ਵਿਚਕਾਰਲੀ ਭੈਣ/ਪਰਿਣੀਤਾ!/੨.

ਵਿਕੀਸਰੋਤ ਤੋਂ

੨.

ਸ਼ਿਆਮ ਬਾਜ਼ਾਰ ਦੇ ਇੱਕ ਬਹੁਤ ਵੱਡੇ ਆਦਮੀ ਦੇ ਘਰ ਸ਼ੇਖਰ ਦੇ ਵਿਆਹ ਦੀ ਗੱਲ ਬਾਤ ਚਲ ਰਹੀ ਸੀ। ਉਸ ਦਿਨ ਜਦੋਂ ਉਹ ਸ਼ੇਖਰ ਨੂੰ ਵੇਖਣ ਆਏ ਤਾਂ ਉਹਨਾਂ ਚਾਹਿਆ ਕਿ ਆਉਣ ਵਾਲੇ ਮਾਘ ਵਿਚ ਹੀ ਕੋਈ ਸ਼ੁਭ ਮਹੂਰਤ ਵੇਖਕੇ ਵਿਆਹ ਪੱਕਾ ਕਰ ਦਿੱਤਾ ਜਾਏ। ਪਰ ਸ਼ੇਖਰ ਦੀ ਮਾਂ ਨ ਮੰਨੀ, ਮਹਿਰੀ ਪਾਸੋਂ ਅਖਵਾਇਆ ਕਿ ਲੜਕਾ ਆਪ ਵੇਖਕੇ ਪਸੰਦ ਕਰੇਗਾ ਤਾਂ ਵਿਆਹ ਪੱਕਾ ਹੋਵੇਗਾ।

ਨਵੀਨ ਚੰਦ ਦਾ ਧਿਆਨ ਦਾਤ ਵਲ ਸੀ। ਉਨ੍ਹਾਂ ਆਪਣੀ ਘਰ ਵਾਲੀ ਦੀ ਇਸ ਗਲ ਤੋਂ ਨਾਰਾਜ਼ ਹੋਕੇ ਆਖਿਆ, 'ਇਹ ਕੀ ਗੱਲ ਹੈ ਕੁੜੀ ਵੇਖੀ ਵਾਖੀ ਤਾਂ ਹੈ ਗੱਲ ਪੱਕੀ ਕਰ ਲਓ ਮਿਲਣੀ ਵੇਲੇ ਹੋਰ ਵੇਖ ਲਈਂ।

ਫੇਰ ਵੀ ਘਰ ਵਾਲੀ ਨੇ ਹਾਂ ਵਿਚ ਹਾਂ ਨਾ ਮਿਲਾਈ। ਗੱਲ ਪੱਕੀ ਨ ਹੋ ਸਕੀ। ਨਵੀਨ ਚੰਦ੍ਰ ਗੁੱਸੇ ਦੇ ਮਾਰਿਆਂ ਬੜਾ ਚਿਰਾਕਾ ਭੋਜਨ ਕੀਤਾ ਤੇ ਦੁਪਹਿਰ ਨੂੰ ਬੈਠਕੇ ਹੀ ਅਰਾਮ ਕੀਤਾ।

ਸ਼ੇਖਰ ਨਾਥ ਜ਼ਰਾ ਕੁਝ ਸ਼ੌਕੀਨ ਤਬੀਅਤ ਦਾ ਹੈ। ਉਹ ਤੀਜੀ ਮੰਜ਼ਲੇ ਜਿਸ ਕਮਰੇ ਵਿੱਚ ਰਹਿੰਦਾ ਹੈ, ਉਹ ਬਹੁਤ ਹੀ ਸਜਿਆ ਹੋਇਆ ਹੈ। ਪੰਜ ਛੇ ਦਿਨਾਂ ਪਿਛੋਂ ਇੱਕ ਵੱਡੇ ਸ਼ੀਸ਼ੇ ਦੇ ਸਾਹਮਣੇ ਖਲੋਕੇ, ਸ਼ੇਖਰ ਲੜਕੀ ਵੇਖਣ ਜਾਣ ਲਈ ਤਿਆਰ ਹੋ ਰਿਹਾ ਸੀ, ਏਨੇ ਚਿਰ ਨੂੰ ਲਲਿਤਾ ਅੰਦਰ ਆ ਗਈ, ਕੁਝ ਚਿਰ ਚੁੱਪ ਚਾਪ ਖਲੋਤੀ ਰਹਿਕੇ ਉਸਨੇ ਪੁਛਿਆ, "ਵਹੁਟੀ ਵੇਖਣ ਜਾ ਰਹੇ ਹੋ?"

ਸ਼ੇਖਰ ਨੇ ਆਖਿਆ, "ਚੰਗਾ ਆਗਈ ਏਂ, ਚੰਗੀ ਤਰ੍ਹਾਂ, ਮੈਨੂੰ ਬਣਾ ਸਵਾਰ ਦਿਹ ਤਾਂ ਜੋ ਵਹੁਟੀ ਦੇ ਪਸੰਦ ਆ ਜਾਵਾਂ।

ਲਲਿਤਾ ਹੱਸ ਪਈ। ਬੋਲੀ, “ਅਜੇ ਤਾਂ ਮੈਨੂੰ ਵਿਹਲ ਨਹੀਂ ਭਰਾਵਾ, ਰੁਪੈ ਲੈਣ ਆਈ ਹਾਂ। ਇਹ ਆਖਕੇ ਉਹਨੇ ਸਿਰਹਾਣੇ ਦੇ ਥੱਲਿਓਂਂ ਚਾਬੀਆਂ ਦਾ ਗੁੱਛਾ ਕੱਢ ਕੇ ਦਰਾਜ਼ ਖੋਲ੍ਹੀ, ਗਿਣ ਗਿਣ ਕੇ ਕੁਝ ਰੁਪੈ ਪੱਲੇ ਬੰਨ੍ਹ ਦੀ ਹੋਈ ਨੇ, ਬਹੁਤ ਹੌਲੀ ਹੌਲੀ ਮਨ ਹੀ ਮਨ ਵਿੱਚ ਆਖਿਆ, "ਲੋੜ ਪੈਣ ਤੇ ਰੁਪੈ ਤਾਂ ਲੈ ਹੀ ਜਾਂਦੀ ਹਾਂ, ਇਹ ਉਤਰਨਗੇ ਕਿੱਦਾਂ?

