ਸ਼ਗਨਾਂ ਦੇ ਗੀਤ/ਲੰਬੇ ਗੌਣ-ਬਿਰਹੜੇ
ਲੰਬੇ ਗੌਣ-ਬਿਰਹੜੇ
ਪੰਜਾਬੀ ਦੇ ਲੰਬੇ ਲੋਕ ਗੀਤਾਂ ਨੂੰ ਮਾਲਵੇ ਦੀਆਂ ਸੁਆਣੀਆਂ "ਲੰਬੇ ਗੌਣ" ਦਾ ਨਾਂ ਪੈਂਦੀਆਂ ਹਨ- ਇਹਨਾਂ ਨੂੰ 'ਝੇੜੇ' ਅਤੇ 'ਬਿਰਹੜੇ' ਆਦਿ ਨਾਵਾਂ ਨਾਲ਼ ਵੀ ਜਾਣਿਆਂ ਜਾਂਦਾ ਹੈ। ਇਹ ਪੰਜਾਬ ਦੀਆਂ ਔਰਤਾਂ ਦੀ ਤ੍ਰਾਸਦੀ ਨੂੰ ਬਿਆਨ ਕਰਨ ਵਾਲੇ ਅਜਿਹੇ ਲੋਕ ਗੀਤ ਹਨ ਜਿਨ੍ਹਾਂ ਵਿਚ ਪੰਜਾਬੀ ਮੁਟਿਆਰ ਦੇ ਸੰਤਾਪ ਦੀ ਗਾਥਾ ਬੜੇ ਦਰਦੀਲੇ ਅਤੇ ਵੇਦਨਾਤਮਕ ਬੋਲਾਂ ਨਾਲ਼ ਬਿਆਨ ਕੀਤੀ ਗਈ ਹੈ। ਸੁਆਣੀਆਂ ਇਹ ਗੀਤ ਲੰਬੀਆਂ ਹੇਕਾਂ ਲਾ ਕੇ ਗਾਉਂਦੀਆਂ ਹਨ। ਇਹਨਾਂ ਨੂੰ ਇਕ ਜਾਂ ਦੋ ਦੋ ਦੇ ਜੋਟੇ ਬਣਾਕੇ ਸਾਂਝੀ ਹੇਕ ਨਾਲ਼ ਗਾਇਆ ਜਾਂਦਾ ਹੈ- ਇਕ ਧਿਰ ਗੀਤ ਦਾ ਇਕ ਅੰਤਰਾ ਗਾਉਂਦੀ ਹੈ ਤੇ ਦੂਜੀ ਧਿਰ ਅਗਲੇ ਅੰਤਰੇ ਦੇ ਬੋਲ ਬੋਲਦੀ ਹੈ। ਇਹ ਗੌਣ ਸਦੀਆਂ ਪੁਰਾਣੇ ਪੰਜਾਬ ਦੇ ਸਮਾਜਿਕ ਇਤਿਹਾਸ ਦੀਆਂ ਬਾਤਾਂ ਪਾਉਂਦੇ ਹਨ। ਜਿਹੜੀ ਜ਼ੋਖਮ ਭਰੀ ਅਤੇ ਔੜਾਂ ਮਾਰੀ ਜ਼ਿੰਦਗੀ ਪੰਜਾਬ ਦੀ ਔਰਤ ਨੇ ਭੋਗੀ ਹੈ ਇਹ ਉਸ ਦੇ ਇਤਿਹਾਸਕ ਦਸਤਾਵੇਜ਼ ਹਨ। ਆਪਣੀ ਵੇਦਨਾ ਨੂੰ ਬਿਆਨ ਕਰਨ ਵਾਲ਼ੇ ਇਹਨਾਂ ਗੀਤਾਂ ਨੂੰ ਔਰਤ ਨੇ ਖ਼ੁਦ ਸਿਰਜਿਆ ਹੈ। ਇਹ ਉਸ ਦੀ ਧੁਰ ਅੰਦਰੋਂ ਨਿਕਲ਼ੀ ਵਿਲਕਣੀ ਦੀਆਂ ਹੂਕਾਂ ਹਨ ....