ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/ਮੁੰਡਾ ਪੱਟਿਆ ਨਵਾਂ ਪਟਵਾਰੀ
ਜਿਸ ਤਰ੍ਹਾਂ ਕਿਸੇ ਪਹਾੜੀ ਦੀ ਕੁੱਖ ਵਿਚੋਂ ਆਪ ਮੁਹਾਰਾ ਹੀ ਚਸ਼ਮਾ ਵਗ ਟੁਰਦਾ ਹੈ ਉਸੇ ਤਰ੍ਹਾਂ ਹੀ ਲੋਕ-ਗੀਤ ਵੀ ਦਿਲ ਦੀ ਕਿਸੇ ਨੁਕਰੋਂ ਆਪ-ਮੁਹਾਰੋ ਵਹਿ ਟੁਰਦੇ ਹਨ। ਜ਼ੋਰੀਂ ਗੀਤ ਨਹੀਂ ਉਗਮਦੇ। ਇਹ ਤਾਂ ਅਲਬੇਲਾ ਨਾਚ ਨਚਦੀਆਂ ਤਰੰਗਾਂ ਹਨ।
ਸਰਕਾਰੀ ਪਾਤਰਾਂ ਬਾਰੇ ਮਿਲਦੇ ਲੋਕ-ਗੀਤ ਜ਼ੋਰੀਂ ਰਚੇ ਗੀਤ ਨਹੀਂ। ਇਹ ਤਾਂ ਕਿਸਾਨੀ ਜੀਵਨ ਤੇ ਸਰਕਾਰੀ ਪਾਤਰਾਂ ਵਲੋਂ ਪਏ ਅਸਰਾਂ ਦਾ ਪ੍ਰਤਿਬਿੰਬ ਹਨ। ਕਿਸਾਨ ਇਨ੍ਹਾਂ ਨੂੰ ਕਿਹੜੀ ਨਿਗਾਹ ਨਾਲ਼ ਵੇਖਦੇ ਹਨ, ਇਹਦਾ ਸਾਫ਼ ਝਲਕਾਰਾ ਗੀਤਾਂ ਵਿਚੋਂ ਵੇਖਿਆ ਜਾ ਸਕਦਾ ਹੈ।
ਹੇਠਾਂ ਵਖ ਵਖ ਸਰਕਾਰੀ ਪਾਤਰਾਂ ਬਾਰੇ ਕੁਝ ਗੀਤ ਦਿੱਤੇ ਜਾ ਰਹੇ ਹਨ।
ਪਟਵਾਰੀ
ਜ਼ਮੀਨ ਦੀ ਮਿਣ ਮਣਾਈ, ਖ਼ਰੀਦਣ ਵੇਚਣ ਆਦਿ ਦੇ ਕਾਰਨ ਕਿਸਾਨਾਂ ਦਾ ਪਟਵਾਰੀ ਨਾਲ਼ ਸਿੱਧਾ ਵਾਹ ਪੈਂਦਾ ਹੈ। ਕਿਸਾਨ ਅਨਪੜ੍ਹ ਹੋਣ ਦੇ ਨਾਤੇ ਉਸ ਨੂੰ ਚੰਗਾ ਪੜ੍ਹਿਆ ਲਿਖਿਆ ਅਫ਼ਸਰ ਸਮਝਦੇ ਹਨ ਅਤੇ ਸਦਾ ਉਸ ਦੀ ਚੰਗੀ ਆਓ ਭਗਤ ਕਰਦੇ ਰਹੇ ਹਨ। ਪਟਵਾਰੀ ਬਨਣਾ ਉਹ ਮਾਣ ਵਾਲੀ ਗਲ ਸਮਝਦੇ ਹਨ। ਤਦੇ ਤਾਂ ਇਕ ਭੈਣ ਪਰਮਾਤਮਾ ਪਾਸੋਂ ਪਟਵਾਰੀ ਵੀਰੇ ਦੀ ਮੰਗ ਕਰਦੀ ਹੈ: -
ਦੋ ਵੀਰ ਦੇਈਂ ਵੇ ਰੱਬਾ
