ਵਿਚਕਾਰਲੀ ਭੈਣ/ਪਰਿਣੀਤਾ!/੭.
੭.
ਚਾਹ ਦੀ ਮਜਲਸ ਵਿਚੋਂ ਚੁੱਪ ਚਾਪ ਭੱਜਕੇ ਲਲਿਤ ਸ਼ੇਖਰ ਦੇ ਕਮਰੇ ਵਿਚ ਆਕੇ ਗੈਸ ਬੱਤੀ ਬਾਲ ਕੇ ਇਕ ਬਕਸ ਵਿਚ ਸ਼ੇਖਰ ਦੇ ਗਰਮ ਕਪੜੇ ਰੱਖ ਰਹੀ ਸੀ। ਸ਼ੇਖਰ ਦੇ ਆਉਣ ਤੇ ਲਲਿਤਾ ਨੇ ਜੋ ਉਸਦੇ ਮੂੰਹ ਵੱਲ ਵੇਖਿਆ ਤਾਂ ਉਹ ਦੰਗ ਰਹਿ ਗਈ।
ਮੁਕੱਦਮੇ ਵਿੱਚ ਸਭ ਕੁਝ ਹਾਰ ਕੇ ਆਦਮੀ ਜਿਹੋ ਜਹੀ ਸ਼ਕਲ ਲੈਕੇ ਅਦਾਲਤ ਵਿਚੋਂ ਬਾਹਰ ਨਿਕਲਦਾ ਹੈ, ਤੇ ਸਵੇਰ ਦੇ ਆਦਮੀ ਨੂੰ ਰਾਤ ਨੂੰ ਸਿਆਨਣਾਮੁਸ਼ਕਲ ਹੋ ਜਾਂਦਾ ਹੈ-ਇਸੇ ਤਰ੍ਹਾਂ ਇੱਕ ਘੰਟੇ ਦੇ ਅੰਦਰ ਅੰਦਰ ਠੀਕ ਉਸੇ ਤਰ੍ਹਾਂ ਲਲਿਤਾ ਸ਼ੇਖਰ ਬਾਬੂ ਨੂੰ ਨ ਸਿਆਣ ਸਕੀ। ਉਹਦੇ ਮੂੰਹ ਤੇ ਸਭ ਕੁਝ ਗੁਆ ਦੇਣ ਦੇ ਨਿਸ਼ਾਨ ਇਸ ਤਰ੍ਹਾਂ ਪ੍ਰਗਟ ਹੋ ਰਹੇ ਸਨ ਜਿਵੇਂ ਕਿਸੇ ਨੇ ਚੱਪਾ ਲਾ ਦਿੱਤਾ ਹੋਵੇ।
ਸ਼ੇਖਰ ਨੇ ਖੁਸ਼ਕ ਗਲ ਵਿਚੋਂ ਭਰੀ ਹੋਈ ਅਵਾਜ਼ ਕੱਢ ਕੇ ਆਖਿਆ, “ਕੀ ਹੋ ਰਿਹਾ ਏ ਲਲਿਤਾ?
ਲਲਿਤਾ ਕੋਈ ਜਵਾਬ ਨੇ ਦੇਕੇ, ਆਪਣੇ ਦੋਹਾਂ ਹੱਥਾਂ ਵਿਚ ਉਸਦਾ ਹਥ ਫੜ ਕੇ ਰੋਣ ਹਾਕੀ ਜਹੀ ਹੋਕੇ ਬੋਲੀ, ਕੀ ਹੋ ਰਿਹਾ ਏ, ਸ਼ੇਖਰ ਬਾਬੂ?"
'ਕੁੱਝ ਨਹੀਂ' ਆਖ ਕੇ ਉਹਨੇ ਬਦੋ ਬਦੀ ਥੋੜਾ ਜਿਹਾ ਹੱਸਣ ਦੀ ਕੋਸ਼ਸ਼ ਕੀਤੀ। ਲਲਿਤਾ ਦੇ ਹੱਥ ਦੀ ਛੋਹ ਨਾਲ ਉਹਦਾ ਚਿਹਰਾ ਕੁਝ ਥੋੜਾ ਜਿਹਾ ਚਮਕ ਉਠਿਆ। ਉਸਨੇ ਆਪ ਹੀ ਇੱਕ ਚੌਂਕੀ ਤੇ ਬਹਿਕੇ ਆਖਿਆ, “ਤੂੰ "ਕੀ ਕਰ ਰਹੀ ਏਂਂ?"
ਲਲਿਤਾ ਨੇ ਆਖਿਆ, ਮੋਟਾ ਓਵਰ ਕੋਟ ਰਖਣਾ ਭੁੱਲ ਗਈ ਸੀ, ਉਹ ਨੂੰ ਰੱਖਣ ਆਈ ਹਾਂ। ਸ਼ੇਖਰ ਸੁਣਨ ਲੱਗਾ, ਹੁਣ ਉਹ ਹੋਰ ਵੀ ਆਪਣੇ ਆਪ ਨੂੰ ਸੰਭਾਲ ਦੀ ਹੋਈ ਕਹਿਣ ਲੱਗੀ, "ਪਿਛਲੀ ਵਾਰੀ ਤੁਹਾਨੂੰ ਰੇਲ ਵਿਚ ਬੜੀ ਤਕਲੀਫ ਹੋਈ ਸੀ। ਵਡੇ ਕੋਟ ਤਾਂ ਕਈ ਸਨ, ਪਰ ਪਾਲਾ ਢੱਕਣ ਵਾਲਾ ਭਾਰਾ ਕੋਟ ਕੋਈ ਵੀ ਨਹੀਂ ਸੀ। ਇਸ ਕਰਕੇ ਮੈਂ ਆਕੇ ਤੁਹਾਡਾ ਇਹ ਕੋਟ ਸੁਆ ਛਡਿਆ ਸੀ।
ਇਹ ਆਖ ਕੇ ਉਹਨੇ ਇਕ ਵਡਾ ਸਾਰਾ ਕੋਟ ਚੁਕ ਕੇ ਸ਼ੇਖਰ ਦੇ ਸਾਹਮਣੇ ਰਖ ਦਿਤਾ।
ਸ਼ੇਖਰ ਨੇ ਕੋਟ ਨੂੰ ਚੁਕ ਕੇ ਵੇਖਿਆ ਤੇ ਕਿਹਾ, "ਇਹ ਕਦੋਂ ਸੁਆਇਆ ਸੀ, ਤੂੰ ਤਾਂ ਕਦੇ ਮੈਨੂੰ ਦੱਸਿਆ ਭੀ ਨਹੀਂ?"