ਧੂਹ ਪਾਉਂਦੀਆਂ ਦਿਲ ਦੀਆਂ ਆਵਾਜ਼ਾਂ। ਜਦੋਂ ਉਹ ਇਹਨਾਂ ਨੂੰ ਕਰੁਣਾਮਈ ਸੁਰ ਵਿਚ ਗਾਉਂਦੀਆਂ ਹਨ ਤਾਂ ਚਾਰੇ ਬੰਨੇ ਸਿਸਕੀਆਂ ਤੇ ਹਾਉਕੇ ਸੁਣਾਈ ਦੇਣ ਲਗਦੇ ਹਨ। ਅੱਖਾਂ ਭਰ ਭਰ ਜਾਂਦੀਆਂ ਹਨ। ਸਦੀਆਂ ਤੋਂ ਆਰਥਿਕ ਅਤੇ ਸਮਾਜਿਕ ਗੁਲਾਮੀ ਦਾ ਸੰਤਾਪ ਭੋਗਦੀ ਪੰਜਾਬੀ ਮੁਟਿਆਰ ਨੇ ਆਪਣੀਆਂ ਭਾਵਿਕ ਤ੍ਰਿਸ਼ਨਾਵਾਂ, ਅਤ੍ਰਿਪਤ ਕਾਮੁਕ ਉਮੰਗਾਂ ਅਤੇ ਜੀਵਨ ਦੇ ਹੋਰ ਅਨੇਕਾਂ ਵਗੋਚਿਆਂ ਦਾ ਸੰਚਾਰ ਇਹਨਾਂ ਵੇਦਨਾਤਮਕ ਸੁਰ ਵਾਲ਼ੇ ਗੌਣਾਂ ਰਾਹੀਂ-ਕੀਤਾ ਹੈ।
ਇਹਨਾਂ ਗੌਣਾਂ ਵਿਚ ਪੰਜਾਬ ਦੇ ਸਾਂਸਕ੍ਰਿਤਕ ਜੀਵਨ ਦੇ ਦ੍ਰਿਸ਼ ਸਾਫ ਦਿਸ ਆਉਂਦੇ ਹਨ। ਖੂਹਾਂ ਤੇ ਪਾਣੀ ਭਰਦੀਆਂ ਮੁਟਿਆਰਾਂ, ਤ੍ਰਿੰਜਣਾਂ 'ਚ ਕੱਤਦੀਆਂ ਸੁਆਣੀਆਂ ਅਤੇ ਪੀਂਘਾਂ ਝੂਟਦੀਆਂ ਅਲ੍ਹੱੜ ਮੁਟਿਆਰਾਂ ਦੀਆਂ ਝਲਕੀਆਂ ਤੋਂ ਇਲਾਵਾ ਘੋੜੇ ਤੇ ਅਸਵਾਰ ਭੈਣਾਂ ਨੂੰ ਮਿਲਣ ਆਉਂਦੇ ਵੀਰ ਅਤੇ ਡੋਲ਼ੀ ਚੁੱਕੀ ਜਾਂਦੇ ਕਹਾਰਾਂ ਦੀਆਂ ਟੋਲੀਆਂ ਦੇ ਝਲਕਾਰੇ ਵੀ ਇਹਨਾਂ ਗੀਤਾਂ 'ਚ ਨਜ਼ਰੀ ਪੈਂਦੇ ਹਨ। ਇਹ ਉਸ ਜ਼ਮਾਨੇ ਦੀ ਬਾਤ ਪਾਉਂਦੇ ਹਨ ਜਦੋਂ ਪੰਜਾਬ ਦੇ ਪਿੰਡਾਂ ਦੀ ਆਰਥਕ ਹਾਲਤ ਬਹੁਤ ਮਾੜੀ ਸੀ- ਖੇਤੀ ਪੂਰੀ ਤਰ੍ਹਾਂ ਵਿਕਸਤ ਨਹੀਂ ਸੀ ਹੋਈ- ਸੜਕਾਂ ਨਹੀਂ ਸਨ ਬਣੀਆਂ, ਕੱਚੇ ਰਾਹ, ਨਦੀਆਂ ਨਾਲ਼ਿਆਂ ਤੇ ਕੋਈ ਪੁਲ਼ ਨਹੀਂ।