸਦੇ ਹਸਦੇ ਜਾਣ)
ਮਕਤਲ: ਕਤਲਗਾਹ
ਜਿਸ ਧੱਜ ਨਾਲ ਭਗਤ/ਸ਼ਹੀਦ ਮਕਤਲ ਕੂੰ ਜੁਲੇ, ਉਸ ਕੂੰ ਸਲਾਮ।
(ਜਿਸ ਸ਼ਾਨ ਨਾਲ ਭਗਤ/ਸ਼ਹੀਦ ਕਤਲਗਾਹ ਨੂੰ ਜਾਣ, ਉਸ ਨੂੰ ਸਲਾਮ ਹੈ)
ਮਕਬਰਾ: ਕਬਰ ਉਪਰ ਭਵਨ
ਤਾਜ ਮਹੱਲ ਸੂਹਣਾ ਤੇ ਮਕਬੂਲ ਮਕਬਰਾ ਹੇ।
(ਤਾਜ ਮਹੱਲ ਸੋਹਣਾ ਤੇ ਹਰਮਨ ਪਿਆਰਾ ਕਬਰ ਦਾ ਭਵਨ ਹੈ)
ਮਕਬੂਲ: ਹਰਮਨ ਪਿਆਰਾ-ਦੇਖੋ ਵਾਕ ਮਕਬਰਾ ਸਬੰਧੀ
ਮਕਾਮ: ਟਿਕਾਣਾ
ਕੈਂਹ ਮੁਕਾਮ ਤੇ ਤਾਂ ਖਲੋ ਕੇ ਰਾਤ ਕਟਣ ਦੀ ਸੋਚੂੰ।
(ਕਿਸੇ ਟਿਕਾਣੇ ਤੇ ਖੜ ਕੇ ਰਾਤ ਕੱਟਣ ਬਾਰੇ ਸੋਚੀਏ)
ਮਖ਼/ਮਖਣ/ਮਖ਼ਾਂ/ਮਖ਼ੇਂ: ਮੈਂ ਕਿਹਾ
ਮਖ਼/ਮਖਣ/ਮਖ਼ਾਂ/ਮਖ਼ੇਂ ਮੈਂਡੀ ਗਲ ਤਾਂ ਸੁਣੀ ਵੰਞ।
(ਮੈਂ ਕਿਹਾ ਮੇਰੀ ਗਲ ਤਾਂ ਸੁਣਦਾ ਜਾ)
ਮਖ਼ਮਲ: ਰੇਸ਼ਮ
ਮਖ਼ਮਲ ਦੀ ਸੀਰਕ ਕਾਈ ਨਿਸੇ ਬਣਾਈ।
(ਰੇਸ਼ਮ ਦੀ ਰਜ਼ਾਈ ਅਸੀਂ ਕੋਈ ਨਹੀਂ ਬਣਾਈ)
ਮਖ਼ਲੂਕ: ਜੀਵ ਸੰਸਾਰ
ਹਵਾ ਤੇ ਪਾਣੀ ਮੁੱਕ ਵੈਸਿਨ ਤਾਂ ਮਖਲੂਕ ਜੀੰਦੀ ਕਿਵੇਂ ਰਾਹਸੀ।
(ਹਵਾ-ਪਾਣੀ ਮੁੱਕ ਗਏ ਤਾਂ ਜੀਵ ਸੰਸਾਰ ਕਿਵੇਂ ਜਿਉਂਦਾ ਰਹੂ)
ਮਗ਼ਜ਼: ਦਿਮਾਗ਼/ਬੀਜਾਂ ਦੀ ਗਿਰੀਆਂ
ਪੰਜੀਰੀ ਵਿਚ ਮਗਜ਼ ਪੀਹ ਕੇ ਰਲਾਵੀਂ, ਮਗਜ਼ ਕੂੰ ਚੰਗੇ ਹੂੰਦੇਨ।
(ਪੰਜੀਰੀ ਵਿਚ ਗਿਰੀਆਂ ਪੀਹ ਕੇ ਮਿਲਾਈ, ਦਿਮਾਗ਼ ਨੂੰ ਚੰਗੇ ਹੁੰਦੇ ਨੇ)

ਮਗਜੀ: ਕੁੜਤੇ ਦਾ ਤੀਰਾ
ਚੋਲੇ ਦੀ ਮਗਜ਼ੀ ਚੌੜੀ ਲਾਵੀਂ; ਪਿੱਠ ਤੇ ਭਾਰ ਚਵੀਦੈ।
(ਕੁੜਤੇ ਦਾ ਤੀਰਾ ਚੌੜਾ ਲਾਈਂ, ਪਿੱਠ ਤੇ ਭਾਰ ਚੁਕੀਦਾ ਹੈ)
ਮਗਰੂਰ: ਹੰਕਾਰੀ
ਈਹੋ ਅਸੀਸ ਡੇ-ਧਨੀਂ ਤਾਂ ਥੀਵਾਂ ਮਗਰੂਰ ਨਹੀਂ।
(ਇਹ ਅਸੀਸ ਦੇ-ਧਨੀ ਤਾਂ ਹੋਵਾਂ, ਹੰਕਾਰੀ ਨਹੀਂ)
ਮੰਗਲਾ ਮੁੱਖੀ: ਵੇਸਵਾ
ਨਵਾਬਜ਼ਾਦੇ, ਮੰਗਲਾ ਮੁੱਖੀਆਂ ਕੂੰ ਇਸਤੇਮਾਲ ਕਰਦੇ ਹਿਨ।
(ਵਡੇ ਅਹੁਦੇਦਾਰ, ਵੇਸਵਾਵਾਂ ਨੂੰ ਵਰਤਦੇ ਹੁੰਦੇ ਸਨ)
ਮੱਘ: ਤੇਜ਼ ਅੱਗ
ਭਾਹ ਮੱਘ ਪਈ ਹੈ, ਬਿਆ ਬਾਲਣ ਨਾ ਘਤੀਂ।
(ਅੰਗ ਤੇਜ਼ ਹੋ ਗਈ ਹੈ, ਹੋਰ ਬਾਲਣ ਨਾ ਪਾਈ)
ਮਚਕੋੜ: ਮਰੋੜ
ਵੰਙਾ ਤਰੁਟੀਆਂ ਭੁਲ ਵੈਸਿਨ, ਮਾਹੀ ਦੀ ਮਰੋੜ ਯਾਦ ਰਾਹਸੀ।
(ਵੰਗਾਂ ਟੁੱਟੀਆਂ ਭੁਲ ਜਾਣਗੀਆਂ, ਸਜਣ ਦੀ ਮਚਕੋੜ ਯਾਦ ਰਹੂ)
ਮਛਹਿਰੀ: ਮੱਛਰਦਾਨੀ
ਘਰੀਂ ਹਿੱਕਾ ਮਛਹਿਰੀ ਹੈ, ਸਾਰੇ ਬਾਲਾਂ ਤੇ ਲਗ ਵੈਂਦੀ ਹੇ।
(ਘਰਾਂ ਵਿਚ ਇਕੋ ਮਛਰਦਾਨੀ ਹੈ, ਸਾਰੇ ਬਾਲਾਂ ਤੇ ਲਗ ਜਾਂਦੀ ਹੈ)
ਮਛਰਨਾ: ਸ਼ਰਾਰਤਾਂ ਕਰਨੀਆਂ
ਬਹੂੰ ਨਾ ਮਛਰਦਾ ਵੰਞ, ਪਿਊ ਕੁਟੇਸੀਆ।
(ਬਹੁਤੀਆਂ ਸ਼ਰਾਰਤਾਂ ਨਾ ਕਰਦਾ ਜਾ, ਪਿਉ ਕੁੱਟੂ)
ਮਛੋਰ: ਯਤੀਮ
ਮਾਂ ਮਛੋਰ ਹੇ, ਨਿਕਾ ਹਾਈ ਤੇ ਝਿੜਕਾਂ ਖਾਂਦਾ ਪਲਿਐ।
(ਮਾਂ ਤੋਂ ਯਤੀਮ ਹੈ, ਛੋਟਾ ਸੀ, ਝਿੜਕਾਂ ਖਾ ਕੇ ਪਲਿਆ ਹੈ)
ਮਜਲਸ ਸਭਾ
ਰਲ ਰਕੀਬਾਂ ਮਜਲਸ ਕੀਤੀ, ਵਤ ਨਾ ਵੰਞੇ ਬਚਕੇ।
(ਸ਼ਰੀਕਾਂ ਰਲ ਕੇ ਸਭਾ ਕੀਤੀ, ਮੁੜ ਬਚ ਕੇ ਨਹੀਂ ਜਾਣ ਦੇਣਾ)
ਮੰਜ਼ਰ: ਨਜ਼ਾਰਾ
ਖੇਡਾਂ ਨੂੰ ਪਹਿਲੇ ਆਗਾਜ਼ ਦਾ ਮੰਜ਼ਰ ਡੇਖਣ ਆਲਾ ਹਾਈ।
(ਖੇਡਾਂ ਤੋਂ ਪਹਿਲਾਂ ਅਰੰਭ ਦਾ ਨਜ਼ਾਰਾ ਵੇਖਣ ਵਾਲਾ ਸੀ)
ਮੰਜ਼ਲ/ਮੰਜ਼ਿਲ: ਨਿਸ਼ਾਨੇ ਦੀ ਪ੍ਰਾਪਤੀ
ਜਿਹੜੇ ਟੁਰ ਪੂੰਦੇ ਹਿਨ, ਜ਼ੋਰ ਲੈਂਦੇ ਹਿਨ, ਮੰਜ਼ਲ/ਮੰਜ਼ਿਲ ਪਾ ਘਿਨਣ।
(ਜਿਹੜੇ ਤੁਰ ਪੈਣ, ਜ਼ੋਰ ਲਾਣ, ਨਿਸ਼ਾਨਾ ਪਾ ਲੈਣ)
ਮਜ਼ਾਜ/ਮਿਜ਼ਾਜ ਪੁਰਸੀ: ਸਿਹਤ ਦੀ ਸ਼ੁਭ ਪੁੱਛ-ਗਿੱਛ
ਮਕਬੂਲ ਸ਼ਖਸ ਦੀ ਮਜ਼ਾਜ/ਮਿਜ਼ਾਜ ਪੁਰਸੀ ਕੂੰ ਬਹੂੰ ਆਂਦੇ ਹਿਨ।
(ਹਰਮਨ ਪਿਆਰੇ ਦੀ ਸਿਹਤ ਪੁੱਛਣ ਬਹੁਤ ਆਉਂਦੇ ਨੇ)

