ਸਮੱਗਰੀ 'ਤੇ ਜਾਓ

ਵਿਚਕਾਰਲੀ ਭੈਣ/੫.

ਵਿਕੀਸਰੋਤ ਤੋਂ
41929ਵਿਚਕਾਰਲੀ ਭੈਣ — ੫.ਸ: ਦਸੌਂਧਾ ਸਿੰਘਸ਼ਰਤਚੰਦਰ

੫.

ਦੂਜੇ ਦਿਨ ਕਿਸ਼ਨ ਸਵੇਰੇ ਹੀ ਚੁਪ ਚਾਪ ਹੇਮਾਂਗਨੀ ਦੀ ਪੈਂਦ ਤੇ ਜਾ ਬੈਠਾ। ਹੇਮਾਂਗਨੀ ਨੇ ਆਪਣੇ ਪੈਰ ਥੋੜੇ ਜਹੇ ਉਤਾਂਹ ਖਿੱਚ ਲਏ ਤੇ ਪਿਆਰ ਪੂਰਬਕ ਕਿਹਾ, “ਕਿਸ਼ਨ ਅੱਜ ਦੁਕਾਨ ਤੇ ਕਿਉਂ ਨਹੀਂ ਗਿਆ?"

"ਹੁਣ ਜਾਵਾਂਗਾ।"

"ਚਿਰ ਨਾ ਲਾ ਵੀਰਾ,ਹੁਣੇ ਚਲਿਆ ਜਾਹ ਨਹੀਂ ਤੇ ਉਹ ਗਾਲਾਂ ਕੱਢਣ ਲੱਗ ਜਾਇਗੀ।"

ਕਿਸ਼ਨ ਦਾ ਚਿਹਰਾ ਇਕ ਵਾਰੀ ਲਾਲ ਤੇ ਇਕ ਵਾਰੀ ਫੇਰ ਪੀਲਾ ਪੈ ਗਿਆ। 'ਚੰਗਾ ਜਾਂਦਾ ਹਾਂ’ ਇਹ ਆਖ ਕੇ ਉਹ ਉਠ ਬੈਠਾ। ਐਧਰ ਉਧਰ ਵੇਖ ਕੇ ਉਹ ਕੁਝ ਆਖਣਾ ਚਾਹੁੰਦਾ ਸੀ, ਪਰ ਫੇਰ ਚੁੱਪ ਹੋ ਗਿਆ। ਹੇਮਾਂਗਨੀ ਨੇ ਉਹਦੇ ਮਨ ਦੀ ਗੱਲ ਬੁਝਦੀ ਹੋਈ ਨੇ ਆਖਿਆ, ਕੀ ਮੈਨੂੰ ਕੁਝ ਆਖਦਾ ਹੈਂ?

ਕਿਸ਼ਨ ਨੇ ਜ਼ਮੀਨ ਵੱਲ ਵੇਖਦਿਆਂ ਹੋਇਆਂ ਆਖਿਆ, “ਭੈਣ ਕਲ ਦੀ ਰੋਟੀ ਨਹੀਂ ਮਿਲੀ।"

"ਕੀ ਆਖਿਆਈ ਤੂੰ ਕੱਲ ਦਾ ਭੁੱਖਾ ਏਂ?"

ਕੁਝ ਚਿਰ ਤਾਂ ਹੇਮਾਂਗਨੀ ਚੁੱਪ ਕਰ ਰਹੀ, ਪਰ ਫੇਰ ਉਸ ਦੀਆਂ ਅੱਖਾਂ ਵਿਚ ਅੱਥਰੂ ਆ ਗਏ ! ਉਹਨੇ ਉਹਦਾ ਹੱਥ ਫੜ ਕੇ ਪਾਸ ਬਿਠਾ ਲਿਆ ਤੇ ਸਾਰੀਆਂ ਗੱਲਾਂ ਸੁਣ ਕੇ ਆਖਿਆ “ਕਲ ਰਾਤ ਨੂੰ ਹੀ ਇੱਥੇ ਕਿਉਂ ਨਾ ਆ ਗਿਓਂ?'

