ਸਮੱਗਰੀ 'ਤੇ ਜਾਓ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ/ਸ਼ਾਮ ਘਟਾਂ ਚੜ੍ਹ ਆਈਆਂ

ਵਿਕੀਸਰੋਤ ਤੋਂ

ਪੰਜਾਬ ਦੇ ਲੋਕ ਜੀਵਨ ਵਿੱਚ ਲੋਕ ਗੀਤ ਮਿਸ਼ਰੀ ਵਾਂਗ ਘੁਲੇ ਹੋਏ ਹਨ। ਇਹ ਪੰਜਾਬੀਆਂ ਦੇ ਅਰਮਾਨਾਂ ਦੀ ਤਜਰਮਾਨੀ ਕਰਦੇ ਹਨ। ਉਹਨਾਂ ਦੇ ਦੁਖ, ਸੁਖ, ਭਾਵਨਾਵਾਂ, ਪਿਆਰ, ਵਿਛੋੜਾ-ਸੰਜੋਗ ਇਹਨਾਂ ਗੀਤਾਂ ਵਿੱਚ ਓਤ ਪੋਤ ਹਨ। ਪੰਜਾਬ ਦੀਆਂ ਇਸਤਰੀਆਂ ਦਾ ਪੰਜਾਬੀ ਲੋਕ ਗੀਤਾਂ ਨੂੰ ਬਹੁਤ ਵੱਡਾ ਯੋਗਦਾਨ ਹੈ। ਸ਼ਾਇਦ ਹੀ ਜਿੰਦਗੀ ਦਾ ਕੋਈ ਅਜਿਹਾ ਪੱਖ ਹੋਵੇ ਜਿਸ ਬਾਰੇ ਇਹਨਾਂ ਨੇ ਗੀਤਾਂ ਦੀ ਸਿਰਜਣਾ ਨਾ ਕੀਤੀ ਹੋਵੇ। ਰੁੱਤਾਂ, ਤਿਉਹਾਰਾਂ ਅਤੇ ਸਮਾਜਿਕ ਰਿਸ਼ਤਿਆਂ ਬਾਰੇ ਇਹਨਾਂ ਬੜੇ ਪਿਆਰੇ ਅਤੇ ਮਨਮੋਹਕ ਲੋਕ ਗੀਤਾਂ ਦੀ ਰਚਨਾ ਕੀਤੀ ਹੈ।

ਪੰਜਾਬੀਆਂ ਲਈ ਸਾਉਣ ਦੇ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਜੇਠ ਹਾੜ ਦੀ ਅਤਿ ਦੀ ਗਰਮੀ ਅਤੇ ਲੂੰਹਦੀਆਂ ਲੋਆਂ ਮਗਰੋਂ ਸਾਉਣ ਮਹੀਨੇ ਦੀਆਂ ਠੰਢੀਆਂ ਠਾਰ ਅਤੇ ਮਹਿਕਦੀਆਂ ਹਵਾਵਾਂ ਸਾਰੇ ਵਾਤਾਵਰਣ ਨੂੰ ਰੁਮਾਂਚਕ ਬਣਾ ਦੇਂਦੀਆਂ ਹਨ। ਨਿੱਕੀ ਨਿੱਕੀ ਕਣੀ ਦਾ ਮੀਂਹ, ਸਾਉਣ ਦੇ ਸਰਾਟੇ ਅਤੇ ਸਾਉਣ ਦੀਆਂ ਝੜੀਆਂ ਪੰਜਾਬ ਦੇ ਸਾਂਸਕ੍ਰਿਤਕ ਜੀਵਨ ਵਿੱਚ ਅਨੂਠਾ ਰੰਗ ਭਰਦੀਆਂ ਹਨ। ਸਾਰਾ ਵਾਤਾਵਰਣ ਨਸ਼ਿਆ ਜਾਂਦਾ ਹੈ। ਧਰਤੀ ਮੌਲਦੀ ਹੈ-ਬਨਸਪਤੀ ਤੇ ਨਵਾਂ ਨਖਾਰ ਆਉਂਦਾ ਹੈ। ਬੱਦਲਾਂ ਨੂੰ ਵੇਖ ਕਿਧਰੇ ਮੋਰ ਪੈਲਾਂ ਪਾਉਂਦੇ ਹਨ, ਕਿਧਰੇ ਕੋਇਲਾਂ ਕੂਕਦੀਆਂ ਹਨ। ਬ੍ਰਿਹਣਾਂ ਵਿਛੋੜੇ ਦੇ ਬਾਣ ਸਹਿੰਦੀਆਂ ਹੋਈਆਂ ਆਪਣੇ ਦਿਲਾਂ ਦੇ ਮਹਿਰਮਾਂ ਨੂੰ ਯਾਦ ਕਰਦੀਆਂ ਹਨ। ਗੀਤ ਦੇ ਬੋਲ ਹਨ:

ਰਲ ਆਓ ਸਈਓ ਨੀ
ਸੱਭੇ ਤੀਆਂ ਖੇਡਣ ਜਾਈਏ
ਹੁਣ ਆ ਗਿਆ ਸਾਵਣ ਨੀ
ਪੀਂਘਾਂ ਪਿਪਲੀਂ ਜਾਕੇ ਪਾਈਏ
ਪਈ ਕੂ ਕੂ ਕਰਦੀ ਨੀ ਸਈਓ
ਕੋਇਲ ਹੰਝੂ ਡੋਲ੍ਹੇ



ਪਪੀਹਾ ਵੇਖੋ ਨੀ ਭੈੜਾ
ਪੀਆ ਪੀਆ ਬੋਲੇ
ਲੈ ਪੈਲਾਂ ਪਾਂਦੇ ਨੀ
ਬਾਗੀਂ ਮੋਰਾਂ ਸ਼ੋਰ ਮਚਾਇਆ
ਅਨੀ ਖਿੜ ਖਿੜ ਫੁੱਲਾਂ ਨੇ
ਸਾਨੂੰ ਮਾਹੀਆ ਯਾਦ ਕਰਾਇਆ
ਮੈਂ ਅਥਰੂ ਡੋਲ੍ਹਾਂ ਨੀ
ਕੋਈ ਸਾਰ ਨਾ ਲੈਂਦਾ ਮੇਰੀ
ਰਲ ਆਓ ਸਈਓ ਨੀ
ਸੱਭੇ ਤੀਆਂ ਖੇਡਣ ਜਾਈਏ

ਨਿੱਕੀ ਨਿੱਕੀ ਕਣੀ ਦਾ ਮੀਂਹ ਮੁਟਿਆਰਾਂ ਅੰਦਰ ਸੁੱਤੇ ਦਰਦ ਜਗਾ ਦੇਂਦਾ ਹੈ ਤੇ ਉਹ ਗਿੱਧਾ ਪਾਉਣ ਲਈ ਉਤਸੁਕ ਹੋ ਉਠਦੀਆਂ ਹਨ।

ਛਮ ਛਮ ਛਮ ਛਮ ਪੈਣ ਪੁਹਾਰਾਂ
ਬਿਜਲੀ ਦੇ ਰੰਗ ਨਿਆਰੇ
ਆਓ ਕੁੜੀਓ ਗਿੱਧਾ ਪਾਈਏ
ਸਾਨੂੰ ਸਾਉਣ ਸੈਨਤਾਂ ਮਾਰੇ

ਸਾਉਣ ਮਹੀਨੇ ਦੀਆਂ ਕਾਲੀਆਂ ਘਟਾਵਾਂ ਬ੍ਰਿਹੋਂ ਕੁੱਠੀ ਨੂੰ ਤੜਫ਼ਾ ਦੇਂਦੀਆਂ ਹਨ:

ਭਿਜ ਗਈ ਰੂਹ ਮਿੱਤਰਾ
ਸ਼ਾਮ ਘਟਾ ਚੜ੍ਹ ਆਈਆਂ

ਉਹ ਮਾਹੀ ਦਾ ਰਾਹ ਉਡੀਕਦੀ ਰਹਿੰਦੀ ਹੈ: -

ਬੱਦਲਾਂ ਨੂੰ ਵੇਖ ਰਹੀ
ਮੈਂ ਤੇਰਾ ਸੁਨੇਹਾ ਪਾਕੇ

ਉਹ ਤਾਂ ਕੋਇਲ ਨੂੰ ਆਪਣੇ ਹੱਥਾਂ ਤੇ ਚੋਗ ਚੁਗਾਉਣ ਲਈ ਤਿਆਰ ਹੈ:-

ਪ੍ਰੀਤਾਂ ਦੀ ਮੈਨੂੰ ਕਦਰ ਬਥੇਰੀ । ਲਾ ਕੇ ਤੋੜ ਨਿਭਾਵਾਂ ਨੀ ਕੋਇਲੇ ਸਾਉਣ ਦੀਏ

ਤੈਨੂੰ ਹੱਥ ਤੇ ਚੋਗ ਚੁਗਾਵਾਂ

ਪੰਜਾਬੀ ਮੁਟਿਆਰਾਂ ਦਾ ਸਾਉਣ ਮਹੀਨੇ ਦਾ ਤਿਉਹਾਰ ਤੀਆਂ ਹੈ ਜਿਸ ਨੂੰ ਉਹ ਬੜੇ ਚਾਵਾਂ ਨਾਲ ਉਡੀਕਦੀਆਂ ਹਨ। ਵਿਆਹੀਆਂ ਕੁੜੀਆਂ ਆਪਣੇ ਪੇਕਿਆਂ ਦੇ ਘਰ ਆਕੇ ਇਹ ਤਿਉਹਾਰ ਮਨਾਉਂਦੀਆਂ ਹਨ। ਇਹ ਤਿਉਹਾਰ ਸਾਉਣ ਦੇ ਪਿਛਲੇ ਪੱਖ ਵਿੱਚ ਮਨਾਇਆ ਜਾਂਦਾ ਹੈ। ਪਿੰਡੋਂ ਬਾਹਰ ਪਿਪਲਾਂ, ਬਰੋਟਿਆਂ ਤੇ ਕੁੜੀਆਂ ਪੀਂਘਾਂ ਝੂਟਦੀਆਂ ਹਨ ਨਾਲੇ ਗਿੱਧਾ ਪਾਉਂਦੀਆਂ ਹਨ। ਕੁਆਰੀਆਂ, ਵਿਆਹੀਆਂ ਅਤੇ ਪਿੰਡ ਦੀਆਂ ਪੇਕੀਂ ਨਾ ਗਈਆਂ ਮੁਟਿਆਰ ਨੂੰਹਾਂ ਇਸ ਵਿੱਚ ਸ਼ਾਮਲ ਹੁੰਦੀਆਂ ਹਨ। ਜਿਹੜੀਆਂ ਵਿਆਹੀਆਂ ਕੁੜੀਆਂ ਤੀਆਂ ਦੇ ਦਿਨਾਂ ਵਿੱਚ ਪੇਕੀਂ ਨਹੀਂ ਆ ਸਕਦੀਆਂ ਉਹਨਾਂ ਲਈ ਮਾਪੇ ਤੀਆਂ ਦਾ ਸੰਧਾਰਾ ਭੇਜਦੇ ਹਨ। ਸੰਧਾਰੇ ਵਿੱਚ ਸੂਟ ਅਤੇ ਕੁਝ ਮਠਿਆਈ ਹੁੰਦੀ ਹੈ। ਤੀਆਂ ਦੇ ਸੰਧਾਰੇ ਦਾ ਕੁੜੀਆਂ ਨੂੰ ਕਿੰਨਾ ਚਾਅ ਹੁੰਦਾ ਹੈ ਇਸ ਦੀ ਵਿਆਖਿਆ ਇਕ ਲੋਕ ਗੀਤ ਇਸ ਤਰ੍ਹਾਂ ਕਰਦਾ ਹੈ: -