ਮਜ਼ਾਜੀ: ਸੰਸਾਰਕ
ਇਸ਼ਕ ਹਕੀਕੀ ਦੇ ਕਿਹੜੇ ਲੇਖੇ, ਮਜ਼ਾਜੀ ਤਾਂ ਛਿਨ ਭੰਗਰ ਹੇ।
(ਇਲਾਹੀ ਇਸ਼ਕ ਦਾ ਹਿਸਾਬ ਨਹੀਂ, ਸੰਸਾਰੀ ਤਾਂ ਥੋੜ ਚਿਰਾ ਹੈ)
ਮਜ਼ਾਰ: ਕਬਰ
ਫਕੀਰ ਪੂਰੇ ਪਹੁੰਚੇ ਹਨ, ਉਸ ਦੇ ਹਿਸ ਮਜ਼ਾਰ ਤੇ ਜ਼ਿਆਰਤ ਕਰ।
(ਫਕੀਰ ਪੂਰੇ ਪਹੁੰਚੇ ਹੋਏ ਸਨ, ਉਸ ਦੀ ਇਸ ਕਬਰ ਤੇ ਹੋ ਕੇ ਜਾ)
ਮਜਾਲ: ਮਾਫ਼ੀ ਮੰਗਣੀ
ਮੈਂਡੀ ਮਜਾਲ ਹੇ, ਵੱਤ ਕਡਹੀਂ ਗਾਲ੍ਹ ਨਾ ਕਢੇਗੀ।
(ਮੈਂ ਮਾਫੀ ਮੰਗਦਾ ਹਾਂ, ਮੁੜ ਕਦੇ ਗਾਲ੍ਹ ਨਾ ਕਢੂ)
ਮਜੂਰ: ਮਜ਼ਦੂਰ
ਕੰਮ ਬਹੂੰ ਵਡਾ ਹੇ, ਕੇਈ ਮਜੂਰ ਲਾਵਣੇ ਪੋਸਣ।
ਕੰਮ ਬਹੁਤ ਵਡਾ ਹੈ, ਕਈ ਮਜ਼ਦੂਰ ਲਾਣੇ ਪੈਣਗੇ)
ਮਜੀਠ: ਪੱਕਾ ਲਾਲ
ਦੇਸ਼ ਭਗਤੀ ਦੀ ਭਾਵਨਾ ਦੀ ਰੰਗਤ ਮਜੀਠੀ ਹੋਵੇ।
(ਦੇਸ਼ ਭਗਤੀ ਦੀ ਲਗਨ ਦਾ ਰੰਗ ਪੱਕਾ ਲਾਲ ਹੁੰਦੈ)
ਮਜਾਉਰ/ਮਜੌਰ: ਮਕਬਰੇ ਦਾ ਸੇਵਾਦਾਰ
ਤਾਜ ਮਹੱਲ ਦੀ ਸੰਭਾਲ ਕੂੰ ਦਰਜਨਾਂ ਮਜਾਉਰ/ਮਜੌਰ ਹਿਨ।
(ਤਾਜ ਮਹੱਲ ਦੀ ਸੰਭਾਲ ਨੂੰ ਦਰਜਨਾਂ ਸੇਵਾਦਾਰ ਨੇ)
ਮਝ/ਮੱਝਲਾ/ਡੱਲਾ: ਚਾਦਰੀ ਜਿਹੀ/ਤੇੜ
ਮੱਝਲਾ/ਡੱਲਾ ਸਵਾਣੀਆਂ ਮਝ ਬੰਨ੍ਹਦੀਆਂ ਹਿਨ।
(ਚਾਦਰੀ ਜਿਹੀ ਨੂੰ ਸੁਆਣੀਆਂ ਤੇੜ ਬੰਨਦੀਆਂ ਸਨ)
ਮੰਝ ਵਿਚਕਾਰ
ਬੇੜੀ ਤਿੜਕੀ ਹੋਈ ਹਾਈ, ਦਰਿਆ ਦੇ ਮੰਝ ਬੁਡ ਗਈ।
(ਬੇੜੀ ਤੇੜ ਖਾਧੀ ਹੋਈ ਸੀ, ਦਰਿਆ ਵਿਚਕਾਰ ਡੁੱਬ ਗਈ)
ਮਟਕੇ: ਤੌੜੇ
ਮਟਕਿਆਂ ਕੂੰ ਭੰਨਣੇ ਦੇ ਕੌਤਕ, ਬਾਲ-ਅਵਤਾਰਾਂ ਨਾਲ ਜੋੜੇ ਹਿਨ।
(ਤੌੜਿਆਂ ਨੂੰ ਤੋੜਨ ਦੀ ਚੌੜ, ਮਹਾਪੁਰਸ਼ਾਂ ਦੇ ਬਾਲ ਸਮੇਂ ਨਾਲ ਜੋੜ ਦਿੱਤੀ ਗਈ)
ਮੱਠਾ ਰਹਿਤਾ/ਹੌਲੀ ਹੌਲੀ, ਮੱਠੀ ਟੋਰ: ਧੀਮੀ ਚਾਲ
ਮੱਠਾ ਬਹੂੰ ਸਵਾਦ ਹਾਈ, ਫੇਰ ਖਾਧਮ, ਮੱਠਾ ਮੱਠਾ ਟੁਰਸਾਂ।
(ਰਹਿਤਾ ਬਹੁਤ ਸੁਆਦ ਸੀ, ਮੈ ਜ਼ਿਆਦਾ ਖਾ ਲਿਐ, ਹੌਲੀ ਹੌਲੀ ਤੁਰੂੰਗਾ)
ਮਠੂੰਆਂ: ਠੂੰਆਂ
ਮਠੂੰਏਂ ਕੀ ਹੱਥ ਨਾ ਲਾ, ਲੜ ਵੈਸੀ, ਜ਼ਾਹਰ ਹੁੰਦੀ ਹੇ।
(ਠੂੰਏਂ ਨੂੰ ਹਥ ਨਾ ਲਾ, ਲੜ ਜਾਉ, ਜ਼ਹਿਰ ਹੁੰਦੀ ਹੈ)
ਮੰਡ: ਘੁੱਟ/ਦਬਾ
ਟੁਰ ਟੁਰ ਥਕਾ ਪਿਆਂ, ਪੰਧ ਢੇਰ ਹਾਈ, ਕਤਰਾ ਲੱਤਾਂ ਮੰਡ।
(ਤੁਰ ਤੁਰ ਥਕ ਗਿਆਂ, ਵਾਟ ਜ਼ਿਆਦਾ ਸੀ, ਜ਼ਰਾ ਤਾ ਘੁੱਟ)

ਮੰਡ ਮੰਡ ਕੇ: ਦਬਾ ਦਬਾ ਕੇ
ਮੰਡ ਮੰਡ ਕੇ ਪੰਡ ਨਹੀਂ ਬੰਨ੍ਹੀਂਦਾ, ਖਿਲਰ ਵੈਂਦੀ ਹੇ।
(ਦਬਾ ਦਬਾ ਕੇ ਪੰਡ ਨਹੀਂ ਬੰਨ੍ਹਦਾ, ਖਿਲਰ ਜਾਂਦੀ ਹੈ)
ਮੰਡਾ: ਰੋਟੀ
ਗਜਾ ਕਰਨ ਵੈਂਦੈ, ਮੰਡੈ, ਡੁੱਧ-ਲਸੀ ਘਿਨ ਆਂਦੈ।
(ਘਰਾਂ ਵਿਚੋਂ ਭੋਜਨ ਲੈਣ ਜਾਂਦਾ ਹੈ, ਰੋਟੀਆਂ, ਦੁਧ-ਲਸੀ ਲੈ ਆਉਂਦਾ ਹੈ)
ਮਣ: ਖੂਹ ਦੀ ਠੱਲ/ਚਾਲੀ ਸੇਰ ਭਾਰ
ਮਣ ਭਾਰ ਹਾਈ, ਪਾਣੀ ਪੀਣ ਕੂੰ ਖੂਹ ਦੀ ਮਣ ਤੇ ਟਿਕਾ ਡਿਤਾ।
(ਚਾਲੀ ਸੇਰ ਭਾਰ ਸੀ, ਪਾਣੀ ਪੀਣ ਨੂੰ ਖੂਹ ਦੀ ਠੱਲ ਤੇ ਰੱਖ ਦਿਤਾ)
ਮਣਸਾਵਣਾ: ਪੁਰਖਿਆਂ ਪ੍ਰਤੀ ਦਾਨ ਕਰਨਾ
ਗਤੀ ਕਰਾਵਣ ਤੂੰ ਬਾਹਮਣੇ ਗਾਂ ਮਣਸਾਵਣੀ ਪਈ।
(ਗਤੀ ਕਰਾਉਣ ਲਈ ਪੰਡਤ ਨੂੰ ਗਊ ਦਾਨ ਕਰਨੀ ਪਈ)
ਮਤਬਲ: ਮਤਲਬ
ਮੈਕੂੰ ਤੈਂਡੀ ਹਿਸ ਖੇਡ ਦਾ ਮਤਬਲ ਸਮਝ ਕੋਨੀ ਪਿਆ।
(ਮੈਨੂੰ ਤੇਰੀ ਇਸ ਚਾਲ ਦਾ ਮਤਲਬ ਸਮਝ ਕੋਈ ਨਹੀਂ ਪਿਆ)
ਮਤਮੀਨ/ਮੁਤਮੀਨ: ਸੰਤੁਸ਼ਟ
ਪਿੰਡ ਦੇ ਪਾਹਰੇ ਦੇ ਇੰਤਜ਼ਾਮ ਕੂੰ ਮਤਮੀਨ/ਮੁਤਮੀਨ ਥੀਂਦੇ ਵੰਞਾਏ।
(ਪਿੰਡ ਦੇ ਪਹਿਰੇ ਦੇ ਪ੍ਰਬੰਧ ਤੋਂ ਸੰਤੁਸ਼ਟ ਹੁੰਦੇ ਜਾਈਏ)
ਮਤਾਂ: ਸਮਝੌਣੀਆਂ/ਕਿਤੇ
ਬਿਨ੍ਹਾਂ ਕੂੰ ਮਤਾਂ ਡੀਂਦੀ ਰਾਂਹਦੀ ਹੇ, ਮਤਾਂ ਆਪੂੰ ਖਤਾ ਨਾ ਖਾਵੇਂ।
(ਹੋਰਾਂ ਨੂੰ ਸਮਝੌਣੀਆਂ ਦਿੰਦੀ ਰਹਿੰਦੀ ਹੈ, ਕਿਤੇ ਆਪ ਧੋਖਾ ਨਾ ਖਾ ਲਈਂ)
ਮਤਾਬ/ਮਹਿਤਾਬ: ਚੰਦਰਮਾ
ਜਡੂੰ ਮਤਾਬ/ਮਹਿਤਾਬ ਪੂਰਾ ਚਮਕਦੈ, ਉਕੂੰ ਪੁੰਨ੍ਹਿਆਂ ਆਧੇ ਹਿਨ।
(ਜਦੋਂ ਚੰਦਰਮਾ ਪੂਰਾ ਚਮਕਦਾ ਹੈ, ਉਸ ਨੂੰ ਪੁੰਨਿਆਂ ਆਖਦੇ ਨੇ)
ਮੁਤਾਲਬਾ: ਮੰਗ
ਜਵਾਨੀ ਦੇ ਮਤਾਲਬੇ ਨੇਕ ਨੀਤ ਵਾਲੇ ਹੋਵਿਨ।
(ਜੁਆਨੀ ਦੀਆਂ ਮੰਗਾਂ ਨੇਕ ਇਰਾਦੇ ਦੀਆਂ ਹੋਣ)
ਮਦ/ ਮਦਰਾ: ਨਸ਼ਾ/ਸ਼ਰਾਬ
ਮਦ ਖਾਧਿਆਂ ਮਤ ਵੰਞੇ, ਮਦਰਾ ਪੀਤੇ ਹੋਸ਼।
(ਨਸ਼ਾ ਖਾਣ ਨਾਲ ਮੱਤ ਮਾਰੀ ਜਾਵੇ ਤੇ ਸ਼ਰਾਬ ਪੀਤੇ ਤੋਂ ਹੋਸ਼)
ਮਦਰਸਾ: ਪਾਠਸ਼ਾਲਾ
ਮਦਰਸੇ ਕੀ ਰੌਣਕ ਬਾਲ-ਪੁਣੇ ਦੇ ਭੋਲੇਪਨ ਦਾ ਜਲੌ ਹੋਵੇ।
(ਪਾਠਸ਼ਾਲਾ ਦੀ ਰੌਣਕ, ਬਚਪਨ ਦੇ ਭੋਲੇਪਨ ਦੀ ਝਲਕ ਹੋਵੇ)
ਮਦਾਹ/ਮਤਾਹ:ਪ੍ਰਸੰਸਕ
ਸੰਤਾਂ ਦੇ ਹਿੱਕੇ ਬਖਾਨ ਨਾਲ ਸਾਰਾ ਪਿੰਡ ਮਦਾਹ/ਮਤਾਹ ਥੀ ਗਿਆ।
(ਸੰਤਾਂ ਦੇ ਇਕੋ ਵਿਖਿਆਨ ਨਾਲ ਸਾਰਾ ਪਿੰਡ ਪ੍ਰਸੰਸਕ ਹੋ ਗਿਆ)