ਕਿਸ਼ਨ ਚੁੱਪ ਹੋ ਰਿਹਾ। ਹੇਮਾਂਗਨੀ ਪਲੇ ਨਾਲ ਅੱਥਰੂ ਪੂੰਝ ਦੀ ਹੋਈ ਬੋਲੀ, ਵੀਰਾ ਤੈਨੂੰ ਮੇਰੇ ਸਿਰ ਦੀ ਸੌਂਹ ਹੈ, ਕਲ ਤੋਂ ਮੈਨੂੰ ਆਪਣੀ ਮਰੀ ਹੋਈ ਮਾਂ ਦੀ ਥਾਂ ਹੀ ਸਮਝਣਾ।

ਕਿਸੇ ਵੇਲੇ ਇਹ ਗੱਲਾਂ ਕਾਦੰਬਨੀ ਕੋਲ ਵੀ ਪੁਜ ਗਈਆਂ, ਉਹਨੇ ਆਪਣੇ ਘਰ ਵਿਚਕਾਰਲੀ ਨੋੋਂਹ ਨੂੰ ਸੱਦ ਕੇ ਆਖਿਆ, “ਕੀ ਮੈਂ ਆਪਣੇ ਭਰਾ ਨੂੰ ਖਿਲਾ ਨਹੀਂ ਸਕਦੀ ਜੋ ਤੂੰ ਉਹਦੇ ਗਲ ਪੈਕੇ ਐਨੀਆਂ ਗੱਲਾਂ ਕਰਨ ਗਈਓਂ?"

ਗੱਲਾਂ ਦਾ ਢੰਗ ਵੇਖਕੇ ਹੇਮਾਂਗਨੀ ਦੇ ਸਾਰੇ ਸਰੀਰ ਵਿਚ ਅੱਗ ਲੱਗ ਗਈ । ਪਰ ਉਹਨੇ ਫੇਰ ਵੀ ਇਸ ਭਾਵ ਨੂੰ ਲੁਕਾ ਕੇ ਆਖਿਆ, ਜੇ ਮੈਂ ਉਹਦੇ ਗਲ ਪੈਕੇ ਹੀ ਕੁਝ ਆਖਿਆ ਹੈ ਤਾਂ ਇਹਦੇ ਵਿਚ ਬੁਰਾ ਕੀ ਹੋਗਿਆ?

ਕਾਦੰਬਨੀ ਨੇ ਆਖਿਆ, ਜੇ ਮੈਂ ਤੁਹਾਡੇ ਲੜਕੇ ਸੱਦ ਕੇ ਏਦਾਂ ਦੀਆਂ ਗੱਲ ਆਖਾਂ ਤਾਂ ਤੇਰੀ ਕੀ ਇੱਜ਼ਤ ਰਹੇ? ਜੇ ਤੂੰ ਇਸੇ ਤਰਾਂ ਉਸਨੂੰ ਸੀਖੀ ਜਾਏਂਗੀ ਤਾਂ ਮੈਂ ਉਹਨੂੰ ਕਿਦਾਂ ਕਾਬੂ ਵਿੱਚ ਰਖ ਸਕਾਂਗੀ ?'

ਹੁਣ ਹੇਮਾਂਗਨੀ ਪਾਸੋਂ ਨਾ ਸਹਾਰਿਆ ਗਿਆ, ਉਸ ਨੇ ਆਖਿਆ "ਭੈਣ ਮੈਂ ਪੰਦਰਾਂ ਸੋਲਾਂ ਸਾਲ ਤੇਰੇ ਨਾਲ ਵਰਤ ਕੇ ਤੈਨੂੰ ਚੰਗੀ ਤਰਾਂ ਪਛਾਣ ਚੁਕੀ ਹਾਂ। ਪਹਿਲਾਂ ਆਪਣੇ ਲੜਕੇ ਨੂੰ ਭੁੱਖਾ ਰਖਕੇ ਉਹਦੇ ਤੇ ਕਾਬੂ ਪਾਓ ਫੇਰ ਮੈਂ ਗਲ ਲਗਕੇ ਗਲਾਂ ਨਹੀਂ ਕਰਾਂਗੀ।

ਕਾਦੰਬਨੀ ਨੇ ਚੁੱਪ ਜਹੀ ਵੱਟ ਕੇ ਆਖਿਆ, “ਉਹ ਮੇਰੇ ਪਾਂਚੂ ਗੋਪਾਲ ਨਾਲ ਰੱਲ ਗਿਆ? ਦੇਵਤੇ ਦੇ ਨਾਲ ਬਾਂਦਰ ਦੀ ਬਰਾਬਰੀ? ਮੈਂ ਸੋਚਦੀ ਹਾਂ ਪਤਾ ਨਹੀਂ ਤੂੰ ਏਸ ਤੋਂ ਬਿਨਾਂ ਹੋਰ ਕੀ ਆਖਦੀ ਫਿਰੇਂਗੀ?