ਲਲਿਤਾ ਨੇ ਆਖਿਆ, “ਤੁਸੀਂ ਬਾਬੂ ਹੋ, ਜੇ ਮੈਂ ਦੱਸ ਦੇਂਦੀ ਤਾਂ ਤੁਸੀਂ ਐਨਾ ਮੋਟਾ ਕੋਟ ਕਦ ਸੁਆਉਣ ਦੇਣਾ ਸੀ, ਇਸੇ ਕਰਕੇ ਬਿਨਾਂ ਦੱਸੇ ਤੋਂ ਹੀ ਸੁਆ ਛਡਿਆ ਹੈ।" ਇਹ ਆਖਕੇ ਕੋਟ ਨੂੰ ਆਪਣੀ ਥਾਂ ਤੇ ਰੱਖ ਦਿਤਾ। ਫੇਰ ਆਖਿਆ, "ਸਾਰਿਆਂ ਕਪੜਿਆਂ ਤੋਂ ਉਤੇ ਰੱਖ ਦਿਤਾ ਹੈ, ਟਰੰਕ ਖੋਲ੍ਹਦਿਆਂ ਹੀ ਲੱਭ ਪਵੇਗਾ। ਪਾਲੇ ਵੇਲੇ ਜ਼ਰੂਰ ਪਾ ਲੈਣਾ ਸੁਸਤੀ ਨਾ ਕਰਨੀ।"
ਅੱਛਾ ਆਖ ਕੇ, ਕੁਝ ਚਿਰ ਤਕ ‘ਸ਼ੇਖਰ’ ਕੁਝ ਜਾਨਣ ਦੀ ਕੋਸ਼ਸ਼ ਕਰਦੀ ਹੋਈ ਨਜ਼ਰ ਨਾਲ ਉਸ ਵਲ ਵੇਖਦਾ ਰਿਹਾ। ਫੇਰ ਉਹ ਅਚਾਨਕ ਹੀ ਬੋਲ ਪਿਆ, "ਨਹੀਂ ਇਹ ਨਹੀਂ ਹੋ ਸਕਦਾ?"
“ਕੀ ਨਹੀਂ ਹੋ ਸਕਦਾ, ਕੀ ਪਾਓਗੇ ਨਹੀਂ?"
ਸ਼ੇਖਰ ਨੇ ਛੇਤੀ ਨਾਲ ਕਿਹਾ, “ਨਹੀਂ ਇਹ ਗੱਲ ਨਹੀਂ, ਹੋਰ ਗੱਲ ਹੈ। ਚੰਗਾ ਲਲਿਤਾ, ਮਾਂ ਦੀਆਂ ਸਾਰੀਆਂ ਚੀਜ਼ਾਂ ਸੰਭਾਲੀਆਂ ਜਾ ਚੁੱਕੀਆਂ ਹਨ ਜਾਂ ਕਿ ਨਹੀਂ?"
ਲਲਿਤਾ ਨੇ ਆਖਿਆ, “ਹਾਂ ਦੁਪਹਿਰਾਂ ਨੂੰ ਮੈਂ ਹੀ ਸਭ ਚੀਜ਼ਾਂ ਸੰਭਾਲਕੇ ਗਈ ਸਾਂ। ਉਹ ਸਾਰੇ ਸਾਮਾਨ ਨੂੰ ਸੰਭਾਲਕੇ ਜੰਦਰਾ ਮਾਰਨ ਲਗੀ ਹੈ।"
ਸ਼ੇਖਰ ਨੇ ਕੁਝ ਚਿਰ ਤਕ ਚੁਪ ਚਾਪ ਉਸ ਵਲ ਵੇਖਦੇ ਹੋਏ ਨੇ ਕਿਹਾ, “ਕਿਉਂ ਲਲਿਤਾ ਤੂੰ ਨਹੀਂ ਜਾਣਦੀ ਕਿ ਅਗਲੇ ਸਾਲ ਮੇਰੀ ਹਾਲਤ ਕਿਹੋ ਜਹੀ ਹੋਵੇਗੀ?"
ਲਲਿਤਾ ਨੇ ਅੱਖਾਂ ਉੱਚੀਆਂ ਕਰ ਕੇ ਆਖਿਆ "ਕਿਉਂ?"
"ਕਿਉਂ ਦਾ ਤਾਂ ਮੈਨੂੰ ਪਤਾ ਨਹੀਂ। ਇਹ ਆਖ ਕੇ
ਲਲਿਤਾ ਗੁੱਸੇ ਹੋਕੇ ਕਹਿਣ ਲੱਗੀ, ਚਲੋ ਏਦਾਂ ਦੀਆਂ ਗੱਲਾਂ ਨਾ ਕਰੋ।'
ਸ਼ੇਖਰ ਨੂੰ ਹੁਣ ਕੁਝ ਹਾਸਾ ਆ ਗਿਆ। ਕਹਿਣ ਲੱਗਾ "ਚਲਿਆ ਤਾਂ ਜਾਣਾ ਹੀ ਹੈ, ਪਰ ਸੱਚ ਦੱਸ ਮੇਰਾ ਏਦਾਂ ਕੀ ਬਣੇਗਾ। ਸ਼ੌਕ ਤਾਂ ਮੈਨੂੰ ਵੀ ਸੋਲਾਂ ਆਨੇ ਪੂਰਾ ਹੈ, ਪਰ ਤਾਕਤ ਕੌਡੀ ਦੀ ਵੀ ਨਹੀਂ। ਇਹ ਸਭ ਕੰਮ ਨੌਕਰਾਣੀ ਨਹੀਂ ਕਰ ਸਕਣੇ। ਹੁਣ ਤੋਂ ਹੀ ਵੇਖ ਰਿਹਾ ਹਾਂ ਕਿ ਤੇਰੇ ਮਾਮੇ ਵਰਗਾ ਬਣਨਾ ਪਏਗਾ। ਇਕ ਧੋਤੀ, ਇਕ ਦੁਪੱਟਾ-ਫੇਰ ਜੋ ਹੋਵੇਗੀ ਵੇਖੀ ਜਾਏਗੀ।
ਲਲਿਤਾ ਚਾਬੀਆਂ ਦਾ ਗੁੱਛਾ ਜ਼ਮੀਨ ਤੇ ਸੁੱਟ ਕੇ ਭੱਜ ਗਈ।
ਸ਼ੇਖਰ ਨੇ ਉੱਚੀ ਸਾਰੀ ਆਖਿਆ, ਇਕ ਵਾਰੀ ਕਲ ਸਵੇਰੇ ਜ਼ਰੂਰ ਆਉਣਾ। ਲਲਿਤਾ ਨੇ ਸੁਣਕੇ ਵੀ ਅਨਸੁਣਿਆਂ ਕਰ ਦਿਤਾ ਤੇ ਛੇਤੀ ਛੇਤੀ ਪੌੜੀਆਂ ਉਤਰ ਗਈ।
ਘਰ ਜਾਕੇ ਵੇਖਿਆ ਕਿ ਛੱਤ ਉਤੇ ਚੰਦ ਦੀ ਚਾਨਣੀ ਵਿਚ ਬੈਠੀ ਅੱਨਾਕਾਲੀ ਗੇਂਦੇ ਦੇ ਫੁੱਲਾਂ ਦੇ ਹਾਰ ਗੁੰਦ ਰਹੀ ਹੈ। ਲਲਿਤਾ ਉਹਦੇ ਕੋਲ ਜਾ ਬੈਠੀ। ਕਹਿਣ ਲੱਗੀ, "ਤ੍ਰੇਲ ਵਿਚ ਬੈਠੀ ਕੀਕਰ ਰਹੀ ਏਂ ਕਾਲੀ?" ਕਾਲੀ ਨੇ ਆਖਿਆ, “ਹਾਰ ਪਰੋ ਰਹੀ ਹਾਂ ਅੱਜ ਰਾਤ ਨੂੰ ਮੇਰੀ ਗੁੱਡੀ ਦਾ ਵਿਆਹ ਹੈ।”
ਕਦੋਂ? ਮੈਨੂੰ ਤਾਂ ਤੂੰ ਦਸਿਆ ਈ ਨਹੀਂ?
