ਸਮੱਗਰੀ 'ਤੇ ਜਾਓ

ਵਿਚਕਾਰਲੀ ਭੈਣ/੪.

ਵਿਕੀਸਰੋਤ ਤੋਂ

੪.

ਹੇਮਾਂਗਨੀ ਨੂੰ ਠੰਢ ਦੇ ਕਾਰਨ ਵਿਚ ਵਿਚ ਬੁਖਾਰ ਆ ਜਾਂਦਾ ਸੀ ਤੇ ਇਕ ਦੋ ਦਿਨ ਰਹਿਕੇ ਉਹ ਆਪ ਹੀ ਉਤਰ ਜਾਇਆ ਕਰਦਾ ਸੀ, ਕਈਆਂ ਦਿਨਾਂ ਪਿਛੋਂ ਉਸਨੂੰ ਇਸੇ ਤਰਾਂ ਬੁਖਾਰ ਹੋਇਆ ਹੋਇਆ ਸੀ। ਰਾਤ ਦੇ ਵੇਲੇ ਉਹ ਆਪਣੇ ਬਿਸਤਰੇ ਤੇ ਪਈ ਹੋਈ ਸੀ। ਘਰ ਵਿਚ ਕੋਈ ਨਹੀਂ ਸੀ। ਉਹਨੂੰ ਇਸ ਤਰਾਂ ਮਲੂਮ ਹੋਇਆ ਜਿਦਾਂ ਕੋਈ ਬੂਹੇ ਉਹਲੇ ਖਲੋਤਾ ਅੰਦਰ ਨੂੰ ਝਾਕ ਰਿਹਾ ਹੈ। ਉਹਨੇ ਅਵਾਜ਼ ਦਿਤੀ, “ਬਾਹਰ ਕੌਣ ਖਲੋਤਾ ਹੈ?" ਲਲਤ?

ਕਿਸੇ ਅਵਾਜ਼ ਨ ਦਿਤੀ ਜਦ ਫੇਰ ਬੁਲਾਇਆ ਤਾਂ ਅਵਾਜ਼ ਆਈ "ਮੈਂ ਹਾਂ।"

ਕੌਣ, ਮੈਂ ਕੌਣ ? ਆ ਅੰਦਰ ਆ ਜਾ।

ਕਿਸ਼ਨ ਸੰਗਦਾ ਸੰਗਦਾ ਅੰਦਰ ਆਕੇ ਕਮਰੇ ਦੀ ਇਕ ਕੰਧ ਨਾਲ ਲਗ ਕੇ ਖਲੋ ਗਿਆ, ਹੋਮਾਂਗਨੀ ਉਠ ਕੇ ਬਹਿ ਗਈ। ਉਸਨੂੰ ਪਾਸ ਸੱਦ ਕੇ ਪਿਆਰ ਨਾਲ ਕਹਿਣ ਲੱਗੀ, “ਕਿਉਂ ਕਿਸ਼ਨ’’? ਕਿਸ਼ਨ ਹੋਰ ਅਗੇ ਹੋਇਆ। ਆਪਣੇ ਮੈਲੇ ਜਹੇ ਦੁਪੱਦੇ ਦੇ ਪੱਲਿਉਂ ਦੋ ਅੱਧ ਪੱਕੇ ਅਮਰੂਦ ਖੋਲ੍ਹ ਕੇ ਆਖਣ ਲੱਗਾ, ਇਹ ਬੁਖਾਰ ਵਿਚ ਚੰਗੇ ਹੁੰਦੇ ਹਨ[1]।'

ਹੇਮਾਂਗਨੀ ਨੇ ਬੜੀ ਚਾਹ ਨਾਲ ਅਗਾਂਹ ਹਥ ਕਰਦੀ ਹੋਈ ਨੇ ਕਿਹਾ ਤੈਨੂੰ ਇਹ ਕਿਥੋਂ ਲੱਭੇ? ਮੈਂ ਕੱਲ ਦੀ ਲੋਕਾਂ ਦੀਆਂ ਮਿਨਤਾਂ ਕਰ ਰਹੀ ਹਾਂ, ਪਰ ਕਿਸੇ ਨਹੀਂ ਲਿਆ ਕੇ ਦਿੱਤੇ।