ਭੇਜੀਂ ਨੀ ਅੰਮਾ ਰਾਣੀ ਸੂਹੜੇ
ਸੂਹਿਆਂ ਦੇ ਦਿਨ ਚਾਰ
ਸਾਵਣ ਆਇਆ

ਕਿੰਕੂ ਨੀ ਭੇਜਾਂ ਸੂਹੜੇ
ਪਿਉ ਤੇਰਾ ਪਰਦੇਸ
ਸਾਵਣ ਆਇਆ

ਲਿਖ ਲਿਖ ਭੇਜਾਂ ਬਾਬਲ ਚੀਰੀਆਂ
ਤੂੰ ਪਰਦੇਸਾਂ ਤੋਂ ਆ
ਸਾਵਣ ਆਇਆ

ਕਿਕੂੰ ਨੀ ਆਵਾਂ ਜਾਈਏ ਮੇਰੀਏ
ਨਦੀਆਂ ਨੇ ਲਿਆ ਨੀ ਉਛਾਲ
ਸਾਵਣ ਆਇਆ

ਪਾਵੋ ਦੇ ਮਲਾਹੋ ਬੇੜੀਆਂ
ਮੇਰਾ ਬਾਬਲ ਪਾਰ ਲੰਘਾਓ
ਸਾਵਣ ਆਇਆ

ਹੱਥ ਦੀ ਵੇ ਦੇਵਾਂ ਤੁਹਾਨੂੰ ਮੁੰਦਰੀ
ਗਲ ਦਾ ਨੌ ਲੱਖਾ ਹਾਰ
ਸਾਵਣ ਆਇਆ।

ਸੁਹਰੇ ਗਈ ਭੈਣ ਨੂੰ ਵੀਰ ਲੈਣ ਆਉਂਦਾ ਹੈ... ਸੱਸ-ਨਨਾਣ ਮੱਥੇ ਵਟ ਪਾ ਲੈਂਦੀਆਂ ਹਨ... ਉਹ ਵੀਰ ਪਾਸੋਂ ਬੜੇ ਚਾਅ ਨਾਲ਼ ਆਪਣੇ ਪੇਕੇ ਪਰਿਵਾਰ ਦੀ ਸੁਖ ਸਾਂਦ ਪੁੱਛਦੀ ਹੈ। ਗੀਤ ਦੇ ਬੋਲ ਹਨ:-

ਸਾਵਣ ਆਇਆ ਨੀ ਸੱਸੀਏ
ਸਾਵਣ ਆਇਆ
ਇਕ ਤਾਂ ਆਇਆ ਮੇਰੀ ਅੰਮੀ ਦਾ ਜਾਇਆ
ਚੜ੍ਹਦੇ ਸਾਵਣ ਮੇਰਾ ਵੀਰੇ ਨੀ ਆਇਆ
ਆ ਜਾ ਵੇ ਵੀਰਾ
ਸੱਸ ਨਨਾਣ ਮੁਖ ਮੋੜਿਆ

ਆ ਜਾ ਵੀਰਾ ਚੜ੍ਹ ਉੱਚੀ ਅਟਾਰੀ
ਮੇਰੇ ਕਾਨ੍ਹ ਉਸਾਰੀ
ਦੇ ਜਾ ਵੀਰਾ ਮੇਰੀ ਮਾਂ ਦੇ ਸੁਨੇਹੜੇ
ਮਾਂ ਤਾਂ ਤੇਰੀ ਭੈਣੇਂ ਪਲੰਘੇ ਬਠਾਈ
ਪਲੰਘੇ ਪੀਹੜੇ ਬਠਾਈ
ਸਾਥ ਅਟੇਰਨ ਸੂਹੀ ਰੰਗਲੀ ਰਾਮ

ਆ ਵੇ ਵੀਰਾ ਚੜ੍ਹੀਏ ਉੱਚੀ ਅਟਾਰੀ
ਮੇਰੇ ਕਾਨ੍ਹ ਉਸਾਰੀ
ਦੇ ਜਾ ਮੇਰੀ ਭਾਬੋ ਦੇ ਸੁਨੇਹੜੇ ਰਾਮ
ਭਾਬੋ ਤਾਂ ਤੇਰੀ ਬੀਬੀ ਗੀਗੜਾ ਜਾਇਆ
ਨੀ ਤੇਰਾ ਭਤੀਜੜਾ ਜਾਇਆ
ਉਠਦੀ ਬਹਿੰਦੀ ਦਿੰਦੀ ਲੋਰੀਆਂ ਰਾਮ

