ਸਮੱਗਰੀ 'ਤੇ ਜਾਓ

ਵਿਚਕਾਰਲੀ ਭੈਣ/ਪਰਿਣੀਤਾ!/੫.

ਵਿਕੀਸਰੋਤ ਤੋਂ

੫.

ਗੁਰਚਰਨ ਉਹਨਾਂ ਆਦਮੀਆਂ ਵਿਚੋਂ ਹੈ ਜਿਨਾਂ ਨਾਲ ਉਹਨਾਂ ਦੀ ਉਮਰ ਦਾ ਹੋਰ ਕੋਈ ਬਿਨਾਂ ਝਿਜਕਦੇ ਗਲ ਬਾਤ ਕਰ ਸਕਦਾ ਹੈ, ਦੋ ਤਿੰਨਾਂ ਦਿਨਾਂ ਦੀ ਗਲ ਬਾਤ ਮਗਰੋਂ ਹੀ ਗਿਰੀ ਨੰਦ ਨਾਲ ਉਹਨਾਂ ਦੀ ਚੰਗੀ ਮਿਤ੍ਰਤਾ ਹੋਗਈ ਹੈ। ਗੁਰਚਰਨ ਦੇ ਦਿਲ ਵਿਚ ਜਰਾ ਵੀ ਦ੍ਰਿੜਤਾ ਨਹੀਂ ਇਸ ਕਰਕੇ ਬਹਿਸ ਵਿਚ ਹਾਰ ਜਾਣ ਕਰਕੇ ਵੀ ਉਹਨਾਂ ਨੂੰ ਜ਼ਰਾ ਭੀ ਘਬਰਾਹਟ ਨਹੀਂ ਹੁੰਦੀ ਸੀ।

ਗਿਰੀ ਨੰਦ ਨੂੰ ਉਹਨਾਂ ਸ਼ਾਮ ਤੋਂ ਪਿਛੋਂ ਚਾਹ ਪੀਣ ਦਾ ਸੱਦਾ ਦਿੱਤਾ ਹੋਇਆ ਸੀ, ਦਫਤਰੋਂ ਆਉਂਦਿਆਂ ਦਿਨ ਛਿੱਪ ਜਾਂਦਾ ਸੀ। ਘਰ ਆਕੇ ਮੂੰਹ ਹਥ ਧੋਕੇ ਜਲਦੀ ਨਾਲ ਕਹਿਣ ਲੱਗੇ, ਲਲਤਾ ਚਾ ਤਿਆਰ ਹੋਈ ਹੈ? ‘ਕਾਲੀ ਜਾਹ ਆਪਣੇ ਗਰੀਨ ਮਾਮੇ ਨੂੰ ਸੱਦ ਲਿਆ।' ਇਸ ਦੇ ਪਿਛੋਂ ਦੋਵੇ ਚਾਹ ਪੀਂਦੇ ਪੀਂਦੇ ਹੀ ਬਹਿਸ ਕਰਨ ਲਗ ਪਏ।

ਲਲਤਾ ਕਿਸੇ ਕਿਸੇ ਦਿਨ ਮਾਮੇ ਦੀ ਉਹਲੇ ਬਹਿਕੇ ਬਹਿਸ ਸੁਣਿਆਂ ਕਰਦੀ ਸੀ। ਉਸ ਦਿਨ ਗਿਰੀਨੰਦ ਦੀਆਂ ਦਲੀਲਾਂ ਸੌ ਗੁਣਾ ਜ਼ਿਆਦਾ ਚੰਗੀਆਂ ਹੁੰਦੀਆਂ ਸਨ, ਆਮ ਤੌਰ ਤੇ ਇਸ ਸਮਾਜ ਦੇ ਬਰਖਿਲਾਫ ਹੀ ਨੁਕਤਾ ਚੀਨੀ ਹੁੰਦੀ ਹੁੰਦੀ ਸੀ, ਸਮਾਜ ਦਾ ਕਠੋਰ ਹਿਰਦਾ, ਬੇਜੋੜ ਉਪਦੱਰ ਸਾਰੀਆਂ ਗੱਲਾਂ ਤੇ ਵਿਚਾਰ ਹੁੰਦੀ ਹੁੰਦੀ ਸੀ।

