ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/ਮੁੱਢਲੇ ਸ਼ਬਦ
ਮੁੱਢਲੇ ਸ਼ਬਦ
ਮੁੱਢ ਕਦੀਮ ਤੋਂ ਹੀ ਲੋਕ ਸਾਹਿਤ ਮਨੁੱਖੀ ਜੀਵਨ ਦਾ ਅਨਿਖੜਵਾਂ ਅੰਗ ਰਿਹਾ ਹੈ। ਸੱਭਿਆ ਸਮਾਜ ਦੇ ਵਿਕਾਸ ਦੀ ਕਹਾਣੀ ਦਾ ਇਤਿਹਾਸ ਇਸ ਵਿੱਚ ਸਾਂਭਿਆ ਪਿਆ ਹੈ। ਆਦਿ ਮਨੁੱਖ ਇਸ ਦੁਆਰਾ ਆਪਣੀਆਂ ਖੁਸ਼ੀਆਂ ਗ਼ਮੀਆਂ, ਮਨੋਭਾਵਾਂ ਅਤੇ ਆਸ਼ਾਵਾਂ ਦਾ ਪ੍ਰਗਟਾਵਾ ਕਰਦਾ ਆਇਆ ਹੈ। ਲੋਕ ਸਾਹਿਤ ਵਿੱਚ ਕਿਸੇ ਸਮਾਜ ਅਥਵਾ ਜਾਤੀ ਦੇ ਸੰਸਕ੍ਰਿਤਕ ਤੇ ਸੱਭਿਆਚਾਰਕ ਅੰਸ਼ ਸਮੋਏ ਹੁੰਦੇ ਹਨ।
ਪੰਜਾਬੀ ਲੋਕ ਸਾਹਿਤ, ਸੰਸਾਰ ਦੇ ਲੋਕ ਸਾਹਿਤ ਵਾਂਗ ਪੰਜਾਬੀ ਲੋਕ ਜੀਵਨ ਦਾ ਦਰਪਨ ਹੈ ਜਿਸ ਵਿੱਚ ਪੰਜਾਬ ਦੀ ਨੱਚਦੀ, ਗਾਉਂਦੀ ਤੇ ਜੂਝਦੀ ਸੰਸਕ੍ਰਿਤੀ ਸਾਫ਼ ਨਜ਼ਰ ਆਉਂਦੀ ਹੈ। ਲੋਕ ਕਹਾਣੀਆਂ, ਲੋਕ ਬੁਝਾਰਤਾਂ, ਲੋਕ ਗੀਤ, ਲੋਕ ਨਾਚ, ਅਖਾਣ ਅਤੇ ਲੋਕ ਵਿਸ਼ਵਾਸ਼ ਪੰਜਾਬੀ ਲੋਕ ਸਾਹਿਤ ਦੇ ਅਜਿਹੇ ਰੂਪ ਹਨ ਜਿਨ੍ਹਾਂ ਦੁਆਰਾ ਪੰਜਾਬੀ ਆਦਿ ਕਾਲ ਤੋਂ ਹੀ ਮਨੋਰੰਜਨ ਪ੍ਰਾਪਤ ਕਰਦੇ ਰਹੇ ਹਨ।
ਪੰਜਾਬ ਦੇ ਲੋਕ ਗੀਤ ਪੰਜਾਬੀ ਲੋਕ ਸਾਹਿਤ ਦਾ ਪ੍ਰਮੁੱਖ ਅੰਗ ਹਨ। ਪੰਜਾਬ ਦਾ ਲੋਕ ਜੀਵਨ ਇਹਨਾਂ ਵਿੱਚ ਧੜਕਦਾ ਸਾਫ਼ ਦਿਸ ਆਉਂਦਾ ਹੈ। ਇਹਨਾਂ ਵਿੱਚ ਐਨੀ ਵੰਨ ਸੁਵੰਨਤਾ ਹੈ ਕਿ ਸ਼ਾਇਦ ਹੀ ਜ਼ਿੰਦਗੀ ਦਾ ਕੋਈ ਅਜਿਹਾ ਵਿਸ਼ਾ ਹੋਵੇ ਜਿਸ ਬਾਰੇ ਪੰਜਾਬੀ ਲੋਕ ਗੀਤ ਨਾ ਮਿਲਦਾ ਹੋਵੇ। ਇਹ ਹਜ਼ਾਰਾਂ ਦੀ ਗਿਣਤੀ ਵਿੱਚ ਉਪਲਬਧ ਹਨ। ਪੰਜਾਬੀ ਆਪਣਾ ਸਾਰਾ ਜੀਵਨ ਹੀ ਨੱਚਦੇ ਗਾਉਂਦੇ ਬਤੀਤ ਕਰਦੇ ਨੇ ਇਸੇ ਕਰਕੇ ਹਰ ਪੰਜਾਬੀ ਤੁਹਾਨੂੰ ਖ਼ੁਸ਼ੀਆਂ ਵੰਡਦਾ ਖਿੜੇ ਮੱਥੇ ਮਿਲੇਗਾ - ਜੰਮਣ ਤੋਂ ਲੈ ਕੇ ਮਰਨ ਤਕ ਦੀਆਂ ਰਸਮਾਂ ਨਾਲ ਸੰਬੰਧਿਤ ਗੀਤ ਪੰਜਾਬੀਆਂ ਨੇ ਜੋੜੇ ਹੋਏ ਹਨ।