ਮਦੀਨ: ਨਾਰੀਤਵ
ਸਭੋ ਖ਼ਲਕਤ ਦੀ ਆਮਦ ਮਦੀਨ ਧੁਰੋਂ ਹੀ ਥਈ ਹੇ।
(ਸਾਰੇ ਜੀਆਂ ਦਾ ਆਗਮਨ ਨਾਰੀਤਵ ਤੋਂ ਹੀ ਹੋਇਆ ਹੈ)
ਮੱਧ ਵਿਚਕਾਰ
ਸਫ਼ਰ ਦੇ ਮੱਧ ਵਿਚ ਹੀ ਟਰੱਕ ਥਲੂੰ ਲੇਲਾ ਮੱਧਿਆ ਗਿਆ।
(ਸਫ਼ਰ ਦੇ ਵਿਚਕਾਰ ਹੀ ਟਰੱਕ ਥਲੇ ਲੇਲਾ ਮਿੱਧਿਆ ਗਿਆ)
ਮਨ: ਰੋਟ
ਹਾੜੀ ਮਨ ਪਕੈਸੂੰ ਤੇ ਸਾਵਣੇ ਭੋਰ ਭੋਰ ਖਾਸੂੰ।
(ਹਾੜ ਵਿਚ ਰੋਟ ਪਕਾਵਾਂਗੇ, ਸਾਉਣ ਵਿਚ ਭੋਰ ਭੋਰ ਖਾਵਾਂਗੇ)
ਮਰਤਬਾ/ਮਰਾਤਬਾ: ਪਦਵੀ
ਮਾਰ ਹੰਕਾਰ ਤਾਂ ਭਾਈ ਮਰਤਬਾ/ਮਰਾਤਬਾ ਪਾਸੇਂ।
(ਹੰਕਾਰ ਨੂੰ ਮਾਰ ਲੈ ਤਾਂ ਕੋਈ ਪਦਵੀ ਪਾ ਲਵੇਂਗਾ)
ਮਰਦੂਦ ਲੁੱਚੜ
ਉਸ ਮਰਦੂਦ ਦੀ ਹੁਣ ਕਾਈ ਗਲ ਨਾ ਕਰ।
(ਉਸ ਲੁੱਚੜ ਦੀ ਹੁਣ ਕੋਈ ਗਲ ਨਾ ਛੇੜ)
ਮਲ: ਮਾਲਸ਼ ਕਰ
ਪੇਰਾਂ ਦੀਆਂ ਤਲੀਆਂ ਮਲ ਡੇਖੋ, ਲਹੂ ਟੁਰ ਪੋਵੇ।
(ਪੈਰਾਂ ਦੀਆਂ ਤਲੀਆਂ ਦੀ ਮਾਲਸ਼ ਕਰ ਵੇਖੋ, ਖੂਨ ਚਲ ਪਵੇ)
ਮਲਾਵਣਾ: ਮਾਲਸ਼ ਕਰਾਉਣੀ
ਢਿਢ ਮਲਾਇਆ ਤਾਂ ਹਾਈ, ਹਵਾ ਨਹੀਂ ਸਰੀ, ਪੀੜ ਨਹੀਂ ਗਈ।
(ਪੇਟ ਦੀ ਮਾਲਸ਼ ਤਾਂ ਕਰਾਈ ਸੀ, ਹਵਾ ਨਹੀਂ ਨਿਕਲੀ, ਦਰਦ ਨਹੀਂ ਹਟਿਆ)
ਮਲਕੀਅਤ: ਮਾਲਕੀ
ਗਿਰਵੀ ਰਖਣੂੰ ਪਹਿਲੂ ਇਹ ਡਸੋ ਮਲਕੀਅਤ ਕੈਂਦੇ ਨਾਂ ਹਿਵੇ।
(ਗਹਿਣੇ ਰਖਣ ਤੋਂ ਪਹਿਲਾਂ ਦਸੋ ਮਾਲਕੀ ਕੀਹਦੇ ਨਾਂ ਹੈ)
ਮਲ੍ਹਣਾ: ਘੋਟਣਾ
ਸ਼ਰਦਾਈ ਘੁਟੀਂਦੇ ਹੱਥ ਮਲਣਾ ਹਾਈ, ਉਸੇ ਦਾ ਵਾਰ ਕਰ ਡਿਤੋਮ।
(ਠੰਡਾਈ ਘੋਟਦੇ ਹਥ ਘੋਟਣਾ ਸੀ, ਮੈਂ ਉਸੇ ਦਾ ਵਾਰ ਕਰ ਦਿਤਾ ਸੀ)
ਮਲਕ: ਊਠਾਂ ਵਾਲੇ
ਮਲਕਾਂ ਦੇ ਘਰ ਵੰਞ, ਉਥੂੰ ਊਠਣੀ ਦਾ ਦੁਧ ਮਿਲ ਵੈਸੀ।
(ਊਠਾਂ ਵਾਲਿਆਂ ਦੇ ਘਰ ਜਾ, ਉਥੋਂ ਬੋਤੀ ਦਾ ਦੁਧ ਮਿਲੂ)
ਮੁਜ਼ਮਤ/ਮਲਾਮਤ: ਨਿੰਦਿਆ/ਨਿਖੇਧੀ
ਮੰਦੇ ਕੰਮਾਂ ਦੀ ਮੁਜ਼ਮਤ/ਮਲਾਮਤ ਕਰਨੀ ਪੂੰਦੀ ਹੇ।
(ਮਾੜੇ ਕੰਮ ਦੀ ਨਿਖੇਧੀ ਤੇ ਨਿੰਦਿਆ ਕਰਨੀ ਪੈਂਦੀ ਹੈ)
ਮਲੂਕ: ਨਾਜ਼ਕ
ਨਵ ਜਨਮੇ ਦੀ ਚਮੜੀ ਮਲੂਕ ਹੇ, ਪੁਰਾਣੇ ਕੂਲੇ ਕਪੜੇ 'ਚ ਵਲ੍ਹੇਟ।
(ਨਵਜੰਮੇ ਦੀ ਚਮੜੀ ਨਾਜ਼ਕ ਹੁੰਦੀ ਹੈ, ਨਰਮ ਪੁਰਾਣੇ ਕੱਪੜੇ ਵਿਚ ਲਪੇਟ)


ਮਵਾਤ/ਮਵਾਤਾ: ਰੋਸ਼ਨੀ/ਚੁਆਤੀ
ਡਾਢਾ ਹਨੇਰਾ ਹੇ, ਕਾਈ ਮਵਾਤਾ ਚਾ ਘਿਨਾ ਤੇ ਮਵਾਤ ਕਰ।
(ਬੜਾ ਹਨੇਰਾ ਹੈ, ਕੋਈ ਚੁਆਤੀ ਚੁੱਕ ਲਿਆ ਤੇ ਰੋਸ਼ਨੀ ਕਰ)
ਮਵੈਸ਼ੀ: ਪਸ਼ੂ ਡੰਗਰ
ਮਵੈਸ਼ੀ ਵੀ ਦੌਲਤ ਹਿਨ, ਪਾਲ ਸਾਂਭ ਤੇ ਵਾਧਾ ਕਰ।
(ਪਸ਼ੂ ਡੰਗਰ ਵੀ ਧਨ ਨੇ, ਪਾਲ ਤੇ ਸਾਂਭ, ਵਾਧਾ ਕਰ ਲੈ)
ਮੜ੍ਹ: ਜੜ
ਮੈਂਡੀ ਮੁੰਦਰੀ ਵਿਚ ਹੇ ਨੀਲਾ ਨਗ ਮੜ੍ਹ ਡੇ।
(ਮੇਰੀ ਛਾਪ ਵਿਚ ਇਹ ਨੀਲਾ ਨਗ ਜੜ ਦੇ)
ਮਾਈਂਏਂ: ਵਿਆਹ ਦੀਆਂ ਰੋਕਾਂ
ਵਿਹਾਂਦੜ ਨੀਗਰ ਮਾਈਏਂ ਪਏ ਹਿਨ, ਚਾਰ ਡੀਂਹ ਨਾ ਧਾਸਿਨ ਨਾ ਧੋਸਿਨ।
(ਵਿਹਾਂਦੜ ਬਚੇ ਰੋਕਾਂ ਵਿਚ ਨੇ, ਚਾਰ ਦਿਨ ਨਹਾਣ ਧੋਣ ਬੰਦ)
ਮਾਸੂੰਮ: ਨਿਆਣੇ
ਮਾਸੂੰਮਾਂ ਕੂੰ ਜ਼ਾਲਮਾ ਕੋਠਿਆਂ ਤੂੰ ਸੱਟਿਆ ਤੇ ਨੇਜੇ ਟੁੰਗਿਆ।
(ਨਿਆਣਿਆਂ ਨੂੰ ਜ਼ਾਲਮਾਂ ਕੋਠਿਆਂ ਤੋਂ ਸਿੱਟਿਆ ਤੇ ਨੇਜ਼ੇ ਤੇ ਟੰਗਿਆ)
ਮਾਹਣੂੰ: ਮਾਹੀ/ਪਤੀ
ਮਾਹਣੂੰ ਵੈਂਦਾ ਪਿਆ ਪਰਦੇਸ਼, ਰਾਤਾਂ ਜਾਗ ਕਟੇਸੂੰ।
(ਮਾਹੀ ਚਲਿਐ ਪਰਦੇਸ, ਰਾਤਾਂ ਜਾਗ ਕੇ ਕਟੂੰਗੀ)
ਮਾਹਲ: ਚਰਖੇ ਦੀ ਡੋਰ/ਟਿੰਡਾਂ ਦਾ ਪੱਟਾ
ਇਡੂੰ ਚਰਖੇ ਦੀ ਮਾਹਲ ਤਰੁਟੀ ਪਈ ਹੇ, ਉਡੇ ਖੂਹ ਨਵੀਂ ਮਾਹਲ ਮੰਗਦੈ।
(ਇਧਰੋਂ ਚਰਖੇ ਦੀ ਡੋਰ ਟੂਟੀ ਪਈ ਹੈ, ਉਧਰ ਖੂਹ ਟਿੰਡਾਂ ਦਾ ਪਟਾ ਮੰਗਦੈ)
ਮਾਖੀ: ਸ਼ਹਿਦ
ਡੂੰਮਣੇ ਦੀ ਮਾਖੀ ਨਾਲੂੰ ਨਿਕੀ ਮੱਖੀ ਦੀ ਮਾਖੀ ਹੋਵੇ।
(ਡੂੰਮਣੇ ਦੀ ਸ਼ਹਿਦ ਨਾਲੋਂ ਨਿਕੀ ਮੱਖੀ ਦੀ ਸ਼ਹਿਦ ਚਾਹੀਦੀ ਹੈ)
ਮਾਜਰਾ: ਮਾਮਲਾ
ਮਾਜਰਾ ਤਾਂ ਕਾਈ ਹੇ, ਇਡੇ ਲੋਕ ਕੱਠੇ ਥਏ ਬੈਠੇ ਹਿਨ।
(ਮਾਮਲਾ ਤਾਂ ਕੋਈ ਹੈ, ਇਧਰ ਲੋਕ ਜੁੜੇ ਬੈਠੇ ਨੇ)
ਮਾਠਣਾ: ਠੱਗ ਲੈਣਾ
ਮਿੱਠੀਆਂ ਗਲ ਕਰ ਮੈਥੂੰ ਸੇਰ ਘਿਊ ਮਾਠ ਘਿਧਸ
(ਮਿੱਠੀਆਂ ਗਲਾਂ ਮਾਰਕੇ ਮੈਥੋਂ ਸੇਰ ਘਿਊ ਠੱਗ ਲਿਆ ਹੈ)
ਮਾਣ: ਮਜ਼ੇ ਲੈ
ਜੀਂਦਾ ਵੱਤੇਂ, ਮੈਕੂੰ ਰਾਹ ਡਸਿਆ ਹਿਵੀ, ਜਵਾਨੀਆਂ ਮਾਣ।
(ਜਿਉਂਦਾ ਰਹਿ, ਮੈਨੂੰ ਰਾਹ ਦਸਿਆ ਹਈ, ਜੁਆਨੀ ਦੇ ਮਜ਼ੇ ਲੈ)
ਮਾਹਣੀ: ਬਾਰਾਂ ਤੋਂ ਅਠਾਰਾ ਮਣ
ਪਿੜ ਤੂੰ ਹਿਕ ਮਾਹਣੀ ਗੰਦਮ ਤਾਂ ਢੋ ਘਿਧੀ ਹਿਮ
(ਪਿੜ ਤੋਂ ਮੈਂ 12-18 ਮਣ ਕਣਕ ਤਾਂ ਢੋ ਲਈ ਹੈ)

