ਲੋਕ ਬੁਝਾਰਤਾਂ/ਜੀਵ ਜੰਤੂ
ਜੀਵ ਜੰਤੂ
ਧਰਤੀ ਤੇ ਵਿਚਰਦੇ ਅਨੇਕਾਂ ਜੀਵ ਜੰਤੂ ਮਨੁਖ ਨੂੰ ਹਾਣ ਅਤੇ ਲਾਭ ਪਚਾਉਂਦੇ ਹੀ ਰਹਿੰਦੇ ਹਨ। ਜਿਥੇ ਮਨੁੱਖ ਧਰਤੀ ਬਾਰੇ ਕੁਝ ਕਹਿੰਦਾ ਸੁਣਦਾ ਹੈ ਉਥੇ ਉਹ ਇਨ੍ਹਾਂ ਜੀਵ ਜੰਤੂਆਂ ਨੂੰ ਆਪਣੇ ਦਿਲੋਂ ਵਿਸਾਰਦਾ ਨਹੀਂ। ਲੋਕ-ਬੁਝਾਰਤਾਂ ਦਾ ਅਖਾੜਾ ਲਗਦਾ ਹੈ, ਧਰਤੀ ਦੀਆਂ ਗੱਲਾਂ ਹੁੰਦੀਆਂ ਹਨ, ਅੰਬਰਾਂ ਨਾਲ ਨਾਤੇ ਜੋੜੇ ਜਾਂਦੇ ਹਨ। ਇਕ ਨਹੀਂ ਅਨੇਕਾਂ ਬੁਝਾਰਤਾਂ ਰਾਹੀਂ ਜੀਵਾਂ ਜੰਤੂਆਂ ਨੂੰ ਅਖਾੜੇ ਵਿਚ ਸੱਦਿਆ ਜਾਂਦਾ ਹੈ।
ਮੱਝ ਆਪਣੇ ਬਾਰੇ ਆਪ ਆਖਦੀ ਹੈ:-
ਚਾਰ ਭਾਈ ਮੇਰੇ ਸੋਹਣੇ ਮੋਹਣੇ
ਚਾਰ ਭਾਈ ਮੇਰੇ ਮਿੱਟੀ ਢੋਣੇ
ਨੌਵੀਂ ਭੈਣ ਮੇਰੀ ਪੱਖੀ ਝੱਲਣੀ
ਇਹ ਹਨ ਮੱਝ ਦੇ ਚਾਰ ਸੋਹਣੇ ਥਣ, ਚਾਰ ਮਿੱਟੀ ਢੋਣੇ ਪੈਰ ਅਤੇ ਨੌਵੀਂ ਪੱਖੀ ਝੱਲਣੀ ਪੂਛ:-
ਇਸੇ ਕਰਕੇ ਮੱਝ ਦੇ ਚਾਰ ਥਣ ਕਿਸੇ ਨੂੰ ਬੈਂਗਣ ਅਤੇ ਬਕਰੀ ਦੇ ਦੋ ਥਣ ਤੋਰੀਆਂ ਜਾਪਦੀਆਂ ਹਨ:-
ਚਾਰ ਬੈਂਗਣ
ਦੋ ਤੋਰੀਆਂ
(ਬੱਕਰੀ ਤੇ ਮੱਝ)
ਬਾਰਾਂ ਬੈਂਗਣ
ਠਾਰਾਂ ਠੈਂਗਣ
ਚਾਰ ਚੱਕ
ਦੋ ਤੋਰੀਆਂ
(ਸੂਰੀ, ਕੁੱਤੀ, ਮੱਝ, ਬੱਕਰੀ)
ਕਿਸੇ ਪਸ਼ੂ ਦੇ ਚਿਚੜੀ ਚਿੰਬੜੀ ਤੱਕ ਕੇ ਚਿਚੜੀ ਬਾਰੇ ਬੁਝਾਰਤ ਘੜ ਲਈ ਜਾਂਦੀ ਹੈ:-
ਚੌਣੇ ਵਾਲੀ ਖੂਹੀ
