ਸ਼ਗਨਾਂ ਦੇ ਗੀਤ/ਗਿੱਧੇ ਦੀਆਂ ਬੋਲੀਆਂ

ਵਿਕੀਸਰੋਤ ਤੋਂ


ਗਿੱਧੇ ਦੀਆਂ ਬੋਲੀਆਂ

ਗਿੱਧੇ ਦੀਆਂ ਬੋਲੀਆਂ ਪੰਜਾਬੀਆਂ ਦਾ ਸਭ ਤੋਂ ਵਧ ਹਰਮਨ ਪਿਆਰਾ ਲੋਕ-ਕਾਵਿ ਰੂਪ ਹੈ। ਗਿੱਧੇ ਦਾ ਨਾਂ ਸੁਣਦਿਆਂ ਹੀ ਪੰਜਾਬੀ ਗੁਲਾਬ ਦੇ ਫੁੱਲ ਵਾਂਗ ਖਿੜ ਜਾਂਦੇ ਹਨ ਤੇ ਉਹਨਾਂ ਦੇ ਸਰੀਰਾਂ ਵਿਚ ਮਸਤੀ ਦੀ ਲਹਿਰ ਦੌੜ ਜਾਂਦੀ ਹੈ। ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇਗਾ ਜਿਸ ਨੇ ਗਿੱਧੇ ਦਾ ਰੰਗ ਨਾ ਮਾਣਿਆਂ ਹੋਵੇ। ਗਿੱਧਾ ਪੰਜਾਬੀਆਂ ਵਿਸ਼ੇਸ਼ ਕਰਕੇ ਪੰਜਾਬੀ ਮੁਟਿਆਰਾਂ ਦਾ ਹਰਮਨ ਪਿਆਰਾ ਲੋਕ ਨਾਚ ਹੈ ਜੋ ਕਿਸੇ ਵੀ ਖ਼ੁਸ਼ੀ ਦੇ ਅਵਸਰ ਤੇ ਨੱਚਿਆ (ਪਾਇਆ) ਜਾ ਸਕਦਾ ਹੈ। ਗਿੱਧਾ ਪਾਉਣ ਸਮੇਂ ਕੇਵਲ ਨੱਚਿਆ ਹੀ ਨਹੀਂ ਜਾਂਦਾ ਬਲਕਿ ਮਨ ਦੇ ਹਾਵ-ਭਾਵ ਪ੍ਰਗਟਾਉਣ ਵਾਲ਼ੀਆਂ ਬੋਲੀਆਂ ਵੀ ਨਾਲੋਂ ਨਾਲ਼ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਗਿੱਧੇ ਦੀਆਂ ਬੋਲੀਆਂ ਆਖਦੇ ਹਨ।

ਗਿੱਧੇ ਦੀਆਂ ਬੋਲੀਆਂ ਪੰਜਾਬੀ ਲੋਕ-ਕਾਵਿ ਦਾ ਪ੍ਰਮੁੱਖ ਅੰਗ ਹਨ ਜੋ ਹਜ਼ਾਰਾਂ ਦੀ ਗਿਣਤੀ ਵਿਚ ਉਪਲਭਧ ਹਨ। ਇਹ ਦੋ ਪ੍ਰਕਾਰ ਦੀਆਂ ਹਨ ਲੰਬੀਆਂ ਤੇ ਇਕ ਲੜੀਆਂ। ਇਕ ਲੜੀਆਂ ਬੋਲੀਆਂ ਨੂੰ ਮਲਵਈ ਟੱਪੇ ਵੀ ਆਖਦੇ ਹਨ। ਇਹ ਮਾਲਵਾ ਖੇਤਰ ਵਿਚ ਵਧੇਰੇ ਪ੍ਰਚੱਲਤ ਹਨ। ਲੰਬੀ ਬੋਲੀ ਨੂੰ ਅਖਾੜੇ ਵਿਚੋਂ ਨਿਕਲਕੇ ਇਕ ਜਣਾ ਲੰਬੀ ਬਾਂਹ ਕਰਕੇ, ਉਚੀ ਸੁਰ ਵਿਚ ਪਾਉਂਦਾ ਹੈ ਤੇ ਬੋਲੀ ਦੀਆਂ ਅੰਤਲੀਆਂ ਦੋ ਲਾਇਨਾਂ ਜਿਨ੍ਹਾਂ ਨੂੰ ਅੰਤਰਾ ਕਹਿੰਦੇ ਹਨ ਨੂੰ ਬਾਕੀ ਦੇ ਗਿੱਧਾ ਪਾਉਣ ਵਾਲ਼ੇ ਚੁੱਕ ਕੇ ਤਾੜੀਆਂ ਦੇ ਤਾਲ ਨਾਲ਼ ਉੱਚੀ ਸੁਰ ਵਿਚ ਗਾਉਂਦੇ ਹਨ। ਇਕ ਲੜੀਆਂ ਬੋਲੀਆਂ ਨੂੰ ਟੱਪੇ ਜਾਂ ਇਕ ਤੁਕੀਆਂ ਬੋਲੀਆਂ ਵੀ ਆਖਦੇ ਹਨ। ਡਾ ਆਤਮ ਹਮਰਾਹੀ ਅਨੁਸਾਰ "ਸੰਸਾਰ ਕਾਵਿ ਵਿਚ ਛੋਟੀ ਅਨੂਪਮ ਤੇ ਸੰਪੂਰਨ ਕਵਿਤਾ ਦੇ ਪੰਜ ਰੂਪ ਹਨ- ਗ਼ਜ਼ਲ ਦਾ ਸ਼ਿਅਰ, ਅੰਗਰੇਜ਼ੀ ਦਾ ਕਪਲੈਟ, ਪਿੰਗਲ ਦਾ ਦੋਹਰਾ-ਸੋਰਠਾ, ਮਲਵਈ ਟੱਪੇ ਅਤੇ ਜਾਪਾਨੀ ਹਾਇਕੂ। ਮਲਵਈ ਟੱਪੇ ਆਪਣੀ ਕਾਵਿ ਸਮੱਗਰੀ ਦੀ ਅਨੂਪਮਤਾ ਕਾਰਨ ਸੰਸਾਰ ਭਰ ਦੀ ਉੱਤਮ ਕਾਵਿ ਪ੍ਰਾਪਤੀ ਹਨ"।[1]

