ਸ਼ਗਨਾਂ ਦੇ ਗੀਤ/ਆਉਂਦੀ ਕੁੜੀਏ ਜਾਂਦੀਏ ਕੁੜੀਏ

ਵਿਕੀਸਰੋਤ ਤੋਂ


ਆਉਂਦੀ ਕੁੜੀਏ ਜਾਂਦੀਏ ਕੁੜੀਏ

"ਆਉਂਦੀ ਕੁੜੀਏ ਜਾਂਦੀਏ ਕੁੜੀਏ" ਪੰਜਾਬੀ ਲੋਕ-ਕਾਵਿ ਦਾ ਅਲੋਪ ਹੋ ਰਿਹਾ ਵਲੱਖਣ ਕਾਵਿ-ਰੂਪ ਹੈ ਜਿਸ ਨੂੰ ਵਿਆਹ ਦੇ ਅਵਸਰ ਤੇ ਮੇਲਣਾਂ, ਬੜੇ ਚਾਵਾਂ ਨਾਲ਼ ਗਾਉਂਦੀਆਂ ਹਨ। ਇਹ ਸਿਠਣੀਆਂ ਦਾ ਹੀ ਇਕ ਹੋਰ ਰੂਪ ਹੈ ਜੋ ਮਾਲਵੇ ਵਿਚ ਹੀ ਪ੍ਰਚੱਲਤ ਰਿਹਾ ਹੈ। ਇਹ ਉੱਚੀ ਸੁਰ ਵਿਚ, ਸਮੂਹਕ ਰੂਪ ਵਿਚ, ਚਲਦਿਆਂ ਚਲਦਿਆਂ ਗਾਏ ਜਾਣ ਵਾਲ਼ੇ ਹਾਸ-ਵਿਅੰਗ ਭਰਪੂਰ ਲੋਕ ਗੀਤ ਹਨ ਜਿਨ੍ਹਾਂ ਨੂੰ ਗਾ ਕੇ ਔਰਤਾਂ ਆਪਣੇ ਦਿਲਾਂ ਦੇ ਗੁਭ ਗੁਭਾੜ ਹੀ ਨਹੀਂ ਕਢਦੀਆਂ ਬਲਕਿ ਸਮੁੱਚੇ ਵਾਤਾਵਰਣ ਵਿਚ ਹਾਸ-ਵਿਨੋਦ ਦਾ ਸੰਚਾਰ ਵੀ ਕਰਦੀਆਂ ਹਨ। ਇਹਨਾਂ ਗੀਤਾਂ ਵਿਚ ਪੌਣੀ ਸਦੀ ਪਹਿਲਾਂ ਦੇ ਪੇਂਡੂ ਪੰਜਾਬ ਦੇ ਇਤਿਹਾਸ ਦੇ ਅਵਿਸ਼ੇਸ਼ ਵਿਦਮਾਨ ਹਨ ਜਿਨ੍ਹਾਂ ਵਿਚੋਂ ਪੁਰਾਣੇ ਪੰਜਾਬ ਦੇ ਸਮਾਜਿਕ ਤੇ ਸਭਿਆਚਾਰਕ ਦ੍ਰਿਸ਼ ਸਾਫ ਦਿਸ ਆਉਂਦੇ ਹਨ।

ਓਦੋਂ ਵਿਆਹ ਦਾ ਅਵਸਰ ਸਮੁੱਚੇ ਭਾਈਚਾਰੇ ਲਈ ਖ਼ੁਸ਼ੀਆਂ ਦਾ ਢੋਆ ਲੈ ਕੇ ਆਉਂਦਾ ਸੀ ਤੇ ਪੰਜਾਬ ਦਾ ਲੋਕ ਮਾਨਸ ਇਸ ਦੇ ਪਲ ਪਲ ਨੂੰ ਮਾਣਦਾ ਹੋਇਆ ਆਪਣੇ ਪੱਬ ਧਰਤੀ ਤੇ ਨਹੀਂ ਸੀ ਲਾਉਂਦਾ। ਬਰਾਤਾਂ ਤਿੰਨ ਤਿੰਨ, ਚਾਰ ਚਾਰ ਦਿਨ ਕੁੜੀ ਵਾਲ਼ਿਆਂ ਦੇ ਪਿੰਡੋਂ ਨਹੀਂ ਸੀ ਮੁੜਦੀਆਂ ਅਤੇ ਔਰਤਾਂ ਅਜ ਵਾਂਗ ਬਰਾਤ ਵਿਚ ਸ਼ਾਮਲ ਨਹੀਂ ਸੀ ਹੁੰਦੀਆਂ। ਓਧਰ ਧੂੜਾਂ ਪੁਟਦਿਆਂ ਬਰਾਤ ਨੇ ਤੁਰਨਾ ਏਧਰ ਵਿਆਹ ਵਾਲ਼ੇ ਘਰ ਨਾਨਕਾ ਮੇਲ਼ ਅਤੇ ਹੋਰ ਰਿਸ਼ਤੇਦਾਰੀਆਂ 'ਚੋਂ ਆਈਆਂ ਮੇਲਣਾਂ ਨੇ ਨੱਚ ਟੱਪ ਕੇ ਕੋਈ ਸਮਾਂ ਬੰਨ੍ਹ ਦੇਣਾ- ਕਿਧਰੇ ਛੱਜ ਕੁਟਣੇ, ਕਿਧਰੇ ਗਿੱਧੇ-ਫੜੂਹੇ ਨੇ ਮੱਘ ਪੈਣਾ ਤੇ ਕਿਧਰੇ ਜਾਗੋ ਕਢਣੀ।

