ਸਮੱਗਰੀ 'ਤੇ ਜਾਓ

ਵਿਚਕਾਰਲੀ ਭੈਣ/੩.

ਵਿਕੀਸਰੋਤ ਤੋਂ
41927ਵਿਚਕਾਰਲੀ ਭੈਣ — ੩.ਸ: ਦਸੌਂਧਾ ਸਿੰਘਸ਼ਰਤਚੰਦਰ

੩.

ਰਾਤ ਨੂੰ ਕਾਦੰਬਨੀ ਨੇ ਪੁਛਿਆ "ਕਿਉਂ ਕਿਸ਼ਨਿਆ ਉਥੋਂ ਕੀ ਕੀ ਖਾ ਕੇ ਆਇਆ ਏਂ?"

ਕਿਸ਼ਨ ਨੇ ਸੰਗਦੇ ਸੰਗਦੇ ਨੇ ਨੀਵੀਂ ਪਾ ਕੇ ਆਖਿਆ "ਪੂਰੀ।"

"ਕਿਸ ਨਾਲ ਖਾਧੀ?"

ਮੱਛੀ ਨਾਲ ਤੇ ਹੋਰ ਰਸ ਗੁਲੇ......." “ਦੁਰ! ਮੈਂ ਪੁੱਛਦੀ ਹਾਂ ਕਿ ਦਿਰਾਣੀ ਨੇ ਮੱਛੀ ਦਾ ਮੂੰਹ ਕਿਸਦੀ ਥਾਲੀ ਵਿਚ ਪਰੋਸਿਆ ਸੀ?”

ਇਕ ਵੇਰਾਂ ਹੀ ਇਹ ਸਵਾਲ ਸੁਣਕੇ ਕਿਸ਼ਨ ਦਾ ਚਿਹਰਾ ਬੱਗਾ ਹੋ ਗਿਆ। ਕਤਲ ਕਰਨ ਵਾਸਤੇ ਉੱਘਰੇ ਜਾ ਚੁਕੇ ਹਥਿਆਰ ਅੱਗੇ, ਜਿੱਦਾਂ ਰੱਸੀ ਨਾਲ ਬੱਧੇ ਹੋਏ ਜਾਨਵਰ ਦੀ ਹਾਲਤ ਹੁੰਦੀ ਹੈ, ਕਿਸ਼ਨ ਦੀ ਵੀ ਉਹੋ ਹਾਲਤ ਹੋਣ ਲੱਗ ਪਈ। ਗੱਲ ਨੂੰ ਐਧਰ ਊਧਰ ਪਾਉਣ ਦੀ ਕੋਸ਼ਸ਼ ਵਿਚ, ਦੇਰ ਕਰਦਿਆਂ ਵੇਖ ਕੇ ਕਾਦੰਬਨੀ ਨੇ ਫੇਰ ਪੁਛਿਆ, “ਤੇਰੀ ਹੀ ਬਾਲੀ ਵਿਚ ਪਰੋਸਿਆ ਸੀ ਨਾਂ?”

ਬਹੁਤ ਵਡੇ ਅਪਰਾਧੀ ਵਾਗੂੰ, ਕਿਸ਼ਨ ਨੇ ਨੀਵੀਂ ਪਾ ਲਈ।

ਕੋਲ ਹੀ ਬਰਾਂਡੇ ਵਿਚ ਬੈਠੇ ‘ਨਵੀਨ’ ਤਮਾਕੂ ਪੀ ਰਹੇ ਸਨ। ਕਾਦੰਬਨੀਂ ਉਹਨਾਂ ਨੂੰ ਬੁਲਾ ਕੇ ਕਹਿਣ ਲੱਗੀ “ਸੁਣ ਰਹੇ ਹੋ ਨਾਂ?”