ਸ਼ੇਖਰ ਨੇ ਇੱਕ ਪਾਸੇ ਦੇ ਵਾਲਾਂ ਨੂੰ ਢੰਗ ਨਾਲ ਉਤਾਹਾਂ ਚੁੱਕ ਕੇ ਆਖਿਆ, "ਉਤਰਨਗੇ ਜਾਂ ਉਤਰ ਰਹੇ ਹਨ।"

ਲਲਿਤਾ ਸਮਝ ਨ ਸਕੀ, ਵੇਖਦੀ ਰਹੀ।
ਸ਼ੇਖਰ ਨੇ ਆਖਿਆ, ਵੇਖਦੀ ਕੀ ਏਂ, ਸਮਝ ਨਹੀਂ ਸਕੀ?
ਲਲਿਤਾ ਨੇ ਸਿਰ ਹਿਲਾਕੇ ਆਖਿਆ, "ਨਹੀਂ।
"ਜ਼ਰਾ ਹੋਰ ਵੱਡੀ ਹੋਵੇਗੀ ਤਾਂ ਪਤਾ ਲੱਗ ਜਾਇਗਾ।" ਇਹ ਆਖਦਾ, ਸ਼ੇਖਰ ਜੁੱਤੀ ਪਾਕੇ ਚਲਿਆ ਗਿਆ। ਰਾਤ ਨੂੰ

ਸ਼ੇਖਰ ਇਕ ਕੌਚ ਤੇ ਚੁੱਪ ਚਾਪ ਲੰਮਾ ਪਿਆ ਹੋਇਆ ਸੀ ਕਿ ਏਨੇ ਚਿਰ ਨੂੰ ਮਾਂ ਕਮਰੇ ਵਿਚ ਆ ਗਈ। ਉਹ ਝੱਟ ਪੱਟ ਉਠਕੇ ਬਹਿ ਗਿਆ, ਮਾਂ ਇੱਕ ਚੌਂਂਕੀ ਤੇ ਬਹਿ ਗਈ। ਕਹਿਣ ਲੱਗੀ, “ਦੱਸ ਕੁੜੀ ਕਿਹੋ ਜਹੀ ਹੈ?"

ਸ਼ੇਖਰ ਦੀ ਮਾਂ ਦਾ ਨਾਂ ‘ਭਵਨੇਸ਼ਵਰੀ' ਹੈ। ਉਮਰ ਪੰਜਾਹਾਂ ਦੇ ਲਗਭਗ ਹੋਵੇਗੀ। ਪਰ ਸਰੀਰ ਐਹੋ ਜਿਹਾ ਗੁੰਦਿਆ ਹੋਇਆ ਹੈ ਕਿ ਵੇਖਣ ਵਿੱਚ ਪੈਂਤੀਆਂ ਛੱਤੀਆਂ ਤੋਂ ਵੱਧ ਨਹੀਂ ਜਾਪਦੀ। ਇਸ ਸੁੰਦ੍ਰ ਸਰੀਰ ਵਿਚਕਾਰ ਜੋ ਮਾਂ ਦਾ ਹਿਰਦਾ ਸੀ ਉਹ ਹੋਰ ਵੀ ਜੁਵਾਨ ਤੇ ਕੋਮਲ ਸੀ। ਇਹ ਪਿੰਡਾਂ ਦੀ ਲੜਕੀ ਸੀ, ਪਿੰਡ ਵਿੱਚ ਪਲਕੇ ਹੀ ਜਵਾਨ ਹੋਈ ਸੀ, ਪਰ ਸ਼ਹਿਰ ਵਿੱਚ ਇੱਕ ਦਿਨ ਵੀ ਓਪਰੀ ਨਹੀਂ ਲੱਗੀ। ਸ਼ਹਿਰ ਦੀ ਚੰਚਲਤਾ, ਬਣਾ ਤਣਾਹੋਰ ਚੱਜ ਅਚਾਰ ਨੂੰ ਜਿੰਨੀ ਸੁਖਾਲੀ ਤਰ੍ਹਾਂ ਇਸਨੇ ਧਾਰਨ ਕਰ ਲਿਆ ਸੀ, ਉਸੇ ਤਰ੍ਹਾਂ ਜਨਮ ਭੂਮੀ ਦੀ ਸਾਦਗੀ, ਮਿਲਾਪੜਾ ਸੁਭਾ ਵੀ ਨਹੀਂ ਸੀ ਛਡਿਆ।