ਪੰਜਾਬੀ ਬਾਲ ਦੇ ਜਨਮ ਦੇ ਨਾਲ਼ ਹੀ ਪੰਜਾਬੀ ਮਾਂ ਲੋਰੀਆਂ ਦੀ ਸਿਰਜਣਾ ਕਰਦੀ ਹੈ। ਮਾਂ ਦੇ ਮਮਤਾ ਭਰੇ ਥਾਪੜੇ ਅਤੇ ਲੋਰੀ ਦੀ ਮਿੱਠੀ ਸੁਰ ਨਾਲ਼ ਬੱਚਾ ਮਾਂ ਦੀ ਗੋਦ ਵਿੱਚ ਗੂਹੜੀ ਨੀਂਦਰ ਦੇ ਹੂਟੇ ਲੈਣ ਲੱਗ ਜਾਂਦਾ ਹੈ : -
ਤੇਰੀ ਬੋਦੀ ’ਚ ਪੈਗੀ ਜੂੰ ਵੇ
ਇਕ ਮੈਂ ਕੱਢਾਂ ਇਕ ਤੂੰ ਵੇ
ਕੱਢਣ ਵਾਲਾ ਕੀ ਕਰੇ
ਕੁਪੱਤਾ ਵੀਰਾ ਤੂੰ ਵੇ
ਬਾਲਪਨ ਦੇ ਆਪਣੇ ਗੀਤ ਨੇ। ਬੱਚੇ ਖੇਡਾਂ ਖੇਡਦੇ ਹੋਏ ਅਨੇਕਾਂ ਗੀਤ ਗਾਉਂਦੇ ਹਨ। ਪੁੱਗਣ ਸਮੇਂ ਇਹ ਗੀਤ ਗਾਇਆ ਜਾਂਦਾ ਹੈ: -
ਈਂਗਣ ਮੀਂਗਣ ਤਲੀ ਤਲੀਂਗਣ
ਕਾਲਾ ਪੀਲਾ ਡੱਕਰਾ
ਗੁੜ ਖਾਵਾਂ ਵੇਲ ਵਧਾਵਾਂ
ਮੂਲੀ ਪੱਤਰਾ
ਪੱਤਰਾਂ ਵਾਲੇ ਘੋੜੇ ਆਏ
ਹੱਥ ਕੁਤਾੜੀ ਪੈਰ ਕੁਤਾੜੀ
ਨਿੱਕਲ ਬਾਲਿਆ ਤੇਰੀ ਬਾਰੀ
ਸਕੂਲਾਂ ਵਿੱਚ ਪੜ੍ਹਦੇ ਬੱਚੇ ਫੱਟੀਆਂ ਸੁਕਾਉਂਦੇ ਹੋਏ ਗਾਉਂਦੇ ਹਨ :-
ਸੂਰਜਾ ਸੂਰਜਾ ਫੱਟੀ ਸੁਕਾ
ਨਹੀਂ ਸੁਕਾਉਣੀ ਗੰਗਾ ਜਾ
ਗੰਗਾ ਜਾ ਕੇ ਪਿੰਨੀਆਂ ਲਿਆ
ਇਕ ਪਿੰਨੀ ਫੁਟਗੀ
ਮੇਰੀ ਫੱਟੀ ਸੁੱਕ ਗੀ
ਨਿੱਕੀਆਂ ਬੱਚੀਆਂ ਥਾਲ ਤੇ ਕਿੱਕਲੀ ਪਾਉਂਦੀਆਂ ਹੋਈਆਂ ਗੀਤਾਂ ਦੀ ਝੜੀ ਲਾ ਦਿੰਦੀਆਂ ਹਨ: ਇਕ ਕਿੱਕਲੀ ਦਾ ਗੀਤ ਹੈ :-
ਅੰਬੇ ਨੀ ਮਾਏ ਅੰਬੇ
ਮੇਰੇ ਸਤ ਭਰਾ ਮੰਗੇ
ਮੇਰਾ ਇਕ ਭਰਾ ਕੁਆਰਾ
ਉਹ ਚੌਪਟ ਖੇਡਣ ਵਾਲਾ
ਚੌਪਟ ਕਿੱਥੇ ਖੇਡੇ
ਲਾਹੌਰ ਸ਼ਹਿਰ ਖੇਡੇ
ਲਾਹੌਰ ਸ਼ਹਿਰ ਉੱਚਾ
ਮੈਂ ਮਨ ਪਕਾਇਆ ਸੁੱਚਾ
ਮੇਰੇ ਮਨ ਨੂੰ ਲੱਗੇ ਮੋਤੀ
ਮੈਂ ਗਲੀਆਂ ਵਿੱਚ ਖਲੋਤੀ
ਬੜੇ ਬਾਬੇ ਦੀ ਪੋਤੀ
ਪੰਜਾਬੀ ਜੀਵਨ ਨਾਲ਼ ਜੁੜੀਆਂ ਰਸਮਾਂ ਅਤੇ ਤਿਉਹਾਰ ਉਹ ਅਖਾੜੇ ਹਨ ਜਿੱਥੇ ਪੰਜਾਬੀ ਮੁਟਿਆਰਾਂ ਤੇ ਗੱਭਰੂ ਆਪਣੇ ਦਿਲਾਂ ਦੇ ਅਰਮਾਨ ਪੂਰੇ ਕਰਦੇ ਹਨ। ਲੋਹੜੀ ਅਤੇ ਵਿਸਾਖੀ ਦਾ ਤਿਉਹਾਰ ਪੰਜਾਬੀਆਂ ਲਈ ਨਵੇਂ ਚਾਅ ਅਤੇ ਉਮਾਹ ਲੈ ਕੇ ਆਉਂਦਾ ਹੈ। ਇਹਨਾਂ ਤਿਉਹਾਰਾਂ ਨਾਲ ਸੰਬੰਧ ਰਖਦੇ ਅਨੇਕਾਂ ਲੋਕ ਗੀਤ ਪੰਜਾਬੀਆਂ ਦਾ ਮਨੋਰੰਜਨ ਕਰਦੇ ਹਨ।
