ਸ਼ਗਨਾਂ ਦੇ ਗੀਤ/ਥਾਲ਼
ਥਾਲ਼
ਥਾਲ਼ ਪੰਜਾਬੀ ਲੋਕ ਗੀਤਾਂ ਦਾ ਇਕ ਅਜਿਹਾ ਰੂਪ ਹੈ ਜੋ ਪੰਜਾਬ ਦੀਆਂ, ਬਚਪਨ ਨੂੰ ਟਪਕੇ ਜਵਾਨੀ ਦੀਆਂ ਬਰੂਹਾਂ ਤੇ ਖੜੋਤੀਆਂ, ਮੁਟਿਆਰਾਂ ਥਾਲ਼ ਨਾਂ ਦੀ ਹਰਮਨ ਪਿਆਰੀ ਲੋਕ ਖੇਡ ਖੇਡਦੀਆਂ ਹੋਈਆਂ ਨਾਲ਼ੋਂ ਨਾਲ਼ ਗਾਉਂਦੀਆਂ ਹਨ। ਜਿਸ ਨੂੰ ਥਾਲ਼ ਪਾਉਣਾ ਆਖਿਆ ਜਾਂਦਾ ਹੈ। ਇਹ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ ਉਂਜ ਜਵਾਨ ਤੇ ਨਵ-ਵਿਆਹੀਆਂ ਵਹੁਟੀਆਂ ਵੀ ਆਪਣੀਆਂ ਨਨਾਣਾਂ ਅਤੇ ਭੈਣਾਂ ਨਾਲ਼ ਰਲ਼ਕੇ ਥਾਲ਼ ਪਾਉਂਦੀਆਂ ਹਨ। ਬਾਲੜੀਆਂ ਕੁੜੀਆਂ ਵੀ ਆਪਣੇ ਨਿੱਕੇ ਵੀਰਾਂ ਭੈਣਾਂ ਨੂੰ ਖਿਡਾਉਂਦੀਆਂ ਹੋਈਆਂ ਰੋੜਿਆਂ ਦੀ ਖੇਡ ਦੇ ਨਾਲ਼ ਹੀ ਇਹ ਖੇਡ ਖੇਡਣ ਲਗ ਜਾਂਦੀਆਂ ਹਨ। ਇਹ ਖੇਡ ਆਮ ਤੌਰ ਤੇ ਦੁਪਹਿਰ ਸਮੇਂ ਘਰਾਂ ਦੇ ਦਲਾਨਾਂ ਵਿਚ ਖੇਡੀ ਜਾਂਦੀ ਹੈ।
ਥਾਲ਼ ਸੱਤਾਂ ਤੈਹਾਂ (ਪੜਦਿਆਂ) ਵਾਲ਼ੀ ਲੀਰਾਂ ਦੀ, ਧਾਗਿਆਂ ਨਾਲ਼ ਗੁੰਦੀ ਹੋਈ ਗੇਂਦ ਨਾਲ਼ ਖੇਡੇ ਜਾਂਦੇ ਹਨ ਜਿਸ ਨੂੰ ਖਿੱਦੋ ਜਾਂ ਖੇਹਨੂੰ ਵੀ ਕਿਹਾ ਜਾਂਦਾ ਹੈ। ਇਹਦੇ ਖੇਡਣ ਦਾ ਤਰੀਕਾ ਬਹੁਤ ਹੀ ਸੌਖਾ ਤੇ ਸਰਲ ਹੈ। ਇਹ ਖੇਡ ਕਈ ਕੁੜੀਆਂ ਰਲਕੇ ਖੇਡਦੀਆਂ ਹਨ। ਉਂਜ ਗਿਣਤੀ ਤੇ ਕੋਈ ਪਾਬੰਦੀ ਨਹੀਂ। ਆਮ ਤੌਰ ਤੇ ਇਕ ਤੋਂ ਵਧ ਕੁੜੀਆਂ ਇਹ ਖੇਡ ਖੇਡਦੀਆਂ ਹਨ। ਖੇਡ ਬੜੀ ਦਿਲਚਸਪ ਹੈ। ਖਿਡਾਰਨਾਂ ਅਰਧ ਚੱਕਰ ਵਿਚ ਧਰਤੀ ਤੇ ਬੈਠ ਜਾਂਦੀਆਂ ਹਨ। ਖੇਡ ਸ਼ੁਰੂ ਕਰਨ ਲਈ ਇਕ ਕੁੜੀ ਇਕ ਹੱਥ ਨਾਲ਼ ਖਿਦੋ ਨੂੰ ਹਵਾ ਵਿਚ ਉਛਾਲਦੀ ਹੈ ਤੇ ਫੇਰ ਸੱਜੇ ਹੱਥ ਦੀ ਤਲ਼ੀ ਤੇ ਬੋਚ ਕੇ ਉਸ ਨੂੰ ਅਕਹਿਰੇ ਤਾਲ ਨਾਲ਼ ਆਪਣੀ ਤਲ਼ੀ ਤੇ ਬੁੜ੍ਹਕਾਉਂਦੀ ਹੋਈ ਨਾਲ਼ੋਂ ਨਾਲ਼ ਇਸੇ ਤਾਲ ਨਾਲ਼ ਥਾਲ਼ ਗੀਤ ਦੇ ਬੋਲ ਬੋਲਦੀ ਹੈ। ਅਰਧ ਚੱਕਰ ਵਿਚ ਬੈਠੀਆਂ ਕੁੜੀਆਂ ਉਸ ਵਲ ਉਤਸੁਕਤਾ ਨਾਲ਼ ਵੇਖਦੀਆਂ ਹਨ ਅਤੇ ਉਹਨਾਂ ਦੀ ਨਿਗਾਹ ਬੁੜ੍ਹਕਦੀ ਹੋਈ ਖਿੱਦੋ ਤੇ ਟਿਕੀ ਹੁੰਦੀ ਹੈ। ਖਿੱਦੋ ਬੁੜ੍ਹਕਣ ਦਾ ਭਾਵ ਖਿਦੋ ਦੇ ਟਪੇ ਮਰਵਾਉਣਾ ਹੈ। ਜਦੋਂ ਇਕ ਥਾਲ ਗੀਤ ਮੁਕ ਜਾਂਦਾ ਹੈ ਤਾਂ ਬਿਨਾਂ ਰੁਕੇ ਦੂਜੇ ਥਾਲ਼ ਗੀਤ ਦੇ ਬੋਲ ਬੋਲੇ ਜਾਂਦੇ ਹਨ। ਇਸੇ ਤਰ੍ਹਾਂ ਦੂਜੇ ਪਿੱਛੋਂ ਤੀਜਾ ਤੇ ਤੀਜੇ ਪਿੱਛੋਂ- ਚੌਥਾ ਥਾਲ਼ ਤੇ ਇੰਜ ਹੀ ਥਾਲ਼ ਦੇ ਬੋਲ ਬੋਲੇ ਜਾਂਦੇ ਹਨ। ਜੇ ਸੱਜਾ ਹੱਥ ਥਕ ਜਾਵੇ ਤਾਂ ਖੱਬੇ ਹੱਥ ਦੀ ਤਲ਼ੀ ਨਾਲ਼ ਖਿੱਦੋ ਬੜਕਾਉਣ ਤੇ ਥਾਲ਼ ਗਾਉਣ ਦਾ ਸਿਲਸਲਾ ਜਾਰੀ ਰਹਿੰਦਾ ਹੈ। ਥਾਲ਼ਾਂ ਦੀ ਗਿਣਤੀ ਨਾਲ਼ੋ ਨਾਲ਼ ਕੀਤੀ ਜਾਂਦੀ ਹੈ। ਜਿੱਥੇ ਵੀ ਖਿਦੋ ਡਿਗ ਪਵੇ ਓਥੇ ਹੀ ਖੇਡਣ ਵਾਲ਼ੀ ਕੁੜੀ ਦੀ ਹਾਰ ਹੋ ਜਾਂਦੀ ਹੈ ਤੇ ਅਗਲੀ ਕੁੜੀ ਥਾਲ਼ ਪਾਉਣੇ ਆਰੰਭ ਦੇਂਦੀ ਹੈ। ਇਸੇ ਤਰ੍ਹਾਂ ਵਾਰੋ ਵਾਰੀ ਸਾਰੀਆਂ ਕੁੜੀਆਂ ਥਾਲ਼ ਪਾਉਂਦੀਆਂ ਹਨ। ਅਖੀਰ ਵਿਚ ਸਾਰੀਆਂ ਕੁੜੀਆਂ ਦੇ ਥਾਲ਼ਾਂ ਦੀ ਗਿਣਤੀ ਕੀਤੀ ਜਾਂਦੀ ਹੈ। ਜਿਸ ਕੁੜੀ ਨੇ ਸਭ ਤੋਂ ਵਧ ਥਾਲ਼ ਪਾਏ ਹੋਣ ਉਸ ਨੂੰ ਜੇਤੂ ਕੁੜੀ ਮੰਨਿਆ ਜਾਂਦਾ ਹੈ।
ਥਾਲ਼ਾਂ ਦੀ ਲੰਬਾਈ ਵਿਚ ਥੋਹੜਾ ਬਹੁਤਾ ਹੀ ਅੰਤਰ ਹੁੰਦਾ ਹੈ ਪਰੰਤੂ ਇਹ ਗੀਤ ਖਿੱਦੋ ਦੀ ਗਤੀ ਅਨੁਸਾਰ ਇਕ ਖਾਸ ਸੁਰ ਤੇ ਤਾਲ ਨਾਲ਼ ਗਾਏ ਜਾਂਦੇ ਹਨ। ਕਿਕਲੀ ਦੇ ਗੀਤਾਂ ਵਾਂਗ ਇਹਨਾਂ ਦੀ ਬਣਤਰ ਵੀ ਸੰਜਮੀ ਸ਼ਬਦਾਂ ਰਾਹੀਂ ਤੁਕਾਂਤ ਮੇਲ ਕੇ ਸਿਰਜੀ ਜਾਂਦੀ ਹੈ। ਗਾਉਣ ਵਾਲ਼ੀ ਕੁੜੀ ਅਪਣੀ ਕਲਪਨਾ ਅਨੁਸਾਰ ਸ਼ਬਦਾਂ ਦੀ ਘਾੜਤ ਘੜਦੀ ਹੈ।
ਥਾਲ਼ ਪਾਉਂਦੀਆਂ ਕੁੜੀਆਂ ਦੀ ਉਮਰ ਬਚਪਨ ਅਤੇ ਜਵਾਨੀ ਦੇ ਵਿਚਕਾਰ ਹੋਣ ਕਰਕੇ ਉਹਨਾਂ ਦਾ ਸੰਸਾਰ ਆਪਣੇ ਭੈਣਾਂ ਭਰਾਵਾਂ, ਭਰਜਾਈਆਂ ਅਤੇ ਆਪਣੇ ਮਾਂ ਬਾਪ ਦੇ ਆਲ਼ੇ ਦੁਆਲ਼ੇ ਹੀ ਉਸਰਿਆ ਹੁੰਦਾ ਹੈ ਇਸ ਲਈ ਉਹ ਆਪਣੇ ਥਾਲ਼ਾਂ ਦੇ ਗੀਤਾਂ ਵਿਚ ਉਹਨਾਂ ਦਾ ਜ਼ਿਕਰ ਵਾਰ ਵਾਰ ਕਰਦੀਆਂ ਹਨ- ਵੀਰਾਂ ਲਈ ਭੈਣਾਂ ਦਾ ਡੁਲ੍ਹ, ਡੁਲ੍ਹ ਪੈਂਦਾ ਪਿਆਰ ਅਤੇ ਆਪਣੇ ਮਾਂ ਬਾਪ ਪ੍ਰਤੀ ਮੋਹ ਦਾ ਪ੍ਰਗਟਾਵਾ ਕਰਦੀਆਂ ਕੁੜੀਆਂ ਦੇ ਬੋਲ ਵਾਵਾਂ ਵਿਚ ਮੋਹ ਮੁਹੱਬਤਾਂ ਦੀ ਸੁਗੰਧੀ ਵਖੇਰ ਦੇਂਦੇ ਹਨ। ਖਿੱਦੋ ਦੇ ਬੜ੍ਹਕਣ ਅਥਵਾ ਟੱਪਾ ਲਾਉਣ ਨਾਲ਼ ਹੀ ਥਾਲ਼ ਦੇ ਬੋਲ ਵਿਸ਼ੇਸ਼ ਤਾਲ ਦੇ ਸੁਰ ਵਿਚ ਸੁਣਾਈ ਦੇਂਦੇ ਹਨ। ਪਹਿਲਾ ਥਾਲ਼ ਆਰੰਭ ਹੁੰਦਾ ਹੈ:-
ਥਾਲ਼ ਥਾਲ਼ ਥਾਲ਼
ਮਾਂ ਮੇਰੀ ਦੇ ਲੰਮੇ ਵਾਲ਼
ਪਿਓ ਮੇਰਾ ਸ਼ਾਹੂਕਾਰ
ਸ਼ਾਹੂਕਾਰ ਨੇ ਬਾਗ ਲਵਾਇਆ
ਅੰਦਰੋਂ ਪਾਣੀ ਰੁੜ੍ਹਦਾ ਆਇਆ
ਰੁੜ੍ਹ ਰੂੜ੍ਹ ਪਾਣੀਆਂ
ਸੁਰਮੇਂ ਦਾਨੀਆਂ
ਸੁਰਮਾਂ ਪਾਵਾਂ
ਕੱਜਲ ਪਾਵਾਂ
ਪਾਵਾਂ ਫੁਲ ਗੁਲਾਬ ਦਾ
ਭਾਬੋ ਮੇਰੀ ਜ਼ੁਲਫਾਂ ਵਾਲ਼ੀ
ਵੀਰ ਮੇਰਾ ਸਰਦਾਰ
ਆਲ ਮਾਲ
ਹੋਇਆ ਬੀਬੀ
ਪਹਿਲਾ ਥਾਲ਼
ਪਹਿਲਾ ਥਾਲ਼ ਮੁੱਕਣ ਦੇ ਨਾਲ਼ ਹੀ ਦੂਜਾ ਥਾਲ ਸ਼ੁਰੂ ਕਰਦੀ ਹੋਈ ਭੈਣ ਵੀਰ ਨੂੰ ਯਾਦ ਕਰਦੀ ਹੈ:-
ਕੋਠੇ ਉੱਤੇ ਗੰਨਾ
ਵੀਰ ਮੇਰਾ ਲੰਮਾ
ਭਾਬੋ ਮੇਰੀ ਪਤਲੀ
ਜੀਹਦੇ ਨੱਕ ਮਛਲੀ
ਮਛਲੀ ਤੇ ਮੈਂ ਨਹਾਵਣ ਗਈਆਂ
ਲੰਡੇ ਪਿੱਪਲ ਹੇਠ
ਲੰਡਾ ਪਿਪਲ ਢੈ ਪਿਆ
ਮਛਲੀ ਆ ਗਈ ਹੇਠ
ਮਛਲੀ ਦੇ ਦੋ ਮਾਮੇ ਆਏ
ਮੇਰਾ ਆਇਆ ਜੇਠ
ਜੇਠ ਦੀ ਮੈਂ ਰੋਟੀ ਪਕਾ ਤੀ
ਨਾਲ਼ ਪਕਾਈਆਂ ਤੋਰੀਆਂ
ਅੱਲਾ ਮੀਆਂ ਭਾਗ ਲਾਏ
ਵੀਰਾਂ ਦੀਆਂ ਜੋੜੀਆਂ
ਆਲ ਮਾਲ
ਹੋਇਆ ਬੀਬੀ
