ਲੋਕ ਬੁਝਾਰਤਾਂ/ਇਕ ਰੰਗ ਹੋਰ

ਵਿਕੀਸਰੋਤ ਤੋਂ

ਇਕ ਰੰਗ ਹੋਰ

ਪੰਜਾਬੀ ਲੋਕ ਸਾਹਿਤ ਵਿਚ ਬੁਝਾਰਤਾਂ ਦੋ ਪ੍ਰਕਾਰ ਦੀਆਂ ਮਿਲਦੀਆਂ ਹਨ। ਇਕ ਵੰਨਗੀ ਉਨ੍ਹਾਂ ਬੁਝਾਰਤਾਂ ਦੀ ਹੈ ਜਿਨ੍ਹਾਂ ਦਾ ਉੱਤਰ ਕਿਸੇ ਵਸਤੂ ਆਦਿ ਦਾ ਨਾਂ ਦਸਕੇ ਦਿੱਤਾ ਜਾਂਦੈ। ਜਿਵੇਂ:-

ਕਾਬਲ ਕੁੱਜਾ ਚਾੜ੍ਹਿਆ
ਅੱਗ ਬਾਲੀ ਮੁਲਤਾਨ
ਦਿੱਲੀ ਕੂਕਾਂ ਮਾਰਦੀ
ਜਲ ਗਿਆ ਪਾਕਿਸਤਾਨ

ਉਪਰੋਕਤ ਬੁਝਾਰਤ ਦਾ ਉਤ੍ਰ 'ਹੁੱਕਾ' ਦੇ ਦਿਤਾ ਜਾਂਦੈ। ਦੂਜੀ ਵੰਨਗੀ ਉਨ੍ਹਾਂ ਬੁਝਾਰਤਾਂ ਦੀ ਹੈ ਜਿਨ੍ਹਾਂ ਦੇ ਉੱਤਰ ਲਈ ਕੋਈ ਘਟਨਾ ਜਾਂ ਕਹਾਣੀ ਸੁਣਾਈ ਜਾਂਦੀ ਏ। ਇਸ ਰੰਗ ਦੀਆਂ ਕੁਝ ਲੋਕ-ਬੁਝਾਰਤਾਂ ਹੇਠਾਂ ਦਿੱਤੀਆਂ ਜਾਂਦੀਆਂ ਹਨ:-

ਇਕ ਗਲ ਮੈਂ ਉਬੜ ਬਤਾਈ
ਟੰਗ ਚੱਕ ਅਸਮਾਨ ਚਲਾਈ
ਕਦ ਹਵਾ ਵਗੇ
ਕਦ ਟੰਗ ਝੜ੍ਹੇ
ਕਦ ਮੂਰਖ ਮਾਣਸ ਪਿੰਡ ਬੜੇ

ਉੱਪਰ ਦਿੱਤੀ ਬੁਝਾਰਤ ਦਾ ਉੱਤਰ ਦੇਣ ਲਈ ਨਿਮਨ ਲਿਖਤ ਘਟਨਾ ਸੁਣਾਉਣੀ ਪੈਂਦੀ ਹੈ:-

ਇਕ ਡੁੱਡਾ ਆਦਮੀ ਬਾਹਰ ਜਾਂਦਾ ਹੈ। ਰਸਤੇ ਵਿਚ ਜਾਂਦਿਆਂ ਜਾਂਦਿਆਂ ਇਕ ਬੇਰੀ ਦੇ ਲਾਲ ਸੂਹੇ ਬੇਰ ਆਪਣੇ ਵਲ ਖਿੱਚ ਲੈਂਦੇ ਹਨ। ਡੁੱਡੇ ਦਾ ਦਿਲ ਕਰਦੈ ਕਿ ਉਹ ਬੇਰ ਖਾ ਲਵੇ। ਬੇਰ ਝਾੜਨ ਲਈ ਇੱਟਾਂ ਪੱਥਰ ਲਭਦਾ ਹੈ ਪਰ ਨਜ਼ਦੀਕ ਕੋਈ ਇੱਟ ਪੱਥਰ ਨਹੀਂ ਮਿਲਦਾ। ਤਰਕੀਬ ਸੁਝਦੀ ਹੈ। ਉਹ ਆਪਣੀ ਲੱਕੜ ਦੀ ਟੰਗ ਹੀ ਝਾੜਨ ਲਈ ਵਰਤਦਾ ਹੈ। ਪਰ ਟੰਗ ਬੇਰੀ ਉਪਰ ਹੀ ਫੱਸ ਜਾਂਦੀ ਹੈ। ਬਿਨਾਂ ਲੱਕੜ ਦੀ ਟੰਗ ਤੋਂ ਡੁੱਡਾ ਟੂਰ ਨਹੀਂ ਸਕਦਾ। ਹਵਾ ਦੀ ਆਸ ਤੇ ਮੂਰਖ ਬੈਠਾ ਰਹਿੰਦੈ।