ਲੋਕ ਨਰਕਾਂ ਭਰੀ ਜ਼ਿੰਦਗੀ ਭੋਗਦੇ ਸਨ....ਕੁੜੀਆਂ ਛੋਟੀ ਉਮਰੇ ਵਿਆਹ ਦਿੱਤੀਆਂ ਜਾਂਦੀਆਂ ਸਨ....ਨਾਈ ਤੇ ਪਾਂਧੇ ਉਹਨਾਂ ਦੇ ਮੰਗਣੇ- ਵਿਆਹ ਕਰ ਆਉਂਦੇ ਸਨ। ਆਵਾਜਾਈ ਦੇ ਸਾਧਨ ਨਹੀਂ ਸਨ- ਕੇਵਲ ਘੋੜੇ-ਘੋੜੀਆਂ ਅਤੇ ਊਠ ਹੀ ਵਾਹਨਾਂ ਦੇ ਤੌਰ 'ਤੇ ਵਰਤੇ ਜਾਂਦੇ ਸਨ। ਗੁਜਰਾਨ ਲਈ ਮਰਦਾਂ ਤੇ ਗੱਭਰੂਆਂ ਨੂੰ ਦੂਰ ਦੁਰਾਡੇ ਵਿਉਪਾਰ ਲਈ ਜਾਣਾ ਪੈਂਦਾ ਸੀ ਜਾਂ ਉਹ ਵਰ੍ਹਿਆਂ ਬੱਧੀ ਘਰੋਂ ਬਾਹਰ ਨੌਕਰੀ ਕਰਦੇ ਸਨ....ਪਿੱਛੇ ਉਹਨਾਂ ਦੀਆਂ ਪਤਨੀਆਂ ਵਿਛੋੜੇ ਦੇ ਸਲ ਸਹਿੰਦੀਆਂ ਹੋਈਆਂ ਦੂਹਰਾ ਦੁੱਖ ਭੋਗਦੀਆਂ ਸਨ। ਉਹਨਾਂ ਨੂੰ ਵਰ੍ਹਿਆਂ ਬੱਧੀ ਆਪਣੇ ਪੇਕੀਂ ਮਿਲਣ ਜਾਣ ਵੀ ਨਹੀਂ ਸੀ ਦਿੱਤਾ ਜਾਂਦਾ... ਸਹੁਰੀਂ ਉਹਨਾਂ ਦੀ ਸਾਰ ਲੈਣ ਵਾਲ਼ਾ ਵੀ ਕੋਈ ਨਹੀਂ ਸੀ ਹੁੰਦਾ ਜਿਸ ਨਾਲ਼ ਉਹ ਆਪਣਾ ਮਨ ਹੌਲਾ ਕਰ ਸਕਣ। ਅਜ ਕੱਲ੍ਹ ਤਾਂ ਸੰਚਾਰ ਦੇ ਕਿੰਨੇ ਸਾਧਨ ਹਨ ਓਦੋਂ ਦੂਰ ਬੈਠੀਆਂ ਭੈਣਾਂ ਆਪਣੇ ਭਰਾਵਾਂ ਨੂੰ ਕਾਵਾਂ ਹੱਥ ਹੀ ਸੁਨੇਹੇ ਭੇਜਦੀਆਂ ਸਨ।
