ਸਮੱਗਰੀ 'ਤੇ ਜਾਓ

ਵਿਚਕਾਰਲੀ ਭੈਣ/ਪਰਿਣੀਤਾ!/੬.

ਵਿਕੀਸਰੋਤ ਤੋਂ

੬.

ਨਵੀਨ ਬਾਬੂ ਨੇ ਪੂਰੇ ਰੁਪੈ, ਪਾਈ ਪਾਈ ਗਿਣਕੇ, ਗਹਿਣੇ ਦਾ ਕਾਗਜ਼ ਵਾਪਸ ਕਰਦੇ ਹੋਏ ਨੇ ਕਿਹਾ, ਇਹ ਰੁਪੈ ਆਏ ਕਿਥੋਂ ਹਨ ਦੱਸੋ ਤਾਂ ਸਹੀ? ਗੁਰਚਰਨ ਨੇ ਨਿੰੰਮਰਤਾ ਨਾਲ ਕਿਹਾ, "ਇਹ ਗੱਲ ਨ ਪੁਛੋ ਕਿਸੇ ਨੇ ਦਸਣੋ ਰੋਕ ਦਿਤਾ ਹੈ।"

ਰੁਪੈ ਲੈਕੇ ਨਵੀਨ ਬਾਬੂ ਜ਼ਰਾ ਵੀ ਖੁਸ਼ ਨਹੀਂ ਹੋਏ ਨਾ ਤਾਂ ਉਨ੍ਹਾਂ ਨੂੰ ਰੁਪੈ ਮਿਲਣ ਦੀ ਆਸ ਹੀ ਸੀ ਤੇ ਨਾ ਲੈਣ ਦੀ ਇੱਛਾ। ਸਗੋਂ ਉਹ ਇਹ ਮਕਾਨ ਢੁਆ ਕੇ ਨਵੇਂ ਢੰਗ ਦਾ ਬਣਵਾਉਣ ਦਾ ਫਿਕਰ ਕਰ ਰਹੇ ਸਨ। ਉਨ੍ਹਾਂ ਗੱਲ ਲਾਕੇ ਆਖਿਆ, ਸੋ ਹੁਣ ਤਾਂ ਮਨਾਹੀ ਹੋਵੇਗੀ ਹੀ ਭਾਈ ਜੀ, ਦੋਸ਼ ਤੇਰਾ ਨਹੀਂ ਦੋਸ਼ ਮੇਰਾ ਹੈ, ਰੁਪਈਆ ਵਾਪਸ ਮੰਗਣਾ ਵੀ ਗੁਨਾਹ ਹੈ, ਕਲੂ ਕਾਲ ਜੂ ਹੋਇਆ?

ਗੁਰਚਰਨ ਨੇ ਉਦਾਸ ਜਹੇ ਹੋਕੇ ਆਖਿਆ, “ਇਹ ਗੱਲ ਨ ਆਖੋ ਸੇਠ ਜੀ, ਤੁਹਾਡਾ ਰੁਪਇਆ ਦਿੱਤਾ ਹੈ "ਜੋ ਤੁਸਾਂ ਕ੍ਰਿਪਾ ਕੀਤੀ ਸੀ, ਉਹਦਾ ਮੁੱਲ ਤਾਂ ਨਹੀਂ ਮੋੜਿਆਂ ਜਾ ਸਕਦਾ।"

