ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ/ਸਿਠਣੀਆਂ

ਵਿਕੀਸਰੋਤ ਤੋਂ

ਸਿਠਣੀਆਂ

ਸਿਠਣੀਆਂ

'ਸਿਠਣੀਆਂ' ਪੰਜਾਬਣਾਂ ਦਾ ਹਰਮਨ ਪਿਆਰਾ ਲੋਕ ਕਾਵਿ ਰੂਪ ਹੈ। ਹੇਅਰੇ, ਸਿਠਣੀਆਂ, ਸੁਹਾਗ ਅਤੇ ਘੋੜੀਆਂ ਮੰਗਣੇ ਅਤੇ ਵਿਆਹ ਦੀਆਂ ਰਸਮਾਂ ਨਾਲ਼ ਸਬੰਧਿਤ ਲੋਕ-ਗੀਤ ਹਨ।

'ਮਹਾਨ ਕੋਸ਼' ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ "ਸਿਠਣੀ ਦਾ ਭਾਵ ਅਰਥ ਵਯੰਗ ਨਾਲ਼ ਕਹੀ ਹੋਈ ਹੋਈ ਬਾਣੀ ਹੈ। ਵਿਆਹ ਸਮੇਂ ਇਸਤਰੀਆਂ ਜੋ ਗਾਲ਼ੀਆਂ ਨਾਲ਼ ਮਿਲ਼ਾ ਕੇ ਗੀਤ ਗਾਉਂਦੀਆਂ ਹਨ ਉਨ੍ਹਾਂ ਦੀ ਸਿਠਣੀ ਸੰਗਯਾ ਹੈ।"

ਮਨੋਰੰਜਨ ਦੇ ਮਨੋਰਥ ਨਾਲ਼ ਸਿਠਣੀਆਂ ਰਾਹੀਂ ਇਕ ਧਿਰ ਦੂਜੀ ਧਿਰ ਦਾ ਵਿਅੰਗ ਰਾਹੀਂ ਮਖ਼ੌਲ ਉਡਾਉਂਦੀ ਹੈ। ਇਹ ਗੀਤ ਕਿਸੇ ਮੰਦਭਾਵਨਾ ਅਧੀਨ ਨਹੀਂ ਬਲਕਿ ਸਦਭਾਵਨਾ ਅਧੀਨ ਵਿਨੋਦ ਭਾਵ ਉਪਜਾਉਣ ਲਈ ਗਾਏ ਜਾਂਦੇ ਹਨ। ਇਹ ਸੰਬੋਧਨੀ ਗੀਤ ਹਨ ਜਿਨ੍ਹਾਂ ਨੂੰ ਇਸਤਰੀਆਂ ਦੂਜੀ ਧਿਰ ਨੂੰ ਸੰਬੋਧਿਤ ਹੋ ਕੇ ਗਾਉਂਦੀਆਂ ਹਨ। ਸਿਠਣੀਆ ਗਾਉਣ ਨੂੰ ਸਿਠਣੀਆਂ ਦੇਣਾ ਆਖਿਆ ਜਾਂਦਾ ਹੈ। ਸਿਠਣੀਆਂ ਕੇਵਲ ਔਰਤਾਂ ਹੀ ਦੇਂਦੀਆਂ ਹਨ ਮਰਦ ਨਹੀਂ।

ਮੰਗਣੇ ਅਤੇ ਵਿਆਹ ਦੇ ਅਵਸਰ 'ਤੇ ਨਾਨਕੀਆਂ ਦਾਦਕੀਆਂ ਵਲੋਂ ਇਕ ਦੂਜੇ ਨੂੰ ਦਿੱਤੀਆਂ ਸਿਠਣੀਆਂ ਅਤੇ ਜੰਜ ਦੇ ਬਰਾਤੀਆਂ ਦਾ ਸਿਠਣੀਆਂ ਨਾਲ਼ ਕੀਤਾ ਸੁਆਗਤ ਦੋਹਾਂ ਧਿਰਾਂ ਲਈ ਖੁਸ਼ੀ ਪ੍ਰਦਾਨ ਕਰਦਾ ਹੈ।

ਵਿਆਹ ਦਾ ਸਮਾਂ ਹਾਸ ਹੁਲਾਸ ਦਾ ਸਮਾਂ ਹੁੰਦਾ ਹੈ। ਇਸ ਅਵਸਰ 'ਤੇ ਪੰਜਾਬੀ ਆਪਣੇ ਖਿੜਵੇਂ ਰੌਂ ਵਿਚ ਨਜ਼ਰ ਆਉਂਦੇ ਹਨ। ਪੰਜਾਬੀਆਂ ਦਾ ਖੁਲ੍ਹਾ ਡੁਲ੍ਹਾ ਹਾਸਾ ਤੇ ਸੁਭਾਅ ਵਿਆਹ ਸਮੇਂ ਹੀ ਉਘੜਵੇਂ ਰੂਪ ਵਿਚ ਪ੍ਰਗਟ ਹੁੰਦਾ ਹੈ।

ਪੁਰਾਤਨ ਸਮੇਂ ਤੋਂ ਹੀ ਇਹ ਰਵਾਇਤ ਚਲੀ ਆ ਰਹੀ ਹੈ। ਮੁੰਡੇ ਵਾਲ਼ੇ ਧੀ ਵਾਲਿਆਂ ਨਾਲੋਂ ਆਪਣੇ ਆਪ ਨੂੰ ਸਮਾਜਿਕ ਤੌਰ 'ਤੇ ਉੱਤਮ ਸਮਝਦੇ ਹਨ ਤੇ ਧੀ ਵਾਲ਼ੀਆਂ ਨੂੰ ਦੁਜੈਲੇ ਹੋਣ ਦਾ ਦਰਜਾ ਦਿੱਤਾ ਜਾਂਦਾ ਹੈ! ਜਿਸ ਕਰਕੇ ਧੀ ਵਾਲ਼ਿਆਂ ਵਿਚ ਹੀਨਭਾਵਨਾ ਪੈਦਾ ਹੋ ਜਾਂਦੀ ਹੈ! ਏਸ ਹੀਨਭਾਵਨਾ ਨੂੰ ਦੂਰ ਕਰਨ ਲਈ ਔਰਤਾਂ ਮੁੰਡੇ ਵਾਲ਼ੀ ਧਿਰ ਦਾ ਮਖ਼ੌਲ ਉਡਾਉਣ ਲਈ ਸਿਠਣੀਆਂ ਨੂੰ ਇਕ

* ਭਾਈ ਕਾਨ੍ਹ ਸਿੰਘ ਨਾਭਾ, 'ਮਹਾਨ ਕੋਸ਼', ਪੰਨਾ-195 ਹਥਿਆਰ ਵਜੋਂ ਵਰਤਦੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਰਾਹੀਂ ਉਹ ਆਪਣੇ ਮਨਾਂ ਦਾ ਗੁਭ ਗੁਵਾੜ ਵੀ ਕਢਦੀਆਂ ਹਨ। ਉਂਜ ਤੇ ਤੀਵੀਆਂ ਨੂੰ ਕੌਣ ਕੁਸਕਣ ਦੇਂਦਾ ਹੈ। ਮਰਦ ਉਸ ’ਤੇ ਸਦਾ ਜ਼ੁਲਮ ਕਰਦਾ ਆਇਆ ਹੈ, ਉਹ ਉਹਨੂੰ ਮਾਰਦਾ ਕੁੱਟਦਾ ਹੈ, ਗੰਦੀਆਂ ਗਾਲ਼ੀਆਂ ਕੱਢਦਾ ਹੈ। ਸੱਸ ਸਹੁਰੇ ਦਾ ਦਾਬਾ ਵੱਖਰਾ। ਪੰਜਾਬਣ ਸਦਾ ਸੁੰਗੜੀ ਰਹੀ ਹੈ। ਸਿਰਫ਼ ਵਿਆਹ ਦਾ ਹੀ ਅਵਸਰ ਹੁੰਦਾ ਹੈ ਜਿੱਥੇ ਉਹ ਆਪਣੇ ਦੱਬੇ ਭਾਂਬੜ ਬਾਹਰ ਕਢਦੀ ਹੈ। ਉਹ ਸਿਠਣੀਆਂ ਦੇ ਰੂਪ ਵਿਚ ਲਾੜੇ ਨੂੰ, ਉਸ ਦੇ ਮਾਂ, ਬਾਪ, ਭੈਣਾਂ ਨੂੰ ਖ਼ੂਬ ਪੁਣਦੀ ਹੈ, ਉਨ੍ਹਾਂ ਦੀਆਂ ਕਮਜ਼ੋਰੀਆਂ ਦਾ ਮਖ਼ੌਲ ਉਡਾਉਂਦੀ ਹੈ। ਇਸ ਤੋਂ ਬਿਨਾਂ ਉਹ ਲਾੜੇ ਦੀ ਮਾਂ ਅਤੇ ਭੈਣ ਨੂੰ ਕਾਮੁਕ ਸਿਠਣੀਆਂ ਦੇ ਕੇ ਆਪਣੀਆਂ ਅਤ੍ਰਿਪਤ ਕਾਮੁਕ ਭਾਵਨਾਵਾਂ ਨੂੰ ਤ੍ਰਿਪਤ ਕਰਨ ਦਾ ਉਪਰਾਲਾ ਕਰਦੀ ਹੈ! ਹਰ ਪਾਸੇ ਮਖ਼ੌਲ ਹੀ ਮਖ਼ੌਲ, ਕੋਈ ਗੁੱਸੇ ਦਾ ਪ੍ਰਤੀਕਰਮ ਨਹੀਂ। ਫੇਰ ਉਹ ਅਜਿਹੇ ਅਵਸਰ ਦਾ ਲਾਭ ਕਿਉਂ ਨਾ ਉਠਾਵੇ।

ਨਾਨਕਿਆਂ ਦੇ ਮੇਲ਼ ਦਾ ਵਿਆਹ ਵਿਚ ਵਿਸ਼ੇਸ਼ ਹੱਥ ਹੁੰਦਾ ਹੈ- ਜਿਵੇਂ ਕਹਿੰਦੇ ਹਨ ਨਾਨਕਿਆਂ ਦਾ ਅੱਧਾ ਵਿਆਹ ਹੁੰਦਾ ਹੈ, ਚਾਹੇ ਕੁੜੀ ਦਾ ਹੋਵੇ, ਚਾਹੇ ਮੁੰਡੇ ਦਾ। ਇਸੇ ਕਰਕੇ ਨਾਨਕਿਆਂ ਦਾ ਮੇਲ਼ ਸਿਠਣੀਆਂ ਦੇ ਪਿੜ ਵਿਚ ਮੁਖ ਨਿਸ਼ਾਨਾ ਹੁੰਦਾ ਹੈ।

ਜਦੋਂ ਨਾਨਕਾ ਮੇਲ਼ ਆਉਂਦਾ ਹੈ ਤਾਂ ਪਿੰਡੋਂ ਬਾਹਰ ਉਨ੍ਹਾਂ ਦੇ ਸੁਆਗਤ ਲਈ ਪਿੰਡ ਦੀਆਂ ਜਨਾਨੀਆਂ ਪੁੱਜ ਜਾਂਦੀਆਂ ਹਨ। ਦੋਨੋਂ ਧਿਰਾਂ ਇਕ ਦੂਜੇ ਦਾ ਸੁਆਗਤ ਸਿਠਣੀਆਂ ਨਾਲ਼ ਕਰਦੀਆਂ ਹਨ:

ਹੁਣ ਕਿਧਰ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਅਸੀਂ ਹਾਜ਼ਰ ਨਾਜ਼ਰ ਫੁੱਲਾਂ ਬਰਾਬਰ ਖੜੀਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਨੀ ਕਿਧਰ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਚੱਬੀਆਂ ਸੀ ਮੱਠੀਆਂ
ਜੰਮੀਆਂ ਸੀ ਕੱਟੀਆਂ
ਕੱਟੀਆਂ ਚਰਾਵਣ ਗਈਆਂ
ਨੀ ਬੀਬੀ ਤੇਰੀ ਨਾਨਕੀਆਂ

ਚੱਬੇ ਸੀ ਪਕੌੜੇ
ਜੰਮੇ ਸੀ ਜੌੜੇ
ਜੌੜੇ ਖਿਡਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਖਾਧੇ ਸੀ ਲੱਡੂ
ਜੰਮੇ ਸੀ ਡੱਡੂ
ਟੋਭੇ ਛਡਾਵਣ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ

ਹੁਣ ਕਿੱਧਰ ਗਈਆਂ
ਨੀ ਬੀਬੀ ਤੇਰੀਆਂ ਨਾਨਕੀਆਂ
ਅਸੀਂ ਹਾਜ਼ਰ ਨਾਜ਼ਰ
ਫੁੱਲਾਂ ਬਰਾਬਰ ਖੜੀਆਂ
ਨੀ ਬੇਬੀ ਤੇਰੀਆਂ ਨਾਨਕੀਆਂ

ਇਸੇ ਭਾਵਨਾ ਦੀ ਇਕ ਹੋਰ ਸਿੱਠਣੀ ਦਿੱਤੀ ਜਾਂਦੀ ਹੈ:

ਕਿੱਥੋਂ ਆਈਆਂ ਵੇ
ਸਰਵਣਾ ਤੇਰੀਆਂ ਨਾਨਕੀਆਂ

ਪੀਤੀ ਸੀ ਪਿੱਛ ਜੰਮੇ ਸੀ ਰਿੱਛ
ਹੁਣ ਕਲੰਦਰਾਂ ਵਿਹੜੇ ਵੇ
ਸਰਵਣਾ ਤੇਰੀਆਂ ਨਾਨਕੀਆਂ

ਖਾਧੇ ਸੀ ਲੱਡੂ ਜੰਮੇ ਸੀ ਡੱਡੂ
ਹੁਣ ਛੱਪੜਾਂ ਦੇ ਕੰਢੇ ਵੇ
ਸਰਵਣਾ ਤੇਰੀਆਂ ਨਾਨਕੀਆਂ

ਖਾਧੇ ਸੀ ਮਾਂਹ ਜੰਮੇ ਸੀ ਕਾਂ
ਕਾਂ ਕਾਂ ਕਰਦੀਆਂ ਵੇ
ਸਰਵਣਾ ਤੇਰੀਆਂ ਨਾਨਕੀਆਂ

ਖ਼ਾਧੇ ਸੀ ਖਜੂਰ ਜੰਮੇ ਸੀ ਸੂਰ

ਹੁਣ ਸੂਰਾਂ ਦੇ ਗਈਆਂ ਵੇ ਸਰਵਣਾ ਤੇਰੀਆਂ ਨਾਨਕੀਆਂ

ਖਾਧੀਆਂ ਸੀ ਖਿੱਲਾਂ ਜੰਮੀਆਂ ਸੀ ਇੱਲ੍ਹਾਂ ਹੁਣ ਅੰਬਰ ਭੌਂਦੀਆਂ ਵੇ ਸਰਵਣਾ ਤੇਰੀਆਂ ਨਾਨਕੀਆਂ

ਖਾਧੇ ਸੀ ਪਕੌੜੇ ਜੰਮੇ ਸੀ ਜੌੜੇ ਹੁਣ ਖਿਡਾਵਣ ਗਈਆਂ ਵੇ ਸਰਵਣਾ ਤੇਰੀਆਂ ਨਾਨਕੀਆਂ

ਸਿਰਾਂ 'ਤੇ ਟਰੰਕ ਹੱਥਾਂ 'ਚ ਮੋਰਨੀਆਂ ਵਾਲ਼ੇ ਝੋਲ਼ੇ ਫੜੀਂ ਆਉਂਦੇ ਨਾਨਕਾ ਮੇਲ਼ ਦਾ ਪਿੰਡ ਦੀ ਗਲ਼ੀ ਵਿਚ ਪ੍ਰਵੇਸ਼ ਕਰਨ ਤੇ ਗਲ਼ੀ ਦੀਆਂ ਔਰਤਾਂ ਹਾਸਿਆਂ ਮਖ਼ੌਲਾਂ ਨਾਲ਼ ਸੁਆਗਤ ਕਰਦੀਆਂ ਹਨ। ਸਿਠਣੀਆਂ ਦੀ ਛਹਿਬਰ ਲੱਗ ਜਾਂਦੀ ਹੈ:

ਛੱਜ ਓਹਲੇ ਛਾਨਣੀ
ਪਰਾਤ ਓਹਲੇ ਤਵਾ ਓਏ
ਨਾਨਕਿਆਂ ਦਾ ਮੇਲ਼ ਆਇਆ
ਸੂਰੀਆਂ ਦਾ ਰਵਾ ਓਏ

ਛੱਜ ਓਹਲੇ ਛਾਨਣੀ
ਪਰਾਤ ਓਹਲੇ ਗੁੱਛੀਆਂ
ਨਾਨਕਿਆਂ ਦਾ ਮੇਲ਼ ਆਇਆ
ਸੱਭੇ ਰੰਨਾਂ ਲੁੱਚੀਆਂ

ਛੱਜ ਓਹਲੇ ਛਾਨਣੀ
ਪਰਾਤ ਓਹਲੇ ਛੱਜ ਓਏ
ਨਾਨਕਿਆਂ ਦਾ ਮੇਲ਼ ਆਇਆ
ਗਾਉਣ ਦਾ ਨਾ ਚੱਜ ਓਏ

ਵਿਆਹ ਵਾਲ਼ੇ ਘਰ ਵਿਚ ਹਾਸੇ ਠੱਠੇ ਦਾ ਮਾਹੌਲ ਬਣਿਆ ਹੁੰਦਾ ਹੈ। ਇਸੇ ਰੌਲ਼ੇ ਰੱਪੇ ਦੇ ਮਾਹੌਲ ਵਿਚ ਮਾਸੀ, ਭੂਆਂ ਦਾ ਪਰਿਵਾਰ ਅਤੇ ਨਾਨਕਾ ਮੇਲ਼ ਘਰ ਵਿਚ ਪ੍ਰਵੇਸ਼ ਕਰਦਾ ਹੈ। ਉਹ ਆਪਣੀ ਪਹੁੰਚ ਸਿੱਠਣੀ ਦੇ ਰੂਪ ਵਿਚ ਦੇਂਦੇ ਹਨ:

ਸੁਰਜੀਤ ਕੁਰੇ ਕੁੜੀਏ
ਗੁੜ ਦੀ ਰੋੜੀ ਚਾਹ ਦੇ ਪੱਤੇ
ਦੁੱਧ ਬਜ਼ਾਰੋਂ ਲਿਆ ਦੇ
ਫੱਕਰ ਨੀ ਤੇਰੇ ਬਾਹਰ ਖੜੇ
ਸਾਨੂੰ ਚਾਹ ਦੀ ਘੁੱਟ ਪਲ਼ਾ ਦੇ
ਫੱਕਰ ਨੀ ਤੇਰੇ ਬਾਹਰ ਖੜੇ

ਸਾਨੂੰ ਆਇਆਂ ਨੂੰ ਮੰਜਾ ਨਾ ਡਾਹਿਆ
ਨੀ ਚੱਲੋ ਭੈਣੋਂ ਮੁੜ ਚੱਲੀਏ
ਸੋਡਾ ਵੇਹੜਾ ਭੀੜਾ ਨੀ
ਚੱਲੋ ਭੈਣੋਂ ਮੁੜ ਚੱਲੀਏ
ਸੋਡੇ ਕੋਠੇ ਤੇ ਥਾਂ ਹੈਨੀ
ਚੱਲੋ ਭੈਣੋਂ ਮੁੜ ਚੱਲੀਏ

ਨਾਨਕਾ ਮੇਲ਼ ਦਾ ਗ੍ਰਹਿ-ਪ੍ਰਵੇਸ਼ ਸ਼ਗਨਾਂ ਨਾਲ ਕੀਤਾ ਜਾਂਦਾ ਹੈ। ਵਿਆਂਦੜ ਮੁੰਡੇ-ਕੁੜੀ ਦੀ ਮਾਂ ਜਾਂ ਲਾਗਣ ਬੂਹੇ ਉਤੇ ਤੇਲ ਚੋ ਕੇ ਉਨ੍ਹਾਂ ਦਾ ਆਦਰ ਮਾਣ ਨਾਲ਼ ਸੁਆਗਤ ਕਰਦੀ ਹੈ।

ਐਨੇ ਨੂੰ ਬਰਾਤ ਆਉਣ ਦਾ ਸਮਾਂ ਨੇੜੇ ਢੁਕ ਜਾਂਦਾ ਹੈ... ਰੱਥਾਂ, ਗੱਡੀਆਂ, ਊਠਾਂ ਅਤੇ ਘੋੜੀਆਂ ਦੀ ਧੂੜ ਪਿੰਡ ਦੀਆਂ ਬਰੂਹਾਂ ਤਕ ਪੁੱਜ ਜਾਂਦੀ ਹੈ ਤੇ ਸਾਰੀਆਂ ਮੇਲਣਾਂ ਕੱਠੀਆਂ ਹੋ ਕੇ ਆਪਣੇ ਘਰ ਦੇ ਦਰਵਾਜ਼ੇ ਮੂਹਰੇ ਖੜ੍ਹ ਕੇ ਸੁਆਗਤੀ ਗੀਤ ਗਾਉਂਦੀਆਂ ਹਨ:

ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬੀਬੀ ਦੇ ਬਾਬਲ ਨੂੰ ਖ਼ਬਰ ਕਰੋ
ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬੀਬੀ ਦੇ ਮਾਮੇ ਨੂੰ ਖ਼ਬਰ ਕਰੋ
ਜੀ ਜੰਨ ਨੇੜੇ ਨੇੜੇ
ਲੌਂਗਾਂ ਦੀ ਬਾੜ ਕਰੋ
ਜੀ ਜੰਨ ਨੇੜੇ ਨੇੜੇ