ਅੱਠ ਟੰਗਾਂ ਨਾਮੀਂ ਢੂਹੀ
(ਚਿਚੜੀ)
ਬੁਝਾਰਤ ਪਾਉਣ ਵਾਲੇ ਦੇ ਕੋਲ ਜੇ ਕੋਈ ਬਹੁਤੀਆਂ ਜੂਆਂ ਵਾਲਾ ਸਰੋਤਾ ਬੈਠਾ ਹੋਵੇ ਤਾਂ ਉਸ ਨੂੰ ਖਿਝਾਉਣ ਲਈ ਅਤੇ ਅਖਾੜੇ ਦਾ ਰੰਗ ਜਮਾਉਣ ਲਈ ਜੂਆਂ ਬਾਰੇ ਬੁਝਾਰਤ ਪਾ ਹਾਸਾ ਖਿਲਾਰ ਦਿੱਤਾ ਜਾਂਦਾ ਹੈ:-
ਸਿਰੀ ਨਗਰ ਤੋਂ ਭੱਜਿਆ ਡਾਕੂ
ਕਾਨਪੁਰ ਤੋਂ ਫੜਿਆ ਗਿਆ
ਹਥੇਲੀ ਨਗਰ ਹੋਈ ਪੇਸ਼ੀ
ਨੂੰਹ ਨਗਰ 'ਚ ਮਾਰਿਆ ਗਿਆ
(ਜੂੰਆਂ)
ਇਸੇ ਰੰਗ ਦੀ ਇਕ ਹੋਰ ਬੁਝਾਰਤ ਹੈ:-
ਘਾਹੂਆਣੇ ਘਾਹ ਚੁਗੇਂਦੀ
ਅੱਖੂਆਣੇ ਦੇਖੀ ਸੀ
ਫੁਲੂਆਣੇ ਫੜਕੇ ਲਿਆਂਦੀ
ਨੂੰਹਆਣੇ ਕੁੱਟੀ ਸੀ
(ਜੂੰਆਂ)
ਅੰਨ ਖਾਂਦੀ
ਪਾਣੀ ਨਾ ਪੀਂਦੀ
(ਸੁੱਸਰੀ)
ਬਾਹਰ ਖੇਤਾਂ ਵਿਚ ਸਿਉਂਕ ਦੀਆਂ ਬਿਰਮੀਆਂ ਤੱਕ ਕੇ ਸਿਉਂਕ ਬਾਰੇ ਬੁਝਾਰਤਾਂ ਰਚੀਆਂ ਜਾਂਦੀਆਂ ਹਨ:-
ਇਕ ਭੈਣ ਮੇਰੀ ਸਰਦੀ
ਬਿਨ ਪਾਣੀ ਗਾਰਾ ਕਰਦੀ
ਬੜੇ ਸਾਹਿਬ ਤੋਂ ਡਰਦੀ
ਨਹੀਂ ਹੋਰ ਵੀ ਕਾਰਾ ਕਰਦੀ
(ਸਿਉਂਕ)
ਜਾਂ
ਮੂੰਹ ਲਾਲ
ਪਿੰਡਾ ਜਰਦੀ
ਬਿਨ ਪਾਣੀ
ਘਾਣੀ ਕਰਦੀ
(ਸਿਉਂਕ)
ਹੋਰ
ਇਤਨੀ ਮਿਤਨੀ
ਜੌ ਜਿਤਨੀ
ਜਮੈਣ ਜਿੰਨੇ ਕੰਨ
(ਸਿਉਂਕ)
ਇਕ ਭੈਣ ਮੇਰੀ ਬੜੰਗੀ
ਦੋ ਚਾਦਰਾਂ
ਅਜੇ ਚੂਹੀ ਨੰਗੀ
(ਮੱਖੀ)
ਖੇਤ ਵਿਚ ਪਈ ਵੀਰ ਵਹੁਟੀ ਖੂਨ ਦੇ ਤੁਬਕੇ ਦਾ ਭੁਲੇਖਾ ਪਾ ਦੇਂਦੀ ਹੈ:-