ਤੀਆਂ ਦਾ ਤਿਉਹਾਰ ਵਿਆਹੀਆਂ ਅਤੇ ਕੁਆਰੀਆਂ ਮੁਟਿਆਰਾਂ ਲਈ ਚਾਵਾਂ ਮੱਤਾ ਹੁੰਦਾ ਹੈ ਜਿੱਥੇ ਉਹ ਅਨੇਕਾਂ ਗੀਤ ਗਾ ਕੇ ਆਪਣੇ ਦਿਲਾਂ ਦੇ ਗੁਭ ਗੁਭਾੜ ਕਢਦੀਆਂ ਹਨ। ਤੀਆਂ ਦੇ ਗਿੱਧੇ ਵਿੱਚ ਕੁੜੀਆਂ ਜਿੱਥੇ ਆਪਣੇ ਪੇਕੇ ਪਰਿਵਾਰ ਦੇ ਜੀਆਂ ਦੀ ਸੁਖ ਸੁਖਦੀਆਂ ਹੋਈਆਂ ਆਪਣੇ ਬਾਬਲ, ਮਾਂ ਤੇ ਵੀਰੇ ਨੂੰ ਯਾਦ ਕਰਦੀਆਂ ਹਨ ਉਥੇ ਉਹ ਆਪਣੇ ਸੱਸ-ਸਹੁਰੇ, ਜੇਠ-ਜਠਾਣੀ, ਨਣਦ, ਦਿਉਰ ਅਤੇ ਦਿਲ ਦੇ ਮਹਿਰਮ ਬਾਰੇ ਅਨੇਕਾਂ ਗੀਤ ਗਾ ਕੇ ਆਪਣੇ ਮਨ ਦੀ ਭੜਾਸ ਕੱਢਦੀਆਂ ਹਨ।
ਤ੍ਰਿੰਜਣ ਪੰਜਾਬੀ ਸਭਿਆਚਾਰ ਦਾ ਵਿਸ਼ੇਸ਼ ਭਾਗ ਰਿਹਾ ਹੈ। ਸਿਆਲ ਦੀਆਂ ਲੰਬੀਆਂ ਰਾਤਾਂ ਨੂੰ ਗਲੀ-ਗੁਆਂਢ ਦੀਆਂ ਕੁੜੀਆਂ ਨੇ ਕੱਠੀਆਂ ਹੋ ਕੇ ਛੋਪ ਕਤਣੇ। ਸਾਰੀ ਸਾਰੀ ਰਾਤ ਚਰਖੇ ਦੀ ਘੂਕਰ ਨਾਲ ਲੰਮੀਆਂ ਹੇਕਾਂ ਵਾਲੇ ਗੀਤ ਗਾਉਣੇ। ਤ੍ਰਿੰਜਨ ਦੇ ਗੀਤਾਂ ਵਿੱਚ ਲਾਮ ਤੇ ਗਏ ਮਾਹੀ ਦਾ ਵਿਛੋੜਾ, ਸੱਸ-ਨਣਦ ਤੇ ਜਠਾਣੀ ਦੇ ਰੜਕਵੇਂ ਬੋਲਾਂ ਦਾ ਵਰਨਣ, ਵੀਰ ਦਾ ਪਿਆਰ ਅਤੇ ਦਿਲ ਦੇ ਮਹਿਰਮ ਦਾ ਜ਼ਿਕਰ ਵਧੇਰੇ ਹੁੰਦਾ ਸੀ। ਕਿਸੇ ਵਿਰਹੋਂ ਕੁਠੀ ਨੇ ਪੁੰਨੂੰ ਦੀ ਕਹਾਣੀ ਛੁਹ ਦੇਣੀ, ਕਿਸੇ ਜੋਗੀ ਬਣੇ ਰਾਂਝੇ ਦਾ ਗੀਤ ਦਰਦੀਲੇ ਬੋਲਾਂ ਨਾਲ਼ ਗਾਉਣਾ। ਤ੍ਰਿੰਜਨ ਦਾ ਇਕ ਗੀਤ ਹੈ :-
ਪੀਹ ਪੀਹ ਵੇ ਮੈਂ ਭਰਦੀ ਪਰਾਤਾਂ
ਆਪਣੀਆਂ ਮਾਵਾਂ ਬਾਝੋਂ
ਵੇ ਕੋਈ ਪੁੱਛਦਾ ਨਾ ਬਾਤਾਂ
ਅੱਖੀਆਂ ਜਲ ਭਰ ਆਈਆਂ ਨੀ ਮਾਏਂ
ਅੱਖੀਆਂ ਡੁੱਲ੍ਹ, ਡੁੱਲ੍ਹ ਪੈਂਦੀਆਂ ਨੀ ਮਾਏ
ਇਕ ਰਾਤ ਦੇ ਹਨੇਰੀ
ਦੂਜਾ ਦੇਸ ਵੇ ਪਰਾਇਆ
ਪੀਹ ਪੀਹ ਵੇ ਮੈਂ ਭਰਦੀ ਭੜੋਲੇ
ਆਪਣਿਆਂ ਵੀਰਾਂ ਬਾਝੋਂ