ਬਰਾਤ ਦੇ ਢੁਕਾਅ ਤੇ ਪਹਿਲਾਂ ਕੁੜਮਾਂ ਤੇ ਮਾਪਿਆਂ ਦੀ ਮਿਲਣੀ ਕਰਵਾਈ ਜਾਂਦੀ ਹੈ। ਮਿਲਣੀ ਉਪਰੰਤ ਸਾਰੇ ਵਾਤਾਵਰਣ ਵਿਚ ਖੁਸ਼ੀ ਦੀਆਂ ਫੁਹਾਰਾਂ ਵਹਿ ਤੁਰਦੀਆਂ ਹਨ ਤੇ ਸਾਰਾ ਮਾਹੌਲ ਖੁਲ੍ਹਾ ਖੁਲਾਸਾ ਬਣ ਜਾਂਦਾ ਹੈ। ਇਸੇ ਮਾਹੌਲ ਦਾ ਲਾਹਾ ਲੈਂਦੀਆਂ ਮੇਲਣਾਂ ਪਹਿਲਾਂ ਘਟ ਕਰਾਰੀਆਂ ਤੇ ਮਗਰੋਂ ਸਲੂਣੀਆਂ ਸਿਠਣੀਆਂ ਦੇਣੀਆਂ ਸ਼ੁਰੂ ਕਰ ਦੇਂਦੀਆਂ ਹਨ:

ਜਾਨੀ ਓਸ ਪਿੰਡੋਂ ਆਏ
ਜਿੱਥੇ ਰੁੱਖ ਵੀ ਨਾ
ਇਨ੍ਹਾਂ ਦੇ ਤੌੜਿਆਂ ਵਰਗੇ ਮੂੰਹ
ਉੱਤੇ ਮੁੱਛ ਵੀ ਨਾ

ਜਾਨੀ ਓਸ ਪਿੰਡੋਂ ਆਏ
ਜਿੱਥੇ ਤੂਤ ਵੀ ਨਾ
ਇਨ੍ਹਾਂ ਦੇ ਖਪੜਾਂ ਵਰਗੇ ਮੂੰਹ
ਉੱਤੇ ਰੂਪ ਵੀ ਨਾ

ਜਾਨੀ ਓਸ ਪਿੰਡੋਂ ਆਏ
ਜਿੱਥੇ ਟਾਲ੍ਹੀ ਵੀ ਨਾ
ਇਨ੍ਹਾਂ ਦੇ ਪੀਲ਼ੇ ਡੱਡੂ ਮੂੰਹ
ਉੱਤੇ ਲਾਲੀ ਵੀ ਨਾ

ਉਹ ਜਾਨੀਆਂ ਦੇ ਵਿਦ-ਵਿਦ ਨੁਕਸ ਛਾਟਦੀਆਂ ਹਨ:

ਚੰਨ ਚਾਨਣੀ ਰਾਤ
ਤਾਰਾ ਕੋਈ ਕੋਈ ਐ
ਜੰਨ ਬੁੱਢਿਆਂ ਦੀ ਆਈ
ਮੁੰਡਾ ਕੋਈ ਕੋਈ ਐ
ਚੰਨ ਚਾਨਣੀ ਰਾਤ
ਤਾਰਾ ਇਕ ਵੀ ਨਹੀਂ
ਜੰਨ ਕਾਣਿਆਂ ਦੀ ਆਈ
ਸਾਬਤ ਇਕ ਵੀ ਨਹੀਂ

ਏਥੇ ਹੀ ਬਸ ਨਹੀਂ:

ਸੱਦੇ ਸੀ ਅਸੀਂ ਪੰਜ ਪਰਾਹੁਣੇ
ਸੱਦੇ ਸੀ ਅਸੀਂ ਪੰਜ ਪਰਾਹੁਣੇ
ਟੋਲੇ ਬੰਨ੍ਹ ਬੰਨ੍ਹ ਆਏ
ਅਸੀਂ ਸੱਜਣ ਬੜੇ ਸਮਝਾਏ
ਧਰਮ ਨਾਲ਼ ਸੱਜਣ ਬੜੇ ਸਮਝਾਏ

ਸੱਦੇ ਸੀ ਅਸੀਂ ਸੋਹਣੇ ਮੋਹਣੇ
ਸੱਦੇ ਸੀ ਅਸੀਂ ਸੋਹਣੇ ਮੋਹਣੇ
ਪੰਜ ਦਵੰਜੇ ਆਏ
ਧਰਮ ਨਾਲ਼ ਪੰਜ ਦਵੰਜੇ ਆਏ

ਸੱਦੇ ਸੀ ਅਸੀਂ ਗੱਭਰੂ ਗੱਭਰੂ
ਸੱਦੇ ਸੀ ਅਸੀਂ ਗੱਭਰੂ ਗੱਭਰੂ
ਇਹ ਬੁਢੜੇ ਕਾਹਨੂੰ ਆਏ
ਅਸੀਂ ਸੱਜਣ ਬੜੇ ਸਮਝਾਏ
ਧਰਮ ਨਾਲ ਸੱਜਣ ਬੜੇ ਸਮਝਾਏ

ਉਹ ਜਾਨੀਆਂ ਨੂੰ ਪਾਣੀ ਪੀਣ ਬਦਲੇ ਖੂਹਾਂ ਵਾਲ਼ਿਆਂ ਨੂੰ ਆਪਣੀਆਂ ਮਾਵਾਂ ਦੇਣ ਲਈ ਕਹਿੰਦੀਆਂ ਹਨ:

ਸਾਡੇ ਖੂਹਾਂ ਦਾ ਠੰਡਾ ਠੰਡਾ ਪਾਣੀ
ਵੇ ਜਾਨੀਓਂ ਪੀ ਕੇ ਜਾਇਓ

ਖੂਹਾਂ ਵਾਲਿਆਂ ਨੂੰ ਦੇ ਕੇ ਜਾਇਓ ਮਾਂ
ਵੇ ਜਾਨੀਓਂ ਪੀ ਕੇ ਜਾਇਓ

ਸਾਡੀਆਂ ਬੇਰੀਆਂ ਦੇ ਮਿੱਠੇ ਮਿੱਠੇ ਬੇਰ
ਵੇ ਜਾਨੀਓਂ ਖਾ ਕੇ ਜਾਇਓ
ਬੇਰੀਆਂ ਵਾਲ਼ਿਆਂ ਨੂੰ ਦੇ ਕੇ ਜਾਇਓ ਮਾਂ
ਵੇ ਜਾਨੀਓਂ ਖਾ ਕੇ ਜਾਇਓ

ਸਾਡੇ ਤੂਤਾਂ ਦੀ ਠੰਡੀ ਠੰਡੀ ਛਾਂ
ਵੇ ਜਾਨੀਓਂ ਮਾਣ ਕੇ ਜਾਇਓ
ਸਾਡੇ ਤੂਤਾਂ ਦੀ ਠੰਡੀ ਠੰਡੀ ਛਾ
ਵੇ ਜਾਨੀਓਂ ਮਾਣ ਕੇ ਜਾਇਓ

ਹੋਰ:

ਕੋਰੀ ਤੇ ਤੌੜੀ ਅਸੀਂ ਰਿੰਨ੍ਹੀਆਂ ਗੁੱਲੀਆਂ
ਭੁੱਖ ਲੱਗੀ ਲਾੜਾ ਕੱਢਦਾ ਬੁੱਲ੍ਹੀਆਂ
ਰੋਟੀ ਭਜਾਉਣੀ ਪਈ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਭੈੜੇ ਭੈੜੇ ਤੁਸੀਂ ਕਰਦੇ ਹੋ ਕਾਰੇ
ਇਨ੍ਹੀ ਕਰਤੂਤੀਂ ਤੁਸੀਂ ਰਹੇ ਕੁਆਰੇ
ਕਰਤੂਤ ਤੇ ਛਿਪਦੀ ਨਹੀਂ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਸਾਡੇ ਤਾਂ ਵਿਹੜੇ ਮੁੱਢ ਮਕੱਈ ਦਾ
ਦਾਣੇ ਤਾਂ ਮੰਗਦਾ ਉਧਲ ਗਈ ਦਾ
ਭੱਠੀ ਤਪਾਉਣੀ ਪਈ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਸਾਡੇ ਤਾਂ ਵਿਹੜੇ ਤਾਣਾ ਤਣੀਂਦਾ
ਲਾੜੇ ਦਾ ਪਿਓ ਕਾਣਾ ਸੁਣੀਂਦਾ
ਐਨਕ ਲਵਾਉਣੀ ਪਈ
ਨਿਲੱਜਿਓ ਲੱਜ ਤੁਹਾਨੂੰ ਨਹੀਂ



ਕੁੜੀ ਤਾਂ ਸਾਡੀ ਤਿੱਲੇ ਦੀ ਤਾਰ ਏ
ਮੁੰਡਾ ਤਾਂ ਸੁਣੀਦਾ ਕੋਈ ਘੁਮਾਰ ਏ
ਜੋੜ ਤਾਂ ਜੁੜਦਾ ਨਹੀਂ
ਨਿਲੱਜਿਓ ਲਜ ਤੁਹਾਨੂੰ ਨਹੀਂ

ਪੈਸਾ ਪੈਸਾ ਸਾਡੇ ਪਿੰਡੋਂ ਜੀ ਪਾਓ
ਲਾੜੇ ਜੋਗਾ ਤੁਸੀਂ ਬਾਜਾ ਮੰਗਾਓ
ਜੰਨ ਤੇ ਸਜਦੀ ਨਹੀਂ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਆਏ ਬਰਾਤੀਆਂ 'ਤੇ ਵਿਅੰਗ ਕਸੇ ਜਾਂਦੇ ਹਨ। ਨਾ ਉਨ੍ਹਾਂ ਵਲੋਂ ਲਿਆਂਦੀ ਵਰੀ ਪਸੰਦ ਹੈ ਤੇ ਨਾ ਹੀ ਆਏ ਬਰਾਤੀ ਉਨ੍ਹਾਂ ਨੂੰ ਚੰਗੇ ਲੱਗਦੇ ਹਨ। ਉਹ ਬਰਾਤੀਆਂ ਦਾ ਮਖ਼ੌਲ ਉਡਾਉਂਦੀਆਂ ਹਨ:

ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਵਰੀ ਪੁਰਾਣੀ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਕੀ ਕੀ ਵਸਤ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਬੁਢੜੇ ਕਾਹਨੂੰ ਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਗੱਭਰੂ ਕਿਉਂ ਨਾ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਸਾਰੇ ਆਂਡਲ਼ ਆਏ

ਪਹਿਲੇ ਸਮਿਆਂ ਵਿਚ ਬਰਾਤਾਂ ਤਿੰਨ ਦਿਨ ਠਹਿਰਿਆ ਕਰਦੀਆਂ ਸਨ। ਇਕ ਦਿਨ ਆਉਣ ਦਾ ਤੇ ਇਕ ਦਿਨ ਵਿਦਾਇਗੀ ਦਾ। ਫੇਰ ਦੋ ਦਿਨ ਠਹਿਰਨ ਲੱਗੀਆਂ ਤੇ ਅੱਜ ਕਲ੍ਹ ਤਾਂ ਇਕ ਦਿਨ ਵਿਚ ਹੀ ਸਾਰੇ ਕਾਰਜ ਪੂਰੇ ਜਾਂਦੇ ਹਨ।

ਜੰਨ ਦਾ ਉਤਾਰਾ ਜਨ-ਘਰ ਜਾਂ ਧਰਮਸ਼ਾਲਾ ਵਿਚ ਕਰਵਾਇਆ ਜਾਂਦਾ ਸੀ। ਪਹਿਲੀ ਰਾਤ ਦੀ ਰੋਟੀ ਘਿਉ-ਬੂਰੇ ਜਾਂ ਚੌਲ ਸ਼ੱਕਰ ਨਾਲ਼ ਦਿੱਤੀ ਜਾਂਦੀ ਸੀ ਇਸ ਨੂੰ 'ਕੁਆਰੀ ਰੋਟੀ' ਜਾਂ 'ਮਿੱਠੀ ਰੋਟੀ' ਆਖਦੇ ਸਨ। ਗੈਸਾਂ ਅਤੇ ਲਾਲਟੈਣਾਂ ਦੇ ਚਾਨਣ ਵਿਚ ਬਰਾਤੀ ਕੋਰਿਆਂ ਉੱਤੇ ਬੈਠ ਕੇ ਰੋਟੀ ਛਕਦੇ। ਵਰਤਾਵੇ ਜਿਨ੍ਹਾਂ ਨੂੰ ਮਾਲਵੇ ਵਿਚ ਪਰੀਹੇ ਆਖਿਆ ਜਾਂਦਾ ਹੈ ਕੱਲੀ ਕੱਲੀ ਲਾਈਨ ਵਿਚ ਜਾ ਕੇ ਸ਼ੱਕਰ, ਬੂਰਾ ਤੇ ਘਿਓ ਆਦਿ ਵਰਤਾਉਂਦੇ। ਮਿੱਠੀ ਰੋਟੀ ਵੇਲੇ ਲਾੜਾ ਬਰਾਤ ਨਾਲ਼ ਨਹੀਂ ਸੀ ਜਾਂਦਾ, ਉਸ ਦੀ ਰੋਟੀ ਡੇਰੇ ਭੇਜੀ ਜਾਂਦੀ ਸੀ। ਬਰਾਤੀਆਂ ਨੇ ਰੋਟੀ ਖਾਣੀ ਸ਼ੁਰੂ ਕਰਨੀ ਓਧਰ ਬਨੇਰਿਆਂ 'ਤੇ ਬੈਠੀਆਂ ਸੁਆਣੀਆਂ ਨੇ ਸਿਠਣੀਆਂ ਦਾ ਨਿਸ਼ਾਨਾ ਕੁੜਮ ਨੂੰ ਬਣਾਉਣਾ:

ਕੁੜਮ ਚੱਲਿਆ ਗੰਗਾ ਦਾ ਨ੍ਹਾਉਣ
ਹਰ ਗੰਗਾ ਨਰੈਣ ਗੰਗਾ
ਪਹਿਲੇ ਗੋਤੇ ਗਿਆ ਪਤਾਲ਼
ਹਰ ਗੰਗਾ ਨਰੈਣ ਗੰਗਾ
ਮੱਛੀ ਨੇ ਫੜ ਲਿਆ ਮੁੱਛ ਦਾ ਵਾਲ਼
ਹਰ ਗੰਗਾ ਨਰੈਣ ਗੰਗਾ
ਛਡ ਦੇ ਮੇਰੀ ਮੁੱਛ ਦਾ ਵਾਲ਼
ਏਥੇ ਫੇਰ ਨਹੀਂ ਆਉਂਦਾ ਤੇਰੇ ਦਰਬਾਰ
ਹਰ ਗੰਗਾ ਨਰੈਣ ਗੰਗਾ
ਏਥੇ ਕਰਦੂੰ ਬੇਬੇ ਦਾ ਦਾਨ
ਹਰ ਗੰਗਾ ਨਰੈਣ ਗੰਗਾ