"ਪਹਿਲਾਂ ਕੋਈ ਫੈਸਲਾ ਨਹੀਂ ਸੀ। ਬਾਬੂ ਜੀ ਨੇ ਹੁਣੇ ਈ ਪਤਰਾ ਵੇਖ ਕੇ ਆਖਿਆ ਸੀ ਕਿ ਅਜ ਰਾਤ ਤੋਂ ਬਿਨਾਂ ਏਸ ਮਹੀਨੇ ਵਿਚ ਵਿਆਹ ਦਾ ਹੋਰ ਮਹੂਰਤ ਨਹੀਂ ਨਿਕਲ ਸਕਦਾ। ਗੁੱਡੀ ਹੁਣ ਵਡੀ ਹੋ ਗਈ ਹੈ, ਹੁਣ ਘਰ ਨਹੀਂ ਰੱਖੀ ਜਾ ਸਕਦੀ। ਜਿਦਾਂ ਵੀ ਹੋਵੇ ਇਹਨੂੰ ਸਹੁਰੇ ਤੋਰ ਦੇਣਾ ਚਾਹੀਦਾ ਹੈ। "ਬੀਬੀ ਜੀ! ਕੁਝ ਰੁਪਏ ਦਿਓ ਨਾ ਮੈਂ ਜ਼ਰਾ ਕੁਝ ਮਿਠਾ ਮੰਗਵਾ ਲਵਾਂ।"
ਲਲਿਤਾ ਨੇ ਹੱਸ ਕੇ ਆਖਿਆ, "ਰੁਪਿਆ ਦੇਣ ਵੇਲੇ ਮੈਂ ਤੇਰੀ ਬੀਬੀ ਬਣ ਜਾਂਦੀ ਹਾਂ। ਜਾਹ ਮੇਰੇ ਸਰ੍ਹਾਣੇ ਥੱਲਿਓਂਂ ਕੱਢ ਲੈ। ਕਿਉਂ ਨੀ ਕਾਲੀ, ਕਿਤੇ ਫੁੱਲਾਂ ਨਾਲ ਵੀ ਵਿਆਹ ਹੋ ਜਾਂਦਾ ਹੈ?"
ਕਾਲੀ ਨੇ ਆਖਿਆ, 'ਹਾਂ ਹੋ ਜਾਂਦਾ ਹੈ। ਜੇ ਕੋਈ ਹੋਰ ਫੁਲ ਨਾ ਮਿਲੇ ਤਾਂ ਗੇਂਦੇ ਨਾਲ ਹੀ ਹੋ ਜਾਂਦਾ ਹੈ। ਮੈਂ ਕਈਆਂ ਗੁੱਡੀਆਂ ਨੂੰ ਸਹੁਰੇ ਤੋਰ ਚੁਕੀ ਹਾਂ ਬੀਬੀ ਜੀ, ਮੈਂ ਸਭ ਕੁਝ ਜਾਣ ਦੀ ਹਾਂ। ਇਹ ਆਖ ਕੇ ਉਹ ਮਿੱਠਾ ਲੈਣ ਚਲੀ ਗਈ।
ਲਲਿਤਾ ਉਥੇ ਬਹਿਕੇ ਮਾਲਾ ਪਰੋਣ ਲੱਗ ਪਈ।
ਥੋੜੇ ਚਿਰ ਪਿਛੋਂ ਕਾਲੀ ਨੇ ਮੁੜ ਕੇ ਆ ਕੇ ਆਖਿਆ, "ਹੋਰ ਤਾਂ ਸਾਰਿਆਂ ਨੂੰ ਗੁੱਡੀ ਦੇ ਵਿਆਹ ਦਾ ਸੱਦਾ ਦੇ ਆਈ ਹਾਂ, ਸ਼ੇਖਰ ਬਾਬੂ ਰਹਿ ਗਏ ਨੇ। ਜਾ ਕੇ ਆਖ ਆਵਾਂ, ਨਹੀਂ ਤਾਂ ਉਹ ਜ਼ਰੂਰ ਗੁੱਸਾ ਕਰਨਗੇ।" ਇਹ ਆਖ ਕੇ ਉਹ ‘ਸ਼ੇਖਰ ਦੇ ਘਰ ਕਹਿਣ ਵਾਸਤੇ ਚਲੀ ਗਈ।
ਕਾਲੀ ਪੂਰੀ ਪੂਰੀ ਘਰ ਦੇ ਕੰਮ ਕਾਰ ਤੋਂ ਵਾਕਿਫ ਹੋ ਚੁਕੀ ਹੈ। ਉਹ ਜੋ ਕੰਮ ਕਰਦੀ ਹੈ, ਸਿਲਸਿਲੇ ਵਾਰ ਕਰਦੀ ਹੈ। 'ਸ਼ੇਖਰ’ ਨੂੰ ਆਖ ਕੇ ਉਹ ਥੱਲੇ ਆ ਗਈ ਤੇ ਕਹਿਣ ਲੱਗੀ, ਉਹ ਇਕ ਹਾਰ ਮੰਗਦੇ ਹਨ। ਜਾਹ ਨਾ ਬੀਬੀ ਛੇਤੀ ਨਾਲ ਜਾ ਕੇ ਦੇ ਆ, ਏਨੇ ਚਿਰ ਨੂੰ ਮੈਂ ਏਧਰ ਦਾ ਪ੍ਰਬੰਧ ਕਰ ਲਵਾਂਗੀ। ਲਗਨ ਸ਼ੁਰੂ ਹੋਣ ਵਾਲਾ ਹੈ, ਹੁਣ ਚਿਰ ਲਾਉਣ ਦਾ ਸਮਾਂ ਨਹੀਂ।