ਕੋਈ ਮੁੱਖੋਂ ਨਾ ਬੋਲੇ
ਅੱਖੀਆਂ ਜਲ ਭਰ ਆਈਆਂ ਨੀ ਮਾਏਂ
ਅੱਖੀਆਂ ਡੁੱਲ੍ਹ ਡੁੱਲ੍ਹ ਪੈਂਦੀਆਂ ਨੀ ਮਾਏਂ
ਸੁਣ ਊਠਾਂ ਵਾਲਿਓ ਵੇ
ਕੀ ਲੱਦ ਸੀ ਰੜਕੇ
ਉਹ ਦਿਨ ਭੁੱਲ ਗਏ ਵੇ
ਜਦੋਂ ਉੱਠ ਗਏ ਸੀ ਤੜਕੇ
ਅੱਖੀਆਂ ਜਲ ਭਰ ਆਈਆਂ ਨੀ ਮਾਏਂ
ਅੱਖੀਆਂ ਡੁੱਲ੍ਹ ਡੁੱਲ੍ਹ ਪੈਂਦੀਆਂ ਨੀ ਮਾਏਂ
ਸੁਣ ਊਠਾਂ ਵਾਲਿਓ ਵੇ
ਕੀ ਲੱਦ ਲਈਆਂ ਸੀ ਬਾਹੀਆਂ
ਜੇ ਤੈਂ ਨੌਕਰ ਸੀ ਜਾਣਾ
ਅਸੀਂ ਕਾਹਨੂੰ ਸੀ ਵਿਆਹੀਆਂ
ਅੱਖੀਆਂ ਜਲ ਭਰ ਆਈਆਂ ਨੀ ਮਾਏਂ
ਅੱਖੀਆਂ ਡੁੱਲ੍ਹ ਡੁੱਲ੍ਹ ਪੈਂਦੀਆਂ ਨੀ ਮਾਏਂ
ਸਮਾਜਿਕ ਰਿਸ਼ਤਿਆਂ ਤੋਂ ਬਿਨਾਂ ਦੇਸ਼ ਭਗਤਾਂ, ਗੁਰੂਆਂ ਅਤੇ ਪੀਰਾਂ ਫ਼ਕੀਰਾਂ ਦਾ ਜ਼ਿਕਰ ਵੀ ਲੋਕ ਗੀਤਾਂ ਵਿੱਚ ਆਉਂਦਾ ਹੈ। ਪੰਜਾਬ ਦੀਆਂ ਪ੍ਰੀਤ ਕਹਾਣੀਆਂ ਹੀਰ ਰਾਂਝਾ, ਸੋਹਣੀ ਮਹੀਂਵਾਲ, ਮਿਰਜ਼ਾ ਸਾਹਿਬਾਂ, ਸੱਸੀ ਪੁੰਨੂੰ, ਰੋਡਾ ਜਲਾਲੀ, ਇੰਦਰ ਬੇਗੋ, ਸੋਹਣਾ ਜ਼ੈਨੀ ਅਤੇ ਕਾਕਾ ਪ੍ਰਤਾਪੀ ਦੀ ਦਿਲ ਹੂਲਵੀਂ ਮੁਹੱਬਤ ਨੂੰ ਪੰਜਾਬੀ ਮੁਟਿਆਰਾਂ ਨੇ ਬੜੀਆਂ ਲਟਕਾਂ ਨਾਲ ਗਾਂਵਿਆ ਹੈ।
ਪੰਜਾਬੀ ਲੋਕ ਗੀਤ ਕਈ ਰੂਪਾਂ ਵਿੱਚ ਮਿਲਦੇ ਹਨ। ਲੋਰੀਆਂ, ਇਕ ਲੜੀਆਂ ਬੋਲੀਆਂ, ਲੰਬੀਆਂ ਬੋਲੀਆਂ, ਘੋੜੀਆਂ, ਵੈਣ, ਸੁਹਾਗ, ਹੇਰੇ, ਸਿਠਣੀਆਂ, ਹੇ ਅਤੇ ਕਲੀਆਂ ਪੰਜਾਬੀ ਲੋਕ ਗੀਤਾਂ ਦੇ ਵਿਭਿੰਨ ਰੂਪ ਹਨ।
ਗਿੱਧਾ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਚ ਹੈ ਜਿਸ ਵਿੱਚ ਅਨੇਕ ਪ੍ਰਕਾਰ ਦੀਆਂ ਇਕ ਲੜੀਆਂ ਤੇ ਲੰਬੀਆਂ ਬੋਲੀਆਂ ਪਾਕੇ ਨੱਚਿਆ ਜਾਂਦਾ ਹੈ। ਇਕ ਲੜੀਆਂ ਬੋਲੀਆਂ ਦੇ ਨਮੂਨੇ ਹਾਜ਼ਰ ਹਨ : -
ਵੀਰਾ ਵੇ ਬੁਲਾ ਸੋਹਣਿਆਂ
ਤੈਨੂੰ ਵੇਖ ਕੇ ਭੁੱਖੀ ਰੱਜ ਜਾਵਾਂ
ਵੀਰ ਮੇਰਾ ਪੱਟ ਦਾ ਲੱਛਾ
ਭਾਬੋ ਸੋਨੇ ਦੀ ਝੁਲਦੀ ਆਵੇ
ਮੇਰਾ ਵੀਰ ਨੀ ਜਮਾਈ ਠਾਣੇਦਾਰ ਦਾ