ਕੁੜਮ ਸਿਠਣੀਆਂ ਦਾ ਸ਼ਿਕਾਰ ਬਣਿਆਂ ਭਮੱਤਰ ਜਾਂਦਾ ਹੈ। ਕੋਈ ਉਸ ਦੇ ਸਰੀਰਕ ਨੁਕਸ ਲੱਭਦੀ ਹੈ, ਕੋਈ ਉਹਦੀ ਜ਼ੋਰੋ ਦੇ ਤਾਅਨੇ ਮਾਰਦੀ ਹੈ, ਬਰਾਤੀ ਮੁੱਛਾਂ ਵਿਚ ਮੁਸਕਰਾਉਂਦੇ ਹੋਏ ਅਨੂਠਾ ਆਨੰਦ ਮਾਣਦੇ ਹਨ। ਬਨੇਰੇ ਤੋਂ ਸਿੱਠਣੀਆਂ ਦੀਆਂ ਫੁਹਾਰਾਂ ਪੈ ਰਹੀਆਂ ਹਨ:

ਜੇ ਕੁੜਮਾਂ ਤੇਰੀਆਂ ਅੱਖਾਂ ਦੁਖਦੀਆਂ
ਮੋਗੇ ਲਾਜ ਕਰਾ ਲੈ ਵੇ
ਕੁੱਛ ਫੈਦਾ ਹੋ ਜੂ
ਇਕ ਗੁੜ ਦੀ ਡਲ਼ੀ
ਇਕ ਤੇਲ ਦੀ ਪਲ਼ੀ
ਵਿਚ ਮਿਰਚਾਂ ਦੀ ਲੱਪ ਪਵਾ ਲੈ ਵੇ
ਕੁੱਛ ਫੈਦਾ ਹੋ ਜੂ
ਮੋਗੇ ਲਾਜ ਕਰਾ ਲੈ ਵੇ

ਕੁੱਛ ਫੈਦਾ ਹੋ ਜੂ
ਇਕ ਗੁੜ ਦੀ ਡਲ਼ੀ
ਇਕ ਤੇਲ ਦੀ ਪਲ਼ੀ
ਵਿਚ ਬਿੱਲੀ ਦੀ ਪੂਛ ਫਰਾ ਲੈ ਵੇ
ਕੁੱਛ ਫੈਦਾ ਹੋ ਜੂ
ਮੋਗੇ ਲਾਜ ਕਰਾ ਲੈ ਵੇ
ਕੁਛ ਫੈਦਾ ਹੋ ਜੂ

ਕੁੜਮ ਦੀ ਜ਼ੋਰੋ ਬਾਰੇ ਅਨੇਕਾਂ ਸਿਠਣੀਆਂ ਦਿੱਤੀਆਂ ਜਾਂਦੀਆਂ ਹਨ ਉਸ 'ਤੇ ਚਰਿੱਤਰਹੀਣ ਹੋਣ ਦੇ ਦੂਸ਼ਣ ਲਾਏ ਜਾਂਦੇ ਹਨ। ਭਲਾ ਕੌਣ ਮਸਤੀ ਦੀ ਮੌਜ ਵਿਚ ਗਾ ਰਹੀਆਂ ਸੁਆਣੀਆਂ ਦੇ ਮੂੰਹ ਫੜ ਸਕਦਾ ਹੈ:

ਵੇ ਜ਼ੋਰੋ ਤੇਰੀ ਕੁੜਮਾਂ
ਕਰਦੀ ਪਾਣੀ ਪਾਣੀ
ਕੌਣ ਦਾਰੀ ਦਾ ਰਸੀਆ
ਕੌਣ ਲਿਆਵੇ ਪਾਣੀ
ਦਿਓਰ ਦਾਰੀ ਦਾ ਰਸੀਆ
ਓਹੋ ਲਿਆਵੇ ਪਾਣੀ
ਨੀ ਸਰ ਸੁਕਗੇ ਨਖਰੋ
ਕਿਥੋਂ ਲਿਆਵਾਂ ਪਾਣੀ
ਵੇ ਇਕ ਬੱਦਲ ਵਰ੍ਹਿਆ
ਵਿਚ ਰਾਹਾਂ ਦੇ ਪਾਣੀ

ਵੇ ਜ਼ੋਰੋ ਤੇਰੀ ਕੁੜਮਾ
ਕਰਦੀ ਡੇਲੇ ਡੇਲੇ
ਕੌਣ ਦਾਰੀ ਦਾ ਰਸੀਆ
ਉਹਦਾ ਦਿਓਰ ਦਾਰੀ ਦਾ ਰਸੀਆ
ਉਹਨੂੰ ਤੋੜ ਲਿਆਵੇ ਡੇਲੇ
ਨੀ ਬਣ ਸੁਕਰੇ ਨਖਰੋ
ਕਿੱਥੋਂ ਲਿਆਵਾਂ ਡੇਲੇ

ਕੁੜਮਣੀ 'ਤੇ ਕਈ ਪ੍ਰਕਾਰ ਦੇ ਦੋਸ਼ ਲਗਾਏ ਜਾਂਦੇ ਹਨ, ਮੇਲਣਾਂ ਵਿਦ ਵਿਦ ਕੇ ਸਿਠਣੀਆਂ ਦੈਂਦੀਆਂ ਹਨ:

ਨਿੱਕੀ ਜਹੀ ਕੋਠੜੀਏ
ਤੈਂ ਵਿਚ ਮੇਰਾ ਆਟਾ
ਕੁੜਮਾਂ ਜ਼ੋਰੋ ਉੱਧਲ ਚੱਲੀ
ਲੈ ਕੇ ਧੌਲ਼ਾ ਝਾਟਾ

ਨਿੱਕੀ ਜਿਹੀ ਕੋਠੜੀਏ
ਤੈਂ ਵਿਚ ਮੇਰੇ ਦਾਣੇ
ਕੁੜਮਾਂ ਜ਼ੋਰੋ ਉੱਧਲ ਚੱਲੀ
ਲੈ ਕੇ ਨਿੱਕੇ ਨਿਆਣੇ

ਨਿੱਕੀ ਜਿਹੀ ਕੋਠੜੀਏ
ਤੈਂ ਵਿਚ ਮੇਰੀ ਭੇਲੀ
ਕੁੜਮਾਂ ਜ਼ੋਰੋ ਉੱਧਲ ਚੱਲੀ
ਲੈ ਕੇ ਫੱਤੂ ਤੇਲੀ

ਉਹ ਉਸ ਨੂੰ ਯਾਰ ਹੰਢਾਉਣ ਦਾ ਮਿਹਣਾ ਮਾਰਦੀਆਂ ਹਨ:

ਕਿੱਕਣ ਜੀਵੇਂਗੀ ਨੀ ਕੁੜਮਾਂ ਜ਼ੋਰੋ ਯਾਰ ਬਿਨਾਂ
ਕਿੱਕਣ ਜੀਵੇਂਗੀ
ਤੂੰ ਤਾਂ ਮੈਂ ਸੁੰਨੀ
ਜਿਉਂ ਘੋੜਾ ਸੁੰਨਾ ਅਸਵਾਰ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾਂ ਜ਼ੋਰੋ ਯਾਰ ਬਿਨਾਂ
ਤੂੰ ਤਾਂ ਐਂ ਸੁੰਨੀ
ਜਿਉਂ ਰੋਹੀ ਸੁੰਨੀ ਬਘਿਆੜ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾਂ ਜ਼ੋਰੋ ਯਾਰ ਬਿਨਾਂ
ਤੂੰ ਤਾਂ ਐਂ ਸੁੰਨੀ
ਜਿਉਂ ਪਿੰਡ ਸੁੰਨਾ ਚੌਕੀਦਾਰ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾ ਜ਼ੋਰੋ ਯਾਰ ਬਿਨਾਂ
ਤੂੰ ਤਾਂ ਮੈਂ ਸੁੰਨੀ
ਜਿਉਂ ਪਰਜਾ ਸੁੰਨੀ ਸਰਕਾਰ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾ ਜ਼ੋਰੋ ਯਾਰ ਬਿਨਾਂ
ਕਿੱਕਣ ਜੀਵੇਂਗੀ

ਕੁੜਮ ਵਿਚਾਰਾ ਪਾਣੀਓਂ ਪਾਣੀ ਹੋਇਆ ਇਕ ਹੋਰ ਤੱਤੀ ਤੱਤੀ ਸਿਠਣੀ ਸੁਣਦਾ ਹੈ, ਮੁਟਿਆਰਾਂ ਦਾ ਜਲੌਅ ਝੱਲਿਆ ਨੀ ਜਾਂਦਾ:

ਕੁੜਮਾਂ ਜ਼ੋਰੋ ਸਾਡੇ ਆਈ
ਘਗਰੀ ਲਿਆਈ ਪਾਟੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਸਮਾ ਲੈ ਨੀ
ਕੌਣ ਜੁ ਉਹਦੇ ਧਾਗੇ ਵੱਟੇ
ਕੌਣ ਜੁ ਲਾਵੇ ਟਾਕੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਛੜੇ ਜੋ ਤੇਰੇ ਧਾਗੇ ਵੱਟਣ
ਉਹੀ ਲਾਉਣ ਟਾਕੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਸਮਾ ਲੈ ਨੀ

ਦੂਜੀ ਭਲਕ, ਫੇਰਿਆਂ ਤੋਂ ਮਗਰੋਂ, ਗੱਭਲੀ ਰੋਟੀ ਜਿਸ ਨੂੰ 'ਖੱਟੀ ਰੋਟੀ' ਵੀ ਆਖਦੇ ਹਨ, ਸਮੇਂ ਲਾੜਾ ਬਰਾਤ ਵਿਚ ਸ਼ਾਮਲ ਹੋ ਕੇ ਰੋਟੀ ਖਾਣ ਜਾਂਦਾ ਹੈ। ਜਾਨੀ ਪੂਰੀ ਟੌਹਰ ਵਿਚ ਹੁੰਦੇ ਹਨ ਓਧਰ ਬਨੇਰਿਆਂ 'ਤੇ ਬੈਠੀਆਂ ਮੁਟਿਆਰਾਂ ਤੇ ਔਰਤਾਂ ਲਾੜੇ ਨੂੰ ਆਪਣੀਆਂ ਸਿਠਣੀਆਂ ਦਾ ਨਿਸ਼ਾਨਾ ਬਣਾਉਂਦੀਆਂ ਹਨ:

ਲਾੜਿਆ ਪਗ ਟੇਢੀ ਨਾ ਬੰਨ੍ਹ ਵੇ
ਸਾਨੂੰ ਹੀਣਤ ਆਵੇ
ਤੇਰੀ ਬੇਬੇ ਵੇ ਉਧਲੀ
ਸਾਡੇ ਮਹਿਲਾਂ ਨੂੰ ਆਵੇ
ਤੇਰੀ ਬੇਬੇ ਦੇ ਬਦਣੀ
ਬੈਠੀ ਜੋਕਾਂ ਵੇ ਲਾਵੇ
ਇਕ ਜੋਕ ਗਵਾਚੀ
ਬੈਠੀ ਝਗੜਾ ਪਾਵੇ
ਇਕ ਪੈਸਾ ਨੀ ਲੈ ਲੈ



ਝਗੜਾ ਛਡ ਬਦਕਾਰੇ
ਪੈਸਾ ਨਹੀਓਂ ਲੈਣਾ
ਝਗੜਾ ਜਾਊ ਸਰਕਾਰੇ
ਸਾਡਾ ਚਾਚਾ ਛੈਲ
ਝਗੜਾ ਜਿਤ ਘਰ ਆਵੇ

ਉਹ ਲਾੜੇ ਦਾ ਬੜੀ ਬੇਰਹਿਮੀ ਨਾਲ਼ ਮਖੌਲ ਉਡਾਉਂਦੀਆਂ ਹਨ:

ਅਸਾਂ ਨਾ ਲੈਣੇ
ਪੱਤਾਂ ਬਾਝ ਕਰੇਲੇ
ਅਸਾਂ ਨਾ ਲੈਣੇ
ਲਾੜਾ ਭੌਂਦੂ ਐਂ ਝਾਕੇ
ਜਿਮੇਂ ਚਾਮ ਚੜਿਕ ਦੇ ਡੇਲੇ
ਅਸਾਂ ਨਾ ਲੈਣੇ
ਪੱਤਾਂ ਬਾਝ ਕਰੇਲੇ

ਉਹ ਉਸ ਦੀ ਭੈਣ ਅਤੇ ਭੂਆ 'ਤੇ ਚਰਿੱਤਰ ਹੀਣ ਹੋਣ ਦਾ ਇਲਜ਼ਾਮ ਲਾ ਕੇ ਉਸ ਨੂੰ ਠਿਠ ਕਰ ਦੇਂਦੀਆਂ ਹਨ:

ਪਿਛਲੇ ਅੰਦਰ ਹਨ੍ਹੇਰਾ
ਸੱਪਾਂ ਦਾ ਡੇਰਾ
ਸੱਪਾਂ ਤੋਂ ਮੈਂ ਡਰਦੀ ਆਂ
ਲਾੜੇ ਦੀ ਭੈਣ ਛਨਾਲ਼
ਖੇਲੇ ਮੁੰਡਿਆਂ ਨਾਲ਼
ਮੁੰਡੇ ਇਹਦੇ ਯਾਰ
ਉਲਾਂਭੇ ਤੋਂ ਮੈਂ ਡਰਦੀ ਆਂ
ਪਿਛਲੇ ਅੰਦਰ ਹਨ੍ਹੇਰਾ
ਸੱਪਾਂ ਦਾ ਡੇਰਾ
ਸੱਪਾਂ ਤੋਂ ਮੈਂ ਡਰਦੀ ਆਂ
ਲਾੜੇ ਦੀ ਭੂਆ ਛਨਾਲ਼
ਖੇਲੇ ਮੁੰਡਿਆਂ ਨਾਲ਼