ਹੇਮਾਂਗਨੀ ਨੇ ਜਵਾਬ ਦਿਤਾ, ਮੈਂ ਜਾਣਦੀ ਹਾਂ ਕਿ ਕਿਹੜਾ ਦੇਵਤਾ ਹੈ ਤੇ ਕਿਹੜਾ ਬਾਂਦਰ। ਹੁਣ ਮੈਂ ਹੋਰ ਕੁਝ ਨਹੀਂ ਆਖਦੀ, ਜੇ ਆਖਾਂਗੀ ਤਾਂ ਇਹੋ ਕਿ ਤੇਰੇ ਵਰਗੀ ਬੇਸ਼ਰਮ ਤੇ ਬੇਹੱਯਾ ਔਰਤ ਦੁਨੀਆਂ ਵਿਚ ਹੋਰ ਕੋਈ ਨਹੀਂ।

ਇਹ ਆਖਕੇ ਬਿਨਾ ਕਿਸੇ ਜੁਵਾਬ ਉਡੀਕੇ ਦੇ ਹੇਮਾਂਗਨੀ ਨੇ ਆਪਣੀ ਬਾਰੀ ਬੰਦ ਕਰ ਲਈ । ਉਸ ਦਿਨ ਸ਼ਾਮ ਨੂੰ ਘਰ ਵਾਲਿਆਂ ਦੇ ਘਰ ਆਉਣ ਤੋਂ ਪਹਿਲੋਂ ਵੱਡੀ ਨੋਂਹ ਨੇ ਆਪਣੇ ਵਿਹੜੇ ਵਿਚ ਖਲੋਕੇ ਟਹਿਲਣ ਨੂੰ ਇਸ਼ਾਰਾ ਕਰਦੀ ਹੋਈ ਨੇ ਗੱਜ ਗੱਜ ਕੇ ਆਖਣਾ ਸ਼ੁਰੂ ਕਰ ਦਿੱਤਾ, "ਜੋ ਦਿਨ ਰਾਤ ਕਰਦੇ ਨੇ ਉਹੋ ਇਸ ਨੂੰ ਖੋਲ੍ਹ ਕੇ ਦਸ ਸਕਣਗੇ। ਵੇਖਾਂਗੀ ਕਿ ਮਾਂ ਨਾਲੋਂ ਵਧੇਰੇ ਮਾਸੀ ਨੂੰ ਦਰਦ ਹੁੰਦਾ ਹੈ। ਆਪਣੇ ਭਰਾ ਦੀ ਦੁਖ ਪੀੜ ਮੈਂ ਨਹੀਂ ਸਮਝਦੀ ਤੇ ਲੋਕ ਬਹੁਤ ਸਮਝਦੇ ਹਨ। ਜਿਹੜਾ ਸਾਨੂੰ ਭੈਣ ਭਰਾਵਾਂ ਨੂੰ ਆਪੋ ਵਿਚ ਦੀ ਲੜਾਕੇ ਬਾਹਰ ਖੜਾ ਤਮਾਸ਼ਾ ਵੇਖੇਗਾ ਇਸ ਦਾ ਕਦੇ ਵੀ ਭਲਾ ਨਹੀਂ ਹੋਣਾ, ਮੈਂ ਸਾਫ ਸਾਫ ਆਖ ਦੇਂਦੀ ਹਾਂ।" ਇਹ ਆਖਕੇ ਕਾਦੰਬਨੀ ਰਸੋਈ ਵਿਚ ਚਲੀ ਗਈ।