ਸੰਮਾਂ ਵਾਲੀ ਡਾਂਗ ਰੱਖਦਾ
ਵੇ ਮੈਂ ਤੇਰੀਆਂ ਮਲਾਹਜ਼ੇਦਾਰਾ
ਜੁੱਤੀ ਉੱਤੋਂ ਜਗ ਵਾਰਿਆ
ਰੂਪ ਕੁਆਰੀ ਦਾ
ਦਿਨ ਚੜ੍ਹਦੇ ਦੀ ਲਾਲੀ
ਮੇਰੀ ਸੱਸ ਦੇ ਸਤਾਰਾਂ ਕੁੜੀਆਂ
ਮੱਥਾ ਟੇਕਦੀ ਨੂੰ ਬਾਰਾਂ ਵਜ ਜਾਂਦੇ
ਡਿੱਬਾ ਕੁੱਤਾ ਮਿੱਤਰਾਂ ਦਾ
ਥਾਣੇਦਾਰ ਦੀ ਕੁੜੀ ਨੂੰ ਚੱਕ ਲਿਆਵੇ
ਬਾਪੂ ਤੇਰੇ ਮੰਦਰਾਂ ’ਚੋਂ।
ਸਾਨੂੰ ਮੁਸ਼ਕ ਚੰਨਣ ਦਾ ਆਵੇ
ਗਿੱਧੇ ਦੀ ਇਕ ਲੰਬੀ ਬੋਲੀ ਪੇਸ਼ ਹੈ: -
{{left|<poem>ਸੁਣ ਨੀ ਕੁੜੀਏ ਮਛਲੀ ਵਾਲੀਏ
ਤੇਰੀ ਭੈਣ ਦਾ ਸਾਕ ਲਿਆਵਾਂ
ਤੈਨੂੰ ਬਣਾਵਾਂ ਸਾਲੀ
ਫੇਰ ਆਪਾਂ ਚੜ ਚੱਲੀਏ
ਮੇਰੀ ਬੋਤੀ ਝਾਂਜਰਾਂ ਵਾਲੀ
ਬੋਤੀ ਮੇਰੀ ਐਂ ਚਲਦੀ
ਜਿਵੇਂ ਚਲਦੀ ਡਾਕ ਸਵਾਰੀ
ਬੋਤੀ ਨੇ ਛਾਲ ਚੱਕਲੀ
ਜੁੱਤੀ ਡਿਗ ਪਈ ਸਤਾਰਿਆਂ ਵਾਲੀ
ਡਿਗਦੀ ਨੂੰ ਡਿਗ ਪੈਣ ਦੇ
ਪਿੰਡ ਚਲਕੇ ਸਮਾਜੂੰ ਚਾਲੀ
ਲਹਿੰਗੇ ਤੇਰੇ ਨੂੰ -
ਲੌਣ ਲਵਾਊਂ ਕਾਲੀ।
ਪੰਜਾਬੀਆਂ ਦਾ ਮੁੱਖ ਧੰਦਾ ਖੇਤੀਬਾੜੀ ਰਿਹਾ ਹੈ। ਤੜਕਸਾਰ ਔਰਤਾਂ ਨੇ ਚੱਕੀਆਂ ਝੋ ਦੇਣੀਆਂ, ਕੋਈ ਦੁਧ ਰਿੜਕਣ ਲਗ ਜਾਂਦੀ, ਮਰਦ ਤਾਰਿਆਂ ਦੀ ਛਾਵੇਂ ਹਲ ਜੋੜਕੇ ਤੁਰ ਜਾਂਦੇ, ਕਿਧਰੇ ਹਲਟ ਚਲਦੇ। ਬਲਦਾਂ ਅਤੇ ਬੋਤਿਆਂ ਦੀਆਂ ਘੁੰਗਰਾਲਾਂ ਦੀ ਛਣਕਾਰ ਨਾਲ ਇਕ ਅਨੂਠਾ ਰਾਗ ਉਤਪੰਨ ਹੋ ਜਾਂਦਾ। ਘੁੰਗਰੂਆਂ, ਟੱਲੀਆਂ ਅਤੇ ਹਲਟ ਦੇ ਕੁੱਤੇ ਦੀ ਟਕ ਟਕ ਨਾਲ ਤਾਲ ਦੇਦੇ ਹਾਲੀ ਅਤੇ ਨਾਕੀ ਵਜਦ ਵਿੱਚ ਆਕੇ ਦੋਹੇ ਤੇ ਕਲੀਆਂ ਲਾਉਣ ਲਗ ਜਾਂਦੇ। ਸ਼ਾਂਤ ਵਾਤਾਵਰਣ ਵਿੱਚ ਦੀਆਂ ਕੂਹਲਾਂ ਵਹਿ ਟੁਰਦੀਆਂ:
ਸੁਪਨਿਆਂ ਤੈਨੂੰ ਕਤਲ ਕਰਾਵਾਂ
ਮੇਰਾ ਝੋਰੇ ਪਾ ਲਿਆ ਚਿਤ
ਰਾਤੀਂ ਸੁੱਤੇ ਦੋ ਜਣੇ
ਦਿਨ ਚੜ੍ਹਦੇ ਨੂੰ ਇਕ
ਨੈਣ ਲਲਾਰੀ ਨੈਣ ਕਸੁੰਭਾ
ਨੈਣ ਨੈਣਾਂ ਨੂੰ ਰੰਗਦੇ
ਨੈਣ ਨੈਣਾਂ ਦੀ ਕਰਨ ਮਜੂਰੀ
ਮਿਹਨਤ ਮੂਲ ਨਾ ਮੰਗਦੇ