ਅਲੰਕਾਰਾਂ, ਉਪਮਾਵਾਂ ਅਤੇ ਨਾਜ਼ਕ ਖਿਆਲੀ ਨਾਲ਼ ਗਲੇਫੀਆਂ ਗਿੱਧੇ ਦੀਆਂ ਇਹ ਬੋਲੀਆਂ ਪੰਜਾਬੀ ਲੋਕ-ਕਾਵਿ ਦਾ ਸਰਬੋਤਮ ਰੂਪ ਹਨ ਜਿਸ ਸਦਕਾ ਇਹਨਾਂ ਦਾ ਪੰਜਾਬੀ ਲੋਕ ਸਾਹਿਤ ਵਿਚ ਵਿਸ਼ੇਸ਼ ਤੇ ਮਹੱਤਵਪੂਰਨ ਸਥਾਨ ਹੈ। ਲੋਕ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਬੋਲੀਆਂ ਕਿਸੇ ਇਕ ਵਯੱਕਤੀ ਵਿਸ਼ੇਸ਼ ਦੀ ਰਚਨਾ ਨਹੀਂ ਹੁੰਦੀਆਂ ਬਲਕਿ ਸਮੂਹਕ ਰੂਪ ਵਿਚ ਪਾਈ ਸਾਂਝੀ ਮਿਹਨਤ ਦਾ ਸਿੱਟਾ ਹਨ ਜਿਸ ਕਰਕੇ ਇਹ ਐਨੀ ਸਰਲਤਾ ਭਰਪੂਰ ਰਚਨਾ ਬਣ ਗਈਆਂ ਹਨ ਅਤੇ ਸਦੀਆਂ ਦਾ ਪੈਂਡਾ ਤੈਅ ਕਰਕੇ ਮੂੰਹੋਂ ਮੂੰਹੀ ਸਾਡੇ ਤੀਕ ਪੁੱਜੀਆਂ ਹਨ। ਇਹਨਾਂ ਦੇ ਰਚਨ-ਹਾਰਿਆਂ ਦੇ ਨਾਵਾਂ ਥਾਵਾਂ ਦਾ ਵੀ ਕੋਈ ਥਹੁ-ਟਿਕਾਣਾ ਨਹੀਂ।

ਗਿੱਧੇ ਦੀਆਂ ਬੋਲੀਆਂ ਨੂੰ ਜੇਕਰ ਪੰਜਾਬੀਆਂ ਦਾ 'ਲੋਕ ਵੇਦ' ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਪੰਜਾਬ ਦੀ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਸਾਂਸਕ੍ਰਿਤਕ ਜ਼ਿੰਦਗੀ ਦਾ ਇਤਿਹਾਸ ਇਹਨਾਂ ਵਿਚ ਵਿਦਮਾਨ ਹੈ। ਸ਼ਾਇਦ ਹੀ ਜ਼ਿੰਦਗੀ ਦਾ ਕੋਈ ਅਜਿਹਾ ਪੱਖ ਜਾਂ ਵਿਸ਼ਾ ਹੋਵੇ ਜਿਸ ਬਾਰੇ ਬੋਲੀਆਂ ਦੀ ਰਚਨਾ ਨਾ ਕੀਤੀ ਗਈ ਹੋਵੇ। ਇਕ ਲੜੀਆਂ ਬੋਲੀਆਂ ਅਥਵਾ ਟੱਪੇ ਤਾਂ ਅਖਾਣਾਂ ਵਾਂਗ ਆਮ ਲੋਕਾਂ ਦੇ ਮੂੰਹ ਚੜ੍ਹੇ ਹੋਏ ਹਨ ਜਿਨ੍ਹਾਂ ਨੂੰ ਉਹ ਪਰਮਾਣ ਵਜੋਂ ਆਪਣੇ ਨਿਤ-ਵਿਹਾਰ ਤੇ ਬੋਲ ਚਾਲ ਵਿਚ ਵਰਤਦੇ ਹਨ। ਇਹ ਜੀਵਨ ਦੇ ਜੀਵਨ ਮੁੱਲਾਂ, ਸਰੋਕਾਰਾਂ, ਵਿਗੋਚਿਆਂ, ਸਾਕਾਦਾਰੀ ਸੰਬੰਧਾਂ ਅਤੇ ਮਾਨਵੀ ਰਿਸ਼ਤਿਆਂ ਦੇ ਪ੍ਰਮਾਣਿਕ ਵਾਹਨ ਹਨ। ਇਹਨਾਂ ਵਿਚ ਜਨ ਜੀਵਨ ਦੀ ਆਤਮਾ ਧੜਕਦੀ ਹੈ। ਇਹ ਸਦੀਆਂ ਪੁਰਾਣੇ ਪੰਜਾਬ ਦੇ ਸਾਂਸਕ੍ਰਿਤਕ ਅਤੇ ਸਮਾਜਿਕ ਇਤਿਹਾਸ ਨੂੰ ਆਪਣੀ ਬੁੱਕਲ ਵਿਚ ਲਕੋਈ ਬੈਠੀਆਂ ਹਨ ਜਿਨ੍ਹਾਂ ਦਾ ਅਧਿਐਨ ਕਰਕੇ ਤੁਸੀਂ ਪੰਜਾਬ ਦੇ ਸਭਿਆਚਾਰਕ ਵਿਰਸੇ ਤੋਂ ਜਾਣੂ ਹੋ ਸਕਦੇ ਹੋ। ਗਿੱਧੇ ਦੀਆਂ ਬੋਲੀਆਂ ਦਾ ਕੇਵਲ ਸਾਹਿਤਕ ਮਹੱਤਵ ਹੀ ਨਹੀਂ ਬਲਕਿ ਇਹਨਾਂ ਨੂੰ ਸਮਾਜਿਕ, ਸਭਿਆਚਾਰਕ ਅਤੇ ਲੋਕਧਾਰਾਈ ਦ੍ਰਿਸ਼ਟੀ ਤੋਂ ਵਾਚਣ ਅਤੇ ਅਧਿਐਨ ਕਰਨ ਦੀ ਲੋੜ ਹੈ। ਇਹ ਸਾਡੀ ਮੁਲਵਾਨ ਵਿਰਾਸਤ ਦੇ ਅਣਵਿਧ ਮੋਤੀ ਹਨ।