ਚੌਂਹ ਟੰਗੇ ਤੇ ਦੋ ਟੰਗਾ ਬੈਠਾ
ਮੁਖ ਵਿਚ ਉਸ ਦੇ ਮੀਨ
ਨਹੀਂ ਰਹਿਗੀ ਬੁੜੀਆ ਕੱਲੀ
ਨਹੀਂ ਹੋਗੇ ਦੋ ਤੇ ਤੀਨ।

ਇਸ ਬੁਝਾਰਤ ਦੇ ਉਤਰ ਬਾਰੇ ਵਾਰਤਾ ਇਸ ਪ੍ਰਕਾਰ ਹੈ:-

ਇਕ ਰਾਜੇ ਦੀ ਬੇਟੀ ਬੁਝਾਰਤ ਪਾਉਂਦੀ ਹੈ, "ਚੌਂਹ ਟੰਗੇ ਤੇ ਦੋ ਟੰਗਾ ਬੈਠਾ, ਮੁਖ ਵਿਚ ਉਸ ਦੇ ਮੀਨ" ਬੁਝਾਰਤ ਦੇ ਨਾਲ ਉਹ ਸ਼ਰਤ ਵੀ ਲਾਉਂਦੀ ਹੈ ਕਿ ਜਿਹੜਾ ਏਸ ਬੁਝਾਰਤ ਦਾ ਉਤਰ ਠੀਕ ਦਸ ਦੇਵੇਗਾ ਉਹ ਉਸ ਦੇ ਨਾਲ ਸ਼ਾਦੀ ਕਰਵਾ ਲਵੇਗਾ। ਪਰ ਜਿਹੜਾ ਉਤਰ ਠੀਕ ਨਾ ਦੇ ਸਕਿਆ ਉਸ ਨੂੰ ਮਾਰ ਦਿੱਤਾ ਜਾਵੇਗਾ।

ਬੁਝਾਰਤ ਸੁਣ ਇਕ ਬੁਢੀ ਦਾ ਪੁੱਤਰ- ਜਿਹੜੇ ਕਿ ਇੱਕ ਟੱਬਰ ਦੇ ਦੋ ਜੀਅ ਹਨ- ਬੁਝਾਰਤ ਦਾ ਉਤਰ ਦੇਣ ਲਈ ਸਹਿਜ਼ਾਦੀ ਪਾਸ ਜਾਣ ਦੀ ਤਿਆਰੀ ਕਰਦਾ ਹੈ। ਜਾਣ ਲੱਗਿਆਂ ਉਹ ਕਹਿੰਦੈ:- "ਜੇ ਮੈਂ ਬੁਝਾਰਤ ਦਾ ਉੱਤਰ ਠੀਕ ਦੇ ਦਿੱਤਾ ਤਾਂ ਮੈਂ ਸ਼ਹਿਜ਼ਾਦੀ ਨਾਲ ਸ਼ਾਦੀ ਕਰਵਾ ਲਵਾਂਗਾ, ਇਸ ਤਰ੍ਹਾਂ ਅਸੀਂ ਦੋ ਜੀਆਂ ਤੋਂ ਤਿੰਨ ਜੀ ਹੋ ਜਾਵਾਂਗੇ। ਜੇਕਰ ਉਤਰ ਠੀਕ ਨਾ ਦੇ ਸਕਿਆ ਤਾਂ ਸ਼ਹਿਜ਼ਾਦੀ ਮੈਨੂੰ ਮਾਰ ਦੇਵੇਗੀ। ਇਸ ਤਰ੍ਹਾਂ ਵਿਚਾਰੀ ਬੁੜ੍ਹੀ ਇਕੱਲੀ ਰਹਿ ਜਾਵੇਗੀ।"

ਬੁਝਾਰਤ ਦਾ ਉੱਤਰ ਇੰਝ ਦਿੱਤਾ ਜਾਂਦੈ:-

ਚਰਦੀ ਮੱਝ ਉੱਤੇ- ਜੀਹਦੀਆਂ ਚਾਰ ਟੰਗਾਂ ਹਨ- ਇਕ ਬਗਲਾ- ਜਿਸਦੀਆਂ ਦੋ ਟੰਗਾਂ ਹਨ- ਬੈਠਾ ਏ ਉਸ ਦੇ ਮੂੰਹ ਵਿਚ ਮਛਲੀ ਫੜੀ ਹੋਈ ਏ।