ਆ ਵੇ ਵੀਰਾ ਚੜ੍ਹ ਉੱਚੀ ਅਟਾਰੀ
ਮੇਰੇ ਕਾਨ੍ਹ ਉਸਾਰੀ

ਮੇਰੀਆਂ ਸਈਆਂ ਦੇ ਦੇ ਵੇ ਸੁਨੇਹੜੇ ਰਾਮ
ਸਈਆਂ ਤੇਰੀਆਂ ਭੈਣੇ ਛੋਪ ਨੀ ਪਾਏ
ਵਿਹੜੀਂ ਚਰਖੇ ਨੀ ਡਾਹੇ
ਤੂੰ ਹੀ ਪ੍ਰਦੇਸਣ ਬੈਠੀ ਦੂਰ ਨੀ ਰਾਮ
ਚਲ ਵੇ ਵੀਰਾ ਚਲੀਏ ਮਾਂ ਦੇ ਕੋਲੇ
ਸਾਡੀਆਂ ਸਖੀਆਂ ਕੋਲੇ
ਚੁਕ ਭਤੀਜੜਾ ਲੋਰੀ ਦੇਵਾਂਗੀ ਰਾਮ

ਪ੍ਰਦੇਸਾਂ ਵਿੱਚ ਬੈਠੀ ਮੁਟਿਆਰ ਜਿਥੇ ਆਪਣੇ ਦੂਰ ਵਸੇਂਦੇ ਮਾਪਿਆਂ ਦੇ ਦਰਦ ਦਾ ਸਲ ਸਹਿੰਦੀ ਹੈ... ਉਥੇ ਪ੍ਰਦੇਸੀਂ ਖਟੀ ਕਰਨ ਗਏ ਆਪਣੇ ਮਾਹੀ ਨੂੰ ਯਾਦ ਕਰੇਂਦੀ ਨਹੀਂ ਥਕਦੀ। ਸਾਵਣ ਦੇ ਅਨੇਕਾਂ ਲੰਬੇ ਗੀਤ ਮਿਲਦੇ ਹਨ ਜਿਨ੍ਹਾਂ ਵਿੱਚ ਬ੍ਰਿਹੋਂ ਕੁੱਠੀ ਮੁਟਿਆਰ ਆਪਣੇ ਦਿਲੀ ਵਲਵਲੇ ਪ੍ਰਗਟਾਉਂਦੀ ਹੈ। ਬੜੇ ਦਰਦ ਨਾਲ਼ ਇਹ ਗੀਤ ਗਾਇਆ ਜਾਂਦਾ ਹੈ। ਸੁਣਨ ਵਾਲਿਆਂ ਦੀਆਂ ਅੱਖਾਂ ਸੇਜਲ ਹੋ ਜਾਂਦੀਆਂ ਹਨ:

ਕੂੰਜੈ ਨੀ ਕੀ ਸਰ ਨ੍ਹਾਉਂਨੀ ਏਂ
ਕੀ ਮਲ ਨ੍ਹਾਉਨੀ ਏਂ
ਕੀ ਪਛਤਾਉਨੀ ਏਂ
ਰਾਮ ਬਰੇਤੀਆਂ ਪੈ ਰਹੀਆਂ ਵੇ

ਬੀਬਾ ਵੇ ਕੀ ਮਲ ਨਾਉਨੀ ਆਂ
ਕੀ ਪਛਤਾਉਨੀ ਆਂ
ਰਾਮ ਬਰੇਤੀਆਂ ਪੈ ਰਹੀਆਂ ਵੇ

ਬੀਬਾ ਵੇ ਲੰਬਾ ਸੀ ਵਿਹੜਾ
ਵਿੱਚ ਨਿਮ ਨਿਸ਼ਾਨੀ
ਡਾਹ ਪੀਹੜਾ ਹੇਠ ਬੇਹਨੀਆਂ ਵੇ
ਬੀਬਾ ਵੇ ਰੰਗਲਾ ਸੀ ਚਰਖਾ
ਚਿੱਟੀਆਂ ਸੀ ਪੂਣੀਆਂ
ਤੰਦ ਹੁਲਾਰੇ ਦਾ ਪਾਉਨੀਆਂ ਵੇ