ਜਦੋਂ ਗਿੱਧੇ ਦਾ ਪਿੜ ਮੱਘਦਾ ਹੈ ਤਾਂ ਸਭ ਤੋਂ ਪਹਿਲਾਂ ਭਗਤੀ ਭਾਵ ਵਾਲ਼ੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ। ਗੁਰੂ ਬੰਦਨਾ ਕੀਤਾ ਜਾਂਦੀ ਹੈ:-

ਗੁਰੂ ਧਿਆਕੇ ਮੈਂ ਪਾਵਾਂ ਬੋਲੀ
ਸਭ ਨੂੰ ਫਤਿਹ ਬੁਲਾਵਾਂ
ਬੇਸ਼ਕ ਮੈਨੂੰ ਮਾੜਾ ਆਖੋ
ਮੈਂ ਮਿੱਠੇ ਬੋਲ ਸੁਣਾਵਾਂ
ਭਾਈਵਾਲ਼ੀ ਮੈਨੂੰ ਲੱਗੇ ਪਿਆਰੀ
ਰੋਜ਼ ਗਿੱਧੇ ਵਿਚ ਆਵਾਂ
ਗੁਰੂ ਦਿਆਂ ਸ਼ੇਰਾਂ ਦਾ--
ਮੈਂ ਵਧ ਕੇ ਜਸ ਗਾਵਾਂ

ਕੋਈ ਬੋਲੀਕਾਰ ਰੱਬ ਦਾ ਸ਼ੁਕਰਾਨਾ ਕਰਦਾ ਹੋਇਆ ਬੋਲੀ ਪਾਉਂਦਾ ਹੈ:-

ਧਰਤੀ ਜੇਡ ਗ਼ਰੀਬ ਨਾ ਕੋਈ
ਇੰਦਰ ਜੇਡ ਨਾ ਦਾਤਾ
ਬ੍ਰਹਮਾ ਜੇਡ ਨਾ ਪੰਡਤ ਕੋਈ
ਸੀਤਾ ਜੇਡ ਨਾ ਮਾਤਾ

ਲਛਮਣ ਜੇਠ ਜਤੀ ਨਾ ਕੋਈ
ਰਾਮ ਜੇਡ ਨਾ ਭਰਾਤਾ
ਬਾਬੇ ਨਾਨਕ ਜੇਡਾ ਭਗਤ ਨਾ ਕੋਈ
ਜਿਸ ਹਰਕਾ ਨਾਮ ਪਛਾਤਾ
ਦੁਨੀਆਂ ਮਾਣ ਕਰਦੀ-
ਰੱਬ ਸਭਨਾਂ ਦਾ ਦਾਤਾ

ਬੋਲੀਆਂ ਦਾ ਅਖਾੜਾ ਮਘਦੇ ਸਾਰ ਹੀ ਕੋਈ ਵੈਰਾਗ ਵਿਚ ਗਾ ਉਠਦਾ ਹੈ:-

ਸੱਜਣ ਸੁਆਮੀ ਮੇਰਾ
ਮਿੱਠੇ-ਮਿੱਠੇ ਬੋਲ ਬੋਲਦਾ
*
ਸਾਡੇ ਜਲਣ ਪ੍ਰੇਮ ਦੇ ਦੀਵੇ
ਰੱਤੀ ਆਂ ਮੈਂ ਤੇਰੇ ਨਾਮ ਦੀ
*
ਅਮਲਾਂ ਤੇ ਹੋਣਗੇ ਨਬੇੜੇ
ਜਾਤ ਕਿਸੇ ਪੁਛਣੀ ਨਹੀਂ
*
ਹਿਉਮੇ ਵਾਲ਼ਾ ਰੋਗ ਬੁਰਾ
ਰੱਬਾ ਲੱਗ ਨਾ ਕਿਸੇ ਨੂੰ ਜਾਵੇ
*
ਕਿੱਕਰਾਂ ਦੇ ਬੀਜ ਬੀਜ ਕੇ
ਕਿਥੋਂ ਮੰਗਦੈਂ ਦਸੌਰੀ ਦਾਖਾਂ

ਮੁਢ ਕਦੀਮ ਤੋਂ ਹੀ ਪੰਜਾਬ ਪ੍ਰਾਂਤ ਖੇਤੀ ਪ੍ਰਧਾਨ ਪ੍ਰਾਂਤ ਰਿਹਾ ਹੈ ਜਿਸ ਸਦਕਾ ਪੰਜਾਬੀ ਲੋਕ ਸਾਹਿਤ ਵਿਚ ਕਿਸਾਨੀ ਸੰਸਕ੍ਰਿਤੀ ਅਤੇ ਸਭਿਆਚਾਰ ਦੇ ਅਵਸ਼ੇਸ਼ ਵਿਦਮਾਨ ਹਨ। ਪੰਜਾਬ ਦੀ ਧਰਤੀ ਤੇ ਲਹਿ ਲਹਾਂਦੀਆਂ ਫਸਲਾਂ, ਮਹਿਕਾਂ ਵੰਡਦੇ ਰੁੱਖਾਂ ਤੇ ਫੁਲ ਬੂਟਿਆਂ ਨੇ ਪੰਜਾਬੀ ਲੋਕ ਮਨ ਨੂੰ ਟੁੰਬਿਆ ਹੈ ਜਿਸ ਕਰਕੇ ਉਸ ਨੇ ਇਹਨਾਂ ਬਾਰੇ ਸੁਹਜ ਭਰਪੂਰ ਬੋਲੀਆਂ ਦੀ ਸਿਰਜਣਾ ਕੀਤੀ ਹੈ। ਕਣਕ, ਮੱਕੀ, ਕਪਾਹ, ਛੋਲੇ, ਸਰ੍ਹੋਂ, ਬਾਜਰਾ, ਚਰ੍ਹੀ, ਅਲਸੀ, ਮੂੰਗੀ, ਜੌਂ, ਕਰੇਲੇ, ਕੱਦੂ, ਮੂੰਗਰੇ ਤੇ ਖਰਬੂਜ਼ਿਆਂ ਬਾਰੇ ਅਨੇਕਾਂ ਬੋਲੀਆਂ ਪ੍ਰਾਪਤ ਹਨ:-