ਆਖਨ ਮੈਂ ਕਾਖਨ ਪਏ
ਮੋਤੀ ਪਏ ਅਣਬਿੱਧ

ਕਾਮ ਕੰਦਲਾਂ ਨਾਚ ਨੱਚੇ
ਉੱਤੇ ਬੈਠਾ ਸਿੱਧ
ਸਿੱਧੂ ਦੀ ਨਿਗਾ ਕੁਬੱਲੀ
ਨਹੀਂ ਹੋਗੇ ਦੋ ਤੋਂ ਤਿੰਨ
ਨਹੀਂ ਬੁੜ੍ਹੀਆਂ ਰਹਿਗੀ ਕੱਲੀ

ਇਸ ਬੁਝਾਰਤ ਦਾ ਉਤਰ ਵੀ ਉਪਰੋਕਤ ਉਤਰ ਵਾਂਗ ਹੀ ਹੈ। ਉਸੇ ਤਰ੍ਹਾਂ ਸ਼ਹਿਜ਼ਾਦੀ ਸ਼ਰਤ ਲਾਉਂਦੀ ਹੈ ਅਤੇ ਇਕ ਬੁਢੀ ਦਾ ਪੁੱਤਰ ਉੱਤਰ ਦੇਣ ਲਈ ਜਾਂਦਾ ਹੈ।

ਉੱਤਰ ਇਸ ਤਰ੍ਹਾਂ ਹੈ:-

ਮੱਝ ਘਾਹ ਚਰ ਰਹੀ ਹੁੰਦੀ ਏ, ਉਸ ਦੀਆਂ ਅੱਖਾਂ ਦੇ ਬਾਲਾਂ ਉੱਤੇ ਮੋਤੀਆਂ ਦੇ ਦਾਣਿਆਂ ਵਾਂਗ ਤ੍ਰੇਲ ਤੁਪਕੇ ਪਏ ਹਨ। ਮੱਝ ਦੇ ਅੱਗੇ ਡੱਡ ਟਪੂਸੀਆਂ ਮਾਰ ਰਹੀ ਹੈ। ਮੱਝ ਦੀ ਪਿੱਠ ਉੱਤੇ ਬਗਲਾ ਸਮਾਧੀ ਮਾਰੀਂ ਡੱਡੀ ਨੂੰ ਚੁੱਕਣ ਲਈ ਤਿਆਰੀ ਕਰ ਰਿਹਾ ਏ।

ਚੰਨ ਚਾਨਣੀ ਰਾਤ
ਤਾਰਿਆਂ ਭਰੀ ਹੋਈ ਏ
ਸਾਡੇ ਤੇਰ੍ਹਵੀਂ ਤ੍ਰੀਕ
ਥੋਡੇ ਚੌਥ ਹੋਈ ਏ
ਚੰਨ ਚਾਨਣੀ ਰਾਤ
ਤਾਰਾ ਕੋਈ ਕੋਈ ਏ
ਥੋਡੇ ਤੇਰ੍ਹਵੀਂ ਤ੍ਰੀਕ
ਸਾਡੇ ਚੌਥ ਹੋਈ ਏ।