ਨਵੀਨ ਨੇ ਥੋੜੇ ਵਿਚ, “ਹਾਂ” ਆਖਕੇ ਤਮਾਕੂ ਦਾ ਸੂਟਾ ਖਿਚਿਆ।

ਕਾਦੰਬਨੀ ਗਰਮ ਹੋਕੇ ਆਖਣ ਲੱਗੀ, ‘ਇਹ ਸਾਡੀ ਆਪਣੀ ਹੈ। ਇਸ ਸਕੀ ਚਾਚੀ ਦਾ ਵਤੀਰਾ ਤਾਂ ਵੇਖੋ! ਕੀ ਇਹ ਨਹੀਂ ਸੀ ਜਾਣਦੀ ਕਿ ਮੇਰੇ ਪਾਂਚੂ ਗੋਪਾਲ ਨੂੰ ਮੱਛੀ ਦਾ ਮੂੰਹ ਕਿੰਨਾ ਚੰਗਾ ਲੱਗਦਾ ਹੈ!’ ਤਾਂ ਉਹਨੇ ਕਿਉਂ ਮੂੰਹ ਇਸਦੀ ਥਾਲੀ ਵਿਚ ਪਰੋਸ ਕੇ ਗੁਆਇਆ? ਹਾਂ ਕਿਸ਼ਨ ਰੱਸ-ਗੁਲੇ ਤਾਂ ਤੂੰ ਠੀਕ ਢਿੱਡ ਭਰਕੇ ਖਾਧੇ? ਕਦੇ ਸੱਤਾਂ ਜਨਮਾ ਵਿਚ ਵੀ ਤੂੰ ਇਹੋ ਜਹੀਆਂ ਚੀਜ਼ਾਂ ਨਹੀਂ ਖਾਧੀਆਂ ਹੋਣੀਆਂ।

ਇਸਤੋਂ ਪਿੱਛੋਂ ਉਹਨੇ ਫੇਰ ਸੁਆਮੀ ਵੱਲ ਵੇਖ ਕੇ ਆਖਿਆ, ਜਿਹਦੇ ਵਾਸਤੇ ਮੁਠ ਚੌਲਾਂ ਦੀ ਵੀ ਗ਼ਨੀਮਤ ਹੋਵੇ ਉਸਨੂੰ ਰੱਸਗੁਲੇ ਖੁਆ ਕੇ ਕੀ ਹੋਵੇਗਾ? ਪਰ ਮੈਂ ਸਾਫ ਆਖ ਦੇਂਦੀ ਹਾਂ ਕਿ ਦਿਰਾਣੀ ਜੇ ਕਿਸ਼ਨ ਨੂੰ ਨ ਵਿਗਾੜ ਦੇਵੇ ਤਾਂ ਮੈਨੂੰ ਕਿਸੇ ਕੁੱਤੀ ਦੀ ਧੀ ਆਖਣਾ।

ਨਵੀਨ ਬਿਲਕੁਲ ਚੁੱਪ ਰਹੇ ਕਿਉਂਕਿ ਉਨ੍ਹਾਂ ਇਸ ਗਲ ਤੇ ਯਕੀਨ ਹੀ ਨ ਆਇਆ ਕਿ ਕਾਦੰਬਨੀ ਦੇ ਪਾਸ ਹੁੰਦਿਆਂ ਦਿਰਾਣੀ ਕਿਸ਼ਨ ਨੂੰ ਵਿਗਾੜ ਦੇਵੇਗੀ। ਕਾਦੰਬਨੀ ਨੂੰ ਆਪਣੇ ਆਪ ਤੇ ਹੀ ਭਰੋਸਾ ਨਹੀਂ ਸੀ ਉਹਨੂੰ ਇਸ ਗਲ ਦਾ ਸੋਲਾਂ ਆਨੇ ਸ਼ਕ ਸੀ ਕਿ ਮੈਂ ਸਿੱਧੀ ਸਾਧੀ ਹਾਂ ਤੇ ਮੈਨੂੰ ਹਰ ਕੋਈ ਠੱਗ ਸਕਦਾ ਹੈ। ਇਸੇ ਕਰ ਉਸ ਨੇ ਛੋਟੇ ਭਰਾ ਕਿਸ਼ਨ ਦੀ ਆਤਮਕ ਉੱਨਤੀ ਤੇ ਅਵ ਉੱਨਤੀ ਵਲੋਂ ਅੱਖਾਂ ਬੰਦ ਕਰ ਲਈਆਂ।