ਖੌਰੂ ਪਾਉਂਦੀਆਂ ਚਾਵਾਂ ਮੱਤੀਆਂ ਮੇਲਣਾਂ ਨੇ ਜਦੋਂ ਵਿਆਹ ਵਾਲ਼ੇ ਘਰ ਤੋਂ ਸਵੇਰ-ਸ਼ਾਮ ਬਾਹਰ ਬੈਠਣ ਲਈ ਜਾਣਾ ਜਾਂ ਸ਼ਰੀਕੇ ਵਿਚ ਪਰੋਸੇ ਫੇਰਨ ਜਾਂ ਜਠੇਰਿਆਂ ਤੇ ਮੱਥਾ ਟਕਾਉਣ ਲਈ ਬਾਹਰ ਨਿਕਲਣਾ ਤਾਂ ਸਾਰੀਆਂ ਮੇਲਣਾਂ ਨੇ ਤੁਰਦਿਆਂ ਫਿਰਦਿਆਂ ਸਮੂਹਕ ਰੂਪ ਵਿਚ "ਆਉਂਦੀ ਕੁੜੀਏ ਜਾਂਦੀਏ ਕੁੜੀਏ" ਨਾਮੀ ਗੀਤ ਲੰਮੀ ਹੇਕ ਨਾਲ਼ ਗਾ ਕੇ ਆਪਣੀ ਹੋਂਦ ਦਾ ਅਹਿਸਾਸ ਕਰਵਾਉਣਾ। ਵਿਆਹੀਆਂ ਔਰਤਾਂ-ਮੁਟਿਆਰਾਂ ਘੱਗਰੇ ਪਾਉਂਦੀਆਂ ਸਨ ਤੇ ਅਲ੍ਹੜ ਮੁਟਿਆਰਾਂ ਫਬਵੇਂ ਰੰਗ ਬਰੰਗੇ ਸੂਟਾਂ ਵਿਚ ਸਜੀਆਂ ਮਨੋਹਰ ਨਜ਼ਾਰਾਂ ਪੇਸ਼ ਕਰਦੀਆਂ ਸਨ। ਉਹਨਾਂ ਤੁਰਨ ਸਮੇਂ ਮੰਗਲਾ ਚਰਨ ਵਜੋਂ ਗੁਰੂਆਂ ਨੂੰ ਯਾਦ ਕਰਦਿਆਂ ਗੀਤ ਆਰੰਭ ਦੇਣੇ:

ਆਉਂਦੀ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਕਾਨਾ

ਭਗਤੀ ਦੋ ਕਰਗੇ
ਗੁਰੂ ਨਾਨਕ ਤੇ ਮਰਦਾਨਾ
ਭਗਤੀ ਦੋ ਕਰਗੇ

ਕਿਸੇ ਗੋਬਿੰਦ ਦਾ ਜਸ ਗਾਉਣਾ:

ਆਉਂਦੀ ਕੁੜੀਏ ਜਾਂਦੀਏ ਕੁੜੀਏ
ਬਹਿ ਪਟੜੇ ਪਰ ਨਾਹ ਲੈ
ਭਜਨ ਕਰ ਗੋਬਿੰਦ ਦਾ
ਮੁੱਖੋਂ ਮੰਗੀਆਂ ਮੁਰਾਦਾਂ ਪਾ ਲੈ
ਭਜਨ ਕਰ ਗੋਬਿੰਦ ਦਾ

ਕਿਸੇ ਝਾਂਜਰਾਂ ਵਾਲ਼ੀ ਨੇ ਸ਼ਰੀਕੇ ਵਾਲ਼ਿਆਂ ਨੂੰ ਸੱਦਾ ਦੇਣਾ:-

ਆਉਂਦੀ ਕੁੜੀਏ ਜਾਂਦੀਏ ਕੁੜੀਏ
ਭਰ ਲਿਆ ਕਣਕ ਦੀ ਥਾਲ਼ੀ
ਭੋਗ ਪੈਂਦਾ ਖੰਡ ਪਾਠ ਦਾ
ਸੱਦਾ ਦੇ ਗੀ ਝਾਂਜਰਾਂ ਵਾਲ਼ੀ
ਭੋਗ ਪੈਂਦਾ ਖੰਡ ਪਾਠ ਦਾ

ਭਗਤੀ ਭਾਵਨਾ ਵਾਲੇ਼ ਗੀਤਾਂ ਤੋਂ ਬਾਅਦ ਉਹਨਾਂ ਵੀਰ-ਪਿਆਰ ਦੀ ਭਾਵਨਾ ਵਾਲੇ਼ ਗੀਤ ਆਰੰਭ ਦੇਣੇ। ਭੈਣ ਤਾਂ ਮਾਣ-ਤਾਣ ਦੀ ਭੁੱਖੀ ਹੈ:-

ਆਉਂਦੀ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਝਾਵਾਂ
ਕਹਿ ਦਿਓ ਮੇਰੇ ਚੰਦ ਵੀਰ ਨੂੰ
ਮੇਰੀ ਆਮਨਾ ਰੱਖੇ ਤਾਂ ਆਵਾਂ
ਕਹਿ ਦਿਓ ਮੇਰੇ ਚੰਦ ਵੀਰ ਨੂੰ

ਭੈਣਾਂ ਤਾਂ ਵੀਰ ਦਾ ਪਿਆਰ ਲੋਚਦੀਆਂ ਹਨ, ਜੇ ਪਿਆਰ ਹੀ ਨਾ ਮਿਲੇ ਤਾਂ ਹਰਖਣਾ ਤਾਂ ਜਾਇਜ਼ ਹੀ ਹੈ:-

ਆਉਂਦੀ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਖੀਰਾ
ਹਰਖਾਂ ਨਾਲ਼ ਮੈਂ ਭਰਗੀ
ਮੇਰਾ ਸਿਰ ਨਾ ਪਲੋਸਿਆ ਵੀਰਾ
ਹਰਖਾਂ ਨਾਲ਼ ਮੈਂ ਭਰਗੀ

ਕੋਈ ਭੈਣ ਨਹੀਂ ਚਾਹੁੰਦੀ ਕਿ ਉਹਦਾ ਭਰਾ ਉਹਦੇ ਨਾਲ਼ੋਂ ਨਾਤਾ ਤੋੜ ਲਵੇ:-

ਆਉਂਦੀ ਕੁੜੀਏ ਜਾਂਦੀਏ ਕੁੜੀਏ
ਰਿਝਦੀ ਖੀਰ ਵਿਚ ਡੋਈ

ਟੁੱਟ ਕੇ ਨਾ ਬਹਿਜੀਂ ਵੀਰਨਾ
ਭੈਣਾਂ ਵਰਗਾ ਸਾਕ ਨਾ ਕੋਈ
ਟੁਟਕੇ ਨਾ ਬਹਿਜੀਂ ਵੀਰਨਾ

ਭੈਣ ਵੀਰ ਦਾ ਮੁਖੜਾ ਤਕਦੇ ਸਾਰ ਹੀ ਖਿੜ ਜਾਂਦੀ ਹੈ। ਜਦੋਂ ਉਹ ਨਵੀਂ ਵਹੁਟੀ ਲੈ ਕੇ ਘਰ ਆਉਂਦਾ ਹੈ ਤਾਂ ਬਾਬਲ ਦਾ ਘਰ ਚਾਨਣ ਨਾਲ਼ ਭਰ ਜਾਂਦਾ ਹੈ:--