ਲਲਿਤਾ ਨੇ ਸਿਰ ਹਿਲਾ ਕੇ ਆਖਿਆ, “ਕਾਲੀ ਮੈਂ ਨਹੀਂ ਜਾਣਾ ਤੂੰ ਆਪ ਹੀ ਜਾਕੇ ਦੇ ਆ।" "ਚੰਗਾ ਮੈਂ ਜਾਂਦੀ ਹਾਂ। ਤੂੰ ਮੈਨੂੰ ਵੱਡਾ ਹਾਰ ਦੇ ਦਿਹ।" ਇਹ ਆਖ ਕੇ ਕਾਲੀ ਨੇ ਆਪਣਾ ਹਥ ਅਗਾਂਹ ਕਰ ਦਿੱਤਾ।
ਲਲਿਤਾ ਨੇ ਦੇਣ ਵਾਸਤੇ ਹਾਰ ਚੁਕਿਆ ਈ ਸੀ ਕਿ ਉਹ ਰੁਕ ਗਈ। ਉਹਦੇ ਮਨ ਵਿਚ ਕੁਝ ਖਿਆਲ ਆਇਆ ਤੇ ਕਹਿਣ ਲੱਗੀ, "ਚੰਗਾ ਮੈਂ ਹੀ ਦੇ ਆਉਂਦੀ ਹਾਂ।"
ਕਾਲੀ ਨੇ ਸਿਆਣਿਆਂ ਵਾਂਗੂੰ ਆਖਿਆ, 'ਚੰਗਾ ਬੀਬੀ ਜੀ ਤੁਸੀ ਆਪ ਹੀ ਚਲੀ ਜਾਓ, ਮੈਨੂੰ ਤਾਂ ਮਰਨ ਦੀ ਵਿਹਲ ਵੀ ਨਹੀਂ।'
ਉਹਦੇ ਚਿਹਰੇ ਦਾ ਭਾਵ ਤੇ ਗੱਲ ਕਰਨ ਦੇ ਢੰਗ ਨੂੰ ਵੇਖਕੇ ਲਲਿਤਾ ਨੂੰ ਹਾਸਾ ਆਗਿਆ ਇਹ ਇਕੋ ਵੇਰਾਂ ਹੀ ਬੁੱਢੀਆਂ ਠੇਰੀਆਂ ਵਰਗੀ ਸਿਆਣੀ ਹੋ ਗਈ ਹੈ। ਇਹ ਆਖਕੇ ਉਹ ਹੱਸਦੀ ਹੋਈ ਮਾਲਾ ਲੈ ਕੇ ਚਲੀ ਗਈ, ਬੂਹੇ ਪਾਸ ਜਾਕੇ ਵੇਖਿਆ ਕਿ ਸ਼ੇਖਰ ਇਕ ਮਨ ਹੋਕੇ ਚਿੱਠੀ ਲਿਖ ਰਿਹਾ ਹੈ। ਉਹ ਦਰਵਾਜਾ ਖੋਲ੍ਹਕੇ ਪਿੱਛੇ ਆ ਖਲੋਤੀ, ਫੇਰ ਵੀ ਸ਼ੇਖਰ ਨੂੰ ਪਤਾ ਨਾ ਲੱਗਾ। ਉਸ ਨੇ ਸ਼ੇਖਰ ਦਾ ਧਿਆਨ ਆਪਣੇ ਵੱਲ ਕਰਨ ਤੇ ਉਸਨੂੰ ਆਪਣੇ ਆਏ ਦਾ ਪਤਾ ਦੇਣ ਦੇ ਖਿਆਲ ਨਾਲ ਬੜੀ ਸਹਿਜ ਨਾਲ ਹਾਰ ਉਹਦੇ ਗਲ ਵਿਚ ਪਾ ਦਿੱਤਾ ਆਪ ਛੇਤੀ ਨਾਲ ਪਿਛੇ ਹੱਟ ਗਈ।
ਸ਼ੇਖਰ ਪਹਿਲਾਂ ਬੋਲਿਆ 'ਕਾਲੀ!' ਫੇਰ ਝਟ ਪੱਟ ਹੀ ਮੂੰਹ ਭੁਆਂ ਕੇ ਵੇਖਿਆ ਤੇ ਬਹੁਤ ਹੀ ਸਿਆਣਿਆਂ ਵਾਂਗ ਬੋਲਿਆ, ਇਹ ਕੀ ਕੀਤਾ ਲਲਿਤਾ?
ਲਲਿਤਾ ਉਠ ਕੇ ਖਲੋ ਗਈ ਤੇ ਸ਼ੇਖਰ ਦੇ ਚੇਹਰੇ ਦੇ ਭਾਵ ਤੋਂ ਕੁਝ ਸ਼ੱਕ ਕਰਦੀ ਹੋਈ ਬੋਲੀ, ਕਿਉਂ ਕੀ ਹੋਗਿਆ?