ਨਵੀਨ ਹੱਸ ਪਿਆ। ਉਹ ਬੜਾ ਸਿਆਣਾ ਸੀ। ਜੋ ਇਹੋ ਜਹੀਆਂ ਗੱਲਾਂ ਨੂੰ ਦਿੱਲ ਤੇ ਲਿਆਉਣ ਵਾਲੇ ਹੁੰਦੇ ਤਾਂ ਗੁੜ ਵੇਚ ਕੇ ਲਖਾਂ ਪਤੀ ਕਿੱਦਾਂ ਬਣ ਜਾਂਦੇ? ਕਹਿਣ ਲੱਗੇ,"ਜੇ ਸਚ ਮੁਚ ਹੀ ਇਹ ਗੱਲ ਸੀ ਤਾਂ ਐਡੀ ਛੇਤੀ ਰੁਪੈ ਕਿਉਂ ਮੋੜ ਦਿੱਤੇ? ਮੰਨ ਲਿਆ ਮੈਂ ਰੁਪੈ ਮੰਗੇ ਸਨ ਉਹ ਵੀ ਤੁਹਾਡੀ ਭਰਜਾਈ ਲਈ, ਆਪਣੇ ਵਾਸਤੇ ਨਹੀਂ। ਤੁਸਾਂ ਜੋ ਮੇਰੇ ਨੱਕ ਤੇ ਰੁਪੈ ਲਿਆ ਰਖੇ, ਇਸ ਦੀ ਕੀ ਲੋੜ ਸੀ? ਇਹ ਤਾਂ ਦੱਸ ਅਗਾਂਹ ਇਹ ਮਕਾਨ ਕਿੰਨੇ ਬਿਆਜ ਤੇ ਗਹਿਣੇ ਪਾਇਆ ਹੈ?"

ਗੁਰਚਰਨ ਨੇ ਸਿਰ ਹਿਲਾਕੇ ਆਖਿਆ, "ਗਹਿਣੇ ਨਹੀਂ ਪਾਇਆ ਤੇ ਨਾ ਹੀ ਬਿਆਜ ਦੀ ਕੋਈ ਗੱਲ ਬਾਤ ਹੋਈ ਹੈ।"

ਨਵੀਨ ਬਾਬੂ ਨੂੰ ਯਕੀਨ ਨ ਆਇਆ। ਉਹਨੇ ਆਖਿਆ, ਕੀ ਆਖਦੇ ਹੋ ਮੁਫਤ ਹੀ? 'ਹਾਂ' ਜੀ ਇੱਕ ਤਰ੍ਹਾਂ ਦਾ ਮੁਫਤ ਹੀ ਸਮਝੋ। ਲੜਕਾ ਬੜਾ ਚੰਗਾ ਹੈ, ਬੜਾ ਹੀ ਦਿਆਲੂ ਹੈ।"

"ਲੜਕਾ। ਲੜਕਾ ਕੌਣ?"

ਗੁਰਚਰਨ ਨੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ। ਜਿੰਨਾ ਦਸ ਦਿਤਾ ਹੈ ਇਹ ਵੀ ਦੱਸਣਾ ਠੀਕ ਨਹੀਂ ਸੀ। ਨਵੀਨ ਬਾਬੂ ਉਸਦੇ ਮਨ ਦੀ ਗੱਲ ਨੂੰ ਤਾੜ ਕੇ ਮਨ ਹੀ ਮਨ ਮੁਸਕਾਉਂਦੇ ਹੋਏ ਕਹਿਣ ਲੱਗੇ, ਜਦ ਕਹਿਣ ਦੀ ਆਗਿਆ ਨਹੀਂ ਤਾਂ ਕਹਿਣ ਦੀ ਲੋੜ ਕੀ ਹੈ। ਪਰ ਦੁਨੀਆਂ ਵਿਚ ਮੈਂ ਬਹੁਤ ਕੁਝ ਵੇਖ ਚੁੱਕਾ ਹਾਂ। ਉਹ ਭਾਵੇਂ ਕੋਈ ਹੋਵੇ, ਮੈਂ ਤੁਹਾਨੂੰ ਹੁਸ਼ਿਆਰ ਕਰਦਾ ਹਾਂ ਕਿ ਉਹ ਤੁਹਾਡੇ ਨਾਲ ਨੇਕੀ ਕਰਦਾ ਕਰਦਾ ਕਿਤੇ ਜਾਲ ਵਿਚ ਹੀ ਨ ਫਸਾ ਲਏ।