ਇਕ ਮੁਨਸ਼ੀ ਤੇ ਇਕ ਪਟਵਾਰੀ।
ਕਿਸਾਨ ਬਾਬਲ ਵੀ ਆਪਣੀ ਧੀ ਦਾ ਸਾਕ ਪਟਵਾਰੀ ਮੁੰਡੇ ਨਾਲ ਕਰ, ਆਪਣੇ ਵਲੋਂ ਚੰਗੀ ਕੀਤੀ ਚੋਣ ਸਮਝਦਾ ਹੈ: -
ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ
ਅੱਗੇ ਤੇਰੇ ਭਾਗ ਬੱਚੀਏ।
ਟੰਗਣੇ ਤੇ ਟੰਗਣਾ,
ਗਜ਼ ਫੁਲਕਾਰੀ।
ਦੇਖੋ ਮੇਰੇ ਲੇਖ,
ਮੈਨੂੰ ਢੁਕਿਆ ਪਟਵਾਰੀ।
ਟੰਗਣੇ ਤੇ ਟੰਗਣਾ,
ਗਜ਼ ਫੁਲਕਾਰੀ।
ਦੇਖੋ ਮੇਰੇ ਲੇਖ,
ਮੈਨੂੰ ਟੂੰਬਾਂ ਆਈਆਂ ਚਾਲੀ।
ਟੰਗਣੇ ਤੇ ਟੰਗਣਾ,
ਗਜ਼ ਫੁਲਕਾਰੀ।
ਦੇਖੋ ਮੇਰੇ ਲੇਖ,
ਮੇਰੀ ਚੱਲੇ ਮੁਖਤਿਆਰੀ।
ਘਰ ਆ ਪਤਾ ਲਗਦਾ ਹੈ ਕਿ ਪਟਵਾਰੀ ਦੀ ਖੱਟੀ ਤਾਂ ਕੁਝ ਵੀ ਨਹੀਂ ਹੋਂਦੀ। ਥੋੜ੍ਹੀ ਜਿਹੀ ਤਨਖਾਹ ਨਾਲ਼ ਗੁਜ਼ਾਰਾ ਮਸੀਂ ਟੁਰਦਾ ਹੈ। ਨੌਕਰੀ ਛੱਡਣ ਦੀ ਸਲਾਹ ਲੈਂਦਾ ਹੈ ਤਾਂ ਅੱਗੋਂ ਪਟਵਾਰੀ ਦੀ ਨਵੀਂ ਨਵੇਲੀ ਚੂੜੇ ਵਾਲੀ ਉਸ ਨੂੰ ਅਜਿਹਾ ਕਰਨ ਤੋਂ ਵਰਜਦੀ ਹੈ: -
ਟਿੱਕਾ ਸਰਕਾਰੋਂ ਘੜਿਆ
ਜੜਤੀ ਤੇ ਰੁਠੜਾ ਨਾ ਜਾਈਂ
ਵੇ ਪਟਵਾਰੀ ਮੁੰਡਿਆ
ਜਹਿਲਮ ਦੀ ਨੌਕਰੀ ਨਾ ਜਾਈਂ
ਵੇ ਪਟਵਾਰੀ ਮੁੰਡਿਆ
ਜਿਹਲਮ ਦੇ ਹਾਕਮ ਕਰੜੇ
ਜਿਹਲਮ ਦੇ ਨਾਜਰ ਕਰੜੇ
ਵੇ ਪਟਵਾਰੀ ਮੁੰਡਿਆ
ਜਿਹਲਮ ਦੀ ਨੌਕਰੀ ਨਾ ਜਾਈਂ ਵੇ