ਸ਼ੇਖਰ ਨੇ ਪੂਰੇ ਤੌਰ ਤੇ ਆਪਣੇ ਆਪ ਨੂੰ ਸੰਭਾਲ ਕੇ ਕਿਹਾ, ਜਾਣਦੀ ਨਹੀਂ ਕੀ ਹੋ ਗਿਆ ਹੈ? ਕਾਲੀ ਨੂੰ ਪੁਛ ਆਓ ਅੱਜ ਗੱਲ ਵਿਚ ਮਾਲਾ ਪਾ ਦੇਣ ਨਾਲ ਕੀ ਹੋ ਜਾਂਦਾ ਹੈ।
ਹੁਣ ਲਲਿਤਾ ਸਮਝ ਗਈ, ਪਲ ਵਿਚ ਹੀ ਉਹਦਾ ਸਾਰਾ ਮੂੰਹ ਸ਼ਰਮ ਦੇ ਮਾਰਿਆਂ ਲਾਲ ਹੋ ਗਿਆ। ਉਹ, 'ਕਦੇ ਨਹੀਂ ਕਦੇ ਨਹੀਂ' ਆਖਦੀ ਹੋਈ ਭੱਜ ਕੇ ਕਮਰਿਉਂ ਬਾਹਰ ਹੋ ਗਈ।
ਸ਼ੇਖਰ ਨੇ ਸੱਦਕੇ ਆਖਿਆ, "ਜਾਹ ਨਾ ਲਲਿਤਾ,ਅਜ ਬਹੁਤ ਜ਼ਰੂਰੀ ਕੰਮ ਹੈ।"
ਸ਼ੇਖਰ ਦੀ ਅਵਾਜ਼ ਉਹਦੇ ਕੰਨੀ ਪਈ ਜ਼ਰੂਰ ਪਰ ਉਹਨੂੰ ਸੁਣਨ ਦੀ ਕੀ ਲੋੜ ਸੀ? ਉਹ ਕਿਤੇ ਵੀ ਨਾ ਰੁਕੀ ਤੇ ਸਿੱਧੀ ਆਪਣੇ ਕਮਰੇ ਵਿਚ ਆਕੇ ਅਖਾਂ ਬੰਦ ਕਰਕੇ ਲੰਮੀ ਪੈ ਗਈ।
ਪਿਛੇ ਪੰਜਾਂ ਛੇਆਂ ਸਾਲਾਂ ਤੋਂ ਉਸਦਾ ਤੇ ਸ਼ੇਖਰ ਦਾ ਐਨ ਨੇੜੇ ਦਾ ਸਬੰਧ ਰਿਹਾ ਹੈ, ਇਹਦੇ ਕੋਲ ਰਹਿਕੇ ਹੀ ਉਹ ਜੁਵਾਨ ਹੋਈ ਹੈ, ਪਰ ਇਸ ਤੋਂ ਪਹਿਲਾਂ ਉਹਨੇ ਕਦੇ ਸ਼ੇਖਰ ਪਾਸੋਂ ਇਹ ਗੱਲ ਨਹੀਂ ਸੁਣੀ, ਇਕ ਤਾਂ ਸ਼ੇਖਰ ਕੁਦਰਤੀ ਤੌਰ ਤੇ ਹੀ ਬੜਾ ਗੰਭੀਰ ਜਿਹਾ ਹੋਣੇ ਕਰਕੇ ਕਦੇ ਠੱਠਾ ਮਖੌਲ ਨਹੀਂ ਸੀ ਕਰਦਾ। ਦੂਜਾ ਜੇ ਕਰੇ ਵੀ ਤਾਂ ਉਸ਼ ਦੇ ਮੰਹੋਂ ਐਨੀ ਬੇਸ਼ਰਮੀ ਦੀ ਗੱਲ ਨਿਕਲਣ ਦੀ ਕਦੇ ਵੀ ਆਸ ਨਹੀਂ ਸੀ ਹੋ ਸਕਦੀ। ਸ਼ਰਮ ਨਾਲ ਗੁੱਛਾ ਮੁੱਛਾ ਹੋਕੇ ਵੀਹ ਕੁ ਮਿੰਟ ਪਈ ਰਹਿਣ ਤੋਂ ਪਿਛੋਂ ਉਹ ਉੱਠ ਕੇ ਬਹਿ ਗਈ, ਅਸਲ ਵਿਚ ਸ਼ੇਖਰ ਪਾਸੋਂ ਉਹ ਅੰਦਰ ਹੀ ਅੰਦਰ ਡਰਦੀ ਸੀ। ਇਸ ਕਰਕੇ ਜਦ ਉਸ ਜਰੂਰੀ ਕੰਮ ਕਿਹਾ ਤਾਂ ਇਹ ਸੋਚਣ ਲਗ ਪਈ, ਜਾਏ ਕਿ ਨਾਂ ਜਾਏ। ਏਨੇ ਚਿਰ ਨੂੰ ਘਰ ਦੀ ਮਹਿਰੀ ਦੀ ਅਵਾਜ਼ ਸੁਣੀ, 'ਲਲਤਾ ਬੀਬੀ ਕਿੱਥੇ ਹੈ ਛੋਟੇ ਬਾਬੂ ਸਦ ਰਹੇ ਹਨ।'
ਲਲਿਤਾ ਨੇ ਬਾਹਰ ਆਕੇ ਹੌਲੀ ਜਹੀ ਕਿਹਾ, ਮੈਂ ਆ ਰਹੀ ਹਾਂ ਤੁੱਸੀ ਜਾਓ।
ਉਤੇ ਪੁੱਜ ਕੇ ਉਸਨੇ ਦਰਵਾਜੇ ਦੀਆਂ ਝੀਤਾਂ ਥਾਣੀ ਵੇਖਿਆ, ਸ਼ੇਖਰ ਹਾਲੇ ਤੱਕ ਚਿਠੀ ਹੀ ਲਿਖ ਰਿਹਾ ਹੈ। ਕੁਝ ਚਿਰ ਚੁਪ ਰਹਿਕੇ ਉਹਨੇ ਹੌਲੀ ਜਹੀ ਕਿਹਾ, 'ਕੀ ਹੈ?'
ਸ਼ੇਖਰ ਨੇ ਲਿਖਦਿਆਂ ਲਿਖਦਿਆਂ ਕਿਹਾ, "ਕੋਲ ਆਉ ਹੁਣੇ ਦਸਦਾ ਹਾਂ।, "ਨਹੀਂ ਏਥੋਂ ਹੀ ਦੱਸੇ।"
ਸ਼ੇਖਰ ਮਨ ਹੀ ਮਨ ਵਿਚ ਹੱਸ ਕੇ ਬੋਲਿਆ, ਅਚਾਣਚੱਕ ਹੀ ਤੁਸਾਂ ਇਹ ਕੀ ਕਰ ਸੁਟਿਆ ਹੈ?"
ਲਲਿਤਾ ਰੁੱਖੀ ਜਹੀ ਹੋਕੇ ਬੋਲੀ, 'ਹਟੋ ਪਰੋ ਫੇਰ ਉਹੋ।'
ਸ਼ੇਖਰ ਨੇ ਉਹ ਦੇ ਵੱਲ ਮੂੰਹ ਫੇਰ ਕੇ ਆਖਿਆ, 'ਮੇਰਾ ਕੀ ਕਸੂਰ ਹੈ, ਤੂੰ ਆਪ ਹੀ ਤਾਂ ਕਰ ਗਈ ਏਂ।
"ਮੈਂ ਕੁਝ ਨਹੀਂ ਕੀਤਾ, ਤੂੰ ਇਹਨੂੰ ਮੋੜ ਦਿਹ!"
