ਸ਼ਗਨਾਂ ਦੇ ਗੀਤ/ਹੇਅਰੇ

ਵਿਕੀਸਰੋਤ ਤੋਂ

ਹੇਅਰੇ

"ਹੇਅਰਾ" ਪੰਜਾਬ ਵਿਸ਼ੇਸ਼ ਕਰਕੇ ਮਾਲਵਾ ਖੇਤਰ ਦਾ ਲੰਬੀ ਹੇਕ ਨਾਲ਼ ਗਾਇਆ ਜਾਣ ਵਾਲ਼ਾ ਗੀਤ-ਰੂਪ ਹੈ ਜਿਸ ਨੂੰ ਗਾਉਣ ਦੀ ਪਰੰਪਰਾ ਬਹੁਤ ਪੁਰਾਣੀ ਹੈ। ਇਹ ਛੋਟੇ ਆਕਾਰ ਦਾ ਦੋ ਤੁਕਾਂ ਵਾਲ਼ਾ ਗੀਤ-ਕਾਵਿ ਹੈ ਜਿਸ ਦੀ ਬਣਤਰ ਦੋਹੇ ਨਾਲ਼ ਮੇਲ ਖਾਂਦੀ ਹੈ। ਇਹ ਇਕ ਮਾਤ੍ਰਿਕ ਛੰਦ ਹੈ ਜਿਸ ਦਾ ਵਿਧੀ ਵਧਾਨ ਦੋਹੇ ਵਾਲ਼ਾ ਹੀ ਹੈ। ਗਾਈਨ ਵਿਧੀ ਵਿਚ ਫਰਕ ਹੈ। ਦੋਹੇ ਆਮ ਤੌਰ ਤੇ ਮਰਦਾਂ ਵਲੋਂ ਗਾਏ ਜਾਂਦੇ ਹਨ ਜਿਸ ਨੂੰ ਦੋਹੇ ਲਾਉਣਾ ਆਖਦੇ ਹਨ ਪਰੰਤੂ ਹੇਅਰੇ ਕੇਵਲ ਔਰਤਾਂ ਵਲੋਂ ਹੀ ਗਾਏ ਜਾਂਦੇ ਹਨ ਜਿਸ ਨੂੰ ਔਰਤਾਂ ਕੱਠੀਆਂ ਹੋ ਕੇ ਜੋਟਿਆਂ ਦੇ ਰੂਪ ਵਿਚ ਗਾਉਂਦੀਆਂ ਹਨ।