ਮਾਂ ਸ਼ੇਖਰ ਵਾਸਤੇ ਕਿੰਨੀ ਮਾਣ ਦੀ ਥਾਂ ਹੈ, ਇਹ ਗੱਲ ਉਸਦੀ ਮਾਂ ਵੀ ਨਹੀਂ ਜਾਣਦੀ। ਜਗਦੀਸ਼ਰ ਨੇ ਸ਼ੇਖਰ ਨੂੰ ਬਹੁਤੇਰੀਆਂ ਚੀਜ਼ਾਂ ਦਿੱਤੀਆਂ ਹਨ। ਵਧੀਆ ਸਿਹਤ, ਰੂਪ, ਪਦਾਰਥ ਤੇ ਬੁੱਧੀ, ਪਰ ਐਹੋ ਜਹੀ ਮਾਂ ਦੀ ਉਲਾਦ ਹੋਣ ਵਿਚ ਉਹ ਪ੍ਰਮਾਤਮਾਂ ਦਾ ਬਹੁਤ ਧੰਨਵਾਦੀ ਹੈ।

ਮਾਂ ਨੇ ਆਖਿਆ 'ਚੰਗੀ' ਆਖਕੇ ਚੁੱਪ ਕਿਉਂ ਹੋ ਗਿਆ ਏਂ?"

ਸ਼ੇਖਰ ਫੇਰ ਜ਼ਰਾ ਹੱਸ ਕੇ ਤੇ ਨੀਵੀਂ ਪਾ ਕੇ ਬੋਲਿਆ "ਤੁਸਾਂ ਜੋ ਪੁਛਿਆ ਮੈਂ ਦਸ ਦਿੱਤਾ।"

ਮਾਂ ਹੱਸ ਪਈ, ਕਹਿਣ ਲੱਗੀ, ਕੀ ਦਸਿਆ? ਰੰਗ ਕਿਹੋ ਜਿਹਾ ਹੈ? ਕਿਹਦੇ ਵਰਗਾ ਹੈ, ਆਪਣੀ ਲਲਿਤਾ ਵਰਗਾ?"
ਸ਼ੇਖਰ ਨੇ ਆਖਿਆ, ਲਲਿਤਾ ਤਾਂ "ਕਾਲੀ ਹੈ, ਉਹ ਇਸ ਨਾਲੋਂ ਗੋਰੀ ਹੈ।"
"ਮੂੰਹ ਮੱਥਾ ਕਿਹੋ ਜਿਹਾ ਸੋ?"
‘‘ਚੰਗਾ ਏ, ਕੋਈ ਬੁਰਾ ਨਹੀਂ"
"ਆਖ ਦਿਆਂ ਤੇਰੇ ਬਾਬੂ ਨੂੰ?"
ਸ਼ੇਖਰ ਚੁੱਪ ਹੋ ਗਿਆ।
ਮਾਂ ਝੱਟ ਕੁ ਪੁੱਤ ਵੱਲ ਵੇਖ ਕੇ ਪੁਛਣ ਲੱਗੀ, "ਕਿਉਂ ਵੇ ਉਹ ਪੜ੍ਹੀ ਲਿਖੀ ਵੀ ਹੈ?"
ਸ਼ੇਖਰ ਨੇ ਆਖਿਆ, “ਮਾਂ ਇਹ ਤਾਂ ਨਹੀਂ ਪੁਛਿਆ।"
ਬੜੀ ਹੈਰਾਨ ਹੋਕੇ ਮਾਂ ਨੇ ਕਿਹਾ, ਪੁਛਿਆ ਕਿਉਂ ਨਹੀਂ? ਅੱਜ ਕੱਲ ਤੁਹਾਡੇ ਮੁੰਡਿਆਂ ਲਈ ਜੋ ਸਾਰਿਆਂ ਤੋਂ ਜ਼ਰੂਰੀ ਗੱਲ ਹੈ, ਉਹ ਤਾਂ ਪੁੱਛੀ ਹੀ ਨਹੀਂ?
ਸ਼ੇਖਰ ਨੇ ਹੱਸ ਕੇ ਆਖਿਆ, “ਨਹੀਂ ਮਾਂ ਮੈਨੂੰ ਇਹ ਗੱਲ ਪੁਛਣੀ ਚੇਤੇ ਹੀ ਨਹੀਂ ਰਹੀ।"
ਲੜਕੇ ਦੀ ਗੱਲ ਸੁਣਕੇ ਉਹ ਇਸਦੇ ਵੱਲ ਹੈਰਾਨੀ ਨਾਲ ਵੇਖਦੀ ਰਹੀ। ਫੇਰ ਹੱਸ ਕੇ ਬੋਲੀ, ਮਲੂੰਮ ਹੁੰਦਾ ਹੈ ਕਿ ਤੂੰ ਕਿਤੇ ਵੀ ਵਿਆਹ ਨਹੀਂ ਕਰਵਾਏਂਗਾ।"
ਸ਼ੇਖਰ ਕੁਝ ਆਖਣਾ ਚਾਹੁੰਦਾ ਸੀ ਕਿ ਉਸੇ ਵੇਲੇ ਲਲਿਤਾ ਦੇ ਆਉਣ ਕਰਕੇ ਚੁੱਪ ਹੋ ਗਿਆ। ਲਲਿਤਾ ਹੌਲੀ

ਜਹੀ 'ਭਵਨੇਸ਼ਵਰੀ' ਦੇ ਪਿੱਛੇ ਆ ਖਲੋਤੀ। ਉਹਨੇ ਖੱਬੇ ਹੱਥ ਨਾਲ ਉਹਨੂੰ ਅਗਾਂਹ ਨੂੰ ਖਿੱਚ ਕੇ ਆਖਿਆ, "ਕੀ ਹੈ ਬੱਚੀ!"

ਲਲਿਤਾ ਨੇ ਹੌਲੀ ਜਹੀ ਆਖਿਆ, “ਕੁਝ ਨਹੀਂ ਮਾਂ!"