ਇਸ ਬੁਝਾਰਤ ਦੇ ਉੱਤਰ ਲਈ ਦੋ ਸੂਝਵਾਨ ਸਹੇਲੀਆਂ ਦੀ ਵਾਰਤਾ ਸੁਣਾਈ ਜਾਂਦੀ ਹੈ:-

ਅਜ ਦਾ ਨਹੀਂ ਸਗੋਂ ਪੁਰਾਣੇ ਸਮੇਂ ਤੋਂ ਇਹ ਰਵਾਜ ਚਲਿਆ ਆ ਰਿਹਾ ਏ ਕਿ ਕਿਸੇ ਤਿਉਹਾਰ ਆਦਿ ਦੇ ਸਮੇਂ ਘਰ ਵਿੱਚ ਜਿਹੜੇ ਪਦਾਰਥ ਬਣਾਏ ਜਾਂਦੇ ਹਨ ਉਨ੍ਹਾਂ ਨੂੰ ਇਸਤਰੀਆਂ ਇਕ ਦੂਜੀ ਦੇ ਘਰ ਭੇਜ ਦੇਂਦੀਆਂ ਹਨ। ਇਸ ਤਰ੍ਹਾਂ ਸਾਂਝ ਕਾਇਮ ਰਹਿੰਦੀ ਏ। ਇਕ ਤਿਉਹਾਰ ਦੇ ਮੌਕੇ ਇਕ ਇਸਤਰੀ ਆਪਣੀ ਸਹੇਲੀ ਨੂੰ ਨੈਣ ਦੇ ਹੱਥ ਚਾਵਲ ਅਤੇ ਪਰੋਸੇ ਘਲਦੀ ਹੈ। ਉਹ ਚਾਹੁੰਦੀ ਹੈ ਕਿ ਪਰੋਸੇ ਪੂਰੀ ਗਿਣਤੀ ਵਿਚ ਹੀ ਸਹੇਲੀ ਦੇ ਘਰ ਪੁੱਜਣ। ਰਸਤੇ ਵਿਚ ਨੈਣ ਹੇਰਾ ਫੇਰੀ ਨਾ ਕਰੇ। ਇਸ ਲਈ ਉਹ ਨੈਣ ਦੇ ਹੱਥ ਹੀ ਸੁਨੇਹੇ ਰਾਹੀਂ ਆਪਣੀ ਸਹੇਲੀ ਨੂੰ ਪਰੋਸਿਆਂ ਆਦਿ ਦੀ ਗਿਣਤੀ ਦੱਸ ਦੇਂਦੀ ਹੈ:-

ਚੰਦ ਚਾਨਣੀ ਰਾਤ
ਤਾਰਿਆਂ ਭਰੀ ਹੋਈ ਏ
ਸਾਡੇ ਤੇਰ੍ਹਵੀਂ ਤ੍ਰੀਕ
ਥੋਡੇ ਕੌਥ ਹੋਈ ਏ

ਨੈਣ ਸੁਨੇਹਾ ਅਤੇ ਪਰੋਸੇ ਲੈ ਘਲਣ ਵਾਲੀ ਦੀ ਸਹੇਲੀ ਦੇ ਘਰ ਵਲ ਟੁਰ ਜਾਂਦੀ ਹੈ। ਪਰ ਰਸਤ ਵਿਚ ਹੇਰਾ ਫੇਰਾ ਕਰ ਲੈਂਦੀ ਹੈ। ਨੌਂ ਪਰੋਸੇ ਅਤੇ ਕੁਝ ਚਾਵਲ ਆਪਣੇ ਘਰ ਰੱਖ ਲੈਂਦੀ ਹੈ। ਸਹੇਲੀ ਦੇ ਘਰ ਜਾ ਕੇ ਸੁਨੇਹਾ ਅਤੇ ਪਰੋਸੇ ਦੇਂਦੀ ਹੈ। ਅੱਗੋਂ ਸਹੇਲੀ ਵੀ ਸੂਝਵਾਨ ਹੀ ਟੱਕਰਦੀ ਹੈ। ਸਹੇਲੀ ਦਾ ਸੁਨੇਹਾ ਸੁਣ ਅਤੇ ਸਮਝ ਨੈਣ ਦੀ ਚਲਾਕੀ ਤਾੜ ਲੈਂਦੀ ਹੈ। ਉਹ ਵੀ ਆਪਣੀ ਸਹੇਲੀ ਨੂੰ ਨੈਣ ਦੀ ਕਰਤੂਤ ਬਾਰੇ ਸੁਨੇਹੇ ਦਾ ਉੱਤਰ ਦੇਂਦੀ ਹੈ ਕਿ ਮੇਰੇ ਪੱਲੇ ਤਾਂ ਸਿਰਫ ਚਾਰ ਪਰੋਸੇ ਹੀ ਪਏ ਹਨ:-

ਚੰਨ ਚਾਨਣੀ ਰਾਤ
ਤਾਰਾ ਕੋਈ ਕੋਈ ਏ
ਥੋਡੇ ਤੇਰ੍ਹਵੀਂ ਤਰੀਕ
ਸਾਡੇ ਚੌਥ ਹੋਈ ਏ
**********

ਭਲੀ ਹੋਈ ਤੂੰ ਮਰ ਗਿਆ
ਮੈਨੂੰ ਬੁੱਢ ਸੁਹਾਗਣ ਕਰ ਗਿਆ
ਜੋ ਤੂੰ ਰਹਿੰਦਾ ਜਿਊਂਦਾ ਜਾਗਦਾ
ਕਰਦਾ ਰੰਡੋ ਰੰਡ
ਸ਼ਰੀਕਾਂ ਦੇ ਮਿਹਣੇ