ਸ਼ੇਖਰ ਨੇ ਆਖਿਆ, 'ਇਸੇ ਕਰਕੇ ਤਾਂ ਸਦਿਆ ਹੈ। ਜੇ ਕੋਲ ਆਵੇਂ ਤਾਂ ਮੋੜ ਦਿਆਂ। ਤੂੰ ਅੱਧਾ ਕੰਮ ਕਰ ਗਈ ਏਂਂ। ਏਧਰ ਆ ਮੈਂ ਪੂਰਾ ਕਰ ਦਿਆਂ।'
ਲਲਿਤਾ ਦਰਵਾਜੇ ਕੋਲ ਪਲ ਕ ਚੁਪ ਚਾਪ ਖਲੋਤੀ ਰਹੀ। ਫੇਰ ਕਹਿਣ ਲੱਗੀ, 'ਮੈਂ ਸੱਚ ਆਖਦੀ ਹਾਂ ਜੇ ਤੁਸੀਂ ਏਦਾਂ ਹੀ ਠੱਠਾ ਮਖੌਲ ਕਰੋਗੇ ਤਾਂ ਮੈਂ ਫੇਰ ਤੁਹਾਡੇ ਕੋਲ ਕਦੇ ਨ ਆਵਾਂਗੀ, ਮੈਂ ਆਖਦੀ ਹਾਂ ਕਿ 'ਮੇਰਾ ਹਾਰ ਨੂੰ ਮੋੜ ਦਿਉ।'
ਸ਼ੇਖਰ ਨੇ ਮੇਜ਼ ਵੱਲ ਮੁੰਹ ਕਰਕੇ ਤੇ ਹਾਰ ਫੜ ਕੇ ਆਖਿਆ, 'ਆਕੇ ਲੈ ਜਾਉ।'
'ਤੁਸੀਂ ਕਿਸੇ ਤਰ੍ਹਾਂ ਏਥੋਂ ਹੀ ਸੁੱਟ ਦਿਉ।'
ਸ਼ੇਖਰ ਨੇ ਸਿਰ ਹਿਲਾਕੇ ਆਖਿਆ, ਕੋਲ ਆਇਆਂਂ ਬਗੈਰ ਨਹੀਂ ਮਿਲ ਸਕਦਾ।
'ਮੈਨੂੰ ਇਹਦੀ ਕੋਈ ਲੋੜ ਨਹੀਂ ਆਖ ਕੇ ਲਲਿਤਾ ਗੱਸੇ ਹੋਕੇ ਚਲੀ ਗਈ। ਸ਼ੇਖਰ ਨੇ ਉੱਚੀ ਸਾਰੀ ਆਖਿਆ, 'ਕੰਮ ਅਧੂਰਾ ਹੀ ਰਹਿ ਗਿਆ।'
ਉਹ ਚਲੀ ਤਾਂ ਗਈ ਪਰ ਥੱਲੇ ਨਹੀਂ ਗਈ। ਚੜ੍ਹਦੇ ਵੱਲ ਖੁੱਲ੍ਹੀ ਛੱਤ ਤੇ ਜਾ ਕੇ ਜੰਗਲਾ ਫੜ ਕੇ ਖਲੋ ਗਈ। ਉਸ ਵੇਲੇ ਆਸਮਾਨ ਵਿਚ ਚੰਦ ਚੜ੍ਹ ਰਿਹਾ ਸੀ। ਠੰਡੀ ਠੰਡੀ ਚੰਦ ਦੀ ਚਾਨਣੀ ਸਭ ਪਾਸੇ ਫੈਲ ਰਹੀ ਸੀ। ਉਤੇ ਸਾਫ ਧੋਤਾ ਹੋਇਆ ਨੀਲਾ ਅਕਾਸ਼ ਸੀ। ਉਹ ਇਕ ਵਾਰੀ ਸ਼ੇਖਰ ਦੇ ਕਮਰੇ ਵੱਲ ਧਿਆਨ ਕਰਕੇ ਉਤੇ ਵੇਖਦੀ ਰਹੀ। ਹੁਣ ਉਹ ਦੀਆਂ ਅੱਖਾਂ ਸੜਨ ਲੱਗ ਪਈਆਂ ਸ਼ਰਮ ਤੇ ਅਭਿਮਾਨ ਦੇ ਮਾਰਿਆਂ ਉਸਦੇ ਅੱਥਰੂ ਵਗ ਤੁਰੇ। ਉਹ ਐਨੀ ਹੀ ਨਿਆਣੀ ਨਹੀਂ ਕਿ ਇਨ੍ਹਾਂ ਸਾਰੀਆਂ ਗੱਲਾਂ ਦਾ ਮਤਲਬ ਚੰਗੀ ਤਰ੍ਹਾਂ ਸਮਝ ਨ ਸਕੇ। ਫੇਰ ਕਿਉਂ ਉਹਦੇ ਨਾਲ ਐਡਾ ਦਿਲ ਨੂੰ ਚੋਟ ਲਾਉਣ ਵਾਲਾ ਮਖੌਲ ਕੀਤਾ ਗਿਆ? ਹੁਣ ਉਨ੍ਹਾਂ ਗੱਲਾਂ ਨੂੰ ਸਮਝਣ ਵਾਲੀ ਉਹਦੀ ਉਮਰ ਹੋ ਗਈ ਹੈ।
ਇਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਅਨਾਥ ਤੇ ਆਸਰਾ ਹੀਣ ਹੋਣ ਕਰਕੇ ਹੀ ਉਸ ਨਾਲ ਹਰ ਕੋਈ ਪਿਆਰ ਕਰਦਾ ਹੈ। ਸ਼ੇਖਰ ਵੀ ਪਿਆਰ ਕਰਦਾ ਹੈ। ਉਹਦੀ ਮਾਂ ਵੀ ਮੁਹੱਬਤ ਕਰਦੀ ਹੈ। ਉਹਦਾ ਆਪਣਾ ਤਾਂ ਕੋਈ ਹੈ ਨਹੀਂ। ਉਸਦਾ ਅਸਲ ਆਸਰਾ ਕੋਈ ਨ ਹੋਣ ਕਰਕੇ ਹੀ ਗਿਰੀ ਨੰਦ ਨੇ ਐਨੀ ਦਇਆ ਕਰਕੇ ਉਹਦਾ ਭਲਾ ਕਰਨ ਦੀ ਗੱਲ ਬਾਤ ਛੇੜ ਬੈਠਾ ਹੈ।
