ਸਮੱਗਰੀ 'ਤੇ ਜਾਓ

ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ਵ)

ਵਿਕੀਸਰੋਤ ਤੋਂ

ਲੇਰ: ਚੰਘਿਆੜ
ਸ਼ੇਰ ਕੂੰ ਡੇਹਧੇ ਹੀ ਬੰਦੇ ਦੀ ਲੇਰ ਨਿਕਲੀ।
(ਸ਼ੇਰ ਨੂੰ ਵੇਖਦੇ ਹੀ ਬੰਦੇ ਦੀ ਚੰਘਿਆੜ ਨਿਕਲੀ)
ਲੇੜ੍ਹ: ਸਿਉਣ
ਭੀੜਾ ਹੇ ਨਾ, ਹੇ ਲੇੜ੍ਹ ਉਧੇੜ ਸਟ, ਖੁਲ੍ਹ ਵੈਸੀ।
(ਭੀੜਾ ਹੈ ਨਾ, ਇਹ ਸਿਉਣ ਉਧੇੜਦੇ, ਖੁਲ੍ਹਾ ਹੋ ਜਾਊ)
ਲੋ: ਰੋਸ਼ਨੀ; ਲੋਇਣ/ਲੋਚਣ: ਨੈਣ
ਲੋ ਘਟ ਹੇ, ਲੋਇਣ/ਲੋਚਣ ਡੇਖ ਨਹੀਂ ਸੰਗਦੇ।
(ਰੋਸ਼ਨੀ ਘਟ ਹੈ, ਨੈਣ ਦੇਖ ਨਹੀਂ ਸਕਦੇ)
ਲੋਟ: ਨੋਟ:
ਲੋਟ ਗਿਣਦਾ ਬੁੱਢਾ ਥੀ ਗਿਆ ਪਰ ਖਜ਼ਾਨਚੀ ਰਿਹਾ ਨਿਰਧਨ।
(ਨੋਟ ਗਿਣਦਾ ਬੁੱਢਾ ਹੋ ਗਿਆ ਪਰ ਖਜ਼ਾਨਚੀ ਰਿਹਾ ਗਰੀਬ)
ਲੋਥ: ਲਾਸ਼
ਜਿਹੜਾ ਕਾਈ ਕੰਮ ਕਾਰ ਨਾ ਕਰੇ, ਲੋਥ ਹੀ ਆਖਸਾਂ।
(ਜੋ ਕੋਈ ਕੰਮ ਨਾ ਕਰੇ, ਲੋਥ/ਲਾਸ਼ ਹੀ ਆਖੂੰ)
ਲੋਲਾ/ਲੋਲੇ/ਟਿਕੜੇ: ਮੱਠੀਆਂ
ਅੰਮਾਂ ਦੇ ਖਵਾਏ ਲੋਲੇ/ਟਿਕੜੇ ਹਜੇ ਤਕ ਯਾਦ ਹਿਨ।
(ਬੇਬੇ ਦੀਆਂ ਖੁਆਈਆਂ ਮੱਠੀਆਂ ਅਜੇ ਤਕ ਯਾਦ ਨੇ)
ਲੋਲ੍ਹਾ: ਝੁਡੂ
ਕਿਹਾ ਲੋਲ੍ਹਾ ਜਣਿਆ ਹੇਈ, ਕੈਂਹ ਕੰਮ ਦਾ ਨਹੀਂ।
(ਕੀ ਝੁਡੁ ਜੰਮਿਆ ਹਈ, ਕਿਸੇ ਕੰਮ ਦਾ ਨਹੀਂ ਹੈ)

(ਵ)


ਵਸਮਾ: ਵਾਲਾਂ ਦਾ ਰੰਗ
ਵਸਮਾ ਮਲ ਮਲ ਉਮਰ ਲੁਕੈਸੇਂ, ਹਯਾਤੀ ਕੂੰ ਕਿੰਝ ਭਰਮੈਸੇਂ।
(ਵਾਲਾ ਦਾ ਰੰਗ ਲਾ ਕੇ ਉਮਰ ਲਕੋਏਂਗਾ, ਮੌਤ ਨੂੰ ਕਿਵੇਂ ਭੁਲੇਖਾ ਦੇਵੇਂਗਾ)
ਵਸਾਰ/ਵਿਸਾਰ: ਹਲਦੀ/ਭੁਲਾਉਣਾ
ਵਿਸਾਰ ਬੈਠੀ ਹੇ ਨਾ, ਢੇਰ ਵਿਸਾਰ/ਵਿਸਾਰ ਡਾਲ ਵਿਗਾੜ ਸਟੇ।
(ਭੁਲਾ ਬੈਠੀ ਹੈਂ ਨਾ, ਜ਼ਿਆਦਾ ਹਲਦੀ ਦਾਲ ਵਿਗਾੜ ਦੇਵੇ)
ਵਸੋਆ: ਵਿਸਾਖੀ
ਹੋਵੇ ਕੀਰਤਨ ਤਾਂ ਸਮਝੋ ਸਦਾ ਵਸੋਆ ਹੋਵੇ।
(ਕੀਰਤਨ ਹੋਵੇ ਤਾਂ ਸਮਝੋ ਹਰ ਸਮਾਂ ਵਿਸਾਖੀ ਦੀ ਖੁਸ਼ੀ ਹੈ)
ਵਹਿਲਾ ਕਰ: ਚਲ ਜਾਣ ਦੇ
ਭਲਾ ਲੋਕ ਅੰਦਰਲੀ ਗਲ ਕਢ ਬੈਠੇ, ਵਹਿਲਾ ਕਰੋ, ਕੁਝ ਨਾ ਆਖ।
(ਸਿੱਧਾ ਬੰਦਾ, ਗੁਪਤ ਗਲ ਕਢ ਬੈਠੇ, ਚਲ ਜਾਣ ਦੇ, ਕੁਝ ਨਾ ਕਹੀਂ)

ਵਹਿਲਾ ਥੀ: ਛੇਤੀ ਕਰ
ਮੀਂਹ ਚੜ੍ਹ ਆਏ, ਵਹਿਲਾ ਥੀ, ਸਮਾਨ ਬੰਨ੍ਹ, ਧੁੱਪ ਥੀ ਵੈਸੀ।
(ਦਿਨ ਚੜ੍ਹ ਗਿਐ, ਛੇਤੀ ਕਰ, ਸਮਾਨ ਬੰਨ੍ਹ, ਧੁੱਪ ਹੋ ਜੂ)
ਵਹਿਬਤ: ਭੈੜੀ ਆਦਤ
ਵਿਗੜੈਲ ਦੀਆਂ ਵਹਿਬਤਾਂ ਘਰ ਵੰਞਾ ਸਟੈ।
(ਵਿਗੜੇ ਦੀਆਂ ਭੈੜੀਆਂ ਆਦਤਾਂ ਘਰ ਗਾਲ ਦਿਤਾ ਹੈ)
ਵਖ਼ਤ: ਮੁਸੀਬਤ
ਕਿਹੜੇ ਵਖਤਾਂ ਵਿਚੂੰ ਲੰਘ ਕੇ ਆਏ ਹਾਂ, ਪਤਾ ਈ।
(ਕਿਹੜੀਆਂ ਮੁਸੀਬਤਾਂ ਝਾਗੀਆਂ ਨੇ, ਪਤਾ ਹਈ)
ਵਗ: ਤੇਜ਼ ਚਲ
ਕਤਰਾ ਵਗ ਤਾਂ ਸਹੀ, ਨੱਪ ਘਿਨਸੂੰ।
(ਜ਼ਰਾ ਤੇਜ਼ ਤਾਂ ਚਲੇਂ, ਫੜ ਲਵਾਂਗੇ)
ਵਛੈਤੀ: ਓਪਰਾ ਬੰਦਾ
ਆਪੇ ਮੁਕਾ ਘਿਨੂੰ, ਵਛੈਤੀ ਨਾ ਸੱਡ, ਮਸ਼ਕਰੀਆਂ ਕਰੇਸੀ।
(ਆਪ ਨਿਬੜੇ ਲਊਂ, ਓਪਰਾ ਬੰਦਾ ਨਾਂ ਸਦ, ਮਖ਼ੌਲ ਕਰੂਗਾ)
ਵੱਛਲ: ਵਸਲ/ਮਿਲਾਪ
ਮਹਾਤਮਾ ਲੋਕ ਤਰੁੜੇਂਦੇ ਨਹੀਂ, ਵੱਛਲ ਕਰੇਂਦੇਨ।
(ਮਹਾਤਮਾ ਪੁਰਸ਼ ਤੋੜਦੇ ਨਹੀਂ, ਵਸਲ/ਮਿਲਾਪ ਕਰਦੇ ਨੇ)
ਵਜ੍ਹਾ: ਕਾਰਨ
ਭਿਰਾ ਤੇ ਹੱਥ ਜੋ ਚਾਇਆ ਹੇਈ, ਵਜ੍ਹਾ ਤਾਂ ਡਸ।
(ਭਰਾ ਤੇ ਹੱਥ ਜੋ ਉਠਾਇਆ ਹੈ, ਕਾਰਨ ਤਾਂ ਦਸ)
ਵਜੂਦ: ਹੋਂਦ
ਕੌਣ ਡਸੇਸੀ, ਇਹ ਕਾਇਨਾਤ ਕਡਣ ਵਜੂਦ ਵਿਚ ਆਈ।
(ਕੌਣ ਦਸੂ, ਬ੍ਰਹਮੰਡ ਕਦੋਂ ਹੋਂਦ ਵਿਚ ਆਇਆ)
ਵੰਞ: ਜਾ
ਤੂ ਕਲਾ ਲਗਾ ਵੰਞੇ ਤਾਂ ਵੀ ਕੁਝ ਨਾ ਆਖਸਿਨ।
(ਤੂੰ ਇਕਲਾ ਚਲਾ ਜਾਵੇਂ ਤਾਂ ਕੁਝ ਨਹੀਂ ਕਹਿਣਗੇ)
ਵੰਞਣ ਡੇ /ਵੰਞਾਏ/ਵੰਞੂੰ:ਜਾਣ ਦੇ/ਜਾਈਏ/ਜਾਊਂ