ਮਾਂਦ: ਕਮਜ਼ੋਰ
ਹਨੇਰੀ ਕਤਰਾ ਮਾਂਦ ਪੈ ਗਈ ਹੇ, ਜੁਲੋ ਟੁਰੂੰ।
(ਹਨੇਰੀ ਜ਼ਰਾ ਕਮਜ਼ੋਰ ਹੋ ਗਈ ਹੈ, ਚਲੋ ਤੁਰੀਏ)
ਮਾਫ਼ਕ: ਢੁਕਵੀਂ
ਬਿਆ ਕੁਝ ਨਾਂਹ ਮੰਗਨਾਂ, ਛੁਹਰ ਮਾਫ਼ਕ ਕਾਈ ਕੰਮ ਡੇ।
(ਹੋਰ ਕੁਝ ਨਹੀਂ ਮੰਗਦਾ, ਮੁੰਡੇ ਨੂੰ ਕੋਈ ਢੁਕਵਾਂ ਕੰਮ ਦੇ)
ਮਾਰ: ਢੋ ਕੇ
ਬੂਹੇ ਮਾਰ ਕਲੇ ਪੈ ਰੂੰਦੇ, ਭੁੱਖ ਡਾਢੇ ਯਾਰੀਆਂ ਦੇ।
(ਬੂਹੇ ਢੋ ਕੇ ਇਕਲੇ ਪਏ ਰੋਂਦੇ, ਦੁੱਖ ਵੰਡੇ ਯਾਰੀਆਂ ਦੇ)
ਮਾਰ ਸਟੇਸਿਨ/ਮਾਰ ਘਤੇਸਿਨ: ਮਾਰ ਸੁਟਣਗੇ
ਨਾਜ਼ਨੈਨਾਂ ਦੇ ਨੈਣਾਂ ਦੇ ਵਾਰ ਮਾਰ ਸਟੇਸਿਨ/ਮਾਰ ਘਤੇਸਿਨ।
(ਨਖ਼ਰੇਲੋਆਂ ਦੇ ਨੈਣਾਂ ਦੇ ਵਾਰ ਮਾਰ ਸੁਟਣਗੇ)
ਮਾਰਫ਼ਤ ਦੇ ਰਾਹੀਂ
ਕਬੂਤਰਾਂ ਦੀ ਮਾਰਫ਼ਤ ਇਸ਼ਕ ਦੇ ਪੈਗਾਮ ਪੁਚੈਸੂੰ।
(ਕਬੂਤਰਾਂ ਦੇ ਰਾਹੀਂ ਪਿਆਰ ਸੁਨੇਹੇ ਪੁਚਾਵਾਂਗੇ)
ਮਾਰ ਵੱਗ ਗਈ: ਬੁਰਾ ਵੇਲਾ ਆਇਆ ਹੈ।
ਜ਼ਮਾਨੇ ਕੂੰ ਕਾਈ ਮਾਰ ਵੱਗ ਗਈ ਹੇ, ਹਰ ਕੋਈ ਛੱਵੀਆਂ ਚਾਈ ਵੱਦੈ।
(ਜ਼ਮਾਨੇ ਦੇ ਬੁਰੇ ਦਿਨ ਆਏ ਨੇ, ਹਰੇਕ ਛਵੀ ਚੁਕੀ ਫਿਰਦੈ)
ਮਾਲਕਾਨਾ: ਮਾਲਕੀ ਦੇ
ਕਾਈ ਮਾਲਕਾਨਾ ਸਬੂਤ ਡਿਖਾ ਤੇ ਮਾਲ ਚਾ ਘਿਨ।
(ਕੋਈ ਮਾਲਕੀ ਦੇ ਸਬੂਤ ਵਿਖਾ ਤੇ ਮਾਲ ਚੁੱਕ ਲੈ)
ਮਾਲਖਾਨਾ: ਸਰਕਾਰੀ ਗੁਦਾਮ
ਜ਼ਬਤ ਕੀਤਾ ਮਾਲ, ਮਾਲਖਾਨੇ ਵੈਸੀ, ਅਦਾਲਤ ਵਲੈਸੀ।
(ਜ਼ਬਤ ਕੀਤਾ ਮਾਲ, ਸਰਕਾਰੀ ਗੁਦਾਮ ਜਾਊ, ਅਦਾਲਤ ਮੋੜੂ)
ਮਾਲਤੀ: ਰਾਤ/ਚਾਨ੍ਹਣੀ/ਇਕ ਵੇਲ
ਮਾਲਤੀ ਦੀ ਮਾਲਤੀ ਵਿਚ ਮਾਲਤੀ ਪਈ ਖਿਲਦੀ ਹੇ।
(ਰਾਤ ਦੀ ਚਾਨਣੀ ਵਿਚ ਮਾਲਤੀ ਵੇਲ ਖਿੜ ਰਹੀ ਹੈ)
ਮਾਲੂੰਮ/ਮਾਲੂੰਮੀਅਤ: ਜਾਣਕਾਰੀ
ਅਦਾਲਤ ਕੂੰ ਮਾਲੂੰਮ ਥੀਵੇ ਕਿ ਮਾਮਲੇ ਦੀ ਮਾਲੂੰਮੀਅਤ ਘਟ ਹੇ।
(ਅਦਾਲਤ ਨੂੰ ਦੱਸਦੇ ਹਾਂ ਕਿ ਮਾਮਲੇ ਦੀ ਜਾਣਕਾਰੀ ਘਟ ਹੈ)
ਮਾੜ: ਮਾੜਾ/ਬੁਰਾਈ
ਮੈਕੂੰ ਹੇ ਸਮਝਾਵੋ ਕਿ ਸੱਚ ਡਸਣ ਵਿਚ ਕੇ ਮਾੜ ਹੇ।
(ਮੈਨੂੰ ਇਹ ਸਮਝਾਉ ਕਿ ਸੱਚ ਦਸਣ ਵਿਚ ਕੀ ਬੁਰਾਈ ਹੈ)
ਮਿਉਂਣਾ: ਸਮਾਉਣਾ
ਚੜ੍ਹੀ ਜਵਾਨੀ ਆਖ਼ਰਾਂ ਦੀ, ਕੁੜਤੀ ਵਿਚ ਨਾ ਮਿਉਂਵੇਂ ਜੁੱਸਾ।
(ਚੜ੍ਹੀ ਜਵਾਨੀ ਜ਼ੋਰਾਂ ਦੀ, ਕੁੜਤੀ ਵਿਚ ਨਾ ਸਮਾਵੇ ਜੁੱਸਾ)


ਮਿਆਂਕ: ਲੇਰ
ਜਡੂੰ ਸੀਰਕ ਉਤੇ ਭਾਰ ਪਿਆ, ਥਲੂੰ ਬਾਲ ਦੀ ਮਿਆਂਕ ਨਿਕਲੀ।
(ਰਜ਼ਾਈ ਤੇ ਜਦੋਂ ਭਾਰ ਪਿਆ, ਹੇਠੋਂ ਨਿਆਣੇ ਦੀ ਲੇਰ ਨਿਕਲੀ)
ਮਿਸਣਾ: ਮਿੱਟ ਜਾਣਾ
ਸਲੇਟ ਉਤੂੰ ਸਵਾਲ ਦਾ ਜਵਾਬ ਮਿਸਣ ਨਾ ਡੇਵੋ।
(ਸਲੇਟ ਉਪਰੋਂ ਸੁਆਲ ਦਾ ਉਤਰ ਮਿੱਟਣ ਨਾ ਦਿਉ)
ਮਿਸਮ: ਬੁਝ
ਹਵਾ ਘੁੱਲ ਪਈ ਹੇ, ਡਿਵਾਲੀ ਦੇ ਡੀਵੇ ਮਿਸਮਣ ਲਗੇ ਹਿਨ।
(ਹਵਾ ਚਲ ਪਈ ਹੈ, ਦਿਵਾਲੀ ਦੇ ਦੀਵੇ ਬੁਝਣ ਲਗ ਪਏ ਹਨ)
ਮਿਸਰ/ਮਿਸਰਾਣੀ ਪੰਡਤ/ਪੰਡਤਾਣੀ
ਮਿਸਰ ਤੇ ਮਿਸਰਾਣੀ, ਡੁਹੇਂ ਜੀਅ, ਭਲੇ ਜੀਵੜੇ ਹਿਨ।
(ਪੰਡਤ ਤੇ ਪੰਡਤਾਣੀ, ਦੋਵੇਂ ਜੀਅ ਭਲੇ ਪੁਰਸ਼ ਹਨ)
ਮਿਸਲ: ਫ਼ੈਲ
ਮੁਕੱਦਮੇ ਦੀ ਮਿਸਲ ਤਿਆਰ ਹੇ, ਦਾਇਰ ਕੀਤੀ ਜਾਵੇ।
(ਮੁਕੱਦਮੇ ਦੀ ਫੈਲ ਤਿਆਰ ਹੈ ਦਾਇਰ ਕੀਤੀ ਜਾਵੇ)
ਮਹੁਰਾ: ਵਿਹੁ/ਜ਼ਹਿਰ
ਸਚੇ ਆਸ਼ਕ ਮਹੁਰਾ ਨਹੀਂ ਚਟਦੇ, ਬਿਰਹਾ ਭੋਗਦੇ ਹਿਨ।
(ਸੱਚੇ ਆਸ਼ਕ ਵਿਹੁ ਨਹੀਂ ਖਾਂਦੇ, ਵਿਛੋੜੇ ਝਲਦੇ ਹਨ)
ਮੀਨ/ਮੀਨਾਕਸ਼ੀ: ਮੱਛੀ/ਮੱਛੀ ਨੈਣੀ
ਜਲਖੁਣੋਂ ਮੀਨ ਤੇ ਮਾਹੀ ਖੁਣੋਂ ਮੀਨਾਕਸ਼ੀ, ਕਿਵੇਂ ਜੀਸਿਨ।
(ਜਲ ਬਿਨਾਂ ਮੱਛੀ ਤੇ ਪ੍ਰੇਮ ਬਿਨਾਂ ਮੱਛੀ ਨੈਣੀ ਪ੍ਰੇਮਕਾ, ਕਿਵੇਂ ਜੀਣਗੇ)
ਮੀਣ ਮੇਖ: ਨੁਕਸ ਛਾਂਟਣੇ
ਮੀਣ ਮੇਖ ਕੱਢਣ ਵਾਲੇ ਮਿੱਤਰ ਸੁਧਤਾ ਲਿਆ ਡੇਸਿਨ।
(ਨੁਕਸ ਛਾਂਟਣੇ ਮਿੱਤਰ ਸ਼ੁਧਤਾ ਲਿਆ ਦੇਣਗੇ)
ਮੁਆਤਾ: ਚੁਆਤੀ
ਚਿਖਾ ਕੂੰ ਧੀ ਮੁਆਤਾ ਕਿਉਂ ਨਹੀਂ ਡਿਖਾ ਸਕਨੀ।
(ਚਿਖਾ ਨੂੰ ਧੀ ਚੁਆਤੀ ਕਿਊਂ ਨਹੀਂ ਲਾ ਸਕਦੀ)
ਮੁਇਣ: ਥਿੰਦਾਈ
ਆਟੇ ਵਿਚ ਮੁਇਣ ਘਟ ਹੇ ਤਾਂ ਹੀ ਲੋਲੇ ਭੁਰਦੇ ਹਿਨ।
(ਆਟੇ ਵਿਚ ਥਿੰਦਾਈ ਘਟ ਹੈ, ਤਾਂ ਹੀ ਟਿੱਕੀਆਂ ਭੁਰਦੀਆਂ ਨੇ)
ਮੁਸ ਵੰਞਣਾ: ਬੁਸ ਜਾਣਾ
ਗਰਮੀ ਢੇਰ ਹਾਈ, ਢੱਕੀ ਰਖੀ ਸਬਜ਼ੀ ਮੁਸ ਵੰਞਣੀ ਹਾਈ।
(ਗਰਮੀ ਬਹੁਤ ਸੀ, ਢੱਕ ਕੇ ਰਖੀ ਸਬਜ਼ੀ ਬੁਸ ਹੀ ਜਾਣੀ ਸੀ)
ਮੁਸ਼ੱਕਤ ਕਰੜੀ ਮਿਹਨਤ
ਰੁੱਖਾਂ ਦੀ ਪਟਾਈ ਤੇ ਕਟਾਈ ਮਸ਼ੱਕਤ ਦਾ ਕੰਮ ਹੇ।
(ਰੁੱਖਾ ਦੀ ਪੁਟਾਈ ਤੇ ਕਟਾਈ ਕਰੜੀ ਮਿਹਨਤ ਦਾ ਕੰਮ ਹੈ)