ਰੜੇ ਮੈਦਾਨ ਵਿਚ
ਲਹੂ ਦਾ ਤੁਬਕਾ
(ਵੀਹ ਵਹੁਟੀ)
ਬਰਸਾਤ ਦੇ ਦਿਨੀਂ ਗੰਡ ਗੰਡੋਲੇ ਅਤੇ ਡੱਡੂ ਆਮ ਨਿੱਕਲ ਆਉਂਦੇ ਹਨ। ਡੱਡੂ ਦਾ ਛੜੱਪਾ ਮਾਰ ਕੇ ਟੁਰਨਾ ਅਤੇ ਊਂਠ ਵਾਂਗੂੰ ਬੈਠਣਾ ਇਕ ਬੁਝਾਰਤ ਨੂੰ ਜਨਮ ਦੇ ਜਾਂਦਾ ਹੈ:-
ਊਂਠ ਦੀ ਬੈਠਣੀ
ਮਿਰਗ ਦੀ ਛਾਲ
ਬੁਝਣੀਏਂ ਬੁੱਝ
ਨਹੀਂ ਗਾਲਾਂ ਕੱਢੂੰ ਚਾਰ
(ਡੱਡੂ)
ਗੰਡ ਗੰਡੋਲਾ ਵੀ ਕੁਦਰਤ ਨੇ ਕਿਹਾ ਜਿਹਾ ਅਣੋਖੀ ਕਿਸਮ ਦਾ ਜੀਵ ਬਣਾਇਆ ਹੈ। ਨਾ ਸਿਰ, ਨਾ ਪੈਰ, ਨਾ ਹੱਡੀ, ਨਾ ਪਸਲੀ:-
ਇਕ ਜਨੌਰ ਅਸਲੀ
ਨਾ ਹੱਡੀ ਨਾ ਪੱਸਲੀ
(ਗੰਡ ਗੰਡੋਲਾ)
ਡਿੰਗ ਪੜੈਗਾ ਰਾਹ
ਪਾਰੋਂ ਆਈਆਂ ਮੱਝੀਆਂ
ਗਈਆਂ ਸਿਧੇ ਰਾਹ
(ਸੱਪ)
ਮਰੇ ਹੋਏ ਸੱਪ ਨੂੰ ਤੱਕ ਕੇ ਕੋਈ ਬੁਝਾਰਤ ਇਸ ਤਰ੍ਹਾਂ ਘੜਦਾ ਹੈ:-
ਠੰਡੇ ਬਿਸਤਰ ਵਿਛੇ ਪਏ
ਉਨ੍ਹਾਂ ਤੇ ਕੋਈ ਸੌਂਦਾ ਨਹੀਂ
ਮਾਵਾਂ ਦੇ ਪੁੱਤ ਮਰੇ ਪਏ
ਉਨ੍ਹਾਂ ਨੂੰ ਕੋਈ ਰੋਂਦਾ ਨਹੀਂ
(ਸੱਪ)
ਡੱਡਾਂ ਖਾਣੇ ਸੱਪ ਨੂੰ ਡੱਡ ਖਾਂਦਾ ਤੱਕ ਕੇ ਕਿਸੇ ਨੇ ਬੁਝਾਰਤ ਨੂੰ ਇਸ ਤਰ੍ਹਾਂ ਦੇ ਰੂਪ ਦੇ ਦਿੱਤਾ:-
ਚੋਰ ਚੱਲੇ ਚੋਰੀ ਨੂੰ
ਉਨ੍ਹਾਂ ਦੇ ਪੈਰ ਨਹੀਂ
ਜਾ ਚੁਰਾਈ ਮੱਝ
ਉਹਦੇ ਪੂਛ ਨਹੀਂ
(ਸੱਪ ਤੇ ਡੱਡੂ)
ਸੱਪ ਦੀ ਕੰਜ ਦੀ ਬਣਤਰ ਨੂੰ ਵੇਖ ਮਨੁੱਖ ਹੈਰਾਨ ਹੋਂਦਾ ਜਾਂਦੈ:-