ਗੁਰਚਰਨ ਨੇ ਇਹਦਾ ਕੋਈ ਜੁਵਾਬ ਨਹੀਂ ਦਿੱਤਾ ਕਾਗਜ਼ ਲੈ ਕੇ ਸਿੱਧਾ ਘਰ ਆਗਿਆ ਹਰ ਸਾਲ ਇਨ੍ਹਾਂ ਦਿਨਾਂ ਵਿਚ ਭਵਨੇਸ਼ਵਰੀ ਕੁਝ ਚਿਰ ਵਾਸਤੇ ਪਛਮ ਦੇ ਪਾਸੇ ਫਿਰਨ ਤੁਰਨ ਚਲੀ ਜਾਂਦੀ ਹੁੰਦੀ ਹੈ। ਇਹਨੂੰ ਬਦਹਜ਼ਮੀ ਦੀ ਸ਼ਕਾਇਤ ਰਹਿੰਦੀ ਹੈ। ਇਸ ਕਰਕੇ ਏਸ ਸੈਲ ਸਪੱਟੇ ਦਾ ਇਹਨੂੰ ਫਾਇਦਾ ਰਹਿੰਦਾ ਹੈ। ਬੀਮਾਰੀ ਐਨੀ ਨਹੀਂ ਸੀ, ਜਿੰਨੀ ਨਵੀਨ ਨੇ ਰੁਪੈ ਲੈਣ ਬਦਲੇ ਗੁਰਚਰਨ ਨੂੰ ਕਹੀ ਸੀ। ਖੈਰ ਕੁਝ ਵੀ ਹੋਵੇ ਜਾਣ ਦੀਆਂ ਤਿਆਰੀਆਂ ਹੋਣ ਲੱਗ ਪਈਆਂ।

ਉਸ ਦਿਨ ਚਮੜੇ ਦੇ ਬਕਸ ਵਿਚ ਸ਼ੇਖਰ ਆਪਣੀ ਸ਼ੌਕੀਨੀ ਦੀਆਂ ਚੀਜ਼ਾਂ ਜਮਾਕੇ ਰਖ ਰਿਹਾ ਸੀ।
ਅਨਾਕਾਲੀ ਨੇ ਕਮਰੇ ਵਿਚ ਆਕੇ ਕਿਹਾ, ਸ਼ੇਖਰ ਬਾਬੂ ਤੁਸੀਂ ਕਲ ਜਾਓਗੇ?
ਸ਼ੇਖਰ ਨੇ ਝਟ ਸਿਰ ਉੱਚਾ ਕਰਕੇ ਆਖਿਆ, 'ਕਾਲੀ ਤੂੰ ਆਪਣੀ ਬੀਬੀ ਨੂੰ ਘਲ ਦਿਹ ਉਹ ਆਕੇ ਵੇਖ ਲਏ ਕਿ ਕੀ ਕੀ ਚੀਜ਼ ਨਾਲ ਖੜਨੀ ਹੈ।
ਲਲਿਤਾ ਹਰ ਸਾਲ ਇਸ ਮਾਂ ਨਾਲ ਜਾਂਦੀ ਹੈ, ਇਸ

ਵਾਰੀ ਜਰੂਰ ਜਾਇਗੀ, ਇਹ ਗਲ ਸ਼ੇਖਰ ਸਮਝਦਾ ਸੀ।

ਕਾਲੀ ਨੇ ਗਰਦਨ ਹਿਲਾਕੇ ਆਖਿਆ, 'ਬੀਬੀ ਤਾਂ ਨਹੀਂ ਜਾਇਗੀ।'

'ਕਿਉਂ ਨਹੀਂ ਜਾਇਗੀ?'

ਕਾਲੀ ਨੇ ਆਖਿਆ, ਵਾਹ! ਮਾਘ ਫਗਣ ਵਿਚ ਤਾਂ ਉਹਦਾ ਵਿਆਹ ਹੋਵੇਗਾ, ਬਾਬੂ ਜੀ ਵਰ ਘਰ ਦਰ ਘਰ ਲਭ ਰਹੇ ਹਨ।

