ਸਮੱਗਰੀ 'ਤੇ ਜਾਓ

ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ/ਨਾਨਕਿਆਂ ਦਾ ਮੇਲ ਆਇਆ

ਵਿਕੀਸਰੋਤ ਤੋਂ

ਨਾਨਕਿਆਂ ਦਾ ਮੇਲ਼ ਆਇਆ

1.
ਹੁਣ ਕਿਧਰ ਗਈਆਂ ਨੀ ਬੀਬੀ ਤੇਰੀਆਂ ਨਾਨਕੀਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਨੀ ਕਿਧਰ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਚੱਬੀਆਂ ਸੀ ਮੱਠੀਆਂ
ਜੰਮੀਆਂ ਸੀ ਕੱਟੀਆਂ
ਕੱਟੀਆਂ ਚਰਾਵਣ ਗਈਆਂ
ਨੀ ਬੀਬੀ ਤੇਰੀ ਨਾਨਕੀਆਂ

ਹੁਣ ਕਿਧਰ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਚੱਬੇ ਸੀ ਪਕੌੜੇ
ਜੰਮੇ ਸੀ ਜੌੜੇ
ਜੌੜੇ ਖਿਡਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਨੀ ਕਿਧਰ ਗਈਆਂ
ਬੀਬੀ ਤੇਰੀਆਂ ਨਾਨਕੀਆਂ
ਖਾਧੇ ਸੀ ਲੱਡੂ
ਜੰਮੇ ਸੀ ਡੱਡੂ
ਟੋਭੇ ਛੁਡਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ

2.
ਕਿੱਥੋਂ ਆਈਆਂ ਵੇ
ਸਰਵਣਾ ਤੇਰੀਆਂ ਨਾਨਕੀਆਂ

ਪੀਤੀ ਸੀ ਪਿੱਛ ਜੰਮੇ ਸੀ ਰਿੱਛ
ਹੁਣ ਕਲੰਦਰਾਂ ਵਿਹੜੇ ਵੇ
ਸਰਵਣਾ ਤੇਰੀਆਂ ਨਾਨਕੀਆਂ
ਖਾਧੇ ਸੀ ਲੱਡੂ ਜੰਮੇ ਸੀ ਡੱਡੂ
ਹੁਣ ਛੱਪੜਾਂ ਦੇ ਕੰਢੇ ਵੇ
ਸਰਵਣਾ ਤੇਰੀਆਂ ਨਾਨਕੀਆਂ
ਖਾਧੇ ਸੀ ਮਾਂਹ ਜੰਮੇ ਸੀ ਕਾਂ
ਕਾਂ ਕਾਂ ਕਰਦੀਆਂ ਵੇ
ਸਰਵਣਾ ਤੇਰੀਆਂ ਨਾਨਕੀਆਂ
ਖਾਧੇ ਸੀ ਖਜੂਰ ਜੰਮੇ ਸੀ ਸੂਰ
ਹੁਣ ਸੂਰਾਂ ਦੇ ਗਈਆਂ ਵੇ
ਸਰਵਣਾ ਤੇਰੀਆਂ ਨਾਨਕੀਆਂ
ਖਾਧੀਆਂ ਸੀ ਖਿੱਲਾਂ
ਜੰਮੀਆਂ ਸੀ ਇਲ੍ਹਾਂ
ਹੁਣ ਅੰਬਰ ਭੌਂਦੀਆਂ ਵੇ
ਸਰਵਣਾ ਤੇਰੀਆਂ ਨਾਨਕੀਆਂ
ਖਾਧੇ ਸੀ ਪਕੌੜੇ
ਜੰਮੇ ਸੀ ਜੌੜੇ
ਹੁਣ ਖਿਡਾਵਣ ਗਈਆਂ ਵੇ
ਸਰਵਣਾ ਤੇਰੀਆਂ ਨਾਨਕੀਆਂ

3.
ਛੱਜ ਓਹਲੇ ਛਾਨਣੀ
ਪਰਾਤ ਓਹਲੇ ਤਵਾ ਓਏ
ਨਾਨਕਿਆਂ ਦਾ ਮੇਲ਼ ਆਇਆ
ਸੂਰੀਆਂ ਦਾ ਰਵਾ ਓਏ

ਛੱਜ ਓਹਲੇ ਛਾਨਣੀ
ਪਰਾਤ ਓਹਲੇ ਗੁੱਛੀਆਂ
ਨਾਨਕਿਆਂ ਦਾ ਮੇਲ਼ ਆਇਆ
ਸੱਭੇ ਰੰਨਾਂ ਲੁੱਚੀਆਂ

ਛੱਜ ਓਹਲੇ ਛਾਨਣੀ
ਪਰਾਤ ਓਹਲੇ ਛੱਜ ਓਏ
ਨਾਨਕਿਆਂ ਦਾ ਮੇਲ਼ ਆਇਆ
ਗਾਉਣ ਦਾ ਨਾ ਚੱਜ ਓਏ

4.
ਸੁਰਜੀਤ ਕੁਰੇ ਕੁੜੀਏ
ਗੁੜ ਦੀ ਰੋੜੀ ਚਾਹ ਦੇ ਪੱਤੇ
ਦੁੱਧ ਬਜ਼ਾਰੋਂ ਲਿਆ ਦੇ
ਫੱਕਰ ਨੀ ਤੇਰੇ ਬਾਹਰ ਖੜੇ
ਸਾਨੂੰ ਚਾਹ ਦੀ ਘੁੱਟ ਪਲ਼ਾ ਦੇ
ਫੱਕਰ ਨੀ ਤੇਰੇ ਬਾਹਰ ਖੜੇ

5.
ਸਾਨੂੰ ਆਇਆਂ ਨੂੰ ਮੰਜਾ ਨਾ ਡਾਹਿਆ
ਨੀ ਚਲੋ ਭੈਣੋਂ ਮੁੜ ਚੱਲੀਏ
ਸੋਡਾ ਵੇਹੜਾ ਭੀੜਾ ਨੀ
ਚਲੋ ਭੈਣੋਂ ਮੁੜ ਚੱਲੀਏ
ਸੋਡੇ ਕੋਠੇ ਤੇ ਥਾਂ ਹੈਨੀ
ਚਲੋ ਭੈਣੋਂ ਮੁੜ ਚੱਲੀਏ

6.
ਮੋਠ ਕੁੜੇ ਨੀ ਮੋਠ ਕੁੜੇ
ਮਾਮਾ ਸੁੱਕ ਕੇ ਤੀਲਾ ਹੋਇਆ
ਮਾਮੀ ਹੋ ਗਈ ਤੋਪ ਕੁੜੇ
ਮਰਹੱਟੇ ਵਾਲ਼ੀ ਤੋਪ ਕੁੜੇ
ਫਰੰਗੀ ਵਾਲ਼ੀ ਤੋਪ ਕੁੜੇ