ਪਹਿਲਾਂ ਤਾਂ ਸਾਬਤ ਕਰਨ ਵਾਲੀ ਕੋਈ ਚੀਜ਼ ਹੀ ਨਹੀਂ ਸੀ ਹੁੰਦੀ, ਇਸ ਤੋਂ ਬਿਨਾ ਗੁਰਚਰਨ ਦੇ ਦੁਖਾਂ ਨਾਲ ਪੀੜਤ ਹਿਰਦੇ ਨਾਲ ਗਿਰੀਨ ਦੀਆਂ ਗੱਲਾਂ ਇਨ ਬਿਨ ਮੇਲ ਖਾ ਜਾਂਦੀਆਂ ਸਨ। ਉਹ ਸਿਰ ਹਿਲਾਕੇ ਆਖਦੇ, ਸਚੀ ਗਲ ਹੈ ਗਰੀਨ ਕੀਹਦਾ ਜੀ ਨਹੀਂ ਕਰਦਾ ਕਿ ਉਹ ਆਪਣੀਆਂ ਲੜਕੀਆਂ ਨੂੰ ਚੰਗੇ ਥਾਂ ਤੇ ਸਮੇਂ ਸਿਰ ਨ ਵਿਆਹ ਦੇਵੇ। ਪਰ ਵਿਆਹ ਕਿੱਦਾਂ ਦੇਵੇ? ਸਮਾਜ ਆਖਦਾ ਹੈ ਕਿ ਲੜਕੀ ਵਿਆਹੁਣ ਵਾਲੀ ਹੋ ਗਈ ਹੈ, ਵਿਆਹ ਦਿਹ, ਪਰ ਵਿਆਹਣ ਦਾ ਪ੍ਰਬੰਧ ਨਹੀਂ ਹੋ ਸਕਦਾ, ਤੁਸੀ ਬਿਲਕੁਲ ਠੀਕ ਆਖਦੇ ਹੋ, ਮੇਰੇ ਵੱਲ ਹੀ ਵੇਖੋ ਨਾ, ਮਕਾਨ ਵੀ ਗਹਿਣੇ ਪਾਉਣਾ ਪਿਆ ਤਾਂ ਜਾਕੇ ਕੁੜੀ ਨੂੰ ਬੂਹਿਓਂ ਉਠਾਇਆ, ਪਤਾ ਨਹੀਂ ਏਹ ਚੌਂਹ ਦਿਨਾਂ ਨੂੰ ਬਾਲ ਬੱਚਾ ਲੈਕੇ ਕਿਸੇ ਤਖੀਏ ਡੇਰਾ ਕਰਨਾ ਪਏਗਾ, ਸਮਾਜ ਇਹ ਥੋੜਾ ਆਖੇ ਗਾ ਕਿ ਸਾਡੇ ਘਰ ਸਿਰ ਲੁਕਾ ਲੈ। ਦਸੋ ਤਾਂ ਸਹੀ?

ਗਿਰੀ ਨੰਦ ਚੁੱਪ ਰਹਿੰਦਾ, ਗੁਰਚਰਨ ਆਪ ਹੀ ਕਰਦਾ ਜਾਂਦਾ ਬਿਲਕੁਲ ਠੀਕ ਗੱਲ ਹੈ। ਇਹੋ ਜਹੇ ਸਮਾਜ ਨਾਲੋਂ ਤਾਂ ਬੇ ਜਾਤ ਹੋ ਜਾਣਾ ਹੀ ਚੰਗਾ ਹੈ, ਢਿੱਡ ਭਰੇ ਜਾਂ ਨਾਂ ਪਰ ਸ਼ਾਂਤੀ ਤਾਂ ਮਿਲ ਸਕਦੀ ਹੈ। ਜੇ ਸਮਾਜ ਦੁਖੀਏ ਦਾ ਦੁੱਖ ਨਹੀਂ ਸਮਝਦਾ, ਮੁਸ਼ਕਲ ਵੇਲੇ ਕੰਮ ਨਹੀਂ ਆਉਂਦਾ। ਉਹ ਸਮਾਜ ਮੇਰਾ ਨਹੀਂ - ਮੇਰੇ ਵਰਗੇ ਗਰੀਬਾਂ ਦਾ ਨਹੀਂ। ਸਮਾਜ ਤਾਂ ਮੋਟੇ ਢਿੱਡਾਂ ਵਾਲਿਆਂ ਦਾ ਹੈ। ਓਹੋ ਰਹਿਣ ਸਮਾਜ ਵਿਚ, ਅਸਾਂ ਸਮਾਜ ਪਾਸੋਂ ਕੀ ਲੱਡੂ ਲੈਣੇ ਹਨ, ਸਾਨੂੰ ਇਸਦੀ ਜ਼ਰੂਰਤ ਨਹੀਂ। ਇਹ ਆਖ ਕੇ ਗੁਰਚਰਨ ਬਾਬੂ ਇਕ ਵਾਰੀ ਹੀ ਚੁੱਪ ਹੋ ਜਾਂਦੇ।