ਇਹ ਆਖਕੇ ਹੇਮਾਂਗਨੀ ਨੇ ਕਿਸ਼ਨ ਦਾ ਅਮਰੂਦਾਂ ਵਾਲਾ ਹੱਥ ਫੜ ਕੇ ਉਸਨੂੰ ਪਾਸ ਬਿਠਾ ਲਿਆ। ਖੁਸ਼ੀ ਨਾਲ ਕਿਸ਼ਨ ਨੇ ਆਪਣਾ ਲਾਲ ਹੋਇਆ ਮੂੂੰਹ ਹੇਠਾਂ ਕਰ ਲਿਆ। ਭਾਵੇਂ ਇਹ ਅਮਰੂਦਾਂ ਦੇ ਦਿਨ ਨਹੀਂ ਸਨ, ਤੇ ਨਾ ਹੀ ਹੇਮਾਂਗਨੀ ਅਮਰੂਦ ਖਾਣ ਲਈ ਤਰਲੇ ਲੈਂਦੀ ਸੀ, ਪਰ ਫੇਰ ਵੀ ਇਨ੍ਹਾਂ ਦੋਂਹ ਅਮਰੂਦਾਂ ਨੂੰ ਲਭਦਿਆਂ ਕਿਸ਼ਨ ਦੀ ਦਿਹਾੜੀ ਗਰਕ ਹੈ ਗਈ ਸੀ। ਹੇਮਾਂਗਨੀ ਨੇ ਪੁਛਿਆ, ਕਿਸ਼ਨ ਤੈਨੂੰ ਕਿਨ ਦੱਸਿਆ ਸੀ ਕਿ ਮੈਨੂੰ ਬੁਖਾਰ ਹੈ?'

ਕਿਸ਼ਨ ਨੇ ਕੋਈ ਜਵਾਬ ਨ ਦਿਤਾ ।

ਹੇਮਾਂਗਨੀ ਨੇ ਫੇਰ ਪੁਛਿਆ, “ਇਹ ਕੌਣ ਆਖਦਾ ਸੀ ਕਿ ਮੈਂ ਅਮਰੂਦ ਖਾਣਾ ਚਾਹੁੰਦੀ ਹਾਂ?'

ਕਿਸ਼ਨ ਨੇ ਇਹਦਾ ਵੀ ਕੋਈ ਜਵਾਬ ਨਾ ਦਿੱਤਾ। ਉਹਨੇ ਜਿਓਂ ਨੀਵੀਂ ਪਾਈ ਉਤਾਹਾਂ ਝਾਕਿਆ ਹੀ ਨਹੀਂ। ਹੇਮਾਂਗਨੀ ਨੇ ਪਹਿਲਾਂ ਹੀ ਜਾਣ ਲਿਆ ਸੀ ਕਿ ਲੜਕਾ ਸੁਭਾ ਦਾ ਨਰਮ ਤੇ ਸੰਗਾਊ ਹੈ। ਉਸਨੇ ਇਹਦੇ ਸਿਰ ਤੇ ਹੱਥ ਫੇਰਿਆ! ਪ੍ਰੇਮ ਨਾਲ ਡਰ ਦੂਰ ਕਰਕੇ ਉਸ ਪਾਸੋਂ ਬਹੁਤ ਸਾਰੀਆਂ ਗੱਲਾਂ ਪੁਛ ਲਈਂਆਂ, ਉਹਨੇ ਬਹੁਤ ਪ੍ਰੇਮ ਨਾਲ ਅਮਰੂਦ ਕਿਥੋਂ ਲਿਆਂਦੇ, ਪਿੰਡ ਦੀਆਂ ਹੋਰ ਗੱਲਾਂ ਉਹਦੀ ਮਾਂ ਦੀਆਂ ਗੱਲਾਂ, ਇਥੋਂ ਦੇ ਖਾਣ-ਪੀਣ ਦੀ ਹਾਲਤ, ਹੱਟੀ ਉਤਲਾ ਕੰਮ ਆਦਿ ਸਭ ਕੁਛ ਪੁਛ ਲਿਆ। ਫੇਰ ਆਪਣੀਆਂ ਅੱਖਾਂ ਪੂੰਝਦੀ ਹੋਈ ਬੋਲੀ, ਵੇਖ ਕਿਸ਼ਨ ਤੂੰ ਇਸ ਭੈਣ ਨੂੰ ਨਾਂ ਭੁਲਾਵੀਂ। ਜਦੋਂ ਵੀ ਕਿਸੇ ਚੀਜ਼ ਦੀ ਲੋੜ ਹੋਵੇ, ਇੱਥੋਂ ਆਕੇ ਲੈ ਜਾਇਆ ਕਰ।'