ਦਿਰਾਣੀ ਜਿਠਾਣੀ ਵਿਚ ਏਹੋ ਜਹੀਆਂ ਝੜਫਾਂ ਕਈ ਵਾਰੀ ਹੋ ਚੁਕੀਆਂ ਹਨ, ਪਰ ਅੱਜ ਕੁਝ ਤੇਜੀ ਜਿਆਦਾ ਸੀ। ਕਈ ਵੇਰ ਹੇਮਾਂਗਨੀ ਇਸ ਦੀਆਂ ਗੱਲਾਂ ਸੁਣ ਕੇ ਵੀ ਅਨਸੁਣੀਆਂ ਕਰ ਛਡਦੀ ਸੀ, ਸਮਝ ਕੇ ਵੀ ਆਪਣੇ ਉਤੇ ਨਹੀਂ ਸੀ ਲੈਂਦੀ, ਪਰ ਅੱਜ ਉਸ ਦਾ ਸਰੀਰ ਠੀਕ ਨਹੀਂ ਸੀ। ਇਸ ਕਰਕੇ ਉਹ ਵੀ ਉਠ ਆਈ ਤੇ ਖਿੜਕੀ ਦੇ ਪਾਸ ਆ ਕੇ ਕਹਿਣ ਲੱਗੀ, "ਬੀਬੀ ਇਹੋ ਆਖ ਕੇ ਕਿਉਂ ਚੁਪ ਹੋ ਗਈ? ਸ਼ਾਇਦ ਭਗਵਾਨ ਨੇ ਹੁਣ ਤੱਕ ਤੇਰੀ ਸੁਣੀ ਨਾ ਹੋਵੇ। ਜਰਾ ਹੋਰ ਥੋੜਾ ਚਿਰ ਸਾਡੇ ਬਾਰੇ ਵਿਚ ਰੱਬ ਨੂੰ ਕੁਝ ਕਹਿ ਸੁਣ ਲੈ। ਜੀਤ ਜੀ ਆਉਣ, ਉਹ ਵੀ ਸੁਣ ਲੈਣ । ਜੇ ਹੁਣੇ ਹੀ ਥੱਕ ਗਈਓ ਤਾਂ ਫੇਰ ਕੀ ਬਣੇਗਾ?"

ਕਾਦੰਬਨੀ ਵੀ ਭੱਜੀ ਭੱਜੀ ਵਿਹੜੇ ਵਿਚ ਆ ਗਈ। ਸਿਰ ਉਠਾ ਕੇ ਕਹਿਣ ਲੱਗੀ, 'ਮੈਂ ਕਿਸੇ ਔਂਤਰੇ ਨਿਖੱਤੇ ਦਾ ਨਾ ਲਿਆ ਏ?'

ਹੇਮਾਂਗਨੀ ਨੇ ਉੱਦਾਂ ਹੀ ਸਹਿ ਸੁਭਾ ਆਖਿਆ, “ਭਲਾ ਤੈਨੂੰ ਨਾ ਲੈਣ ਦੀ ਕੀ ਲੋੜ ਹੈ । ਕੀ ਲੋਕੀ ਸਮਝ ਨਹੀਂ ਸਕਦੇ? ਤੂੰ ਹੀ ਸਭ ਨਾਲੋਂ ਸਿਆਣੀ ਏਂ। ਇਹ ਕੀਹਦੇ ਸਿਰ ਵਿਚ ਭਿਉਂ ਭਿਉਂ ਕੇ ਮਾਰ ਰਹੀਏਂ ਕੀ ਇਹਨੂੰ ਕੋਈ ਵੀ ਨਹੀਂ ਸਮਝਦਾ?"

ਹੁਣ ਕਾਦੰਬਨੀ ਨੇ ਆਪਣਾ ਅਸਲੀ ਰੂਪ ਧਾਰਿਆ, ਚੰਗੀ ਤਰਾਂ ਜੀ ਖੋਲ੍ਹਕੇ ਤੇ ਹੱਥ ਮਾਰ ਮਾਰਕੇ ਲੜਨ ਲੱਗੀ, “ਕੋਈ ਸੌ ਵਾਰੀ ਸਮਝੇ, ਮੇਰੀ ਵਜੇ ਜੁੱਤੀ ਤੋਂ। ਜਿਹੜਾ ਕਾਣਾ ਹੁੰਦਾ ਹੈ, ਉਹ ਕਿੱਦਾਂ ਚੁੱਪ ਕਰਕੇ ਸੁਣ ਸਕਦਾ ਹੈ? ਫੇਰ ਕੀ ਤੂੰ ਹੀ ਸਭ ਨਾਲੋਂ ਸਿਆਣੀ ਰਹਿ ਗਈ ਏਂ? ਜਦੋਂ ਕਿਸ਼ਨ ਆਇਆ ਸੀ, ਚਪੇੜ ਖਾਕੇ ਵੀ ਨਹੀਂ ਸੀ ਉਭਾਸਰਦਾ। ਜੋ ਆਖਦੀ ਸਾਂ ਚੁੱਪ ਚਾਪ ਕਹੀ ਜਾਂਦਾ ਸੀ, ਹੁਣ ਅਜੇ ਦੁਪਿਹਰੇ ਉਹ ਕਿਸੇ ਦੀ ਛਹਿ ਨਾਲ ਜਵਾਬ ਦੇ ਗਿਆ ਹੈ, ਜ਼ਰਾ ਪ੍ਰਸੰਨ ਦੀ ਮਾਂ ਨੂੰ ਪੁੱਛ ਲੈ ਖਾਂ।