ਸ਼ੇਖਰ ਸਾਰੀ ਗਲ ਨੂੰ ਸਮਝਣ ਦਾ ਯਤਨ ਕਰ ਰਹੀ ਨਜ਼ਰ ਨਾਲ ਉਸਦੇ ਮੂੰਹ ਵਲ ਵੇਖਦਾ ਰਿਹਾ।

ਕਾਲੀ ਨੇ ਘਰ ਜੋ ਸੁਣਿਆਂ ਸੀ, ਸ਼ੌਕ ਨਾਲ ਸਭ ਕੁਝ ਕਹਿਣ ਲਗ ਪਈ। 'ਗਿਰੀਨ ਬਾਬੂ' ਨੇ ਆਖਿਆ ਹੈ, ਜਿੰਨੇ ਰੁਪੈ ਲਗਣਗੇ ਅਸੀਂ ਦੇਵਾਂਗੇ। ਚੰਗਾ ਵਰ ਘਰ ਚਾਹੀਦਾ ਹੈ। ਬਾਬੂ ਜੀ ਅਜ ਦਫਤਰ ਨਹੀਂ ਜਾਣਗੇ। ਰੋਟੀ ਟੁਕ ਖਾਕੇ ਕਿਤੇ ਘਰ ਲਭਣ ਜਾਣਗੇ। ਗਿਰੀਨ ਬਾਬੂ ਵੀ ਨਾਲ ਹੀ ਰਹਿਣਗੇ।

ਸ਼ੇਖਰ ਚੁਪਚਾਪ ਸੁਣਦਾ ਰਿਹਾ ਤੇ ਲਲਤਾ ਕਿਉ ਨਹੀਂ ਆਈ ਇਹਦਾ ਵੀ ਓਹਨੂੰ ਪਤਾ ਲਗ ਗਿਆ।

ਕਾਲੀ ਆਖਣ ਲਗੀ, ਗਿਰੀਨ ਬਾਬੂ ਬੜੇ ਚੰਗੇ ਆਦਮੀ ਹਨ। ਵਿਚਕਾਰਲੀ ਭੈਣ ਦੇ ਵਿਆਹ ਤੇ ਬਾਬੂ ਜੀ ਨੇ ਮਕਾਨ ਗਹਿਣੇ ਪਾਇਆ ਸੀ ਨਾ ਤਾਏ ਜੀ ਦੇ ਕੋਲ? ਬਾਬੂ ਜੀ ਕਹਿ ਰਹੇ ਸਨ ਕਿ ਕੁਝ ਦਿਨਾਂ ਤਕ ਸਾਨੂੰ ਸਭ ਨੂੰ ਕਿਸੇ ਤਖੀਏ ਡੇਰੇ ਲਾਉਣੇ ਪੈਣਗੇ। ਇਹ ਸੁਣਕੇ ਗਰੀਨ ਬਾਬੂ ਨੇ ਰੁਪੈ ਦੇ ਦਿਤੇ ਹਨ। ਕਲ ਬਾਬੂ ਜੀ ਨੇ ਸਭ ਰੁਪੈ ਤਾਏ ਜੀ ਨੂੰ ਮੋੜ ਦਿਤੇ ਹਨ। ਬੀਬੀ ਜੀ ਆਖ ਰਹੇ ਸਨ, ਹੋਣ ਸਾਨੂੰ ਕਿਸੇ ਗਲ ਦਾ ਡਰ ਨਹੀਂ। ਠੀਕ ਹੈ ਨਾ?

ਸ਼ੇਖਰ ਕੋਈ ਜਵਾਬ ਨ ਦੇ ਸਕਿਆ, ਉਸੇਤਰਾਂ ਇਕ ਟੁੱਕ ਵੇਖਦਾ ਰਿਹਾ।

ਕਾਲੀ ਨੇ ਪੁਛਿਆ ਕੀ ਸੋਚ ਰਹੇ ਹੋ ਸ਼ੇਖਰ ਬਾਬੂ?

ਹੁਣ ਸ਼ੇਖਰ ਦਾ ਧਿਆਨ ਉਟਕਿਆ ਸੀ ਛੇਤੀ ਨਾਲ ਬੋਲ ਪਿਆ, 'ਕੁਝ ਨਹੀਂ ਕਾਲੀ ਆਪਣੀ ਭੈਣ ਨੂੰ ਜ਼ਰਾ ਛੇਤੀ ਘਲ ਦਿਹ! ਆਖਣਾ ਬਾਬੂ ਸਦ ਰਿਹਾ ਏ। ਜਾਹ ਭੱਜੀ ਜਾਹ।