ਆਉਂਦੀ ਕੁੜੀਏ ਜਾਂਦੀਏ ਕੁੜੀਏ
ਚਕ ਲਿਆ ਬਜ਼ਾਰ ਵਿਚੋਂ ਡੋਈ
ਵੀਰ ਘਰ ਆਉਂਦੇ ਨੂੰ
ਚੰਦ ਵਰਗੀ ਰੋਸ਼ਨੀ ਹੋਈ
ਵੀਰ ਘਰ ਆਉਂਦੇ ਨੂੰ

ਵੀਰਾਂ ਦੇ ਘਰ ਜਦੋਂ ਖ਼ੁਸ਼ੀਆਂ ਆਉਂਦੀਆਂ ਹਨ ਉਦੋਂ ਭੈਣਾਂ ਉਹਨਾਂ ਪਾਸੋਂ ਗਹਿਣੇ ਦੀ ਸੁਗਾਤ ਮੰਗਦੀਆਂ ਹਨ:-

ਆਉਂਦੀ ਕੁੜੀਏ ਜਾਂਦੀਏ ਕੁੜੀਏ
ਹਰੀਆਂ ਹਰੀਆਂ ਕਣਕਾਂ
ਉੱਤੇ ਉਡਣ ਭੰਬੀਰੀਆਂ
ਬੋਲੋ ਵੀਰੋ ਵੇ
ਭੈਣਾਂ ਮੰਗਣ ਜੰਜੀਰੀਆਂ

ਪ੍ਰਦੇਸ ਵਿਚ ਕਮਾਈ ਕਰਨ ਗਏ ਵੀਰਾਂ ਦੀ ਸਿਕ ਭੈਣਾਂ ਨੂੰ ਸਦਾ ਤੜਪਾਉਂਦੀ ਰਹਿੰਦੀ ਹੈ:-

ਆਉਂਦੀ ਕੁੜੀਏ ਜਾਂਦੀਏ ਕੁੜੀਏ
ਪਾਣੀ ਡੋਲ੍ਹਿਆ ਤਿਲਕਣ ਨੂੰ
ਵੀਰ ਉਠਗੇ ਵੀਰ ਉਠਗੇ
ਰੁਪੀਆਂ ਵਾਲ਼ੀ ਮਿਰਕਣ ਨੂੰ
ਵੀਰ ਉਠਗੇ

ਸਮਾਜਕ ਤੇ ਆਰਥਕ ਕਾਰਨਾਂ ਕਾਰਨ ਕਈ ਵੇਰ ਵੀਰ ਭੈਣਾਂ ਨਾਲ਼ੋਂ ਨਾਤਾ ਤੋੜ ਲੈਂਦੇ ਹਨ ਤਾਂ ਭੈਣ ਦਾ ਦੁੱਖ ਝਲਿਆ ਨੀ ਜਾਂਦਾ:-

ਆਉਂਦੀ ਕੁੜੀਏ ਜਾਂਦੀਏ ਕੁੜੀਏ
ਅੱਗੇ ਤਾਂ ਭੈਣਾਂ ਨੂੰ ਭਾਈ ਲੈਣ ਆਉਂਦੇ
ਹੁਣ ਕਿਉਂ ਆਉਂਦੇ ਨਾਈ
ਮੁਹੱਬਤਾਂ ਤੋੜ ਗਏ
ਭੈਣਾਂ ਨਾਲ਼ੋ ਭਾਈ
ਮੁਹੱਬਤਾਂ ਤੋੜ ਗਏ

ਪੰਜਾਬ ਵਿਚ ਚੱਲੀਆਂ ਸਮਾਜ ਸੁਧਾਰ ਦੀਆਂ ਲਹਿਰਾਂ-ਅਕਾਲੀ ਲਹਿਰ, ਸਿੰਘ ਸਭਾ ਲਹਿਰ, ਆਜ਼ਾਦੀ ਲਹਿਰ ਅਤੇ ਸੰਸਾਰ ਜੰਗਾਂ ਦੇ ਪ੍ਰਭਾਵ ਨੂੰ ਵੀ ਪੰਜਾਬ ਦੀ ਔਰਤ ਦੀ ਚੇਤਨਾ ਨੇ ਕਬੂਲਿਆ ਹੈ। ਇਹਨਾਂ ਲਹਿਰਾਂ ਦਾ ਗੀਤਾਂ ਵਿੱਚ ਜ਼ਿਕਰ, ਇਹਨਾਂ ਗੀਤਾਂ ਦੀ ਇਤਿਹਾਸਕ ਤੇ ਸਮਾਜਕ ਮਹੱਤਤਾ ਨੂੰ ਮੂਰਤੀਮਾਨ ਕਰਦਾ ਹੈ:

ਆਉਂਦੀ ਕੁੜੀਏ ਜਾਂਦੀਏ ਕੁੜੀਏ
ਕਛ ਕੜਾ ਕਰਪਾਨ ਗਾਤਰਾ ਪਾ ਲੈ
ਤੇਰੇ ਨੀ ਮੂਹਰੇ ਹੱਥ ਬੰਨ੍ਹਦਾ
ਤੂੰ ਮੇਰੀ ਕਾਲਣ ਬਣ ਜਾ
ਤੇਰੇ ਨੀ ਮੁਹਰੇ ਹੱਥ ਬੰਨ੍ਹਦਾ

ਦੀਵਾਨ ਵਿਚ ਬੈਠੇ ਸਿੰਘ ਸਭੀਏ ਭਰਾ ਦੀ ਵਾਸ਼ਨਾ ਉਸ ਨੂੰ ਫੁੱਲਾਂ ਸਮਾਨ ਜਾਪਦੀ ਹੈ:

ਆਉਂਦੀ ਕੁੜੀਏ ਜਾਂਦੀਏ ਕੁੜੀਏ
ਵਿਚ ਨਾ ਹੁੱਕੇ ਵਾਲ਼ਾ ਆਵੇ
ਸਭਾ ਦੇ ਵਿਚ ਰੰਗ ਵੀਰ ਦਾ
ਸਾਨੂੰ ਵਾਸ਼ਨਾ ਫੁੱਲਾਂ ਦੀ ਆਵੇ
ਸਭਾ ਦੇ ਵਿਚ ਰੰਗ ਵੀਰ ਦਾ
ਹੋਰ
ਆਉਂਦੀ ਕੁੜੀਏ ਜਾਂਦੀਏ ਕੁੜੀਏ
ਗੜਵਾ ਗੜਵਾ ਗੜਵੇ ਪਰ ਦੋਹਣਾ
ਵੀਰ ਦੇ ਰਮਾਲ ਕੁੜਤਾ
ਬੈਠਾ ਲਗਦਾ ਸਭਾ ਦੇ ਵਿਚ ਸੋਹਣਾ
ਵੀਰ ਦੇ ਰਮਾਲ ਕੁੜਤਾ