ਮੁਸਲਾ/ਮੁਸਲੀ: ਮੁਸਲਮਾਨ ਮਰਦ/ਔਰਤ
ਭਾਵੇਂ ਮੁਸਲਾ ਹੇ ਭਾਵੇਂ ਮੁਸਲੀ, ਹਿਨ ਤਾਂ ਇਨਸਾਨ।
(ਚਾਹੇ ਮੁਸਲਮਾਨ ਮਰਦ ਹੈ ਜਾਂ ਔਰਤ, ਹਨ ਤਾਂ ਇਨਸਾਨ)
ਮੁਸੱਲਾ: ਨਮਾਜ਼ ਲਈ ਚਟਾਈ/ਹਥਿਆਰ ਬੰਦ
ਚਾ ਮੁਸੱਲਾ, ਪੜ੍ਹ ਨਮਾਜ਼ ਵੱਤ ਮੁਸੱਲਾ ਥੀ ਲੜੀ।
ਚੁਕ ਚਟਾਈ, ਪੜ੍ਹ ਨਮਾਜ਼, ਫਿਰ ਹਥਿਆਰਬੰਦ ਹੋ ਕੇ ਲੜੀ)
ਮੁਸ਼ਕਾਂ ਬੰਨਣੀਆਂ: ਪਿੱਠ ਪਿੱਛੇ ਕਰਕੇ ਹੱਥ ਨੂੜਨੇ
ਕਾਤਲਾਂ ਦੀਆਂ ਮੁਸ਼ਕਾਂ ਬੰਨ੍ਹ ਕੇ ਥਾਣੇ ਨੂੰ ਗਏ ਹਿਨ।
(ਕਾਤਲਾਂ ਦੇ ਹੱਥ ਪਿੱਠ ਪਿੱਛੇ ਨੂੜ ਕੇ ਠਾਣੇ ਲੈ ਗਏ ਹਨ)
ਮੁਸ਼ਟੰਡਾ: ਗਠੀਲਾ ਬਦਮਾਸ਼
ਮੁਸ਼ਟੰਡਿਆਂ ਕੂੰ ਸੋਧਣ ਲਈ ਡਰੋਲੀ ਜਥਾ ਤਿਆਰ ਹੇ।
(ਗਠੀਲੇ ਬਦਮਾਸ਼ਾਂ ਨੂੰ ਸੋਧਣ ਲਈ ਧੁਰਲੀ ਜਥਾ ਤਿਆਰ ਹੈ)
ਮੁਸ਼ਤਾਕ: ਇੱਛੁਕ
ਕ੍ਰਿਪਾ ਨਿਧਾਨ, ਤੈਂਡੀ ਮਿਹਰ ਦਾ ਮੁਸ਼ਤਾਕ ਹਾਂ।
(ਮਿਹਰ ਦੇ ਖਜ਼ਾਨੇ, ਤੇਰੀ ਮਿਹਰ ਦਾ ਇੱਛੁਕ ਹਾਂ)
ਮੁਸਤੀ ਮੁਸੱਦੀ: ਵੱਡਾ ਮੁਨਸ਼ੀ
ਸਾਰੇ ਮੁਸਤੀ ਮੁਸੱਦੀ ਸਡੋ ਤੇ ਹਿਦਾਇਤਾਂ ਕਰ ਡੇਵੋ।
(ਸਾਰੇ ਵਡੇ ਮੁਨਸ਼ੀ ਬੁਲਾਉ ਤੇ ਹਿਦਾਇਤਾਂ ਕਰ ਦਿਉ)
ਮਿੱਸਾ/ਮਿੱਸੀ: ਮਿਸ਼ਰਤ ਅੰਨ/ਛੋਲਿਆਂ ਦੇ ਆਟੇ ਦੀ
ਮਿੱਸਾ ਅੰਨ ਤੇ ਮਿੱਸੀ ਰੋਟੀ ਗਰੀਬਾਂ ਦੇ ਵਿਟਾਮਿਨ ਹੂੰਵਦੇ।
(ਮਿਸ਼ਰਤ ਅੰਨ ਤੇ ਛੋਲਿਆਂ ਦੇ ਆਟੇ ਦੀ ਰੋਟੀ, ਗਰੀਬਾਂ ਦੇ ਵਿਟਾਮਿਨ ਹੁੰਦੇ ਨੇ)
ਮਿਕਨਾਤੀਸ: ਚੁੰਬਕ
ਝੀਣੀਂ ਬਾਣੀ ਮਿਕਨਾਤੀਸੀ ਅਸਰ ਪੈਂਦੀ ਹੇ।
(ਨੀਵੀਂ ਸੁਰ ਦੀ ਬੋਲ ਬਾਣੀ ਚੁੰਬਕੀ ਖਿੱਚ ਪਾਉਂਦੀ ਹੈ)
ਮਿਰਾਜ਼: ਕੈਂਚੀ
ਮਿਰਾਜ਼ ਦਾ ਕੰਮ ਕਟਣਾ ਤੇ ਸੂਈ ਦਾ ਸੀਵਣਾ।
(ਕੈਂਚੀ ਦਾ ਕੰਮ ਕਟਣਾ ਤੇ ਸੂਈ ਦਾ ਸਿਉਣਾ)
ਮਿਜ਼ਮਾਨ: ਮਹਿਮਾਨ
ਮਿਜ਼ਮਾਨ ਆਵੇ ਤਾਂ ਖੁਸ਼ ਥੀਵੋ, ਖੁਦਾ ਦਾ ਰੂਪ ਹੋਵੇ।
(ਮਹਿਮਾਨ ਆਵੇ ਤਾਂ ਖੁਸ਼ ਹੋਵੋ, ਰੱਬ ਦਾ ਰੂਪ ਹੁੰਦਾ ਹੈ)
ਮਿੰਝ/ਮੀਂਝ: ਚਰਬੀ
ਮਿਲਾਵਟੀ ਘੀਊ ਵਿਚ ਮਿੰਝ/ਮੀਂਝ ਰਲਾਈ ਹੁੰਦੀ ਹੇ।
(ਮਿਲਾਵਟੀ ਘਿਊ ਵਿਚ ਚਰਬੀ ਰਲਾਈ ਹੁੰਦੀ ਹੈ)
ਮਿੱਥਿਆ: ਨਾਸ਼ਵਾਨ/ਵਿਅਰਥ
ਮਿੱਥਿਆ ਤਨ ਨਹੀਂ ਪਰਉਪਕਾਰਾ, ਭਲਾ ਕਰੋ।
(ਜੇ ਪਰਉਪਕਾਰ ਨਹੀਂ ਕੀਤਾ ਤਾਂ ਸਰੀਰ ਵਿਅਰਥ ਹੈ, ਭਲਾ ਕਰੋ)