ਸਾਕੂੰ ਵੰਞਣ ਡੇ। ਆਧੇ ਪਏਨ ਵੰਞਾਏ। ਹੁਣ ਵੰਞੂੰ।
(ਸਾਨੂੰ ਜਾਣ ਦੇ। ਕਹੀ ਜਾਂਦੇ ਨੇ 'ਚੱਲੀਏ'। ਹੁਣ ਜਾਊਂ)
ਵੰਞੀਵਣਾ: ਗੁਆਉਣਾ
ਵੰਞਾਵਣ ਤਾਂ ਢੇਰ ਸਿਖੀ ਬੈਠੇ, ਕਮਾਵਣ ਕਤਰਾ ਨਹੀਂ।
(ਗੁਆਉਣ ਤਾਂ ਬਹੁਤ ਸਿਖ ਬੈਠੇ, ਕਮਾਉਣਾ ਜ਼ਰਾ ਵੀ ਨਹੀਂ)
ਵੰਞੀਚਣਾ: ਗੁਆਚਣਾ
ਮਾਲ ਵੰਞੀਚਿਆ ਬਣ ਵੈਸੀ, ਵੰਞੀਚੇ ਬੰਦੇ ਕਿਥੂੰ ਲਭਸਿਨ।
(ਗੁਆਚਿਆ ਮਾਲ ਬਣਜੂ, ਗੁਆਚੇ ਬੰਦੇ ਕਿਥੋਂ ਲਭਣਗੇ)


ਵੱਟ: ਵਲ
ਰਸੇ ਦੇ ਵੱਟ ਲਾਹਿ ਗਏ ਹਿਨ, ਕਚਾ ਥੀ ਗਿਐ।
(ਰਸੇ ਦੇ ਵਲ ਲਹਿ ਗਏ ਨੇ, ਕਮਜ਼ੋਰ ਹੋ ਗਿਆ ਹੈ)
ਵੱਟਣਾ:ਲਾੜੇ/ਲਾੜੀ ਦੀ ਨਹਾਈ ਲਈ ਪੇਸਟ
ਡਿਆਹ ਵੇਲੇ ਵੱਟਣਾ ਮਲਣ ਦੀ ਰਸਮ ਕਰੇਸੂੰ।
(ਆਥਣ ਵੇਲੇ ਨਹਾਈ ਦੇ ਪੇਸਟ ਲਾਣ ਦੀ ਰੀਤ ਕਰਾਂਗੇ)
ਵਟਣਾ/ਵਟਣੀ:ਢੇਰਾ/ਢੇਰੀ (ਰਸੇ ਵਟਣ ਨੂੰ)
ਮੋਟੇ ਰਸੇ ਵਟਣੇ ਤੇ ਪਰ ਵਾਣ ਵਟਣੀ ਤੇ, ਪਕਾਵਣੇ ਹਿਨ।
(ਮੋਟੇ ਰਸੇ ਢੇਰੇ ਨਾਲ ਤੇ ਵਾਣ ਢੇਰੀ ਨਾਲ, ਪਕੇ ਕਰਨੇ ਨੇ)
ਵੱਟਾ: ਡਲਾ/ਕਾਟ
ਕੁੱਤੇ ਕੂੰ ਵੱਟਾ ਮਾਰੋ ਪਰ ਪਾਟੇ ਨੋਟ ਦਾ ਵੱਟਾਂ ਖਾਓ।
(ਕੁੱਤੇ ਨੂੰ ਡਲਾ ਮਾਰੋ ਪਰ ਨੋਟ ਦੀ ਕਾਟ ਝਲੋ)
ਵੱਟੇ ਸੱਟੇ/ਵੱਟ ਸੱਟ: ਅਦਲਾ ਬਦਲੀ
ਵੱਟੇ ਸੱਟੇ/ਵੱਟ ਸੱਟ ਦੇ ਸਾਕਾਂ ਦਾ ਵੇਲਾ ਲੰਘ ਗਿਆ ਹੇ।
(ਅਦਲਾ ਬਦਲੀ ਦੇ ਰਿਸ਼ਤੇ ਦਾ ਜ਼ਮਾਨਾ ਬੀਤ ਗਿਆ ਹੈ)
ਵੱਡਿਕੇ: ਪੁਰਖੇ
ਹੁਣ ਸੈਂਸ ਕੇਡੇ ਸੁੱਖ ਕਰ ਡਿਤੇਨ, ਵੱਡਿਕਿਆਂ ਵੇਲੇ ਨਨ੍ਹ।
(ਹੁਣ ਸਾਇੰਸ ਨੇ ਕਿਨੇ ਸੁੱਖ ਕਰ ਦਿਤੇ ਨੇ, ਪੁਰਖਿਆਂ ਵੇਲੇ ਨਹੀਂ ਸਨ)
ਵਣ: ਨੀ
ਵਣ, ਕਿਡੂੰ ਆਂਦੀ ਪਈ ਹੇ, ਕਡਣ ਦੀ ਲਭਨੀ ਪਈ ਹਾਂ।
(ਨੀ ਕਿਧਰੋਂ ਆ ਰਹੀ ਹੈਂ, ਕਦੋਂ ਦੀ ਲਭ ਰਹੀ ਹਾਂ)