ਇਹਨਾਂ ਦਲੀਲਾਂ ਨੂੰ ਲਲਤਾ ਸਿਰਫ ਸੁਣਦੀ ਹੀ ਨਾ ਸੀ, ਸਗੋਂ ਰਾਤ ਨੂੰ ਬਿਸਤਰੇ ਤੇ ਪੈਕੇ ਨੀਂਦ ਨ ਆਉਣ ਤਕ ਸੋਚਦੀ ਵੀ ਰਹਿੰਦੀ ਸੀ, ਹਰ ਇਕ ਗਲ ਉਹਦੇ ਦਿਲ ਤੇ ਚੰਗੀ ਤਰਾਂ ਜੰਮ ਦੀ ਜਾਂਦੀ ਸੀ, ਉਹ ਮਨ ਹੀ ਮਨ ਵਿੱਚ ਆਖਦੀ, ਸੱਚੀ ਮੁੱਚੀ ਗਰੀਨ ਬਾਬੂ ਦੀਆਂ ਗਲਾਂ ਕਿੰਨੀਆ ਇਨਸਾਫ ਭਰੀਆਂ ਹਨ।

ਮਾਮੇ ਨਾਲ ਉਹਦਾ ਬਹੁਤ ਹੀ ਪਿਆਰ ਸੀ, ਬਸ ਮਾਮੇ ਦੇ ਪੱਖ ਵਿੱਚ ਗਿਰੀ ਨੰਦ ਜੋ ਭੀ ਆਖਦਾ, ਲਲਤਾ ਨੂੰ ਸਭ ਕੁਝ ਹੀ ਪਿਆਰਾ ਮਲੂਮ ਹੁੰਦਾ, ਉਹਦੇ ਮਾਮਾ ਸਿਰਫ ਓਹਦੇ ਵਾਸਤੇ ਹੀ ਐਨੇ ਫਿਕਰ ਮੰਦ ਹਨ ਕਿ ਰੋਟੀ ਪਾਣੀ ਤੱਕ ਛੱਡ ਚੁੱਕੇ ਹਨ, ਇਹਦੇ ਦੁਖੀ ਮਾਮਾ ਇਹਨੂੰ ਆਸਰਾ ਦੇਕੇ ਹੀ ਤਾਂ ਐਨੇ ਔਖੇ ਹੋ ਰਹੇ ਹਨ, ਪਰ ਕਿਉਂ? ਮਾਮੇ ਦੀ ਜਾਤ ਕਿਉ ਬਦਲੇਗੀ? ਜੇ ਮੈਂ ਵਿਆਹ ਕਰਵਾਕੇ ਕਲ ਹੀ ਰੰਡੀ ਹੋਕੇ ਆ ਜਾਵਾਂ ਤਾਂ ਫੇਰ ਜਾਤ ਦਾ ਕੀ ਬਣੇਗਾ? ਫੇਰ ਵਿਆਹ ਕਰਵਾਉਣ ਤੇ ਨਾ ਕਰਵਾਉਣ ਵਿਚ ਫਰਕ ਕੀ ਹੋਇਆ? ਗਿਰੀ ਨੀਂਦ ਦੀਆਂ ਇਹਨਾਂ ਸਾਰੀਆਂ ਗੱਲਾਂ ਦੀ ਉਲਟਵੀਂ ਗਲ ਜੋ ਉਹਦੇ ਕੋਮਲ ਭਾਵਾਂ ਭਰੇ ਦਿਲ ਵਿਚ ਜਾਕੇ ਗੂੰਜਦੀ, ਓਹ ਇਸ ਨੂੰ ਬਾਹਰ ਕੱਢਕੇ ਉਸਤੇ ਚੰਗੀ ਤਰਾਂ ਵਿਚਾਰ ਕਰਦੀ ਤੇ ਵਿਚਾਰ ਕਰਦੀ ਕਰਦੀ ਹੀ ਸੌਂ ਜਾਂਦੀ।

ਉਹਦੇ ਮਾਮੇ ਦੇ ਦੁੱਖ ਨੂੰ ਸਮਝਕੇ ਜਿਹੜਾ ਵੀ ਕੋਈ ਗਲ ਕਰਦਾ, ਉਹਦੀ ਹਾਂ ਨਾਲ ਹਾਂ ਮਿਲਾਉਣ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ ਸੀ, ਉਹ ਗਿਰੀ ਨੰਦ ਤੇ ਬਹੁਤ ਹੀ ਸ਼ਰਧਾ ਕਰਨ ਲਗ ਪਏ।

ਪਹਿਲੇ ਗਿਰੀ ਨੰਦ ਲਲਤਾ ਨੂੰ ਤੁਸੀਂ ਆਖਕੇ ਬੁਲਾ ਲਿਆ ਕਰਦਾ ਸੀ, ਗੁਰਚਰਨ ਨੇ ਕਿਹਾ ਇਹਨੂੰ ਤੁਸੀ ਕਿਉਂ ਆਖਦੇ ਹੋ ਗਰੀਨ? ਤੂੰ ਆਖਿਆ ਕਰੋ। ਉਸ ਦਿਨ ਤੋਂ ਉਸਨੇ ਇਹਨੂੰ ਤੂੰ ਹੀ ਕਹਿਣਾ ਸ਼ੁਰੂ ਕਰ ਦਿਤਾ ਹੈ।

ਇਕ ਦਿਨ ਗਰੀਨ ਨੇ ਪੁਛਿਆ 'ਤੂੰ ਚਾਹ ਕਿਉਂ ਨਹੀਂ ਪੀਂਦੀ ਲਲਤਾ?'