ਪਸੰਨ ਦੀ ਮਾਂ ਨੇ ਆਖਿਆ, ਇਹ ਤਾਂ ਠੀਕ ਹੈ । ਅਜ ਦੁਪਹਿਰ ਨੂੰ ਜਦੋਂ ਉਸ ਚਾਵਲ ਛੱਡ ਦਿਤੇ ਤਾਂ ਮਾਲਕਿਆਣੀ ਨੇ ਆਖਿਆ, ਜੂਠ ਕਿਉਂ ਛੱਡੀਊ? ਇਹ ਸੁਣ ਕੇ ਉਸ ਨੇ ਕਿਹਾ ਛੱਡੀਊ। ਮੈਂ ਆਪਣੀ ਵਿਚਕਾਰਲੀ ਭੈਣ ਦੇ ਹੁੰਦਿਆਂ ਕਿਸੇ ਪਾਸੋਂ ਨਹੀਂ ਡਰਦਾ।

ਕਾਦੰਬਨੀ ਨੇ ਮਾਣ ਨਾਲ ਆਖਿਆ, ਹੁਣ ਤਾਂ ਮਲੂਮ ਹੋਗਿਆ ਕਿ ਨਾਂ? ਦਸ ਕਿਹਦੀ ਸ਼ਹਿ ਨਾਲ ਉਹ ਐਨਾ ਬੇ ਖੌਫ ਹੋ ਗਿਆ ਹੈ ? ਮੈਂ ਤੈਨੂੰ ਸਾਫ ਆਖ ਦੇਂਦੀ ਹਾਂ ਕਿ ਤੂੰ ਉਹਨੂੰ ਘੜੀ ਮੁੜੀ ਨ ਸਦਿਆ ਕਰ, ਸਾਡੇ ਭੈਣ ਭਰਾਵਾਂ ਦੇ ਵਿਚ ਤੂੰ ਨਾ ਲੱਤਾਂ ਅੜਾ |

ਹੇਮਾਂਗਨੀ ਨੇ ਫੇਰ ਕੁਝ ਨਾ ਆਖਿਆ,ਇੱਕ ਕੀੜਾ ਵੀ ਸੱਪ ਵਾਂਗ ਕੱਟਣ ਨੂੰ ਪੈਂਦਾ ਹੈ,ਇਹ ਵੇਖਕੇ ਉਹ ਬਹੁਤ ਹੈਰਾਨ ਹੋ ਗਈ। ਉਹ ਖਿੜਕੀ ਤੋਂ ਪਿਛੇ ਹੱਟਕੇ ਬਹਿ ਗਈ। ਹੇਮਾਂਗਨੀ ਦਾ ਸਿਰ ਫੇਰ ਭਾਰਾ ਹੋਗਿਆ ਤੇ ਉਹ ਬੁਖਾਰ ਜਿਹਾ ਮਲੂਮ ਹੋਣ ਲਗਾ । ਏਸੇ ਕਰਕੇ ਉਹ ਮੁਰਦਿਆਂ ਵਾਂਗ ਪਲੰਘ ਤੇ ਹੋ ਰਹੀ ਇਸ ਦਾ ਸੁਆਮੀ ਕਮਰੇ ਵਿਚ ਵੜਦਾ ਹੀ ਬਿਨਾਂ ਕੁਝ ਵੇਖੇ ਦੇ ਆਖਣ ਲੱਗਾ, ਅਜ ਭਾਬੀ ਦੇ ਭਰਾ ਦੀ ਬਾਬਤ ਕੀ ਝਗੜਾ ਖੜਾ ਕਰ ਲਿਆ ਹੈ? ਕਿਸੇ ਦੀ ਕੋਈ ਸੁਣਦੇ ਹੁੰਦੇ ਹੋ ਕਿ ਨਹੀਂ। ਜਿਸ ਕਰਮਾਂ ਮਾਰੇ ਦੇ ਪਿਛੇ ਹੱਥ ਧੋ ਕੇ ਪੈ ਜਾਓਗੇ ਉਹਦਾ ਖਹਿੜਾ ਵੀ ਛਡੋਗੇ ਜਾਂ ਨਹੀਂ? ਮੈਨੂੰ ਰੋਜ਼ ਦਾ ਇਹ ਬਖੇੜਾ ਚੰਗਾ ਨਹੀਂ ਲਗਦਾ। ਅੱਜ ਭਾਬੀ ਨੇ ਮੈਨੂੰ ਕਈ ਗਲਾਂ ਸੁਣਾਈਆਂ ਹਨ।