ਬੀਬਾ ਵੇ ਲਾਹ ਗਲੋਟਾ ਭਰ ਪਟਿਆਰੀ
ਹਟ ਪਸਾਰੀ ਦੀ ਜਾਨੀਆਂ ਵੇ
ਬੀਬਾ ਵੇ ਪਸਾਰੀ ਦਾ ਬੇਟੜਾ

ਜਾਤ ਪੁੱਛੇਂਦੜਾ ਵੇ
ਕੌਣ ਤੂੰ ਜਾਤੇ ਦੀ ਚੁੰਨੀ ਐਂ ਵੇ
ਬੀਬਾ ਵੇ ਨਾ ਮੈਂ ਬਾਹਮਣੀ
ਨਾ ਖਤਰੇਟੀ
ਹੀਰ ਰਾਂਝੇ ਦੀ ਸਦਾਉਨੀਆਂ ਵੇ
ਸੱਸੇ ਨੀ ਧੰਨ ਤੇਰਾ ਕਾਲਜਾ
ਧਨ ਤੇਰਾ ਹੀਆ
ਪੁੱਤ ਪ੍ਰਦੇਸਾਂ ਨੂੰ ਤੋਰਿਆ ਨੀ
ਨੂੰਹੋਂ ਨੀ ਜਲੇ ਬੁਝੇ ਕਾਲਜਾ
ਅੱਗ ਲੱਗੇ ਹੀਆ
ਪੁੱਤ ਖੱਟੀ ਨੂੰ ਤੋਰਿਆ ਨੀ
ਨਣਦੇ ਨੀ ਕਢ ਫੁਲਕਾਰੀਆਂ
ਪੱਲਿਆਂ ਵਾਲੀਆਂ ਨੀ
ਜੇ ਤੇਰਾ ਵੀਰਜ ਆਉਂਦਾ ਨੀ
ਭਾਬੋ ਨੀ ਕੱਢੀਆਂ ਫੁਲਕਾਰੀਆਂ
ਪੱਲਿਆਂ ਵਾਲੀਆਂ ਨੀ
ਵੀਰਨ ਨੇ ਮੋੜਾ ਨਾ ਪਾਇਆ ਨੀ
ਭਾਬੋ ਨੀ ਲਿਪ ਬਨੇਰਾ
ਝਾਕ ਚੁਫੇਰਾ ਨੀ
ਜੇ ਤੇਰਾ ਕੰਤ ਆਵੇ ਨੀ
ਨਣਦੇ ਲਿੱਪਿਆ ਬਨੇਰਾ
ਝਾਕਿਆ ਚੁਫੇਰਾ ਨੀ
ਤੇਰੇ ਵੀਰਨ ਮੋੜਾ ਪਾਇਆ ਨੀ
ਸੱਸੇ ਨੀ ਦੰਮਾਂ ਦੀਆਂ ਬੋਰੀਆਂ
ਹੱਡਾਂ ਦੀਆਂ ਢੇਰੀਆਂ
ਉਹ ਤੇਰੇ ਕਿਸ ਕੰਮ ਆਈਆਂ ਨੀ
ਕੂੰਜੇ ਨੀ ਕੀ ਸਰ ਨ੍ਹਾਉਨੀ ਏਂ
ਕੀ ਪਛਤਾਉਨੀ ਏਂ
ਰਾਮ ਬਰੇਤੀਆਂ ਪੈ ਰਹੀਆਂ ਵੇ