ਲਲਤਾ ਦੇ ਮੂੰਹ ਨੀਵਾਂ ਕਰਕੇ ਸਿਰ ਹਿਲਾਉਣ ਤੇ ਗੁਰਚਰਨ ਨੇ ਕਿਹਾ, “ਓਹਨੂੰ ਸ਼ੇਖਰ ਬਾਬੂ ਨੇ ਰੋਕ ਦਿੱਤਾ ਹੈ। ਲੜਕੀਆਂ ਦਾ ਚਾਹ ਪੀਣਾ ਉਹਨੂੰ ਚੰਗਾ ਨਹੀਂ ਲਗਦਾ।'

ਸਬੱਬ ਸੁਣ ਕੇ ਗਰੀਨ ਖੁਸ਼ ਨਹੀਂ ਹੋਇਆ, ਲਲਤਾ ਇਸ ਗੱਲ ਨੂੰ ਸਮਝ ਗਈ। ਅਜ ਸ਼ਨੀ ਵਾਰ ਹੈ, ਇਸ ਕਰਕੇ ਹੋਰਨਾਂ ਦਿਨਾਂ ਤੇ ਇਸ ਦਿਨ ਜ਼ਰਾ ਚਾਹ ਤੇ ਗੱਪ ਸ਼ੱਪ ਜ਼ਿਆਦਾ ਚਿਰ ਵਜਦੀ ਰਹਿੰਦੀ ਸੀ।

ਚਾਹ ਪੀਣਾ ਬੰਦ ਹੋ ਚੁੱਕਾ ਸੀ, ਗੁਰਚਰਨ ਅਜੇ ਗਲ ਬਾਤ ਵਿਚ ਸ਼ੌਕ ਨਹੀਂ ਸਨ ਦਸ ਰਹੇ। ਵਿਚੇ ਵਿਚ ਕਿਸੇ ਹੋਰ ਪਾਸੇ ਹੀ ਧਿਆਨ ਚਲਿਆ ਜਾਂਦਾ ਸੀ।
ਗਰੀਨ ਇਸ ਗਲ ਨੂੰ ਤਾੜ ਗਿਆ, ਕਹਿਣ ਲੱਗਾ, ‘ਸ਼ਾਇਦ ਤੁਹਾਡੀ ਤਬੀਅਤ ਠੀਕ ਨਹੀਂ ਹੈ?'
ਗੁਰਚਰਨ ਨੇ ਸਿਰ ਉਤਾਹਾਂ ਚੁਕ ਕੇ ਆਖਿਆ, ਕਿਉਂ? ਤਬੀਅਤ ਤਾਂ ਠੀਕ ਹੈ।
ਗਿਰੀ ਨੰਦ ਨੇ ਸੰਗਦੇ ਸੰਗਦੇ ਕਿਹਾ, ਤੇ ਆਪੇ ਵਿਚ ਦੀ ਕੀ ਕੁਝ.......
'ਨਹੀਂ ਉਹ ਕੋਈ ਗਲ ਨਹੀਂ।' ਆਖਕੇ ਗੁਰਚਰਨ ਬਾਬੂ ਨੇ ਕੁਝ ਅਸਚਰਜ ਨਾਲ ਉਸ ਦੇ ਮੂੰਹ ਵੱਲ ਵੇਖਿਆ। ਉਹਨਾਂ ਦੇ ਅੰਦਰ ਦੀ ਹਿਲ ਜੁਲ ਬਾਹਰ ਪ੍ਰਗਟ ਹੋ ਰਹੀ ਸੀ, ਇਸ ਗਲ ਨੂੰ ਇਹ ਸਿੱਧਾ ਸਾਦਾ ਆਦਮੀ ਸਮਝ ਹੀ ਨਹੀਂ ਸਕਿਆ ਸੀ।
ਲਲਤਾ ਪਹਿਲਾਂ ਬਿਲਕੁਲ ਚੁੱਪ ਰਹਿੰਦੀ ਸੀ, ਹੁਣ ਕਦੇ ਕਦੇ ਵਿਚਕਾਰ ਵਿਚਕਾਰ ਇਕ ਦੋ ਗੱਲਾਂ ਕਰ ਜਾਂਦੀ ਹੈ। ਉਸ ਨੇ ਆਖਿਆ-'ਮਾਮਾ ਅੱਜ ਸ਼ਾਇਦ ਤੁਹਾਡਾ ਦਿਲ ਠੀਕ ਨਹੀਂ ਹੈ।'
ਗੁਰਚਰਨ ਹੱਸਦਾ ਹੋਇਆ ਉਠ ਬੈਠਾ ਤੇ ਕਹਿਣ ਲੱਗਾ ‘ਚੰਗਾ ਇਹ ਗਲ ਹੈ, ਹਾਂ ਬੇਟਾ ਠੀਕ ਆਖਦੀ ਹੈਂ ਤੂੰ। ਅਜ ਮੇਰਾ ਮਨ ਸਚ ਮੁਚ ਹੀ ਠੀਕ ਨਹੀਂ।'