ਹੇਅਰਾ ਸ਼ਗਨਾਂ ਦਾ ਗੀਤ ਹੈ ਜੋ ਵਿਆਹ ਸ਼ਾਦੀ ਦੀਆਂ ਵਖ ਵਖ ਰਸਮਾਂ ਤੇ ਨਿਭਾਈਆਂ ਜਾਣ ਵਾਲੀਆਂ ਰੀਤਾਂ ਸਮੇਂ ਔਰਤਾਂ ਵਲੋਂ ਗਾਇਆ ਜਾਂਦਾ ਹੈ। ਮੰਗਣੇ ਦੀ ਰਸਮ ਸਮੇਂ ਭੈਣਾਂ ਭਰਾਵਾਂ ਨੂੰ ਹੇਅਰੇ ਦੇਂਦੀਆਂ ਹਨ। ਹੇਅਰੇ ਗਾਉਣ ਨੂੰ ਹੇਅਰੇ ਦੇਣਾ ਆਖਦੇ ਹਨ। ਵਟਣਾ ਮਲਣ, ਜੰਨ ਚੜ੍ਹਨ ਸਮੇਂ, ਲਾੜੇ ਨੂੰ ਸੁਰਮਾ ਪਾਉਣ ਤੇ ਸਲਾਮੀ ਵੇਲੇ ਭੈਣਾਂ ਵੀਰਾਂ ਨੂੰ ਅਤੇ ਭਰਜਾਈਆਂ ਦਿਓਰਾਂ ਨੂੰ ਰਸ ਭਰਪੂਰ ਹੇਅਰੇ ਦੇ ਕੇ ਵਿਨੋਦ ਭਰਪੂਰ ਸਮਾਂ ਬੰਨ੍ਹ ਦੇਂਦੀਆਂ ਹਨ। ਜਨ ਦੇ ਢੁਕਾ ਸਮੇਂ ਮੇਲਣਾਂ ਵਲੋਂ ਬਰਾਤੀਆਂ ਅਤੇ ਲਾੜੇ ਨੂੰ ਹੇਅਰੇ ਦੇਣ ਦਾ ਰਿਵਾਜ ਹੈ। ਫੇਰਿਆਂ ਵੇਲ਼ੇ, ਰੋਟੀ ਖਾਣ ਸਮੇਂ ਅਤੇ ਖਟ ਵਖਾਉਣ ਦੇ ਅਵਸਰ ਤੇ ਮੇਲਣਾਂ ਕੁੜਮ, ਲਾੜੇ ਅਤੇ ਬਰਾਤੀਆਂ ਨੂੰ ਵਿਅੰਗ ਭਰਪੂਰ ਹੇਅਰੇ ਦੇ ਕੇ ਵਾਤਾਵਰਣ ਵਿਚ ਸੁਗੰਧੀ ਵਖੇਰ ਦੇਂਦੀਆਂ ਹਨ। ਲਾੜੇ ਤੋਂ ਛੰਦ ਸੁਣਨ ਸਮੇਂ ਸਾਲ਼ੀਆਂ ਜੀਜੇ ਦੇ ਗਿਆਨ ਦੀ ਪਰਖ ਕਰਦੀਆਂ ਹੋਈਆਂ ਬੁਝਾਰਤਾਂ ਰੂਪੀ ਹੇਅਰੇ ਲਾ ਕੇ ਸਮੁੱਚੇ ਮਾਹੌਲ ਨੂੰ ਗੰਭੀਰ ਤੇ ਹੁਲਾਸ ਭਰਪੂਰ ਬਣਾ ਦਿੰਦੀਆਂ ਹਨ। ਡੋਲ਼ੀ ਦੀ ਵਦਾਇਗੀ ਸਮੇਂ ਭੇਣਾ ਵਲੋਂ ਵਿਦਾ ਹੋ ਰਹੀ ਭੈਣ ਨੂੰ ਅਤੇ ਭਰਜਾਈਆਂ ਵਲੋਂ ਨਣਦ ਨੂੰ ਦਿੱਤੇ ਗਏ ਵੈਰਾਗ-ਮਈ ਹੇਅਰੇ ਸਾਰੇ ਵਾਤਾਵਰਣ ਨੂੰ ਸੋਗੀ ਬਣਾ ਦੇਂਦੇ ਹਨ। ਹੇਅਰਿਆਂ ਦੇ ਦਰਦੀਲੇ ਬੋਲ ਸਰੋਤਿਆਂ ਦੀਆਂ ਅੱਖਾਂ ਵਿਚ ਹੰਝੂਆਂ ਦੀ ਝੜੀ ਲਾ ਦੇਂਦੇ ਹਨ- ਗਲ਼ਾ ਭਰ ਭਰ ਆਉਂਦਾ ਹੈ। ਸਹੁਰੇ ਘਰ ਆਈ ਡੋਲ਼ੀ ਦੇ ਸੁਆਗਤ ਸਮੇਂ ਭੈਣਾਂ ਆਪਣੀ ਨਵੀਂ ਭਰਜਾਈ ਦਾ ਸੁਆਗਤ ਉਸ ਦੇ ਹੁਸਨ ਦੀ ਮਹਿਮਾ ਗਾਉਣ ਵਾਲ਼ੇ ਹੇਅਰੇ ਗਾ ਕੇ ਕਰਦੀਆਂ ਹਨ। ਵਿਆਹ ਦੇ ਹੋਰ ਅਵਸਰਾਂ ਤੇ ਵੀ ਬਣਦੇ ਰਿਸ਼ਤੇ ਫੁਫੜਾਂ, ਮਾਸੜਾਂ, ਜੇਠਾਂ ਅਤੇ ਜੀਜਿਆਂ ਆਦਿ ਨੂੰ ਹੇਅਰੇ ਦੇ ਕੇ ਉਹਨਾ ਦਾ ਮਜ਼ਾਕ ਉਡਾਕੇ ਹਾਸੇ ਠੱਠੇ ਦਾ ਮਾਹੌਲ ਸਿਰਜਿਆ ਜਾਂਦਾ ਹੈ। ਹੇਅਰਿਆਂ ਦਾ ਮਜ਼ਾਕ ਸਿਠਣੀਆਂ ਵਾਂਗ ਤਿੱਖਾ ਨਹੀਂ ਹੁੰਦਾ ਨਾ ਹੀ ਚੁਭਵਾਂ ਹੁੰਦਾ ਹੈ। ਦਾਦਕੀਆਂ-ਨਾਨਕੀਆਂ ਜਦੋਂ ਵਿਆਹ 'ਚ ਵਿਹਲ ਮਿਲੇ ਇਕ ਦੂਜੇ ਨੂੰ ਵਿਅੰਗਮਈ ਹੇਅਰਾ ਸੁਣਾ ਕੇ ਆਪਣੇ ਮਨ ਦਾ ਭਾਰ ਹੌਲ਼ਾ ਕਰਦੀਆਂ ਹਨ। ਹੇਅਰੇ ਕੇਵਲ ਵਿਆਹ ਵਿਚ ਰੰਗ ਭਰਨ ਅਤੇ ਹਾਸੇ ਮਖੌਲ ਦਾ ਵਾਤਾਵਰਣ ਉਸਾਰਨ ਲਈ ਹੀ ਨਹੀਂ ਗਾਏ ਜਾਂਦੇ ਬਲਕਿ ਇਹਨਾਂ ਰਾਹੀਂ ਗੂੜ੍ਹ ਗਿਆਨ ਦੀ ਚਾਸ਼ਨੀ ਵੀ ਚਾੜ੍ਹੀ ਜਾਂਦੀ ਹੈ। ਇਹ ਲੋਕ ਸਿਆਣਪਾਂ ਦਾ ਅਮੁੱਲ ਭੰਡਾਰ ਹਨ। ਇਹ ਸੈਂਕੜਿਆਂ ਦੀ ਗਿਣਤੀ ਵਿਚ ਉਪਲਬਧ ਹਨ।