ਵਤ: ਫਿਰ
ਵਤ ਨਾ ਖਾਸਾਂ ਡੇਲ੍ਹੇ, ਭਾਭੀ ਅਗਲੇ ਪਾੜੇ ਮੇਲੇ।
(ਫਿਰ ਕਦੇ ਡੇਲੇ ਨਹੀਂ ਖਾਣੇ, ਬੇਬੇ ਪਹਿਲੀਆਂ ਕਮੀਆਂ ਪੂਰੀਆਂ ਕਰ ਦੇਵੇ)
ਵਥ: ਵਸਤ
ਹੱਟੀ ਚੂੰ ਕਿਹੜੀ ਕਿਹੜੀ ਵਥ ਮੁਕੀ ਹੇ, ਲਿਖ ਕੇ ਡੇ।
(ਹਟੀ ਵਿਚੋਂ ਕਿਹੜੀ ਕਿਹੜੀ ਵਸਤ ਖਤਮ ਹੈ, ਲਿਖਦੇ)
ਵਧਰੀ: ਪੇਟੀ
ਢਿਢ ਵਧਦਾ ਵੈਂਦਈ, ਵਧਰੀ ਬੰਨ੍ਹਣ ਲਗ।
(ਢਿਡ ਵਧਦਾ ਜਾ ਰਿਹੈ, ਪੇਟੀ ਬੰਨ੍ਹਣ ਲਗ)
ਵੰਨਗੀ: ਨਮੂੰਨਾ
ਢੇਰ ਮਾਲ ਵਤ ਘਿਨਸੂੰ, ਵੰਨਗੀ ਵਜੂੰ ਡੂ ਸੇਰ ਤੁਲਾ।
(ਬਹੁਤਾ ਮਾਲ ਫਿਰ ਲਵਾਂਗੇ, ਨਮੂੰਨੇ ਵਜੋਂ ਦੋ ਸੇਰ ਤੁਲਾ)
ਵੰਨੀ: ਵਲ
ਹਿਸਾਬ ਡੇ, ਮੈਂਡੇ ਵੰਨੀ ਹੁਣ ਕੇ ਬਾਕੀ ਨਿਕਲਸੀ।
(ਹਿਸਾਬ ਦੇ, ਮੇਰੇ ਵਲ ਹੁਣ ਬਾਕੀ ਕੀ ਨਿਕਲੂ)

ਵਫ਼ਾਤ: ਚਲਾਣਾ
ਸ਼ਾਹ ਜੀ ਵਫਾਤ ਪਾ ਗਏ ਹਿਨ, ਸੀੜ੍ਹੀ ਨਾਲ ਜੁਲੂੰ।
(ਸ਼ਾਹ ਜੀ ਚਲਾਣਾ ਕਰ ਗਏ ਨੇ, ਅਰਥੀ ਨਾਲ ਚਲੀਏ)
ਵਬਾ: ਛੂਤ
ਸਿੰਨੀ ਰੁਤ ਵਿਚ ਚਮੜੀ ਦੀ ਲਾਗ ਵਬਾ ਬਣ ਵੈਂਦੀ ਹੇ।
(ਸਿਲ੍ਹਾਬੀ ਰੁਤ ਵਿਚ ਚਮੜੀ ਦੀ ਲਾਗ ਛੂਤ ਹੋ ਜਾਂਦੀ ਹੈ)
ਵਲ: ਜਾਚ-ਦੇਖੋ 'ਡਾ'
ਵਲ/ਵਲਣਾ/ਵਲਾ/ਵਲਾਵਣਾ:ਮੁੜ ਪੈ/ਮੁੜ ਪੈਣਾ/ਮੋੜ-ਮੁੜਾਵਣਾ-ਮੋੜਨਾ
ਵਲ ਆ, ਵਲਣਾ ਪੋਸੀ, ਮੁਕਾ ਡੇ, ਵਲਾਵਣਾ ਕੀਤਾ ਤਾਂ ਵਲਾ ਡੇ।
(ਮੁੜ ਪੈ, ਮੁੜਨਾ ਪਊ, ਮੁਕਾ ਦੇ, ਮੋੜਨਾ ਕੀਤੈ ਤਾ ਮੋੜ ਦੇ)
ਵਲਾਵਾਂ: ਚਕਰ/ਉਲਝਣ
ਤੈਂਡੇ ਪਿਛੈ ਮੈਕੂੰ ਵਾਧੂ ਦਾ ਵਲਾਵਾਂ ਪੈ ਗਿਐ।
(ਤੇਰੇ ਪਿਛੇ ਮੈਨੂੰ ਵਾਧੂ ਦਾ ਚਕਰ/ਉਲਝਾ ਪੈ ਗਿਆ ਹੈ)
ਵੜ: ਕਿਸਮ
ਲੀੜਿਆਂ ਦੇ ਕਿਹੜੇ ਕਿਹੜੇ ਵੜ ਮੰਗਾਵਣੇ ਹਿਨ।
(ਕਪੜੇ ਕਿਹੜੀ ਕਿਹੜੀ ਕਿਸਮ ਦੇ ਮੰਗਵਾਣੇ ਨੇ)