ਲਲਿਤਾ ਪਹਿਲੇ ‘ਭਵਨੇਸ਼ਵਰੀ' ਨੂੰ ਮਾਸੀ ਆਖਦੀ ਹੁੰਦੀ ਸੀ। ਪਰ ਉਸ ਮਨ੍ਹਾਂ ਕਰ ਦਿੱਤਾ ਤੇ ਆਖਿਆ, “ਮੈਂ ਤਾਂ ਤੇਰੀ ਮਾਸੀ ਨਹੀਂ ਲਲਿਤਾ, ਮਾਂ ਹਾਂ?" ਤਦੋਂ ਤੋਂ ਇਹ ਉਸਨੂੰ ਮਾਂ ਆਖਦੀ ਹੈ। ਭਵਨੇਸ਼ਵਰੀ ਨੇ ਉਹਨੂੰ ਪਿਆਰ ਨਾਲ ਛਾਤੀ ਦੇ ਨਾਲ ਲਾ ਕੇ ਆਖਿਆ, “ਕੁਝ ਨਹੀਂ? ਤਾਂ ਸ਼ਾਇਦ ਮੈਨੂੰ ਵੇਖਣ ਹੀ ਆਈ ਹੋਵੇਂਗੀ, ਠੀਕ ਹੈ?"
ਲਲਿਤਾ ਚੁੱਪ ਰਹੀ।
ਸ਼ੇਖਰ ਨੇ ਆਖਿਆ, ਵੇਖਣ ਆਈਂ ਹੈ ਤਾਂ ਰੋਟੀ ਟੁੱਕ ਕਦੋਂ ਕਰੇਂਗੀ?
ਮਾਂ ਨੇ ਆਖਿਆ, ਇਹ ਰੋਟੀ ਟੁੱਕ ਕਿਉਂ ਕਰੇਗੀ?
ਸ਼ੇਖਰ ਨੇ ਅਸਚਰਜ ਨਾਲ ਪੁਛਿਆ, ਫੇਰ ਰੋਟੀ ਟੁੱਕ ਕੌਣ ਕਰੇਗਾ? ਇਹਦੇ ਮਾਮੇ ਨੇ ਵੀ ਆਖਿਆ ਸੀ ਕਿ ਇਹਨਾਂ ਦੇ ਘਰ ਇਹੋ ਰੋਟੀ ਟੁੱਕ ਕਰਦੀ ਹੈ।
ਮਾਂ ਹੱਸਣ ਲੱਗੀ, 'ਇਹਦੇ ਮਾਮੇ ਦੀ ਕੀ ਗੱਲ ਹੈ, ਜੋ ਮੂੰਹ ਆਇਆ ਆਖ ਦਿੱਤਾ, ਇਹ ਅਜੇ ਵਿਆਹੀ ਨਹੀਂ ਗਈ, ਇਹਦੇ ਹਥੋਂ ਕੌਣ ਖਾਏਗਾ? ਆਪਣੀ ਮਿਸ਼ਰਾਣੀ ਨੂੰ ਭੇਜ ਦਿਤਾ ਹੈ, ਉਹੋ ਰੋਟੀ ਟੁੱਕ ਕਰੇਗੀ। ਸਾਡੇ ਘਰ ਵਡੀ ਨੋਂਹ ਬਣਾ ਰਹੀ ਹੈ, ਮੈਂ ਤਾਂ ਅੱਜ ਦੇ ਕੋਲ ਉਹਦੇ ਪਾਸੋਂ

ਹੀ ਖਾਂਦੀ ਹਾਂ।

ਸ਼ੇਖਰ ਸਮਝ ਗਿਆ ਕਿ ਇਸ ਟੱਬਰ ਦਾ ਵਡਾ ਭਾਰ ਆਪਣੇ ਜੁਮੇ ਲੈ ਲਿਆ ਗਿਆ ਹੈ। ਉਹ ਇਕ ਤਸੱਲੀ ਦਾ ਸਾਹ ਲੈਕੇ ਚੁੱਪ ਹੋ ਗਿਆ।

ਮਹੀਨਾ ਪਿਛੋਂ ਇਕ ਦਿਨ ਸ਼ੇਖਰ ਸ਼ਾਮ ਨੂੰ ਆਪਣੇ ਕਮਰੇ ਵਿੱਚ ਕੌਂਚ ਤੇ ਅੱਧ-ਸੁੱਤੀ ਹਾਲਤ ਵਿਚ ਪਿਆ ਇਕ ਅੰਗਰੇਜ਼ੀ ਦਾ ਨਾਵਲ ਪੜ੍ਹ ਰਿਹਾ ਸੀ, ਕਾਫੀ ਮਨ ਲੱਗਾ ਹੋਇਆ ਸੀ, ਏਨੇ ਚਿਰ ਨੂੰ ਲਲਤਾ ਕਮਰੇ ਵਿਚ ਆਕੇ ਸਿਰਹਾਣੇ ਥਲਿਓਂਂ ਚਾਬੀਆਂ ਦਾ ਗੁੱਛਾ ਕੱਢ ਕੇ ਖੜਾਕ ਕਰਦੀ ਹੋਈ ਦਰਾਜ਼ ਖੋਲ੍ਹਣ ਲੱਗ ਪਈ, ਸ਼ੇਖਰ ਨੇ ਕਿਤਾਬ ਵਿਚ ਹੀ ਧਿਆਨ ਲਾਏ ਹੋਏ ਨੇ ਆਖਿਆ ਕੀ ਗੱਲ ਹੈ।