ਕਾਲੀ ਭੱਜੀ ਗਈ।

ਸ਼ੇਖਰ ਖੁਲੇ ਹੋਏ ਸੂਟ ਕੇਸ ਵਲ ਇਕ ਟਕ ਵੇਖਦਾ ਰਿਹਾ। ਕਿਹੜੀ ਚੀਜ਼ ਚਾਹੀਦੀਹੈ ਤੇ ਕਿਹੜੀ ਨਹੀਂ ਇਹਦੀਆਂ ਨਜ਼ਰਾਂ ਅਗੋਂ ਸਭ ਲੁਕ ਗਈਆਂ।

ਸੱਦਾ ਸੁਣਕੇ ਲਲਤਾ ਨੇ ਉਤੇ ਆਕੇ ਖਿੜਕੀ ਵਿਚੋਂ ਝਾਕ ਕੇ ਵੇਖਿਆ ....................... ਕਿ ਸ਼ੇਖਰ ਬਾਬੂ ਥੱਲੇ ਨੂੰ ਨਿਗਾਹ ਕਰੀ ਚੁਪਚਾਪ ਬੈਠੇ ਹੋਏ ਹਨ। ਉਸਨੇ ਇਹਨਾਂ ਦੇ ਚਿਹਰੇ ਦਾ ਇਹ ਭਾਵ ਪਹਿਲਾਂ ਕਦੇ ਨਹੀਂ ਸੀ ਵੇਖਿਆ, ਲਲਿਤਾ ਹੈਰਾਨ ਹੋ ਗਈ ਤੇ ਡਰ ਗਈ। ਹੌਲੀ ਹੌਲੀ ਲਾਗੇ ਪਹੁੰਚ ਗਈ,ਸ਼ੇਖਰ 'ਆਈਏ' ਆਖਕੇ ਉਠਕੇ ਖਲੋ ਗਿਆ।

ਲਲਿਤਾ ਨੇ ਹੌਲੀ ਜਹੀ ਪੁਛਿਆ, 'ਮੈਨੂੰ ਸੱਦਿਆ ਸੀ?'

ਹਾਂ ਆਖਕੇ ਸ਼ੇਖਰ ਘੜੀ ਕੁ ਚੁਪ ਰਿਹਾ। ਫੇਰ ਕਹਿਣ ਲੱਗਾ, 'ਕੱਲ ਸੁਵੇਰ ਦੀ ਗੱਡੀ ਮੈਂ ਮਾਂ ਨਾਲ ਸੈਰ ਵਾਸਤੇ ਜਾ ਰਿਹਾ ਹਾਂ। ਇਸਵਾਰੀ ਖਬਰੇ ਛੇਤੀ ਨ ਮੁੜਿਆ ਜਾਏ। ਆਹ ਦਫਤਰ ਚਲਿਆ ਗਿਆ। ਉਹ ਲਲਤਾ ਦੀਆਂ ਲਾਲ ਅੱਖਾਂ ਦੀ ਵਜਾ ਚੰਗੀ ਤਰ੍ਹਾਂ ਸਮਝ ਗਿਆ ਸੀ, ਪਰ ਚੰਗੀ ਤਰ੍ਹਾਂ ਤਸੱਲੀ ਕਰ ਲੈਣ ਤੋਂ ਬਿਨਾਂ ਕੁਝ ਕਹਿਣ ਦਾ ਹੌਂਸਲਾ ਨਹੀਂ ਸੀ ਕਰ ਸਕਦਾ।

ਉਸ ਦਿਨ ਸ਼ਾਮ ਨੂੰ ਮਾਮੇ ਨੂੰ ਚਾਹ ਦੇਣ ਗਈ ਤਾਂ ਲਲਿਤਾ ਗੁੱਛਾ ਮੁੱਛਾ ਜਹੀ ਹੋ ਗਈ, ਅੱਜ ਸ਼ੇਖਰ ਵੀ ਉਥੇ ਸੀ ਕਿਉਂਕਿ ਉਹ ਗੁਰਚਰਨ ਪਾਸੋਂ ਛੁੱਟੀ ਮੰਗਣ ਆਇਆ ਸੀ।

ਲਲਿਤਾ ਨੀਵੀਂ ਪਾਈ ਦੋ ਪਿਆਲੀਆਂ ਚਾਹਦੀਆਂ, ਆਪਣੇ ਮਾਮੇ ਤੇ ਗਰੀਨ ਅੱਗੇ ਰੱਖ ਆਈ। ਇਹ ਵੇਖਕੇ ਗਰੀਨ ਨੇ ਆਖਿਆ, 'ਸ਼ੇਖਰ ਬਾਬੂ ਨੂੰ ਚਾਹ ਕਿਉਂ ਨਹੀਂ ਦਿਤੀ?'