ਦਰਜ਼ੀ ਨੇ ਚਰਜ਼ ਕੀਤਾ
ਬਿਨ ਸੂਈਓਂ ਲੀੜਾ ਸੀਤਾ
ਬਾਰਾਂ ਵਰ੍ਹੇ ਹੰਡਾ ਕੇ
ਮੁੜ ਤੈਹ ਕੀਤਾ
(ਸੱਪ ਦੀ ਕੰਜ)
ਮੈਂਹ ਸੂਪੀ
ਕੱਟੀ ਬੱਕੋਂਦੀ
(ਅੰਡਾ)
ਅਤੇ
ਗੋਲ ਮੋਲ ਕੋਠੜੀ
ਦਰਵਾਜ਼ਾ ਹਈਓ ਨਾ
ਜਾਂ
ਚਿੱਟੀ ਮਸੀਤ
ਬੂਹਾ ਕੋਈ ਨਾ
(ਅੰਡਾ)
ਅਤੇ
ਸੋਨਾ ਹੈ ਸੁਨਾਰ ਨਹੀਂ
ਰੂਪਾ ਹੈ ਦਲਾਲ ਨਹੀਂ
ਕੋਠੀ ਹੈ ਦਰਵਾਜ਼ਾ ਨਹੀਂ
(ਅੰਡਾ)
ਹੋਰ
ਜੇ ਚਲਿਓਂ ਸ਼ਕਾਰ
ਤਾਂ ਲਿਆਵੀਂ ਸੋਚ ਵਿਚਾਰ
ਚੁੰਝ ਬਿਨ
ਚੰਮ ਬਿਨ
ਨਾ ਜੀਊਂਦਾ
ਨਾ ਮੋਇਆ
(ਅੰਡਾ)
ਅੰਡੇ ਦੀ ਜਰਦੀ ਦਾ ਸਨੁਹਿਰੀ ਰੰਗ ਬੇਸਨ ਵਰਗਾ ਹੀ ਹੁੰਦਾ ਹੈ:-
ਕੌਲੀ ਤੇ ਕੌਲੀ
ਕੌਲੀ ਵਿਚ ਬੇਸਨ
ਬੁਝਣੀਏਂ ਬੁੱਝ
ਨਹੀਂ ਟਪ ਜਾ ਕੁਰਾਲੀ ਟੇਸਨ
(ਅੰਡਾ)
ਸੂਰਜ ਦੀਆਂ ਸੁਨਹਿਰੀ ਕਿਰਨਾਂ ਵਿਚ ਚਮਕਦੀ ਸੋਨੇ ਰੰਗੀ ਭਰਿੰਡ ਕਿਸੇ ਨੂੰ ਮਸਤਾਨੀ ਜਾਪਦੀ ਹੈ:-
ਸੋਨੇ ਰੰਗੀ
ਤਿੱਤਰ ਖੰਭੀ
ਨਾ ਧਰਿਆ ਮਸਤਾਨੀ
ਜਾਂ ਮੇਰੀ ਬਾਤ ਬੁੱਝ
ਜਾਂ ਦੇ ਅਠਿਆਨੀ
(ਭਰਿੰਡ)
ਹਲਦੀ ਦਾ ਰੰਗ ਵੀ ਸੋਨੇ ਵੰਨਾ ਹੁੰਦਾ ਏ:-
ਹੀਲੀ ਹੀਲੀ
ਹਲਦੀ ਵਰਗੀ ਪੀਲੀ
(ਭਰਿੰਡ)
ਉੱਚੇ ਟਿੱਬੇ ਮੇਰਾ ਮਾਸੜ ਵਸਦਾ
ਜਦ ਮੈਂ ਜਾਵਾਂ ਤਲਵਾਰਾਂ ਕੱਸਦਾ
(ਭੂੰਡ)
ਪਰ ਆਫਰੀਨ ਹੈ ਭੂੰਡ ਦੀ ਕਾਰਾਗਰੀ ਉਤੇ। ਕਿਲਾ ਬਨਾਉਣ ਵਿਚ ਤਾਂ ਭੂੰਡ ਨੇ ਵੱਡੇ ਵੱਡੇ ਇੰਜੀਨੀਅਰਾਂ ਨੂੰ ਮਾਤ ਪਾ ਦਿੱਤਾ ਹੈ ਜ਼ਰਾ ਤੱਕੋ ਤਾਂ ਸਹੀ:-