ਦੂਜਾ ਥਾਲ਼
ਥਾਲ਼ਾਂ ਰਾਹੀਂ, ਬੱਚਿਆਂ ਤੇ ਨਿੱਕੀਆਂ ਕੁੜੀਆਂ ਵਿਚ ਸਾਡੇ ਰਹਿਣ ਸਹਿਣ, ਕੰਮ ਧੰਦਿਆਂ ਅਤੇ ਸਾਕਾਦਾਰੀ ਪ੍ਰਬੰਧ ਅਤੇ ਖਾਣ ਪੀਣ ਬਾਰੇ ਜਾਣਕਾਰੀ ਦਾ ਸੰਚਾਰ ਕੀਤਾ ਜਾਂਦਾ ਹੈ। ਇਸ ਤਰ੍ਹਾਂ ਖੇਡ ਖੇਡ ਵਿਚ ਹੀ ਥਾਲ਼ਾਂ ਦੇ ਥਾਲ਼ ਪਾਏ ਜਾਂਦੇ ਹਨ। ਸੈਂਕੜਿਆਂ ਦੀ ਗਿਣਤੀ ਵਿਚ ਇਹ ਥਾਲ਼ ਉਪਲਭਧ ਹਨ। ਸਾਡਾ ਆਲ਼ਾ ਦੁਆਲ਼ਾ ਇਹਨਾਂ ਵਿਚ ਵਿਦਮਾਨ ਹੈ। ਹਰ ਪ੍ਰਾਣੀ ਲਈ ਸਦਭਾਵਨਾ ਹੈ:-
ਬਾਤ ਪਾਵਾਂ ਬਤੋਲੀ ਪਾਵਾਂ
ਬਾਤ ਨੂੰ ਲਾਵਾਂ ਕੁੰਡੇ
ਸਦਾ ਕੁੜੀ ਨੂੰ ਵਿਆਹੁਣ ਚੱਲੇ
ਚੌਂਹ ਕੂੰਟਾਂ ਦੇ ਮੁੰਡੇ
ਮੁੰਡਿਆਂ ਦੇ ਸਿਰ ਟੋਪੀਆਂ
ਜਿਊਣ ਸਾਡੀਆਂ ਝੋਟੀਆਂ
ਝੋਟੀਆਂ ਦੇ ਸਿਰ ਬੱਗੇ
ਜਿਊਣ ਸਾਡੇ ਢੱਗੇ
ਢੱਗਿਆਂ ਗਲ਼ ਪੰਜਾਲ਼ੀ
ਜਿਊਣ ਸਾਡੇ ਹਾਲ਼ੀ
ਹਾਲ਼ੀ ਦੇ ਪੈਰ ਜੁੱਤੀ
ਜੀਵੇ ਸਾਡੀ ਕੁੱਤੀ
ਕੁੱਤੀ ਦੇ ਨਿਕਲਿਆ ਫੋੜਾ
ਜੀਵੇ ਸਾਡਾ ਘੋੜਾ
ਘੋੜੇ ਤੇ ਲਾਲ ਕਾਠੀ
ਜੀਵੇ ਸਾਡਾ ਹਾਥੀ
ਹਾਥੀ ਦੇ ਸਿਰ ਝਾਫੇ
ਜਿਊਣ ਸਾਡੇ ਮਾਪੇ
ਮਾਪਿਆਂ ਨੇ ਦਿੱਤਾ ਖੇਸ
ਜੀਵੇ ਸਾਡੇ ਦੇਸ
ਆਲ ਮਾਲ ਹੋਇਆ
ਪੂਰਾ ਥਾਲ਼
ਜਿਥੇ ਮਾਂ ਬਾਪ ਤੇ ਭਰਾਵਾਂ ਲਈ ਸਦਭਾਵਨਾ ਦਰਸਾਈ ਜਾਂਦੀ ਹੈ ਓਥੇ ਸਾਕਾਦਾਰੀ ਵਿਚੋਂ ਸੱਸ ਸਹੁਰਾ ਤੇ ਸਹੁਰੇ ਪਰਿਵਾਰ ਦਾ ਜਿਕਰ ਖੈਰ ਵੀ ਹੁੰਦਾ ਹੈ:-