ਵਾਸਣੀ: ਲੱਕ ਬੱਧੀ ਬੋਝੀ
ਰਕਮ ਵਾਸਣੀ ਵਿਚ ਸੰਭਾਲ, ਰਾਹ ਵਿਚ ਖਤਰਾ ਹੇ।
(ਰਕਮ ਲੱਕ ਦੀ ਬੋਝੀ ਵਿਚ ਸੰਭਾਲ, ਰਾਹ ਵਿਚ ਖ਼ਤਰਾ ਹੈ)
ਵਾਸਨਾ/ਵਾਸ਼ਨਾ: ਤਮੰਨਾ/ਸੁਗੰਧ/ਗੰਧ
ਮਾਸ ਖਾਣ ਦੀ ਵਾਸਨਾ ਹਾਈ, ਧਰਿਆ ਹੇਈ ਤੇ ਵਾਸ਼ਨਾ ਖਿਚ ਘਿਧੈ।
(ਮਾਸ ਖਾਣ ਦੀ ਤਮੰਨਾ ਸੀ, ਧਰਿਆ ਹਈ ਤਾਂ ਸੁਗੰਧ/ਗੰਧ ਧੂ ਲਿਆਈ)
ਵਾਹਯਾਤ: ਬੇ ਸਿਰ ਪੈਰ
ਵਾਹਯਾਤ ਗਲਾ ਕਰੀਂਦੇ ਕਰੀਂਦੇ ਨਿਕੰਮੇ ਥੀ ਗਏ ਹੋ।
(ਬੇ ਸਿਰ ਪੈਰ ਗਲਾਂ ਕਰਦੇ ਹੋਏ, ਨਿਕੰਮੇ ਹੋ ਗਏ ਹੋ)
ਵਾਕ: ਹੁਕਮਨਾਮਾ
ਅਰਦਾਸ ਕੀਤੀ ਹਿਵੇ ਤੇ ਹੁਣ ਵਾਕ ਵੀ ਲਵੋ।
(ਅਰਦਾਸ ਕੀਤੀ ਹੈ, ਹੁਣ ਹੁਕਮਨਾਮਾ ਵੀ ਲਵੋ)
ਵਾਛ: ਹਿੱਸਾ ਪਤੀ
ਅਜ ਬਕਰੇ ਦਾ ਝਟਕਾ ਥੀਵਣੈ, ਤੈਂ ਵਾਛ ਪਾਣੀ ਹੇ।
(ਅਜ ਬਕਰੇ ਦਾ ਝਟਕਾ ਕਰਨੈ, ਤੂੰ ਹਿਸਾ ਪਤੀ ਪਾਣੀ ਹੈ)
ਵਾਤ: ਮੂੰਹ
ਬਾਬਾ, ਕਤਰਾ ਵਾਤ ਪੱਟ, ਦਵਾਈ ਘੱਤਾਂ।
(ਬਾਬਾ, ਜ਼ਰਾ ਮੂੰਹ ਖੋਲ੍ਹ, ਦੁਆਈ ਪਾ ਦਿਆਂ)


ਵਾਫ਼ਰ: ਵਾਧੂ
ਰਾਸ਼ਨ ਵਾਫ਼ਰ ਥਿਆ ਪਿਐ, ਕੇ ਕਰਾਏਂ।
(ਰਾਸ਼ਨ ਵਾਧੂ ਬਚਿਆ ਪਿਆ ਹੈ, ਕੀ ਕਰੀਏ)
ਵਿਅੰਮ: ਜਣੇਪਾ
ਵਿਅੰਮ ਪਿਛੂੰ ਸਵਾ ਮਾਂਹ ਪਰਹੇਜ਼ ਗਾਰ ਰਵ੍ਹੀਦੈ।
(ਜਣੇਪੇ ਬਾਦ ਸਵਾ ਮਹੀਨਾ ਪਰਹੇਜ਼ ਰਖਣਾ ਹੁੰਦੈ)
ਵਿਆਈ: ਜਣੇਪੇ ਵਿਚ
ਏਕਾ ਮਾਈ ਜੁਗਤ ਵਿਆਈ ਸਿਸ਼ਟੀ ਪਈ ਜਣੇ।
(ਇਕੋ ਕੁਦਰਤ ਹੈ ਜੋ ਜਣੇਪੇ ਦੇ ਨੇਮ ਨਾਲ ਸੰਸਾਰ ਜਮਾਵੇ)
ਵਿਆਂਦੜ/ਵਿਹਾਂਦੜ: ਲਾੜਾ-ਲਾੜੀ
ਵਿਆਂਦੜਾਂ/ਵਿਹਾਂਦੜਾਂ ਕੂੰ ਬੁੱਢੀ ਮਾਈ ਦੀਆਂ ਸਤਰੱਖਾਂ।
(ਲਾੜੇ-ਲਾੜੀ ਨੂੰ ਅੰਮਾਂ ਵਲੋਂ ਸਤ ਸੁਰੱਖਿਆਵਾਂ ਦੀ ਅਸੀਸ)
ਵਿਸ/ਵਿੱਖ: ਭਰੋਸਾ ਕਰਨਾ/ਜ਼ਹਿਰ
ਵਿਸ ਗਿਆ ਤਾਂ ਠੱਗਿਆ ਗਿਆ, ਇਹ ਗੰਦਲਾਂ ਵਿਸ/ਵਿਖ ਭਰੀਆਂ ਨੇ।