ਆਖੇਂ ਗਲ ਤਾਂ ਹੀਰੇ ਕਹਿਕੇ ਸੁਣਾ ਦਿਆਂ ਨੀ
ਦੇ ਕੇ ਤੈਨੂੰ ਨਢੀਦੇ ਸੋਹਣੇ ਨੀ ਹਵਾਲੇ
ਇੰਦਰ-ਖਾੜੇ ਦੇ ਵਿੱਚ ਪਰੀਆਂ ਸਭ ਤੋਂ ਚੰਗੀਆਂ ਨੀ
ਗਾਵਨ ਜਿਹੜੀਆਂ ਮਿੱਠੇ ਰਾਗ ਜੋ ਸੁਰਤਾਲੇ
ਮੋਹ ਲਿਆ ਪਰੀਏ ਮੈਨੂੰ ਤੇਰਿਆਂ ਨੀ ਨੈਣਾਂ ਨੇ
ਮੈਂ ਕੀ ਜਾਣਾਂ ਇਹਨਾਂ ਅੱਖੀਆਂ ਦੇ ਚਾਲੇ
ਜਾਲ ਫੈਲਾਇਆ ਹੀਰੇ ਤੇਰੀਆਂ ਅੱਖੀਆਂ ਨੇ
ਉਡਦੇ ਜਾਂਦੇ ਪੰਛੀ ਜਿਨ੍ਹਾਂ ਨੇ ਫਸਾਲੇ
ਬਲਣ ਮਸਾਲਾਂ ਵਾਂਗੂੰ ਅੱਖੀਆਂ ਹੀਰੇ ਤੇਰੀਆਂ
ਆਸ਼ਕ ਘੇਰ ਤੋਂ ਭਮੱਕੜ ਵਿੱਚ ਮਚਾਲੇ
ਮੁਖੜਾ ਹੀਰੇ ਤੇਰਾ ਸੁਹਣਾ ਫੁੱਲ ਗੁਲਾਬ ਨੀ
ਆਸ਼ਕ ਭੌਰ ਜੀਹਦੇ ਫਿਰਦੇ ਨੀ ਉਦਾਲੇ
ਸੇਹਲੀ ਤੇਰੀ ਨੱਢੀਏ ਵਾਂਗ ਨੀ ਕਮਾਣ ਦੇ
ਅੱਖੀਆਂ ਤੇਰੀਆਂ ਨੇ ਤੀਰ ਨਸ਼ਾਨੇ ਲਾ ਲੇ
ਵਿੰਨ੍ਹਿਆਂ ਕਾਲਜਾ ਨਾ ਹਿੱਲਿਆ ਜਾਵੇ ਰਾਂਝੇ ਤੋਂ
ਇਹ ਜਿੰਦ ਕਰਤੀ ਮੈਂ ਤਾਂ ਤੇਰੇ ਨੀ ਹਵਾਲੇ
ਹੋਰੇ, ਸਿਠਣੀਆਂ, ਸੁਹਾਗ ਅਤੇ ਘੋੜੀਆਂ ਮੰਗਣੇ ਅਤੇ ਵਿਆਹ ਦੀਆਂ ਰਸਮਾਂ ਨਾਲ਼ ਸੰਬੰਧ ਰਖਦੇ ਗੀਤ ਹਨ। ਮੁੰਡੇ ਦੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ ਤੇ ਕੁੜੀ ਵਾਲੇ ਘਰ ਸੁਹਾਗ ਗਾਉਣ ਦੀ ਪਰੰਪਰਾ ਹੈ। ਇਹ ਦੋਨੋ ਸ਼ਗਨਾਂ ਦੇ ਗੀਤ ਹਨ।
ਵਿਆਹ ਦੇ ਮੌਕੇ ਤੇ ਨਾਨਕਿਆਂ ਦਾਦਕਿਆਂ ਵਲੋਂ ਇਕ ਦੂਜੇ ਨੂੰ ਦਿੱਤੀਆਂ ਸਿਠਣੀਆਂ ਅਤੇ ਜੰਜ ਦਾ ਹੇਰਿਆਂ ਸਿਠਣੀਆਂ ਨਾਲ਼ ਸੁਆਗਤ ਦੋਹਾਂ ਧਿਰਾਂ ਲਈ ਖ਼ੁਸ਼ੀ ਪਰਦਾਨ ਕਰਦਾ ਹੈ।
ਹੇਰਿਆਂ ਦੀ ਵੰਨਗੀ ਹਾਜ਼ਰ ਹੈ:
ਚਾਦਰ ਵੇ ਕੁੜਮਾਂ ਮੇਰੀ ਪੰਜ ਗਜ਼ੀ
ਵਿੱਚ ਗੁਲਾਬੀ ਫੁੱਲ
ਜਦ ਮੈਂ ਨਿਕਲੀ ਪਹਿਨਕੇ
ਤੇਰੀ ਸਾਰੀ ਜਨੇਤ ਦਾ ਮੁੱਲ
ਚੁਟਕੀ ਵੇ ਮਾਰਾਂ ਰਾਖ ਦੀ
ਤੈਨੂੰ ਖੋਤਾ ਲਵਾਂ ਬਣਾ
ਨੌਂ ਮਣ ਛੋਲੇ ਲਦਕੇ
ਤੈਨੂੰ ਪਾਵਾਂ ਸ਼ਹਿਰ ਦੇ ਰਾਹ