ਬ੍ਰਿਹਾ ਕੁੱਠੇ ਗੀਤਾਂ ਤੋਂ ਉਪਰੰਤ ਸਾਉਣ ਦੇ ਦਿਨਾਂ ਵਿੱਚ ਹਾਸੇ ਮਖੌਲਾਂ ਭਰੇ ਗੀਤ ਵੀ ਗਾਏ ਜਾਂਦੇ ਹਨ। ਰਲ਼ ਮਿਲ਼ ਕੇ ਸਾਰੀਆਂ ਕੁੜੀਆਂ ਪੀਂਘਾਂ ਝੂਟਦੀਆਂ ਹਨ; ਗੋਰੇ ਗੋਰੇ ਹੱਥਾਂ ਤੇ ਮਹਿੰਦੀ ਲਾਉਂਦੀਆਂ ਹਨ, ਗੋਰੀਆਂ ਬਾਹਾਂ ਰਾਂਗਲੀਆਂ ਵੰਗਾਂ ਨਾਲ਼ ਸਜਾਉਂਦੀਆਂ ਹਨ। ਰੰਗ ਬਰੰਗੀਆਂ ਪੁਸ਼ਾਕਾਂ ਪਹਿਨੀ ਪੀਂਘਾਂ ਝੂਟਦੀਆਂ ਮੁਟਿਆਰਾਂ ਇਕ ਮਨਮੋਹਕ ਨਜ਼ਾਰਾ ਪੇਸ਼ ਕਰਦੀਆਂ ਹਨ:

ਆਇਆ ਸਾਵਣ ਦਿਲ ਪ੍ਰਚਾਵਣ
ਝੜੀ ਲਗ ਗਈ ਭਾਰੀ
ਝੂਟੇ ਲੈਂਦੀ ਮਰੀਆਂ ਭਿਜ ਗਈ
ਨਾਲੇ ਰਾਮ ਪਿਆਰੀ
ਕੁੜਤੀ ਹਰੋ ਦੀ ਭਿੱਜੀ ਵਰੀ ਦੀ
ਕਿਸ਼ਨੋਂ ਦੀ ਫੁਲਕਾਰੀ
ਹਰਨਾਮੀ ਦੀ ਸੁਥਣ ਭਿਜਗੀ
ਬਹੁਤੇ ਗੋਟੇ ਵਾਲੀ
ਜੰਨਤ ਦੀਆਂ ਭਿੱਜੀਆ ਮੇਢੀਆਂ
ਗਿਣਤੀ 'ਚ ਪੂਰੀਆਂ ਚਾਲੀ
ਪੀਂਘ ਝੂਟਦੀ ਸੱਸੀ ਡਿਗ ਪਈ
ਨਾਲ਼ੇ ਨੂਰੀ ਨਾਭੇ ਵਾਲੀ
ਸ਼ਾਮੋ ਕੁੜੀ ਦੀ ਝਾਂਜਰ ਗੁਆਚ ਗਈ
ਆ ਰੱਖੀ ਨੇ ਭਾਲੀ
ਭਿਜ ਗਈ ਲਾਜੋ ਵੇ
ਬਹੁਤੇ ਹਿਰਖਾਂ ਆਲੀ
ਸਾਉਣ ਦਿਆ ਬੱਦਲਾ ਵੇ
ਹੀਰ ਭਿਉਂਤੀ ਸਿਆਲਾਂ ਵਾਲੀ

ਗਿੱਧਾ ਪੰਜਾਬਣਾਂ ਦੇ ਰੋਮ ਰੋਮ ਵਿੱਚ ਸਮਾ ਚੁੱਕਾ ਹੈ। ਤੀਆਂ ਦਾ ਗਿੱਧਾ ਇਕ ਅਜਿਹਾ ਪਿੜ ਹੈ ਜਿੱਥੇ ਮੁਟਿਆਰਾਂ ਆਪਣੇ ਦਿਲਾਂ ਦੇ ਗੁਭ ਗੁਵਾੜ ਕਢਦੀਆਂ ਹਨ:

ਸਿਖਰ ਦੁਪਹਿਰੇ ਵੰਗਾਂ ਵਾਲਾ ਆਇਆ
ਹੋਕਾ ਦਿੰਦਾ ਸੁਣਾ, ਸ਼ਾਵਾ
ਸੱਸ ਨੂੰ ਵੀ ਆਖਦੀ
ਨਨਾਣ ਨੂੰ ਵੀ ਆਖਦੀ
ਵੰਗਾਂ ਦਿਓ ਨੀ ਚੜ੍ਹਾ, ਸ਼ਾਵਾ
ਸੱਸ ਵੀ ਨਾ ਬੋਲਦੀ
ਨਨਾਣ ਵੀ ਨਾ ਬੋਲਦੀ

ਆਪੇ ਲਈਆਂ ਮੈਂ ਚੜ੍ਹਾ, ਸ਼ਾਵਾ
ਢਲੇ ਪ੍ਰਛਾਵੇਂ ਚਰਖੜਾ ਡਾਹਿਆ
ਕੱਤਦੀ ਮੈਂ ਵੰਗਾਂ ਦੇ ਚਾਅ, ਸ਼ਾਵਾ
ਬਾਹਰੋਂ ਆਇਆ ਉਹ ਹਸਦਾ ਹਸਦਾ
ਭਾਬੀਆਂ ਨੇ ਦਿੱਤਾ ਸਿਖਾ, ਸ਼ਾਵਾਂ
ਫੜਕੇ ਸੋਟਾ ਕੁੱਟਣ ਲੱਗਾ
ਵੰਗਾਂ ਨੂੰ ਕੀਤਾ ਸਫਾ-ਸ਼ਾਵਾ
ਨੈਣ ਕਟੋਰੇ ਭਰ ਭਰ ਡੁਲ੍ਹਣ
ਨੀਰ ਨਾ ਥੰਮਿਆ ਜਾ-ਸ਼ਾਵਾ
ਵੰਗਾਂ ਦੇ ਮੈਂ ਟੋਟੇ ਚੁਗ ਚੁਗ
ਲਏ ਝੋਲੀ ਵਿੱਚ ਪਾ-ਸ਼ਾਵਾ
ਆਓ ਵੇ ਕਹਾਰੋ ਡੋਲਾ ਚੁਕ ਲਓ
ਪਓ ਪੇਕਿਆਂ ਦੇ ਰਾਹ-ਸ਼ਾਵਾ
ਘੋੜਾ ਪੀੜ ਕੇ ਮੋੜਨ ਭੱਜਾ
ਮਗਰੇ ਵਾਹੋ ਧਾ-ਸ਼ਾਵਾ
ਆਖੇ ਆਹ ਲੈ ਪੰਜ ਰੁਪਏ
ਵੰਗਾਂ ਹੋਰ ਚੜ੍ਹਾ-ਸ਼ਾਵਾ
ਪੰਜ ਵੀ ਨਾ ਲੈਣੇ
ਪੰਜਾਹ ਵੀ ਨਾ ਲੈਣੇ
ਤੂੰ ਭਾਬੋ ਦੀਆਂ ਪੱਕੀਆਂ ਖਾ, ਸ਼ਾਵਾ।

ਸਾਉਣ ਦਾ ਮਹੀਨਾ ਖ਼ਤਮ ਹੁੰਦੇ ਸਾਰ ਹੀ ਵਿਆਹੀਆਂ ਮੁਟਿਆਰਾਂ ਸਹੁਰੀਂ ਟੁਰ ਜਾਂਦੀਆਂ ਹਨ :-

ਭਾਦੋਂ ਕੜਕ ਚੜ੍ਹੀ
ਕੁੜੀਆਂ ਦੇ ਪੈਣ ਵਿਛੋੜੇ

ਸਾਉਣ ਕੁੜੀਆਂ ਦਾ ਮੇਲ ਕਰਾਉਂਦਾ ਹੈ ਇਸ ਲਈ ਉਹ ਉਸ ਨੂੰ ਆਪਣੇ ਵੀਰ ਜਿਹਾ ਸਨਮਾਨ ਦੇਂਦੀਆਂ ਹਨ:

ਸੌਣ ਵੀਰ ਕੁੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