ਚੱਕੀ ਝੋਂਦੀ ਹੋਈ ਇਕ ਬ੍ਰਿਹਨ ਅਪਣੇ ਬ੍ਰਿਹਾ ਕੁੱਠੇ ਬੋਲਾਂ ਨਾਲ਼ ਆਪਣੀ ਮਾਂ ਨੂੰ ਯਾਦ ਕਰਦੀ ਹੈ:-
ਪੀਹ ਪੀਹ ਵੇ ਮੈਂ ਭਰਦੀ ਪਰਾਤਾਂ
ਆਪਣੀਆਂ ਮਾਵਾਂ ਬਾਝੋਂ
ਵੇ ਕੋਈ ਪੁਛਦਾ ਨਾ ਬਾਤਾਂ
ਅੱਖੀਆਂ ਜਲ ਭਰ ਆਈਆਂ ਨੀ ਮਾਏਂ
ਅੱਖੀਆਂ ਡੁਲ੍ਹ ਡੁੱਲ੍ਹ ਪੈਂਦੀਆਂ ਨੀ ਮਾਏਂ
ਇਕ ਰਾਤ ਦੇ ਹਨ੍ਹੇਰੀ
ਦੂਜਾ ਦੇਸ ਵੇ ਪਰਾਇਆ
ਪੀਹ ਪੀਹ ਵੇ ਮੈਂ ਭਰਦੀ ਭੜੋਲੇ
ਆਪਣਿਆਂ ਵੀਰਾਂ ਬਾਝੋਂ
ਕੋਈ ਮੁੱਖੋਂ ਨਾ ਬੋਲੇ
ਅੱਖੀਆਂ ਜਲ ਭਰ ਆਈਆਂ ਨੀ ਮਾਏਂ
ਅੱਖੀਆਂ ਡੁਲ੍ਹ ਡੁਲ੍ਹ ਪੈਂਦੀਆਂ ਨੀ ਮਾਏਂ
ਇਕ ਰਾਤ ਵੇ ਹਨ੍ਹੇਰੀ
ਦੂਜਾ ਦੇਸ ਵੇ ਪਰਾਇਆ
ਸੁਣ ਊਠਾਂ ਵਾਲਿਓ ਵੇ
ਕੀ ਲਦਲੇ ਸੀ ਰੜਕੇ
ਉਹ ਦਿਨ ਭੁਲ ਗਏ ਵੇ
ਜਦੋਂ ਉਠ ਗਏ ਸੀ ਤੜਕੇ
ਅੱਖੀਆਂ ਜਲ ਭਰ ਆਈਆਂ ਨੀ ਮਾਏਂ
ਅੱਖੀਆਂ ਡੁਲ੍ਹ ਡੁਲ੍ਹ ਪੈਂਦੀਆਂ ਨੀ ਮਾਏਂ
ਇਕ ਰਾਤ ਵੇ ਹਨ੍ਹੇਰੀ
ਦੂਜਾ ਦੇਸ਼ ਵੇ ਪਰਾਇਆ
ਸੁਣ ਊਠਾਂ ਵਾਲਿਓ ਵੇ
ਕੀ ਲਦ ਲਈ ਸੀ ਟੰਗਣੇ
ਉਹ ਦਿਨ ਭੁਲ ਗਏ ਵੇ
ਜਦੋਂ ਆਉਂਦੇ ਸੀ ਮੰਗਣੇ
ਅੱਖੀਆਂ ਜਲ ਭਰ ਆਈਆਂ ਨੀ ਮਾਏਂ
ਅੱਖੀਆਂ ਡੁਲ੍ਹ ਡੁਲ੍ਹ ਪੈਂਦੀਆਂ ਨੀ ਮਾਏਂ
ਇਕ ਰਾਤ ਵੇ ਹਨ੍ਹੇਰੀ
ਦੂਜਾ ਦੇਸ਼ ਵੇ ਪਰਾਇਆ
ਸੁਣ ਊਠਾਂ ਵਾਲਿਓ ਵੇ
ਕੀ ਲਦ ਲਈਆਂ ਸੀ ਵਾਹੀਆਂ
ਜੇ ਤੈਂ ਨੌਕਰ ਸੀ ਜਾਣਾ