ਇਕ ਕਿਲੋ ਵਿਚ ਬੁਰਜ ਹਜ਼ਾਰ
ਬੁਰਜ ਬੁਰਜ ਵਿਚ ਠਾਣੇਦਾਰ
ਦੇਖੋ ਸਾਹਿਬ ਨੇ ਕਿਲਾ ਬਣਾਇਆ
ਨਾ ਮਿੱਟੀ ਨਾ ਗਾਰਾ ਲਾਇਆ
(ਭੂੰਡਾਂ ਦਾ ਖੱਖਰ)
ਕੀੜਿਆਂ ਦਾ ਭੌਣ ਤੱਕ ਕੇ ਚਾਂਦਨੀ ਚੌਂਕ ਵਰਗੇ ਬਾਜ਼ਾਰ ਦਾ ਖਿਆਲ ਆ ਜਾਂਦਾ ਹੈ। ਉਸ ਬਾਜ਼ਾਰ ਵਿਚ ਤਾਂ ਕੰਨ ਪਈ ਆਵਾਜ਼ ਸੁਣਾਈ ਨਹੀਂ ਦੇਂਦੀ। ਪਰ ਸਾਡੇ ਏਸ ਬਾਜ਼ਾਰ ਵਿਚ ਤਾਂ ਕਬਰਾਂ ਜਹੀ ਚੁੱਪ ਹੈ:-
ਥੱਲ ਥੱਲ ਹੈਗਾ
ਜਲ ਜਲ ਹੈਨੀ
ਬਾਜ਼ਾਰ ਬੜਾ ਹੈ
ਖੜਕਾ ਨਾਹੀ
(ਕੀੜਿਆਂ ਦਾ ਭੌਣ)
ਨਿਓਲੇ ਅਤੇ ਉਲੂ ਬਾਰੇ ਤਾਂ ਕਾਫੀ ਸੋਹਣੀਆਂ ਬੁਝਾਰਤਆਂ ਰਚੀਆਂ ਗਈਆਂ ਹਨ। ਜੇਹੋ ਜਹੀਆਂ ਬਚਿਤਰ ਇਨ੍ਹਾਂ ਦੀਆਂ ਸ਼ਕਲਾਂ ਹਨ ਓਹੋ ਜਹੀਆਂ ਹੀ ਅਣੋਖੀਆਂ ਬੁਝਾਰਤਾਂ ਹਨ ਉਨ੍ਹਾਂ ਬਾਰੇ:-
ਅੱਖ ਚਿੜੇ ਦੀ
ਚੁੰਝ ਚਿੜੇ ਦੀ
ਸਿਰ ਬਾਂਦਰ ਦਾ ਲਾਇਆ
ਜਿਹੜਾ ਮੇਰੀ ਬਾਤ ਨੀ ਬੁੱਝੂ
ਖੋਤਾ ਉਸ ਦਾ ਤਾਇਆ
(ਉੱਲੂ)
ਨਿਓਲੇ ਦਾ ਰੰਗ ਵੀ ਇਸੇ ਤਰ੍ਹਾਂ ਹੈ:-
ਅਰਨ ਸਹੇ ਦੇ
ਬਰਨ ਸਹੇ ਦੇ
ਅੱਖ ਚਿੜੇ ਦੀ
ਪੂਛ ਕੁਤੇ ਦੀ
ਮੂੰਹ ਬਾਂਦਰ ਦਾ ਲਾਇਆ
ਦੇਖੋ ਮਹਾਰਾਜ ਨੇ
ਕਿਹਾ ਸਾਂਗ ਰਚਾਇਆ
(ਨਿਓਲਾ)
ਅਖ ਚਿੜੀ ਦੀ
ਪੂੰਛ ਕੁਤੇ ਦੀ
ਮੂੰਹ ਬਾਂਦਰ ਦਾ ਲਾਇਆ