ਹੇਅਰਾ ਮੰਗਲਮਈ ਗੀਤ ਰੂਪ ਹੈ। ਇਸ ਦੇ ਗਾਉਣ ਦਾ ਆਪਣਾ ਅੰਦਾਜ਼ ਹੈ, ਨੇਮ ਹੈ। ਇਹ ਸੰਬੋਧਨੀ ਸੁਰ ਵਿਚ ਗਾਇਆ ਜਾਂਦਾ ਹੈ, ਇਸ ਦੇ ਬੋਲਾਂ ਨੂੰ ਟਕਾਕੇ ਔਰਤਾਂ ਜੋਟਿਆਂ ਦੇ ਰੂਪ ਵਿਚ ਲੰਬੀ ਹੇਕ ਨਾਲ਼ ਗਾਉਂਦੀਆਂ ਹਨ।

ਵਿਆਹ ਦਾ ਅਵਸਰ ਪਰਿਵਾਰ ਅਤੇ ਸਮੁੱਚੇ ਭਾਈਚਾਰੇ ਲਈ ਖ਼ੁਸ਼ੀਆਂ ਅਤੇ ਖੇੜਿਆਂ ਦਾ ਢੋਆ ਲੈ ਕੇ ਆਉਂਦਾ ਹੈ। ਵੀਰ ਦੇ ਵਿਆਹ ਤੇ ਭੈਣਾਂ ਦਾ ਚਾਅ ਝਲਿਆ ਨਹੀਂ ਜਾਂਦਾ ਉਹ ਆਪਣੇ ਵੀਰ ਦੇ ਸਹੁੱਪਣ, ਸਿਆਣਪ ਅਤੇ ਭਰੱਪਣ ਦਾ ਜ਼ਿਕਰ ਸਿਹਰੇ ਬੰਨ੍ਹਣ ਦੀ ਰਸਮ ਸਮੇਂ ਗਾਏ ਜਾਂਦੇ ਹੇਅਰਿਆਂ ਵਿਚ ਬੜੀਆਂ ਲਟਕਾਂ ਨਾਲ਼ ਕਰਦੀ ਹੈ:-

ਜਿੱਦਣ ਵੀਰਾ ਤੂੰ ਜਰਮਿਆਂ
ਵਗੀ ਪੁਰੇ ਦੀ ਵਾਲ਼
ਕਦੇ ਨਾ ਮੁੱਖੋਂ ਬੋਲਿਆ
ਕਦੇ ਨਾ ਕੱਢੀ ਗਾਲ਼
ਹੋਰ
ਜਿੱਦਣ ਵੀਰਾ ਤੂੰ ਜਰਮਿਆਂ
ਤੇਰੀ ਮਾਂ ਨੇ ਖਾਧੀ ਖੰਡ
ਸਿਖਰ ਦੁਪਹਿਰੇ ਜੰਨ ਚੜ੍ਹਿਆ
ਤੇਰਾ ਚੋ ਚੋ ਪੈਂਦਾ ਰੰਗ

ਵੀਰ ਦੀ ਦਾਨਸ਼ਵਰੀ ਦੀ ਵਡਿਆਈ ਕਰਦੀ ਭੈਣ ਬੜੇ ਹੰਮੇ ਨਾਲ਼ ਹੇਅਰਾ ਲਾਉਂਦੇ ਹੈ:

ਚਾਂਦੀ ਦੀ ਵੀਰਾ ਕਾਗਤੀ
ਸੋਨੋ ਕਲਮ ਦੁਆਤ
ਸ਼ਾਹੀ ਲੇਖਾ ਕਰਦਾ ਵੇ ਸੋਹਣਿਆਂ
ਤੇਰੀ ਹਾਕਮ ਪੁਛਦੇ ਬਾਤ
ਹੋਰ
ਜੁੱਤੀ ਤਾਂ ਤੇਰੀ ਕਢਵੀਂ ਵੀਰਾ
ਵਿਚ ਤਿੱਲੇ ਦੀ ਵੇ ਤਾਰ

ਝੁਕ ਝੁਕ ਵੇਖਣ ਸਾਲ਼ੀਆਂ
ਵੇ ਕੋਈ ਲੁਕ ਲੁਕ ਵੇਖੇ ਨਾਰ
ਅਤੇ
ਤੇਰੇ ਵੇ ਵੀਰਾ ਰੂਪ ਦੇ
ਕੋਈ ਦਿੱਲੀ ਛਪਣ ਅਖ਼ਬਾਰ
ਝੁਕ ਝੁਕ ਵੇਖਣ ਨਾਰੀਆਂ
ਲੁਕ ਲੁਕ ਦੇਖੇ ਨਾਰ
ਹੋਰ
ਕੁੜਤਾ ਤੇਰਾ ਵੀਰਾ ਮੈਂ ਸਿਊਮਾਂ
ਕੋਈ ਜਾਗਟ ਸਿਊਂਦੀ ਤੰਗ
ਸਿਖਰ ਦੁਪਹਿਰੇ ਜੰਨ ਚੜ੍ਹਿਆ
ਤੇਰਾ ਚੋ ਚੋ ਪੈਂਦਾ ਰੰਗ