ਅਸੀਂ ਕਾਹਨੂੰ ਸੀ ਵਿਆਹੀਆਂ
ਅੱਖੀਆਂ ਜਲ ਭਰ ਆਈਆਂ ਨੀ ਮਾਏ
ਅੱਖੀਆਂ ਡੁਲ੍ਹ ਡੁਲ੍ਹ ਪੈਂਦੀਆਂ ਨੀ ਮਾਏਂ
ਇਕ ਰਾਤ ਵੇ ਹਨ੍ਹੇਰੀ
ਦੂਜਾ ਦੇਸ਼ ਵੇ ਪਰਾਇਆ
ਧੀ ਆਪਣੀ ਮਾਂ ਨੂੰ ਮਿਲਣ ਲਈ ਕਿੰਨੀ ਉਤਾਵਲੀ ਹੈ ਪਰੰਤੂ ਨਦੀਆਂ'ਚ ਆਇਆ ਉਛਾਲ ਉਹਦੀਆਂ ਸਧਰਾਂ ਤੇ ਪਾਣੀ ਫੇਰ ਦੇਂਦਾ ਹੈ:-
ਉਰਲੇ ਕੰਢੇ ਮੈਂ ਖੜੀ
ਪਰਲੇ ਕੰਢੇ ਮਾਂ ਖੜੀ
ਭਰ ਭਰ ਡੋਹਲਦੀ ਅੱਖੀਆਂ ਦਾ ਨੀਰ ਵੇ
ਭਾਈ ਵੇ ਲੁਹਾਰ ਦਿਆ
ਭਾਈ ਵੇ ਦਖਾਣ ਦਿਆ
ਘੜ ਲਿਆ ਮੇਰੀ ਪਾਲਕੀ
ਜਾਵਾਂ ਬਾਬਲ ਦੇ ਦੇਸ ਵੇ
ਨਾਈਆ ਤੇਰੀ ਟੰਗ ਟੁੱਟੇ
ਬਾਹਮਣਾ ਤੇਰੀ ਜੋ ਮਰੇ
ਤੋਂ ਮੈਂ ਸੁਟੀ ਨਦੀਆਂ ਦੇ ਪਾਰ ਵੇ
ਉੱਚੇ ਚੜ੍ਹਕੇ ਨ੍ਹਾਂਵਦੀ
ਨੀਵੇਂ ਖੜ੍ਹਕੇ ਰੋਂਵਦੀ
ਨਜ਼ਰ ਆ ਆਵੇ ਬਾਬਲ ਤੇਰਾ ਦੇਸ ਵੇ
ਉੱਚੇ ਲਾਵਾਂ ਕਿੱਕਰਾਂ
ਨੀਵੇਂ ਲਾਵਾਂ ਬੇਰੀਆਂ
ਉੱਚੇ ਚੜ੍ਹਕੇ ਦੇਖਦੀ
ਨਜ਼ਰ ਨਾ ਆਵੇ ਬਾਬਲ ਤੇਰਾ ਦੇਸ ਵੇ
ਖੜੀਓ ਸਕਾਉਂਦੀ ਆਂ ਕੇਸ
ਉਡ ਉਡ ਪੈਂਦਾ
ਨਦੀਆਂ ਦਾ ਰੇਤ
ਨਜ਼ਰ ਨਾ ਆਵੇ ਬਾਬਲ ਤੇਰਾ ਦੇਸ ਵੇ
ਕਈ ਵਾਰ ਸੱਸਾਂ ਨਿੱਕੇ ਨਿੱਕੇ ਨੁਕਸਾਂ ਬਦਲੇ ਅਪਣੀਆਂ ਨੂੰਹਾਂ ਨੂੰ ਗਾਲ਼ੀਆਂ ਦੇ ਕੇ ਛਲਣੀ ਛਲਣੀ ਕਰ ਦੇਂਦੀਆਂ ਹਨ। ਉਹਨਾਂ ਦੇ ਦੁਖ ਸੁਣਨ ਵਾਲ਼ਾ ਵੀ ਕੋਈ ਕੋਲ ਨਹੀਂ:-