ਲਲਿਤਾ ਤੇ ਗਿਰੀ ਨੰਦ ਦੋਵੇਂ ਇਸਦੇ ਮੂੰਹ ਵੱਲ ਵੇਖਦੇ ਰਹੇ।

ਗੁਰਚਰਨ ਨੇ ਆਖਿਆ, 'ਨਵੀਨ ਬਾਬੂ ਨੇ ਸਭ ਕੁਝ ਜਾਣਦਿਆਂ ਹੋਇਆਂ ਵੀ, ਰਾਹ ਵਿਚ ਪੰਜ ਚਾਰ ਸਖਤ ਗੱਲਾਂ ਕਰ ਦਿੱਤੀਆਂ ਹਨ। ਉਹਨਾਂ ਨੂੰ ਵੀ ਕੀ ਦੋਸ਼ ਦਿਆਂ? ਛੇ ਮਹੀਨੇ ਹੋ ਗਏ ਇਕ ਪੈਸਾ ਵੀ ਤਾਂ ਨਹੀਂ ਮੋੜਿਆ ਜਾ ਸਕਿਆ।'

ਗੱਲ ਨੂੰ ਸਮਝਕੇ ਲਲਿਤਾ ਉਸਨੂੰ ਦਬਾ ਦੇਣ ਲਈ ਘਾਬਰ ਉਠੀ। ਉਹਨੂੰ ਫਿਕਰ ਪੈ ਗਿਆ ਕਿ ਉਹਦੇ ਦੂਰ ਦੀ ਨ ਸੋਚਣ ਵਾਲੇ ਮਾਮਾ ਜੀ ਕਿਤੇ ਘਰ ਦੀਆਂ ਸਾਰੀਆਂ ਗੱਲਾਂ ਹੀ ਦੂਜੇ ਆਦਮੀ ਪਾਸ ਨ ਕਹਿ ਦੇਣ। ਇਸਤੋਂ ਡਰਦੀ ਮਾਰੀ ਉਹ ਝੱਟ ਪਟ ਕਹਿਣ ਲੱਗੀ, ਮਾਮਾ ਜੀ ਤੁਸੀਂ ਕੋਈ ਫਿਕਰ ਨਾ ਕਰੋ, ਸਭ ਕੁਝ ਠੀਕ ਹੋ ਜਾਇਗਾ।

ਪਰ ਗੁਰ ਚਰਨ ਇਸ ਗੱਲ ਨੂੰ ਸਮਝਿਆ ਹੀ ਨਹੀਂ। ਉਦਾਸੀ ਭਰਿਆ ਹਾਸਾ ਹਸਦਾ ਹੋਇਆ, ਕਹਿਣ ਲੱਗਾ, 'ਕੀ ਠੀਕ ਹੋ ਜਾਇਗਾ, ਬੱਚੀ?' ਅਸਲ ਵਿੱਚ ਗਲ ਇਹ ਹੈ ਗਰੀਨ ਮੇਰੀ ਧੀ ਤਾਂ ਚਾਹੁੰਦੀ ਹੈ ਕਿ ਮੇਰਾ ਬੁੱਢਾ ਮਾਮਾ ਕੋਈ ਫਿਕਰ ਨ ਕਰੇ ਬੇਫਿਕਰ ਰਹੇ। ਪਰ ਬਾਹਰ ਦੇ ਲੋਕ ਤਾਂ ਤੇਰੇ ਦੁਖੀ ਮਾਮੇ ਨੂੰ ਦੁਖ ਵਾਲੇ ਪਾਸੇ ਆਇਆ ਵੀ ਵੇਖਣਾ ਨਹੀਂ ਚਾਹੁੰਦੇ ਲਲਿਤਾ।

ਗਿਰੀਨੰਦ ਨੇ ਪੁਛਿਆ, ਨਵੀਨ ਬਾਬੂ ਨੇ ਅੱਜ ਕੀ ਆਖਿਆ ਸੀ?