ਪਿੰਡ ਦਾ ਬੱਚਾ ਬੱਚਾ ਜਾਣਦਾ ਹੈ ਕਿ ਪਟਵਾਰੀ ਇਕ ਦੂਜੇ ਦੀ ਜ਼ਮੀਨ ਦੂਜੇ ਦੇ ਨਾਂ ਵੀ ਲਾ ਦੇਂਦੇ ਹਨ। ਦੋ ਅਲਬੇਲੇ ਦਿਲ ਆਪਣੇ ਰਾਂਗਲੇ ਦਿਲਾਂ ਦਾ ਸੌਦਾ ਕਰਦੇ ਹਨ-ਪਟਵਾਰੀ ਨੂੰ ਨਾਂ ਲਿਖਣ ਲਈ ਆਖਿਆ ਜਾਂਦਾ ਹੈ: -
ਵੇ ਤੂੰ ਜਿੰਦ ਪਟਵਾਰੀਆ ਮੇਰੀ
ਮਾਹੀਏ ਦੇ ਨਾਂ ਲਿਖਦੇ।
ਜਾਂ ਕੋਈ ਮਾਹੀਆ ਗਾ ਕੇ ਆਖਦਾ ਹੈ: -
ਕੋਠੇ ਤੋਂ ਉਡ ਕਾਵਾਂ
ਸਦ ਪਟਵਾਰੀ ਨੂੰ
ਜਿੰਦ ਮਾਹੀਏ ਦੇ ਨਾਂ ਲਾਵਾਂ
ਕੋਈ ਅਲ੍ਹੜ ਜਵਾਨੀ ਗਿੱਧੇ ਵਿੱਚ ਪਟਵਾਰੀ ਦੇ ਵਸਣ ਲਈ ਬੋਲੀਆਂ ਦਾ ਬੰਗਲਾ ਪਾਉਂਦੀ ਏ:-
ਬੋਲੀਆਂ ਦਾ ਪਾਵਾਂ ਬੰਗਲਾ
ਜਿੱਥੇ ਵਸਿਆ ਕਰੇ ਪਟਵਾਰੀ
ਕਿਸੇ ਦੀ ਲਟਬੌਰੀ ਚਾਲ ਪਟਵਾਰੀ ਨੂੰ ਕੀਲ ਲੈਂਦੀ ਹੈ:-
ਤੇਰੀ ਚਾਲ ਨੇ ਪਟਿਆ ਪਟਵਾਰੀ
ਲੱਡੂਆਂ ਨੇ ਤੂੰ ਪਟੜੀ
ਮੁੰਡਾ ਪਟਿਆ ਨਵਾਂ ਪਟਵਾਰੀ
ਅੱਖਾਂ ਵਿੱਚ ਪਾ ਕੇ ਸੁਰਮਾ
ਕੋਈ ਹੋਰ ਅਲਬੇਲੀ ਆਪਣੇ ਮਾਹੀਏ ਕੋਲ ਕਾਗਜ਼ਾਂ ਦੀ ਗਠੜੀ ਵੇਖ ਪੁੱਛ ਲੈਂਦੀ ਹੈ: -
ਵੇ ਕਿਹੜੇ ਪਿੰਡ ਦਾ ਬਣਿਆਂ ਪਟਵਾਰੀ
ਕਾਗਜ਼ਾਂ ਦੀ ਬੰਨ੍ਹੀ ਗਠੜੀ
ਤੇ ਜਟ ਵੀ ਪਟਵਾਰੀ ਦੀ ਪਟਵਾਰਨ ਦੀ ਲਟ ਲਟ ਜਗਦੀ ਅਖ ਵੇਖ ਕੇ ਦਿਲੀ ਉਬਾਲ ਕਢਣੋਂ ਨਹੀਂ ਝਿਜਕਦੇ:-
ਅੱਖ ਪਟਵਾਰਨ ਦੀ
ਜਿਉਂ ਇਲ੍ਹ ਦੇ ਆਹਲਣੇ ਆਂਡਾ।
ਗਲਤ ਕਮਾਈ ਜਾਂ ਜੱਟਾਂ ਪਾਸੋਂ ਲਈ ਰਿਸ਼ਵਤ ਨਾਲ਼ ਖ਼ਰੀਦੀ ਪਟਵਾਰੀ ਦੀ ਗਾਂ ਚੋਰੀ ਹੋ ਜਾਂਦੀ ਹੈ। ਕਈਆਂ ਨੂੰ ਖੁਸ਼ੀਆਂ ਚੜ੍ਹਦੀਆਂ ਹਨ। ਠਾਣੇਦਾਰ ਆਉਂਦਾ ਹੈ ਤੇ ਫਿਰ ਅਗੋਂ....