ਲਲਿਤਾ ਨੇ ਨੀਵੀਂ ਪਾਈ ਹੀ ਕਿਹਾ, ਸ਼ੇਖਰ ਬਾਬੂ ਚਾਹ ਨਹੀਂ ਪੀਂਦੇ। ਗਰੀਨ ਨੇ ਹੋਰ ਕੁਝ ਨ ਕਿਹਾ ਲਲਿਤਾ ਦੀ ਚਾਹ ਨ ਪੀਣ ਦੀ ਗੱਲ ਉਹਨੂੰ ਚੇਤੇ ਆਗਈ। ਸ਼ੇਖਰ ਆਪ ਚਾਹ ਨਹੀਂ ਸੀ ਪੀਦਾ, ਤੇ ਹੋਰ ਕਿਸੇ ਨੂੰ ਪੀਦਿਆਂ ਵੇਖਕੇ ਖੁਸ਼ ਨਹੀਂ ਸੀ ਹੁੰਦਾ।

ਚਾਹਦਾ ਪਿਆਲਾ ਹੱਥ ਵਿਚ ਫੜਕੇ ਗੁਰਚਰਨ ਦੇ ਮੁੰਡੇ ਦੀ ਗਲ ਛੇੜ ਦਿੱਤੀ, ਮੁੰਡਾ ਬੀ. ਏ. ਵਿਚ ਪੜ੍ਹ ਰਿਹਾ ਹੈ ਆਦਿ। ਬਹੁਤ ਹੀ ਵਡਿਆਈ ਕਰਨ ਤੋਂ ਪਿਛੋਂ ਉਸਨੇ ਕਿਹਾ, ਫੇਰ ਵੀ ਸਾਡੇ ਗਰੀਨ ਬਾਬੂ ਉਸਨੂੰ ਪਸੰਦ ਨਹੀਂ ਕਰਦੇ।‘ਹਾਂ ਇਹ ਗਲ ਜ਼ਰੂਰ ਹੈ ਕਿ ਲੜਕਾ ਵੇਖਣ ਵਿਚ ਐਨਾ ਚੰਗਾ ਨਹੀਂ ਜਾਪਦਾ, ਪਰ ਆਦਮੀ ਦਾ ਨਿਰਾ ਰੂਪ ਹੀ ਨਹੀਂ ਵੇਖਣਾ ਚਾਹੀਦਾ, ਗੁਣ ਵੇਖਣੇ ਚਾਹੀਦੇ ਹਨ।' ਸ਼ੇਖਰ ਦੇ ਨਾਲ ਗਰੀਨ ਦੀ ਐਵੇਂ ਮਾਮੂਲੀ ਜਹੀ ਵਾਕਫੀ ਹੋਈ ਸੀ, ਸ਼ੇਖਰ ਨੇ ਉਸ ਵੱਲ ਵੇਖਕੇ ਹਸਦਿਆਂ ਹੋਇਆਂ ਕਿਹਾ-ਗਰੀਨ ਬਾਬੂ ਨੂੰ ਪਸੰਦ ਕਿਉਂ ਨਹੀਂ ਆਇਆ! ਲੜਕਾ ਪੜ੍ਹ ਰਿਹਾ ਹੈ, ਉਮਰ ਚੰਗੀ ਹੈ ਇਹੋ ਤਾਂ ਸੁਪਾਤ੍ਰ ਦੇ ਲੱਛਣ ਹਨ।