ਉਹ ਆਪਣੇ ਵੀਰ ਨੂੰ ਲਗਰ ਵਰਗੀ ਸੋਹਲ ਤੇ ਸਨੁੱਖੀ ਭਾਬੀ ਲਿਆਉਣ ਦੀ ਚਾਹਨਾ ਕਰਦੀ ਹੈ:-

ਜੰਨ ਚੜ੍ਹੀਂ ਵੀਰਾ ਹੱਸ ਕੇ
ਬਹੂ ਲਿਆਈਂ ਮੁਟਿਆਰ
ਅੰਗ ਦੀ ਹੋਵੇ ਪਤਲੀ
ਜਿਹੜੀ ਸੋਹੇ ਬੂਹੇ ਦੇ ਬਾਰ

ਮਾਣਮਤੀ ਭੈਣ ਅਪਣੇ ਬਾਬੇ ਅਤੇ ਬਾਪੂ ਨੂੰ ਵੀਰੇ ਦੇ ਵਿਆਹ ਤੇ ਦਿਲ ਖੋਹਲ ਕੇ ਖਰਚ ਕਰਨ ਲਈ ਵੀ ਆਖਦੀ ਹੈ। ਸ਼ਗਨਾਂ ਦੇ ਦਿਨ ਵਾਰ ਵਾਰ ਨਹੀਂ ਆਉਂਦੇ ਉਹ ਪੈਸਿਆਂ ਨੂੰ ਠੀਕਰੀਆਂ ਸਮਾਨ ਸਮਝ ਕੇ ਵਰਤੋਂ ਕਰਨ ਲਈ ਪ੍ਰੇਰਦੀ ਹੈ:-

ਪੈਸਾ ਵੀ ਕਰਲੀਂ ਬਾਬਾ ਠੀਕਰੀ
ਦਿਲ ਕਰਲੀਂ ਦਰਿਆ
ਲਾਡਲੇ ਪੋਤੇ ਨੂੰ ਵਿਆਹ ਕੇ
ਸੋਭਾ ਲੈ ਘਰ ਆ
ਹੋਰ
ਦੰਮਾਂ ਦਾ ਬਨ੍ਹ ਲੈ ਚੌਂਤਰਾ ਬਾਪੂ ਜੀ
ਮੋਹਰਾਂ ਦਾ ਲਾਲੋ ਜੀ ਢੇਰ
ਦੰਮ ਬਥੇਰੇ ਆਉਣਗੇ
ਕਦੀ ਸਮਾਂ ਨਾ ਆਵੇ ਫੇਰ

ਕਹਿੰਦੇ ਨੇ ਛੋਟਾ ਦਿਓਰ ਭਾਬੀਆਂ ਦਾ ਗਹਿਣਾ। ਭਾਬੀ ਅਪਣੇ ਦਿਓਰ ਦੇ ਵਿਆਹ ਵਿਚ ਧਮਾਲਾਂ ਪਾਉਂਦੀ ਥੱਕਦੀ ਨਹੀਂ, ਲੋਹੜੇ ਦਾ ਚਾਅ ਚੜ੍ਹ ਜਾਂਦਾ ਹੈ

ਉਸ ਨੂੰ ਤੇ ਉਹਦਾ ਪੱਬ ਧਰਤੀ ਤੇ ਨਹੀਂ ਲਗਦਾ। ਜੰਜ ਚੜ੍ਹਦੇ ਦਿਓਰ ਦੀਆਂ ਅੱਖਾਂ ਵਿਚ ਭਾਬੀਆਂ ਵਲੋਂ ਸੁਰਮਾਂ ਪਾਉਣ ਦੀ ਰਸਮ ਕੀਤੀ ਜਾਂਦੀ ਹੈ। ਇਸ ਅਵਸਰ ਤੇ ਭਾਬੀਆਂ ਮਧੁਰ ਸੁਰ ਵਿਚ ਹੇਅਰੇ ਲਾਉਂਦੀਆਂ ਹਨ:-

ਪਹਿਲੀ ਸਲਾਈ ਦਿਓਰਾ ਰਸ ਭਰੀ
ਦੂਜੀ ਗ਼ੁਲ ਅਨਾਰ
ਤੀਜੀ ਸਲਾਈ ਤਾਂ ਪਾਵਾਂ
ਜੇ ਮੋਹਰਾਂ ਦੇਵੇਂ ਚਾਰ

ਸਿਖਰ ਦੁਪਹਿਰੇ ਦਿਓਰਾ ਜੰਨ ਚੜ੍ਹਿਆ
ਕੋਈ ਧੁੱਪ ਲੱਗੇ ਕੁਮਲਾ
ਜੇ ਮੈਂ ਹੋਵਾਂ ਬਦਲੀ ਵੇ ਦਿਓਰਾ ਸੋਹਣਿਆਂ
ਸੂਰਜ ਲਵਾਂ ਛੁਪਾ