ਆਜ਼ਾਦੀ ਲਹਿਰ ਬਾਰੇ ਵੀ ਪੰਜਾਬ ਦੀ ਮੁਟਿਆਰ ਚੇਤੰਨ ਹੈ:

ਆਉਂਦੀ ਕੁੜੀਏ ਜਾਂਦੀਏ ਕੁੜੀਏ
ਸਿਰ ਤੇ ਟੋਕਰਾ ਨਰੰਗੀਆਂ ਦਾ
ਕਿੱਥੇ ਰੱਖਾਂ ਵੇ ਕਿੱਥੇ ਰੱਖਾਂ ਵੇ
ਰਾਜ ਫਰੰਗੀਆਂ ਦਾ
ਕਿੱਥੇ ਰੱਖਾਂ ਵੇ

ਉਹ ਫਰੰਗੀਆਂ ਦੇ ਰਾਜ ਨੂੰ ਜਲਦੀ ਤੋਂ ਜਲਦੀ ਸਮਾਪਤ ਕਰਨਾ ਲੋਚਦੀ ਹੈ:-

ਆਉਂਦੀ ਕੁੜੀਏ ਜਾਂਦੀਏ ਕੁੜੀਏ
ਸਿਰ ਉਤੇ ਟੋਕਰਾ ਨਰੰਗੀਆਂ ਦਾ
ਕਦੋਂ ਜਾਵੇਗਾ ਕਦੋਂ ਜਾਵੇਗਾ

ਨੀ ਇਹ ਰਾਜ ਫਰੰਗੀਆਂ ਦਾ
ਕਦੋਂ ਜਾਵੇਗਾ

ਦੂਜੀ ਸੰਸਾਰ ਜੰਗ ਦੇ ਪ੍ਰਭਾਵ ਤੋਂ ਵੀ ਉਹ ਅਭਿਜ ਨਹੀਂ। ਉਹ ਆਪਣੀ ਰਾਜਸੀ ਸੂਝ ਦਾ ਪ੍ਰਗਟਾਵਾ ਇਸ ਗੀਤ ਰਾਹੀਂ ਕਰਦੀ ਹੈ। ਉਹ ਜਾਣਦੀ ਹੈ ਕਿ ਰਿਆਸਤੀ ਰਾਜੇ ਅੰਗਰੇਜ਼ਾਂ ਦੀ ਪਿਠ ਪੂਰਦੇ ਰਹੇ ਹਨ:-

ਆਉਂਦੀ ਕੁੜੀਏ ਜਾਂਦੀਏ ਕੁੜੀਏ
ਤੋੜ ਲਿਆ ਖੇਤ 'ਚੋਂ ਛੇਜਾ
ਨਾਭੇ ਵਾਲ਼ਾ ਕਰੇ ਮਦਤਾਂ
ਕਿਤੇ ਹਾਰ ਨਾ ਜਾਈਂ ਅੰਗਰੇਜਾ
ਨਾਭੇ ਵਾਲ਼ਾ ਕਰੇ ਮਦਤਾਂ

ਜੰਗ ਵਿਚ ਜਰਮਨ ਦੀ ਹਾਰ ਦੇ ਕਾਰਨਾਂ ਬਾਰੇ ਆਖਦੀ ਹੈ:-

ਚਲੀ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਸ਼ੀਸ਼ੀ
ਜਰਮਨ ਹਾਰ ਗਿਆ
ਉਹਦੀ ਮਦਦ ਕਿਸੇ ਨਾ ਕੀਤੀ
ਜਰਮਨ ਹਾਰ ਗਿਆ

ਸੰਸਾਰ ਜੰਗ ਸਮੇਂ ਲਾਮ ਤੇ ਗਏ ਫੌਜੀ ਦੀ ਘਰਵਾਲੀ ਦੀ ਹਾਲਤ ਦਾ ਵਰਨਣ ਕਰਦਾ ਹੈ ਇਹ ਗੀਤ:-

ਆਉਂਦੀ ਕੁੜੀਏ ਜਾਂਦੀਏ ਕੁੜੀਏ
ਸੱਚ ਦੇ ਬਚਨ ਦੀ ਗੋਭੀ
ਆਪ ਫ਼ੌਜੀ ਲਾਮ ਤੇ ਗਿਆ
ਤੈਨੂੰ ਛੱਡ ਗਿਆ ਸ਼ਰੀਕਾਂ ਜੋਗੀ
ਆਪ ਫੌਜੀ ਲਾਮ ਤੇ ਗਿਆ

ਭਾਰਤ ਦੀ ਆਜ਼ਾਦੀ ਸਮੇਂ ਦੇਸ਼ ਦੀ ਵੰਡ ਦੇ ਦਰਦ ਨੂੰ ਮਹਿਸੂਸ ਕਰਦੀ ਹੋਈ ਪੰਜਾਬ ਦੀ ਮੁਟਿਆਰ, ਦੇਸ਼ ਦੀ ਵੰਡ ਲਈ ਜਨਾਹ ਨੂੰ ਕੋਸਦੀ ਹੈ:-

ਆਉਂਦੀ ਕੁੜੀਏ ਜਾਂਦੀਏ ਕੁੜੀਏ
ਸੱਚ ਦੇ ਬਚਨ ਵਿਚ ਤਬੀਤੀ
ਮਰਜੇਂ ਜਨਾਹ ਬੰਦਿਆ
ਸਾਰੀ ਦੁਨੀਆਂ ਦੀ ਹਿਲਜੁਲ ਕੀਤੀ
ਮਰਜੇਂ ਜਨਾਹ ਬੰਦਿਆ

ਸਮਾਜਕ ਅਤੇ ਰਾਜਸੀ ਚੇਤਨਾ ਵਾਲ਼ੇ ਗੀਤਾਂ ਤੋਂ ਇਲਾਵਾ ਮੇਲਣਾ ਹਾਸੇ-ਠੱਠੇ ਦਾ ਮਾਹੌਲ ਪੈਦਾ ਕਰਨ ਲਈ ਨਸੰਗ ਹੋ ਕੇ ਰੁਮਾਂਚਕ ਗੀਤ ਵੀ ਗਾਉਂਦੀਆਂ ਹਨ ਤੇ ਇਕ ਦੂਜੀ ਨਾਲ਼ ਨੋਕ-ਝੋਕ ਵੀ ਕਰਦੀਆਂ ਹਨ:-

ਚਲੀ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਥਾਲ਼ੀ
ਤੈਂ ਕੀ ਸ਼ੇਰ ਮਾਰਨਾ
ਤੇਰੇ ਬਾਪ ਨੇ ਬਿੱਲੀ ਨਾ ਮਾਰੀ
ਤੈਂ ਕੀ ਸ਼ੇਰ ਮਾਰਨਾ