ਸ਼ੇਖਰ ਨੇ ਪੁਛ ਤਾਂ ਠੀਕ ਲਿਆ, ਪਰ ਉਸਤਰਾਂ ਉਹ ਜਾਣਦਾ ਸੀ ਕਿ ਗਰੀਨ ਨੂੰ ਲੜਕਾ ਪਸੰਦ ਕਿਉਂ ਨਹੀਂ ਆਉਂਦਾ ਤੇ ਨਾ ਹੀ ਕੋਈ ਆਵੇਗਾ, ਪਰ ਗਿਰੀ ਨੰਦ ਛੇਤੀ ਨਾਲ ਕੋਈ ਜਵਾਬ ਨ ਦੇ ਸਕਿਆ। ਉਹਦਾ ਮੂੰਹ ਲਾਲ ਹੋਗਿਆ, ਸ਼ੇਖਰ ਨੇ ਇਹ ਗੱਲ ਤਾੜ ਲਈ, ਉਹ ਉਠ ਕੇ ਖਲੋ ਗਿਆ ਤੇ ਕਹਿਣ ਲੱਗਾ, ਚਾਚਾ ਜੀ ਮੈਂ ਤਾਂ ਕੱਲ ਮਾਂ ਨੂੰ ਨਾਲ ਲੈਕੇ ਫਿਰਨ ਤੁਰਨ ਜਾ ਰਿਹਾ ਹਾਂ। ਵੇਲੇ ਸਿਰ ਪਤਾ ਦੇਣਾ ਨਾ ਭੁਲ ਜਾਣਾ!

ਗੁਰਚਰਨ ਨੇ ਆਖਿਆ, “ਏਦਾਂ ਕਿਉਂ ਕਹਿੰਦਾ ਏਂ ਕਾਕਾ, ਸਾਡਾ ਤਾਂ ਸਭ ਕੁਝ ਤੂੰਈਂ ਏਂ। ਇਸਤੋਂ ਬਿਨਾਂ ਲਲਿਤਾ ਦੀ ਮਾਂ ਤੋਂ ਬਿਨਾਂ ਕੋਈ ਕੰਮ ਵੀ ਨਹੀਂ ਹੋ ਸਕਣਾ। ਕਿਉਂ ਧੀਏ ਠੀਕ ਹੈ ਕਿ ਨਹੀਂ?” ਆਖਕੇ ਜਦ ਪਿਛਾਂਹ ਵੇਖਿਆ ਤਾਂ ਲਲਿਤਾ ਜਾ ਚੁੱਕੀ ਸੀ। ਕਹਿਣ ਲੱਗੇ, “ਕਦੋਂ ਚਲੀ ਗਈ?"

ਸ਼ੇਖਰ ਨੇ ਆਖਿਆ, "ਵਿਆਹ ਦੀ ਗੱਲ ਛਿੜਦਿਆਂ ਹੀ ਭੱਜ ਗਈ।"

ਗੁਰਚਰਨ ਨੇ ਗੰਭੀਰ ਹੋਕੇ ਆਖਿਆ, “ਭੱਜ ਤਾਂ ਜਾਇਗੀ, ਭਾਵੇਂ, ਪਰ ਸਮਝ ਤਾਂ ਆ ਹੀ ਗਈ ਹੋਵੇਗੀ।" ਇਹ ਆਖਕੇ ਇਕ ਛੋਟਾ ਜਿਹਾ ਹੌਕਾ ਲੈਕੇ ਕਿਹਾ, 'ਮੇਰੀ ਧੀ ਲਖਸ਼ਮੀ ਵੀ ਹੈ ਤੇ ਸਰਸਤੀ ਵੀ ਹੈ।ਇਹੋ ਜਹੀਆ ਧੀਆਂ ਕਿਤੇ ਕਿਤੇ ਹੀ ਮਿਲਦੀਆਂ ਹੁੰਦੀਆਂ ਹਨ। ਇਹ ਆਖਦਿਆਂ ਆਖਦਿਆਂ ਉਨ੍ਹਾਂ ਦੇ ਖੁਸ਼ਕ ਚਿਹਰੇ ਤੇ ਡੂੰਘੇ ਪਿਆਰ ਦੀ ਇੱਕ ਐਹੋ ਜਹੀ ਰੇਖਾ ਪੈ ਗਈ ਕਿ ਜਿਸਨੂੰ ਵੇਖਕੇ, ਗਰੀਨ ਤੇ ਸ਼ੇਖਰ ਦੋਵੇਂ ਹੀ ਸ਼ਰਧਾ ਨਾਲ ਸਿਰ ਨਵਾਉਣੋ ਨ ਰਹਿ ਸਕੇ।'