ਲਲਿਤਾ ਨਹੀਂ ਜਾਣਦੀ ਸੀ ਕਿ ਗਿਰੀਨੰਦ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ। ਇਸ ਕਰਕੇ ਉਹ ਇਹਨਾਂ ਗੱਲਾਂ ਦਾ ਗਿਰੀ ਨੰਦ ਨੂੰ ਪਤਾ ਲੱਗ ਜਾਣ ਦੇ ਡਰ ਤੇ ਬੜੀ ਖਿਝ ਰਹੀ ਸੀ।

ਗੁਰਚਰਨ ਨੇ ਸਾਰੀਆਂ ਗੱਲਾਂ ਖੋਲ੍ਹ ਦਿੱਤੀਆਂ। ਨਵੀਨ ਦੀ ਘਰ ਵਾਲੀ ਕਈਆਂ ਦਿਨਾਂ ਤੋਂ ਬਦਹਾਜ਼ਮੇ ਦੀ ਬੀਮਾਰੀ ਨਾਲ ਔਖੀ ਹੋ ਰਹੀ ਹੈ। ਦੁਖ ਵਧ ਜਾਣ ਤੇ ਡਾਕਟਰਾਂ ਨੇ ਜਲ ਪਾਣੀ ਦੀ ਬਦਲੀ ਲਈ ਆਖਿਆ ਹੈ। ਇਸ ਕਰਕੇ ਉਹਨਾਂ ਨੂੰ ਰੁਪੈ ਦੀ ਲੋੜ ਹੈ। ਇਸ ਕਰਕੇ ਉਹਨਾਂ ਗੁਰਚਰਨ ਪਾਸੋਂ ਸਾਰਾ ਬਿਆਜ ਤੇ ਕੁਝ ਅਸਲ ਵਿਚੋਂ ਵੀ ਮੰਗਿਆ ਹੈ।

ਗਿਰੀ ਨੰਦ ਕੁਝ ਚਿਰ ਅਡੋਲ ਰਹਿਕੇ ਹੌਲੀ ਜਹੀ ਬੋਲਿਆ, 'ਇਕ ਗੱਲ ਮੈਂ ਤੁਹਾਡੇ ਨਾਲ ਕਈਆਂ ਦਿਨਾਂ ਤੋਂ ਕਰਨ ਵਾਲਾ ਹਾਂ, ਪਰ ਕਰ ਨਹੀਂ ਸਕਿਆ, ਜੇ ਤੁਸੀਂ ਬੁਰਾ ਨਾ ਮੰਨੋ ਤਾ ਅਜੋ ਕਰ ਲਵਾ?'

ਗੁਰਚਰਨ ਹੱਸ ਪਿਆ। ਕਹਿਣ ਲੱਗਾ! ਮੇਰੇ ਨਾਲ ਗਲ ਕਰਨ ਲਗਾ ਤਾਂ ਕਦੇ ਕੋਈ ਵੀ ਨਹੀਂ ਸੰਗਿਆ ਕੀ ਗੱਲ ਹੈ?

ਗਿਰੀਨੰਦ ਨੇ ਆਖਿਆ, ਬੀਬੀ ਜੀ ਪਾਸੋਂ ਸੁਣਿਆਂ ਹੈ ਕਿ ਨਵੀਨ ਬਾਬੂ ਬਿਆਜ ਬਹੁਤ ਹੀ ਲੈਂਦੇ ਹਨ। ਮੇਰੇ ਪਾਸ ਬਹੁਤ ਸਾਰੇ ਰੁਪੈ ਵਾਧੂ ਪਏ ਹੋਏ ਹਨ। ਕਿਸੇ ਕੰਮ ਨਹੀਂ ਆਉਂਦੇ, ਨਵੀਨ ਬਾਬੂ ਨੂੰ ਰੁਪਇਆਂ ਦੀ ਲੋੜ ਵੀ ਹੈ। ਮੇਰਾ ਖਿਆਲ ਹੈ ਕਿ ਉਹਨਾਂ ਦੇ ਰੁਪੈ ਤੁਸੀਂ ਮੁਕਦੇ ਕਰ ਦਿਓ।

ਲਲਤਾ ਤੇ ਗੁਰਚਰਨ ਦੋਵੇਂ ਹੈਰਾਨਗੀ ਨਾਲ ਉਹਦੇ ਮੂੰਹ ਵੱਲ ਵੇਖਣ ਲੱਗ ਪਏ। ਗਿਰੀਨੰਦ ਸੰਗਦਿਆਂ ਕਹਿਣ ਲੱਗਾ, 'ਮੈਨੂੰ ਹੁਣ ਰੁਪਇਆਂ ਦੀ ਕੋਈ ਖਾਸ ਲੋੜ ਨਹੀਂ ਇਸੇ ਕਰਕੇ ਕਹਿ ਰਿਹਾ ਹਾਂ ਕਿ ਜਦੋਂ ਤੁਹਾਥੋਂ ਮੋੜੇ ਜਾ ਸਕਣਗੇ ਤਾਂ ਮੋੜ ਦੇਣੇ। ਉਹਨਾਂ ਲੋਕਾਂ ਨੂੰ ਵੀ ਲੋੜ ਹੈ ਜੇ ਦੇ ਦਿਉ ਤਾਂ ਚੰਗਾ ਹੀ ਹੈ, ਪਰ..... ... .....