ਸਰਕਾਰ ਦੀ ਡੰਡ

ਇਸ ਬੁਝਾਰਤ ਬਾਰੇ ਵੀ ਇਕ ਅਣੋਖੀ ਵਾਰਤਾ ਇਸ ਪ੍ਰਕਾਰ ਹੈ:-

ਕਿਸੇ ਦੇ ਘਰ ਇਕ ਪ੍ਰਾਹੁਣਾ ਮਿਲਣ ਲਈ ਆਉਂਦਾ ਹੈ। ਪ੍ਰਾਹੁਣੇ ਦੀ ਸੇਵਾ ਵਜੋਂ ਉਹ ਦੁੱਧ ਦਾ ਛੰਨਾ ਲੈਣ ਲਈ ਦੁਧ ਦੀ ਦਧੌੜੀ ਪਾਸ ਜਾਂਦੀ ਹੈ। ਅੱਗੋਂ ਦਧੌੜੀ ਵਿੱਚੋਂ ਦੁੱਧ ਪੀਣ ਆਇਆ ਸੱਪ ਮਰਿਆ ਪਿਆ ਹੁੰਦਾ ਏ। ਸੱਪ ਮਰਿਆ ਪਿਆ ਤੱਕ ਉਹ ਇੱਕ ਗੱਲੋਂ ਪ੍ਰਮਾਤਮਾ ਦਾ ਸ਼ੁਕਰ ਕਰਦਾ ਹੈ ਕਿ ਚੰਗਾ ਹੋਇਆ ਇਹ ਮਰ ਗਿਆ ਜੇ ਇਹ ਮਰਦਾ ਨਾ ਤਾਂ ਇਹਨੇ ਵਿਸ ਘੋਲ ਕੇ ਚਲਿਆ ਜਾਣਾ ਸੀ। ਇਹੀ ਵਿਸ ਵਾਲਾ ਦੁੱਧ ਪ੍ਰਾਹੁਣੇ ਨੇ ਪੀ ਲੈਣਾ ਸੀ ਅਤੇ ਮਰ ਜਾਣਾ ਸੀ। ਲੋਕਾਂ ਨੇ ਕਹਿਣਾ ਸੀ ਪ੍ਰਾਹੁਣੇ ਨੂੰ ਕੁਝ ਦੇ ਕੇ ਮਾਰ ਦਿੱਤੈ। ਸਰਕਾਰ ਨੇ ਮੇਰੇ ਘਰ ਵਾਲੇ ਨੂੰ ਨੂੜ ਲੈਣਾ ਸੀ। ਚੰਗਾ ਹੋਇਆ ਇਹ ਮਰਿਆ ਹੋਇਆ ਮਿਲਿਆ ਏ। ਇਸ ਨਾਲ ਮੈਂ ਮੁੜ ਬੁਢ ਸੁਹਾਗਣ ਹੋ ਗਈ ਆਂ।

ਕੁੱਕੋ ਰੰਗ ਮਜੀਠ ਦੇ
ਕਾਹਜ ਪੂਣੀ ਬੰਨਾ
ਬੁੱਝ ਲੈ ਓਹੋ ਰਹਿਮੂਆ
ਰੱਸ ਜਿਉਂ ਭਰਿਆ ਗੰਨਾ

ਇਸ ਬੁਝਾਰਤ ਦਾ ਉੱਤਰ ਇਸ ਤਰ੍ਹਾਂ ਦਿੱਤਾ ਜਾਂਦੈ:-

ਰਹਿਮੂ ਨਾਮੇਂ ਅੰਨ੍ਹੇ ਨੂੰ ਇਕ ਰਾਜਾ ਫੜ ਲੈਂਦੈ। ਉਹ ਇਸ ਸ਼ਰਤ ਤੇ ਛੱਡਣ ਲਈ ਤਿਆਰ ਹੋਂਦੈ ਕਿ ਜੇ ਰਹਿਮੂ ਦਸ ਦੇਵੇ ਕਿ ਹੁਣ ਕਿਹੜਾ ਮਹੀਨਾ ਹੈ।

ਰਹਿਮੂ ਜਨਮ ਤੋਂ ਅੰਨ੍ਹਾ ਨਹੀਂ ਸੀ। ਜਵਾਨੀ ਦੇ ਦਿਨ ਲੰਘਾ ਖੇਤਾਂ ਵਿੱਚ ਕੰਮ ਕਰ ਉਹਨੇ ਆਪਣੀ ਜੋਤੀ ਗਵਾਈ ਸੀ। ਉਹ ਖੇਤਾਂ ਬਾਰੇ ਅਤੇ ਰੁੱਤਾਂ ਬਾਰੇ ਭਲੀ ਪ੍ਰਕਾਰ ਜਾਣੂੰ ਸੀ। ਰਹਿਮੂ ਦਾ ਇਕ ਸਾਥੀ ਉਸਨੂੰ ਮਹੀਨੇ ਬਾਰੇ ਸਮਝਾਉਂਦਾ ਹੈ:-