ਰੜਕੇ ਰੜਕੇ ਰੜਕੇ
ਗਾਂ ਪਟਵਾਰੀ ਦੀ,
ਲੈ ਗੇ ਚੋਰੜੇ ਫੜਕੇ।
ਅੱਧਿਆਂ ਨੂੰ ਚਾਅ ਚੜ੍ਹਿਆ,
ਅੱਧੇ ਰੌਂਦੇ ਮੱਥੇ ਤੇ ਹੱਥ ਧਰਕੇ।
ਮੁੰਡਾ ਪਟਵਾਰੀ ਦਾ,
ਬਹਿ ਗਿਆ ਕਿਤਾਬਾਂ ਫੜਕੇ।
ਝਾਂਜਰ ਪਤਲੋ ਦੀ -
ਠਾਣੇਦਾਰ ਦੇ ਚੁਬਾਰੇ ਵਿੱਚ ਖੜਕੇ
ਦਾਰੂ ਪੀਣਿਆਂ ਦੇ -
ਹਿੱਕ ਤੇ ਗੰਡਾਸੀ ਖੜਕੇ
ਥਾਣੇਦਾਰ
ਥਾਣੇਦਾਰ ਦਾ ਵੀ ਲੋਕ-ਗੀਤਾਂ ਵਿੱਚ ਕਾਫੀ ਵਰਨਣ ਹੈ। ਹਰ ਪੰਜਾਬਣ ਆਪਣੇ ਵੀਰੇ ਨੂੰ ਠਾਣੇਦਾਰ ਦਾ ਜਮਾਈ ਸਮਝਦੀ ਹੈ: -
ਵੀਰ ਮੇਰਾ ਨੀ ਜਮਾਈ ਠਾਣੇਦਾਰ ਦਾ
ਸੰਮਾਂ ਵਾਲੀ ਡਾਂਗ ਰਖਦਾ
ਤੇ ਵੀਰ ਦੇ ਪਜਾਮੇਂ ਦਾ ਭੁਲੇਖਾ:-
ਵੀਰ ਲੰਘਿਆ ਪਜਾਮਾ ਪਾਕੇ
ਲੋਕਾਂ ਭਾਣੇ ਠਾਣਾ ਲੰਘਿਆ
ਤੇ ਹੋਰ:-
ਤੇ ਵੀਰੇ ਦੀ ਘੋੜੀ:-
ਡੱਬੀ ਘੋੜੀ ਮੇਰੇ ਵੀਰ ਦੀ
ਠਾਣੇਦਾਰ ਦੇ ਤਬੇਲੇ ਬੋਲੇ
ਤੇ ਵੀਰੇ ਦੀ ਡੱਬੀ ਕੁੱਤੀ:-
ਡੱਬੀ ਕੁਤੀ ਮੇਰੇ ਵੀਰ ਦੀ
ਠਾਣੇਦਾਰ ਦੀ ਕੁੜੀ ਨੂੰ ਚੱਕ ਲਿਆਵੇ
ਤੇ ਜੇ ਕੋਈ ਠਾਣੇਦਾਰ ਦੀ ਸਾਲੀ ਹੋਵੇ ਤਾਂ ਉਹ ਕਿਸੇ ਦੀ ਪਰਵਾਹ ਨਹੀਂ ਕਰਦੀ:-
ਵੇ ਮੈਂ ਠਾਣੇਦਾਰ ਦੀ ਸਾਲੀ
ਕੈਦ ਕਰਾ ਦੂੰਗੀ
ਕਿਸੇ ਪਿੰਡ ਆਇਆ ਹੋਇਆ ਠਾਣੇਦਾਰ ਲੱਸੀ ਦੀ ਮੰਗ ਪਾਉਂਦਾ ਹੈ। ਅੱਗੋਂ ਕੋਈ ਤਨਜ਼ੀਆ ਬੋਲੀ ਮਾਰਦੀ ਹੈ:-
ਠਾਣੇਦਾਰ ਨੇ ਲੱਸੀ ਦੀ ਮੰਗ ਪਾਈ
ਚੂਹੀਆਂ ਦੁਧ ਦਿੰਦੀਆਂ
ਤਫ਼ਤੀਜ਼ ਤੇ ਆਏ ਹੋਏ ਠਾਣੇਦਾਰ ਨੂੰ ਚੁਕੱਨਾ ਵੀ ਕੀਤਾ ਜਾਂਦਾ ਹੈ:-
ਤੀਲੀ ਲੌਂਗ ਦਾ ਮੁਕੱਦਮਾ ਭਾਰੀ
ਵੇ ਠਾਣੇਦਾਰਾ ਸੋਚਕੇ ਕਰੀਂ