ਮਿੰਬਰ: ਕਾਜ਼ੀ ਦਾ ਚੌਂਤਰੇ ਦਾ ਆਸਨ
ਮਿੰਬਰਾਂ ਤੇ ਬਹਿ ਕੇ ਕਾਜ਼ੀ ਆਪ ਕੁਫਰ ਪਏ ਤੁਲੀੰਦੇ ਹਿਨ।
(ਚੌਂਤਰੇ ਤੇ ਆਸਨ ਲਾ ਕੇ ਬੈਠੇ ਕਾਜ਼ੀ ਝੂਠ ਵਰਤਾ ਰਹੇ ਨੇ)
ਮਿਰਦੰਗ: ਜੋੜੀ (ਢੋਲਕੀਆਂ ਦੀ)
ਵਾਜੇ ਵਾਲੇ ਡੂ ਤੇ ਹਿੱਕ ਮਿਰਦੰਗ ਵਾਲਾ, ਤ੍ਰੈ ਹੋਸਿਨ।
(ਵਾਜੇ ਵਾਲੇ ਦੋ ਤੇ ਜੋੜੀ ਵਾਲਾ ਇਕ, ਤਿੰਨ ਹੋਣਗੇ)
ਮਿਲਸ: ਉਠ ਦੀ ਜੱਤ
ਮਿਲਸ ਪਈ ਹੇ, ਕਤੂੰ, ਧੁੱਸਾ ਬਣਸੀ, ਨਿਘਾ ਹੂੰਦੈ।
(ਉਠਾ ਦੀ ਜੱਤ ਪਈ ਹੈ, ਕਤੀਏ, ਦੋੜਾ ਬਣੂੰ, ਨਿਘਾ ਹੁੰਦਾ ਹੈ)
ਮਿਲਖ: ਸੰਪਤੀ
ਮਿਲਖਾਂ ਦੇ ਝੇੜੇ ਪਵਣ ਤਾਂ ਰਤ ਪਾਣੀ ਥੀ ਵੰਞੇ।
(ਸੰਪਤੀ ਦੇ ਝਗੜੇ ਪੈਣ ਤਾਂ ਲਹੂ ਪਾਣੀ ਹੋ ਜਾਵੇ)
ਮਿਲਾਵਾ/ਮਿਲਣੀ: ਮੇਲ
ਧੇਤੇ-ਪੁਤ੍ਰੇਤੇ ਮਿਲਾਵਾ/ ਮਿਲਣੀ ਕਰਦੇ ਪਏ ਹਿਨ, ਕਤਰਾਂ ਖੱਲੋ।
(ਧੇਤੇ-ਪੁਤੇਤੇ ਮੇਲ ਹੋ ਰਿਹਾ ਹੈ, ਜ਼ਰਾ ਰੁਕੋ)
ਮੀਆਂ: ਖਾਵੰਦ/ਪਤੀ; ਮੀਆਂ ਬੀਵੀ/ਬੀਬੀ: ਪਤੀ-ਪਤਨੀ
ਸਾਡਾ ਮੀਆਂ ਘਰ ਨਹੀਂ, ਬੀਵੀ/ਬੀਬੀ ਕੂੰ ਕਾਹੀਂ ਦਾ ਡਰ ਨਹੀਂ।
(ਸਾਡਾ ਖਾਵੰਦ ਘਰ ਨਹੀਂ ਹੈ ਤਾਂ ਪਤਨੀ ਨੂੰ ਕੋਈ ਡਰ ਭਉ ਨਹੀਂ ਹੈ)
ਮੀਆਂ ਮਿੱਠੂ ਚਾਪਲੂਸ
ਅਜ ਕਲ ਨੇਕ ਸਲਾਹਾਂ ਦੀ ਨਹੀਂ ਮੀਆਂ ਮਿੱਠੂਆਂ ਦੀ ਚਲਦੀ ਹੇ।
(ਅਜ ਕਲ ਨੇਕ ਸਲਾਹਾਂ ਦੀ ਨਹੀਂ, ਚਾਪਲੂਸਾਂ ਦੀ ਚਲਦੀ ਹੈ)
ਮੀਸਣਾ: ਚੁਪ ਕੀਤਾ ਖੋਟਾ
ਮੀਸਣਾਂ ਬਣ ਕੇ ਬੈਠਾ ਰਾਂਧੈ, ਵੇਲੇ ਤੇ ਡਸੇ ਤਾਂ ਨਾਂ।
(ਚੁੱਪ ਕੀਤਾ ਖੋਟਾ ਬਣ ਕੇ ਬੈਠਾ ਰਹੂ, ਵੇਲੇ ਤੇ ਦਸੇ ਤਾਂ ਨਾਂ)
ਮੀਂਗਣਾ: ਬਕਰੀਆਂ ਦਾ ਮੱਲ
ਡੇਰਿਆਂ ਆਲੇ ਮਰੀਜ਼ਾਂ ਕੂੰ ਮੀਂਗਣਾ ਸੂਘੈਂਦੇ, ਧੂੰਆਂ ਚੜੈਂਦੇ ਹਿਨ।
(ਡੇਰਿਆਂ ਵਾਲੇ ਰੋਗੀ ਨੂੰ ਮੀਂਗਣ ਸੁੰਘਾਣ ਤੇ ਧੂੰਆਂ ਦੇਣ)
ਮੀਂਢੀਆ: ਮੇਢੀਆ
ਕੁੜੀ ਦੀ ਨਹਾਈ ਧੁਆਈ ਵੇਲੇ ਮੀਂਢੀਆਂ ਖੋਲਣ ਦੀ ਰੀਤ ਕਰਦੇ ਹਿਨ।
(ਕੁੜੀ ਦੀ ਨਹਾਈ ਧੁਆਈ ਵੇਲੇ ਮੇਢੀਆਂ ਖੋਲਣ ਦੀ ਰੀਤ ਕਰਦੇ ਨੇ)
ਮੁਹਾਰ: ਉਠ ਦੀ ਨਕੇਲ
ਮੇਲੇ ਵੈਂਦਾ ਪਿਐਂ, ਮੈਕੂੰ ਡੂ ਮੁਹਾਰਾਂ ਘਿਨਾ ਡੇਵੇਂ।
(ਮੇਲੇ ਚਲਿਆਂ, ਮੈਨੂੰ ਦੋ ਮੁਹਾਰਾਂ (ਉਠ ਦੀਆਂ ਨਕੇਲਾਂ) ਲਿਆ ਦੇਈਂ)
ਮੁਹਰੀ/ਮੋਹਰੀ: ਅਗੁਵਾਈ ਵਾਲਾ
ਮੁਹਰੀ/ਮੋਹਰੀ ਲਗਾ ਭਜ ਖਲੋਵੈ ਤਾਂ ਜੱਥਾ ਖਿੰਡ ਵੈਸੀ।
(ਅਗੁਵਾਈ ਵਾਲਾ ਭੱਜ ਖੜੇ ਤਾਂ ਜੱਥਾ ਖਿਲਰ ਜਾਊ)

ਮੁਹਲਤ: ਛੋਟ
ਡੂ ਡਿਹਾੜੇ ਜਿੰਦ ਦੀ ਮੁਹਲਤ ਹੇ ਜੋ ਹੁਣ ਪੁੰਨੀ ਹੋਈ ਹੇ।
(ਜਿੰਦੜੀ ਦੀ ਛੋਟ ਦੋ ਦਿਨ ਹੈ ਜੋ ਹੁਣ ਪੁਗੀ ਪਈ ਹੈ)
ਮੁੱਕਾ: ਘਸੁੰਨ
ਹਿੱਕ ਮੁੱਕਾ ਨਾ ਝਲਸੇ, ਸਿਰ ਭਵਾਂ ਡੇਸੀ
(ਇੱਕ ਘਸੁੰਨ ਨਹੀਂ ਝਲ ਪਾਵੇਂਗਾ, ਸਿਰ ਘੁੰਮਣ ਲਗ ਜਾਊ)
ਮੁਕਾਲਾ: ਲਾਹਨਤ
ਦੁਸ਼ਮਣਾ ਕੂੰ ਭੇਤ ਵੰਞ ਡਿਤਾ, ਮੁਕਾਲਾ ਮਲੀ ਬੈਠੈ।
(ਦੁਸ਼ਮਣਾ ਨੂੰ ਭੇਤ ਜਾ ਦਿਤਾ ਹੈਸ, ਲਾਹਨਤ ਖੱਟੀ ਬੈਠੈ)
ਮੁੱਕੀ: ਮੁੱਠਾਂ ਨਾਲ ਗੁੰਨਣਾ
ਜਾਨ ਕਾਈ ਨਿਵ੍ਹੀ, ਮੁੱਕੀ ਡੇ ਕੇ ਕਤਰਾ ਆਟੇ ਕੂੰ ਰਸਾਅ।
(ਜਾਨ ਕੋਈ ਨਹੀਂ ਹਈ, ਮੁੱਠਾਂ ਨਾਲ ਗੁੰਨ ਕੇ ਜ਼ਰਾ ਆਟਾ ਰਸਦਾਰ ਕਰ)
ਮੁੱਚ: ਸਚੀਂ
ਸਚ ਮੁੱਚ ਤੂ ਗਿਆ ਹਾਏਂ, ਇਤਬਾਰ ਨਹੀਂ ਆਂਦਾ।
(ਸਚੀਂ ਸਹੀਂ ਤੂੰ ਗਿਆ ਸੀ, ਇਤਬਾਰ ਨਹੀਂ ਆਉਂਦਾ)
ਮੁਚੱਲਕਾ: ਕਰਾਰਨਾਮਾ/ਮੁਕਰਨ ਤੇ ਜੁਰਮਾਨਾ/ਹਰਜਾਨਾ
ਮੰਨਜ਼ੂਰ ਹੋਵੇ ਤਾਂ ਮੁਚੱਲਕਾ ਭਰ ਡੇਵੋ, ਮੁਚੱਲਕਾ ਡੂ ਹਜ਼ਾਰ ਥੀਸੀ।
(ਮੰਨਜ਼ੂਰ ਹੈ ਤਾਂ ਕਰਾਰਨਾਮਾ ਕਰ ਦਿਉ, ਹਰਜਾਨਾ ਦੋ ਹਜ਼ਾਰ ਹੋਊ)
ਮੁੱਛਣਾ: ਟੂਸੇ ਤੋੜਨੇ/ਲਾਪਰਨਾ
ਬਕਰੀਆਂ ਦੇ ਮੁੱਛੇ ਛੋਲੇ ਢੇਰ ਫੁਟਸਿਨ।
(ਬਕਰੀਆਂ ਦੇ ਲਾਪਰੇ ਛੋਲੇ ਬਹੁਤ ਫੁਟਣਗੇ)
ਮੁੱਛਲ: ਭਾਰੀਆਂ ਮੁੱਛਾਂ ਵਾਲਾ
ਡਾਕੂਆਂ ਚੂੰ ਹਿੱਕ ਜਾਣਾ ਭਾਰਾ ਮੁੱਛਲ ਹਾਈ।
(ਲੁਟੇਰਿਆਂ ਵਿਚੋਂ ਇਕ ਬੰਦਾ ਭਾਰੀ ਮੁੱਛਾਂ ਵਾਲਾ ਸੀ)
ਮੁੰਜ/ਮੁੰਞ: ਸਣ
ਪੀਊ ਪੁਤਰ ਰਲ ਕੇ ਕੰਮ ਕਰੀਂਦੇ, ਡੇਖ ਮੁੰਜ/ਮੁੰਞ ਵਟੀਂਦੇ।
(ਪਿਉ,ਪੁਤਰ ਰਲ ਕੇ ਕੰਮ ਕਰਦੇ ਨੇ, ਵੇਖ ਸਣ ਪਏ ਵਟਣ)
ਮੁਜਰਾ: ਨਾਚ ਗਾਣਾ
ਸ਼ਾਹ ਨੇ ਧੀ ਦੇ ਕਾਜ ਤੇ ਮੁਜਰਾ ਕਿਵੇਂ ਰੱਖ ਡਿੱਤੈ।
(ਸੇਠ ਨੇ ਧੀ ਦੇ ਵਿਆਹ ਤੇ ਨਾਚ ਗਾਣਾ ਕਿਵੇਂ ਰੱਖ ਲਿਆ ਹੈ)
ਮੁਜ਼ੋਰ: ਇਸਲਾਮੀ ਪੁਜਾਰੀ
ਪਾਕ ਦਾਮਨ ਲੋਕਾਂ ਵਿਚ ਮਜੋਰ ਭੜਕਾਹਟ ਪੈਂਦੇ ਪਏ ਨੇ।
(ਸਚੇ ਸੁਚੇ ਲੋਕਾਂ ਵਿਚ ਇਸਲਾਮੀ ਪੁਜਾਰੀ, ਭੜਕਾਹਟ ਪਾ ਰਹੇ ਹਨ)
ਮੁਜ਼ੰਮਤ: ਨਿਖੇਧੀ
ਸਾਰੇ ਲਾਣੇ ਨੇ ਛੁਹਰ ਦੀ ਕਰਤੂਤ ਦੀ ਮੁਜ਼ੰਮਤ ਕੀਤੀ ਹੇ।
(ਸਾਰੇ ਲਾਣੇ ਨੇ ਮੁੰਡੇ ਦੀ ਕਰਤੂਤ ਦੀ ਨਿਖੇਧੀ ਕੀਤੀ ਹੈ)