ਲਲਿਤਾ ਨੇ ਆਖਿਆ, “ਰੁਪੈ ਲੈ ਰਹੀ ਹਾਂ'

ਸ਼ੇਖਰ, 'ਹਾਂ' ਆਖਕੇ ਪੜ੍ਹਨ ਲੱਗ ਪਿਆ, ਲਲਤਾ ਪੱਲੇ ਰੁਪਏ ਬੰਨ੍ਹ ਕੇ ਉੱਠ ਖਲੋਤੀ। ਅੱਜ ਉਹ ਬਣ ਤਣਕੇ ਆਈ ਸੀ। ਉਹਦਾ ਖਿਆਲ ਸੀ ਕਿ ਸ਼ੇਖਰ ਉਸ ਵੱਲ ਜਰੂਰ ਵੇਖੇ। ਕਹਿਣ ਲੱਗੀ, 'ਦਸ ਰੁਪੈ ਲੈ ਜਾ ਰਹੀ ਹਾਂ।'

ਸ਼ੇਖਰ ਨੇ ‘ਚੰਗਾ ਆਖ ਦਿਤਾ ਪਰ ਉਹਦੇ ਵੱਲ ਵੇਖਿਆ ਨਹੀਂ। ਕੋਈ ਹੋਰ ਉਪਾ ਨ ਵੇਖਕੇ ਉਹ ਐਧਰ ਊਧਰ ਚੀਜ਼ਾਂ ਵਸਤਾਂ ਧਰਨ ਚੁਕਣ ਲੱਗ ਪਈ। ਏਸਤਰਾਂ ਉਹ ਝੂਠ ਮੂਠ ਹੀ ਚਿਰ ਕਰਨ ਲੱਗ ਪਈ ਪਰ ਕਿਸੇ ਤਰਾਂ ਵੀ ਕੋਈ ਨਤੀਜਾ ਨਾ ਨਿਕਲਿਆ, ਤਦ ਉਹ ਹੌਲੀ ਹੌਲੀ ਬਾਹਰ ਚਲੀ ਗਈ। ਪਰ ਬਾਹਰ ਚਲੀ ਜਾਣ ਨਾਲ ਉਹ ਜਾ ਥੋੜਾ ਸਕਦੀ ਸੀ, ਉਸ ਨੂੰ ਫੇਰ ਦਰਵਾਜ਼ੇ ਕੋਲ ਆ ਕੇ ਖਲੋਣਾ ਪਿਆ। ਅਜ ਸਾਰਿਆਂ ਨਾਲ ਉਸ ਨੇ ਥੀਏਟਰ ਵੇਖਣ ਜਾਣਾ ਸੀ।

ਇਹ ਉਹ ਜਾਣਦੀ ਹੈ ਕਿ ਸ਼ੇਖਰ ਤੋਂ ਬਿਨਾਂ ਪੁਛੇ ਉਹ ਕਿਤੇ ਨਹੀਂ ਜਾ ਸਕਦੀ।ਇਸ ਗੱਲ ਉਹਨੂੰ ਕਿਸੇ ਦਸੀ ਨਹੀਂ ਸੀ ਤੇ ਨਾ ਹੀ ਕਦੇ ਇਸ ਗਲ ਬਾਰੇ ਉਹਦੇ ਮਨ ਵਿਚ ਕੋਈ ਖਿਆਲ ਆਇਆ ਸੀ, ਪਰ ਹਰ ਜੀਵ ਵਿਚ ਜੋ ਸੁਭਾਵਕ ਬੁੱਧੀ ਹੈ, ਉਸੇ ਬੁੱਧੀ ਅਨੁਸਾਰ ਹੀ ਇਹ ਜਾਣ ਲਿਆ ਸੀ ਕਿ ਕੋਈ ਭਾਵੇਂ ਜੋ ਮਰਜ਼ੀ ਹੈ ਕਰ ਲਏ ਜਾਂ ਜਿਥੇ ਮਰਜ਼ੀ ਹੋ ਚਲਿਆ ਜਾਏ, ਪਰ ਉਹ ਏਦਾਂ ਨਹੀਂ ਕਰ ਸਕਦੀ, ਨਾਹੀ ਕਿਤੇ ਜਾ ਸਕਦੀ ਹੈ। ਨਾਂ ਤਾਂ ਉਹ ਆਜ਼ਾਦ ਹੈ ਤੇ ਨਾਂ ਹੀ ਮਾਮੇ ਤੇ ਭਰਾ ਦੀ ਆਗਿਆ ਉਸ ਲਈ ਕਾਫੀ ਹੈ। ਉਸਨੇ ਦਰਵਾਜ਼ੇ ਦੇ ਉਹਲਿਉਂ ਹੌਲੀ ਜਹੀ ਆਖਿਆ, 'ਅਸੀਂ ਸਾਰੇ ਥੀਏਟਰ ਜਾ ਰਹੇ ਹਾਂ।'