ਰਾਹ ਵਿਚ ਪੌੜੀ
ਸੱਸ ਮੇਰੀ ਕੋਹੜੀ
ਸਹੁਰਾ ਮੇਰਾ ਮਿੱਠਾ
ਜਮਾਲਪੁਰ ਡਿੱਠਾ
ਜਮਾਲਪੁਰ ਦੀਆਂ ਕੁੜੀਆਂ ਆਈਆਂ
ਨਣਦ ਕੁੜੀ ਨਾ ਆਈ
ਨਣਦ ਕੁੜੀ ਦਾ ਗਿੱਟਾ ਭੱਜਾ
ਹਿੰਗ ਜਮੈਣ ਲਾਈ
ਤੂੰ ਨਾ ਲਾਈ
ਮੈਂ ਨਾ ਲਾਈ
ਲਾ ਗਿਆ ਕਸਾਈ
ਤੇਰੇ ਪੇਕਿਆਂ ਦਾ ਨਾਈ
ਤੈਨੂੰ ਅਜੇ ਵੀ ਖ਼ਬਰ ਨਾ ਆਈ
ਆਲ ਮਾਲ
ਹੋਇਆ ਬੀਬੀ ਪੂਰਾ ਥਾਲ਼
ਇਸੇ ਪ੍ਰਕਾਰ ਦਾ ਇਕ ਹੋਰ ਗੀਤ ਹੈ:-
ਮਾਂ ਮਾਂ ਗੁੱਤ ਕਰ
ਧੀਏ ਧੀਏ ਚੁੱਪ ਕਰ
ਮਾਂ ਮਾਂ ਵਿਆਹ ਕਰ
ਧੀਏ ਧੀਏ ਰਾਹ ਕਰ
ਮਾਂ ਮਾਂ ਜੰਝ ਆਈ
ਧੀਏ ਧੀਏ ਕਿੱਥੇ ਆਈ
ਆਈ ਪਿੱਪਲ ਦੇ ਹੇਠ
ਨਾਲ਼ੇ ਸਹੁਰਾ ਨਾਲ਼ੇ ਜੇਠ
ਨਾਲ਼ੇ ਮਾਂ ਦਾ ਜਵਾਈ
ਖਾਂਦਾ ਲੁੱਚੀ ਤੇ ਕੜਾਹੀ
ਲੈਂਦਾ ਲੇਫ ਤੇ ਤਲਾਈ
ਪੀਂਦਾ ਦੁੱਧ ਤੇ ਮਲ਼ਾਈ
ਭੈੜਾ ਰੁੱਸ ਰੁਸ ਜਾਂਦਾ
ਸਾਨੂੰ ਸ਼ਰਮਾਂ ਪਿਆ ਦਵਾਂਦਾ
ਆਲ ਮਾਲ
ਹੋਇਆ ਭੈਣੇ ਪੂਰਾ ਥਾਲ਼
ਪ੍ਰਦੇਸੀਂ ਗਏ ਵੀਰਾਂ ਲਈ ਅਰਦਾਸਾਂ ਕਰਦੀ ਉਹ ਅਪਣੇ ਮਾਂ ਬਾਪ ਦੇ ਵਾਰੇ ਵਾਰੇ ਜਾਂਦੀ ਹੋਈ ਥਾਲ਼ ਪਾਉਂਦੀ ਹੈ:-
ਕੋਠੇ ਉੱਤੇ ਤਾਣੀ
ਖੂਹ 'ਚ ਮਿੱਠਾ ਪਾਣੀ
ਬਾਬਲ ਮੇਰਾ ਰਾਜਾ
ਅੰਬੜੀ ਰਾਣੀ
ਦੁੱਧ ਦੇਵਾਂ
ਦਹੀਂ ਜਮਾਵਾਂ
ਵੀਰਾਂ ਦੀਆਂ ਦੂਰ ਬਲਾਵਾਂ
ਵੇਲ ਕੱਢਾਂ ਫੁੱਲ ਕੱਢਾਂ
ਕੱਢਾਂ ਮੈਂ ਕਸੀਦੜਾ