ਬੱਗੀ ਬੱਗੀ ਕਣਕ ਦੇ
ਮੰਡੇ ਪਕਾਉਨੀ ਆਂ
ਛਾਵੇਂ ਬਹਿਕੇ ਖਾਵਾਂਗੇ
ਚਿਤ ਕਰੂ ਮੁਕਲਾਵੇ ਜਾਵਾਂਗੇ
*

ਅਸੀਂ ਯਾਰ ਦੀ ਤ੍ਰੀਕੇ ਜਾਣਾ
ਕਣਕ ਦੇ ਲਾਹ ਦੇ ਫੁਲਕੇ
*
ਪੱਲਾ ਕੀਤਾ ਲੱਡੂਆਂ ਨੂੰ
ਪੱਟੂ ਸੁੱਟ ਗਿਆ ਮੱਕੀ ਦੇ ਦਾਣੇ
*
ਛੜੇ ਪੈਣਗੇ ਮੱਕੀ ਦੀ ਰਾਖੀ
ਰੰਨਾਂ ਵਾਲ਼ੇ ਘਰ ਪੈਣਗੇ
*
ਪਰੇ ਹਟਜਾ ਕਪਾਹ ਦੀਏ ਛਟੀਏ
ਪਤਲੋ ਨੂੰ ਲੰਘ ਜਾਣ ਦੇ
*
ਤਾਰੋ ਹਸਦੀ ਖੇਤ 'ਚੋਂ ਲੰਘਗੀ
ਜੱਟ ਦੀ ਕਪਾਹ ਖਿੜਗੀ
*
ਗੰਨੇ ਚੂਪ ਲੈ ਜੱਟਾਂ ਦੇ ਪੋਲੇ
ਲੱਡੂ ਖਾ ਲੈ ਬਾਣੀਆਂ ਦੇ
*
ਕਾਲ਼ੀ ਤਿਟਰੀ ਕਮਾਦੋਂ ਨਿਕਲ਼ੀ
ਉਡਦੀ ਨੂੰ ਬਾਜ ਪੈ ਗਿਆ
*
ਚੰਦਰੇ ਜੇਠ ਦੇ ਛੋਲੇ
ਕਦੇ ਨਾ ਧੀਏ ਜਾਈਁ ਖੇਤ ਨੂੰ
*
ਕਾਹਨੂੰ ਆ ਗਿਐਂ ਸਰਹੋਂ ਦਾ ਫੁਲ ਬਣਕੇ
ਮਾਪਿਆਂ ਨੇ ਤੋਰਨੀ ਨਹੀਂ
*
ਤੈਨੂੰ ਗੰਦਲਾਂ ਦਾ ਸਾਗ ਤੁੜਾਵਾਂ
ਸਰ੍ਹੋ ਵਾਲ਼ੇ ਆਜੀਂ ਖੇਤ ਨੂੰ
*
ਮੀਂਹ ਪਾ ਦੇ ਲਾ ਦੇ ਝੜੀਆਂ
ਬੀਜ ਲਈਏ ਮੋਠ ਬਾਜਰਾ
*

ਰੁੱਤ ਗਿੱਧਾ ਪਾਉਣ ਦੀ ਆਈ
ਲਕ ਲਕ ਹੋ ਗੇ ਬਾਜਰੇ
*
ਮੇਰੀ ਡਿਗਪੀ ਚਰ੍ਹੀ ਦੇ ਵਿਚ ਗਾਨੀ
ਚਕ ਲਿਆ ਮੋਰ ਬਣਕੇ
*
ਕਾਲ਼ਾ ਨਾਗ ਨੀ ਚਰ੍ਹੀ ਵਿਚ ਮੇਲ੍ਹੇ
ਬਾਹਮਣੀ ਦੀ ਗੁੱਤ ਵਰਗਾ
*
ਮੇਰੀ ਨਣਦ ਚੱਲੀ ਮੁਕਲਾਵੇ
ਅਲਸੀ ਦੇ ਫੁੱਲ ਵਰਗੀ
*
ਉੱਚੇ ਟਿੱਬੇ ਇਕ ਮੂੰਗੀ ਦਾ ਬੂਟਾ
ਉਹਨੂੰ ਲੱਗੀਆਂ ਢਾਈ ਟਾਂਟਾਂ
ਕਰਾਦੇ ਨੀ ਮਾਏਂ ਜੜੁੱਤ ਬਾਂਕਾਂ
*
ਉੱਚੇ ਟਿੱਬੇ ਇਕ ਜੌਆਂ ਦਾ ਬੂਟਾ
ਉਹਨੂੰ ਲੱਗੀਆਂ ਬੱਲੀਆਂ
ਬੱਲੀਆਂ ਨੂੰ ਲੱਗਾ ਕਸੀਰ
ਕੁੜਤੀ ਮਲਮਲ ਦੀ
ਭਖ ਭਖ ਉਠੇ ਸਰੀਰ
*
ਗੰਢੇ ਤੇਰੇ ਕਰੇਲੇ ਮੇਰੇ
ਖੂਹ ਤੇ ਮੰਗਾ ਲੈ ਰੋਟੀਆਂ
*
ਮੇਰੀ ਮੱਚਗੀ ਕੱਦੂ ਦੀ ਤਰਕਾਰੀ
ਆਇਆ ਨਾ ਪਰੇਟ ਕਰਕੇ
*
ਮੈਂ ਮੂੰਗਰੇ ਤੜਕ ਕੇ ਲਿਆਈ
ਰੋਟੀ ਖਾ ਲੈ ਔਤ ਟੱਬਰਾ
*
ਗੋਰੀ ਗਲ੍ਹ ਦਾ ਬਣੇ ਖਰਬੂਜਾ
ਡੰਡੀਆਂ ਦੀ ਵੇਲ ਬਣਜੇ