ਇਹ ਮਿੱਠੀ ਜਹੀ ਤੇ ਨਿੰਮੀ, ਜਹੀ ਅਵਾਜ਼ ਸ਼ੇਖਰ ਦੇ ਕੰਨਾਂ ਤੋਂ ਉਰੇਉਰੇ ਹੀ ਰਹਿ ਗਈ। ਉਹਨੇ ਕੋਈ ਜਵਾਬ ਨਾ ਦਿੱਤਾ।
ਲਲਿਤਾ ਨੇ ਫੇਰ ਜ਼ਰਾ ਜ਼ੋਰ ਦੀ ਆਖਿਆ, 'ਸਾਰੀਆਂ ਮੈਨੂੰ ਉਡੀਕ ਰਹੀਆਂ ਹਨ'।
ਹੁਣ ਸ਼ੇਖਰ ਨੇ ਸੁਣ ਲਿਆ। ਕਿਤਾਬ ਇਕ ਪਾਸੇ ਰੱਖਕੇ ਬੋਲਿਆ, 'ਕੀ ਗਲ ਹੈ?'
ਲਲਿਤਾ ਨੇ ਰੋਸੇ ਜਹੇ ਨਾਲ ਆਖਿਆ, 'ਐਨੇ ਚਿਰ ਪਿਛੋਂ ਸੁਣਿਆ ਹੈ? ਅਸੀਂ ਥੀਏਟਰ ਜਾ ਰਹੀਆਂ ਹਾਂ।'
ਸ਼ੇਖਰ ਨੇ ਆਖਿਆ, ਕੌਣ ਕੌਣ?'
ਮੈਂ, ਅਨਾਕਾਲੀ, ਚਾਰੂਬਾਲਾ, ਚਾਰੂ ਬਾਲਾ ਦਾ ਭਰਾ

ਉਸਦੇ ਮਾਮਾ ਜੀ ........ ਮਾਮਾ ਕਿਹੜਾ?'

ਲਲਿਤਾ ਨੇ ਆਖਿਆ, 'ਉਹਦਾ ਨਾਮ ਗਰੀਨ ਬਾਬੂ ਹੈ।' ਪੰਜ ਦਿਨ ਹੋਏ ਮੁੰਗੇਰ ਤੋਂ ਆਏ ਹਨ। ਏਥੇ ਬੀ. ਏ, ਵਿਚ ਪੜ੍ਹਨਗੇ। ਚੰਗੇ ਆਦਮੀ ਹਨ।'
ਵਾਹ! ਨਾਂ, ਥਾਂ, ਕੰਮ, ਸਭ ਕੁਝ ਮਲੂਮ ਹੋ ਗਿਆ ਹੈ। ਮਲੂਮ ਹੁੰਦਾ ਹੈ ਕਿ ਚੰਗੀ ਵਾਕਫੀ ਹੋਗਈ ਹੈ। ਏਸੇ ਕਰਕੇ ਚੌਹਾਂ ਪੰਜਾਂ ਦਿਨਾਂ ਤੋਂ ਗਰੜ ਹੋਗਈ ਏਂ। ਸ਼ਾਇਦ ਤਾਸ਼ ਖੇਡਦੇ ਰਹੇ ਹੋਵੋਗੇ।
ਸ਼ੇਖਰ ਦੇ ਇਸ ਗੱਲ ਬਾਤ ਦੇ ਢੰਗ ਤੋਂ ਲਲਿਤਾ ਡਰ ਗਈ। ਉਹਨੇ ਸੋਚਿਆ ਵੀ ਨਹੀਂ ਸੀ ਕਿ ਇਹੋ ਜਹੇ ਸਵਾਲ ਵੀ ਹੋ ਸਕਦੇ ਹਨ। ਉਹ ਚੁਪ ਰਹੀ।
ਸ਼ੇਖਰ ਨੇ ਆਖਿਆ, “ਕਈਆਂ ਦਿਨਾਂ ਤੋਂ ਖੂਬ ਤਾਸ਼ ਖੇਡੀ ਜਾ ਰਹੀ ਸੀ ਨਾਂ? ਲਲਿਤਾ ਨੇ ਗਲੂਟੂ ਜਿਹਾ ਭਰਕੇ ਆਖਿਆ, ਚਾਰੂ ਨੇ ਦਸਿਆ ਸੀ?
ਚਾਰੂ ਨੇ ਦਸਿਆ ਸੀ, ਕੀ ਦਸਿਆ ਸੀ? ਆਖ ਕੇ ਸ਼ੇਖਰ ਨੇ ਮੂੰਹ ਚੁੱਕ ਕੇ ਵੇਖਿਆ ਫੇਰ ਕਹਿਣ ਲੱਗਾ।' "ਵਾਹ ਇਕ ਦਮ ਕਪੜੇ ਪਾਕੇ ਤਿਆਰ ਹੋਕੇ ਆਗਈ ਏਂ?" “ਚੰਗਾ ਜਾਓ।"
ਲਲਿਤਾ ਗਈ ਨਹੀਂ, ਉੱਥੇ ਹੀ ਚੁੱਪ ਚਾਪ ਖੜੀ ਰਹੀ।
ਲਾਗਲੇ ਮਕਾਨ ਦੀ ਚਾਰੂ ਬਾਲਾ ਉਹਦੀ ਹਾਨਣ ਸਹੇਲੀ ਹੈ। ਇਹ ਲੋਕ ਬ੍ਰਹਮ ਸਮਾਜੀ ਹਨ। ਸ਼ੇਖਰ ਸਿਰਫ ਇਕ ਗਿਰੀ ਨੰਦ ਨੂੰ ਛਡਕੇ ਬਾਕੀ ਸਾਰਿਆਂ ਨੂੰ ਜਾਣਦਾ ਹੈ।