ਲਲਿਤਾ ਅੱਖਾਂ ਬੰਦ ਕਰਕੇ ਮਨ ਹੀ ਮਨ ਆਖਣ ਲੱਗੀ, ਇਸ ਕਲਕੱਤੇ ਦੀ ਬ੍ਰਾਦਰੀ ਵਿਚ ਓਹਦੇ ਮਾਮੇ ਦੀ ਹਾਲਤ ਸ਼ੇਖਰ ਬਾਬੂ ਦੇ ਘਰਾਣੇ ਨਾਲੋਂ ਕਿੰਨੀ ਨੀਵੀਂ ਹੈ। ਉਹ ਇਸੇ ਮਾਮੇ ਦੇ ਆਸਰੇ ਉਹਦੇ ਸਿਰ ਤੇ ਬੋਝ ਬਣ ਕੇ ਬੈਠੀ ਹੋਈ ਹੈ। ਦੂਜੇ ਪਾਸੇ ਉਹਨਾਂ ਦੇ ਬਰਾਬਰ ਦੇ ਘਰਾਣੇ ਵਿਚ ਸ਼ੇਖਰ ਦੇ ਵਿਆਹ ਦੀ ਗੱਲ ਬਾਤ ਚਲ ਰਹੀ ਹੈ। ਦੌਂਹ ਚੌਂਂਹ ਦਿਨਾਂ ਤਕ ਇਸਦਾ ਵਿਆਹ ਉਥੇ ਹੋ ਹੀ ਜਾਏਗਾ। ਏਸ ਸਾਕ ਕਰਕੇ ਨਵੀਨ ਚੰਦ ਕਿੰਨੇ ਰੁਪੈ ਲਵੇਗਾ। ਇਹ ਗੱਲਾਂ ਵੀ ਉਹ ਸ਼ੇਖਰ ਦੀ ਮਾਂ ਦੇ ਮੂੰਹੋਂ ਸੁਣ ਚੁਕੀ ਹੈ।
ਫੇਰ ਸ਼ੇਖਰ ਨੇ ਅਚਾਨਚੱਕ ਹੀ ਉਹਦੀ ਕਿਉਂ ਨਿਰਾਦਰੀ ਕਰ ਦਿਤੀ ਹੈ? ਇਹ ਸਭ ਗੱਲਾਂ ਲਲਿਤਾ ਇਕੇ ਟਕ ਨਜ਼ਰ ਜਮਾਈ, ਆਪਣੇ ਦਿਲ ਹੀ ਦਿਲ ਵਿਚ ਸੋਚ ਰਹੀ ਸੀ। ਅਚਨਚੇਤ ਹੀ ਉਹਨੇ ਪਿਛੇ ਮੁੜਕੇ ਵੇਖਿਆ, ਸ਼ੇਖਰ ਚੁਪਚਾਪ ਖਲੋਤਾ ਹੱਸਰਿਹਾ ਸੀ ਤੇ ਉਹ ਹਾਰ ਜਿਹੜਾ ਉਸਨੇ ਸ਼ੇਖਰ ਦੇ ਗਲ ਵਿਚ ਪਾਇਆ ਸੀ, ਉਸੇ ਤਰ੍ਹਾਂ ਹੀ ਉਸਦੇ ਗਲ ਵਿਚ ਪਿਆ ਹੋਇਆ ਸੀ। ਰੋਣ-ਹਾਕੀ ਹੋਕੇ ਉਸਦਾ ਗਲ ਭਰ ਗਿਆ ਸੀ। ਪਰ ਫੇਰ ਵੀ ਉਸਨੇ ਰੋਣ-ਹਾਕੀ ਹੋ ਕੇ ਆਖਿਆ, “ਏਦਾਂ ਕਿਉਂ ਕੀਤਾ ਜੇ?"
"ਤੁਸਾਂ ਕਿਉਂ ਕੀਤਾ?"
"ਮੈਂ ਕੁਝ ਨਹੀਂ ਕੀਤਾ।" ਇਹ ਆਖਕੇ ਉਸਨੇ ਹਾਰ ਤੋੜ ਕੇ ਸੁਟ ਪਾਉਣ ਲਈ ਹੱਥ ਚੁਕੇ ਹੀ ਸਨ ਕਿ ਅਚਾਨਚੱਕ ਸ਼ੇਖਰ ਦੀਆਂ ਅੱਖਾਂ ਵਲ ਵੇਖਕੇ ਠਠੰਬਰ ਕੇ ਰਹਿ ਗਈ। ਹਾਰ ਤੋੜਨ ਦਾ ਉਹਦਾ ਹੌਸਲਾ ਨਾ ਪਿਆ, ਰੋਂਦੀ ਹੋਈ ਆਖਣ ਲੱਗੀ, “ਮੇਰਾ ਕੋਈ ਨਹੀਂ ਹੈ, ਇਸੇ ਕਰਕੇ ਖਬਰੇ ਤੁਸੀਂ ਮੇਰਾ ਨਿਰਾਦਰ ਕਰ ਰਹੇ ਹੋ?"
ਸ਼ੇਖਰ ਏਸ ਵੇਲੇ ਤਕ ਮੱਠਾ ਮੱਠਾ ਮੁਸਕਰਾ ਰਿਹਾ ਸੀ, ਲਲਤਾ ਦੀ ਗੱਲ ਸੁਣ ਕੇ ਉਹ ਚੁਪ ਰਹਿ ਗਿਆ। ਇਹ ਕੋਈ ਨਿਆਣੀ ਬੱਚਿਆਂ ਵਾਲੀ ਗੱਲ ਨਹੀਂ ਸੀ। ਕਹਿਣ ਲੱਗਾ, "ਮੈਂ ਤਾਂ ਸਗੋਂ ਤੁਹਾਡਾ ਆਦਰ ਕਰਦਾ ਹਾਂ। ਤੁਸੀਂ ਮੇਰਾ ਨਿਰਾਦਰ ਕਰ ਰਹੇ ਹੋ।
ਲਲਿਤਾ ਡਰਦੀ ਮਾਰੀ ਅੱਖਾਂ ਪੁੰਝ ਕੇ ਬੋਲੀ, "ਮੈਂ ਕੀ ਨਿਰਾਦਰ ਕੀਤਾ ਹੈ?"