ਦਿਓਰ ਪ੍ਰਤੀ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਜ਼ਾਹਰ ਕਰਦੀ ਹੋਈ ਭਾਬੀ ਨਵੇਂ ਤੋਂ ਨਵੇਂ ਹੇਅਰੇ ਨੂੰ ਜਨਮ ਦੇਂਦੀ ਹੈ:-

ਤੇਰਾ ਵੀ ਬੋਲਿਆ ਦਿਓਰਾ ਲਿਖ ਧਰਾਂ
ਕੋਈ ਸੱਜੇ ਕੌਲ਼ੇ ਦੇ ਨਾਲ਼
ਆਉਂਦੀ ਜਾਂਦੀ ਰਹਾਂ ਵਾਚਦੀ
ਮੈਂ ਤਾਂ ਗੂੜ੍ਹੇ ਨੈਣਾਂ ਦੇ ਨਾਲ਼
ਹੋਰ
ਤੇਰਾ ਵੀ ਮੇਰਾ ਦਿਓਰਾ ਇਕ ਮਨ
ਕੋਈ ਲੋਕਾਂ ਭਾਣੇ ਦੋ
ਕੰਡਾ ਧਰ ਕੇ ਤੋਲ ਲੈ
ਕੋਈ ਹਵਾ ਬਰਾਬਰ ਹੋ

ਦਿਓਰ ਦੇ ਮਿਠੜੇ ਬੋਲ ਭਾਬੀ ਨੂੰ ਸੰਤੁਸ਼ਟੀ ਤੇ ਆਤਮਕ ਰੱਜ ਪ੍ਰਦਾਨ ਕਰਦੇ ਹਨ:

ਤੇਰਾ ਵੀ ਬੋਲਿਆ ਦਿਓਰਾ ਇਊਂ ਲੱਗੇ
ਜਿਊਂ ਸ਼ਰਬਤ ਦਾ ਘੁੱਟ
ਇਕ ਭਰੇਂਦੀ ਦੋ ਭਰਾਂ ਵੇ ਦਿਓਰਾ
ਮੇਰੇ ਟੁੱਟਣ ਸਰੀਰੀਂ ਦੁੱਖ

ਚਾਲੀ ਪੰਜਾਹ ਸਾਲ ਪਹਿਲਾਂ ਦੀਆਂ ਗੱਲਾਂ ਹਨ ਓਦੋਂ ਬਰਾਤਾਂ ਰਥਾਂ, ਬੈਲ ਗੱਡੀਆਂ, ਘੋੜੀਆਂ ਅਤੇ ਊਠਾਂ ਤੇ ਸਵਾਰ ਹੋ ਕੇ ਮੁੰਡਿਆਂ ਨੂੰ ਵਿਆਹੁਣ ਜਾਂਦੀਆਂ ਸਨ। ਪੂਰੇ ਤਿੰਨ ਦਿਨ ਬਰਾਤ ਨੇ ਠਹਿਰਨਾ ਸਾਰੇ ਪਿੰਡ ਵਿਚ ਗਹਿਮਾ ਗਹਿਮੀ ਹੋ ਜਾਣੀ। ਆਮ ਤੌਰ ਤੇ ਬਰਾਤ ਆਥਣ ਸਮੇਂ ਹੀ ਢੁਕਦੀ ਸੀ। ਅਜਕਲ੍ਹ ਵਾਂਗ ਔਰਤਾਂ ਨੂੰ ਬਰਾਤ ਨਾਲ਼ ਲਜਾਣ ਦਾ ਰਿਵਾਜ ਨਹੀਂ ਸੀ। ਬਰਾਤ ਦੇ ਢੁਕਾਅ ਤੇ ਕੁੜਮਾਂ ਤੇ ਮਾਮਿਆਂ ਦੀ ਮਿਲਣੀ ਕਰਵਾਉਣ ਉਪਰੰਤ ਜਨ ਅਥਵਾ ਬਰਾਤ ਦਾ ਉਤਾਰਾ ਜਨ-ਘਰ ਜਾਂ ਧਰਮਸ਼ਾਲਾ ਵਿਚ ਕਰਵਾਇਆ ਜਾਂਦਾ। ਪਹਿਲੀ ਰਾਤ ਦੀ ਰੋਟੀ ਜਿਸ ਨੂੰ 'ਕੁਆਰੀ ਰੋਟੀ' ਜਾਂ 'ਮਿੱਠੀ ਰੋਟੀ' ਆਖਦੇ ਸਨ ਘਿਓ ਬੂਰੇ, ਜਾਂ ਚੌਲ਼ ਸ਼ੱਕਰ ਨਾਲ਼ ਦਿੱਤੀ ਜਾਂਦੀ। 'ਮਿੱਠੀ ਰੋਟੀ' ਵੇਲ਼ੇ ਲਾੜਾ ਬਰਾਤ ਨਾਲ਼ ਰੋਟੀ ਖਾਣ ਨਹੀਂ ਸੀ ਜਾਂਦਾ, ਉਸ ਦੀ ਰੋਟੀ ਡੇਰੋ ਭੇਜੀ ਜਾਂਦੀ। ਗੈਸਾਂ ਅਤੇ ਲਾਲਟੈਣਾਂ ਦੇ ਚਾਨਣ ਵਿਚ ਬਰਾਤੀ ਧਰਤੀ ਤੇ ਵਛਾਏ 'ਕੋਰਿਆਂ' ਤੇ ਬੈਠਕੇ ਰੋਟੀ ਛਕਦੇ। ਏਧਰ ਬਰਾਤੀਆਂ ਨੇ ਰੋਟੀ ਖਾਣੀ ਸ਼ੁਰੂ ਕਰਨੀ ਓਧਰ ਬਨੇਰਿਆਂ ਤੇ ਬੈਠੀਆਂ ਸੁਆਣੀਆਂ ਨੇ ਬਰਾਤ ਦਾ ਸੁਆਗਤ ਹੇਅਰਿਆਂ ਤੇ ਸਿਠਣੀਆਂ ਨਾਲ਼ ਕਰਨਾ- ਕੁੜਮ ਤੇ ਬਰਾਤੀਆਂ ਨੂੰ ਪਹਿਲਾਂ ਮਿੱਠੇ ਤੇ ਮਗਰੋਂ ਸਲੂਣੇ ਹੇਅਰੇ ਦੇ ਕੇ ਕੋਈ ਸਮਾਂ ਬੰਨ੍ਹ ਦੇਣਾ- ਪਹਿਲੇ ਹੇਅਰੇ ਵਿਚ ਸੁਆਗਤੀ ਬੋਲ ਬੋਲਣੇ:-