ਮੁੱਟਾ: ਇਕ ਲਖ਼ਤ/ਇਕੋ ਵਾਰੀ
ਗਿਣਤੀ ਮਿਣਤੀ 'ਚ ਮਤ ਪੋਵੋ, ਮੁੱਟਾ ਮੁਕਾਵੋ।
(ਗਿਣਤੀ ਮਿਣਤੀ ਵਿਚ ਨਾ ਪਵੋ, ਇਕੋ ਵਾਰ ਹੀ ਮੁਕਾ ਦਿਉ)
ਮੁੱਢੂੰ: ਸ਼ੁਰੂ ਤੋਂ ਮੁਢੋਂ
ਮੁੱਢੂੰ ਡਸੇਸੇਂ, ਰੋਲਾ ਕਿਵੇਂ ਪਿਆ, ਤਾਂ ਸਮਝ ਪੋਸੀ।
(ਸ਼ੁਰੂ ਤੋਂ ਦਸੇਂਗਾ, ਰੌਲਾ ਕਿਵੇਂ ਪਿਆ, ਤਾਂ ਸਮਝ ਪਵੇਗੀ)
ਮੁਣਸ: ਪਤੀ
ਮੁਣਸ ਤੂੰ ਪਰਬਾਹਰੀ ਥੀ ਕੇ ਕਿਥੇ ਵੰਞ ਵਸਸੇਂ।
(ਪਤੀ ਤੋਂ ਵੱਖ ਹੋ ਕੇ ਕਿਥੇ ਜਾ ਵਸੇਂਗੀ)
ਮੁਤਬਾਦਲ: ਬਰਾਬਰ
ਕਾਣੀ ਵੰਡ ਨਾ ਕਰੋ, ਹੱਟੀ ਦੇ ਮੁਤਬਾਦਲ ਮੈਕੂੰ ਹਿੱਸਾ ਡੇਵੋ।
(ਕਾਣੀ ਵੰਡ ਨਾ ਕਰੋ, ਹੱਟੀ ਦੇ ਬਰਾਬਰ ਮੈਨੂੰ ਹਿੱਸਾ ਦਿਉ)
ਮੁਤਾਬਕ: ਅਨੁਸਾਰ
ਹਿਸ ਬਖਾਨ ਮੁਤਾਬਕ ਤਾਂ ਬੰਦਾ ਬੰਦਰ ਤੂੰ ਬਣਿਐਂ।
(ਇਸ ਵਿਆਖਿਆ ਅਨੁਸਾਰ ਬੰਦਾ ਬਾਂਦਰ ਤੋਂ ਬਣਿਆ ਹੈ)
ਮੁਤਰਦਾ ਮੂਤਦਾ
ਬੜ੍ਹਕਾਂ ਮਾਰਦਾ ਡਿੱਠਾ ਹਾਵੇ, ਹੁਣ ਮੁਰਦਾ ਵੱਦੈ।
(ਲਲਕਾਰੇ ਮਾਰਦਾ ਵੇਖਿਆ ਸੀ, ਹੁਣ ਮੂਤਦਾ ਫਿਰਦੈ)
ਮੁਤਾਲਿਆ ਅਧਿਅਨ
ਨਿਰਣੇ ਤੋਂ ਪਹੁੰਚਣੇ ਕੂ ਹੁਣ ਹੋਰ ਮੁਤਾਲਿਆ ਕਰਨਾ ਪਉਸੀ।
(ਫ਼ੈਸਲੇ ਤੇ ਪੁਜਣ ਨੂੰ ਹੋਰ ਅਧਿਅਨ ਕਰਨਾ ਪਊ)
ਮੁਤਵਾਜ਼ੀ: ਬਰਾਬਰ ਦੀ
ਮੁਤਵਾਜ਼ੀ ਤਜਵੀਜ਼ ਆਈ ਹੇ, ਮੁਤਾਲਿਆ ਕੀਤਾ ਵੰਞੇ।
(ਬਰਾਬਰ ਦਾ ਸੁਝਾਅ ਆਇਆ ਹੈ, ਅਧਿਅਨ ਕੀਤਾ ਜਾਵੇ)
ਮੁਥਾਜ: ਬੇਬਸ
ਸਾਰਾ ਤਰਕਾ ਸਾਂਭ ਘਿੱਧਾ ਹਿਨੇ, ਮੈਂ ਮੁਥਾਜ ਥੀ ਗਿਆਂ।
(ਸਾਰੀ ਸੰਪਤੀ ਸਾਂਭ ਲਈ ਨੇ, ਮੈਂ ਬੇਬਸ ਹੋ ਗਿਆ ਹਾਂ)
ਮੁੱਦਾ: ਮੁੱਖ ਗਲ, ਮੁੱਦਈ: ਮਾਮਲਾ ਚੁਕਣ ਵਾਲਾ, ਮੁਦਾਲਿਆ: ਜਵਾਬੀ ਧਿਰ
ਮੁੱਦਈ ਨੇ ਅਦਾਲਤ ਅਰੀ ਮੁਦਾਲਿਆ ਵਿਰੁੱਧ ਸਾਰਾ ਮੁੱਦਾ ਰਖਿਆ।
(ਅਦਾਲਤ ਅਗੇ ਮਾਮਲੇ ਦੀ ਧਿਰ ਨੇ ਜਵਾਬੀ ਧਿਰ ਵਿਰੁਧ ਮੁੱਖ ਗਲ ਰੱਖੀ)
ਮੁੰਦਣਾ ਬੰਦ ਕਰਨਾ
ਭਿਰਾ ਦੇ ਗੁਨਾਹ ਤੇ ਅੱਖਾਂ ਮੁੰਦ ਘਿਨਦੈ, ਪੱਖ ਕਰੀਂਦੈ।
(ਭਰਾ ਦੇ ਕਸੂਰ ਤੇ ਅੱਖਾਂ ਬੰਦ ਕਰ ਲੈਂਦਾ ਹੈ, ਪੱਖ ਕਰਦਾ ਹੈ)
ਮੁਨਸਫ਼: ਨਿਆਇਕ
ਮੈਂ ਤੈਕੂੰ ਮੁਨਸਫ਼ ਮੰਨਦਾਂ, ਤੁ ਝੇੜਾ ਮੁਕਾ।
(ਮੈਂ ਤੈਨੂੰ ਨਿਆਇਕ ਮੰਨਦਾ ਹਾਂ, ਝਗੜਾ ਮੁਕਾ ਦੇ)

ਮੁੰਨ: ਹਜਾਮਤ
ਘਰੂੰ ਬਾਹਰ ਨਿਕਲੀ ਹਾਈ ਤੇ ਪਾਪ ਕੀਤਾ ਹਿੱਸ, ਸਿਰ ਮੁੰਨੋ ਹਿਸਦਾ।
(ਘਰੋਂ ਬਾਹਰ ਨਿਕਲੀ ਸੀ ਤੇ ਪਾਪ ਕੀਤਾ ਹੈਸ, ਇਹਦੇ ਸਿਰ ਦੀ ਹਜਾਮਤ ਕਰੋ)
ਮੁੰਨਾ: ਪੌਣਾ/ਚਰਖੇ ਦਾ ਟੰਬਾ
ਚਰਖੇ ਦਾ ਮੁੰਨਾ ਪਵਾਵਣੈ ਤਾਂ ਮੁੰਨਾ ਸੇਰ ਗੁੜ ਡੇ।
(ਚਰਖੇ ਦਾ ਟੰਬਾਂ ਪੁਆਉਣਾ ਹੈ ਤਾਂ ਪੌਣਾ ਸੇਰ ਗੁੜ ਦੇ)
ਮੁਨ੍ਹੇਰਾ: ਤੜਕਸਾਰ ਦਾ ਘੁਸ ਮੁਸਾ
ਹੁਣ ਸੰਮ ਪੋ, ਗਲਾਂ ਨਾ ਛੋਹ, ਮੁਨ੍ਹੇਰੇ ਜੁਲਣਾ ਹੇ।
(ਹੁਣ ਸੌ ਜਾ, ਗਲਾਂ ਨਾ ਛੇੜ, ਤੜਕਸਾਰ ਘੁਸਮੁਸੇ ਚਲਣਾ ਹੈ।
ਮੁੰਨੀ ਥੰਮੀ/ਤੁਲ
ਲਿਫਦੀ ਪਈ ਹੈ ਝੱਗੀ, ਕਾਈ ਮੁੰਨੀ ਡਿਵਾਊਂ।
(ਝੁਗੀ ਲਿਫ ਰਹੀ ਹੈ, ਕੋਈ ਥੰਮੀ/ਤੁਲ ਦੁਆਈਏ)
ਮੁਬਾਲਗਾ: ਭੁਲੇਖਾ
ਮੈਂ ਤਾਂ ਕੋਈ ਨਮ੍ਹ ਆਇਆ, ਕਾਈ ਮੁਬਾਲਗਾ ਲਗਾ ਹੇਈ।
(ਮੈਂ ਤਾਂ ਕੋਈ ਨਹੀਂ ਸੀ ਆਇਆ, ਕੋਈ ਭੁਲੇਖਾ ਲਗਾ ਹਈ)
ਮੁਮਕਿਨ ਸੰਭਵ
ਮੁਮਕਿਨ ਹੈ, ਮੈਂਡਾ ਭਿਰਾ ਆਇਆ ਹੋਵੇ, ਮੈਂ ਨਹੀਂ।
(ਸੰਭਵ ਹੈ, ਮੇਰਾ ਭਰਾ ਆਇਆ ਹੋਵੇ, ਮੈਂ ਨਹੀਂ)
ਮੁਰਸ਼ਿਦ ਗੁਰੂ
ਤੈਕੂੰ ਜੋ ਮੁਰਸ਼ਿਦ ਧਾਰਿਐ, ਹੁਣ ਤੂੰ ਹੀ ਤਰੇਂਸੇ।
(ਤੈਨੂੰ ਜੋ ਗੁਰੂ ਧਾਰਿਆ ਹੈ, ਹੁਣ ਤੂੰ ਹੀ ਤਾਰੇਂਗਾ)
ਮੁਰੀਦ: ਚੇਲਾ
ਮੁਰਸ਼ਿਦ ਖੁਣੋਂ, ਮੁਰੀਦਾਂ ਦਾ ਬਿਆ ਕੌਣ ਹੇ।
(ਗੁਰੂ ਬਿਨਾਂ ਚੇਲਿਆਂ ਦਾ ਹੋਰ ਕੌਣ ਹੈ)
ਮੁਰਦਾਰ ਦੁਰਾਚਾਰੀ
ਹੋ ਮੁਰਦਾਰ ਡਿਸ ਪੋਵੇ ਤਾਂ ਮੈਂਡਾ ਤ੍ਰਾਹ ਨਿਕਲ ਵੈਂਦੈ।
(ਉਹੋ ਦੁਰਾਚਾਰੀ ਦਿਸ ਪਵੇ ਤਾਂ ਮੈਨੂੰ ਕਾਂਬਾ ਛਿੜ ਪੈਂਦਾ ਹੈ)
ਮੁਲਖਈਆ: ਅਵਾਮ
ਤਾਨਾਸ਼ਾਹ ਹਕੂਮਤਾਂ ਅਗੂੰ ਮੁਲਖਈਆ ਉਠ ਖਲੋਸੀ।
(ਤਾਨਾਸ਼ਾਹ ਸਰਕਾਰਾਂ ਸਾਹਵੇਂ ਅਵਾਮ ਉਠ ਖੜਨਗੇ)
ਮੁਲਾਮਤ: ਤਾੜਨਾ ਤੇ ਨਿਖੇਧੀ
ਅਦਾਲਤ ਨੇ ਪੁਲਿਸ ਦੀ ਲਾਪਰਵਾਹੀ ਪਿਛੂੰ ਮੁਲਾਮਤ ਕੀਤੀ।
(ਅਦਾਲਤ ਨੇ ਪੁਲਿਸ ਦੀ ਲਾਪਰਵਾਹੀ ਪਿਛੇ ਤਾੜਵੀਂ ਨਿਖੇਧੀ ਕੀਤੀ)
ਮੁਵਾਦ: ਕਚ ਲਹੂ ਤੇ ਪਸ
ਚੀਰ ਫਾੜ ਕਰਕੇ ਸਾਰਾ ਮੁਵਾਦ ਕਢਣਾ ਪੋਸੀ।
(ਚੀਰਾ ਦੇ ਕੇ ਸਾਰਾ ਕਚਲਹੂ ਤੇ ਪਾਕ ਕਢਣੇ ਪੈਣਗੇ)