ਜੋਬਨ ਮੱਤੀਆਂ ਸਰੂ ਕੱਦ ਸ਼ੌਕੀਨ ਮੇਲਣਾਂ ਦੇ ਬਣੇ ਬਣ ਪੈਂਦੇ ਰੂਪ ਦੀ ਝਾਲ ਝੱਲੀ ਨਹੀਂ ਜਾਂਦੀ ਵੇਖਣ ਵਾਲ਼ਿਆਂ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ। ਉਹ ਆਪਣੇ ਕਾਰਜ ਛੱਡ ਕੇ ਉਹਨਾਂ ਵਲ ਵੇਖਦੇ ਰਹਿੰਦੇ ਹਨ:

ਆਉਂਦੀ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਸ਼ੀਸ਼ੀ
ਘਗਰੇ ਦਾ ਫੇਰ ਦੇਖ ਕੇ
ਥਾਣੇਦਾਰ ਨੇ ਕਚਹਿਰੀ ਬੰਦ ਕੀਤੀ
ਘਗਰੇ ਦਾ ਫੇਰ ਦੇਖ ਕੇ

ਅਪਣੇ ਅਪਣੇ ਸ਼ੌਕ ਹਨ- ਹੱਥ 'ਚ ਰੁਮਾਲ ਫੜਕੇ ਮੜਕ ਨਾਲ਼ ਤੁਰਨ ਦਾ ਅਪਣਾ ਅੰਦਾਜ਼ ਹੈ:-

ਆਉਂਦੀ ਕੁੜੀ ਨੇ ਸੁਥਣ ਸਮਾਈ
ਕੁੰਦੇ ਚਾਰ ਰਖਦੀ
ਮਾਰੀ ਸ਼ੌਕ ਦੀ, ਮਾਰੀ ਸ਼ੌਕ ਦੀ
ਹੱਥ 'ਚ ਰੁਮਾਲ ਰਖਦੀ
ਮਾਰੀ ਸ਼ੌਕ ਦੀ

ਮਲੂਕ ਜਹੀ ਸ਼ੌਕੀਨ ਨਾਜੋ ਅੱਖਾਂ ਨਾਲ਼ ਲੱਡੂ ਭੋਰਦੀ ਹੈ। ਨਜ਼ਾਕਤ ਦਾ ਕੋਈ ਮੁੱਲ ਨਹੀਂ:-

ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਮੇਥੇ
ਨੀ ਅੱਖ ਨਾਲ਼ ਗਲ ਕਰਗੀ
ਤੇਰੇ ਬੁਲ੍ਹ ਨਾ ਫਰਕਦੇ ਦੇਖੇ
ਅੱਖ ਨਾਲ਼ ਗਲ ਕਰਗੀ

ਛੜਿਆਂ ਵਿਚਾਰਿਆਂ ਨੂੰ ਉਂਜ ਕੋਈ ਬਰਾਤੇ ਲੈ ਕੇ ਨਹੀਂ ਜਾਂਦਾ। ਔਰਤਾਂ ਦੇ ਭੋਖੜੇ ਦੇ ਮਾਰੇ ਹੋਏ ਛੜੇ ਸ਼ੌਕੀਨ ਮੇਲਣਾਂ ਨੂੰ ਵੇਖ ਕੇ ਮੱਚਣ ਨਾ ਤਾਂ ਹੋਰ ਕੀ ਕਰਨ: ਕਈ ਸ਼ੌਕੀਨ ਮਟਿਆਰਾਂ ਘੁੰਗਰੂਆਂ ਵਾਲ਼ੇ ਨਾਲ਼ੇ ਲਟਕਾਕੇ ਰੱਖਦੀਆਂ ਹਨ- ਛੜਿਆਂ ਦੀ ਟੋਲੀ ਨੂੰ ਵੇਖ ਕੋਈ ਜਣੀ ਨਾਲ਼ਾ ਟੁੰਗਣੇ ਨੂੰ ਆਖਦੀ ਹੈ:-

ਛਿੰਦੋ ਕੁੜੀ ਨੇ ਸੁਥਣ ਸਮਾਈ
ਵਿਚ ਪਾ ਲਿਆ ਰੇਸ਼ਮੀ ਨਾਲ਼ਾ

ਨੀ ਟੋਲੀ ਆਉਂਦੀ ਛੜਿਆਂ ਦੀ
ਨਾਲ਼ਾ ਟੰਗ ਲੈ ਘੁੰਗਰੂਆਂ ਵਾਲ਼ਾ
ਨੀ ਟੋਲੀ ਆਉਂਦੀ ਛੜਿਆ ਦੀ

ਪਿੰਡ ਦੀਆਂ ਗਲ਼ੀਆਂ ਵਿਚ ਘੁੰਮਦੀ ਮਸਤੇਵੇਂ ਨਾਲ਼ ਆਫਰੀਆਂ ਸ਼ੌਕੀਨ ਮੇਲਣਾਂ ਦੀ ਟੋਲੀ, ਛੜਿਆਂ ਦੀਆਂ ਹਿੱਕਾਂ ਤੇ ਆਫਤਾਂ ਵਰਪਾ ਦੇਂਦੀ ਹੈ। ਛੜੇ ਅਨੂਠੇ ਵਿਸਮਾਦ ਵਿਚ ਝੂਮ ਉਠਦੇ ਹਨ:-

ਆਉਂਦੀ ਕੁੜੀਏ ਜਾਂਦੀ ਕੁੜੀਏ
ਭੰਨ ਕਿੱਕਰਾਂ ਦੇ ਡਾਹਣੇ
ਅਜ ਛੜੇ ਮੱਚ ਜਾਣਗੇ
ਪਾਏ ਦੇਖ ਕੇ ਰੰਨਾਂ ਦੇ ਬਾਣੇ
ਅਜ ਛੜੇ ਮੱਚ ਜਾਣਗੇ

ਛੜਿਆਂ ਨੇ ਤਾਂ ਮੱਚਣਾ ਹੀ ਹੋਇਆ:-

ਮਿੰਦੋ ਕੁੜੀ ਨੇ ਸੁਥਣ ਸਮਾਈ
ਸੁੱਥਣ ਸਮਾਈ ਸੂਫ ਦੀ ਨੀ
ਜਾਵੇ ਸ਼ੂਕਦੀ ਛੜੇ ਦੀ ਹਿੱਕ ਫੂਕਦੀ
ਜਾਵੇ ਸ਼ੂਕਦੀ ਨੀ
ਛੜੇ ਦੀ ਹਿੱਕ ਫੁਕਦੀ
ਹੋਰ
ਆਉਂਦੀ ਕੁੜੀਏ ਜਾਂਦੀ ਕੁੜੀਏ
ਚਕ ਲਿਆ ਬਜ਼ਾਰ ਵਿਚੋਂ ਧਾਈਆਂ
ਨੀ ਕੁੜਤੀ ਤੇ ਮੋਰਨੀਆਂ
ਛੜੇ ਪੱਟਣ ਨੂੰ ਪਾਈਆਂ
ਕੁੜਤੀ ਤੇ ਮੋਰਨੀਆਂ