ਕਿਸ਼ਨ ਨੇ ਖੁਸ਼ੀ ਨਾਲ ਸਿਰ ਹਿਲਾਕੇ ਆਖਿਆ ‘ਚੰਗਾ’।

ਅਸਲ ਵਿਚ ਪਿਆਰ ਕੀ ਹੁੰਦਾ ਹੈ, ਇਹ ਕਿਸ਼ਨ ਨੇ ਆਪਣੀ ਗਰੀਬ ਮਾਂ ਪਾਸੋਂ ਸਿਖਿਆ ਸੀ। ਇਸੇ ਵਿਚਕਾਰਲੀ ਭੈਣ ਪਾਸੋਂ ਉਸੇ ਪਿਆਰ ਦਾ ਮੁੜ ਸੁਆਦ ਆਕੇ ਉਸਦਾ ਰੁਕਿਆ ਹੋਇਆ ਮਾਂ ਦਾ ਸ਼ੋਕ ਭੁੱਲ ਗਿਆ! ਉਸ ਨੇ ਇਸ ਭੈਣ ਦੀ ਚਰਨ ਧੂੜ ਸਿਰ ਤੇ ਲਾਈ ਤੇ ਖੁਸ਼ੀ ਨਾਲ ਹਵਾ ਵਾਂਗ ਬਾਹਰ ਉਡ ਗਿਆ।

ਪਰ ਉਸਦੀ ਵੱਡੀ ਭੈਣ ਦਾ ਵਿਰੋਧ ਦਿਨਰਾਤ ਵਧਦਾ ਹੀ ਗਿਆ ਕਿਉਂਕਿ ਉਹ ਮਤੇਈ ਮਾਂ ਦਾ ਲੜਕਾ ਸੀ। ਇਹ ਬਿਲਕੁਲ ਬੇ ਆਸਰਾ ਹੈ। ਬਦਨਾਮੀ ਦੇ ਡਰ ਨਾਲ ਉਹਨੂੰ ਪਿਛਾਹਾਂ ਮੋੜਿਆ ਨਹੀਂ ਜਾ ਸਕਦਾ ਤੇ ਘਰ ਰੱਖਕੇ ਉਹ ਖੁਸ਼ ਨਹੀਂ ਸੀ। ਸੋ ਉਹ ਇਹੋ ਸੋਚਦੀ ਸੀ ਕਿ ਜਿੰਨਾਂ ਚਿਰ ਇਹਨੇ ਇਥੇ ਰਹਿਣਾ ਹੈ, ਇਸ ਨੂੰ ਜਿੰਨਾ ਹੋ ਸਕੇ ਵਾਹ ਲੈਣਾ ਚਾਹੀਦਾ ਹੈ। ਘਰ ਆਉਂਦਿਆਂ ਸਾਰ ਹੀ ਭੈਣ ਗਲ ਪੈ ਗਈ। ਕਿਉਂ ਵੇ ਕਿਸ਼ਨ ਨੂੰ ਦੁਪਹਿਰੇ ਦੁਕਾਨ ਤੋਂ ਭੱਜ ਕੇ ਕਿਥੇ ਗਿਆ ਸਾਏਂ?'

ਕਿਸ਼ਨ ਚੁਪਚਾਪ ਖਲੋਤਾ ਰਿਹਾ, ਕਾਦੰਬਨੀ ਨੇ ਬੜੇ ਹੀ ਗੁੱਸੇ ਵਿੱਚ ਆਕੇ ਆਖਿਆ ਛੇਤੀ ਦੱਸ? ਪਰ ਫੇਰ ਵੀ ਕਿਸ਼ਨ ਨੇ ਕੋਈ ਜਵਾਬ ਨਾ ਦਿਤਾ। ਕਾਦੰਬਨੀ ਉਹਨਾਂ ਲੋਕਾਂ ਵਿਚੋਂ ਨਹੀਂ ਸੀ ਜਿਨਾਂ ਦਾ ਕ੍ਰੋਧ ਕਿਸੇ ਨੂੰ ਚੁੱਪ ਕੀਤਾ ਵੇਖ ਸ਼ਾਂਤ ਹੋ ਜਾਂਦਾ ਹੈ। ਇਸ ਵਾਸਤੇ ਉਹ ਕਿਸ਼ਨ ਦੇ ਮੂੰਹੋ ਅਖਵਾਉਣ ਦੀ ਹੋਰ ਵੀ ਜਿਦ ਕਰਨ ਲੱਗੀ। ਅੰਤ ਵਿਚ ਉਹਨਾਂ ਪਾਂਚੂ ਗੋਪਾਲ ਨੂੰ ਸੱਦ ਕੇ ਇਸ ਗਰੀਬ ਦੇ ਕੰਨ ਪਟਵਾਏ ਤੇ ਰਾਤ ਨੂੰ ਇਸਦੇ ਵਾਸਤੇ ਚੌਲ ਨਹੀਂ ਰੱਖੇ।

ਸੱਟ ਭਾਵੇਂ ਕਿਡੀ ਵੱਡੀ ਕਿਉਂ ਨਾ ਹੋਵੇ ਜੇ ਅੱਗੇ ਉਸਦੀ ਕਿਸੇ ਨਾਲ ਟੱਕਰ ਨ ਹੋਵੇ ਤਾਂ ਉਹ ਕੁਝ ਨਹੀਂ ਵਿਗਾੜ ਸਕਦੀ। ਪਹਾੜ ਤੋਂ ਡਿੱਗਿਆਂ ਹੀ ਹੱਡ ਪੈਰ ਨਹੀਂ ਟੁੱਟ ਜਾਂਦੇ। ਉਹ ਤਦ ਟੁੱਟਦੇ ਹਨ ਜਦ ਜ਼ਮੀਨ ਨਾਲ ਆਕੇ ਟਕਰਾਈਦਾ ਹੈ! ਇਹੋ ਗਲ ਕਿਸ਼ਨ ਦੀ ਬਾਬਤ ਸੀ। ਜਦੋਂ ਤੋਂ ਮਾਂ ਦੇ ਵਿਛੋੜੇ ਨੇ ਉਸਦੇ ਥਲਿਓਂ ਜ਼ਮੀਨ ਕੱਢ ਲਈ ਸੀ ਤਦੋਂ ਤੋਂ ਹੀ ਉਸ ਨੂੰ ਕੋਈ ਵੀ ਸੱਟ ਮਿਟੀ ਵਿੱਚ ਨਹੀਂ ਸੀ ਮਿਲਾ ਸਕੀ।ਉਹ ਗਰੀਬ ਦਾ ਲੜਕਾ ਸੀ,ਪਰ ਉਹਨੇ ਕਦੇ ਦੁਖ ਨਹੀਂ ਸੀ ਵੇਖਿਆ ਤੇ ਨਾਹੀ ਕਦੇ ਉਸਨੇ ਝਿੜਕ ਝੰਬ ਹੀ ਖਾਧੀ ਸੀ। ਇਥੇ ਆਕੇ ਕਾਦੰਬਨੀ ਦੀਆਂ ਝਿੜਕਾਂ ਨੂੰ ਉਹ ਤਾਂਹੀ ਸਹਾਰਦਾ ਰਿਹਾ ਸੀ ਕਿ ਉਸ ਦੇ ਪੈਰਾਂ ਥੱਲੇ ਕੋਈ ਆਸਰਾ ਨਹੀਂ ਸੀ। ਪਰ ਅੱਜ ਉਹ ਇਹ ਗੱਲ ਨਾ ਸਹਾਰ ਸਕਿਆ। ਅੱਜ ਉਹ ਹੇਮਾਂਗਨੀ ਦੇ ਮਾਂ ਵਰਗੇ ਉੱਚੇ ਪਿਆਰ ਦੀ ਸਿਲ ਤੇ ਖਲੋਤਾ ਹੋਇਆ ਸੀ ਤੇ ਇਸੇ ਕਰਕੇ ਉਸ ਨੂੰ ਅੱਜ ਦੇ ਅਪਮਾਨ ਨੇ ਬਿਲਕੁਲ ਹਿਲਾ ਦਿਤਾ। ਦੋਵੇਂ ਮਾਂ ਪੁੱਤ ਇਸ ਬੇਗੁਨਾਹ ਬੱਚੇ ਨੂੰ ਝਿੜਕਾਂ ਦੇ ਤੇ ਨਿਰਾਦਰ ਕਰਕੇ ਚਲੇ ਗਏ। ਇਹ ਵਿਚਾਰਾ ਹਨੇਰੇ ਵਿਚ ਹੀ ਜ਼ਮੀਨ ਤੇ ਪਿਆ, ਕਈਆਂ ਦਿਨਾਂ ਪਿੱਛੋਂ ਆਪਣੀ ਮਾਂ ਤੇ ਵਿਚਕਾਰਲੀ ਭੈਣ ਨੂੰ ਯਾਦ ਕਰ ਕਰ ਕੇ ਫੁਟ ਫੁਟ ਕੇ ਰੋਣ ਲੱਗਾ। Page ਫਰਮਾ:Custom rule/styles.css has no content.Script error: No such module "Custom rule".

  1. ਬੰਗਾਲੀ ਠੰਡ ਵਿਚ ਤੇ ਬੁਖਾਰ ਵਿਚ ਕੱਚਾ ਅਮਰੂਦ ਖਾਂਦੇ ਹਨ। 'ਉਲਥਾ ਕਾਰ'