ਮੁੰਡੇ ਇਹਦੇ ਯਾਰ
ਉਲਾਂਭੇ ਤੋਂ ਮੈਂ ਡਰਦੀ ਆਂ

ਲਾੜੇ ਦੀ ਭੈਣ ਬਾਰੇ ਇਕ ਪ੍ਰਤੀਕਆਤਮਕ ਸਿਠਣੀ ਦਿੱਤੀ ਜਾਂਦੀ ਹੈ:



ਲਾੜੇ ਭੈਣ ਦੀ ਕੱਚੀ ਖੂਹੀ ਕੱਚੀ ਖੂਹੀ
ਡੋਲ ਫਰ੍ਹਾ ਗਿਆ ਕੋਈ ਹੋਰ
ਹੋਰ ਭੈਣੇ ਹੋਰ ਬਾਗ਼ੀ ਕੂਕਦੇ ਸੀ ਮੋਰ
ਡੋਲ ਫਰ੍ਹਾ ਗਿਆ ਕੋਈ ਹੋਰ

ਲਾੜੇ ਭੈਣ ਦੀ ਖਿੜ ਗਈ ਕਿਆਰੀ
ਖਿੜੀ ਕਿਆਰੀ ਅੱਧੀ ਰਾਤ
ਟੀਂਡਾ ਤੋੜ ਗਿਆ ਕੋਈ ਹੋਰ
ਬਾਗ਼ੀ ਬੋਲਦੇ ਸੀ ਮੋਰ
ਟੀਂਡਾ ਤੋੜ ਗਿਆ ਕੋਈ ਹੋਰ

ਲਾੜੇ ਦੀ ਭੈਣ ਦੀ ਖੁਲ੍ਹੀ ਖਿੜਕੀ
ਖੁਲ੍ਹੀ ਖਿੜਕੀ ਅੱਧੀ ਰਾਤ
ਕੁੰਡਾ ਲਾ ਗਿਆ ਕੋਈ ਹੋਰ
ਬਾਗੀਂ ਬੋਲਦੇ ਸੀ ਮੋਰ
ਕੁੰਡਾ ਲਾ ਗਿਆ ਕੋਈ ਹੋਰ

ਲਾੜੇ ਦੇ ਕੋੜਮੇ ਨੂੰ ਪੁਣਦੀਆਂ ਹੋਈਆਂ ਮੁਟਿਆਰਾਂ ਸਾਰੇ ਮਾਹੌਲ ਵਿਚ ਹਾਸੇ ਛਣਕਾ ਦੇਂਦੀਆਂ ਹਨ। ਕੋਈ ਵਡਾਰੂ ਕੁੜੀਆਂ ਨੂੰ ਸਲੂਣੀਆਂ ਸਿਠਣੀਆਂ ਦੇਣ ਤੋਂ ਵਰਜਣ ਲਗਦਾ ਹੈ ਤਾਂ ਅੱਗੋਂ ਕੋਈ ਰਸੀਆ ਆਖ ਦੇਂਦਾ ਹੈ, "ਦੇ ਲੋ ਭਾਈ ਦੇ ਲੋ- ਆਹ ਦਿਨ ਕਿਹੜਾ ਰੋਜ਼ ਰੋਜ਼ ਆਉਣੈ।" ਇੰਨੇ ਨੂੰ ਸਿੱਠਣੀ ਦੇ ਬੋਲ ਉਭਰਦੇ ਹਨ:



ਲਾੜਿਆ ਵੇ ਮੇਰਾ ਨੌਕਰ ਲਗ ਜਾ ਵੇ
ਟਕਾ ਮਜੂਰੀ ਦਵਾ ਦਿੰਨੀ ਆਂ
ਮੇਰੇ ਅੰਦਰੋਂ ਸੁੰਭਰ ਮੇਰੇ ਬਾਹਰੋਂ ਸੁੰਭਰ
ਮੇਰੇ ਮਹਿਲੀਂ ਰੜਕਾ ਫੇਰ ਆਈਂ ਵੇ
ਟਕਾ ਮਜੂਰੀ ਦਵਾ ਦਿੰਨੀਆਂ



ਮੇਰਾ ਉਤਲਾ ਧੋ
ਮੇਰੀ ਕੁੜਤੀ ਧੋ
ਚੀਰੇ ਵਾਲ਼ੇ ਦੀ ਜਾਕਟ ਧੋ ਲਿਆਈਂ ਵੇ
ਟਕਾ ਮਜੂਰੀ ਦਵਾ ਦਿੰਨੀ ਆਂ
ਮੇਰੀ ਮੱਝ ਨਲ੍ਹਾ
ਮੇਰੀ ਕੱਟੀ ਨਲ੍ਹਾ
ਚੀਰੇ ਵਾਲ਼ੇ ਦਾ ਘੋੜਾ ਨਲ੍ਹਾ ਲਿਆਈਂ ਵੇ
ਟਕਾ ਮਜੂਰੀ ਦਵਾ ਦਿੰਨੀ ਆਂ

ਨਮੋਸ਼ੀ ਦਾ ਮਾਰਿਆ ਲਾੜਾ ਤਾਂ ਨਿਗਾਹ ਚੁੱਕ ਕੇ ਬਨੇਰਿਆਂ 'ਤੇ ਬੈਠੀਆਂ ਮੁਟਿਆਰਾਂ ਵਲ ਝਾਕਣ ਦੀ ਜੁਰਅਤ ਵੀ ਨਹੀਂ ਕਰ ਸਕਦਾ। ਜਦੋਂ ਵੇਖਦਾ ਹੈ ਝਟ ਟੋਕਾ ਟਾਕੀ ਸ਼ੁਰੂ ਹੋ ਜਾਂਦੀ ਹੈ:



ਲਾੜਿਆ ਆਪਣੀਆਂ ਵਲ ਵੇਖ ਵੇ
ਕਿਉਂ ਲਵੇਂ ਪ੍ਰਈਆਂ ਬਿੜਕਾਂ
ਘਰ ਭੈਣ ਜੁ ਤੇਰੀ ਕੰਨਿਆ ਕੁਆਰੀ
ਤੂੰ ਉਹਦਾ ਦੇ ਦੇ ਸਾਕ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ
ਤੂੰ ਆਪਣੀਆਂ ਵਲ ਝਾਕ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ

ਸਿਠਣੀਆਂ ਦੇਣ ਦਾ ਰਿਵਾਜ ਹੁਣ ਖ਼ਤਮ ਹੋ ਗਿਆ ਹੈ। ਇਕ ਦਿਨ ਦੇ ਵਿਆਹ ਨੇ, ਉਹ ਵੀ ਮੈਰਿਜ਼ ਪੈਲੇਸਾਂ ਵਿਚ ਹੋਣ ਕਾਰਨ, ਵਿਆਹ ਦੀਆਂ ਸਾਰੀਆਂ ਰਸਮਾਂ ਤੇ ਰੌਣਕਾਂ ਸਮਾਪਤ ਕਰ ਦਿੱਤੀਆਂ ਹਨ। ਬਸ ਸ਼ੋਰ ਹੀ ਰਹਿ ਗਿਆ ਹੈ। ਸੈਂਕੜਿਆਂ ਦੀ ਗਿਣਤੀ ਵਿਚ ਸਿੱਠਣੀਆਂ ਉਪਲਬਧ ਹਨ। ਇਨ੍ਹਾਂ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਇਹ ਸਾਡੀ ਵਿਰਾਸਤ ਦਾ ਵੱਡਮੁੱਲਾ ਸਰਮਾਇਆ ਹਨ।

*