ਇਕ ਬੋਲੀ ਵਿੱਚ ਠਾਣੇਦਾਰ ਤੇ ਦਰੋਗੇ ਦੇ ਝਗੜੇ ਦਾ ਵੀ ਜ਼ਿਕਰ ਆਉਂਦਾ ਹੈ:-
ਰੜਕੇ ਰੜਕੇ ਰੜਕੇ
ਢਲਵੀਂ ਜਹੀ ਗੁੱਤ ਵਾਲੀਏ
ਤੇਰੇ ਲੈ ਗੇ ਜੀਤ ਨੂੰ ਫੜਕੇ
ਵਿੱਚ ਕਤਵਾਲੀ ਦੇ
ਥਾਣੇਦਾਰ ਤੇ ਦਰੋਗਾ ਲੜਪੇ
ਮੂਹਰੇ ਮੂਹਰੇ ਠਾਣਾ ਭੱਜਿਆ
ਮਗਰੇ ਦਰੋਗਾ ਖੜਕੇ
ਸ਼ੀਸ਼ਾ ਮਿੱਤਰਾਂ ਦਾ
ਦੇਖ ਲੈ ਪੱਟਾਂ ਤੇ ਧਰਕੇ
ਮੇਲਿਆਂ ਵਿੱਚ ਥਾਣੇਦਾਰਾਂ ਨਾਲ਼ ਆਮ ਝੜੱਪਾਂ ਹੋ ਜਾਂਦੀਆਂ ਹਨ। ਛਪਾਰ ਦੇ ਮੇਲੇ ਵਿੱਚ ਥਾਣੇਦਾਰ ਦੀ ਆਓ ਭਗਤ ਦਾ ਵਰਨਣ ਇਸ ਪਰਕਾਰ ਆਉਂਦਾ ਹੈ:-
ਆਰੀ ਆਰੀ ਆਰੀ
ਮੇਲਾ ਛਪਾਰ ਲਗਦਾ
ਜਿਹੜਾ ਲਗਦਾ ਜਰਗ ਤੋਂ ਭਾਰੀ
ਕਠ ਮੁਸ਼ਟੰਡਿਆਂ ਦੇ
ਓਥੇ ਬੋਤਲਾਂ ਮੰਗਾਲੀਆਂ ਚਾਲੀ
ਤਿਨ ਸੇਰ ਸੋਨਾ ਚੁਕਿਆ
ਭਾਨ ਲੁਟ ਲੀ ਹੱਟੀ ਦੀ ਸਾਰੀ
ਰਤਨ ਸਿੰਘ ਕੁਕੜਾਂ ਦਾ
ਜੀਹਦੇ ਚਲਦੇ ਮੁਕੱਦਮੇਂ ਭਾਰੀ
ਥਾਣੇਦਾਰਾ ਚੜ੍ਹ ਘੋੜੀ
ਤੇਰਾ ਯਾਰ ਕੁਟਿਆ ਪਟਵਾਰੀ
ਥਾਣੇਦਾਰ ਤਿੰਨ ਚੜ੍ਹਗੇ
ਨਾਲੇ ਪੁਲਸ ਚੜ੍ਹੀ ਸੀ ਸਾਰੀ
ਇਸੂ ਧੂਰੀ ਦਾ
ਜਿਹੜਾ ਡਾਂਗ ਬਹਾਦਰ ਭਾਰੀ
ਮੰਗੂ ਖੇੜੀ ਦਾ
ਜੀਹਨੇ ਪੁੱਠੇ ਹੱਥ ਦੀ ਗੰਡਾਸੀ ਮਾਰੀ
ਠਾਣੇਦਾਰ ਐਂ ਡਿਗਿਆ
ਜਿਵੇਂ ਹਲ ਤੋਂ ਡਿਗੇ ਪੰਜਾਲੀ
ਕਾਹਨੂੰ ਛੇੜੀ ਸੀ -
ਨਾਗਾਂ ਦੀ ਪਟਿਆਰੀ
ਥਾਣੇਦਾਰ ਤੇ ਡਿਪਟੀ ਦੀਆਂ ਲੰਬੀਆਂ ਤਰੀਕਾਂ ਤੋਂ ਅੱਕੇ ਹੋਏ ਗੱਭਰੂ ਵੰਗਾਰ ਉਠਦੇ ਹਨ:-
ਧਾਵੇ ਧਾਵੇ ਧਾਵੇ
ਡੱਬਾ ਕੁੱਤਾ ਮਿੱਤਰਾਂ ਦਾ
ਠਾਣੇਦਾਰ ਦੀ ਕੁੜੀ ਨੂੰ ਚੱਕ ਲਿਆਵੇ
ਭੈਣ ਚੱਕੇ ਡਿਪਟੀ ਦੀ
ਜਿਹੜਾ ਲੰਬੀਆਂ ਤਰੀਕਾਂ ਪਾਵੇ
ਰਾਹ ਸੰਗਰੂਰਾਂ ਦੇ