ਗਿਰੀ ਨੰਦ ਪੰਜ ਸੱਤ ਸਾਲ ਪਹਿਲਾਂ ਕੁਝ ਦਿਨਾਂ ਵਾਸਤੇ ਏਧਰ ਆਇਆ ਸੀ। ਏਨੇ ਚਿਰ ਦਾ ਬਾਂਕੀ ਪੁਰ ਪੜ੍ਹ ਰਿਹਾ ਸੀ। ਫੇਰ ਉਹਨੂੰ ਕਲਕਤੇ ਆਉਣ ਦੀ ਲੋੜ ਨ ਪਈ! ਤੇ ਨਾ ਹੀ ਉਹ ਆਇਆ,ਇਸੇ ਕਰਕੇ ਸ਼ੇਖਰ ਉਹਨੂੰ ਨਹੀਂ ਸੀ ਪਛਾਣਦਾ। ਲਲਿਤਾ ਨੂੰ ਫੇਰ ਵੀ ਖਲੋਤੀ ਵੇਖ ਕੇ ਉਸਨੇ ਆਖਿਆ, 'ਐਵੇਂ ਝੂਠ ਮੂਠ ਕਿਉਂ ਖਲੋਤੀ ਏਂ? ਜਾਹ।' ਇਹ ਆਖਕੇ ਆਪਣੀ ਕਿਤਾਬ ਚੁੱਕ ਲਈ।

ਪੰਜਕੁ ਮਿੰਟ ਚਪ ਚਾਪ ਖਲੋਣ ਪਿਛੋਂ, ਲਲਤਾ ਨੇ ਹੌਲੀ ਜਹੀ ਪੁਛਿਆ, 'ਜਾਵਾਂ?'
ਜਾਣ ਵਾਸਤੇ ਆਖ ਤਾਂ ਦਿੱਤਾ ਹੈ।
ਸ਼ੇਖਰ ਦਾ ਰੁਖ ਵੇਖਕੇ ਲਲਤਾ ਦਾ ਥੀਏਟਰ ਦੇਖਣ ਦਾ ਸ਼ੌਕ ਜਾਂਦਾ ਰਿਹਾ ਪਰ ਹੁਣ ਜਾਣ ਤੋਂ ਬਿਨਾਂ ਰਹਿ ਨਹੀਂ ਸੀ ਹੁੰਦਾ।
ਇਹ ਗੱਲ ਹੋ ਚੁੱਕੀ ਸੀ ਕਿ ਉਹ ਅੱਧਾ ਖਰਚ ਕਰੇਗੀ ਤੇ ਅੱਧਾ ਚਾਰੂ ਦਾ ਮਾਮਾ ਕਰੇਗਾ।
ਚਾਰੂ ਦੇ ਘਰ ਸਾਰੇ ਬੇਸਬਰ ਹੋਕੇ ਉਹਦਾ ਰਾਹ ਵੇਖ ਰਹੇ ਸਨ, ਜਿਉਂ ਜਿਉਂ ਚਿਰ ਹੁੰਦਾ ਸੀ, ਉਹ ਹੋਰ ਵੀ ਬੇਚੈਨ ਹੁੰਦੇ ਜਾ ਰਹੇ ਸਨ, ਇਹ ਗੱਲ ਉਹਨੂੰ ਸਾਫ ਦਿਸ ਰਹੀ ਸੀ। ਬਿਨਾਂ ਆਗਿਆ ਤੋਂ ਚਲੇ ਜਾਣ ਦਾ ਉਹਨੂੰ ਹੌਸਲਾ ਨਹੀਂ ਸੀ ਪੈਂਦਾ। ਫੇਰ ਦੋ ਚਾਰ ਮਿੰਟ ਚੁੱਪ ਰਹਿਕੇ ਬੋਲੀ, 'ਸਿਰਫ ਅੱਜ ਵਾਸਤੇ ਹੀ ਜਾਵਾਂ?'
ਸ਼ੇਖਰ ਨੇ ਕਿਤਾਬ ਇਕ ਪਾਸੇ ਕਰਕੇ ਜ਼ਰਾ ਧਮਕਾਕੇ ਆਖਿਆ, ਲਲਤਾ ਪਰੇਸ਼ਾਨ ਨਾ ਕਰ। ਜੇ ਦਿਲ ਕਰਦਾ ਹੈ

ਤਾਂ ਚਲੀ ਜਾਹ। ਚੰਗਾ ਮੰਦਾ ਵਿਚਾਰਨ ਦੀ ਤੇਰੀ ਉਮਰ ਹੋ ਗਈ ਹੈ।

ਲਲਤਾ ਚੌਂਂਕ ਪਈ, ਸ਼ੇਖਰ ਦੀ ਡਾਂਟ ਫਿਟਕਾਰ ਖਾਣਾ ਇਹ ਕੋਈ ਨਵਾਂ ਕੰਮ ਨਹੀਂ ਹੈ, ਇਹ ਦਾ ਇਹਨੂੰ ਅਭਿਆਸ ਵੀ ਸੀ ਪਰ ਦੋਂਹ ਤਿੰਨਾਂ ਸਾਲਾਂ ਤੋਂ ਇਹੋ ਜਹੀ ਡਾਂਟ ਕਦੇ ਨਹੀਂ ਸੀ ਮਿਲੀ। ਇਕ ਪਾਸੇ ਉਸਦੀਆਂ ਸਹੇਲੀਆਂ ਉਸਨੂੰ ਉਡੀਕ ਰਹੀਆਂ ਹਨ, ਉਹ ਖੁਦ ਤਿਆਰ ਹੋਕੇ ਰੁਪੈ ਲੈਣ ਆਈ ਹੈ। ਇਹ ਝਿੜਕ ਝੰਬ ਦੀ ਬਿਪਤਾ ਉਸਦੇ ਗਲ ਵਾਧੂ ਪੈ ਗਈ ਹੈ। ਹੁਣ ਉਹਨਾਂ ਲੋਕਾਂ ਨੂੰ ਕੀ ਜਵਾਬ ਦੇਵੇਗੀ?