ਕੁੱਕੋ ਨਾਮੇਂ ਬੂਟੀ ਦਾ ਰੰਗ ਮਜੀਠ ਵਰਗਾ ਪੀਲਾ ਹੋ ਗਿਆ ਏ ਅਤੇ ਘਾਹ ਦਾ ਰੰਗ ਵੀ ਸੁੱਕ ਕੇ ਪੂਣੀਆਂ ਵਰਗਾ ਹੋ ਗਿਆ ਏ। ਗੰਨੇ ਦੀਆਂ ਪੋਰੀਆਂ ਵਿਚ ਵੀ ਰਸ ਭਰ ਆਇਆ ਏ। ਰਹਿਮੂ ਇਹ ਸੁਣ ਸਮਝ ਜਾਂਦਾ ਏ ਕਿ ਕਿਹੜੇ ਮਹੀਨੇ ਇਹ ਸਭ ਕੁਝ ਹੁੰਦੈ। ਉਹ ਝੱਟ ਉੱਤਰ ਦੇ ਦਿੰਦਾ ਏ "ਕੱਤਕ ਦਾ ਮਹੀਨਾ" ਇਸ ਪ੍ਰਕਾਰ ਰਹਿਮੂ ਦੀ ਰਹਾਈ ਹੋ ਜਾਂਦੀ ਏ।

ਮੈਂ ਲੈਣ ਆਈ ਸਾਂ ਤੈਨੂੰ
ਤੂੰ ਫੜ ਬੈਠਾ ਮੈਨੂੰ
ਛੱਡ ਦੇ ਤੂੰ ਮੈਨੂੰ
ਮੈਂ ਲੈ ਜਾਵਾਂ ਤੈਨੂੰ

ਅੱਗ ਜਲਾਣ ਲਈ ਕੋਈ ਬਾਹਰੋਂ ਕੰਡੇ ਲੈਣ ਲਈ ਜਾਂਦੀ ਹੈ। ਵਿਚਾਰੀ ਦੇ ਕੰਡੇ ਚੁਗਦਿਆਂ ਚੁਗਦਿਆਂ ਕੰਡਾ ਪੈਰ ਵਿਚ ਚੁੱਭ ਜਾਂਦਾ ਹੈ ਅਤੇ ਵਿੱਚ ਹੀ ਟੁੱਟ ਜਾਂਦਾ ਏ। ਕੰਡੇ ਨਾਲ ਬਹੁਤ ਤਕਲੀਫ ਹੁੰਦੀ ਏ। ਵਿਚਾਰੀ ਪੈਰ ਫੜਕੇ ਬੈਠ ਜਾਂਦੀ ਏ ਅਤੇ ਕਹਿੰਦੀ ਏ:-

"ਮੈਂ ਤਾਂ ਤੈਨੂੰ ਲੈਣ ਆਈ ਸਾਂ। ਤੂੰ ਉਲਟਾ ਮੈਨੂੰ ਹੀ ਫੜ ਬੈਠਾ ਏਂ। ਤੂੰ ਮੈਨੂੰ ਛਡ ਦੇ ਤਾਂ ਜੋ ਮੈਂ ਤੈਨੂੰ ਛੇਤੀ ਘਰ ਲੈ ਜਾਵਾਂ।"

ਬਾਤ ਪਾਵਾਂ
ਪਾਈ ਨਾ ਜਾਏ
ਨੌਂ ਮਣ ਕਣਕ
ਕੁੱਤਾ ਲਈਂ ਜਾਏ

ਇਹ ਬੁਝਾਰਤ ਉਸ ਸਮੇਂ ਦੀ ਹੈ ਜਦੋਂ ਪੰਜਾਬ ਵਿਚ ਕਣਕ ਇਕ ਰੁਪਏ ਦੀ ਇਕ ਮਣ ਆ ਜਾਇਆ ਕਰਦੀ ਸੀ। ਇਸ ਬੁਝਾਰਤ ਦਾ ਉੱਤਰ ਇਸ ਤਰ੍ਹਾਂ ਹੈ:-