ਸਾਡੇ ਨਵੇਂ ਸਜਣ ਘਰ ਆਏ
ਸਲੋਨੀ ਦੇ ਨੈਣ ਭਰੇ
ਸਾਨੂੰ ਕੀ ਕੀ ਵਸਤ ਲਿਆਏ
ਸਲੋਨੀ ਦੇ ਨੈਣ ਭਰੇ
ਹੋਰ
ਚਾਂਦੀ ਸਜੀ ਤੇਰੀ ਘੋੜੀ ਸਜਨਾ
ਸੋਨੇ ਦੀ ਲਗਾਮ
ਜਿਨ੍ਹੀਂ ਰਾਹੀਂ ਤੂੰ ਆਇਆ ਸਜਨਾ
ਤਾਰੇ ਕਰਨ ਸਲਾਮ

ਸੁਆਗਤੀ ਹੇਅਰਿਆਂ ਮਗਰੋਂ ਵਿਆਹ ਦੀ ਖੁਸ਼ੀ ਵਿਚ ਮਸਤ ਹੋਈਆਂ ਮੁਟਿਆਰਾਂ ਕੁੜਮ ਅਤੇ ਬਰਾਤੀਆਂ ਨੂੰ ਚੁਰਚੁਰੇ ਹੇਅਰੇ ਦੇ ਕੇ ਮਾਹੌਲ ਨੂੰ ਹੁਲਾਸ ਪੂਰਨ ਬਣਾ ਦੇਂਦੀਆਂ। ਪਹਿਲਾਂ ਕੁੜਮ ਦੀ ਬਾਰੀ ਆਉਂਦੀ ਹੈ-:

ਚਾਦਰ ਵੀ ਕੁੜਮਾ ਮੇਰੀ ਪੰਜ ਗਜ਼ੀ
ਵਿਚ ਗੁਲਾਬੀ ਫੁੱਲ
ਜਦ ਮੈਂ ਨਿਕਲੀ ਪਹਿਨ ਕੇ
ਤੇਰੀ ਸਾਰੀ ਜਨੇਤ ਦਾ ਮੁੱਲ

ਕੁੜਮਣੀ ਤੇ ਨਿਸ਼ਾਨਾ ਸੋਧਿਆ ਜਾਂਦਾ ਹੈ:-

ਕਾਲ਼ੀ ਕੁੜਮਾਂ ਤੇਰੀ ਕੰਬਲੀ
ਕਾਲ਼ੀ ਤੇਰੀ ਜੋ
ਮਾਘ ਮਹੀਨੇ ਪੁੰਨ ਕਰ
ਤੈਨੂੰ ਪੁੰਨ ਪ੍ਰਾਪਤ ਹੋ
ਹੋਰ
ਕਦੇ ਨਾ ਵਾਹੀਆਂ ਬੋਦੀਆਂ
ਕਦੇ ਨਾ ਲਾਇਆ ਤੇਲ

ਤੇਰੇ ਵਰਗੇ ਨੂੰ ਕਲੂੰਜੜੇ
ਸਾਡੀ ਗਲ਼ੀਏਂ ਵੇਚਦੇ ਤੇਲ

ਉਹ ਤਾਂ ਉਸ ਨੂੰ ਖੋਤਾ ਬਣਾਉਣ ਤਕ ਜਾਂਦੀਆਂ ਹਨ:-

ਚੁਟਕੀ ਮਾਰਾਂ ਰਾਖ ਦੀ
ਤੈਨੂੰ ਖੋਤਾ ਲਵਾਂ ਬਣਾ
ਨੌਂ ਮਣ ਛੋਲੇ ਲਦ ਕੇ
ਤੈਨੂੰ ਪਾਵਾਂ ਸ਼ਹਿਰ ਦੇ ਰਾਹ