(ਭਰੋਸਾ ਕੀਤਾ ਤੇ ਠੱਗਿਆ ਗਿਆ, ਇਹ ਤ੍ਰਿਸ਼ਨਾਵਾਂ ਜ਼ਹਿਰੀਲੀਆਂ ਨੇ)
ਵਿਸਰ/ਵਿਸਾਰ: ਭੁਲ ਜਾਣਾ/ਭੁਲਾ ਦੇਣਾ
ਡੇਵਣ ਵਾਲੇ ਕੂੰ ਡੇਵਣਾ ਵਿਸਰਦੈ, ਘਿਨਣ ਵਾਲਾ ਨਾ ਵਿਸਾਰੇ।
(ਦੇਣਦਾਰ ਨੂੰ ਦੇਣਾ ਭੁਲਦੈ, ਲੈਣੇਦਾਰ ਨਾ ਭੁਲਾਵੇ)
ਵਿਸਾਹ: ਇਤਬਾਰ
ਅੱਜ ਕਲ ਕੈਂਹਦਾ ਕੋਈ ਵਿਸਾਹ ਨਹੀਂ, ਠੱਗ ਬਹੂੰ ਹਿਨ।
(ਅੱਜ ਕੱਲ ਕਿਸੇ ਦਾ ਕੋਈ ਭਰੋਸਾ ਨਹੀਂ, ਬੜੇ ਠੱਗ ਨੇ)
ਵਿਹਾਜਣਾ: ਖ੍ਰੀਦਣਾ
ਕੇ ਲੰਙਾ ਉੱਠ ਵਿਹਾਜ ਘਿਨਾਏਂ, ਮੁਖ਼ਤ ਦਾ ਹੇ।
(ਕੀ ਲੰਗੜਾ ਉੱਠ ਖ੍ਰੀਦ ਲਿਆਂਦਾ ਈ, ਮੁਫ਼ਤ ਮਿਲਿਆ ਹੈ)
ਵਿਹਾਂਦੜ: ਲਾੜਾ, ਲਾੜੀ-ਦੇਖੋ-'ਵਿਆਂਦੜ'
ਵਿਕਾਰ: ਗੁਨਾਹ
ਵਿਕਾਰਾਂ ਬੱਧੀ ਹਯਾਤੀ ਗੁਲੀਂਦੀ ਹੇ ਬੈਹਸ਼ਤ।
(ਗੁਨਾਹਾਂ ਭਰੀ ਉਮਰ, ਹੁਣ ਸੁਰਗ ਭਾਲਦੀ ਹੈ)
ਵਿਗੋਚਾ: ਪ੍ਰੇਸ਼ਾਨੀ
ਤੂ ਕੇ ਵਿਗੋਚਾ ਲਾਇਐ, ਕੰਮ ਕੂ ਗਿਐ, ਵਲ ਆਸੀ।
(ਤੈਂ ਕੀ ਪ੍ਰੇਸ਼ਾਨੀ ਲਾਈ ਹੈ, ਕੰਮ ਨੂੰ ਗਿਐ, ਮੁੜ ਆਊ)
ਵਿਛੁੰਨੇ: ਵੈਰਾਗੇ
ਪੁੱਤਰ ਟੋਰ ਵਿਛੁੰਨੇ ਟਬਰ, ਤਾਰੇ ਗਿਣਿਨ ਰਾਹੀਂ।
(ਪੁੱਤਾਂ ਨੂੰ ਤੋਰ ਕੇ ਵੈਰਾਗੇ ਟੱਬਰ, ਰਾਤਾਂ ਦੇ ਤਾਰੇ ਪਏ ਗਿਣਨ)

ਵਿਛੈਤੀ: ਓਪਰਾ-ਦੇਖੋ 'ਵਛੈਤੀ'
ਵਿਜੋਗਣ: ਜੁਦਾਈ ਵਿਚ ਉਪਰਾਮ
ਮੁੰਢੂੰ ਨਿਖੜੀ ਰੂਹ ਵਿਜੋਗਣ, ਤੜਫੇ ਤੇ ਵਿਫਲਾਵੇ।
(ਮੂਲ ਤੋਂ ਵਿਛੜ ਉਪਰਾਮ ਰੂਹ ਤੜਪਦੀ ਤੇ ਬਰੜਾਂਦੀ ਹੈ)
ਵਿਟੀਦਾ ਵੈਂਦੇ ਡੁਲ੍ਹਦਾ ਜਾਂਦੈ/ਰੁੜ੍ਹਨਾ
ਨਿਤ ਡਿਹਾੜੇ ਹਯਾਤੀ ਸਾਡੀ ਵਿਟਾਦੀ ਵੈਂਦੀ ਇੰਞੇਂ।
(ਹਰ ਰੋਜ਼ ਸਾਡੀ ਉਮਰ ਐਵੇਂ ਹੀ ਰੁੜਦੀ/ਡੁਲ੍ਹਦੀ ਜਾਂਦੀ ਹੈ)
ਵਿਡਾਰਨਾ: ਉਡਾਉਣਾ
ਤੋਤੇ ਚਿੜੀਆਂ ਵਲ ਵਲ ਆਵਿਨ, ਮੂੰ ਗੁਲੇਲ ਵਿਡਾਰਾਂ।