ਦੂਜੇ ਹੀ ਦਿਨ, ਦੋਹਾਂ ਨੌਕਰਾਂ ਵਿਚੋਂ ਇਕ ਨੂੰ ਜਵਾਬ ਦੇ ਦਿੱਤਾ ਗਿਆ। ਹੁਣ ਨਵੀਨ ਦੇ ਕੰਮ ਵਿਚ ਕਿਸ਼ਨ ਹੀ ਵੰਡਾ ਰਿਹਾ ਸੀ। ਚੌਲ ਤੋਲਦਾ, ਵੇਚਦਾ ਤੇ ਤਿੰਨ ਤਿੰਨ ਚਾਰ ਚਾਰ ਕੋਹ ਦਾ ਚਕਰ ਲਾਕੇ ਨਮੂਨੇ ਲੈ ਆਉਂਦਾ। ਨਵੀਂਨ ਰੋਟੀ ਖਾਣ ਆਉਂਦਾ ਤਾਂ ਇਹ ਦੁਕਾਨ ਤੇ ਬੈਠ ਜਾਂਦਾ।

ਦੋ ਦਿਨ ਪਿਛੋਂ ਦੀ ਗਲ ਹੈ। ਨਵੀਨ ਰੋਟੀ ਖਾਣ ਪਿਛੋਂ ਜ਼ਰਾ ਕੁ ਅੱਖ ਲਾਕੇ ਦੁਕਾਨ ਤੇ ਗਏ ਤੇ ਕਿਸ਼ਨ ਰੋਟੀ ਖਾਣ ਆਇਆ, ਇਸ ਵੇਲੇ ਤਿੰਨ ਬਜੇ ਦਾ ਵਕਤ ਉਹ ਜਦੋਂ ਨਹਾ ਕੇ ਆਇਆ ਤਾਂ ਵੇਖਿਆ ਕਿ ਭੈਣ ਜੀ ਰਹੇ ਹਨ। ਉਸ ਵੇਲੇ ਉਹ ਐਨਾ ਭੁੱਖਾ ਸੀ ਕਿ ਜੇ ਲੋੜ ਪੈਂਦੀ ਤਾਂ ਉਹ ਸ਼ੇਰ ਦੇ ਮੂੰਹ ਵਿਚੋਂ ਵੀ ਰੋਟੀ ਕੱਢ ਲਿਆਉਂਦਾ ਪਰ ਉਸ ਦਾ ਭੈਣ ਨੂੰ ਜਗਾਉਣ ਦਾ ਹੌਂਸਲਾ ਨਾ ਪਿਆ।

ਉਹ ਰਸੋਈ ਦੇ ਬਰਾਂਡੇ ਵਿਚ ਬੈਠਾ ਹੋਇਆ ਭੈਣ ਦੇ ਜਾਗਣ ਦੀ ਉਡੀਕ ਕਰ ਰਿਹਾ ਸੀ ਕਿ ਅਚਨਚੇਤ ਉਹਨੇ ਪੁਕਾਰ ਸੁਣੀ, 'ਵੇ ਕਿਸ਼ਨ!' ਇਹ ਸ਼ਬਦ ਉਨ੍ਹਾਂ ਕੰਨਾਂ ਨੂੰ ਕਿਹੋ ਜਹੇ ਮਿੱਠੇ ਲੱਗੇ ਕੁਝ ਆਖਿਆ ਨਹੀਂ ਜਾਂਦਾ। ਜਾਂ ਉਸਨੇ ਉਤਾਂਹ ਵੇਖਿਆ ਤਾਂ ਦੂਜੇ ਮਕਾਨ ਦੀ ਉਤਲੀ ਛੱਤੋਂ ਹੇਮਾਂਗਨੀ ਬੁਲਾ ਰਹੀ ਸੀ, ਕਿਸ਼ਨ ਨੇ ਇਕ ਵਾਰੀ ਵੇਖਕੇ ਨੀਵੀਂ ਪਾ ਲਈ। ਹੇਮਾਂਗਨੀ ਥੱਲੇ ਆਕੇ ਉਸ ਪਾਸ ਖੜੀ ਹੋ ਗਈ! "ਕਈਆਂ ਦਿਨਾਂ ਤੋਂ ਵੇਖਿਆ ਨਹੀਂ ਕਿਸ਼ਨ! ਇਥੇ, ਚੁੁੱਪ ਚਾਪ ਕਿਉਂ ਖਲੋਤਾ ਏਂ?"