ਗੁਰਚਰਨ ਨੇ ਪੁਛਿਆ, ਸਾਰੇ ਰੁਪੈ ਤੁਸੀਂ ਦੇ ਦਿਉਗੇ?

ਗੁਰਚਰਨ ਨੇ ਮੂੰਹਨੀਵਾਂ ਕਰਕੇ ਆਖਿਆ, 'ਹਾਂ! ਹਾਂ!' ਇਸ ਵਕਤ ਤੱਕ ਜੋ ਭੀ ਤੁਸਾਂਂ ਉਹਨਾਂ ਦਾ ਦੇਣਾ ਹੈ, ਸਭ ਨਿਬੜ ਜਾਇਗਾ।'

ਗੁਰਚਰਨ ਕੁਝ ਕਹਿਣਾ ਹੀ ਚਾਹੁੰਦੇ ਸਨ ਕਿ ਏਨੇ ਚਿਰ ਨੂੰ ਅੱਨਾਕਾਲੀ ਭੱਜੀ ਆਈ। ਕਹਿਣ ਲੱਗੀ, 'ਬੀਬੀ! ਬੀਬੀ! ਛੇਤੀ ਕਰ। ਸ਼ੇਖਰ ਬਾਬੂ ਨੇ ਕਪੜੇ ਪਾਉਣ ਲਈ ਕਿਹਾ ਹੈ, ਥੀਏਟਰ ਵੇਖਣ ਜਾਣਾ ਹੋਵੇਗਾ’ ਇਹ ਆਖਕੇ ਉਹ ਜਿੱਦਾਂ ਆਈ ਸੀ ਉਸੇਤਰਾਂ ਹੀ ਚਲੀ ਗਈ। ਉਹਦੇ ਸ਼ੌਕ ਨੂੰ ਵੇਖਕੇ ਗੁਰਚਰਨ ਹੱਸ ਪਿਆ, ਲਤਾ ਟਿੱਕਕੇ ਬੈਠੀ ਰਹੀ।

ਅਨਾਕਾਲੀ ਪਲ ਮਗਰੋਂ ਹੀ ਫੇਰ ਆ ਗਈ ਤੇ ਆਖਣ ਲੱਗੀ, 'ਛੇਤੀ ਵੀ ਕਰ ਬੀਬੀ, ਸਾਰੇ ਖੜੇ ਤੈਨੂੰ ਉਡੀਕ, ਰਹੇ ਹਨ।'

ਫੇਰ ਵੀ ਲਲਿਤਾ ਉੱਠਣ ਨੂੰ ਤਿਆਰ ਨ ਹੋਈ। ਉਹ ਉਸ ਰੁਪਇਆਂ ਦੀ ਗੱਲ ਨੂੰ ਅਖੀਰ ਤੱਕ ਸੁਣਕੇ ਜਾਣਾ ਚਾਹੁੰਦੀ ਸੀ, ਪਰ ਗੁਰਚਰਨ ਨੇ ਕਾਲੀ ਦੇ ਮੂੰਹ ਵੱਲ ਵੇਖਦਿਆਂ ਹੋਇਆ ਲਲਿਤਾ ਦੇ ਮੱਥੇ ਤੇ ਹੱਥ ਰੱਖਕੇ ਆਖਿਆ, 'ਜਾਹ ਬੱਚੀ ਚਿਰ ਨਾਂ ਲਾ,ਤੇਰੇ ਵਾਸਤੇ ਹੀ ਸਾਰੇ ਖੜੇ ਹਨ।' ਅਖੀਰ ਲਲਿਤਾ ਨੂੰ ਜਾਣਾ ਹੀ ਪਿਆ,ਜਾਂਚਿਆਂ ਹੋਇਆਂ ਉਸ ਨੇ ਗਿਰੀ ਨੰਦ ਦੇ ਮੂੰਹ ਵੱਲ ਧੰਨਵਾਦ ਭਰੀਆਂ ਅੱਖਾਂ ਨਾਲ ਤੱਕਿਆ ਤੇ ਹੌਲੀ ਜਹੀ ਬਾਹਰ ਚਲੀ ਗਈ। ਇਹ ਗੱਲ ਗਿਰੀ ਨੰਦ ਵੀ ਤਾੜ ਗਿਆ।