ਘਿਓ ਵਿਚ ਮੈਦਾ ਥੋੜ੍ਹਾ ਪਿਆ
ਸੱਸ ਮੈਨੂੰ ਗਾਲ਼ੀਆਂ ਦੇ ਹੋ
ਨਾ ਦੇ ਸੱਸੇ ਗਾਲ਼ੀਆਂ
ਏਥੇ ਮੇਰੇ ਕੌਣ ਸੁਣੇ ਹੋ
ਪਿੱਪਲੀ ਉਹਲੇ ਮੇਰੀ ਮਾਤਾ ਖੜੀ
ਰੋ ਰੋ ਨੈਣ ਪਰੋਵੇ
ਨਾ ਰੋ ਮਾਤਾ ਮੇਰੀਏ
ਧੀਆਂ ਜੰਮੀਆਂ ਦੇ ਦਰਦ ਬੁਰੇ ਹੋ
ਘਿਓ ਵਿਚ ਮੈਦਾ ਥੋੜ੍ਹਾ ਪਿਆ
ਸੱਸ ਮੈਨੂੰ ਗਾਲ਼ੀਆਂ ਦੇ ਹੋ
ਨਾ ਦੇ ਸੱਸੇ ਗਾਲ਼ੀਆਂ
ਏਥੇ ਮੇਰਾ ਕੌਣ ਸੁਣੇ ਹੋ
ਪਿੱਪਲੀ ਓਹਲੇ ਮੇਰਾ ਬਾਪ ਖੜਾ
ਰੋ ਰੋ ਨੈਣ ਪਰੋਵੇ
ਨਾ ਰੋ ਬਾਪੂ ਮੇਰਿਆ
ਧੀਆਂ ਜੰਮੀਆਂ ਦੇ ਦਰਦ ਬੁਰੇ ਹੋ
ਭੈਣ ਸਹੁਰੀਂ ਬੈਠੀ ਆਪਣੇ ਵੀਰ ਦੀ ਉਡੀਕ ਕਰਦੀ ਰਹਿੰਦੀ ਹੈ:-
ਉੱਚੇ ਬਹਿਕੇ ਵੇ ਨਰਮਾ ਕੱਤਦੀ ਵੇ ਵੀਰਾ
ਵੇ ਮੇਰਿਆ ਹੰਸਿਆ ਵੀਰਾ
ਤੂੰ ਆਜਾ ਵੇ ਬਰ ਜਰੂਰੇ
ਅੱਜ ਨਾ ਆਵਾਂ ਕਲ੍ਹ ਨਾ ਆਵਾਂ ਬੀਬੀ
ਪਰਸੋਂ ਨੂੰ ਆਊਂਗਾ ਨੀ ਬਰ ਜਰੂਰੇ
ਕਿੱਥੇ ਬੰਨ੍ਹਾਂ ਨੀ ਨੀਲਾ ਘੋੜਾ ਭੈਣੇ
ਨੀ ਮੇਰੀਏ ਰਾਣੀਏਂ ਭੈਣੇਂ
ਕਿੱਥੇ ਟੰਗਾਂ ਨੀ ਤੀਰ ਕਮਾਣ
ਬਾਗੀਂ ਬੰਨ੍ਹ ਦੇ ਵੇ ਨੀਲਾ ਘੋੜਾ ਵੀਰਾ
ਵੇ ਮੇਰਿਆ ਹੰਸਿਆ ਵੀਰਾ
ਕੀਲੇ ਟੰਗਦੇ ਵੇ ਤੀਰ ਕਮਾਣ
ਲੰਮਾ ਵਿਹੜਾ ਵੇ ਮੰਜਾ ਡਾਹ ਲੈ ਵੀਰਾ
ਗੱਲਾਂ ਕਰੀਏ ਵੇ ਵੀਰ ਭੈਣ ਭਰਾ
ਨਿਆਣੇ ਹੁੰਦਿਆਂ ਦੇ ਮਰਗੇ ਮਾਪੇ ਭੈਣੇ