ਆਦਿ ਕਾਲ ਤੋਂ ਰੁੱਖਾਂ ਨਾਲ਼ ਪੰਜਾਬੀਆਂ ਦੀ ਸਾਂਝ ਰਹੀ ਹੈ। ਉਹ ਮਨੁੱਖ ਦੇ ਜੀਵਨ ਦਾਤੇ ਹਨ। ਭਲਾ ਜੀਵਨ ਦਾਤਿਆਂ ਨੂੰ ਲੋਕ ਮਨ ਕਿਵੇਂ ਭੁਲਾ ਸਕਦਾ ਹੈ, ਪਿੱਪਲ, ਬੋਹੜ, ਕਿੱਕਰ, ਬੇਰੀਆਂ, ਨਿੰਮ, ਜੰਡ, ਕਰੀਰ, ਟਾਹਲੀ, ਨਿੰਬੂ, ਅੰਬ ਅਤੇ ਜਾਮਣਾਂ ਦੇ ਰੁਖ ਲੋਕ ਬੋਲੀਆਂ ਵਿਚ ਲਹਿਲਹਾਉਂਦੇ ਨਜ਼ਰੀਂ ਪੈਂਦੇ ਹਨ:- 

ਪਿੱਪਲਾ ਵੇ ਮੇਰੇ ਪਿੰਡ ਦਿਆ
ਤੇਰੀਆਂ ਠੰਢੀਆਂ ਛਾਵਾਂ
ਢਾਬ ਤੇਰੀ ਦਾ ਗੰਧਲਾ ਪਾਣੀ
ਉਤੋਂ ਬੂਰ ਹਟਾਵਾਂ
ਸੱਭੇ ਸਹੇਲੀਆਂ ਸਹੁਰੇ ਗਈਆਂ
ਕਿਸ ਨੂੰ ਹਾਲ ਸੁਣਾਵਾਂ
ਚਿੱਠੀਆਂ ਬਰੰਗ ਭੇਜਦਾ-
ਕਿਹੜੀ ਛਾਉਣੀ ਲੁਆ ਲਿਆ ਨਾਵਾਂ
*
ਪਿੱਪਲਾ ਦਸਦੇ ਵੇ
ਕਿਹੜਾ ਰਾਹ ਸੁਰਗਾਂ ਨੂੰ ਜਾਵੇ
*
ਪਿੱਪਲਾਂ ਉੱਤੇ ਆਈਆਂ ਬਹਾਰਾਂ
ਬੋਹੜਾਂ ਨੂੰ ਲੱਗੀਆਂ ਗੋਹਲਾਂ
ਜੰਗ ਨੂੰ ਨਾ ਜਾਹ ਵੇ
ਦਿਲ ਦੇ ਬੋਲ ਮੈਂ ਬੋਲਾਂ
*
ਛੇਤੀ ਛੇਤੀ ਵੱਧ ਕਿੱਕਰੇ
ਅਸੀਂ ਸੱਸ ਦਾ ਸੰਦੂਕ ਬਣਾਉਣਾ
*
ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ
ਵਿਆਹ ਕੇ ਲੈ ਗਿਆ ਤੂਤ ਦੀ ਛਟੀ
*
ਬੇਰੀਏ ਨੀ ਤੈਨੂੰ ਬੇਰ ਬਥੇਰੇ
ਕਿੱਕਰੇ ਨੀ ਤੈਨੂੰ ਤੁੱਕੇ
ਰਾਂਝਾ ਦੂਰ ਖੜਾ
ਦੂਰ ਖੜਾ ਦੁੱਖ ਪੁੱਛੇ
*
ਚਿੱਤ ਬੱਕਰੀ ਲੈਣ ਨੂੰ ਕਰਦਾ
ਬੰਨੇ ਬੰਨੇ ਲਾ ਦੇ ਬੇਰੀਆਂ
*

ਕੌੜੀ ਨਿੰਮ ਨੂੰ ਪਤਾਸੇ ਲਗਦੇ
ਵਿਹੜੇ ਛੜਿਆਂ ਦੇ
*
ਤੇਰੇ ਝੁਮਕੇ ਲੈਣ ਹੁਲਾਰੇ
ਨਿੰਮ ਨਾਲ਼ ਝੂਟਦੀਏ
*
ਮੈਨੂੰ ਕੱਲੀ ਨੂੰ ਚੁਬਾਰਾ ਪਾਦੇ
ਰੋਹੀ ਵਾਲ਼ਾ ਜੰਡ ਵੇਚ ਕੇ
*
ਮਰਗੀ ਨੂੰ ਰੁੱਖ ਰੋਣਗੇ
ਅੱਕ ਢੱਕ ਤੇ ਕਰੀਰ ਜੰਡ ਬੇਰੀਆਂ
*
ਆਮ ਖਾਸ ਨੂੰ ਡੇਲੇ
ਮਿੱਤਰਾਂ ਨੂੰ ਖੰਡ ਦਾ ਕੜਾਹ
*
ਕੌਲ ਕੱਲਰ ਵਿਚ ਲਗਗੀ ਟਾਹਲੀ
ਵਧਗੀ ਸਰੂਆਂ ਸਰੂਆਂ
ਆਉਂਦਿਆ ਰਾਹੀਆ ਘੜਾ ਚੁਕਾ ਜਾ
ਕੌਣ ਵੇਲੇ ਦੀਆਂ ਖੜੀਆਂ
ਖੜੀਆ ਦੇ ਸਾਡੇ ਪੱਟ ਫੁਲ ਜਾਂਦੇ
ਹੇਠੋਂ ਮਚਦੀਆਂ ਤਲ਼ੀਆਂ
ਰੂਪ ਕੁਆਰੀ ਦਾ-
ਖੰਡ ਮਿਸ਼ਰੀ ਦੀਆਂ ਡਲ਼ੀਆਂ
*
ਰੱਤਾ ਪਲੰਘ ਚੰਨਣ ਦੇ ਪਾਵੇ
ਤੋੜ ਤੋੜ ਖਾਣ ਹੱਡੀਆਂ
*
ਛਡ ਕੇ ਦੇਸ਼ ਦੁਆਬਾ
ਅੰਬੀਆਂ ਨੂੰ ਤਰਸੇਂਗੀ
*
ਬੱਲੇ ਬੱਲੇ
ਬਈ ਅੰਬ ਉੱਤੇ ਤਾਰੋ ਬੋਲਦੀ
ਥੱਲੇ ਬੋਲਦੇ ਬੱਕਰੀਆਂ ਵਾਲ਼ੇ
*