ਮੇਰੀ ਵੇ ਖੋਗੀ ਜੀਜਾ ਆਰਸੀ
ਤੇਰੀ ਖੋਗੀ ਮਾਂ
ਆਪਾਂ ਦੋਨੋਂ ਟੋਲੀਏ
ਤੂੰ ਕਰ ਛਤਰੀ ਦੀ ਛਾਂ
ਸਿਠਣੀ ਦਾ ਇਕ ਨਮੂਨਾ ਪੇਸ਼ ਹੈ:
ਲਾੜਿਆ ਪਗ ਟੇਢੀ ਨਾ ਬਨ੍ਹ ਵੇ
ਸਾਨੂੰ ਹੀਣਤ ਆਵੇ
ਤੇਰੀ ਬੇਬੇ ਵੇ ਉਧਲੀ
ਸਾਡੇ ਮਹਿਲਾਂ ਨੂੰ ਆਵੇ
ਤੇਰੀ ਬੇਬੇ ਦੇ ਬਦਣੀ
ਬੈਠੀ ਜੋਕਾਂ ਵੇ ਲਾਵੇ
ਇਕ ਜੋਕ ਗਵਾਚੀ
ਬੈਠੀ ਝਗੜਾ ਪਾਵੇ
ਇਕ ਪੈਸਾ ਨੀ ਲੈ ਲੈ
ਝਗੜਾ ਛਡ ਬਦਕਾਰੇ
ਪੈਸਾ ਨਹੀਂਉਂ ਲੈਣਾ
ਝਗੜਾ ਜਾਊ ਸਰਕਾਰੇ
ਸਾਡਾ ਚਾਚਾ ਛੈਲ
ਝਗੜਾ ਜਿਤ ਘਰ ਆਵੇ
ਸੈਂਕੜਿਆਂ ਦੀ ਗਿਣਤੀ ਵਿੱਚ ਹੇਰੇ ਅਤੇ ਸਿਠਣੀਆਂ ਮਿਲਦੀਆਂ ਹਨ ਪਰੰਤੂ ਅਜੇ ਤੀਕਰ ਇਹਨਾਂ ਦਾ ਕੋਈ ਸੰਗ੍ਰਹਿ ਪ੍ਰਕਾਸ਼ਿਤ ਨਹੀਂ ਹੋਇਆ।
ਸਾਰੇ ਸੰਸਾਰ ਦੀਆਂ ਬੋਲੀਆਂ ਵਾਂਗ ਪੰਜਾਬੀ ਲੋਕ ਗੀਤ ਵੀ ਮੌਖਕ ਰੂਪ ਵਿੱਚ ਹੀ ਪ੍ਰਚੱਲਤ ਹਨ ਇਹਨਾਂ ਨੂੰ ਪੁਸਤਕ ਰੂਪ ਵਿੱਚ ਸਾਂਭਣ ਦਾ ਯਤਨ ਸਭ ਤੋਂ ਪਹਿਲਾਂ ਸੰਤ ਰਾਮ ਨੇ 1927 ਵਿੱਚ 'ਪੰਜਾਬੀ ਗੀਤ' ਨਾਮੀ ਸੰਗ੍ਰਹਿ ਦੇਵਨਾਗਰੀ ਲਿਪੀ ਵਿੱਚ ਛਾਪ ਕੇ ਕੀਤਾ। 1931 ਵਿੱਚ ਪੰਡਤ ਰਾਮ ਸਰਨ ਦਾ ਸੰਗ੍ਰਹਿ 'ਪੰਜਾਬ ਦੇ ਗੀਤ` ਫਾਰਸੀ ਲਿਪੀ ਵਿੱਚ ਪ੍ਰਕਾਸ਼ਿਤ ਹੋਇਆ। ਦੇਵਿੰਦਰ ਸੱਤਿਆਰਥੀ ਨੇ 1936 ਵਿੱਚ ਗਿੱਧੇ ਦੀਆਂ ਬੋਲੀਆਂ ਦਾ ਇੱਕ ਸੰਗ੍ਰਹਿ 'ਗਿੱਧਾ' ਪ੍ਰਕਾਸ਼ਿਤ ਕੀਤਾ ਜਿਸ ਨਾਲ ਪੰਜਾਬੀ ਲੋਕ ਗੀਤਾਂ ਵਲ ਵਿਦਵਨਾਂ ਦਾ ਧਿਆਨ ਖਿਚਿਆ ਗਿਆ। ਦੇਸ਼ ਆਜ਼ਾਦ ਹੋਣ ਮਗਰੋਂ ਪੰਜਾਬ ਦੇ ਅਨੇਕਾਂ ਵਿਦਵਾਨਾਂ ਨੇ ਪੰਜਾਬ ਦੇ ਲੋਕ ਗੀਤ ਸੰਗ੍ਰਹਿ ਕਰਨ ਵੱਲ ਯਤਨ ਅਰੰਭੇ। ਹਰਭਜਨ ਸਿੰਘ ਦੀ ‘ਪੰਜਾਬਣ ਦੇ ਗੀਤ', ਹਰਜੀਤ ਸਿੰਘ ਦੀ ‘ਨੈਂ ਝਨਾ', ਕਰਤਾਰ ਸਿੰਘ ਸ਼ਮਸ਼ੇਰ ਦੀ 'ਜਿਉਂਦੀ ਦੁਨੀਆਂ’ ਅਤੇ ‘ਨੀਲੀ ਤੇ ਰਾਵੀ', ਅੰਮ੍ਰਿਤਾ ਪ੍ਰੀਤਮ ਦੀ ‘ਪੰਜਾਬ ਦੀ ਆਵਾਜ਼' ਅਤੇ 'ਮੌਲੀ ਤੇ ਮਹਿੰਦੀ', ਅਵਤਾਰ ਸਿੰਘ ਦਲੇਰ ਦੀ ‘ਪੰਜਾਬੀ ਲੋਕ ਗੀਤਾਂ ਦੀ ਬਣਤਰ ਤੇ ਵਿਕਾਸ' ਸ਼ੇਰ ਸਿੰਘ ਸ਼ੇਰ ਦੀ ‘ਬਾਰ ਦੇ ਢੋਲੇ’, ਮਹਿੰਦਰ ਸਿੰਘ ਰੰਧਾਵਾ ਦੀ 'ਪੰਜਾਬ ਦੇ ਲੋਕ ਗੀਤ', ਸਤਿਆਰਥੀ ਅਤੇ ਰੰਧਾਵਾ ਦੀ 'ਪੰਜਾਬੀ ਲੋਕ ਗੀਤ, ਸੁਖਦੇਵ ਮਾਦਪੁਰੀ ਦੀ ‘ਗਾਉਂਦਾ ਪੰਜਾਬ’ ਅਤੇ ‘ਫੁੱਲਾਂ ਭਰੀ ਚੰਗੇਰ', ਡਾ. ਨਾਹਰ ਸਿੰਘ ਦੀ ‘ਕਾਲਿਆਂ ਹਰਨਾਂ ਰੋਹੀਏ ਫਿਰਨਾ' ਅਤੇ ਡਾ. ਕਰਮਜੀਤ ਸਿੰਘ ਦੀ 'ਲੋਕ ਗੀਤਾਂ ਦੀ ਪੈੜ' ਆਦਿ ਪੁਸਤਕਾਂ ਪੰਜਾਬੀ ਲੋਕ ਗੀਤਾਂ ਦੇ ਚਰਚਿਤ ਸੰਗ੍ਰਹਿ ਹਨ।
ਪੰਜਾਬੀ ਲੋਕ ਸਾਹਿਤ ਦੇ ਮਹੱਤਵ ਨੂੰ ਮੁੱਖ ਰੱਖਦੇ ਹੋਏ ਪੰਜਾਬ ਅਤੇ ਪੰਜਾਬ ਤੋਂ ਬਾਹਰਲੀਆਂ ਯੂਨੀਵਰਸਿਟੀਆਂ ਵਿੱਚ ਲੋਕ ਸਾਹਿਤ ਤੇ ਖੋਜ ਕਾਰਜ ਆਰੰਭੇ ਗਏ ਹਨ। ਅਜੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਅਜਿਹੇ ਲੋਕ ਗੀਤ ਪਏ ਹਨ ਜਿਨ੍ਹਾਂ ਨੂੰ ਪੁਸਤਕ ਰੂਪ ਵਿੱਚ ਸਾਂਭਿਆ ਨਹੀਂ ਗਿਆ। ਇਹਨਾਂ ਨੂੰ ਸਮੇਂ ਦੀ ਧੂੜ ਤੋਂ ਬਚਾਉਣ ਦੀ ਲੋੜ ਹੈ। ਇਹ ਲੋਕ ਗੀਤ ਪੰਜਾਬੀ ਕੌਮ ਤੇ ਸਭਿਆਚਾਰ ਦਾ ਵੱਡਮੁੱਲਾ ਸਰਮਾਇਆ ਹਨ।
ਇਸ ਪੁਸਤਕ ਵਿੱਚ, ਪੌਣੇ ਪੰਜ ਸੌ ਦੇ ਕਰੀਬ ਲੋਕ ਗੀਤ ਸ਼ਾਮਲ ਕੀਤੇ ਗਏ ਹਨ ਜਿਹੜੇ ਕਿ ਮੈਂ ਖੇਤਰ ਵਿੱਚੋਂ ਪ੍ਰਾਪਤ ਕੀਤੇ ਹਨ। ਮੈਂ ਰਿਣੀ ਹਾਂ ਉਹਨਾਂ ਅਣਗਿਣਤ ਮਾਤਾਵਾਂ ਤੇ ਭੈਣਾਂ ਦਾ ਜਿਨ੍ਹਾਂ ਨੇ ਲੋਕ ਗੀਤ ਇਕੱਠੇ ਕਰਨ ਵਿੱਚ ਮੇਰੀ ਸਹਾਇਤਾ ਕੀਤੀ ਹੈ। ਡਾ. ਗੁਰਇਕਬਾਲ ਸਿੰਘ, ਸ਼ਾਹ ਚਮਨ ਅਤੇ ਸਤੀਸ਼ ਗੁਲਾਟੀ ਦਾ ਵੀ ਮੈਂ ਦਿਲੀ ਤੌਰ ਤੇ ਧੰਨਵਾਦੀ ਹਾਂ ਜਿਨ੍ਹਾਂ ਦੇ ਭਰਪੂਰ ਸਹਿਯੋਗ ਸਦਕਾ ਇਹ ਪੁਸਤਕ ਪਾਠਕਾਂ ਦੇ ਰੂ ਬ ਰੂ ਕਰ ਸਕਿਆ ਹਾਂ!
ਸੁਖਦੇਵ ਮਾਦਪੁਰੀ
ਫੋਨ: 01628-224704
ਮਾਰਚ 12, 2003