ਸੋਹਣੀਆਂ ਕੁੜੀਆਂ ਆਪਣੇ ਹੁਸਨ ਤੇ ਮਾਣ ਕਰਦੀਆਂ ਹਨ- ਸੋਹਣਿਆਂ ਦਾ ਮੁਲ ਤਾਂ ਪੈਣਾ ਹੀ ਹੋਇਆ- ਕੋਈ ਜਣੀ ਵਿਅੰਗ ਨਾਲ਼ ਆਖਦੀ ਹੈ:-

ਆਉਂਦੀ ਕੁੜੀਏ ਜਾਂਦੀ ਕੁੜੀਏ
ਚਕ ਲਿਆ ਬਜ਼ਾਰ ਵਿਚੋਂ ਛੈਣੇ
ਨੀ ਲੁਧਿਆਣੇ ਮੰਡੀ ਲਗਦੀ
ਮੁਲ ਸੋਹਣੀਆਂ ਰੰਨਾਂ ਦੇ ਪੈਣੇ
ਨੀ ਲੁਧਿਆਣੇ ਮੰਡੀ ਲਗਦੀ

ਕੋਈ ਖੁਲ੍ਹੇ ਖੁਲਾਸੇ ਸੁਭਾਅ ਵਾਲ਼ੀ ਹੁਸ਼ਨਾਕ ਮੁਟਿਆਰ ਨੂੰ ਮਸ਼ਕਰੀ ਨਾਲ਼ ਆਖਦੀ ਹੈ:-

ਆਉਂਦੀ ਕੁੜੀਏ ਜਾਂਦੀ ਕੁੜੀਏ
ਭਿਊਂ ਬੱਠਲ ਵਿਚ ਛੋਲੇ

ਨੀ ਵਿਚ ਤੇਰੇ ਤਕੀਏ ਦੇ
ਥਾਣੇਦਾਰ ਦਾ ਕਬੂਤਰ ਬੋਲੇ
ਨੀ ਵਿਚ ਤੇਰੇ ਤਕੀਏ ਦੇ
ਹੋਰ
ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਦੇ ਤਾਰੇ
ਢਲਮੀਂ ਜੀ ਗੁੱਤ ਵਾਲ਼ੀਏ
ਤੇਰੀ ਗਲ ਚੜ੍ਹਗੀ ਸਰਕਾਰੇ
ਢਲਮੀਂ ਜੀ ਗੁੱਤ ਵਾਲ਼ੀਏ

ਪੁਰਾਣੇ ਸਮਿਆਂ ਵਿਚ ਪੰਜਾਬੀ ਕਿਸਾਨਾਂ ਦੀ ਆਰਥਕ ਹਾਲਤ ਬਹੁਤੀ ਚੰਗੀ ਨਹੀਂ ਸੀ- ਆਰਥਕ ਮੰਦਹਾਲੀ ਕਾਰਨ ਉਹ ਆਪਣੀਆਂ ਧੀਆਂ ਦੇ ਵਿਆਹ ਤਾਂ ਨਿੱਕੀ ਉਮਰ ਵਿਚ ਕਰ ਦੇਂਦੇ ਸਨ ਪਰੰਤੂ ਮੁਕਲਾਵਾ ਤੋਰਨ ਵਿਚ ਕਾਫੀ ਸਮਾਂ ਲੰਘਾ ਦੇਂਦੇ ਸਨ ਜਿਸ ਕਾਰਨ ਵਿਆਹੀਆਂ ਮੁਟਿਆਰਾਂ ਦੇ ਚਾਅ ਮਧੋਲੇ ਜਾਂਦੇ ਸਨ। ਉਹਨਾਂ ਦੀਆਂ ਦਬੀਆਂ ਭਾਵਨਾਵਾਂ ਨੂੰ ਮੇਲਣਾਂ ਵਿਅੰਗ ਦੇ ਰੂਪ ਵਿਚ ਪ੍ਰਗਟਾਉਂਦੀਆਂ ਹਨ:-

ਆਉਂਦੀ ਕੁੜੀਏ ਜਾਂਦੀ ਕੁੜੀਏ
ਚਕ ਲਿਆ ਬਜ਼ਾਰ ਵਿਚੋਂ ਚਾਂਦੀ
ਤੇਰੇ ਨਾਲ਼ੋਂ ਬਾਂਦਰੀ ਚੰਗੀ
ਜਿਹੜੀ ਨਿਤ ਮੁਕਲਾਵੇ ਜਾਂਦੀ
ਤੇਰੇ ਨਾਲੋਂ ਬਾਂਦਰੀ ਚੰਗੀ

ਵਿਆਹੀ ਮੁਟਿਆਰ ਦੀ ਬੇਬਸੀ ਨੂੰ ਪ੍ਰਗਟ ਕਰਨ ਵਾਲ਼ਾ ਇਕ ਹੋਰ ਗੀਤ ਹੈ:-

ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਦਾ ਪਾਵਾ
ਨੀ ਛਾਤੀ ਤੇਰੀ ਪੁੱਤ ਮੰਗਦੀ
ਤੇਰੇ ਪਟ ਮੰਗਦੇ ਮੁਕਲਾਵਾ
ਛਾਤੀ ਤੇਰੀ ਪੁੱਤ ਮੰਗਦੀ

ਪੰਜਾਬ ਦੀ ਮੁਟਿਆਰ ਹੀਰ, ਸੱਸੀ, ਸੋਹਣੀ ਤੇ ਸਾਹਿਬਾਂ ਵਾਂਗ ਨਿੱਜੀ ਆਜ਼ਾਦੀ ਲਈ ਜਾਗਰੂਕ ਰਹੀ ਹੈ। ਇਸੇ ਕਰਕੇ ਮੇਲਣਾਂ ਬੜੀ ਬੇਬਾਕੀ ਨਾਲ਼ ਗਾਉਂਦੀਆਂ ਹਨ:-