ਇਕ ਤਾਂ ਭੁੱਖ ਦੇ ਦੁਖੋਂ ਉਹ ਅੱਗੇ ਹੀ ਰੋਣ ਹਾਕਾ ਹੋ ਰਿਹਾ ਸੀ। ਦੂਜਾ ਇਹ ਪਿਆਰ ਭਰੇ ਸ਼ਬਦ, ਉਸ ਦੀਆਂ ਅੱਖਾਂ ਭਰ ਆਈਆਂ ਉਹ ਚੁੱਪ ਚਾਪ ਨੀਵੀਂ ਪਾਈ ਬੈਠਾ ਰਿਹਾ!

ਵਿਚਕਾਰਲੀ ਚਾਚੀ ਨੂੰ ਸਾਰੇ ਬੱਚੇ ਪਿਆਰ ਕਰਦੇ ਹਨ। ਉਸਦੀ ਆਵਾਜ਼ ਸੁਣ ਕੇ ਕਾਦੰਬਨੀ ਦੀ ਛੋਟੀ ਲੜਕੀ ਬਾਹਰ ਨਿਕਲ ਆਈ ਤੇ ਚਿਲਾਕੇ ਬੋਲੀ, "ਕਿਸ਼ਨ ਮਾਮਾ ਰਸੋਈ ਵਿਚ ਤੇਰੇ ਲਈ ਚੌਲ ਢੱਕੇ ਹੋਏ ਹਨ ਜਾਕੇ ਖਾ ਲੈ ਮਾਂ ਖਾ ਪੀ ਕੇ ਸੌਂ ਗਈ ਹੈ।"

ਹੇਮਾਂਗਨੀ ਨੇ ਹੈਰਾਨ ਹੋਕੇ ਆਖਿਆ, "ਅੱਜ ਐਨਾ ਚਿਰ? ਕੀ ਕਿਸ਼ਨ ਨੇ ਹਾਲੀ ਤੱਕ ਕੁਝ ਨਹੀਂ ਖਾਧਾ? ਤੇਰੀ ਮਾਂ ਖਾਕੇ ਸੌਂ ਗਈ ਹੈ? ਵੇ ਕਿਸ਼ਨ ਅੱਜ ਐਨਾ ਚਿਰ (੧੬)

ਕਿਉਂ ਹੋ ਗਿਆ ਹੈ?"

ਕਿਸ਼ਨ ਸਿਰ ਨੀਵਾਂ ਕਰਕੇ ਬੈਠ ਰਿਹਾ। ਦੁਨੀ ਨੇ ਉਹਦੇ ਵਲੋਂ ਮੋੜ ਮੋੜਿਆ, "ਅੰਮਾਂ ਜੀ ਨੂੰ ਰੋਜ਼ ਹੀ ਐਨਾ ਚਿਰ ਹੋ ਜਾਂਦਾ ਹੈ, ਜਦ ਬਾਬੂ ਜੀ ਖਾ ਪੀਕੇ ਮੁੜ ਦੁਕਾਨ ਤੇ ਜਾਂਦੇ ਹਨ ਤਾਂ ਇਹ ਰੋਟੀ ਖਾਂਦਾ ਹੈ ।"