ਜੇਠ ਹਾੜ ਵਿਚ ਅੰਬ ਬਥੇਰੇ
ਸਾਉਣ ਜਾਮਣੂੰ ਪੀਲ੍ਹਾਂ
ਰਾਂਝਿਆ ਆਜਾ ਵੇ
ਤੈਨੂੰ ਪਾਕੇ ਪਟਾਰੀ ਵਿਚ ਕੀਲਾਂ

ਪਸ਼ੂ ਧੰਨ ਸਦਾ ਹੀ ਕਿਸਾਨਾਂ ਦੀ ਧਰੋਹਰ ਰਿਹਾ ਹੈ। ਸਾਰੀ ਖੇਤੀ ਦਾ ਦਾਰੋਮਦਾਰ ਬਲਦਾਂ ਬੋਤਿਆਂ ਦੇ ਸਹਾਰੇ ਸੀ। ਪਸ਼ੂ-ਪੰਛੀਆਂ ਬਾਰੇ ਅਨੇਕਾਂ ਬੋਲੀਆਂ ਦੀ ਸਿਰਜਣਾ ਕੀਤੀ ਗਈ ਹੈ:-

ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਲੱਲੀਆਂ
ਓਥੋਂ ਦੇ ਦੋ ਬਲਦ ਸੁਣੀਂਦੇ
ਗਲ਼ ਉਹਨਾਂ ਦੇ ਟੱਲੀਆਂ
ਨਠ ਨਠ ਕੇ ਉਹ ਮੱਕੀ ਬੀਜਦੇ
ਹੱਥ ਹੱਥ ਲੱਗੀਆਂ ਛੱਲੀਆਂ
ਬੰਤੋ ਦੇ ਬੈਲਾਂ ਨੂੰ-
ਪਾਵਾਂ ਗੁਆਰੇ ਦੀਆਂ ਫਲ਼ੀਆਂ
*
ਮੂਹਰੇ ਰੱਥ ਭਾਬੋ ਦਾ
ਪਿੱਛੇ ਇੰਦਰ ਵੀਰ ਦਾ ਬੋਤਾ
*
ਬੋਤਾ ਲਿਆਵੀਂ ਉਹ ਮਿੱਤਰਾ
ਜਿਹੜਾ ਡੰਡੀਆਂ ਹਿੱਲਣ ਨਾ ਦੇਵੇ
*
ਪਤਲੋ ਦੇ ਹੱਥ ਗੜਵਾ
ਬੂਰੀ ਮੱਝ ਨੂੰ ਥਾਪੀਆਂ ਦੇਵੇ
*
ਮਰ ਗਈ ਵੇ ਫੁਫੜਾ
ਮੱਝ ਕੱਟਾ ਨੀ ਝਲਦੀ
*
ਬੱਕਰੀ ਦਾ ਦੁਧ ਗਰਮੀ
ਵੇ ਛੱਡ ਗੁਜਰੀ ਦੀ ਯਾਰੀ
*
ਮੇਰੀ ਬੱਕਰੀ ਚਾਰ ਲਿਆ ਦਿਓਰਾ
ਮੈਂ ਨਾ ਤੇਰਾ ਹੱਕ ਰਖਦੀ

ਕਿੱਧਰੇ ਪੰਛੀ ਚਹਿ ਚਹਾਉਂਦੇ ਹਨ:-

ਕੋਇਲ ਨਿੱਤ ਕੂਕਦੀ
ਕਦੇ ਬੋਲ ਚੰਦਰਿਆ ਕਾਵਾਂ
*
ਅੱਖ ਪਟਵਾਰਨ ਦੀ
ਜਿਉਂ ਇਲ੍ਹ ਦੇ ਆਹਲਣੇ ਆਂਡਾ
*
ਬਣਕੇ ਕਬੂਤਰ ਚੀਨਾ
ਗਿੱਧੇ ਵਿਚ ਆਜਾ ਬੱਲੀਏ
*
ਕੂੰਜੇ ਪਹਾੜ ਦੀਏ
ਕਦੇ ਪਾ ਵਤਨਾਂ ਵਲ ਫੇਰਾ
*
ਸਾਡੇ ਤੋਤਿਆਂ ਨੂੰ ਬਾਗ ਬਥੇਰੇ
ਨਿੰਮ ਦਾ ਤੂੰ ਮਾਣ ਨਾ ਕਰੀਂ
*
ਕਾਟੋ ਦੁੱਧ ਰਿੜਕੇ
ਚੁਗਲ ਝਾਤੀਆਂ ਮਾਰੇ
*
ਮਿੱਤਰਾਂ ਦੇ ਤਿੱਤਰਾਂ ਨੂੰ
ਮੈਂ ਹੱਥ ਤੇ ਚੋਗ ਚੁਗਾਵਾਂ
*
ਜਦੋਂ ਬਿਸ਼ਨੀ ਬਾਗ ਵਿਚ ਆਈ
ਭੌਰਾਂ ਨੂੰ ਭੁਲੇਖਾ ਪੈ ਗਿਆ
*
ਮੁੰਡਾ ਅਨਦਾਹੜੀਆਂ ਸੁੱਕਾ ਨਾ ਜਾਵੇ
ਲੜਜਾ ਭਰਿੰਡ ਬਣਕੇ

ਪੰਜਾਬੀਆਂ ਦਾ ਸਾਕਾਦਾਰੀ ਪ੍ਰਬੰਧ ਬਹੁਤ ਮਜ਼ਬੂਤ ਹੈ। ਰਿਸ਼ਤੇ-ਨਾਤੇ, ਸਾਕ ਸਕੀਰੀਆਂ ਭਾਈਚਾਰੇ ਵਿਚ ਮੋਹ ਮੁਹੱਬਤਾਂ ਦਾ ਸੰਚਾਰ ਹੀ ਨਹੀਂ ਕਰਦੀਆਂ ਬਲਕਿ ਸਮਾਜਕ ਢਾਂਚੇ ਨੂੰ ਸਯੋਗ ਕੜੀ ਵਿਚ ਵੀ ਪਰੋਂਦੀਆਂ ਹਨ। ਦਾਦਕੇ-ਸਹੁਰੇ ਪਰਿਵਾਰ ਨਾਲ਼ ਜੁੜੇ ਸਾਕਾਂ ਬਾਰੇ ਭਿੰਨ ਭਿੰਨ ਬੋਲੀਆਂ ਪਾਈਆਂ ਜਾਂਦੀਆਂ ਹਨ:-