ਆਉਂਦੀ ਕੁੜੀ ਨੇ ਸੁਥਣ ਸਮਾਈ
ਘਗਰੇ ਦਾ ਮੇਚ ਦਵਾ ਦਾਰੀਏ
ਮਨ ਭਾਉਂਦਾ, ਮਨ ਭਾਉਂਦਾ
ਯਾਰ ਹੰਢਾ ਦਾਰੀਏ
ਮਨ ਭਾਉਂਦਾ

ਏਥੇ ਹੀ ਬਸ ਨਹੀਂ ਉਹ ਤਾਂ ਆਪਣਾ ਪਲੇਠਾ ਮੁੰਡਾ ਅਪਣੇ ਦਿਲ ਜਾਨੀ ਨੂੰ ਅਰਪਨ ਕਰਨ ਲਈ ਤਤਪਰ ਹੈ:-

ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਦੀ ਡੋਈ
ਪਹਿਲਾ ਮੁੰਡਾ ਮਿੱਤਰਾਂ ਦਾ
ਲਾਵਾਂ ਵਾਲ਼ੇ ਦਾ ਉਜਰ ਨਾ ਕੋਈ
ਪਹਿਲਾ ਮੁੰਡਾ ਮਿੱਤਰਾਂ ਦਾ

ਰੁਮਾਂਚਕ ਗੀਤਾਂ ਤੋਂ ਇਲਾਵਾ ਮੇਲਣਾਂ ਹੋਰਨਾਂ ਵਿਸ਼ਿਆਂ ਤੇ ਵੀ ਹਾਸ-ਵਿਨੋਦ ਪੈਦਾ ਕਰਨ ਵਾਲ਼ੇ ਗੀਤ ਗਾਉਂਦੀਆਂ ਹਨ। ਕਿਧਰੇ ਬੁੜ੍ਹੇ ਬੁੜ੍ਹੀ ਦੀ ਦੁਰਦਸ਼ਾ ਦਾ ਵਰਨਣ ਹੈ, ਕਿਧਰੇ ਸੱਸਾਂ ਦੇ ਚਾਲੂ ਹੋਣ ਦਾ, ਕਿਧਰੇ ਹਾਣੀ ਨੂੰ ਕੇਸਾਂ ਤੋਂ ਫੜਨ ਦਾ:-

ਆਉਂਦੀ ਕੁੜੀਏ ਜਾਂਦੀ ਕੁੜੀਏ
ਚਕ ਲਿਆ ਬਜ਼ਾਰ ਵਿਚੋਂ ਪਾਵੇ
ਤੂੜੀ ਵਾਲ਼ੇ ਅੱਗ ਲਗ ਗੀ
ਬੁੜ੍ਹਾ ਬੁੜ੍ਹੀ ਨੂੰ ਘੜੀਸੀ ਜਾਵੇ
ਤੂੜੀ ਵਾਲ਼ੇ ਅੱਗ ਲਗ ਗੀ
ਹੋਰ
ਆਉਂਦੀ ਕੁੜੀਏ ਜਾਂਦੀ ਕੁੜੀਏ
ਬੀਜ ਦੇ ਮੱਕੀ ਦੇ ਵੱਢ ਆਲੂ
ਪਹਿਰਾ ਆਇਆ ਕਲਜੁਗ ਦਾ
ਸੱਸਾਂ ਕੀਤੀਆਂ ਨੂੰਹਾਂ ਨੇ ਚਾਲੂ
ਪਹਿਰਾ ਆਇਆ ਕਲਜੁਗ ਦਾ
ਹੋਰ
ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਹੁੰਦੇ ਗੂੜ੍ਹੇ
ਬਈ ਸੱਗੀਆਂ ਨਿਲਾਮ ਹੋ ਗਈਆਂ
ਹੁਣ ਚਲ ਪਏ ਜਲੇਬੀ ਜੂੜੇ
ਬਈ ਸੰਗੀਆਂ ਨਿਲਾਮ ਹੋ ਗਈਆਂ
ਹੋਰ
ਆਉਂਦੀ ਕੁੜੀਏ ਜਾਂਦੀ ਕੁੜੀਏ
ਉੱਚੀਆਂ ਕੰਧਾਂ ਨੀਵੇਂ ਆਲ਼ੇ
ਚਾਹਾਂ ਵਾਲ਼ੇ ਬੁਲ੍ਹ ਫੂਕਦੇ
ਮੌਜਾਂ ਮਾਣਦੇ ਢੰਡਿਆਈਆਂ ਵਾਲ਼ੇ
ਚਾਹਾਂ ਵਾਲ਼ੇ ਬੁਲ੍ਹ ਫੂਕਦੇ

ਉਹ ਤਾਂ ਆਪਣੇ ਅੜਬ ਪਤੀ ਨੂੰ ਕੇਸਾਂ ਤੋਂ ਫੜਕੇ ਗੋਡੇ ਹੇਠ ਲੈਣ ਲਈ ਉਕਸਾਉਂਦੀਆਂ ਹਨ:-

ਆਉਂਦੀ ਕੁੜੀਏ ਜਾਂਦੀ ਕੁੜੀਏ
ਚਕ ਲਿਆ ਬਜ਼ਾਰ ਵਿਚੋਂ ਛੋਲੇ
ਫੜ ਲੈ ਕੇਸਾਂ ਤੋਂ
ਜੱਟ ਫੇਰ ਨਾ ਬਰਾਬਰ ਬੋਲੇ
ਫੜ ਲੈ ਕੇਸਾਂ ਤੋਂ
ਹੋਰ
ਆਉਂਦੀ ਕੁੜੀਏ ਜਾਂਦੀ ਕੁੜੀਏ
ਭਿਊਂ ਬੱਠਲ ਵਿਚ ਛੋਲੇ
ਤੂੰ ਕਿਉਂ-ਬੋਲੇਂ ਚੌਰ ਦਾਹੜੀਆਂ
ਸਾਡੇ ਹਾਣ ਦਾ ਮੁੰਡਾ ਨਾ ਬੋਲੇ
ਤੂੰ ਕਿਉਂ-ਬੋਲੇਂ ਚੌਰ ਦਾਹੜੀਆ

ਪਿੰਡ ਦੀਆਂ ਗਲ਼ੀਆਂ ਵਿਚ ਖੌਰੂ ਪਾਉਂਦੀਆਂ ਮੇਲਣਾਂ ਨੂੰ ਪਿੰਡ ਦੇ ਹਟਵਾਣੀਆਂ ਦੀਆਂ ਹੱਟੀਆਂ ਤੋਂ ਜਦੋਂ ਮਨ ਮਰਜ਼ੀ ਦਾ ਸੌਦਾ ਨਹੀਂ ਮਿਲਦਾ ਤਾਂ ਉਹ ਉਹਨਾਂ ਦਾ ਮਜ਼ਾਕ ਉਡਾਉਂਦੀਆਂ ਹਨ:-

ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਦੀਆਂ ਢਾਈਆਂ
ਨੀ ਏਥੇ ਦੇ ਮਲੰਗ ਬਾਣੀਏਂ
ਸਾਨੂੰ ਜੰਗ ਹਰੜਾਂ ਨਾ ਥਿਆਈਆਂ
ਨੀ ਏਥੇ ਦੇ ਮਲੰਗ ਬਾਣੀਏਂ

ਆਖਰ ਕੁਝ ਦਿਨਾਂ ਦੀ ਮੌਜ-ਮਸਤੀ ਮਗਰੋਂ ਮੇਲਣਾਂ ਨੇ ਅਪਣੇ ਅਪਣੇ ਪਿੰਡਾਂ ਨੂੰ ਪਰਤਣਾ ਹੀ ਹੁੰਦਾ ਹੈ- ਉਹ ਆਪਸੀ ਮੋਹ ਅਤੇ ਵਿਛੋੜੇ ਦੇ ਭਾਵਾਂ 'ਚ ਗਰੱਸੀਆਂ ਹਾਵੇ ਭਰਦੀਆਂ ਹਨ:-

ਆਉਂਦੀ ਕੁੜੀਏ ਜਾਂਦੀ ਕੁੜੀਏ
ਚਕ ਲਿਆ ਬਜ਼ਾਰ ਵਿਚੋਂ ਪੇੜਾ
ਅਸਾਂ ਕਿਹੜਾ ਨਿਤ ਆਵਣਾ
ਸਾਡਾ ਲਗਣਾ ਸਬੱਬ ਨਾਲ਼ ਗੇੜਾ
ਅਸੀਂ ਕਿਹੜਾ ਨਿਤ ਆਵਣਾ
ਹੋਰ
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਦਾਣਾ
ਬੋਲਿਆ ਚਲਿਆ ਮਾਫ ਕਰਨਾ

ਅਸੀਂ ਅਪਣਿਆਂ ਘਰਾਂ ਨੂੰ ਉਠ ਜਾਣਾ
ਬੋਲਿਆ ਚਲਿਆ ਮਾਫ ਕਰਨਾ

ਪਤਾ ਨਹੀਂ ਦੋਬਾਰਾ ਮੇਲ ਹੋਵੇ ਜਾਂ ਨਾ ਹੋਵੇ:-

ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਵਿਚ ਰੌਣਾ
ਨੀ ਖੂਹ ਦੇ ਚੱਕ ਵਾਂਗੂੰ
ਫੇਰ ਨੀ ਜਗਤ ਤੇ ਆਉਣਾ
ਖੂਹ ਦੇ ਚੱਕ ਵਾਂਗੂੰ

ਕੋਈ ਵਿਛੜਨ ਲੱਗੀ ਸਹੇਲੀ ਛੇਤੀ ਮੁਕਲਾਵੇ ਜਾਣ ਵਾਲ਼ੀ ਸਹੇਲੀ ਨੂੰ ਅੱਖਾਂ ਵਿਚ ਗਲੇਡੂ ਭਰਕੇ ਤਨਜ਼ ਭਰੇ ਮੋਹ ਨਾਲ਼ ਆਖਦੀ ਹੈ:-

ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਗਾਨੀ
ਨੀ ਮਾਪੇ ਤੈਨੂੰ ਘਟ ਰੋਣਗੇ
ਬਹੁਤਾ ਰੋਣਗੇ ਦਿਲਾਂ ਦੇ ਜਾਨੀ
ਮਾਪੇ ਤੈਨੂੰ ਘਟ ਰੋਣਗੇ

ਸਹੁਰੇ ਜਾਂਦੀ ਧੀ ਦੀ ਵਿਲਕਣੀ ਮਾਂ ਦਾ ਹਿਰਦਾ ਵਲੂੰਧਰ ਦੇਂਦੀ ਹੈ:-

ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨਾਂ ਦੀ ਆਰੀ
ਆਹ ਲੈ ਮਾਏ ਸਾਂਭ ਕੁੰਜੀਆਂ
ਧੀਆਂ ਕਰ ਚਲੀਆਂ ਸਰਦਾਰੀ
ਆਹ ਲੈ ਮਾਏ ਸਾਂਭ ਕੁੰਜੀਆਂ

ਘਰਾਂ ਨੂੰ ਪਰਤਦੀਆਂ ਹੋਈਆਂ ਮੇਲਣਾਂ ਸਮਾਜ ਵਿਚ ਨੇਕੀ ਖੱਟਣ ਦਾ ਰਾਜ਼ ਵੀ ਸਮਝਾ ਜਾਂਦੀਆਂ ਹਨ:-

ਆਉਂਦੀ ਕੁੜੀਏ ਜਾਂਦੀ ਕੁੜੀਏ
ਮੁਰਕੀ ਚੁਰਕੀ ਕੰਨਾਂ ਦੇ ਵਾਲ਼ੇ
ਬਈ ਨੇਕੀ ਖਟ ਜਾਣਗੇ
ਮਿੱਠੀਆਂ ਜ਼ਬਾਨਾਂ ਵਾਲ਼ੇ
ਬਈ ਨੇਕੀ ਖੱਟ ਜਾਣਗੇ

ਵਿਆਹ ਸਮਾਗਮਾਂ ਵਿਚ ਆਈ ਤਬਦੀਲੀ ਕਾਰਨ ਅਜਕਲ ਵਿਆਹ ਵਿੱਚ ਸ਼ਰੀਕ ਹੋਈਆਂ ਮੇਲਣਾਂ ਨੂੰ ਇਹ ਗੀਤ ਗਾਉਣ ਦਾ ਅਵਸਰ ਹੀ ਪ੍ਰਾਪਤ ਨਹੀਂ ਹੁੰਦਾ ਜਿਸ ਕਰਕੇ ਇਹਨਾਂ ਦੀ ਸਿਰਜਣ ਪ੍ਰਕਿਰਆ ਵੀ ਸਮਾਪਤ ਹੋ ਗਈ ਹੈ। ਇਹ ਸੈਂਕੜਿਆਂ ਦੀ ਗਿਣਤੀ ਵਿਚ ਉਪਲਭਧ ਹਨ। ਇਹਨਾਂ ਨੂੰ ਸਾਂਭਣ ਦੀ ਫੌਰੀ ਲੋੜ ਹੈ। ਇਹ ਪੰਜਾਬੀ ਲੋਕ ਸਾਹਿਤ ਦਾ ਅਨਿਖੜਵਾਂ ਅੰਗ ਹਨ।