ਲਹਿਰਾਂ ਦੀ ਮੈਂ ਵੇਲ ਪਾਵਾਂ
ਰੰਗਾਂ ਦਾ ਬਗੀਚੜਾ
ਸਭ ਭਰਾਈਆਂ ਕੁੜੀਆਂ
ਆਰੇ ਪਾਰੇ ਜੁੜੀਆਂ
ਆਲ ਮਾਲ
ਹੋਇਆ ਪੂਰਾ ਥਾਲ਼
ਪੈਲਾਂ ਪੂਲਾਂ ਪਾ ਕੇ
ਮੈਂ ਬੈਠੀ ਮੂਹੜਾ ਡਾਹ ਕੇ
ਵੀਰ ਆਇਆ ਨਹਾ ਕੇ
ਮੈਂ ਰੋਟੀ ਦਿੱਤੀ ਪਾ ਕੇ
ਵੀਰਾ ਖਾਣੀ ਏ ਤੇ ਖਾ
ਨਹੀਂ ਨੌਕਰੀ ਤੇ ਜਾ
ਆਲ ਮਾਲ
ਹੋਇਆ ਬੀਬੀ ਪੂਰਾ ਥਾਲ਼
ਇਸੇ ਪ੍ਰਕਾਰ ਦਾ ਇਕ ਹੋਰ ਥਾਲ਼ ਹੈ:-
ਕਿਣ ਮਿਣ ਕਿਣ ਮਿਣ ਅੰਮਾ
ਦੇਸ ਮੇਰਾ ਲੰਮਾ
ਦੇਸੀਂ ਪੀਂਘਾਂ ਪਾਈਆਂ
ਸਈਆਂ ਝੂਟਣ ਆਈਆਂ
ਸਈਆਂ ਦੇ ਗਲ਼ ਮੋਤੀ
ਮੈਂ ਬੜੇ ਦਾਦੇ ਦੀ ਪੋਤੀ
ਮੇਰਾ ਦਾਦਾ ਰਹਿੰਦਾ ਉੱਚਾ
ਮੈਨੂੰ ਚੂੜਾ ਲਿਆਂਦਾ ਸੁੱਚਾ
ਆਲ ਮਾਲ
ਹੋਇਆ ਬੀਬੀ ਪੂਰਾ ਥਾਲ਼
ਕਈ ਕੁੜੀਆਂ ਤਾਂ ਲਗਾਤਾਰ ਖੁੱਦੋ ਬੁੜਕਾਈ ਜਾਂਦੀਆਂ ਹਨ ਤੇ ਨਾਲ਼ੋ ਨਾਲ਼ ਥਾਲ਼ ਪਾਈ ਜਾਂਦੀਆਂ ਹਨ। ਇਕ ਕੁੜੀ ਦੇ ਲਗਾਤਾਰ ਸਠ ਥਾਲ਼ ਪਾਣ ਦਾ ਜ਼ਿਕਰ ਮਿਲਦਾ ਹੈ:-
ਅੱਠ ਅਠੈਂਗਣ
ਬਾਰਾਂ ਬੈਂਗਣ
ਕੱਦੂ ਪੱਕਣ ਤੋਰੀਆਂ
ਖਟ ਲਿਆਵਾਂ ਬੋਰੀਆਂ
ਬੋਰੀ ਬੋਰੀ ਘਿਓ
ਜੀਵੇ ਰਾਜਾ ਪਿਓ
ਪਿਓ ਪੈਰੀਂ- ਜੁੱਤੀ
ਜੀਵੇ ਕਾਲ਼ੀ ਕੁੱਤੀ
ਕਾਲ਼ੀ ਕੁੱਤੀ ਦੇ ਕਤੂਰੇ
ਮੇਰੇ ਸੱਭੇ ਥਾਲ਼ ਪੂਰੇ
ਮੇਰਾ ਇਕ ਵੀ ਨਾ ਘੱਟ
ਮੇਰੇ ਹੋ ਗਏ ਪੂਰੇ ਸਠ
ਆਲ ਮਾਲ
ਹੋਇਆ ਬੀਬੀ ਪੂਰਾ ਥਾਲ਼