ਤਖਤ ਹਜ਼ਾਰਿਓਁ-ਵੰਗਾਂ ਆਈਆਂ
ਬੜੇ ਸ਼ੌਕ ਨਾਲ਼ ਪਾਵਾਂ

ਮਾਪਿਆਂ ਦਾ ਦੇਸ਼ ਛੱਡ ਕੇ
ਮੈਂ ਕਿਵੇਂ ਮੁਕਲਾਵੇ ਜਾਵਾਂ
*
ਮਾਏਂ ਨੀ ਮਾਏਂ ਮੈਨੂੰ ਜੁੱਤੀ ਸਮਾਦੇ
ਮਾਏਂ ਨੀ ਮਾਏਂ ਮੈਨੂੰ ਜੁੱਤੀ ਸਮਾਦੇ
ਹੇਠ ਲੁਆਦੇ ਖੁਰੀਆਂ
ਨੀ ਆਹ ਦਿਨ ਖੇਡਣ ਦੇ
ਸੱਸਾਂ ਨਨਾਣਾਂ ਬੁਰੀਆਂ
*
ਸੁੱਤੀ ਪਈ ਨੂੰ ਪੱਖੇ ਦੀ ਝੱਲ ਮਾਰੇ
ਉਹ ਵਰ ਟੋਲ਼ੀਂ ਬਾਬਲਾ
*
ਤੇਰੀ ਕੱਸੀ ਤੇ ਜ਼ਮੀਨ ਬਥੇਰੀ
ਪਾ ਦੇ ਬਾਪੂ ਨੱਥ ਮਛਲੀ
*
ਚਾਚੇ ਤਾਏ ਮਤਲਬ ਦੇ
ਛੱਕਾਂ ਪੂਰਦੇ ਅੰਮਾਂ ਦੇ ਜਾਏ
*
ਇਕ ਵੀਰ ਦਈਁ ਵੇ ਰੱਬਾ
ਮੇਰੀ ਸਾਰੀ ਉਮਰ ਦਾ ਗਹਿਣਾ
*
ਪੁੱਤ ਵੀਰ ਦਾ ਭਤੀਜਾ ਮੇਰਾ
ਨਾਓਂ ਜੜ ਮਾਪਿਆਂ ਦੀ
*
ਚਿੱਟੇ ਚਾਦਰੇ ਜਿਨ੍ਹਾਂ ਨੇ ਪੁੰਨ ਕੀਤੇ
ਰੱਬ ਨੇ ਬਣਾਈਆਂ ਜੋੜੀਆਂ
*
ਚਾਓ ਮੁਕਲਾਵੇ ਦਾ
ਗੱਡੀ ਚੜ੍ਹਦੀ ਨੇ ਪਿੰਜਣੀ ਤੋੜੀ
*

ਘੁੰਡ ਕੱਢ ਲੈ ਪਤਲੀਏ ਨਾਰੇ
ਸਹੁਰਿਆਂ ਦਾ ਪਿੰਡ ਆ ਗਿਆ
*
ਪੁੱਤ ਮਰਜੇ ਬਚੋਲਿਆ ਤੇਰਾ
ਹਾਣ ਦਾ ਨਾ ਵਰ ਟੋਲਿਆ
*
ਚੜ੍ਹਦੇ ਛਿਪਦੇ ਸੋਚਾਂ ਸੋਚਦੀ
ਗ਼ਮ ਪੀਵਾਂ ਗ਼ਮ ਖਾਵਾਂ
ਜਾਂਦਾ ਹੋਇਆ ਦਸ ਨਾ ਗਿਆ
ਚਿੱਠੀਆਂ ਕਿਧਰ ਨੂੰ ਪਾਵਾਂ
*
ਮਾਪਿਆਂ ਨੇ ਰੱਖੀ ਲਾਡਲੀ
ਅੱਗੋਂ ਸੱਸ ਬਘਿਆੜੀ ਟੱਕਰੀ
*
ਤੈਨੂੰ ਸੱਸ ਦੇ ਮਰੇ ਤੇ ਪਾਵਾਂ
ਸੁਥਣੇ ਸੂਫ ਦੀਏ
*
ਰਾਂਝਾ ਰੁਲਦੂ ਬੱਕਰੀਆਂ ਚਾਰੇ
ਘਰ ਮੇਰੇ ਜੇਠ ਦੀ ਪੁੱਗੇ
*
ਰੋਟੀ ਲੈਕੇ ਦਿਓਰ ਦੀ ਚੱਲੀ
ਅੱਗੇ ਜੇਠ ਬੱਕਰਾ ਹਲ਼ ਵਾਹੇ
*
ਮੇਰੀ ਨਣਦ ਚੱਲੀ ਮੁਕਲਾਵੇ
ਪਿੱਪਲੀ ਦੇ ਪੱਤ ਵਰਗੀ
*
ਨਣਦੇ ਜਾ ਸਹੁਰੇ
ਭਾਵੇਂ ਲੈ ਜਾ ਕੰਨਾਂ ਦੇ ਵਾਲ਼ੇ
*
ਛੋਟਾ ਦਿਓਰ ਭਾਬੀਆਂ ਦਾ ਗਹਿਣਾ
ਪੱਟਾਂ ਵਿਚ ਖੇਡਦਾ ਫਿਰੇ
*

ਕਾਲ਼ਾ ਦਿਓਰ ਕਜਲੇ ਦੀ ਧਾਰੀ
ਅੱਖੀਆਂ ’ਚ ਪਾ ਰਖਦੀ
*

ਜੀਵਨ ਦੇ ਹੋਰ ਵੀ ਅਨੇਕਾਂ ਵਿਸ਼ੇ ਹਨ ਜਿਨ੍ਹਾਂ ਬਾਰੇ ਰਸ ਭਰਪੂਰ ’ਤੇ ਸੁਹਜਮਈ ਬੋਲੀਆਂ ਉਪਲਬਧ ਹਨ:-