(ਤੋਤੇ ਚਿੜੀਆਂ ਮੁੜ ਮੁੜ ਆਣ, ਮੈਂ ਗੁਲੇਲ ਨਾਲ ਉਡਾਵਾਂ)
ਵਿਣ: ਬਿਨਾਂ
ਵਿਣ ਤੁਧ ਹੋਰ ਕੇ ਮੰਗਸਾ, ਸਭੋ ਡੁਖਾਂ ਦਾ ਘਰ।
(ਤੇਰੇ ਬਿਨਾਂ ਹੋਰ ਮੈਂ ਕੀ ਮੰਗਣਾ ਹੈ, ਸਭ ਦੁੱਖਾਂ ਦਾ ਘਰ ਹੈ)
ਵਿਤ: ਮਾਜਰਾ/ਹੈਸੀਅਤ
ਆਪਣਾ ਵਿਤ ਨਹੀਂ ਡੇਧਾ, ਵਡੇ ਧ੍ਰੱਕ ਮਰੀਂਦੈ।
(ਆਪਣਾ ਮਾਜਰਾ/ਹੈਸੀਅਤ ਨਹੀਂ ਵਿਂਹਦਾ, ਵਡੀਆਂ ਛਾਲਾਂ ਮਾਰਦਾ ਹੈ)
ਵਿੱਥ: ਦੂਰੀ
ਬੇਲੀਆਂ ਵਿਚ ਤੈਂਡੀ ਚਾਲ ਨੇ ਬਹੂੰ ਵਿੱਥ ਘਤ ਡਿਤੀ ਹੇ।
(ਤੇਰੀ ਚਾਲ ਨੇ ਯਾਰਾਂ ਵਿਚ ਬੜੀ ਦੂਰੀ ਪਾ ਦਿਤੀ ਹੈ)
ਵਿਫਲਣਾ: ਬਰੜਾਉਣਾ
ਡੀਂਹ ਵੇਲੇ ਘੁਲਦੇ ਭਿੜਦੇ ਬਾਲ, ਰਾਤੀਂ ਵਿਫਲਦੇ ਹੂੰਦੇਨ।
(ਦਿਨ ਵੇਲੇ ਲੜਦੇ ਘੁਲਦੇ ਨਿਆਣੇ, ਰਾਤੀਂ ਬਰੜਾਂਦੇ ਹੁੰਦੇ ਨੇ)
ਵਿਰਥਾ: ਅਜਾਈਂ-ਦੇਖੋ 'ਬਿਰਥਾ'
ਵਿਰਾਨ: ਬਰਬਾਦ/ਬੇਅਬਾਦ
ਕੁੱਖਾਂ 'ਚ ਧੀਆਂ ਮਾਰਨ ਪਿਛੂੰ ਕੇਈ ਕੁੱਖਾਂ ਵਿਰਾਨ ਥੀ ਗਈਆਂ।
(ਕੁਖਾਂ ਵਿਚ ਧੀਆਂ ਮਾਰਨ ਕਰਕੇ ਕਈ ਕੁੱਖਾਂ ਬਰਬਾਦ/ਬੇਅਬਾਦ ਹੋ ਗਈਆਂ)
ਵਿਲ: ਵਿਰ
ਖਿਡਾਵਣਾ ਡੇਵਿਸ, ਰੂੰਦਾ ਬਾਲ ਵਿਲ ਵੈਸੀ।
(ਖਿਡੌਣਾ ਦੇ ਦੇ, ਰੋਂਦਾ ਜੁਆਕ ਵਿਰ ਜਾਊ)
ਵਿੱਲੀ/ਵਿੱਲੀਆਂ: ਵਾਲਾਂ ਦੀਆਂ ਜੁੱਟੀਆਂ
ਸਿਰ ਦੇ ਵਾਲ ਜਟੂਰੀਆਂ ਥਏ ਪਏਨ, ਵਿੱਲੀਆਂ ਕਰਕੇ ਵਾਹ।
(ਸਿਰ ਦੇ ਵਾਲ ਜੱਟਾਂ ਬਣੇ ਪਏ ਨੇ, ਜੁੱਟੀਆਂ ਕਰ ਕਰ ਵਾਹ ਦੇ)
ਵਿਲ੍ਹਰਨਾ/ਵਿਲ੍ਹੜਨਾ:ਵੀਹਰਨਾ/ਚਿੰਬੜਨਾ
ਨਿਆਣਾ ਵਿਲ੍ਹਰਦਾ ਤੇ ਵਿਲ੍ਹੜਦਾ ਵੈਂਦੇ, ਕੰਮ ਨਾਂਹ ਕਰ ਸੰਗਦੀ।
(ਨਿਆਣਾ ਵੀਹਰਦਾ ਤੇ ਚਿੰਬੜਦਾ ਰਹਿੰਦੈ, ਕੰਮ ਨਹੀਂ ਕਰ ਸਕਦੀ)
ਵਿਲੱਲਾ: ਝੱਲਾ
ਈਹੋ ਹਿੱਕੋ ਭਿਰਾ ਵਿਲੱਲਾ ਹੇ, ਬੈ ਤਾਂ ਠੀਕ ਹਿਨ।