ਹੇਮਾਂਗਨੀ ਨੇ ਸਮਝ ਲਿਆ ਕਿ ਕਿਸ਼ਨ ਨੂੰ ਦੁਕਾਨ ਦੇ ਕੰਮ ਤੇ ਲਾ ਦਿੱਤਾ ਹੈ। ਉਹਨੂੰ ਇਹ ਆਸ ਤਾਂ ਨਹੀਂ ਸੀ ਕਿ ਇਹਨੂੰ ਵਿਹਲਾ ਬਿਠਾ ਕੇ ਖੁਆਉਣਗੇ, ਪਰ ਫੇਰ ਵੀ ਐਨੇ ਦਿਨ ਤਕ ਇਸਦਾ ਭੁੱਖੇ ਰਹਿਣਾ ਵੇਖਕੇ ਉਹਦੀਆਂ ਅੱਖਾਂ ਸਿੰਮ ਪਈਆਂ। ਉਹ ਪੱਲੇ ਨਾਲ ਅੱਖਾਂ ਪੂੰਝ ਦੀ ਹੋਈ ਆਪਣੇ ਘਰ ਚਲੀ ਗਈ | ਕੋਈ ਦੋ ਮਿੰਟ ਪਿਛੋਂ ਦੁਧ ਦਾ ਕਟੋਰਾ ਭਰ ਲਿਆਈ। ਪਰ ਰਸੋਈ ਵਿਚ ਪਹੁੰਚਕੇ ਉਹ ਤੜਫ ਉਠੀ ਤੇ ਮੂੰਹ ਦੂਜੇ ਪਾਸੇ ਕਰਕੇ ਖਲੋ ਗਈ।

ਕਿਸ਼ਨ ਪਿੱਤਲ ਦੀ ਥਾਲੀ ਵਿਚ ਠੰਡੇ ਸੁੱਕੇ ਹੋਏ ਤੇ ਘਿੱਪਾ ਜਹੇ ਬਣੇ ਹੋਏ ਚੌਲ ਖਾ ਰਿਹਾ ਸੀ। ਇਕ ਪਾਸੇ ਕੁਝ ਦਾਲ ਤੇ ਸਬਜ਼ੀ ਸੀ। ਦੁਧ ਦਾ ਕਟੋਰਾ ਵੇਖਕੇ ਉਹਦਾ ਕੁਮਲਾਇਆ ਹੋਇਆ ਮੂੰਹ ਫੇਰ ਖਿੜ ਪਿਆ।

ਹੇਮਾਂਗਿਨੀ ਬੂਹਿਓਂ ਬਾਹਰ ਆਕੇ ਖੜੋਤੀ ਰਹੀ ਰੋਟੀ ਖਾਕੇ ਜਦੋਂ ਉਹ ਚੁਲਾ ਕਰਨ ਗਿਆ ਤਾਂ ਉਸਨੇ ਝਾਤ ਮਾਰਕੇ ਵੇਖਿਆ ਥਾਲੀ ਵਿੱਚ ਕੁਝ ਵੀ ਨਹੀਂ ਸੀ। ਭੁਖ ਦਾ ਮਾਰਿਆ ਉਹ ਸਾਰਾ ਹੀ ਖਾ ਗਿਆ।

ਹੇਮਾਂਗਨੀ ਕਾ ਲੜਕਾ ‘ਲਲਤ' ਵੀ ਇਸੇ ਦਾ ਹਾਣੀ ਸੀ | ਜਦ ਉਹਨੂੰ ਖਿਆਲ ਆਇਆ ਕਿ ਜੇ ਮੈਂ ਨਾਂ ਹੋਵਾਂ ਤਾਂ ਖਬਰੇ ਮੇਰੇ ਲੜਕੇ ਦਾ ਵੀ ਏਹੋ ਹਾਲ ਹੋਵੇ, ਉਹ ਦਾ ਗਲ ਭਰ ਆਇਆ, ਉਹ ਮਸਾਂ ਮਸਾਂ ਹੀ ਆਪਣੇ ਆਪਨੂੰ ਕਾਬੂ ਕਰਕੇ ਘਰ ਨੂੰ ਆ ਗਈ।