ਦਸਾਂ ਕੁ ਮਿੰਟਾਂ ਪਿਛੋਂ ਤਿਆਰ ਹੋਕੇ ਉਹ ਪਾਨ ਦੇਣ ਦੇ ਬਹਾਨੇ ਇਕਵਾਰ ਫੇਰ ਬੈਠਕ ਵਿਚ ਆਈ।

ਗਿਰੀ ਨੰਦ ਚਲਿਆ ਗਿਆ ਇਕੱਲਾ ਗੁਰਚਰਨ ਹੀ ਮੋਟੇ ਸਿਰਹਾਣੇ ਤੇ ਸਿਰ ਧਰੀ ਪਿਆ ਸੀ। ਉਹਦੀਆਂ ਮੀਟੀਆਂ ਹੋਈਆਂ ਅੱਖਾਂ ਦੇ ਕੰਢਿਆਂ ਤੋਂ ਅੱਥਰੂ ਵਹਿ ਰਹੇ ਸਨ। ਇਹ ਖੁਸ਼ੀ ਦੇ ਅੱਥਰੂ ਸਨ। ਇਹ ਗਲ ਲਲਿਤਾ ਸਮਝ ਗਈ। ਸਮਝ ਜਾਣ ਕਰਕੇ ਹੀ ਉਸਨੇ ਇਹਨਾਂ ਦਾ ਧਿਆਨ ਨਹੀਂ ਉਖੇੜਿਆ। ਜਿੱਦਾਂ ਚੁਪਚਾਪ ਆਈ ਸੀ ਓਦਾਂ ਹੀ ਚਲੀ ਗਈ। ਥੋੜੇ ਚਿਰ ਪਿਛੋਂ ਜਦ ਉਹ ਸ਼ੇਖਰ ਬਾਬੂ ਦੇ ਘਰ ਪੁੱਜੀ ਤਾਂ, ਉਸਦੀਆਂ ਦੀਆਂ ਅੱਖਾਂ ਵਿਚੋਂ ਵੀ ਅਥਰੂ ਵਗ ਰਹੇ ਸਨ। ਕਾਲੀ ਉਥੇ ਨਹੀਂ ਸੀ। ਉਹ ਸਾਰਿਆਂ ਨਾਲੋਂ ਪਹਿਲਾਂ ਹੀ ਗੱਡੀ ਵਿੱਚ ਜਾ ਬੈਠੀ ਸੀ।ਸ਼ੇਖਰ ਇਕੱਲਾ ਕਮਰੇ ਵਿਚ ਖਲੋਤਾ ਖਬਰੇ ਇਸੇ ਨੂੰ ਉਡੀਕ ਰਿਹਾ ਸੀ।

ਉਹ ਅੱਠ ਦਸ ਦਿਨ ਲਲਿਤਾ ਨੂੰ ਨ ਵੇਖ ਸਕਣ ਦੇ ਕਾਰਣ ਬਹੁਤ ਹੀ ਉਦਾਸ ਹੋ ਰਿਹਾ ਸੀ। ਪਰ ਹੁਣ ਉਹ ਇਹ ਗੱਲ ਭੁਲ ਗਿਆ ਤੇ ਕਹਿਣ ਲੱਗਾ, 'ਕੀ ਰੋ ਰਹੇ ਹੋ?

ਲਲਿਤਾ ਨੇ ਨੀਵੀਂ ਪਾਕੇ ਜ਼ੋਰ ਨਾਲ ਧੌਣ ਹਿਲਾਈ।

ਏਧਰ ਲਲਿਤਾ ਨੂੰ ਨ ਵੇਖਕੇ ਸ਼ੇਖਰ ਦੇ ਮਨ ਵਿਚ ਇਕ ਤਬਦੀਲੀ ਹੋ ਰਹੀ ਸੀ। ਇਸੇ ਕਰ ਕੇ ਉਹ ਕੋਲ ਆਕੇ ਦੋਹਾਂ ਹੱਥਾਂ ਨਾਲ ਲਲਿਤਾ ਦਾ ਮੂੰਹ ਉਤਾਂਹਾਂ ਚੁਕਕੇ ਉਹ ਬੋਲਿਆ, 'ਤੂੰ ਸੱਚੀ ਮੁੱਚੀ ਰੋ ਰਹੀ ਏਂ, ਕੀ ਗੱਲ ਹੈ?'

ਲਲਿਤਾ ਪਾਸੋਂ ਆਪਣੇ ਆਪ ਨੂੰ ਸੰਭਾਲਿਆ ਨ ਗਿਆ, ਉਹ ਉਥੋਂ ਹੀ ਮੂੰਹ ਢੱਕ ਕੇ ਰੋਣ ਲਗ ਪਈ।