ਲੰਮੀ ਦੀ ਕੀ ਥੰਮੀ ਗੱਡਣੀ
ਮੇਰੀ ਪਤਲੋ ਫੁਲ ਪਤਾਸਾ
*
ਕੱਚੀ ਯਾਰੀ ਲੱਡੂਆਂ ਦੀ
ਲੱਡੂ ਮੁਕਗੇ ਯਰਾਨੇ ਟੁਟਗੇ
*
ਤੇਰਾ ਰੂਪ ਝੱਲਿਆ ਨਾ ਜਾਵੇ
ਕੰਨੋਂ ਲਾਹ ਦੇ ਸੋਨ ਚਿੜੀਆਂ
*
ਰੰਨ ਨ੍ਹਾ ਕੇ ਛੱਪੜ ’ਚੋਂ ਨਿਕਲ਼ੀ
ਸੁਲਫੇ ਦੀ ਲਾਟ ਵਰਗੀ
*
ਦਿਨ ਚੜ੍ਹਦੇ ਦੀ ਲਾਲੀ
ਰੂਪ ਕੁਆਰੀ ਦਾ
*
ਗੋਰਾ ਰੰਗ ਤੇ ਸ਼ਰਬਤੀ ਅੱਖੀਆਂ
ਘੁੰਡ ਵਿਚ ਕੈਦ ਰੱਖੀਆਂ
*
ਜਾਂਦੇ ਹੋਏ ਜੋਬਨ ਦੀ
ਉਡਦੀ ਧੂੜ ਨਜ਼ਰ ਨਾ ਆਵੇ
*
ਰੱਬਾ ਲਗ ਨਾ ਕਿਸੇ ਨੂੰ ਜਾਵੇ
ਗੁੜ ਨਾਲੋਂ ਇਸ਼ਕ ਮਿੱਠਾ
*
ਯਾਰੀ ਹੱਟੀ ਤੇ ਲਖਾਕੇ ਲਾਈਏ
ਦਗੇਦਾਰ ਹੋਗੀ ਦੁਨੀਆਂ
*

ਜੀਹਨੇ ਅੱਖ ਦੀ ਰਮਜ਼ ਨਾ ਜਾਣੀ
ਮਾਰ ਗੋਲੀ ਆਸ਼ਕ ਨੂੰ
*
ਤੇਰੇ ਲਗਦੇ ਨੇ ਬੋਲ ਪਿਆਰੇ
ਚੌਕੀਦਾਰਾ ਲੈ ਲੈ ਮਿੱਤਰਾ
*
ਨਹੀਓਂ ਭੁਲਣਾ ਵਿਛੋੜਾ ਤੇਰਾ
ਸੱਭੋ ਦੁਖ ਭੁਲ ਜਾਣਗੇ
*
ਚੰਦ ਕੁਰ ਚਕਵਾਂ ਚੁੱਲ੍ਹਾ
ਕਿਤੇ ਯਾਰਾਂ ਨੂੰ ਭੜਾਕੇ ਮਾਰੂ
*
ਤੇਰੀ ਸਜਰੀ ਪੈੜ ਦਾ ਰੇਤਾ
ਚੁੱਕ ਚੁੱਕ ਲਾਵਾਂ ਹਿੱਕ ਨੂੰ
*
ਕਲਜੁਗ ਬੜਾ ਜ਼ਮਾਨਾ ਖੋਟਾ
ਲੋਕ ਦੇਣ ਦੁਹਾਈ
ਊਚ ਨੀਚ ਨਾ ਕੋਈ ਦੇਖੇ
ਕਾਮ ਹਨ੍ਹੇਰੀ ਛਾਈ
ਨਾ ਕੋਈ ਮਾਮੀ ਫੂਫੀ ਦੇਖੇ
ਨਾ ਚਾਚੀ ਨਾ ਤਾਈ
ਨੂੰਹਾਂ ਵਲ ਨੂੰ ਸਹੁਰੇ ਝਾਕਣ
ਸੱਸਾਂ ਵਲ ਜਮਾਈ
ਪਾਪੀ ਕਲਜੁਗ ਨੇ-
ਉਲਟੀ ਨਦੀ ਚਲਾਈ
*
ਲੱਛੀ ਤੇਰੇ ਬੰਦ ਨਾ ਬਣੇ
ਮੁੰਡੇ ਮਰਗੇ ਕਮਾਈਆਂ ਕਰਦੇ
*
ਔਖੇ ਲੰਘਦੇ ਘਰਾਂ ਦੇ ਲਾਂਘੇ
ਛੱਡ ਦੇ ਤੂੰ ਵੇਲਦਾਰੀਆਂ
*

ਘਰ ਘਰ ਪੁੱਤ ਜੰਮਦੇ
ਭਗਤ ਸਿੰਘ ਨੀ ਕਿਸੇ ਬਣ ਜਾਣਾ
*
ਏਕਾ ਜਨਤਾ ਦਾ
ਲੋਕ ਰਾਜ ਦੀ ਕੁੰਜੀ
*
ਧਰਤੀ ਜਾਗ ਪਈ
ਪਾਊ ਜਿੱਤ ਲੁਕਾਈ
*

'ਬੋਲੀਆਂ ਦਾ ਖੂਹ ਭਰਦਿਆਂ, ਮੈਥੋਂ ਜਗ ਜਿੱਤਿਆਂ ਨਾ ਜਾਵੇ" ਲੋਕ ਬੋਲੀ ਅਨੁਸਾਰ ਇਹ ਹਜ਼ਾਰਾਂ ਦੀ ਗਿਣਤੀ ਵਿਚ ਮਿਲਦੀਆਂ ਹਨ। ਇਹਨਾਂ ਨੂੰ ਮੈਂ ਆਪਣੇ ਸੰਗ੍ਰਹਿ "ਬੋਲੀਆਂ ਦਾ ਪਾਵਾਂ ਬੰਗਲਾ" ਵਿਚ ਸੰਭਾਲਿਆ ਹੋਇਆ ਹੈ। ਇਹ ਬੋਲੀਆਂ ਪੰਜਾਬੀਆਂ ਦੀ ਮੁਲਵਾਨ ਵਿਰਾਸਤ ਦਾ ਅਨਿਖੜਵਾਂ ਅੰਗ ਹਨ।

  1. *"ਖੰਡ ਮਿਸ਼ਰੀ ਦੀਆਂ ਡਲ਼ੀਆਂ", ਪੰਨਾ:151