ਜੇ ਕਰ ਕੋਈ ਬਰਾਤੀ ਬਨੇਰੇ ਤੇ ਬੈਠੀਆਂ ਮੁਟਿਆਰਾਂ ਵਲ ਤਕ ਕੇ ਆਪਣੀਆਂ ਅੱਖੀਆਂ ਤੱਤੀਆ ਕਰਨ ਦੀ ਗੁਸਤਾਖ਼ੀ ਕਰਦਾ ਹੈ ਤਾਂ ਅੱਗੋਂ ਝਟ ਚਤਾਵਨੀ ਮਿਲ ਜਾਂਦੀ ਹੈ:-

ਨੀਲੇ ਸਾਫੇ ਵਾਲ਼ਿਆ
ਤੇਰੇ ਸਾਫੇ ਤੇ ਬੈਠਾ ਮੋਰ
ਜੇ ਤੂੰ ਮੇਰੇ ਵਲ ਦੇਖੇਂ
ਤੇਰੀ ਅੱਖ 'ਚ ਦੇ ਦੂੰ ਤੋੜ
ਹੋਰ
ਛੰਨਾ ਭਰਿਆ ਕਣਕ ਦਾ
ਵਿਚੋਂ ਚੁਗਦੀ ਆਂ ਰੋੜ
ਕੁੜੀਆਂ ਵੰਨੀਂ ਝਾਕਦਿਓ
ਥੋਡੇ ਅੱਖੀਂ ਦੇਵਾਂ ਤੋੜ

ਫੇਰੇ ਅਥਵਾ ਆਨੰਦ ਕਾਰਜ ਹੋਣ ਉਪਰੰਤ ਲਾੜਾ ਅਪਣੇ ਸਹੁਰਿਆਂ ਦੇ ਘਰ ਜਾਂਦਾ ਹੈ। ਓਥੇ ਸਾਲ਼ੀਆਂ ਉਹਦੇ ਆ ਦੁਆਲੇ ਹੁੰਦੀਆਂ ਹਨ- ਖੂਬ ਹਾਸਾ ਮਖੌਲ ਉਪਜਦਾ ਹੈ:-

ਮੇਰੀ ਵੀ ਖੋਗੀ ਜੀਜਾ ਆਰਸੀ
ਤੇਰੀ ਖੋਗੀ ਮਾਂ
ਆਪਾਂ ਦੋਨੋਂ ਟੋਲ਼ੀਏ
ਤੂੰ ਕਰ ਛਤਰੀ ਦੀ ਛਾਂ
ਹੋਰ
ਤੇਰੇ ਮੂੰਹ ਤੇ ਨਿਕਲ਼ੀ ਸੀਤਲਾ
ਤੇਰੀ ਮਾਂ ਨੇ ਰੱਖੀ ਨਹੀਂ ਰੱਖ
ਤੇਰੇ ਨੈਣੀ ਚਿੱਟਾ ਪੈ ਗਿਆ
ਤੇਰੀ ਕਾਣੀ ਹੋ ਗਈ ਅੱਖ

ਸਾਲ਼ੀਆਂ ਦੇ ਵਸ ਪਿਆ ਜੀਜਾ ਵਿਚਾਰਾ ਭਮੱਤਰ ਜਾਂਦਾ ਹੈ- ਉਹ ਤਾਂ ਉਹਨੂੰ ਬਾਂਦਰ ਬਣਾ ਕੇ ਨਚਾਉਂਦੀਆਂ ਹਨ- ਸਰਵਾਲਾ ਮੁਸਕੜੀਂਏ ਮੁਸਕਰਾਉਂਦਾ ਹੈ:-

ਚੁਟਕੀ ਮਾਰਾਂ ਰਾਖ ਦੀ
ਤੈਨੂੰ ਬਾਂਦਰ ਲਵਾਂ ਬਣਾ
ਗਲ਼ ਵਿਚ ਸੰਗਲੀ ਪਾ ਕੇ
ਤੈਨੂੰ ਦਰ ਦਰ ਲਵਾਂ ਟਪਾ

ਬਾਬਲ ਦੇ ਦਰੋਂ ਜਦੋਂ ਪੁੱਤਾਂ ਵਾਂਗ ਪਾਲ਼ੀ ਧੀ ਡੋਲ਼ੀ ਦੇ ਰੂਪ ਵਿਚ ਵਿਦਾ ਹੁੰਦੀ ਹੈ ਤਾਂ ਉਸ ਸਮੇਂ ਸੋਗੀ ਵਾਤਾਵਰਣ ਉਤਪਨ ਹੋ ਜਾਂਦਾ ਹੈ। ਉਸ ਸਮੇਂ ਭੈਣਾਂ ਤੇ ਸਖੀਆਂ ਸਹੇਲੀਆਂ ਬੜੇ ਦਰਦੀਲੇ ਬੋਲਾਂ ਨਾਲ਼ ਉਸ ਨੂੰ ਵਿਦਾ ਕਰਦੀਆਂ ਹਨ:

ਬਾਬਲ ਵਿਦਾ ਕਰੇਂਦਿਆ
ਮੈਨੂੰ ਰੱਖ ਲੈ ਅੱਜ ਦੀ ਰਾਤ ਵੇ
ਕਿੱਕਣ ਰੱਖਾਂ ਧੀਏ ਮੇਰੀਏ
ਮੈਂ ਤਾਂ ਸਜਣ ਸਦਾਏ ਆਪ ਨੀ
ਹੋਰ
ਛੰਨਾ ਭਰਿਆ ਮਾਸੜਾ ਦੁਧ ਦਾ
ਕੋਈ ਘੁੱਟੀਂ ਘੁੱਟੀਂ ਪੀ
ਜੇ ਥੋਡਾ ਪੁੱਤ ਹੈ ਲਾਡਲਾ
ਸਾਡੀ ਪੁੱਤਾਂ ਬਰਾਬਰ ਧੀ
ਹੋਰ
ਸੂਹੇ ਨੀ ਭੈਣੇ ਤੇਰੇ ਕਪੜੇ
ਕਾਲ਼ੇ ਕਾਲ਼ੇ ਕੇਸ
ਧਨ ਜਿਗਰਾ ਤੇਰੇ ਬਾਪ ਦਾ
ਜੀਹਨੇ ਦਿੱਤੀ ਪਰਾਏ ਦੇਸ
ਹੋਰ
ਦੋ ਕਬੂਤਰ ਰੰਗਲੇ
ਚੁਗਦੇ ਨਦੀਓਂ ਪਾਰ
ਸਾਡੀ ਭੈਣ ਨੂੰ ਇਓਂ ਰੱਖਿਓ
ਜਿਉਂ ਫੁੱਲਾਂ ਦਾ ਹਾਰ

ਜਦੋਂ ਡੋਲ਼ੀ ਸਹੁਰੇ ਘਰ ਪੁਜ ਜਾਂਦੀ ਹੈ ਤਾਂ ਲਾੜੇ ਦੀ ਮਾਂ ਸਜ-ਵਿਆਹੀ ਜੋੜੀ ਤੇ ਪਾਣੀ ਵਾਰ ਕੇ ਪੀਂਦੀ ਹੈ ਤੇ ਲਾੜੇ ਦੀਆਂ ਭੈਣਾਂ ਚਾਵਾਂ ਵਿਚ ਮੱਤੀਆਂ ਨਵੀਂ ਵਹੁਟੀ ਦਾ ਸੁਆਗਤ ਹੇਅਰਿਆਂ ਦੇ ਰੂਪ ਵਿਚ ਕਰਦੀਆਂ ਹਨ:-

ਉੱਤਰ ਭਾਬੋ ਡੋਲ਼ਿਓਂ
ਦੇਖ ਸਹੁਰੇ ਦਾ ਬਾਰ
ਕੰਧਾਂ ਚਿਤਮ ਚਿੱਤੀਆਂ
ਕਲੀ ਚਮਕਦਾ ਬਾਰ

ਡੱਬੀ ਨੀ ਭਾਬੋ ਮੇਰੀ ਕਨਚ ਦੀ
ਵਿਚ ਸੋਨੇ ਦੀ ਮੇਖ
ਮਾਦਪੁਰ ਖੇੜੇ ਢੁਕ ਕੇ
ਤੈਂ ਚੰਗੇ ਲਖਾਏ ਲੇਖ
ਜਾਂ
ਡੱਬੀ ਵੀਰਾ ਮੇਰੀ ਕਨਚ ਦੀ
ਵਿਚ ਮਿਸ਼ਰੀ ਦੀ ਡਲ਼ੀ
ਵੀਰਜ ਫੁੱਲ ਗੁਲਾਬ ਦਾ
ਭਾਬੋ ਚੰਬੇ ਦੀ ਕਲੀ

ਲੋਕ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਹੇਅਰੇ ਲਾਉਣ ਦੀ ਲੋਕ ਪਰੰਪਰਾ ਵੀ ਪੰਜਾਬ ਦੇ ਜਨ ਜੀਵਨ ਵਿਚੋਂ ਅਲੋਪ ਹੋ ਰਹੀ ਹੈ....ਵਿਆਹ ਮੰਗਣੇ ਮੈਰਿਜ ਪੈਲੇਸਾਂ ਵਿਚ ਹੋਣ ਕਰਕੇ ਇਸ ਨੂੰ ਬਹੁਤ ਵੱਡੀ ਢਾਅ ਲੱਗੀ ਹੈ। ਮੈਰਿਜ ਪੈਲੇਸਾਂ ਵਿਚ ਕੀਤੇ ਜਾਂਦੇ ਵਿਆਹਾਂ ਨੇ ਤਾਂ ਵਿਆਹ ਦੀਆਂ ਸਾਰੀਆਂ ਰਸਮਾਂ ਦਾ ਹੀ ਮਲੀਆਂ ਮੇਟ ਕਰਕੇ ਰੱਖ ਦਿੱਤਾ ਹੈ। ਹੇਅਰੇ ਪੰਜਾਬੀ ਲੋਕ ਸਾਹਿਤ ਦੇ ਅਣਵਿਧ ਮੋਤੀ ਹਨ।