ਹੇਮਾਂਗਨੀ ਨੇ ਠੰਢੇ ਸੁਭਾ ਨਾਲ ਜਵਾਬ ਦਿਤਾ ਤੁਹਾਡੀ ਭਾਬੀ ਹੱਕ ਦੀ ਗਲ ਕਦੇ ਕਰਦੀ ਹੈ ਜੋ ਅੱਜ ਹੀ ਨਾਹੱਕੀਆਂ ਸੁਣਾ ਦਿੱਤੀਆਂ ਹਨ।

ਪਰ ਅੱਜ ਤਾਂ ਉਸਨੇ ਠੀਕ ਹੀ ਆਖਿਆ ਹੈ। ਮੈਂ ਤੇਰਾ ਸੁਭਾ ਜਾਣਦਾ ਹਾਂ। ਉਸ ਦਿਨ ਗੁਆਲੇ ਦੇ ਲੜਕੇ ਦੀ ਬਾਬਤ ਵੀ ਏਦਾਂ ਹੀ ਕੀਤਾ ਸੀ, ਮੋਤੀ ਕੁਮਿਹਾਰ ਦੇ ਭਾਣਜੇ ਦਾ ਇਹੋ ਜਿਹਾ ਚੰਗਾ ਬਾਗ ਤੇਰੇ ਕਰਕੇ ਹੀ ਹਥੋਂ ਨਿਕਲ ਗਿਆ ਸੀ, ਉਲਟਾ ਪੁਲਸ ਨੂੰ ਠੰਡਿਆਂ ਕਰਨ ਲਈ ਸੌ ਡੇਢ ਸੌ ਰੁਪੈ ਦੇਣੇ ਪਏ ਸਨ ਕੀ ਤੂੰ ਆਪਣਾ ਭਲਾ ਬੁਰਾ ਵੀ ਨਹੀਂ ਸਮਝਦੀ? ਆਖਰ ਤੇਰਾ ਇਹ ਸੁਭਾ ਕਦੋਂ ਜਾਇਗਾ?

ਹੁਣ ਹੇਮਾਂਗਨੀ ਉੱਠ ਕੇ ਬਹਿ ਗਈ ਤੇ ਆਪਣੇ ਪਤੀ ਦੇ ਮੂੰਹ ਵਲ ਵੇਖਕੇ ਬੋਲੀ, 'ਮੇਰਾ ਸੁਭਾ ਤਾਂ ਮਰਨ ਤੋਂ ਪਹਿਲਾਂ ਨਹੀਂ ਬਦਲ ਸਕਦਾ, ਮੈਂ ਹਾਂ ਮੇਰੇ ਕੁੱਛੜ ਬੱਚੇ ਹਨ ਤੇ ਫੇਰ ਭਗਵਾਨ ਹਨ। ਇਹਦੇ ਤੋਂ ਵੱਧ ਹੋਰ ਕੁਛ ਮੈਂ ਆਖਣਾ ਨਹੀਂ ਚਾਹੁੰਦੀ ਮੇਰਾ ਦਿਲ ਖਰਾਬ ਹੈ ਬਹੁਤਾ ਬੋਲ ਨਹੀਂ ਸਕਦੀ ਹੁਣ ਤੁਸੀ ਚਲੇ ਜਾਓ?' ਇਹ ਆਖਕੇ ਉਹ ਚਾਦਰ ਤਾਣ ਕੇ ਤੇ ਪਾਸਾ ਮੋੜ ਕੇ ਲੰਮੀ ਪੈ ਗਈ।

ਵਿਪਨ ਨੂੰ ਹੋਰ ਝਗੜਾ ਕਰਨ ਦਾ ਹੌਸਲਾ ਨਾ ਹੋ ਸਕਿਆ ਪਰ ਉਹ ਮਨ ਹੀ ਮਨ ਵਿਚ ਆਪਣੀ ਇਸਤਰੀ ਤੇ ਇਸ ਰਾਹ ਜਾਂਦੀ ਬਲਾ ਕਿਸ਼ਨ ਤੇ ਬਹੁਤ ਹੀ ਚਿੜ ਗਿਆ।