ਗਲ਼ੀਆਂ ਰੁਲਦੇ ਨੀ ਰੰਗ ਮਜੀਠ
ਇਕ ਗੀਤ ਵਿਚ ਨਣਦ ਭਰਜਾਈ ਪਿੰਡੋਂ ਬਾਹਰ ਤੂਤਾਂ ਦੀ ਛਾਵੇਂ ਬੈਠੇ ਸਾਧ ਨੂੰ ਵੇਖਣ ਜਾਂਦੀਆਂ ਹਨ:-
ਭਾਬੋ ਸਾਧ ਤੇ ਮੋਹਤ ਹੋ ਜਾਂਦੀ ਹੈ:-
ਅੰਬਾਂ ਤੇ ਤੂਤੀਂ ਠੰਡੀ ਛਾਂ
ਕੋਈ ਪ੍ਰਦੇਸੀ ਜੋਗੀ ਆਥ ਲੱਥੇ
ਚਲ ਨਣਦੇ ਪਾਣੀ ਨੂੰ ਚੱਲੀਏ
ਪਾਣੀ ਦੇ ਪੱਜ ਜੋਗੀ ਦੇਖੀਏ ਨੀ
ਕਿੱਥੇ ਰੱਖਾਂ ਨਣਦੇ ਡੋਲ ਨੀ
ਕਿੱਥੇ ਤਾਂ ਖੜ੍ਹਕੇ ਜੋਗੀ ਦੇਖੀਏ ਨੀ
ਨੀਵੇਂ ਤਾਂ ਧਰ ਦੇ ਭਾਬੋ ਡੋਲ ਨੀ
ਉੱਚੇ ਤਾਂ ਖੜ੍ਹਕੇ ਜੋਗੀ ਦੇਖੀਏ ਨੀ
ਏਸ ਜੋਗੀ ਦੇ ਲੰਬੇ ਲੰਬੇ ਕੇਸ ਨੀ
ਦਹੀਓਂ- ਕਟੋਰੇ ਜੋਗੀ ਨ੍ਹਾਂਵਦਾ ਨੀ
ਏਸ ਜੋਗੀ ਦੇ ਚਿੱਟੇ ਚਿੱਟੇ ਦੰਦ ਨੀ
ਦਾਤਣ ਤੇ ਕੁਰਲੀ ਜੋਗੀ ਕਰ ਰਿਹਾ ਨੀ
ਏਸ ਜੋਗੀ ਦੇ ਸੋਹਣੇ ਸੋਹਣੇ ਨੈਣ ਨੀ
ਸੁਰਮਾ ਸਲਾਈ ਜੋਗੀ ਪਾਂਵਦਾ ਨੀ
ਏਸ ਜੋਗੀ ਦੇ ਸੋਹਣੇ ਸੋਹਣੇ ਪੈਰ ਨੀ
ਬੂਟ ਜੁਰਾਬਾਂ ਜੋਗੀ ਪਾਂਵਦਾਂ ਨੀ
ਚਲ ਨੀ ਭਾਬੋ ਘਰ ਨੂੰ ਚੱਲ ਨੀ
ਸੱਸ ਉਡੀਕੇ ਨੂੰਹੇ ਆ ਘਰੇ
ਸੱਸ ਨੂੰ ਨੂੰਹਾਂ ਨਣਦੇ ਹੋਰ ਹੋਰ ਨੀ
ਮੈਂ ਮਨ ਰੱਖਾਂ ਵਲ ਜੋਗੀ ਦੇ ਨੀ
ਚਲ ਨੀ ਭਾਬੋ ਘਰ ਨੂੰ ਚੱਲੀਏ ਨੀ
ਸਹੁਰਾ ਉਡੀਕੇ ਨੂੰਹੇ ਆ ਘਰੇ
ਸਹੁਰੇ ਨੂੰ ਨਣਦੇ ਹੋਰ ਹੋਰ ਨੇ
ਮੈਂ ਮਨ ਰੱਖਾਂ ਵਲ ਜੋਗੀ ਦੇ ਨੀ