ਕਿਤੇ ਜਾਣ ਆਉਣ ਬਦਲੇ ਉਸ ਨੂੰ ਸ਼ੇਖਰ ਵਲੋਂ ਖੁਲ੍ਹੀਆਂ ਛੁਟੀਆਂ ਸਨ। ਏਸੇ ਕਰਕੇ ਹੀ ਉਹ ਤਿਆਰ ਹੋਕੇ ਰੁਪੈ ਲੈਣ ਆਈ ਸੀ, ਹੁਣ ਉਹਦੀ ਖੁਲ ਹੀ ਨਸ਼ਟ ਨਹੀਂ ਸੀ ਹੋਈ, ਸਗੋਂ ਜਿਸ ਸਬੱਬ ਕਰਕੇ ਇਹ ਝਿੜਕ ਪਈ ਸੀ। ਉਹ ਐਨੀ ਜ਼ਿਆਦਾ ਸ਼ਰਮ ਭਰੀ ਸੀ ਕਿ ਅੱਜ ਤੇਰਾਂ ਸਾਲ ਦੀ ਉਮਰ ਵਿਚ ਇਸਦਾ ਅਨਭਵ ਕਰਕੇ ਅੰਦਰੋ ਅੰਦਰ ਮਰ ਮਿਟਣ ਲੱਗੀ, ਮਾਰੇ ਅਭਿਮਾਨ ਦੇ ਅੱਖੀਂ ਅੱਥਰੂ ਭਰਕੇ ਉਹ ਹੋਰ ਵੀ ਪੰਜ ਕੁ ਮਿੰਟ ਅੱਖਾਂ ਪੂੰਝਦੀ ਹੋਈ ਉਥੋਂ ਚਲੀ ਗਈ, ਘਰ ਪਹੁੰਚਕੇ ਉਹਨੇ ਮਹਿਰੀ ਨੂੰ ਸੱਦ ਕੇ ਉਹਦੇ ਰਾਹੀਂ ਅਨਾਕਾਲੀ ਨੂੰ ਸੱਦ ਕੇ ਦੱਸ ਰੁਪੈ ਉਹਦੇ ਹੱਥ ਵਿਚ ਦੇ ਕੇ ਆਖਿਆ, “ਅੱਜ ਤੁਸੀਂ ਚਲੇ ਜਾਓ!" ਕਾਲੀ, ਮੇਰਾ। ਦਿਲ ਖਰਾਬ ਹੋਗਿਆ ਹੈ। ਸਹੇਲੀ ਨੂੰ ਆਖ ਦੇਣਾ ਮੈਂ ਨਹੀਂ ਜਾ ਸਕਦੀ।' ਕਾਲੀ ਨੇ ਪੁਛਿਆ, 'ਦਿਲ ਖਰਾਬ ਹੈ ਬੀਬੀ?'

ਸਿਰ ਵਿੱਚ ਦਰਦ ਹੁੰਦਾ, ਜੀ ਕੱਚਾ ਹੋ ਰਿਹਾ ਏ! ਦਿਲ ਬੜਾ ਹੀ ਖਰਾਬ ਹੋ ਰਿਹਾ ਹੈ। ਇਹ ਆਖਕੇ ਉਹ ਬਿਸਤਰੇ ਤੇ ਪਾਸਾ ਮਰੋੜਕੇ ਸੌਂ ਰਹੀ। ਇਹਦੇ ਪਿਛੋਂ ਚਾਰੂ ਨੇ ਆਕੇ ਮਨਾਇਆ ਸਮਝਾਇਆ, ਜਿੱਦ ਕੀਤੀ, ਮਾਸੀ ਦੀ ਫਰਮਾਇਸ਼ ਪੁਆਈ, ਪਰ ਕਿਸੇ ਤਰਾਂ ਵੀ ਉਹ ਜਾਣ ਤੇ ਰਾਜ਼ੀ ਨ ਹੋਈ।

ਅੱਨਾਕਾਲੀ ਦਸ ਰੁਪੈ ਲੈ ਕੇ ਜਾਣ ਵਾਸਤੇ ਤਰਸ ਰਹੀ ਸੀ। ਕਿਤੇ ਏਸ ਝਗੜੇ ਵਿਚ ਜਾ ਹੀ ਨ ਸਕੀਏ, ਇਸ ਡਰ ਤੋਂ ਉਸਨੇ ਚਾਰੂ ਨੂੰ ਅੱਡ ਖੜਕੇ ਰੁਪੈ ਵਿਖਾਕੇ ਆਖਿਆ, 'ਬੀਬੀ ਦਾ ਦਿਲ ਖਰਾਬ ਹੈ, ਓਹ ਨ ਜਾਏਗੀ' ਤਾਂ ਫੇਰ ਕੀ ਹੋਇਆ। ਓਹਨੇ ਮੈਨੂੰ ਰੁਪੈ ਦੇ ਦਿਤੇ ਹਨ। ਚਲੋ ਅਸੀਂ ਚਲੀਏ।' ਚਾਰੂ ਸਮਝ ਗਈ।ਅਨਾਕਲੀ ਉਮਰ ਵਿਚ ਛੋਟੀ ਹੋਣ ਤੇ ਵੀ ਕਿਸੇ ਨਾਲੋਂ ਅਕਲ ਵਿਚ ਛੋਟੀ ਨਹੀਂ। ਉਹ ਖੁਸ਼ ਹੋਕੇ ਉਹਨੂੰ ਨਾਲ ਲੈਕੇ ਚਲੀ ਗਈ।