ਸ਼ੇਖਰ ਪਲ ਕੁ ਚੁਪ ਰਹਿਕੇ ਸਹਿਜ ਸੁਭਾ ਬੋਲਿਆ, ਹੁਣ ਜ਼ਰਾ ਵਿਚਾਰ ਕੇ ਵੇਖੋ ਤਾਂ ਪਤਾ ਲਗ ਜਾਏਗਾ, ਲਲਿਤਾ! ਅਜੇ ਕਲ ਤੂੰ ਬਹੁਤ ਵਧੀਕੀ ਕਰ ਰਹੀ ਸੈਂ ਲਲਿਤਾ, ਪਰਦੇਸ ਜਾਣ ਤੋਂ ਪਹਿਲਾਂ ਮੈਂ ਉਸਨੂੰ ਰੋਕ ਦਿੱਤਾ ਹੈ। ਇਹ ਆਖਕੇ ਉਹ ਚੁਪ ਹੋ ਗਿਆ।
ਲਲਿਤਾ ਨੇ ਅਗੋਂ ਕੋਈ ਜੁਵਾਬ ਨਹੀਂ ਦਿਤਾ। ਨੀਵੀਂ ਪਾਈ ਖਲੋਤੀ ਰਹੀ, ਦੋਵੇਂ ਇਕ ਦੂਜੇ ਦੇ ਸਾਹਮਣੇ ਬੁਤ ਬਣੇ ਖਲੋਤੇ ਰਹੇ। ਥਲਿਓਂ ਕਾਲੀ ਦੀ ਗੁੱਡੀ ਦੇ ਵਿਆਹ ਵਿਚ ਬਜ ਰਹੇ ਸੰਖਾਂ ਤੇ ਘੰਟਿਆਂ ਦੀਆਂ ਅਵਾਜ਼ਾਂ ਆ ਰਹੀਆਂ ਸਨ।
ਕੁਝ ਚਿਰ ਚੁਪ ਰਹਿਕੇ ਸ਼ੇਖਰ ਬੋਲਿਆ, “ਹੁਣ ਤ੍ਰੇਲ ਵਿਚ ਖਲੋਤੇ ਕੀ ਕਰਦੇ ਹੋ, ਥੱਲੇ ਚਲੇ ਜਾਓ।"
"ਜਾਂਦੀ ਹਾਂ" ਕਹਿ ਕੇ ਲਲਿਤਾ ਨੇ ਸ਼ੇਖਰ ਦੇ ਪੈਰਾਂ ਤੇ ਪੈਕੇ ਪਰਵਾਨ ਕੀਤਾ ਤੇ ਕਿਹਾ, "ਮੈਨੂੰ ਕੀ ਕਰਨਾ ਪਏਗਾ, ਦੱਸ ਤਾਂ ਜਾਓ।" ਸ਼ੇਖਰ ਹੱਸ ਪਿਆ। ਪਹਿਲਾਂ ਤਾਂ ਕੁਝ ਵਿਚਾਰਾਂ ਜਿਹਾਂ ਵਿਚ ਪੈ ਗਿਆ। ਫੇਰ ਦੋਵੇਂ ਹੱਥ ਅਗਾਂਹ ਕਰਕੇ ਉਹਨੂੰ ਆਪਣੇ ਸੀਨੇ ਨਾਲ ਲਾਕੇ ਉਹਦੇ ਬੁਲ੍ਹਾਂ ਤੇ ਆਪਣੇ ਬੁਲ੍ਹ ਰਖ ਕੇ ਕਹਿਣ ਲਗਾ।
“ਕੁਝ ਕਹਿਣ ਸੁਣਨ ਦੀ ਲੋੜ ਨਹੀਂ, ਅਜ ਤੋਂ ਲਲਿਤਾ ਤੂੰ ਸਭ ਕੁਝ ਜਾਣ ਜਾਇਆ ਕਰੇਂਂਗੀ।"
ਲਲਿਤਾ ਦਾ ਸਾਰਾ ਸਰੀਰ ਲੂੰਈ ਕੰਡੇ ਹੋਕੇ ਮੁੜ੍ਹਕੇ ਨਾਲ ਤਰ ਹੋ ਗਿਆ। ਉਹ ਛੇਤੀ ਨਾਲ ਪਰੇ ਹਟ ਕੇ ਖਲੋ ਕੇ ਬੋਲੀ, “ਮੈਂ ਅਚਨਚੇਤ ਹੀ ਤੁਹਾਡੇ ਗਲ ਵਿਚ ਮਾਲਾ ਪਾ ਦਿਤੀ ਸੀ, ਖਬਰੇ ਇਸੇ ਕਰਕੇ ਤੁਸੀਂ ਏਦਾਂ ਕੀਤਾ ਹੈ!
ਸ਼ੇਖਰ ਨੇ ਹਸ ਕੇ ਸਿਰ ਹਿਲਾਉਂਦੇ ਹੋਏ ਨੇ ਕਿਹਾ, “ਨਹੀਂ ਮੈਂ ਕਈਆਂ ਦਿਨਾਂ ਦਾ ਸੋਚ ਰਿਹਾ ਸਾਂ ਪਰ ਫੈਸਲਾ ਨਹੀਂ ਸਾਂ ਕਰ ਸਕਿਆ। ਅੱਜ ਫੈਸਲਾ ਕਰ ਲਿਆ ਹੈ ਕਿਉਂਂਕਿ ਅੱਜ ਹੀ ਠੀਕ ਤਰ੍ਹਾਂ ਮੈਂ ਸਮਝ ਸਕਿਆ ਹਾਂ ਕਿ ਮੈਂ ਤੁਹਾਡੇ ਬਿਨਾ ਨਹੀਂ ਰਹਿ ਸਕਦਾ।
ਪਰ ਤੁਹਾਡੇ ਪਿਤਾ ਜੀ ਸੁਣਨਗੇ ਤਾਂ ਬਹੁਤ ਗੁਸੇ ਹੋਣਗੇ, ਮਾਂ ਸੁਣੇਗੀ ਤਾਂ ਉਹ ਵੀ ਔਖੀ ਹੋਵੇਗੀ। ਇਹ ਹੋ ਨਹੀਂ ਸਕਣਾ ..........।
ਪਿਤਾ ਜੀ ਸੁਣ ਕੇ ਗੁਸੇ ਹੋਣਗੇ, ਇਹ ਤਾਂ ਠੀਕ ਹੈ; ਪਰ ਮਾਂ ਬਹੁਤ ਖੁਸ਼ ਹੋਵੇਗੀ। ਚਲੋ ਇਹਦਾ ਕੀ ਹੈ, ਜੋ ਹੋਣਾ ਸੀ ਸੋ ਹੋ ਗਿਆ। ਹੁਣ ਤਾਂ ਨਾ ਤੂੰ ਹੀ ਪਲਾ ਛੁਡਾ ਸਕਦੀ ਏਂ ਤੇ ਨਾ ਹੀ ਮੈਂ ਛਡ ਸਕਦਾ ਹਾਂ। ਜਾਹ ਹੁਣ ਥਲੇ ਚਲੀ ਜਾਹ।"