ਮੁੜੰਗਾ/ਮੁਹਾਂਦਰਾ: ਨੈਣ ਨਕਸ਼
ਭਿਰਾਵਾਂ ਦਾ ਮੁੜਗਾ/ਮੁਹਾਂਦਰਾ ਈਂਞ ਰਲਦੈ ਜਿਵੇਂ ਜੌੜੇ ਹੋਣ।
(ਭਰਵਾਂ ਦੇ ਨੈਣ ਨਕਸ਼ ਇਉਂ ਮਿਲਦੇ ਨੇ ਜਿਵੇਂ ਜੌੜੇ ਹੋਣ)
ਮੁਆ/ਮੂਈ: ਮਰ ਜਾਣੇ
ਮੂਏ ਡੁਹੇਈ, ਵੇਲਾ ਵੀ ਨਹੀਂ ਡੇਧੇ, ਬੂਹੇ ਭੇੜ ਘਿਨਦੇ ਹਿਨ।
(ਮਰ ਜਾਣੇ ਦੋਨੋ, ਵੇਲਾ ਵੀ ਨਹੀਂ ਵੇਂਹਦੇ, ਬੂਹੇ ਢੋ ਲੈਂਦੇ ਨੇ)
ਮੂਸਾ: ਇਸਾਈ ਸੰਤ/ਚੂਹਾ
ਮੂਸਾ ਗਣੇਸ਼ ਦੀ ਸਵਾਰੀ ਤੇ ਈਸਾ ਮੂਸਾ, ਮੈਂ ਕੈਂਹ ਕੂੰ ਨਾਹ ਮੰਨਦਾ।
(ਚੂਹਾ ਗਣੇਸ਼ ਦੀ ਸਵਾਰੀ, ਈਸਾਈ ਸੰਤ ਮੂਸਾ, ਮੈਂ ਕਿਸੇ ਨੂੰ ਨਹੀਂ ਮੰਨਦਾ)
ਮੂਸਲ/ਮੂਸਲੀ: ਦਸਤਾ।ਇਮਾਮ
ਪੰਸਾਰੀ ਦੇ ਵੰਞ, ਮੂਸਲ ਮੂਸਲੀ ਮੰਗ ਤੇ ਦਵਾ ਕੁੱਟ ਘਿਨਾ।
(ਪੰਸਾਰੀ ਦੇ ਜਾ, ਦਸਤਾ ਤੇ ਇਮਾਮ ਮੰਗ ਤੇ ਦਵਾ ਕੁੱਟ ਲਿਆ)
ਮੂਕ: ਚੁੱਪ
ਤਾਂਦੂਆ ਤਰੁੱਟੇ, ਜਿੱਭ ਚਲਿਸ ਤਾਂ ਮੂਕ ਮੁਕਸੀ।
(ਤਾਂਦੂਆ ਟੁੱਟੇ, ਜੀਭ ਚਲ ਪਵੇ ਤਾਂ ਇਸਦੀ ਚੁੱਪ ਖ਼ਤਮ ਹੋਊ)
ਮੂੰਢਾ: ਮੋਢਾ
ਤਿਲਕ ਪਿਆਂ ਹਾਈ, ਮੂੰਢਾ ਹੱਲ ਗਿਆ ਹਿਸ।
(ਤਿਲਕ ਗਿਆ ਸੀ, ਮੋਢਾ ਲਹਿ ਗਿਆ ਸੈ)
ਮੂਰਾ: ਬੇਜਾਨ ਬੇਜ਼ਬਾਨ/ਮੜ੍ਹਿਆ ਵਛੜਾ
ਮੂਰਾ ਬਣ ਕੇ ਖਲੋਸੇਂ ਕਿ ਮੂਰਾ ਗਾਂ ਅਗੂੰ ਕਰੇਂਸੇ, ਪਸਮਸੀ ਤਾਂ ਨਾਂ।
(ਬੇਜ਼ੁਬਾਨ ਬਣ ਖੜੇਂਗਾ ਕਿ ਗਾਂ ਅਗੇ ਮੜਿਆ ਵਛਾ ਕਰੇਂਗਾ, ਤਾਂ ਹੀ ਪਸਮੂਗੀ)
ਮੂੜ੍ਹ: ਮੂਰਖ
ਕੇਡੇ ਮੂੜ੍ਹ ਨਾਲ ਪਾਲਾ ਪਿਆ ਹੇ, ਕੂੰਦਾ ਹੀ ਨਹੀਂ।
(ਕੇਡੇ ਮੂਰਖ ਨਾਲ ਵਾਸਤਾ ਪਿਆ ਹੈ, ਅਗੋਂ ਹੂੰ ਹਾਂ ਹੀ ਨਹੀਂ ਕਰਦਾ)
ਮੂੜੀ: ਪੂੰਜੀ
ਸਾਰੀ ਮੂੜੀ ਵੰਵਾ ਬੈਠੇ, ਹੁਣ ਥੋੜੀ ਮੂੜੀ, ਛੋਟਾ ਵਪਾਰ।
(ਸਾਰੀ ਪੂੰਜੀ ਗੁਆ ਬੈਠੇ, ਹੁਣ ਘਟ ਰਕਮ, ਛੋਟਾ ਵਪਾਰ)
ਮੇਸ: ਪੋਚ, ਪੱਟੀ ਮੇਸ: ਬੇੜਾ ਗਰਕ
ਸਾਰਾ ਲੈਣ-ਦੇਣ ਮੇਸ ਡਿਤਸ, ਪਟੀ ਮੇਸ ਕਰ ਲਈ ਹਿਸ।
(ਸਾਰਾ ਲੈਣ ਦੇਣ ਪੋਚ ਦਿਤਾ ਹੈਸ, ਬੇੜਾ ਗਰਕ ਕਰ ਲਿਆ ਹੈਸ)
ਮੇਦਨੀ: ਧਰਤ
ਲੱਖ ਚੌਰਾਸੀ ਮੇਦਨੀ, ਉਪਜੇ ਬਿਨਸੈ ਡੀਂਹ ਰਾਤੀ।
(ਧਰਤੀ ਉਪਰ ਚਰਾਸੀ ਲੱਖ ਜੀਵ, ਦਿਨ ਰਾਤ ਜੰਮਦੇ ਮਰਦੇ ਨੇ)
ਮੇਲ: ਸੁੰਬਰ
ਮੰਡੀ ਵਿਚ ਫ਼ਸਲ ਦਾ ਛਟਣ ਮੇਲਣ ਦਾ ਠੇਕਾ ਹੇ।
(ਮੰਡੀ ਵਿਚ ਫ਼ਸਲ ਦੀ ਸਾਰੀ ਛੱਟਕੇ ਸੁੰਬਰਨ ਦਾ ਠੇਕਾ ਹੈ)


ਮੇਮਣਾ/ਮੇਮਣੀ: ਬਕਰੀ ਦੇ ਬੱਚੇ
ਹੁਣ ਨਿੱਕੇ ਨਿਵ੍ਹੇ, ਹਰ ਵੇਲੇ ਮੇਮਣੇ ਚਾਈ ਵੱਦੇ ਹੋ।
(ਹੁਣ ਨਿੱਕੇ ਨਹੀਂ ਹੋ, ਹਰ ਵੇਲੇ ਬਕਰੀ ਦੇ ਬੱਚੇ ਚੁਕੀ ਰਖਦੇ ਹੋ)
ਮੈਕੂੰ: ਮੈਨੂੰ
ਤੈਂਡੀ ਜੁਦਾਈ ਮੈਕੂੰ ਮਾਰ ਸਟੇਸੀ, ਛੋੜ ਕੇ ਨਾ ਵੰਞ।
(ਤੇਰੀ ਜੁਦਾਈ ਮੈਨੂੰ ਮਾਰ ਸਿੱਟੂ, ਛੱਡ ਕੇ ਨਾ ਜਾ)
ਮੈਂਡਾ/ਮੈਂਢਾ: ਮੇਰਾ
ਵਲ ਆ}} ਵਣ ਭੈੜੀ, ਮੈਂਡਾ/ਮੈਂਢਾ ਮਰੇ ਦਾ ਮੂੰਹ ਡੇਖਸੇਂ।
(ਮੁੜਿਆ ਨੀ ਭੈੜੀਏ, ਮੇਰਾ ਮਰੇ ਦਾ ਮੂੰਹ ਵੇਖੇਂਗੀ)
ਮੈਥੂੰ: ਮੇਰੇ ਕੋਲੋਂ
ਤੂ ਮੈਕੂੰ ਹਰ ਵੇਲੇ ਨਾ ਭੜਕਾ, ਮੈਥੂੰ ਖੂਨ ਕਰੈਸੇਂ।
(ਤੂੰ ਮੈਨੂੰ ਹਰ ਵੇਲੇ ਨਾ ਭੜਕਾ, ਮੇਰੇ ਕੋਲੋਂ ਖੂਨ ਕਰਾਏਂਗੀ)
ਮੋਹਲਾ: ਘੋਟਣਾ
ਦੌਰੀ ਵਿਚ ਮੋਹਲੇ ਨਾਲ ਬਿਦਾਮ ਰਗੜ ਕੇ ਡੇ।
(ਕੁੰਡੇ ਵਿਚ ਘੋਟਣੇ ਨਾਲ ਬਦਾਮ ਰਗੜ ਕੇ ਦੇ)
ਮੋਕਲਾ: ਖੁਲ੍ਹਾ
ਕਿਡਾਹੀਂ ਨਿਕਲ ਵੈਸਾਈਂ, ਸੰਸਾਰ ਬਹੂੰ ਮੋਕਲੈ।
(ਕਿਧਰੇ ਨਿਕਲ ਜਾਵਾਂਗਾ, ਸੰਸਾਰ ਬੜਾ ਖੁਲ੍ਹਾ ਹੈ)
ਮੋਖ: ਭੇਟਾ
ਗੁਟਕਿਆਂ ਦੀ ਮੋਖ ਪੈਸੇ ਨਹੀਂ, ਸੂਝ ਨਾਲ ਪਾਠ ਹੇ।
(ਗੁਟਕਿਆਂ ਦੀ ਭੇਟਾ ਪੈਸੇ ਨਹੀਂ, ਸੂਝ ਨਾਲ ਕੀਤਾ ਪਾਠ ਹੈ)

(ਯ)


ਯਊਂ-ਯਊ: ਮਿਆਉਂ ਮਿਆਉਂ
ਯਊ-ਯਊਂ ਨਾ ਕਰ, ਸਿੱਧਾ ਥੀ ਕੇ ਮਾਫ਼ੀ ਮੰਗ।
(ਮਿਆਊਂ ਮਿਆਊਂ ਨਾ ਕਰ, ਸਿੱਧਾ ਹੋ ਕੇ ਮਾਫੀ ਮੰਗ)
ਯਹਾਵੀ: ਚੋਦ-ਮਾਂ-ਭੈਣ ਦੀ ਗਾਲ-ਮਾਂ.....,ਭੈਣ.....
ਯਹਿ ਮਾਰਿਆ: ਅਕਾ ਦਿਤਾ
ਵਤ ਆਂਦਾ ਪਿਆ ਹੇ ਪੈਸੇ ਮੰਗਣ, ਯਹਿ ਮਾਰਿਆ ਹਿਸ।
(ਫਿਰ ਆ ਰਿਹਾ ਹੈ ਪੈਸੇ ਮੰਗਣ, ਅਕਾ ਦਿਤਾ ਹੈਸ)
ਯਹੱਕਲ: ਦੁਰਾਚਾਰਨ
ਗਵਾਂਢਣ ਦਾ ਯਹੱਕਲ ਪੁਣਾ ਹੁਣ ਬਿਆ ਨਹੀਂ ਝਲੀਂਦਾ।
(ਗਵਾਂਢਣ ਦਾ ਦੁਰਾਚਾਰ ਹੁਣ ਹੋਰ ਝਲਿਆ ਨਹੀਂ ਜਾਂਦਾ)
ਯਕਸ਼: ਧਨ ਦੇਵਤੇ ਦਾ ਅਧਿਕਾਰੀ
ਧਰਤੀ ਥਲੂੰ ਮਿਲਦੇ ਖਜ਼ਾਨੇ, ਆਧੇ ਹਿਨ, ਯਕਸ਼ ਸੰਭਾਲਦਾ ਹੇ।
(ਧਰਤੀ ਹੇਠੋਂ ਮਿਲਦੇ ਖਜ਼ਾਨੇ, ਕਹਿੰਦੇ ਨੇ, ਯਕਸ਼ ਸਾਂਭਦਾ ਹੈ)