ਆਪਣੇ ਪੇਕਿਆਂ ਨੂੰ ਜਾਣ ਲਈ ਵਹੁਟੀ ਰੋਟੀਆਂ ਪਕਾਉਂਦੀ ਹੈ। ਘਰਦਿਆਂ ਤੋਂ ਚੋਰੀ ਆਟੇ ਵਿਚ ਚਾਂਦੀ ਦੇ ਨੌਂ ਰੁਪਈਏ ਪਾ ਰੋਟੀ ਪਕਾ ਲੈਂਦੀ ਹੈ। ਪਰ ਉਹ ਪਕਾਈ ਹੋਈ ਰੋਟੀ ਕੁੱਤਾ ਚੁੱਕਕੇ ਲੈ ਜਾਂਦਾ ਹੈ। ਵਿਚਾਰੀ ਫਸ ਜਾਂਦੀ ਏ। ਸਿੱਧਾ ਦਸ ਨਹੀਂ ਸਕਦੀ ਰੋਟੀ ਵਿਚ ਨੌਂ ਰੁਪਈਏ ਸਨ ਇਸ ਲਈ ਡੰਡ ਪਾਉਂਦੀ ਏ:-

ਕੁੱਤਾ ਨੌਂ ਮਣ ਕਣਕ ਲੈ ਗਿਆ ਏ।
ਹਰਾ ਦੁਪੱਟਾ

ਲਾਲ ਕਨਾਰੀ
ਟੁੱਟ ਜਾਣੇ ਨੇ
ਇਟ ਮੇਰੇ ਮਾਰੀ
ਮਿੱਡੀਆਂ ਨਾਸਾਂ
ਥੋਬੜ ਮੂੰਹ
ਮੈਂ ਕੀ ਜਾਣਾ
ਬੈਠੀ ਤੂੰ।

ਉਪਰੋਕਤ ਬੁਝਾਰਤ ਅਨੁਸਾਰ ਹੀ ਤੋਤਾ ਕੋਈ ਫਲ ਸੁਟਦਾ ਹੈ। ਥੱਲੇ ਥੋਬੜ ਜਹੇ ਮੂੰਹ ਅਤੇ ਮਿੱਡੀਆਂ ਨਾਸਾਂ ਵਾਲੀ ਡੱਡ ਬੈਠੀ ਹੁੰਦੀ ਹੈ। ਫਲ ਲੱਗਣ ਤੇ ਉਹ ਤੋਤੇ ਨੂੰ ਟੁੱਟ ਜਾਣਾ ਆਖਦੀ ਹੈ ਉਹ ਅੱਗੋਂ ਮਿੱਡੀਆਂ ਨਾਸਾਂ ਵਾਲੀ ਆਖ ਦੇਂਦਾ ਹੈ।

ਦੇਖੀਂ ਵੇ ਛਿਛੜ ਕੰਨਿਆ
ਤੈਂ ਮੈਂ ਦੈੜੀ ਵੇ
ਕਿਉਂ ਨੀ ਬੁਰਮੂੰਹੀਏਂ
ਤੂੰ ਮੈਂ ਦੇਖੀ ਸੀ
ਬਾੜ ਬੜੇਂਦਿਆ ਸੂਹੜਸਿਆਂ
ਮੈਂ ਬੁਰਮੂੰਹੀ ਆਂ
ਜਲ ਭਰੀਏ ਦਮੋਦਰੀਏ
ਤੈਨੂੰ ਕੌਣ ਕਹੇ ਬੁਰਮੂੰਹੀ ਏਂ

ਹਾਥੀ ਜਦੋਂ ਟੁਰਦਾ ਹੈ ਤਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਵੱਲ ਓਹਦਾ ਧਿਆਨ ਨਹੀਂ ਜਾਂਦਾ ਟੁਰੇ ਜਾਂਦੇ ਦਾ। ਹਾਥੀ ਦੇ ਪੈਰ ਥੱਲੇ ਡੱਡ ਆਂਦੀ ਆਂਦੀ ਬਚ ਜਾਂਦੀ ਹੈ। ਹਾਥੀ ਕੋਲੋਂ ਬਚਕੇ ਉਹ ਹਾਥੀ ਨੂੰ ਛਿਛੜਕੰਨਾ ਆਖਦੀ ਹੈ। ਅਤੇ ਕਹਿੰਦੀ ਹੈ "ਤੈਂ ਤਾਂ ਮੈਨੂੰ ਪੈਰ ਥੱਲੇ ਦਰੜ ਹੀ ਦਿਤਾ ਸੀ" ਹਾਥੀ ਜਦ ਡੱਡ ਪਾਸੋਂ ਆਪਣੇ ਆਪ ਬਾਰੇ ਛਿਛੜ ਕੰਨਾ ਸੁਣਦਾ ਹੈ ਤਾਂ ਉਹ ਡੱਡ ਨੂੰ ਬੁਰੇ ਮੂੰਹ ਵਾਲੀ ਆਖ ਦਿੰਦਾ ਹੈ। ਹਾਥੀ ਤੇ ਡੱਡ ਅਜੇ ਆਪਸ ਵਿਚ ਵਾਰਤਾਲਾਪ ਕਰ ਹੀ ਰਹੇ ਹੁੰਦੇ ਨੇ ਕਿ ਬਾੜ ਵਿਚ ਬੜਦਾ ਨਿਓਲਾ ਡੱਡ ਦੀ ਨਿਗਾਹ ਚੜ੍ਹ ਜਾਂਦਾ ਹੈ। ਉਹ ਉਸ ਨੂੰ ਸੂਹੜ ਸਿੰਘ ਆਖਕੇ ਸਦਦੀ ਏ ਅਤੇ ਪੁਛਦੀ ਹੈ, "ਕੀ ਮੈਂ ਸੱਚੀਂ ਮੁੱਚੀਂ ਹੀ ਬੁਰੇ ਮੂੰਹ ਵਾਲੀ ਹਾਂ।"