ਕੱਚੀ ਮਲਮਲ ਉਡਦੀ ਜਾਵੇ
ਉਡਦੀ ਮਲਮਲ ਤੇ
ਤੋਤਾ ਝਪਟ ਚਲਾਵੇ
ਮੇਲੋ ਦਾ ਯਾਰ ਯਾਰੋ
ਰੁਸ ਕੇ ਚੀਨ ਨੂੰ ਜਾਵੇ
ਖੂਹ ਵਿਚੋਂ ਬੋਲ ਪੂਰਨਾਂ
ਤੈਨੂੰ ਗੋਰਖ ਨਾਥ ਬੁਲਾਵੇ
ਜੱਜ ਨਾਲ਼ ਕਿਸਾਨਾਂ ਦਾ ਸਿਰਫ਼ ਮੁਕਦਮਿਆਂ ਦੇ ਕਾਰਨ ਹੀ ਵਾਹ ਪੈਂਦਾ ਹੈ। ਕਿਸੇ ਦਾ ਰਾਂਗਲਾ ਫਸ ਜਾਂਦਾ ਹੈ ਤਾਂ ਵਿਚਾਰੀ ਜੱਜ ਅੱਗੇ ਹੱਥ ਬੰਨ੍ਹਦੀ ਹੈ:-
ਹੱਥ ਬਨ੍ਹ ਦੀ ਸ਼ਿਸ਼ਨ ਜੱਜ ਮੂਹਰੇ
ਭਗਤੇ ਨੂੰ ਕੈਦੋਂ ਛਡਦੇ
ਲੰਬੀਆਂ ਤਰੀਕਾਂ ਤੋਂ ਅੱਕੇ ਹੋਏ ਗੱਭਰੂਆਂ ਦੀ ਜੱਜ ਦੀ ਕੁੜੀ ਚੁੱਕਣ ਦੀ ਤਜਵੀਜ਼:-
ਚੱਕੋ ਸਹੁਰੇ ਜੱਜ ਦੀ ਕੁੜੀ
ਜਿਹੜਾ ਲੰਬੀਆਂ ਤਰੀਕਾਂ ਪਾਵੇ
ਵਕੀਲ
ਹਰ ਮੁਕੱਦਮੇਂ ਵਿੱਚ ਵਕੀਲ ਦੀ ਲੋੜ ਪੈਂਦੀ ਹੈ। ਏਸ ਲਈ ਵਕੀਲ ਨੂੰ ਵੀ ਸਰਕਾਰੀ ਪਾਤਰਾਂ ਵਿੱਚ ਮਿਥਿਆ ਜਾ ਸਕਦਾ ਹੈ। ਵਕੀਲ ਦੋਸ਼ੀ ਨੂੰ ਛੁਡਾਉਣ ਵਿੱਚ ਸਹਾਇਤਾ ਕਰਦਾ ਹੈ ਤਦੇ ਤਾਂ ਗੋਰੀ ਆਪਣੇ ਮਾਹੀ ਨੂੰ ਛਡਾਉਣ ਲਈ ਦਿਲ ਦਰਿਆ ਬਣ ਬੱਗਾ ਘੋੜਾ ਦੇਣਾ ਮੰਨਦੀ ਹੈ:-
ਬੱਗਾ ਘੋੜਾ ਦੇ ਵਕੀਲਾ ਤੈਨੂੰ
ਪਹਿਲੀ ਪੇਸ਼ੀ ਯਾਰ ਛੁਟ ਜੇ
ਇਸ਼ਕ ਦੇ ਝਗੜੇ ਵਿੱਚ ਤਾਂ ਵਕੀਲ ਦੀ ਲੋੜ ਨਹੀਂ ਭਾਸਦੀ:-
ਛਜ ਭਰਿਆ ਤੀਲਾਂ ਦਾ
ਆਪਾਂ ਦੋਵੇਂ ਝਗੜਾਂਗੇ
ਕੋਈ ਰਾਹ ਨੀ ਵਕੀਲਾਂ ਦਾ
ਮੁਕੱਦਮੇਂ ਬਾਜ਼ੀ ਵਿੱਚ ਰੱਜੇ ਪੁੱਜੇ ਘਰ ਤਬਾਹ ਹੋ ਜਾਂਦੇ ਹਨ। ਵਕੀਲ ਕੋਠੀਆਂ ਉਸਾਰ ਲੈਂਦੇ ਹਨ ਤਦੇ ਤਾਂ ਕਿਸੇ ਸਿਆਣੇ ਨੇ ਕਿਸਾਨ ਨੂੰ ਸਮਝਾਇਆ ਹੈ:-
ਤੇਰੀ ਹਾੜ੍ਹੀ ਨੂੰ ਵਕੀਲਾਂ ਖਾਧਾ
ਸੌਣੀ ਤੇਰੀ ਸ਼ਾਹਾਂ ਲੁਟ ਲੀ