ਚਲ ਵੇ ਜੋਗੀ ਕਿਸੇ ਦੇਸ ਵੇ
ਕੂੰਡੀ ਸੋਟਾ ਤੇਰਾ ਮੈਂ ਚੱਕਾਂ ਵੇ
ਮਰ ਵੇ ਜੋਗੀ ਕਿਸੇ ਦੇਸ ਵੇ
ਤੈਂ ਮੇਰੀ ਚੰਚਲ ਭਾਬੋ ਮੋਹ ਲਈ ਵੇ
ਮਰਨ ਨੀ ਨਣਦੇ ਤੇਰੇ ਵੀਰ
ਇਹ ਪ੍ਰਦੇਸੀ ਜੋਗੀ ਕਿਉਂ ਮਰੇ
ਪੰਜਾਬ ਦੀ ਗੋਰੀ ਦੂਰ ਨੌਕਰੀ ਤੇ ਗਏ ਢੋਲ ਜਾਨੀ ਨੂੰ ਬਹਾਨਿਆਂ ਨਾਲ਼ ਸਦਦੀ ਹੈ:-
ਲਿਖ ਲਿਖ ਚਿੱਠੀਆਂ ਮੈਂ ਭੇਜਦੀ
ਵੇ ਚੀਰੇ ਵਾਲ਼ਿਆ
ਘਰ ਥੋਡੀ ਭੈਣ ਜੀ ਬੀਮਾਰ
ਤੁਸੀਂ ਘਰ ਆਵਣਾ
ਦੰਮਾਂ ਦੀਆਂ ਬੋਰੀਆਂ
ਮੈਂ ਭੇਜਦਾ ਨੀ ਗੋਰੀਏ
ਬੀਬੀ ਜੀ ਦਾ ਇਲਾਜ
ਲੈਣਾ ਜੀ ਕਰਾ
ਲਿਖ ਲਿਖ ਚਿੱਠੀਆਂ ਮੈਂ ਭੇਜਦੀ
ਵੇ ਚੀਰੇ ਵਾਲ਼ਿਆ
ਘਰ ਥੋਡੀ ਮਾਤਾ ਜੀ ਬੀਮਾਰ
ਤੁਸੀਂ ਘਰ ਆਵਣਾ
ਦੰਮਾਂ ਦੀਆਂ ਬੋਰੀਆਂ
ਮੈਂ ਭੇਜਦਾ ਨੀ ਗੋਰੀਏ
ਮਾਤਾ ਜੀ ਦਾ ਇਲਾਜ
ਲੈਣਾ ਜੀ ਕਰਾ
ਲਿਖ ਲਿਖ ਚਿੱਠੀਆਂ ਮੈਂ ਭੇਜਦੀ
ਵੇ ਚੀਰੇ ਵਾਲ਼ਿਆ
ਘਰ ਥੋਡੇ ਪਿਤਾ ਜੀ ਬੀਮਾਰ
ਤੁਸੀਂ ਘਰ ਆਵਣਾ
ਦੰਮਾਂ ਦੀਆਂ ਬੋਰੀਆਂ
ਮੈਂ ਭੇਜਦਾ ਨੀ ਗੋਰੀਏ
ਪਿਤਾ ਜੀ ਦਾ ਇਲਾਜ
ਲੈਣਾ ਜੀ ਕਰਾ
ਲਿਖ ਲਿਖ ਚਿੱਠੀਆਂ ਮੈਂ ਭੇਜਦੀ
ਵੇ ਚੀਰੇ ਵਾਲ਼ਿਆ
ਘਰ ਥੋਡੀ ਔਰਤ ਜੀ ਬੀਮਾਰ
ਤੁਸੀਂ ਘਰ ਆਵਣਾ
ਛੁੱਟ ਗਈਆਂ ਦਵਾਤਾਂ
ਛੁੱਟ ਗਈਆਂ ਕਲਮਾਂ
ਅਸੀਂ ਘਰ ਜੀ
ਜਰੂਰ ਆਵਣਾ