ਨਿਓਲਾ ਉੱਤਰ ਦੇਂਦਾ ਏ, "ਕੌਣ ਕਹਿੰਦੈ ਤੂੰ ਬੁਰੇ ਮੂੰਹ ਵਾਲੀ ਏਂ। ਤੂੰ ਤਾਂ ਜਲ ਭਰੀ ਦਮੋਦਰੀ ਏਂ।"

ਊਂਠ ਪਰ ਚੜੈਂਦੀ ਏ
ਨਕੇਲੇ ਦਾ ਕੀ ਨਾ
ਨਕੇਲੇ ਦਾ ਮੈਂ ਨਾਂ ਨੀ ਜਾਣਦੀ
ਮੇਰਾ ਨਾਂ ਜੀਆਂ
ਇਹਦੀ ਸੱਸ
ਮੇਰੀ ਸੱਸ
ਦੋਵੇਂ ਮਾਵਾਂ ਧੀਆਂ

ਸਹੁਰਾ ਆਪਣੀ ਨੂੰਹ ਨੂੰ- ਨੂੰਹ ਦੇ ਪੇਕੇ ਛੱਡਣ ਲਈ ਊਂਠ ਤੇ ਚੜ੍ਹਾਈ ਜਾ ਰਿਹਾ ਏ। ਰਸਤੇ ਵਿਚ ਇਕ ਬੁੱਢੀ ਊਂਠ ਉਤੇ ਬੈਠੀ ਜ਼ਨਾਨੀ ਨੂੰ ਪੁੱਛਦੀ ਏ ਕਿ ਮੁਹਾਰ ਫੜੀਂ ਕੌਣ ਜਾਂਦਾ ਏ। ਪੁਰਾਤਨ ਸੰਸਕ੍ਰਿਤੀ ਅਨੁਸਾਰ ਜ਼ਨਾਨੀਆਂ ਆਪਣੇ ਤੋਂ ਵੱਡੇ ਪਤੀ ਜਾਂ ਸਹੁਰੇ ਆਦਿ ਦਾ ਨਾਂ ਨਹੀਂ ਦਸਦੀਆਂ। ਉਹ ਆਪਣਾ ਨਾਂ ਜੀਆਂ ਦਸ ਦੇਂਦੀ ਹੈ ਆਪਣੇ ਸਹੁਰੇ ਦੀ ਮੌਜੂਦਗੀ ਵਿਚ ਉਹ ਇਹ ਵੀ ਦਸਣਾ ਨਹੀਂ ਚਾਹੁੰਦੀ ਕਿ ਬੋਤੇ ਦੀ ਮਹਾਰੇ ਫੜ੍ਹੀਂ ਮੇਰਾ ਸਹੁਰਾ ਹੀ ਜਾ ਰਿਹਾ ਏ। ਬੁਢੀ ਨੂੰ ਉਹ ਦਸਣਾ ਵੀ ਜ਼ਰੂਰ ਚਾਹੁੰਦੀ ਏ ਕਿ ਇਹ ਮੇਰਾ ਕੀ ਲਗਦਾ ਏ। ਬੁਢੀ ਨੂੰ ਸਮਝਾਉਣ ਲਈ ਆਖ ਦਿੰਦੀ ਹੈ "ਮੇਰੀ ਸੱਸ ਤੇ ਇਹਦੀ ਸੱਸ ਦੋਨੋਂ ਮਾਵਾਂ ਧੀਆਂ ਹਨ।"

ਬੁੱਢੀ ਸਮਝ ਜਾਂਦੀ ਹੈ ਕਿ ਨੂੰਹ-ਸਹੁਰੇ ਦਾ ਰਿਸ਼ਤਾ ਹੀ ਇਸ ਪ੍ਰਕਾਰ ਹੋ ਸਦਕਾ ਏ।