(ਇਹੋ ਇਕੋ ਭਰਾ ਝੱਲਾ ਹੈ, ਬਾਕੀ ਤਾਂ ਠੀਕ ਹਨ)

ਵਿਲਾਵਣਾ: ਭਰਮਾਉਣਾ
ਵਿਲਾਵਣ ਵਾਲੀ ਗਲ ਨਾ ਕਰ, ਥਿੱਤ ਦਾ ਮੁਹਾਇਦਾ ਕਰ।
(ਭਰਮਾਉਣ ਵਾਲੀ ਗੱਲ ਨਾ ਕਰ, ਚੱਜ ਦਾ ਕਰਾਰ ਕਰ)
ਵਿੜ: ਬਰਾਬਰ
ਬਾਜਰਾ ਘਿੱਧਾ ਹਮ, ਓਡੇ ਜੌਂ ਡਿਤੀ ਵੈਂਦਾ, ਹਿਸਾਬ ਵਿੜ ਗਿਆ।
(ਮੈਂ ਬਾਜਰਾ ਲਿਆ ਸੀ, ਓਨੇ ਜੌਂ ਦੇਈ ਜਾਂਦਾ, ਹਿਸਾਬ ਬਰਾਬਰ)
ਵਿੜੀ: ਹਿੱਸਾ/ਵਾਰੀ
ਤੈਂ ਪਿਛੂੰ ਵਿੜੀ ਪਾਈ ਹਾਈ ਨਾ, ਹੁਣ ਪਿਛੂੰ ਵਿੜੀ ਘਿੰਨੇ।
(ਤੂੰ ਮਗਰੋਂ ਹਿੱਸਾ ਪਾਇਆ ਸੀ ਨਾ, ਹੁਣ ਪਿਛੋਂ ਵਾਰੀ ਲਈਂ)
ਵੀਟ: ਡੋਲ੍ਹ
ਪਾਣੀ ਗੰਦਾ ਹੇ, ਪੀਣ ਵਰਤਣ ਦਾ ਨਹੀਂ, ਵੀਟ ਸੱਟ।
(ਪਾਣੀ ਗੰਦਾ ਹੈ, ਪੀਣ ਵਰਤਣ ਦਾ ਨਹੀਂ, ਡੋਲ੍ਹ ਦੇ)
ਵੀਣੀ: ਗੁੱਟ
ਵੰਙਾਂ ਭਾਰੀਆਂ ਤੇ ਵੀਣੀ ਭਈ ਨਾਜ਼ਕ, ਭਾਰ ਝਲੇਂਦੀ ਨਾਹੀਂ।
(ਵੰਗਾਂ ਭਾਰੀਆਂ ਤੇ ਗੁੱਟ ਹੈ ਨਾਜ਼ਕ, ਭਾਰ ਨਹੀਂ ਝਲਦਾ)
ਵਜੂ/ਵਜ਼ੂ: ਹੱਥ ਮੂੰਹ ਧੋਣਾ
ਨਮਾਜ਼ ਵੇਲਾ ਹੇ, ਨਮਾਜ਼ੂੰ ਪਹਿਲੂੰ ਵਜੂ/ਵਜ਼ੂ ਕਰ।
(ਨਮਾਜ਼ ਦਾ ਵੇਲਾ ਹੈ, ਨਮਾਜ਼ੋਂ ਪਹਿਲਾਂ ਹੱਥ ਮੂੰਹ ਧੋ)
ਵੇਤਰਨਾ: ਵਿਉਂਤ ਵਿਚ ਕਟਾਈ ਕਰਨੀ
ਕਪੜਾ ਕਤਰਾ ਕਸਾ ਹੇ, ਚਾ ਤੇ ਹਿਸਾਬ ਨਾਲ ਵੇਤਰ।
(ਕਪੜਾ ਜ਼ਰਾ ਘਟ ਹੈ, ਚੁੱਕ ਤੇ ਹਿਸਾਬ ਨਾਲ ਕਟਾਈ ਕਰ)
ਵੇੜ੍ਹ: ਤਹਿ ਕਰ
ਥਾਨ ਖਿਲਰੇ ਪਏ ਹਿਨ, ਵਿਹਲ ਹੇ, ਇਨ੍ਹਾਂ ਕੂੰ ਵੇੜ੍ਹ ਚਾ।
(ਥਾਨ ਖਿਲਰੇ ਪਏ ਨੇ, ਵਿਹਲਾ ਹੈਂ, ਇਨ੍ਹਾਂ ਨੂੰ ਤਹਿ ਕਰ)
ਵੈਸੇਂ ਵੈਸੂੰ/ਵੈਂਦੇ: ਜਾਏਂਗਾ/ਜਾਵਾਂਗੇ/ਜਾ ਰਹੇ
ਹੱਭੋ ਯਾਤਰਾ ਤੇ ਵੈਂਦੇ ਪਏਨ, ਅਸਾਂ ਵੈਸੁੰ, ਤੂੰ ਵੈਸੇਂ?
(ਸਾਰੇ ਯਾਤਰਾ ਤੇ ਜਾ ਰਹੇ ਨੇ, ਅਸੀਂ ਜਾਵਾਂਗੇ, ਤੂੰ ਜਾਏਂਗਾ?)