ਦੇਖੋ ਮਹਾਰਾਜ ਨੇ
ਕੀ ਜਨੌਰ ਬਣਾਇਆ
(ਨਿਓਲਾ)
ਖੇਤਾਂ ਵਿਚ ਮੱਝਾਂ ਚਾਰਦਾ ਪਾਲੀ ਇਕ ਹਰਨ ਮਗਰ ਦੋ ਕੁੱਤੇ ਲੱਗੇ ਵੇਖਦਾ ਹੈ। ਉਨ੍ਹਾਂ ਬਾਰੇ ਝਟ ਬੁਝਾਰਤ ਨੂੰ ਜਨਮ ਦੇ ਦੇਂਦਾ ਹੈ:-
ਬਾਰਾਂ ਪੱਗ ਛੇ ਢੋਹਣੀਆਂ
ਤਿਨ ਸੀਸ ਦੋ ਸੀਂਗ
ਇੱਕ ਅਚੰਭਾ ਮੈਂ ਦੇਖਿਆ
ਬਾਹਰ ਲੜਦੇ ਤੀਨ
(ਹਰਨ ਮਗਰ ਦੇ ਕੁੱਤੇ)
ਅੱਖਾਂ ਬੰਨ੍ਹ ਕੇ ਕੋਹਲੂ ਦਾ ਬਲਦ ਕੋਹਲੂ ਦੇ ਆਲੇ ਦੁਆਲੇ ਨਿੱਕੇ ਜਹੇ ਚੱਕਰ ਵਿਚ ਕਈ ਦੋਹਾਂ ਦੀ ਮੰਜ਼ਲ ਮਾਰਦਾ ਹੈ। ਕੋਹਲੂ ਹਿੱਕ ਰਿਹਾ ਤੇਲੀ ਆਪਣੇ ਬਲਦ ਬਾਰੇ ਵੀ ਬੁਝਾਰਤ ਘੜ੍ਹ ਲੈਂਦਾ ਹੈ:-
ਕਈ ਕੋਹਾਂ ਦੀ ਮੰਜ਼ਲ ਕਰੇ
ਫਿਰ ਵੀ ਓਸੇ ਥਾਂ ਤੇ ਫਿਰੇ
(ਕੋਹਲੂ ਦਾ ਬਲਦ)
ਖੋਤੀ ਦੀ ਸ਼ਕਲ ਤੱਕ ਕੇ ਵੀ ਕਈਆਂ ਨੂੰ ਬੁਝਾਰਤਾਂ ਸੁੱਝ ਜਾਂਦੀਆਂ ਨੇ:-
ਘੋੜ ਸੁੰਮੀਂ
ਮਿਰਗ ਨੈਣੀਂ
ਸੰਖ ਵਾਂਙੂੰ ਗੱਜਣੀ
ਧੋਤੀ ਦੇ ਲੜ ਪੰਜ ਰੁਪਏ
ਓਹ ਵੀ ਲੈ ਕੇ ਭਜਣੀ
(ਖੋਤੀ)
ਖੋਤੀ ਦੇ ਚਾਰੇ ਬਾਰੇ ਵੀ ਇਕ ਬੁਝਾਰਤ ਇਸ ਤਰ੍ਹਾਂ ਹੈ:-
ਮੈਂ ਲਿਆਂਦੀ ਮੱਝ
ਓਹਦੇ ਸਿੰਗ ਨਾ
ਮੈਂ ਪਾਈ ਤੂੜੀ
ਓਹਦੇ ਪਸਿੰਦ ਨਾ
ਮੈਂ ਪਾਇਆ ਖੋਰ
ਕਹਿੰਦੀ ਪਾ ਹੋਰ
(ਖੋਤੀ)
ਦੋ ਸਿੰਗ ਹਿਲਦੇ ਜਾਣ
ਦੋ ਪੱਖੇ ਝਲਦੇ ਜਾਣ
ਚਾਰ ਥੰਮ ਤੁਰਦੇ ਜਾਣ
ਅੱਗੇ ਸੱਪ ਮੇਹਲਦਾ ਜਾਵੇ
(ਹਾਥੀ)